ਲੈ ਪੁੱਤ ਆਪਣੀ ਤਾਈ ਨੂੰ ਵੀ ਦੇ ਆ ਭੋਰਾ ਸਾਗ, ਤਾਂ ਪੋਤਰੇ ਨੇ ਝੱਟ
ਦਾਦੀ ਨੂੰ ਜਵਾਬ ਦਿੱਤਾ ਨਹੀਂ ਦਾਦੀ ਮੈਂ ਨਹੀਂ ਜਾਂਦਾ ਕਿਸੇ ਦੇ ਘਰ ਸਾਗ ਸੂਗ ਲੈ ਕੇ,,
ਨਾਲ ਹੀ ਵਿੰਗਾ ਜਿਹਾ ਮੂੰਹ ਕਰਕੇ ਕਹਿੰਦਾ ਇਹ ਕਿੰਨੇ ਆਦਤ ਪਾਈ ਤੁਹਾਨੂੰ ਸਾਗ ਵੰਡਣ ਦੀ..
ਤਾਂ ਪ੍ਰੀਤਮ ਕੌਰ ਨੇ ਆਪਣੇ ਪੋਤਰੇ ਨੂੰ ਸਮਜਾਇਆ ਕੇ ਬੇਟਾ ਸਾਨੂੰ ਉਹ ਦਿਨ ਵੀ ਚੇਤੇ ਆ ਜਦੋਂ ਅਸੀਂ ਸਾਰੇ ਇੱਕੋ ਥਾਲੀ ਵਿੱਚ ਰੋਟੀ ਖਾ ਲੈਣੇ ਸੀ ਪਰ ਹੁਣ ਜਮਾਨਾ ਬਦਲ ਗਿਆ ਪੁੱਤ ਹੁਣ ਤਾਂ ਪੁੱਤ ਆਪਣੀ ਮਾਂ ਨਾਲ ਰੋਟੀ ਖਾ ਕੇ ਖ਼ੁਸ਼ ਨਹੀਂ ਬਾਕੀ ਤਾਂ ਦੂਰ ਦੀ ਗੱਲ ਆ, ਦਾਦੀ ਨੇ ਆਪਣੇ ਸਿਰ ਉਪਰ ਲਏ ਛੌਲ ਨਾਲ ਅੱਖਾਂ ਸਾਫ ਕਰਦੀ ਨੇ ਕਿਹਾ ਪੁੱਤ ਹੁਣ ਉਹ ਮੋਹ ਨਹੀਂ ਰਹਿ ਗਿਆ ਰਿਸ਼ਤਿਆਂ ਵਿੱਚ ਜੋ ਪਹਿਲਾਂ ਕਦੇ ਹੁੰਦਾ ਸੀ,,ਹੁਣ ਤਾਂ ਰਿਸ਼ਤੇਦਾਰੀਆਂ ਮੋਬਾਇਲ ਨੇ ਦੂਰ ਕਰ ਦਿੱਤੀਆਂ,, ਪੁੱਤ ਪਹਿਲਾਂ ਜਦੋ ਸਾਗ ਇੱਕ ਘਰ ਵਿੱਚ ਬਣਦਾ ਸੀ ਤਾਂ ਕਈ ਕਈ ਘਰਾਂ ਦੇ ਲੋਕ ਖਾਣ ਲਈ ਲੈ ਜਾਂਦੇ ਸੀ, ਤਾਂ ਪੋਤਰੇ ਨੇ ਦਾਦੀ ਨੂੰ ਨਸੀਹਤ ਜਿਹੀ ਦੇਂਦੇ ਨੇ ਕਿਹਾ ਦਾਦੀ ਹੁਣ ਨਾਂ ਸਾਗ ਕਿਸੇ ਨੂੰ ਦੇਣਾ ਨਾਂ ਲੈਣਾ ਬਸ ਅਤੇ ਬਣਿਆ ਸਾਗ ਇੱਕ ਦਿਨ ਹੀ ਖਾਣਾ ਜਿਆਦਾ ਦਿਨ ਨਹੀਂ ਉਸਨੂੰ ਤੜਕੇ ਲਾ ਕੇ ਨਾਂ ਖਾਣਾ ਦਾਦੀ ਜੀ ਦਾਦੀ ਨੇ ਪੋਤਰੇ ਨੂੰ ਆਪਣੀ ਬੁੱਕਲ ਵਿੱਚ ਲੈਂਦੀ ਨੇ ਕਿਹਾ ਪੁੱਤ ਤੂੰ ਜਿਆਦਾ ਹੀ ਪੜ੍ਹ ਗਿਆ ਅਸੀਂ ਤਾਂ ਕਮਲੇ ਸੀ ਜੋ ਚਾਰ ਚਾਰ ਦਿਨ ਪੁਰਾਣੇ ਬਣੇ ਸਾਗ ਨੂੰ ਹੀ ਤੜਕੇ ਲਾ ਲਾ ਖਾਈ ਜਾਂਦੇ ਸੀ, ਤਾਂ ਪੋਤਰੇ ਨੇ ਫਿਰ ਦਾਦੀ ਦੀ ਗੱਲ ਵਿਚੋਂ ਹੀ ਟੋਕਦੇ ਦੇ ਕਿਹਾ ਦਾਦੀ ਹੁਣ ਸਾਗ ਵੀ ਜਹਿਰ ਤੋਂ ਘੱਟ ਨਹੀਂ ਬਹੁਤ ਖਤਰਨਾਕ ਦਵਾਈਆਂ ਦੀ ਸਪਰੇ ਅਤੇ ਖਾਦਾਂ ਪਾਈਆਂ ਜਾਂਦੀਆਂ ਨੇ ਜੋ ਸਾਡੇ ਸਰੀਰ ਉੱਪਰ ਬੁਰਾ ਅਸਰ ਪਾਉਂਦੀਆਂ ਨੇ , ਮੈਂ ਇੱਕ ਪਾਸੇ ਲੱਗ ਦਾਦੀ ਅਤੇ ਪੋਤਰੇ ਦੀਆਂ ਗੱਲਾਂ ਬੜੇ ਗੋਹ ਨਾਲ ਸੁਣ ਰਿਹਾ ਸੀ ਪਰ ਮੈਨੂੰ ਦੋਨੋਂ ਹੀ ਸੱਚੇ ਲਗੈ ਦਾਦੀ ਆਪਣੀ ਜਗ੍ਹਾ ਅਤੇ ਕਾਕਾ ਆਪਣੀ ਜਗ੍ਹਾ,, ਨਾਂ ਉਹ ਸਾਗ ਰਹੇ ਨਾਂ ਸਵਾਦ ਰਹੇ ਨਾਂ ਉਹ ਦਿਲਾਂ ਚੋ ਪਿਆਰ ਰਹੇ,,
ਲੇਖਕ : ਜਗਜੀਤ ਡੱਲ,
Authors: Others
ਸਾਡਾ ਪਿੰਡ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਜਿਥੋਂ ਮੱਤੇਵਾੜਾ ਜੰਗਲ ਥੋੜੀ ਦੂਰ ਹੋਣ ਕਾਰਨ ਬਾਂਦਰ ਜਾਂ ਸੂਰ ਆਮ ਹੀ ਆਉਂਦੇ ਰਹਿੰਦੇ ਹਨ। ਏਸੇ ਤਰ੍ਹਾਂ ਹੀ ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਦੋ ਬਾਂਦਰ ਸਾਡੇ ਘਰ ਦੀ ਛੱਤ ਤੇ ਆਕੇ ਬੈਠ ਗਏ। ਸਾਰੇ ਪਾਸੇ ਰੌਲਾ ਪੈ ਗਿਆ ਕਿ ਪਿੰਡ ਵਿੱਚ ਬਾਂਦਰ ਆਏ ਨੇ। ਮੈਨੂੰ ਸ਼ੁਰੂ ਤੋਂ ਹੀ ਕੁੱਤੇ ਰੱਖਣ ਦਾ ਸ਼ੋਂਕ ਹੈ ਤੇ ਓਸ ਵੇਲੇ ਵੀ ਮੈਂ ਦੋ ਕੁੱਤੇ ਰੱਖੇ ਹੋਏ ਸਨ। ਇੱਕ ਜੈਕੀ ਤੇ ਦੂਜਾ ਸਕੂਬੀ ਜੌ ਅੱਜ ਵੀ ਸਾਡੇ ਘਰ ਦੀ ਰੌਣਕ ਨੇ। ਜੈਕੀ ਓਦੋ ਚਾਰ ਕ ਸਾਲ ਦਾ ਸੀ ਤੇ ਸਕੂਬੀ ਇੱਕ ਸਾਲ ਦਾ ਸੀ। ਸਕੂਬੀ ਛੋਟਾ ਹੋਣ ਕਰਕੇ ਸਭ ਦਾ ਲਾਡਲਾ ਸੀ ਤੇ ਘਰ ਜਿਆਦਾ ਰਹਿੰਦਾ ਸੀ। ਪਰ ਜੈਕੀ ਥੋੜਾ ਘੁੰਮਣ ਫਿਰਨ ਦਾ ਸ਼ੋਕੀਨ ਹੋਣ ਕਰਕੇ ਉਹ ਚਾਚੇ ਹੋਣਾ ਵੱਲ ਵੀ ਗੇੜਾ ਕੱਢ ਆਉਂਦਾ ਸੀ ਤੇ ਖੇਤ ਵੱਲ ਨੂੰ ਵੀ ਨਾਲ ਚਲੇ ਜਾਂਦਾ ਸੀ। ਜੈਕੀ ਨੇ ਬਾਂਦਰ ਪਹਿਲਾ ਵੇਖੇ ਸੀ ਤੇ ਉਸਨੂੰ ਪਤਾ ਸੀ ਕਿ ਇਹ ਬਹੁਤ ਚਵਲ ਹੁੰਦੇ ਨੇ ਇਹਨਾਂ ਤੋਂ ਫ਼ਾਂਸਲਾ ਹੀ ਚੰਗਾਏ ਪਰ ਸਕੂਬੀ ਨੇ ਪਹਿਲੀ ਵਾਰ ਦੇਖੇ ਸੀ ਉਹਦਾ ਕਦੇ ਬਾਂਦਰਾ ਨਾਲ ਵਾਹ ਨਹੀਂ ਸੀ ਪਿਆ। ਸਕੂਬੀ ਉਹਨਾਂ ਵੱਲ ਵੇਖ ਵੇਖ ਬਹੁਤ ਹੈਰਾਨ ਸੀ ਕਿ ਇਹ ਕੀ ਚੀਜ਼ਾ ਨੇ। ਜੈਕੀ ਤਾਂ ਦੂਰੋਂ ਦੂਰੋਂ ਭੌਂਕ ਰਿਹਾ ਸੀ ਪਰ ਸਕੂਬੀ ਉਹਨਾਂ ਦੇ ਬਿਲਕੁਲ ਕੋਲ ਜਾਕੇ ਭੌਂਕ ਰਿਹਾ ਸੀ ਜਮਾਂ ਬੇਪਰਵਾਹ ਹੋਕੇ। ਬਾਂਦਰ ਕੁੱਝ ਖਾ ਰਹੇ ਸੀ ਉਹਨਾਂ ਨੂੰ ਜਿਵੇਂ ਸਕੂਬੀ ਤੇ ਗੁੱਸਾ ਵੀ ਬਹੁਤ ਆ ਰਿਹਾ ਸੀ ਪਰ ਜਿਆਦਾ ਧਿਆਨ ਖਾਣ ਵੱਲ ਸੀ। ਪਰ ਸਕੂਬੀ ਦਾ ਹੌਂਸਲਾ ਹੋਰ ਵੱਧ ਗਿਆ ਉਹ ਥੋੜਾ ਹੋਰ ਲਾਗੇ ਹੋ ਕੇ ਭੌਂਕਣ ਲੱਗਾ। ਬਾਂਦਰਾ ਦਾ ਵੀ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਹਨਾਂ ਚੋਂ ਇੱਕ ਨੇ ਸਕੂਬੀ ਨੂੰ ਕੰਨਾਂ ਤੋਂ ਘੁੱਟਕੇ ਫੜ੍ਹ ਲਿਆ ਤੇ ਦੂਸਰੇ ਨੇ ਸੱਤ ਅੱਠ ਚਪੇੜਾ ਮਾਰੀਆਂ ਉਹ ਵੀ ਪੂਰੇ ਜੋਰਾਂ ਨਾਲ । ਇਹ ਦੇਖਕੇ ਜੈਕੀ ਤਾਂ ਪਹਿਲਾਂ ਹੀ ਭੱਜ ਗਿਆ ਤੇ ਸਕੂਬੀ ਦੀਆਂ ਚੀਕਾਂ ਸਾਰੇ ਮੁਹੱਲੇ ਨੇ ਸੁਣੀਆਂ। ਜਦੋਂ ਸਕੂਬੀ ਨੂੰ ਬਾਂਦਰਾ ਨੇ ਛੱਡਿਆ ਤਾਂ ਉਹ ਡਰਿਆ ਸਹਿਮਿਆ ਬੁਰੀ ਤਰਾਂ ਕੰਭਦਾ ਹੋਇਆ ਮੰਜੇ ਥੱਲੇ ਆਕੇ ਬੈਠ ਗਿਆ। ਉਸ ਦਿਨ ਤੋਂ ਬਾਦ ਇੱਕ ਮਹੀਨੇ ਤੱਕ ਜਦੋਂ ਵੀ ਸਕੂਬੀ ਨੂੰ ਕਹਿਣਾ ਕਿ ਬਾਂਦਰ ਆ ਗਏ ਸਕੂਬੀ ਨੇ ਝੱਟ ਦੇਣੇ ਮੰਜੇ ਥੱਲੇ ਵੜ ਜਾਣਾ।
ਦੀਪ ਕੰਗ
ਲੰਗਰ ਦੀ ਖੀਰ
ਪਿੰਡ ਦੇ ਵੱਡੇ ਗੁਰੂਦਵਾਰੇ ਤੰਦਰੁਸਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈ ਰਹੇ ਸਨ। ਆਏ ਗਏ ਰਿਸ਼ਤੇਦਾਰਾਂ ਨਾਲ ਇਸ਼ਾਰਿਆਂ ਇਸ਼ਾਰਿਆਂ ਨਾਲ ਸਾਬ ਸਲਾਮ ਹੋ ਰਹੀ ਸੀ। ਕੁਝ ਇੱਕ ਲਾਗੇ ਬੈਠਿਆਂ ਨਾਲ ਹੌਲੀ ਹੌਲੀ ਘੁਸਰ ਮੁਸਰ ਵੀ ਚੱਲ ਰਹੀ ਸੀ।
ਜਿਨ੍ਹਾ ਨੂੰ ਮੈਂ ਨਹੀਂ ਮਿਲ ਸਕਿਆ ਉਹ ਭੋਗ ਤੋਂ ਬਾਹਦ ਲੰਗਰ ਹਾਲ ਵਿੱਚ ਮਿਲੇ। ਸਾਰੇ ਪਾਸੇ ਚਹਿਲ ਪਹਿਲ ਸੀ। ਸਾਡੀ ਭੂਆ ਦਾ ਲੜਕਾ ਜਿਹਨੂੰ ਅਸੀਂ ਪਿਆਰ ਨਾਲ ਪ੍ਰਧਾਨ ਦੇ ਨਾਮ ਨਾਲ ਬੁਲਾਈ ਦਾ, ਲੰਗਰ ਛੱਕਣ ਲਈ ਮੇਰੇ ਨਾਲ ਬੈਠਕੇ ਰਾਜ਼ੀ ਖ਼ੁਸ਼ੀ ਕਰਨ ਲੱਗਿਆ।
ਵਰਤਾਵੇ ਹਵਾ ਦੀ ਰਫ਼ਤਾਰ ਨਾਲ ਲੰਗਰ ਵਰਤਾ ਰਹੇ ਸਨ। ਕੋਈ ਆਇਆ ਜਲ ਜਲ ਕਹਿਕੇ ਗਲਾਸ ਭਰ ਗਿਆ।
ਦੂਸਰਾ ਪਿੱਛੇ ਦਾਲ਼ਾ ਜੀ ਦਾਲ਼ਾ ਜੀ ਕਰਦਾ ਆ ਗਿਆ। ਫੁਲ਼ਕੇ ਵਾਲੇ ਦੇ ਪਿੱਛੋਂ ਖੀਰ ਵਾਲਾ ਆਇਆ ਤਾਂ ਮੈਂ ਖੀਰ ਵੀ ਲੈ ਲਈ।
ਇੰਨੇ ਨੂੰ ਪ੍ਰਧਾਨ ਬੋਲਿਆ,
“ਦੇਖ ਕੇ ਪੁਆਂਈ ਖੀਰ ਈ ਆ, ਕਿਤੇ ਕੁੱਝ ਹੋਰ ਤਾਂ ਨਹੀਂ?”
ਸੇਵਾਦਾਰ ਕਹਿੰਦਾ, “ਫਿਕਰ ਨਾ ਕਰੋ, ਖੀਰ ਈ ਆ।”
ਮੇਰੇ ਵੱਲ ਦੇਖ ਪ੍ਰਧਾਨ ਨੇ ਵੀ ਵੱਡਾ ਰੱਖਨਾ ਖੀਰ ਨਾਲ ਭਰਾ ਲਿਆ।
ਇੱਹ ਸਾਰਾ ਕੁੱਝ ਸੁਣਕੇ ਅਤੇ ਦੇਖਕੇ ਮੇਰਾ ਹਾਸਾ ਜਿਹਾ ਨਿੱਕਲ ਗਿਆ।
ਮੈਨੂੰ ਹੱਸਦੇ ਨੂੰ ਵੇਖ ਪ੍ਰਧਾਨ ਬੋਲਿਆ,
“ਹੱਸ ਨਾ, ਮੇਰੇ ਨਾਲ ਇੱਕ ਵਾਰ ਬੜੀ ਮਾੜੀ ਹੋਈ ਸੀ।”
ਮੈਂ ਕਿਹਾ, “ਕੀ ਹੋਇਆ ਸੀ?”
ਪ੍ਰਧਾਨ ਕਹਿੰਦਾ,
“ਖੀਰ ਮੇਰੀ ਬੜੀ ਵੱਡੀ ਕਮਜ਼ੋਰੀ ਆ। ਮੈਂ ਇੱਕ ਵਾਰ ਅਨੰਦਪੁਰ ਸਾਹਿਬ ਲੰਗਰ ਹਾਲ ਵਿੱਚ ਬੈਠਿਆ ਹੋਇਆ ਸਾਂ। ਹੋਇਆ ਇੰਝ ਕਿ ਖੀਰ ਦੇ ਭੁਲੇਖੇ ਮੈਂ ਖੁੱਲੇ ਦਿੱਲ ਨਾਲ ਖਿਚੜੀ ਪਵਾ ਬੈਠਾ।
ਤੈਨੂੰ ਕੀ ਦੱਸਾਂ ਜਿੰਨਾ ਮੈਂ ਖੀਰ ਨੂੰ ਚਾਹਕੇ ਖਾਨਾਂ, ਓਨਾ ਹੀ ਮੈਂ ਖਿਚੜੀ ਨੂੰ ਨਫ਼ਰਤ ਕਰਦਾਂ।”
ਮੈਂ ਉਤਸੁਕਤਾ ਨਾਲ ਪੁੱਛਿਆ,
“ਫੇਰ ਅੱਗੇ ਕੀ ਹੋਇਆ?”
“ “ “
“ਹੋਣਾ ਕੀ ਸੀ। ਪਤਾ ਉਦੋਂ ਲੱਗਾ ਜਦੋਂ ਮੈਂ ਚਮਚਾ ਮੂੱਹ ਵਿੱਚ ਪਾਇਆ ਤਾਂ ਪਤਾ ਲੱਗਾ ਕਿ ਇੱਹ ਤਾਂ ਖਿਚੜੀ ਸੀ। ਮੈਂ ਖਿਚੜੀ ਨੂੰ ਅੰਦਰ ਵੱਲ ਧੱਕਾਂ ਉਹ ਬਾਹਰ ਨੂੰ ਆਵੇ।”
“ਅੱਛਾ ਫੇਰ?”
ਮੇਰੇ ਪੁੱਛਣ ‘ਤੇ ਉਹ ਕਹਿੰਦਾ,
“ਮੈਂ ਜੂਠ ਛੱਡਣ ਵਾਰੇ ਹਾਲੇ ਸੋਚਦਾ ਈ ਸੀ, ਕਿ ਮੇਰੀ ਇੱਸ ਕਮਜ਼ੋਰੀ ਨੂੰ ਲੰਗਰ ਹਾਲ ਵਿੱਚ ਖੜਾ ਜਥੇਦਾਰ ਭਾਂਪ ਗਿਆ। ਉਹਨੇ ਮੇਰੇ ਅੱਗੇ ਖੜਕੇ ਖੂੰਡਾ ਫ਼ਰਸ਼ ‘ਤੇ ਮਾਰ, ਮੇਰਾ ਤ੍ਰਾਹ ਜੇਹਾ ਕੱਢਤਾ।”
ਮੇਰਾ ਹਾਸਾ ਨਾ ਰੁਕੇ, ਮੈ ਕਿਹਾ “ਫਿਰ ਕਿੱਦਾਂ ਖਹਿੜਾ ਛੁੱਟਾ”
ਪ੍ਰਧਾਨ ਕਹਿੰਦਾ,
“ਭਰਾਵਾ ਪੁੱਛ ਨਾ, ਮੈਂ ਕਦੀ ਖਿਚੜੀ ਵੱਲ ਵੇਖਾਂ ਕਦੇ ਜਥੇਦਾਰ ਦੇ ਖੂੰਡੇ ਵਲ ਦੇਖਾਂ। ਮੈ ਖਿਚੜੀ ਨੂੰ ਅੰਦਰ ਵਲ ਧੱਕਾਂ, ਖਿੱਚੜੀ ਬਾਹਰ ਨੂੰ ਆਵੇ। ਪਰ ਜਥੇਦਾਰ ਮੇਰੇ ਅੱਗੇ ਉਵੇ ਹੀ ਡੱਟਿਆ ਰਿਹਾ।
ਪੁੱਛ ਨਾ ਜਿੱਦਾਂ ਮੈਂ ਖਿਚੜੀ ਪਾਣੀ ਨਾਲ ਘੁੱਟਾਂ ਵੱਟੀਂ ਅੰਦਰ ਲੰਘਾਈ, ਜਾਂ ਤਾਂ ਮੈਂ ਜਾਣਦਾ ਜਾਂ ਫਿਰ ਅਨੰਦਪੁਰ ਸਾਹਿਬ ਵਾਲਾ ਗੁਰੂ ਸਾਹਿਬ ਜਾਣਦਾ।
ਸੋ ਮਿੱਤਰਾ, ਉਹ ਦਿੱਨ ਜਾਵੇ ‘ਤੇ ਅੱਜ ਦਾ ਆਵੇ। ਆਪਾਂ ਕਦੀਂ ਪੁੱਛੇ ਬਿਨਾਂ ਖੀਰ ਨੀ’ ਪੁਆਈ।”
ਅਵਤਾਰ ਸਿੰਘ ਰਾਏ ਬਰਮਿੰਘਮ।
ਗਿਆਰਵੀਂ ਵਿੱਚ ਮੈਨੂੰ ਪੜਨ ਲਾਉਣ ਲਈ ਸਾਡਾ ਪਰਿਵਾਰ ਸ਼ਹਿਰ ਆ ਗਿਆ ।ਕਾਹਲੀ ਵਿੱਚ ਖਰੀਦਿਆ ਘਰ ਛੋਟਾ ਸੀ ,ਇਸ ਲਈ ਸਾਰਾ ਸਮਾਨ ਪਿੰਡ ਹੀ ਪਿਆ ਸੀ, ਬਸ ਲੋੜ ਜੋਗਾ ਸਮਾਨ ਹੀ ਲਿਆਏ ਸੀ । ਕਿਉਂਕਿ ਪਾਪਾ ਦਾ ਵਾਪਸ ਫਿਰ ਪਿੰਡ ਜਾਣ ਦਾ ਵਿਚਾਰ ਸੀ।
ਪਾਪਾ ,ਮੰਮਾ ਅਧਿਆਪਕ ਹੋਣ ਕਾਰਨ ਘਰ ਨੂੰ ਜਿੰਦਰਾ ਰਹਿੰਦਾ ਸੀ ਸੁਭਾ ਤੋਂ ਸ਼ਾਮ ਤੱਕ , ਤੇ ਚੋਰੀ ਹੋਣ ਦੇ ਡਰੋਂ, ਜੇ ਕੋਈ ਘਰ ਦੇ ਸਮਾਨ ਬਾਰੇ ਸ਼ਹਿਰ ਦੇ ਆਂਢੀ ਗੁਆਂਢੀ ਪੁੱਛਦੇ, ਤਾਂ ਮਾਂ ਕਹਿ ਦਿੰਦੀ ਕਿ ਪਿੰਡ ਪਿਆ ਤੇ ਜੇ ਪਿੰਡ ਵਾਲੇ ਪੁੱਛਦੇ ਤਾਂ ਮਾਂ ਕਹਿ ਦਿੰਦੀ ਕਿ ਸਾਰਾ ਸਮਾਨ ਸ਼ਹਿਰ ਲੈ ਗਏ ।
ਜਿਆਦਾ ਤਰ ਔਰਤਾਂ ਨੂੰ ਹੀ ਆਦਤ ਹੁੰਦੀ ਹੈ, ਪੁੱਛ ਗਿੱਛ ਕਰਦੀਆਂ ਨੇ ।
ਕੁਝ ਸਾਲਾਂ ਬਾਅਦ ਸ਼ਹਿਰ ਨਵਾਂ ਘਰ ਬਣਾ ਰਹੇ ਸੀ ।ਨਵੇਂ ਘਰੇ ਪਿੰਡੋਂ ਸਾਰਾ ਸਮਾਨ ਲਿਆਉਣਾ ਸੀ। ਇਕ ਦਿਨ ਕੰਮ ਕਰਦੇ ਮਜ਼ਦੂਰਾਂ ਨੇ ਗੱਲਾਂ ਕਰਦਿਆਂ ਪਾਪਾ ਨੂੰ ਪੁੱਛਿਆ ਕਿ ਮਾਸਟਰ ਜੀ ਸਮਾਨ ਤਾਂ ਸਾਰਾ ਲਿਆਂਦਾ ਹੋਣਾ ਸ਼ਹਿਰ?
ਪਾਪਾ ਕਹਿੰਦੇ, ” ਨਹੀਂ, ਨਹੀਂ ਸਾਡਾ ਤਾਂ ਸਾਰਾ ਸਮਾਨ ਪਿੰਡ ਹੀ ਪਿਆ ਆ,ਹੁਣ ਲਿਆਵਾਂ ਗੇ।”
ਜਿਸ ਦਿਨ ਸਮਾਨ ਲੈਣ ਗਏ, ਮੰਮੀ ਜਿੰਦਰਾ ਖੋਲਣ ਲੱਗੀ ਜਿੰਦਰਾ ਓਵੇਂ ਬੰਦ ਹੀ ਮੰਮੀ ਦੇ ਹੱਥ ਵਿੱਚ ਆ ਗਿਆ। ਮਾਂ ਹੱਕੀ ਬੱਕੀ।
ਫਟਾਫਟ ਰਸੋਈ ਦਾ ਦਰਵਾਜ਼ਾ ਖੋਲ ਅੰਦਰ ਦੇਖਿਆ ਤਾਂ ਰਸੋਈ ਸਾਫ ਕੀਤੀ ਪਈ,ਪਿੱਤਲ ਤੇ ਕਾਂਸੀ ਦੇ ਪੁਰਾਣੇ ਭਾਂਡੇ ਟੀਂਡੇ ਸਭ ਲੈ ਗਏ ।ਰਸੋਈ ਵਿਚਲਾ ਲੌਬੀ ਦਾ ਦਰਵਾਜ਼ਾ ਖੁੱਲਾ ਤੇ ਪੇਟੀ ਵਿਚਲਾ ਸਾਰਾ ਸਮਾਨ ਬਾਹਰ ਸੁੱਟਿਆ ਪਿਆ ।
ਮੰਮੀ ਨੇ ਫੋਨ ਕੀਤਾ ਕਿ ਚੋਰੀ ਹੋ ਗਈ ਘਰੇ। ਮੈਂ ਪਾਪਾ ਨੂੰ ਸਕੂਲ ਫੋਨ ਕੀਤਾ, ਉਹ ਵੀ ਸਿੱਧੇ ਪਿੰਡ ਚਲੇ ਗਏ ਛੁੱਟੀ ਲੈ ।
ਮੰਮੀ ਦੀ ਲੱਕੜ ਦੀ ਅਲਮਾਰੀ ਦਾ ਜਿੰਦਰਾ ਉਹਨਾਂ ਨਹੀਂ ਭੰਨਿਆ ਤੇ ਉਸ ਵਿਚਲਾ ਸਮਾਨ ਬਚ ਗਿਆ ।
ਤਾਏ ਦੇ ਮੁੰਡੇ ਨੇ ਲੌਬੀ ਵਿੱਚ ਚੋਰਾਂ ਦੀਆਂ ਪੈੜਾਂ ਪਛਾਣ ਲਈਆਂ, ਉਹ ਆਖੇ ਪੁਲਿਸ ਕੋਲ ਰਪਟ ਲਿਖਾਈਏ।
ਮੰਮੀ ਕਹਿੰਦੀ, ” ਰਪਟ ਕੀਹਦੇ ਤੇ ਲਿਖਾਈਏ ,ਚੋਰੀ ਤਾਂ ਘਰ ਦੇ ਬੰਦੇ ਨੇ ਕਰਾਈ ਆ? ਮੈਂ ਦਸ ਸਾਲ ਬਚਾਈ ਰੱਖਿਆ ਸਮਾਨ ਕਿਸੇ ਨੂੰ ਕੁੱਝ ਕਹਿ ਤੇ ਕਿਸੇ ਨੂੰ ਕੁੱਝ । ਮਿੰਟਾਂ ਵਿੱਚ ਹੀ ਸਾਰੀ ਮਿਹਨਤ ਤੇ ਪਾਣੀ ਫੇਰ ਤਾ।”
ਕਿਰਨ ਪੂਨੀਆ ਬਰਾੜ
ਮੈਂ ਦਸਵੀਂ ਤੱਕ ਪਿੰਡ ਦੇ ਸਕੂਲ ਸੈਂਟ ਸੋਲਜਰ ਪਬਲਿਕ ਸਕੂਲ ਵਿੱਚ ਪੜ੍ਹਿਆ ਹਾਂ ਜੋ ਫੋਜ਼ ਤੋਂ ਰਿਟਾਇਰ ਕੈਪਟਨ ਸ.ਬਖ਼ਸੀਸ਼ ਸਿੰਘ ਬਾਜਵਾ ਨੇ ਖੋਲ੍ਹਿਆ ਸੀ ਜੋ ਉੱਥੋਂ ਦੇ ਪ੍ਰਿੰਸੀਪਲ ਵੀ ਸਨ। ਅਸੀਂ ਉਹਨਾਂ ਨੂੰ ਵੱਡੇ ਸਰ ਕਹਿੰਦੇ ਹੁੰਦੇ ਸੀ। ਉਹ ਫੌਜੀ ਅਫ਼ਸਰ ਹੋਣ ਕਾਰਨ ਬਹੁਤ ਜਿਆਦਾ ਸਖਤੀ ਵਰਤਦੇ ਸਨ ਅਤੇ ਉਹਨਾਂ ਦਾ ਡਰ ਵੀ ਬਹੁਤ ਸੀ ਜਵਾਕਾਂ ਵਿੱਚ। ਸਾਡੇ ਸਕੂਲ ਵਿੱਚੋਂ ਕਦੇ ਵੀ ਕੋਈ ਬੱਚਾ ਨਈ ਸੀ ਭੱਜਿਆ ਇਹ ਇੱਕ ਰਿਕਾਰਡ ਸੀ। ਖੈਰ ਇਹ ਗੱਲ ਅੱਠਵੀਂ ਜਮਾਤ ਦੀ ਹੈ। ਸਾਡੇ ਤੋ ਦੋ ਸਾਲ ਸੀਨੀਅਰ ਜਾਣੀ ਕੇ ਦਸਵੀਂ ਕਲਾਸ ਵਾਲੇ ਮੁੰਡਿਆਂ ਵਿੱਚ ਕੁੱਝ ਕ ਮੁੰਡੇ ਮੇਰੇ ਮੁਹੱਲੇ ਦੇ ਸਨ। ਸਾਡਾ ਕਸਬਾ ਬਹੁਤ ਵੱਡਾ ਹੋਣ ਕਾਰਣ ਮੁਹੱਲਿਆਂ ਵਿੱਚ ਵੰਡਿਆ ਹੋਇਆ ਹੈ। ਹੋਇਆ ਇੰਜ ਕਿ ਮੇਰੇ ਮੁਹੱਲੇ ਵਾਲੇ ਤਿੰਨ – ਚਾਰ ਮਿੱਤਰ ਪਿਆਰਿਆਂ ਇੱਕ ਗਗਨ, ਜਸਦੀਪ, ਰਣਜੀਤ, ਜਤਿੰਦਰ ਹੋਣਾ ਨੇ ਵਿਉਂਤ ਬਣਾਈ ਕਿ ਅੱਜ ਸਕੂਲ ਚੋ ਭੱਜਣ ਦਾ ਨੀਂਹ ਪੱਥਰ ਰੱਖਾਗੇਂ ਤੇ ਅੱਧੀ ਛੁੱਟੀ ਵੇਲੇ ਕਿਆਰੀਆਂ ਵਾਲੀ ਕੰਧ ਜੌ ਇੱਕ ਗਲੀ ਨਾਲ ਲਗਦੀ ਸੀ ਉੱਥੇ ਇਕੱਠੇ ਹੋ ਜਾਇਓ। ਤਹਿ ਕੀਤੇ ਸਮੇਂ ਅਨੁਸਾਰ ਸਭ ਪਹੁੰਚ ਗਏ। ਗਗਨ ਕਹਿੰਦਾ ਅੱਜ ਅਸੀਂ ਚਾਰ ਭੱਜਣ ਲੱਗੇਆਂ ਪਰ ਨੀਂਹ ਪੱਥਰ ਰੱਖ ਚੱਲੇ ਹਾਂ ਤੁਹਾਡੇ ਸਭ ਲਈ। ਅਸੀਂ ਵੀ ਬਹੁਤ ਉਤਸਾਹ ਵਿੱਚ ਸਾਂ ਕਿ ਪਹਿਲੀ ਵਾਰੀ ਕੋਈ ਸਕੂਲੋਂ ਭੱਜਣ ਲੱਗਿਆ। ਗਗਨ ਕਹਿੰਦਾ ਪਹਿਲਾਂ ਮੈਂ ਜਾਊਗਾ ਸਾਰੇ ਕਹਿੰਦੇ ਚਲੋ ਠੀਕਆ। ਗਗਨ ਨੇ ਆਪਣਾ ਕਿਤਾਬਾਂ ਵਾਲਾ ਭਾਰਾ ਬਸਤਾ ਚੁੱਕਕੇ ਕੰਧ ਤੋਂ ਪਾਰ ਮਾਰਿਆ ਹਾਲੇ ਉਹ ਦੂਜੇ ਪਾਸੇ ਦੀ ਬਾਹਰ ਜਾਣ ਹੀ ਲੱਗਾ ਸੀ ਕਿ ਬਸਤਾ ਗਲੀ ਚੋ ਵਾਪਸ ਆ ਗਿਆ। ਸਭ ਬੜੇ ਹੈਰਾਨ ਵਈ ਆ ਕੀ ਹੋਇਆ ਗਗਨ ਕਹਿੰਦਾ ਕੰਜਰੋ ਦੋਬਾਰਾ ਸਿੱਟੋ ਜੇ ਵੱਡੇ ਸਰ ਨੇ ਦੇਖ ਲਿਆ ਤਾਂ ਮਾਰੇ ਜਾਵਾਂਗੇ ਬਸਤਾ ਦੋਬਾਰਾ ਸਿੱਟਿਆ ਗਿਆ ਬਾਹਰ ਗਲੀ ਵਿੱਚ ਗਗਨ ਫਿਰ ਜਦੋਂ ਦਰਵਾਜ਼ੇ ਕੋਲ ਨੂੰ ਪਹੁੰਚਿਆ ਬਸਤਾ ਫੇਰ ਵਾਪਸ ਆ ਗਿਆ। ਚਾਰ ਪੰਜ ਵਾਰੀ ਅੈਦਾ ਹੀ ਹੋਇਆ ਬਸਤਾ ਸੁੱਟਿਆ ਕਰੀਏ ਪਰ ਬਸਤਾ ਫਿਰ ਵਾਪਿਸ ਆ ਜਾਇਆ ਕਰੇ। ਵੱਡੇ ਸਰ ਦਾ ਘਰ ਸਕੂਲ ਵਿੱਚ ਹੀ ਹੋਣ ਕਾਰਣ ਅੱਧੀ ਛੁੱਟੀ ਵੇਲੇ ਸਰ ਘਰੇ ਚਲੇ ਜਾਂਦੇ ਸੀ। ਫੌਜੀ ਹੋਣ ਕਾਰਣ ਆਪਣਾ ਚਾਹ ਪਾਣੀ ਰਸੋਈ ਵਿੱਚ ਆਪ ਹੀ ਬਣਾਉਂਦੇ ਸੀ ਤੇ ਉਹਨਾਂ ਦੀ ਰਸੋਈ ਦੀ ਬਾਰੀ ਓਦਰ ਨੂੰ ਹੀ ਖੁਲਦੀ ਸੀ ਜਿੱਥੇ ਇਹ ਸੱਭ ਹੋ ਰਿਹਾ ਸੀ ਤੇ ਇਹ ਸਾਰੀ ਕਾਰਵਾਈ ਸਾਡੇ ਵੱਡੇ ਸਰ ਸਾਹਮਣੇ ਬਾਰੀ ਚੋਂ ਦੇਖ ਰਹੇ ਸਨ। ਜਦੋਂ ਅੱਧੀ ਛੁੱਟੀ ਖਤਮ ਹੋਈ ਤਾਂ ਸਰ ਆਫਿਸ ਵਿੱਚ ਆਕੇ ਬੈਠ ਗਏ ਨਾਲ ਦੀ ਨਾਲ ਗਗਨ ਹੋਣਾ ਨੂੰ ਤੇ ਮੇਰੀ ਜਮਾਤ ਦੇ ਮੇਰੇ ਸਮੇਤ ਉਹਨਾਂ ਮੁੰਡਿਆਂ ਨੂੰ ਜੌ ਓਸ ਵੇਲੇ ਉੱਥੇ ਮੌਜੂਦ ਸਨ ਉਹਨਾਂ ਸਭ ਨੂੰ ਬੁਲਾਵਾ ਭੇਜਿਆ ਗਿਆ। ਸਾਨੂੰ ਖੇਡਣ ਵਾਲੇ ਮੈਦਾਨ ਵਿੱਚ ਆਉਣ ਲਈ ਕਿਹਾ ਗਿਆ। ਸਰ ਕਹਿੰਦੇ ਭਾਈ ਅੱਠਵੀਂ ਵਾਲੇ ਪਾਸੇ ਤੇ ਹੋਕੇ ਖੜ੍ਹੇ ਹੋਜੋ ਤੇ ਜੌ ਹੁੰਦਾ ਧਿਆਨ ਨਾਲ ਦੇਖਿਓ ਅਸੀਂ ਸਹਿਮੇ ਡਰੇ ਜਿਹੇ ਚੁੱਪ ਕਰਕੇ ਖੜੇ ਹੋ ਗਏ। ਫਿਰ ਉਹਨਾਂ ਨੇ ਗਗਨ, ਜਸਦੀਪ,ਰਣਜੀਤ, ਜਤਿੰਦਰ ਨੂੰ ਅੱਗੇ ਆਉਣ ਲਈ ਕਿਹਾ। ਅਸੀਂ ਸਮਜ ਗਏ ਕਿ ਹੈਡਮਾਸਟਰ ਸਾਬ ਨੂੰ ਸਾਰੇ ਕਾਰਿਕਰਮ ਦੀ ਜਾਣਕਾਰੀ ਹੋ ਗਈ ਏ। ਹੁਣ ਵੱਡੇ ਸਰ ਸਜਾ ਵੀ ਫੌਜੀਆਂ ਵਾਲੀ ਹੀ ਦਿੰਦੇ ਸਨ। ਉਹਨਾਂ ਨੇ ਢੰਡ ਮਾਰਣ ਦੀ ਪਾਸੀਸ਼ਨ ਬਣਾਉਣ ਲਈ ਕਿਹਾ ਤੇ ਨਾਲ ਹੀ ਬੈਂਡ(Bend) – ਸੱਟਰੈਚ ਕਹਿਣ ਲੱਗ ਪਏ। ਸਰ ਨੇ ਕਿੰਨਾ ਕਿੰਨਾ ਚਿਰ ਬੈਂਡ ਹੀ ਰਹਿਣ ਦੇਣਾ ਜਾਂ ਸੱਟਰੈਚ ਹੀ ਰਹਿਣ ਦੇਣਾ ਜਿਨਾ ਚਿਰ ਬੱਸ ਨੀ ਹੋ ਜਾਣੀ। ਮਾੜੀ ਜਈ ਗਲਤੀ ਹੋ ਜਾਣੀ ਤਾਂ ਨਾਲ ਹੀ ਤਸ਼ਰੀਫ਼ ਤੇ ਡੰਡਾ ਜਿਹੜਾ ਸਰ ਆਪਣੇ ਆਫਿਸ ਵਿੱਚ ਰੱਖਦੇ ਸਨ ਤੇ ਉਹਨਾਂ ਦਾ ਪਸੰਦੀਦਾਰ ਸੀ ਤੇ ਸਪੈਸ਼ਲ ਸਰਵਿਸਾ ਲਈ ਰੱਖਿਆ ਸੀ। ਕੁੱਲ ਮਿਲਾ ਕੇ ਵੀਹ ਕ ਮਿੰਟ ਚੱਲੇ ਇਸ ਪ੍ਰੋਗਰਾਮ ਨੇ ਬਹੁਤ ਅਣਮੁੱਲੀ ਸਿੱਖਿਆ ਦਿੱਤੀ। ਤੇ ਵੱਡੇ ਸਰ ਵੀ ਕਹਿੰਦੇ ਕਿ ਬੱਚਿਓ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਜਦੋਂ ਕਿਤੇ ਇਸ ਤਰਾਂ ਦਾ ਨੀਹ ਪੱਥਰ ਰੱਖਣ ਦਾ ਦੋਬਾਰਾ ਦਿਲ ਕਰੇ ਤਾਂ ਇਸ ਮੁੱਖਮਹਿਮਾਨ ਦਾ ਕਿਤੇ ਚੇਤਾ ਨਾ ਜੀ ਭੁਲਾ ਜਾਇਓ। ਓਦੋਂ ਤਾਂ ਜਾਨ ਤੇ ਬਣੀ ਸੀ ਪਰ ਅੱਜ ਚੇਤੇ ਕਰ ਕੇ ਹਾਸੀ ਆਉਂਦੀ ਆ। ਪਰ ਅੱਜ ਤੱਕ ਇਹ ਨਈ ਪਤਾ ਲੱਗਿਆ ਕਿ ਦੂਜੇ ਪਾਸੇ ਖੜ੍ਹਾ ਕਿਹੜਾ ਕੰਜਰ ਸੀ ਜਿਹੜਾ ਬਸਤਾ ਵਾਪਸ ਸੁੱਟ ਰਿਹਾ ਸੀ।
ਦੀਪ ਕੰਗ
ਨਿੱਤ-ਨਿੱਤ ਦੀ ਕਿੱਚ-ਕਿੱਚ ਤੋ ਉਹ ਅੱਕਿਆ ਪਿਆ ਸੀ। ਅੱਜ ਫਿਰ ਸਵੇਰੇ ਸਵੇਰੇ ਹੀ ਲੜਾਈ ਹੋ ਗਈ। ਸੋਚਿਆ ਸੀ ਵੀਕਐਂਡ ਸਾਂਤੀ ਨਾਲ ਬਤੀਤ ਕਰਾਂਗੇ ਪਰ ਕਿੱਥੇ ਇਹ ਸਿਆਪੇ ਕਦੋ ਮੁੱਕਦੇ ਹਨ। ਤੇ ਉਹ ਗੁੱਸੇ ਵਿੱਚ ਘਰੋ ਨਿਕਲ ਜਾ ਕੇ ਪਾਰਕ ਬੈਠ ਗਿਆ।
ਯਾਦ ਕਰਨ ਲੱਗਾ ਕਿ ਲੜਾਈ ਹੋਈ ਕਿਉ? ਪਰ ਅਕਸਰ ਲੜਾਈ ਬੇਵਜ੍ਹਾ ਹੀ ਹੁੰਦੀ ਹੈ। ਕਦੇ ਕੋਈ ਠੋਸ ਕਾਰਨ ਦਾ ਹੁੰਦਾ ਹੀ ਨਹੀ, ਬੱਸ ਹਰ ਗੱਲ ਹੀ ਬਹਿਸ ਵਿੱਚ ਬਦਲ ਜਾਂਦੀ ਹੈ। ਸਾਇਦ ਮਨ ਭਰ ਗਿਆ ਇੱਕ-ਦੂਜੇ ਤੋ ਜਾਂ ਫਿਰ ਸ਼ਹਿਣਸ਼ੀਲਤਾ ਹੀ ਨਹੀ ਰਹੀ। ਪਹਿਲਾਂ ਪਹਿਲ ਸਭ ਠੀਕ ਸੀ। ਵਿਆਹ ਦੇ 3-4 ਸਾਲ ਤਾਂ ਬਹੁਤ ਹੀ ਸੋਹਣੇ ਲੰਘੇ ਸਨ। ਫਿਰ ਹੌਲੀ ਹੌਲੀ ਬਹਿਸ ਹੋਣੀ ਸ਼ੁਰੂ ਹੋ ਗਈ ਤੇ ਪਤਾ ਹੀ ਨਾ ਲੱਗਾ ਬਹਿਸ ਕਦੋ ਤਕਰਾਰ ਵਿੱਚ ਬਦਲ ਗਈ।
ਅਗਲੇ ਮਹੀਨੇ 8 ਸਾਲ ਹੋ ਜਾਣੇ ਹਨ ਵਿਆਹ ਨੂੰ, ਪਰ ਲੱਗਦਾ ਨਹੀ ਕਿ ਇੱਕ ਵੀ ਸਾਲ ਹੋਰ ਇਕੱਠੇ ਕੱਢਾਗੇ। ਅਸਲ ਵਿੱਚ ਸਾਰਾ ਰੌਲਾ ਹੀ ਇੱਥੇ ਆ ਕੇ ਪੈਣ ਲੱਗਾ। ਸਾਇਦ ਸ਼ਿਫਟਾਂ ਦੇ ਚੱਕਰਾਂ ਅਤੇ ਬਿੱਲਾਂ ਦੇ ਭੁਗਤਾਨਾਂ ਨੇ ਹੀ ਪਿਆਰ ਰੋਲ ਕੇ ਰੱਖ ਦਿੱਤਾ। ਨਹੀ, ਨਹੀ ! ਅਸਲਵਿੱਚ ਇੱਥੋ ਦੀ ਆਜਾਦੀ ਅਤੇ ਬਰਾਬਰਤਾ ਨੇ ਹੀ ਇਸ ਜਨਾਨੀ ਦਾ ਦਿਮਾਗ ਖਰਾਬ ਕੀਤਾ। ਪੰਜਾਬ ਵਿੱਚ ਤਾਂ ਚੰਗੀ ਭਲੀ ਸੀ। ਉੱਥੇ ਹੁੰਦਾ ਤਾਂ 2 ਕੰਨ੍ਹ ਤੇ ਲਾ ਕੇ ਦਿਮਾਗ ਠੀਕ ਕਰ ਦਿੰਦਾ ਪਰ ਇੱਥੇ ਤਾਂ ਬੱਸ ਸਬਰ ਦਾ ਘੁੱਟ ਹੀ ਭਰ ਸਕਦਾ। ਇਹੀ ਗੱਲਾਂ ਸੋਚਦੇ ਸੋਚਦੇ ਦਾ ਉਹਦਾ ਧਿਆਨ ਇੱਕ ਅੰਗਰੇਜ ਨੌਜਵਾਨ ਜੌੜੇ ਤੇ ਗਿਆ। ਹੱਥ ਵਿੱਚ ਹੱਥ ਪਾ, ਦੁਨੀਆਂ ਤੋ ਬੇਖਬਰ, ਬੱਸ ਇੱਕ-ਦੂਜੇ ਵਿੱਚ ਹੀ ਮਸਤ ਸਨ। ਉਹਨਾਂ ਨੂੰ ਦੇਖ ਉਹ ਹੋਰ ਚਿੜ੍ਹ ਗਿਆ ਕਿ ਇਹਨਾਂ ਦਾ ਚੰਗਾ ਆ, ਜਦੋ ਤੱਕ ਨਿਭਦੀ ਆ ਨਿਭਾ ਲਉ ਤੇ ਜੇ ਨਾ ਨਿਭੇ ਤਾਂ ਨਵਾਂ ਸਾਥੀ ਲੱਭ ਲਉ ਪਰ ਫਸੇ ਤਾਂ ਸਾਡੇ ਆਲੇ ਹੀ ਰਹਿੰਦੇ ਹਨ।
ਉਦੋਂ ਨੂੰ ਉਸਦੇ ਸਾਹਮਣੇ ਇੱਕ ਕਾਰ ਆ ਕੇ ਰੁੱਕੀ, ਜਿਸ ਵਿੱਚੋ ਇੱਕ ਗੋਰਾ ਬਜੁਰਗ ਨਿਕਲਿਆ। ਉਸਨੇ ਗੱਡੀ ਵਿੱਚੋਂ ਵੀਲ-ਚੇਅਰ ਕੱਢੀ ਅਤੇ ਫਿਰ ਕਾਰ ਵਿੱਚ ਬੈਠੀ ਬਜੁਰਗ ਬੀਬੀ ਨੂੰ ਹੋਲੀ-ਹੌਲੀ ਵੀਲ੍ਹ-ਚੇਅਰ ਤੇ ਬਿਠਾ ਕੇ ਉਸਦੇ ਬੈਂਚ ਵੱਲ ਨੂੰ ਚੱਲ ਪਿਆ। ਉਸ ਬਜੁਰਗ ਨੇ ਬੀਬੀ ਦੀ ਵੀਲ੍ਹ-ਚੇਅਰ, ਬੈਂਚ ਨਾਲ ਲਾ ਕੇ ਆਪ ਬੈਂਚ ਤੇ ਬੈਠ ਗਿਆ। ਦੋਵੇਂ ਜਾਣੇ ਹੱਥ ਫੜ੍ਹ ਕੇ ਕੋਸੀ-ਕੋਸੀ ਧੁੱਪ ਦਾ ਆਨੰਦ ਲੈ ਰਹੇ ਸਨ। ਬਜੁਰਗ ਨੇ ਕਿਤਾਬ ਕੱਢ, ਬੀਬੀ ਨੂੰ ਪੜ੍ਹ ਕੇ ਸੁਣਾਉਣ ਲੱਗ ਪਿਆ। ਬੀਬੀ ਮਨੋ – ਮਨੀ ਮੁਸਕਰਾ ਰਹੀ ਸੀ। ਦੋਨੋ ਇਸ ਉਮਰ ਵਿੱਚ ਵੀ ਕਿਸੇ ਨਵੇਂ ਵਿਆਹੇ ਜੌੜੇ ਵਾਂਗ ਖੁਸ਼ ਲੱਗ ਰਹੇ ਸਨ।
ਉਹ ਉਹਨਾਂ ਵੱਲ ਦੇਖਦਾ ਹੀ ਰਹਿ ਗਿਆ।ਅੰਤ ਉਸਤੋਂ ਰਹਿ ਨਾ ਹੋਇਆ ਅਤੇ ਉਸਨੇ ਬਜੁਰਗ ਨੂੰ ਪੁੱਛਿਆ ਕਿ ਕਿੰਨ੍ਹੇ ਸਾਲਾਂ ਤੋਂ ਇਕੱਠੇ ਹੋ? ਬਜੁਰਗ ਬੋਲਿਆ ਕਿ ਇਹ 19 ਦੀ ਸੀ ਅਤੇ ਮੈਂ 23 ਸਾਲ ਦਾ ਸੀ ਜਦੋਂ ਸਾਡਾ ਵਿਆਹ ਹੋਇਆਂ ਸੀ। ਇਹੀ ਬੱਸ ਪਹਿਲੀ ਤੇ ਆਖਰੀ ਔਰਤ ਹੈ ਜੋ ਮੇਰੀ ਜਿੰਦਗੀ ਵਿੱਚ ਆਈ ਤੇ ਹੁਣ ਤਾਂ ਮੈਂ 90 ਸਾਲ ਦਾ ਹੋ ਗਿਆ ਹਾਂ ਤੇ ਕਿਸੇ ਹੋਰ ਦੇ ਆਉਣ ਦੀ ਗੁਜਾਇੰਸ਼ ਵੀ ਨਹੀ ਬਚੀ। ਅਤੇ ਦੋਨੋ ਖਿੜ੍ਹਖਿੜ੍ਹਾ ਕੇ ਹੱਸ ਪਏ। ਉਸਨੇ ਫਿਰ ਪੁੱਛਿਆ ਕਿ ਜਿੰਦਗੀ ਕਿਵੇਂ ਲੰਘੀ? “ਬਹੁਤ ਵਧੀਆ, ਨਿੱਤ ਦਿਨ ਨਵੀਂ ਜਿਹੀ ਲੱਗਦੀ ਹੈ” ਬਜੁਰਗ ਨੇ ਹੱਸ ਕੇ ਜਵਾਬ ਦਿੱਤਾ।
ਉਸਨੇ ਹੈਰਾਨ ਹੋ ਕੇ ਪੁੱਛਿਆ ਕਿ ਕਦੇ ਲੜਾਈ ਨਹੀ ਹੁੰਦੀ?
“ ਜੇਕਰ ਤੁਹਾਨੂੰ ਗੁਲਾਬ ਦੀ ਖੂਬਸੂਰਤੀ ਪਸੰਦ ਹੈ ਤਾਂ ਤੁਸੀ ਕੰਡਿਆਂ ਤੋ ਵੀ ਇਨਕਾਰੀ ਨਹੀ ਹੋ ਸਕਦੇ। ਅਸਲ ਵਿੱਚ ਅਸੀ ਪਿਆਰ ਹਮੇਸਾਂ ਪ੍ਰੇਮੀਆਂ ਵਾਂਗ ਕੀਤਾ ਅਤੇ ਜਿੰਮੇਵਾਰੀਆਂ ਪਤੀ-ਪਤਨੀ ਨੇ ਬਰਾਬਰ ਨਿਭਾਈਆਂ। ਪਰ ਬਹੁਤੇ ਜੌੜੇ ਜਿੰਮੇਵਾਰੀਆਂ ਤੋ ਤਾਂ ਪ੍ਰਮੀਆਂ ਵਾਂਗ ਕੰਨ੍ਹੀ ਕਤਰਾਉਦੇਂ ਹਨ ਅਤੇ ਪਿਆਰ ਕਰਨ ਵੇਲੇ ਮਹਿਜ ਪਤੀ-ਪਤਨੀ ਬਣ ਜਾਂਦੇ ਹਨ। ਬੱਸ ਇਹੀ ਅਸਲ ਜੱੜ੍ਹ ਹੈ ਲੜਾਈ ਦੀ”, ਬੀਬੀ ਨੇ ਠਰੰਮੇ ਨਾਲ ਬਜੁਰਗ ਵੱਲ ਦੇਖਦੇ ਹੋਏ ਜਵਾਬ ਦਿੱਤਾ।
ਉਸਨੂੰ ਜਿਵੇਂ ਕੋਈ ਗਹਿਰਾ ਰਹੱਸ ਸਮਝ ਵਿੱਚ ਆ ਗਿਆ ਸੀ। ਉਹ ਉਹਨਾਂ ਦਾ ਧੰਨਵਾਦ ਕਰ, ਕਾਹਲੇ ਕੱਦਮੀ ਘਰ ਵੱਲ ਤੁਰ ਪਿਆ। ਉਸਨੂੰ ਆਵਦੇ ਰਿਸ਼ਤੇ ਵਿਚਲੇ ਕੰਡਿਆਂ ਬਾਰੇ ਪਤਾ ਲੱਗ ਗਿਆ ਸੀ।
✍🏻✍🏻ਹਰਪ੍ਰੀਤ ਬਰਾੜ ਸਿੱਧੂ
ਦਸ ਕੁ ਸਾਲ ਦੀ ਉਮਰ ਦਾ ਹੋਣਾ ਰਾਜਵੀਰ ।ਇੱਕ ਹੱਥ ਵਿੱਚ ਟਰਾਫ਼ੀ ਫੜੀ ਅਤੇ ਦੂਜੇ ਹੱਥ ਵਿੱਚ ਸਕੂਲ ਵਾਲਾ ਬੈਗ ਸੰਭਾਲਦਾ ,ਉੱਚੀ ਉੱਚੀ ਰੌਲ਼ਾ ਪਾਉੰਦਾ ਵੈਨ ‘ਚੋਂ ਉੱਤਰਿਆ..” ਪਾਪਾ !ਮੰਮੀ! ਕਿੱਥੇ ਹੋ?ਦੇਖੋ ਮੈਂ ਫ਼ਸਟ ਆਇਆ ।”
ਉਸ ਦੀ ਆਵਾਜ਼ ਸੁਣ ਕੇ ਨੌਕਰਾਣੀ ਲੀਲਾ ਉਸ ਨੂੰ ਘਰ ਦੇ ਅੰਦਰ ਲੈ ਗਈ।
“ਆਂਟੀ ! ਮੰਮੀ ਪਾਪਾ ਕਿੱਥੇ ਨੇ?”
” ਉਹ ਤਾਂ ਕਿਸੇ ਪਾਰਟੀ ਤੇ ਗਏ ਨੇ ।ਚੱਲ ਬੇਟਾ ਕੱਪੜੇ ਬਦਲ ।ਫ਼ੇਰ ਮੈਂ ਤੈਨੂੰ ਖਾਣਾ ਖਵਾ ਦੇਵਾਂ।”
ਰਾਜਵੀਰ ਨੇ ਮਸੋਸੇ ਜਿਹੇ ਮਨ ਨਾਲ ਕੱਪੜੇ ਬਦਲੇ ਤੇ ਟੀਵੀ ਮੂਹਰੇ ਬੈਠ ਕੇ ਖਾਣਾ ਖਾਣ ਲੱਗਾ ।
ਇਹ ਕਿਹੜਾ ਪਹਿਲੀ ਵਾਰ ਹੋਇਆ ਸੀ ਅਕਸਰ ਹੀ ਮੰਮੀ ਪਾਪਾ ਕਦੇ ਬਿਜ਼ਨਸ ਦੇ ਕੰਮਾਂ ਵਿੱਚ ਤੇ ਕਦੇ ਪਾਰਟੀ ਵਿੱਚ ਹੁੰਦੇ ਸੀ। ਹੌਲ਼ੀ ਹੌਲ਼ੀ ਉਸ ਨੂੰ ਇਹ ਸਭ ਦੀ ਆਦਤ ਹੋ ਗਈ ।ਵਕਤ ਬੀਤਦਾ ਗਿਆ।
ਰਾਜਵੀਰ ਦੇ ਮੰਮੀ ਪਾਪਾ ਦੀ ਉਮਰ ਹੁਣ ਸੱਠ ਸਾਲ ਤੋਂ ਉੱਤੇ ਹੋ ਗਈ ਸੀ। ਰਾਜਵੀਰ ਵੀ ਹੁਣ ਪੜ੍ਹ ਲਿਖ ਕੇ ਚੰਗੀ ਨੌਕਰੀ ਲੱਗ ਗਿਆ ਸੀ। ਉਸ ਦਾ ਵਿਆਹ ਹੋਇਆ ਤੇ ਹੁਣ ਓਹ ਇੱਕ ਪਿਆਰੀ ਜਿਹੀ ਬੱਚੀ ਦਾ ਪਿਤਾ ਵੀ ਸੀ।
ਅੱਜ ਰਾਜਵੀਰ ਤੇ ਉਸਦੀ ਪਤਨੀ ਤਿਆਰ ਹੋ ਕੇ ਕਿਧਰੇ ਜਾਣ ਲੱਗੇ ।
“ਕਿੱਥੇ ਚੱਲਿਆਂ ਬੇਟਾ ?ਅੱਜ ਤਾਂ ਛੁੱਟੀ ਹੈ ਤੁਹਾਨੂੰ ।”
“ਪਾਪਾ !ਅਸੀਂ ਕਿਸੇ ਦੋਸਤ ਦੇ ਘਰ ਪਾਰਟੀ ਤੇ ਚੱਲੇ ਹਾਂ। ਲੀਲਾ ਆਂਟੀ !ਮੰਮੀ ਪਾਪਾ ਨੂੰ ਖਾਣਾ ਸਮੇਂ ਸਿਰ ਬਣਾ ਦਿਓ ।”ਇਹ ਕਹਿ ਕੇ ਉਨ੍ਹਾਂ ਨੇ ਕਾਰ ਸਟਾਰਟ ਕੀਤੀ ਅਤੇ ਚਲੇ ਗਏ।
“ਅੱਜ ਤਾਂ ਸੋਚਿਆ ਸੀ ਕਿ ਇਨ੍ਹਾਂ ਨੂੰ ਛੁੱਟੀ ਹੈ। ਚੱਲ ਕੋਈ ਦਸ ਮਿੰਟ ਆਪਣੇ ਕੋਲ ਵੀ ਬੈਠਣਗੇ। ਪਰ ਕੌਣ ਪਰਵਾਹ ਕਰਦਾ ਬਜ਼ੁਰਗਾਂ ਦੀ..” ਰਾਜਵੀਰ ਦੇ ਪਾਪਾ ਉਦਾਸ ਜਹੇ ਹੋ ਕੇ ਬੋਲੇ ।
“ਹਾਂ ਹੁਣ ਇਹਨਾਂ ਦੀ ਆਪਣੀ ਜ਼ਿੰਦਗੀ ਹੈ। ਇਨ੍ਹਾਂ ਕੋਲ ਆਪਣੇ ਲਈ ਸਮਾਂ ਕਿੱਥੇ? ਪਤਾ ਹੀ ਨੀਂ ਲਗਦਾ ਕਿ ਕਦੋਂ ਪੁੱਤ ,ਕਪੁੱਤ ਹੋ ਜਾਂਦੇ !” ਰਾਜਵੀਰ ਦੀ ਮਾਂ ਵੀ ਆਪਣੇ ਆਪ ਨੂੰ ਨਿਰਾਸ਼ ਜਿਹਾ ਮਹਿਸੂਸ ਕਰ ਰਹੀ ਸੀ ।
ਉਨ੍ਹਾਂ ਦੇ ਨੌਕਰਾਣੀ ਲੀਲਾ ਜੋ ਇਹ ਸਭ ਦੇਖ ਰਹੀ ਸੀ ਬੋਲੀ “ਮਾਲਕ ਛੋਟਾ ਮੂੰਹ ਤੇ ਵੱਡੀ ਗੱਲ ! ਜੇ ਗੁੱਸਾ ਨਾ ਕਰੋ ਤਾਂ ਇੱਕ ਗੱਲ ਕਹਾਂ ?”
“ਹਾਂ ਦੱਸ ਲੀਲਾ.. ਗੁੱਸਾ ਕਾਹਦਾ? ਸਾਡੇ ਆਪਣੇ ਤਾਂ ਸਾਡੀ ਬਾਤ ਨਹੀਂ ਪੁੱਛਦੇ ।”
“ਇਹ ਕੱਲੇ ਰਾਜਵੀਰ ਦਾ ਕਸੂਰ ਨਹੀਂ ਸਾਹਬ ਤੇ ਮੈਡਮ ਜੀ !ਇਹਦੇ ਵਿੱਚ ਤੁਹਾਡਾ ਬਰਾਬਰ ਦਾ ਕਸੂਰ ਹੈ?”
” ਸਾਡਾ ਕਸੂਰ?ਉਹ ਕਿਵੇਂ ਲੀਲਾ ?”
“ਰਾਜਵੀਰ ਦੇ ਬਚਪਨ ਤੋਂ ਮੈਂ ਇਸ ਘਰ ਵਿੱਚ ਕੰਮ ਕਰਦੀਆਂ ।ਤੁਸੀਂ ਤਾਂ ਕਦੇ ਉਹਨੂੰ ਪਿਆਰ ਨਾਲ ਬੁਲਾਇਆ ਨਹੀਂ। ਹੁਣ ਉਹ ਤੁਹਾਨੂੰ ਕਿਵੇਂ ਬੁਲਾਵੇ ?”
“ਪਿਆਰ ਨਾਲ ਨਹੀੰ ਬੁਲਾਇਆ? ਲੀਲਾ !ਮੈਂ ਉਹਦੇ ਵਾਸਤੇ ਮਹਿੰਗੇ ਤੋਂ ਮਹਿੰਗੇ ਖਿਡੌਣੇ, ਗੱਡੀਆਂ.. ਜੋ ਮੰਗਦਾ ਸੀ ਉਹੀ ਹਾਜ਼ਰ ਕਰਦਾ ਰਿਹਾ ਤੇ ਤੂੰ ਕਹਿਨੀ ਕਦੇ ਪਿਆਰ ਨਾਲ ਬੁਲਾਇਆ ਹੀ ਨਹੀਂ ।”
” ਮਹਿੰਗੇ ਖਿਡੌਣੇ ,ਗੱਡੀਆਂ ਤੇ ਰੁਪਿਆ ਪੈਸਾ ਪਿਆਰ ਨਹੀਂ ਹੁੰਦਾ ਸਾਹਬ ਜੀ। ਭੋਲ਼ੇ ਭਾਲ਼ੇ ਬੱਚਿਆਂ ਨੂੰ ਮਹਿੰਗੇ ਖਿਡੌਣਿਆਂ ਦੀ ਲੋੜ ਨਹੀਂ ਹੁੰਦੀ ।ਉਨ੍ਹਾਂ ਨੂੰ ਤਾਂ ਤੁਹਾਡੇ ਸਮੇਂ ਦੀ ਲੋੜ ਹੁੰਦੀ ਹੈ ,ਜੋ ਤੁਸੀਂ ਕਦੇ ਦਿੱਤਾ ਈ ਨਹੀੰ ਰਾਜਵੀਰ ਨੂੰ ।”
“ਉਹ ਤਰਸਦਾ ਰਹਿੰਦਾ ਸੀ ਕਿ ਤੁਸੀਂ ਕਦੇ ਉਹਨੂੰ ਵੀ ਗਲਵੱਕੜੀ ਪਾਉਂਗੇ ਪਰ ਤੁਹਾਨੂੰ ਤਾਂ ਆਪਣੇ ਕੰਮਾਂ ਤੋਂ ਹੀ ਵੇਹਲ ਨਹੀਂ ਰਹੀ।ਤੁਸੀਂਂ ਕਦੇ ਪਾਰਟੀਆਂ ਤੇ ਅਤੇ ਕਦੇ ਕੰਮ ਤੇ ।ਮੈ ਤਾਂ ਉਹਨੂੰ ਸਦਾ ਤਰਸਦਾ ਹੀ ਦੇਖਿਆ ਕਿ ਕਦੇ ਮੇਰੇ ਮਾਂ ਬਾਪ ਘਰ ਹੋਣ।ਮੇਰੇ ਨਾਲ਼ ਖੇਡਣ,ਗੱਲਾਂ ਕਰਨ….”
“ਇਹ ਤਾਂ ਅਸੀਂ ਕਦੇ ਸੋਚਿਆ ਹੀ ਨਹੀਂ ਲੀਲਾ !ਪਰ ਕੀ ਕਰੀਏ ਹੁਣ ਤਾਂ ਵੇਲ਼ਾ ਲੰਘ ਗਿਆ ।ਜੋ ਬੀਜਿਆ ਉਹੀ ਵੱਢ ਰਹੇ ਹਾਂ। ਕਿਸੇ ਦਾ ਕੀ ਦੋਸ਼ ।”
“ਵੇਲ਼ਾ ਤਾਂ ਅਜੇ ਹੈਗਾ ਸਾਹਬ ਜੀ ।ਜੇ ਸੰਭਾਲ ਲਵੋ ਤਾਂ ..”
“ਉਹ ਕਿਵੇਂ ਲੀਲਾ?” ਦੋਵੇਂ ਇਕੱਠੇ ਹੀ ਬੋਲੇ ।
“ਹੁਣ ਤੁਹਾਡੇ ਕੋਲ ਸਮਾਂ ਹੀ ਸਮਾਂ ਤੇ ਆਹ ਰਹੀ ਤੁਹਾਡੀ ਨਿੱਕੀ ਜੀ ਪੋਤੀ ‘ਨੀਤੂ’… ਸੰਭਾਲ਼ੋ ਇਹਨੂੰ ।”
“ਤੂੰ ਤਾਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਲੀਲਾ! ਸ਼ਾਇਦ ਹੁਣ ਅਸੀਂ ਆਪਣੇ ਗੁਆਚੇ ਸਮੇਂ ਨੂੰ ਥੋੜ੍ਹਾ ਬਹੁਤ ਤਾਂ ਮੋੜ ਹੀ ਲਿਆਵਾਂਗੇ ।”
ਰਮਨਦੀਪ ਕੌਰ ਵਿਰਕ
ਬੀਬੀ ਆ ਜਦ ਦੀ ਵੱਡੀ(ਭੈਣ) ਵਿਆਹੀ ਏ ਓਦੋਂ ਤੋਂ ਹੀ ਘਰ ਸੁੰਨਾ ਸੁੰਨਾ ਲੱਗਦਾ । ਆਹੋ ਪੁੱਤਰਾ ਧੀਆਂ ਤਾਂ ਜਦ ਜਾਂਦੀਆਂ ਨੇ ਤਾਂ ਵੇਹੜੇ ਸੁੰਨੇ ਕਰ ਜਾਂਦੀਆਂ ਨੇ , ਜਦ ਆ ਜਾਂਦੀਆਂ ਨੇ ਤਾਂ ਰੌਣਕਾਂ ਲੱਗ ਜਾਂਦੀਆਂ ਨੇ।
ਮੈਨੂੰ ਲੱਗਦਾ ਤੇਰਾ ਫੋਨ ਵੱਜੀ ਜਾਂਦਾ ਦੇਖ ਕੀਹਦਾ ਫੋਨ ਆਇਆ, ਦੇਖ ਦਾ ….
ਆਹ ਜਿਹਦੀ ਗੱਲ੍ਹ ਕਰਦੇ ਸੀ ਉਹਦਾ ਹੀ ਏ , ਹੈਲੋ ਹੈਲੋ ..
ਸਾਸਰੀਕਲ ਮਾਮੂ ਓਹ ਬੱਲੇ ਸ਼ੇਰਾ ਸਾਸਰੀਕਾਲ ਕਿਵੇਂ ਏ
ਮਾਮੂ ਵਧੀਆ….ਮਾਮੂ ਛੁੱਟੀਆਂ ਹੋਗੀਆਂ ਅੱਛਾ!!
ਕੋਈ ਗੱਲ ਨੀ ਆ ਜਾਂਦਾ ਲੈਣ, ਭੈਣ ਕਿੱਥੇ ਏ, ਕੋਲ ਐ ਲਿਆ ਕਰਾ ਗੱਲ, ਹਾਂ ਭੈਣ ਕਿਵੇਂ ਏ ਵਧੀਆ ਤੁਸੀਂ ਸੁਣਾਓ ਹਾਂ ਸਾਰੇ ਹੀ ਵਧੀਆ ਅਸੀਂ । ਤੇਰੇ ਸ਼ੇਰ ਨੇ ਪਰਸੋਂ ਦਾ ਰੌਲ਼ਾ ਪਾਇਆ ਛੁੱਟੀਆਂ ਹੋ ਗਈਆਂ ਚੱਲ ਨਾਨਕਿਆਂ ਨੂੰ, ਕਰ ਫੋਨ ਮਾਮੇ ਨੂੰ ਜਾਨ ਖਾਦੀ ਪਈ ਸੀ,ਮੈਂ ਤੇਰੇ ਭਾਜੀ ਨੂੰ ਪੁੱਛ ਲਿਆ ਸਾਨੂੰ ਕੱਲ੍ਹ ਨੂੰ ਲੈ ਜੀ ਆ ਕੇ ,ਤੇਰੇ ਆਉਂਦੇ ਤੱਕ ਮੈਂ ਤਿਆਰੀ ਕਰ ਕੇ ਰੱਖ ਲੂ , ਓਕੇ ਓਕੇ।
ਅਗਲੀ ਸਵੇਰ
ਮੈਂ ਚੱਲਿਆ ਬੀਬੀ ਵੱਡੀ ਕੋਲ , ਪੁੱਤਰਾ ਆਪਣੇ ਸ਼ੇਰ ਲਈ ਲੈ ਜੀ ਸੇਬ ਕੇਲੇ ਜਾਂਦਾ ਹੋਇਆ, ਓਹ ਬੀਬੀ ਅੱਜ ਕੱਲ ਦੇ ਜੁਆਕ ਨੀ ਖਾਂਦੇ, ਮੈਂ ਸ਼ੇਰ ਲਈ ਲੁਧਿਆਣੇਂ ਤੋਂ ਪੀਜ਼ਾ ਲੈ ਕੇ ਜਾਓ।
ਇੱਕ ਘੰਟੇ ਦੇ ਸਫ਼ਰ ਮਗਰੋਂ ਪਹੁੰਚ ਹੀ ਗਿਆ ,ਮੋਟਰ ਸਾਇਕਲ ਬਾਹਰ ਖੜਾ ਕਰ ਦਿੱਤਾ , ਦੱਬੇ ਪੈਰੀਂ ਅੰਦਰ ਗਿਆ ਮਾਸੀ ਤੇ ਮਾਸੜ ਜੀ ਨੂੰ ਮੱਥਾ ਟੇਕਿਆ ਤੇ ਭਾਜੀ ਨੂੰ ਵੀ ਮਿਲਿਆ।
ਹੁਣ ਮੇਰੀ ਨਿਗ੍ਹਾ ਮੇਰੇ ਸ਼ੇਰ ਤੇ ਸੀ ਉਹ ਕਿੱਥੇ ਲੁੱਕਿਆ ਹੋਇਆ ਏ,ਭਾਜੀ ਨੇ ਇਸ਼ਾਰਾ ਕੀਤਾ ਅੰਦਰ ਕਮਰੇ ਚ ਏ, ਮੈਂ ਕਮਰੇ ਚ ਪੈਰ ਧਰਿਆ ਹੀ ਸੀ ਜਦ ਉਹਨੇ ਮੈਨੂੰ ਦੇਖਿਆ ਤਾਂ ਭੱਜ ਕੇ ਗੋਦੀ ਚੜ੍ਹਿਆ ਤੇ ਮੈਨੂੰ ਘੁੱਟ ਲਿਆ,ਸ਼ੇਰ ਦੇ ਮੋਹ ਤੇ ਪਿਆਰ ਨੇ ਮੈਨੂੰ ਦੁੱਗਣਾ ਕਰ ਦਿੱਤਾ। ਭੈਣ ਬੋਲੀ ਅਸੀਂ ਹੁਣ ਤਿਆਰ ਹਾਂ ਜਦ ਕਹੇਗਾ ਚੱਲ ਪਾ ਗੇ ,ਮੈਂ ਚਾਹ ਪਾਣੀ ਪੀਤਾ ਤੇ ਓਹਨਾ ਨੂੰ ਲੈ ਕੇ ਪਿੰਡ ਆ ਗਿਆ।
ਆਉਂਦੇ ਸਾਰ ਹੀ ਵੱਡੀ ਨੇ ਘਰ ਨੂੰ ਵੇਖ ਕੇ ਕਲਾਸ ਲਾਉਣੀ ਸ਼ੁਰੂ ਕਰ ਦਿੱਤੀ , ਤੁਸੀੰ ਸਫਾਈ ਜਮ੍ਹਾਂ ਨੀ ਰੱਖਦੇ ,ਮੇਰੇ ਵੱਲ ਵੇਖ ਕੇ ਕਹਿੰਦੀ ਤੇਰਾ ਹੱਲ ਵੀ ਕਰਨਾਂ ਪੈਣਾਂ ,ਬੀਬੀ ਕਦ ਤੱਕ ਕਰੀ ਜਾਓ, ਚੜਦੇ ਸਿਆਲ ਤੱਕ ਤੇਰਾ ਵੀ ਵਿਆਹ ਕਰ ਦੇਣਾ।
ਕੋਈ ਗੱਲ ਨੀ ਦੇਖੀ ਜਾਓ ਜਦ ਸਿਆਲ ਆਓ। ਹੁਣ ਬਾਹਰ ਨਾ ਜਾਈਂ ਸਾਡੇ ਨਾਲ ਲੱਗ ਕੇ ਥੋੜਾ ਕੰਮ ਕਰਵਾ ਦੇ,
ਠੀਕ ਐ।ਸ਼ੁਰੂ ਹੋ ਗਈ ਮੇਰੇ ਕਮਰੇ ਤੋਂ ਅਲਮਾਰੀ ਸਾਫ ਕਰ , ਮੇਰੀਆਂ ਪੈਂਟਾ ਕਮੀਜਾਂ ਦੀਆਂ ਤੇਹਾਂ ਮਾਰ ਸਾਰਾ ਕਮਰਾ ਸੈੱਟ ਕਰਿਆ। ਫਿਰ ਕਨਸਾਂ ਦੇ ਕੱਪੜੇ,ਦਰੀਆਂ, ਪੇਟੀ, ਟਰੰਕਾਂ ਤੇ ਦਿੱਤੇ ਕੱਪੜੇ, ਗਲ੍ਹਾਫ ਸਾਰਿਆਂ ਦੀ ਗੱਠੜੀ ਮਾਰ ਦਿੱਤੀ।
ਦੂਜੇ ਦਿਨ ਸਵੇਰੇ ਚਾਰ ਵਜੇ ਉੱਠ ਕੇ ਸਾਰੇ ਹੀ ਕੱਪੜੇ ਧੋ ਦਿੱਤੇ , ਨਾਲ ਹੀ ਵੇਹੜੇ ਝਾੜੂ ਮਾਰ ਦਿੱਤਾ ,ਰੋਟੀ ਟੁੱਕ ,ਲੱਸੀ ਰਿੜਕ ਸਾਰਾ ਹੀ ਕੰਮ ਅੱਠ ਵੱਜਦੇ ਨੂੰ ਖਤਮ ਕਰ ਦਿੱਤਾ।
ਇਹਨਾਂ ਕੰਮ ਕਰਦੀ ਨੂੰ ਵੇਖ ਵੇਹੜੇ ਵਿੱਚ ਬੈਠੀ ਮਾਂ ਦੀਆਂ ਅੱਖਾਂ ਵਿੱਚ ਹੰਜੂ ਆ ਜਾਂਦੇ ਤੇ ਝੱਟ ਹੀ ਸੱਦ ਲੈਂਦੀ ਏ ਕੋਲ ਤੇ ਘੁੱਟ ਕੇ ਜੱਫੀ ਪਾ ਲੈਂਦੀ ਤੇ ਕਹਿੰਦੀ ਧੀਆਂ ਬਿਨਾਂ ਕਦਰ ਨੀ ਜੱਗ ਤੇ, ਧੀਆਂ ਜਦ ਵਿਆਹੀਆਂ ਜਾਂਦੀਆਂ ਤਾਂ ਬਾਬੁਲ ਦਾ ਵੇਹੜਾ ਸੁੰਨਾ ਕਰ ਜਾਂਦੀਆਂ ਨੇ।
ਵਿਸ਼ਾਲ ਹਿਰਦੇ
ਗੱਲ ਕੋਈ 2006 – 7 ਦੀ ਹੈ ਇੱਕ ਵਾਰੀ ਮੇਰੇ ਯਾਰ ਵਿੰਦਰ ਕੇ ਪਿੰਡ ਖੂਨ ਦਾਨ ਦਾ ਕੈਂਪ ਲੱਗਾ। ਵਿੰਦਰ ਹੋਣੀ ਓਸ ਦਿਨ ਤੱੜਕੇ ਦੇ ਉੱਠ ਕੇ ਉੱਥੋਂ ਦੀਆਂ ਹੋ ਰਹੀਆਂ ਗਤਵਿਧੀਆਂ ਨੂੰ ਵੇਖ ਰਹੇ ਸੀ। ਅੱਧਾ ਦਿਨ ਲੰਘ ਗਿਆ ਸਿਰਫ ਇੱਕੋ ਬੰਦਾ ਹੀ ਆਇਆ ਖੂਨਦਾਨ ਕਰਨ। ਓਦੋਂ ਖੂਨਦਾਨ ਬਾਰੇ ਲੋਕ ਇਹਨੇ ਜਾਗਰੂਕ ਵੀ ਨਹੀਂ ਸਨ ਤੇ ਖੂਨ ਦੇਣ ਲੱਗੇ ਬਹੁਤ ਜਿਆਦਾ ਘਬਰਾਉਂਦੇ ਸਨ। ਡਾਕਟਰ ਬਹੁਤ ਪ੍ਰੇਸ਼ਾਨ ਕਿ ਹੁਣ ਕੀ ਹੱਲ ਕੱਢਿਆ ਜਾਵੇ ਮਸਲੇ ਦਾ। ਤਾਂ ਡਾਕਟਰ ਦੀ ਨਿਗ੍ਹਾ ਵਿੰਦਰ ਤੇ ਪਈ ਕਿ ਇਹ ਜਵਾਕ ਸਵੇਰ ਦਾ ਇੱਥੇ ਖੜਾਏ ਇਹ ਵਾਹਵਾ ਦਿਲਚਸਪੀ ਲੈ ਰਿਹਾ ਇਹਨੂੰ ਕਹਿਣੇਆ। ਡਾਕਟਰ ਨੇ ਵਿੰਦਰ ਨੂੰ ਕੋਲ ਸੱਦਿਆ ਤੇ ਅੰਗਰੇਜੀ ਵਿੱਚ ਪੁੱਛਿਆ “In Which Class Do You Read?”
ਵਿੰਦਰ ਵੀ ਅੰਗਰੇਜੀ ਮਾਧਿਅਮ ਦਾ ਸਟੂਡੈਂਟ ਸੀ ਤੇ ਅੰਗਰੇਜੀ ਵਿੱਚ ਸਵਾਲ ਸੁਣਕੇ ਬਹੁਤ ਖੁਸ਼ ਹੋਇਆ ਤੇ ਝੱਟ ਦੇਣੇ ਜਵਾਬ ਦਿੱਤਾ “Sir Sixth Class”।
ਅੱਗੋ ਡਾਕਟਰ ਕਹਿੰਦਾ ” Very Good Intelligent Boy”।
ਫਿਰ ਡਾਕਟਰ ਨੇ ਬੜੀ ਹੀ ਹਲੀਮੀ ਨਾਲ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਬੇਟਾ ਖੂਨਦਾਨ ਕਰਨਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਤੇ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮਜ਼ੋਰੀ ਸਾਡੇ ਸ਼ਰੀਰ ਵਿੱਚ ਨਹੀਂ ਆਉਂਦੀ । ਪਰ ਤੁਹਾਡੇ ਪਿੰਡ ਵਾਲੇ ਬਹੁਤ ਜਿਆਦਾ ਡਰਦੇ ਨੇ ਤੇ ਇਹ ਗੱਲ ਸਮਝ ਨਹੀਂ ਪਾ ਰਹੇ। ਬੇਟਾ ਤੂੰ ਆਪਣੇ ਦੋਸਤਾਂ ਨੂੰ ਕਹਿਕੇ ਘੱਟੋ ਘੱਟ ਆਪਣੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਸਮਝਾਕੇ ਇੱਕ ਇੱਕ ਮੈਂਬਰ ਨੂੰ ਹੀ ਖੂਨਦਾਨ ਕਰਨ ਲਈ ਮਨਾਕੇ ਲਿਆਯੋ ਉਹਨਾਂ ਨੂੰ ਕਹੋ ਕਿ ਜਿਹੜਾ ਖੂਨਦਾਨ ਕਰੂਗਾ ਉਸਨੂੰ ਇੱਕ ਇੱਕ ਗਲਾਸ ਜੂਸ .. ਦੋ ਕੇਲੇ .. ਇੱਕ ਇੱਕ ਸੰਤਰਾ ਖਾਨ ਨੂੰ ਦਿੱਤਾ ਜਾਊਗਾ ਖੂਨਦਾਨ ਕਰਨ ਤੋਂ ਬਾਅਦ । ਇਹ ਸੁਣਕੇ ਹੁਣ ਸਾਰੇ ਜਵਾਕਾਂ ਨੇ ਮਿਲਕੇ ਸਲਾਹ ਕੀਤੀ ਕਿ ਜੇ ਘਰੇ ਗਏ ਤਾਂ ਘਰਦਿਆਂ ਨੇ ਬੰਨ੍ਹਕੇ ਬਿਠਾ ਲੈਣਾ ਤੇ ਮੁੜਕੇ ਆਉਣ ਨੀ ਦੇਣਾ । ਫੇਰ ਇੱਕ ਜਾਣਾ ਕਹਿੰਦਾ ਕਿ ਮੈਂ ਤਾਏ ਬੱਗੇ ਨੂੰ ਜੰਝ ਘਰੇ ਬੈਠਾ ਵੇਖਿਆ, ਉਹਨੂੰ ਲੈਕੇ ਆਉਣੇਆ ਕੈਂਪ ਚ। ਓਹਨੇ ਫਲਾਂ ਤੇ ਜੂਸ ਦੇ ਨਾਂ ਤੇ ਭੱਜੇ ਨੇ ਆਉਣਾ ਤੇ ਆਪਣੀ ਇੱਜ਼ਤ ਵੀ ਰਹਿਜੂ ਡਾਕਟਰ ਮੂਹਰੇ। ਵਿੰਦਰ ਹੋਣਾ ਨੂੰ ਸਲਾਹ ਵਧੀਆ ਲੱਗੀ ਤੇ ਉਹ ਤਾਏ ਬੱਗੇ ਕੋਲੇ ਜਾ ਵੱਜੇ। ਅਖੇ ਤਾਇਆ ਆਪਣੇ ਪਿੰਡ ਕੈਂਪ ਲੱਗਾ ਖੂਨਦਾਨ ਦਾ । ਤਾਇਆ ਕਿਸੇ ਗੱਲੋਂ ਖਪਿਆ ਬੈਠਾ ਸੀ ਗੁੱਸੇ ਚ ਕਹਿੰਦਾ ਫੇਰ ਮੈ ਕੀ ਕਰਾਂ ਮੈਨੂੰ ਭਾ ਕੈਂਪ ਦਾ ਜਾਓ ਵਗ ਜੌ ਇਥੋਂ ਹੋਰ ਨਾ ਤੰਬੇ ਖਾ ਲਿਓ। ਜਵਾਕ ਕਹਿੰਦੇ ਤਾਇਆ ਸਾਨੂੰ ਪਤਾ ਤੈਨੂੰ ਜੂਸ ਬੜਾ ਪਸੰਦ ਆ ਤੇ ਕੈਂਪ ਵਾਲੇ ਖੂਨਦਾਨ ਕਰਨ ਵਾਲੇ ਨੂੰ ਦੋ ਗਲਾਸ ਜੂਸ, ਕੇਲੇ , ਸੰਤਰੇ ਦਿੰਦੇਯੂ। ਇਹ ਗੱਲ ਸੁਣਕੇ ਤਾਏ ਦਾ ਗੁੱਸਾ ਉਹ ਉਹ ਗਿਆ ਖੁਸ਼ ਹੁੰਦਾ ਹੋਇਆ ਕਹਿੰਦਾ ਜੱਸੇ ਕਿਆ ਸੱਚੀ ਓਏ .. ਵਿੰਦਰ ਕਹਿੰਦਾ ਹਾਂ ਤਾਇਆ ਸੱਚੀ। ਜਵਾਕ ਲੈ ਗਏ ਤਾਏ ਨੂੰ ਡਾਕਟਰ ਕੋਲੇ। ਡਾਕਟਰ ਬੜਾ ਖੁਸ਼ ਹੋਇਆ ਚੱਲ ਕੋਈ ਤਾਂ ਆਇਆ। ਤਾਏ ਨੇ ਜਾਂਦੇ ਸਾਰ ਜੂਸ ਦੀ ਡੇਮਾਂਡ ਰੱਖ ਤੀ। ਡਾਕਟਰ ਕਹਿੰਦਾ ਮਿਲੁਗਾ ਪਰ ਖੂਨਦਾਨ ਕਰਨ ਤੋਂ ਮਗਰੋਂ। ਤਾਏ ਨੂੰ ਲੱਗਿਆ ਕਿ ਕਿੰਨਾ ਕੁ ਖੂਨ ਕੱਢ ਲੈਣਗੇ ਮੇਰਾ ਇੱਕ ਅੱਧੀ ਸਰਿੰਜ ਕੱਡਣਗੇ ਤਾਇਆ ਓਂ ਵੀ ਦਿਲ ਦਾ ਥੋੜਾ ਕਮਜ਼ੋਰ ਸੀ। ਚਲੋ ਡਾਕਟਰਾਂ ਨੇ ਪਾ ਲਿਆ ਬੇਡ ਤੇ । ਤਾਇਆ ਇਦਾ ਪਿਆ ਜਿਵੇਂ ਸਾਰੀ ਦੁਨੀਆ ਦੀ ਜਗੀਰ ਮਿਲ ਗਈ ਹੋਵੇ ਉਹਦੀਆ ਅੱਖਾਂ ਸਾਵੇਂ ਜੂਸ ਦੇ ਗਲਾਸ ਹੀ ਘੁੰਮ ਰਹੇ ਸੀ ਤੇ ਡਾਕਟਰਾਂ ਨੇ ਕਦੋਂ ਖੂਨ ਕੱਢ ਲਿਆ ਤਾਏ ਨੂੰ ਕੁਛ ਪਤਾ ਨਾ ਲੱਗਿਆ। ਜਦੋਂ ਕਾਰਵਾਈ ਸਾਰੀ ਪੂਰੀ ਹੋ ਗਈ ਤਾਂ ਡਾਕਟਰਾਂ ਨੇ ਤਾਏ ਨੂੰ ਉੱਠਣ ਲਈ ਕਿਹਾ ਤਾਇਆ ਉੱਠ ਦੇ ਸਾਰ ਕਹਿੰਦਾ ਲਿਆਓ ਜਾਰ ਜੂਸ ਹੁਣ ਤਾਂ ਪਿਆਦੋ। ਉਹਨਾਂ ਨੇ ਜੂਸ ਦਿੱਤਾ ਤਾਏ ਨੇ ਬੜੇ ਸਵਾਦ ਲਾ ਲਾ ਕੇ ਪਿਤੇ ਦੋ ਗਲਾਸ, ਦੋ ਕੇਲੇ ਖਾਦੇ ਸਵਾਦਾਂ ਨਾਲ ਤੇ ਸੰਤਰਾ ਗੀਜੇ ਚ ਪਾ ਲਿਆ ਕਿ ਚੱਲ ਇਹ ਬਾਅਦ ਵਿੱਚ ਖਾਵਾਂਗੇ। ਤੁਰਨ ਲੱਗੇ ਤਾਏ ਦੇ ਦਿਮਾਗ ਚ ਪਤਾ ਨੀ ਕੀ ਆਇਆ ਕਹਿੰਦਾ ਭਾਈ ਡਾਕਟਰ ਮੈਨੂੰ ਦਿਖਾ ਤਾਂ ਦਿਓ ਜਿਹੜਾ ਮੇਰਾ ਖੂਨ ਕੱਢਿਆ ਮੈਂ ਵੀ ਦੇਖਾ ਮੇਰਾ ਖੂਨ ਕਿਹੋ ਜੇਹਾ ਲਗਦਾ। ਜਦੋਂ ਡਾਕਟਰ ਨੇ ਤਾਏ ਦੇ ਖੂਨ ਦੀ ਕੱਢੀ ਹੋਈ ਬੋਤਲ ਤਾਏ ਨੂੰ ਦਿਖਾਈ ਤਾਂ ਤਾਏ ਦਾ ਦਿਲ ਘਟ ਗਿਆ ਕਿ ਏਨਾ ਖੂਨ ਕੱਢ ਲਿਆ ਮੈਂ ਤਾਂ ਸੋਚਿਆ ਸੀ ਕਿ ਇੱਕ ਅੱਧੀ ਸਰਿੰਜ ਹੀ ਕੱਢਣਗੇ। ਬੋਤਲ ਦੇਖਕੇ ਤਾਏ ਨੂੰ ਗਸ਼ੀ ਪੇਗੀ ਤਾਇਆ ਉੱਥੇ ਹੀ ਧੜਮ ਦੇਣੇ ਥੱਲੇ ਡਿੱਗ ਗਿਆ ਤੇ ਬੇਹੋਸ਼ ਹੋ ਗਿਆ। ਡਾਕਟਰਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਕਿ ਜੇ ਇਹਨੂੰ ਕੁਛ ਹੋ ਗਿਆ ਤਾਂ ਨਵਾ ਸਿਆਪਾ ਗਲ ਪੈ ਜੂ। ਉਹਨਾਂ ਬ੍ਥੇਰਾ ਜੋਰ ਲਾਇਆ ਤਾਏ ਨੂੰ ਹੋਸ਼ ਚ ਲਿਓਨ ਲਈ ਪਰ ਤਾਏ ਨੂੰ ਤਾਂ ਕੋਈ ਫਰਕ ਨਾ ਪਿਆ । ਫੇਰ ਡਾਕਟਰ ਨੇ ਦੋ ਬੋਤਲਾ ਖੂਨ ਦੀਆਂ ਪੱਲਿਓ ਤਾਏ ਨੂੰ ਚੜਾਈਆ ਟੀਕੇ ਟੁਕੇ ਲਾਏ ਫੇਰ ਜਾਕੇ ਕੀਤੇ ਤਾਏ ਨੂੰ ਸੁਰਤ ਆਈ। ਫੇਰ ਡਾਕਟਰ ਨੇ ਤਾਏ ਨੂੰ ਮੱਥਾ ਟੇਕ ਕੇ ਕੈਂਪ ਚੋ ਬਾਹਰ ਦਾ ਰਸਤਾ ਦਿਖਾਇਆ ਤੇ ਵਿੰਦਰ ਹੋਣਾ ਨੂੰ ਆਨੇ ਕੱਡਦਾ ਹੋਇਆ ਆਪਣੀ ਚੁੱਪ ਵਿੱਚ ਹੀ ਕਈ ਗਾਲਾ ਕੱਢ ਗਿਆ ਕੰਨਾਂ ਨੂੰ ਹੱਥ ਲਾ ਗਿਆ।
ਗੱਲ ਅੱਜ ਤੋਂ ਕੁੱਝ ਅਠਾਰਾਂ ਵਰੇ ਪੁਰਾਣੀਆ ਸਾਡੇ ਪਿੰਡ ਰੰਗੀਨ ਟੀ . ਵੀ ਤਾਂ ਆ ਗਏ ਸੀ ਪਰ ਚਲਦਾ ਉਹਨਾਂ ਤੇ ਡੀ ਡੀ ਵਨ ਜਾਂ ਡੀ ਡੀ ਮੈਟਰੋ ਈ ਹੁੰਦਾ ਸੀ । ਐਨਟੀਨੇ ਹਰ ਘਰ ਵਿੱਚ ਲੱਗੇ ਸੀ ਤੇ ਸੈੱਟ ਕਰਕੇ ਰੱਖਣੇ ਪੈਂਦੇ ਸੀ। ਮੇਰੇ ਵਰਗਿਆਂ ਲਈ ਓਦੋਂ ਸ਼ਕਤੀਮਾਨ ਸਿਨੇਮਾ ਜਗਤ ਦਾ ਇੱਕ ਬੇਸ਼ਕੀਮਤੀ ਤੋਹਫ਼ਾ ਸੀ। ਅਸੀਂ ਸਾਰੇ ਜਵਾਕ ਬਹੁਤ ਚਾਅ ਨਾਲ ਵੇਖਦੇ ਹੁੰਦੇ ਸੀ। ਐਤਵਾਰ ਨੂੰ ਸਿਰ – ਪਿੰਡੇ ਟੈਮ ਨਾਲ ਨਹਾਕੇ ਸੱਜਕੇ ਟੇਲੀਵਿਜਨ ਮੂਹਰੇ ਬਹਿ ਜਾਣਾ। ਘਰਦਿਆਂ ਨੂੰ ਵੀ ਪਤਾ ਹੁੰਦਾ ਸੀ ਕਿ ਜਿੰਨਾ ਚਿਰ ਸ਼ਕਤੀਮਾਨ ਆਉਂਦਾ ਇਹਨੇ ਕੁੱਝ ਨੀ ਸੁਣਨਾਂ ਉਹ ਵੀ ਨੀ ਕੋਈ ਕੰਮ ਕਹਿੰਦੇ ਹੁੰਦੇ ਸੀ। ਸੁਣਦੇ ਖੈਰ ਓਦਾਂ ਵੀ ਘੱਟ ਈ ਸੀ। ਤੇ ਜਦੋਂ ਮੁੱਕ ਜਾਣਾ ਫਿਰ ਉਦ੍ਹੀ ਦੇ ਥਾਂ ( ਇੱਕ ਛੋਟਾ ਜਿਹਾ ਗਰਾਊਂਡ) ਚ ਇਕੱਠੇ ਹੋਕੇ ਸਵਾਦ ਲੈ ਲੈ ਗੱਲਾਂ ਦੱਸਣੀਆਂ ਤੇ ਸੁਣਨੀਆ । ਇੱਕ ਦਿਨ ਸਵਾਦ – ਸਵਾਦ ਚ ਗੱਲ ਐਕਸ਼ਨ ਤੱਕ ਜਾ ਪਹੁੰਚੀ ਤੇ ਐਕਸ਼ਨ ਤੋਂ ਜਿੱਦ ਤੇ ਪਹੁੰਚ ਗਈ। ਮਾਸਟਰ ਤਾਏ ਪਾਲੇ ਕਾ ਪਿੰਦਰ ਕਹਿੰਦਾ ਮੈਨੂੰ ਸ਼ਕਤੀਮਾਨ ਵਾਂਗੂ ਉੜਨਾ ਆਉਂਦਾ। ਸਾਰੇ ਜਵਾਕ ਇਹ ਗੱਲ ਸੁਣਕੇ ਆਪਣਾ ਆਪਣਾ ਪੱਖ ਰੱਖਣ ਲੱਗ ਪਏ। ਅੱਧੇ ਕ ਤਾਂ ਜਿਵੇਂ ਜਵਾਕ ਕਰਦੇ ਈ ਹੁੰਦੇ ਨੇ ਕਿ ਲੈ ਲੈ ਐਵੇਂ ਗੱਪ ਨਾ ਰੋੜਿਆਂ ਕਰ ਉਂਈ ਛੱਡੀ ਜਾਂਦਾ ਤੇ ਕੁੱਝ ਕ ਉਹਦਾ ਹੌਂਸਲਾ ਵਧਾ ਰਹੇ ਸੀ । ਕੁੱਝ ਕ ਵਿੱਚ ਇਹਦਾ ਦੇ ਸੀ ਜੋ ਸਿਰਫ ਸਵਾਦ ਲੈਂਦੇ ਪਏ ਸੀ ਤੇ ਮੀਸਣੀ ਜਿਹੀ ਹਾਸੀ ਵੀ ਹੱਸੀ ਜਾਂਦੇ ਸੀ। ਚਲੋ ਚੁੱਕ ਚਕਾਕੇ ਸਾਰਿਆ ਨੇ ਪਿੰਦਰ ਨੂੰ ਰੋੜਿਆਂ ਦੀ ਗਿਆਰਾਂ – ਬਾਰਾਂ ਫੁੱਟ ਉੱਚੀ ਕੰਧ ਤੇ ਚੜ੍ਹਾ ਤਾ। ਉਹ ਕੰਧ ਬਹੁਤ ਹੀ ਘੱਟ ਚੋੜੀ ਸੀ ਜਿੰਨੀ ਆਮ ਹੁੰਦੀ ਹੀ ਆ। ਪਿੰਦਰ ਸ਼ਕਤੀਮਾਨ ਵਾਂਗੂ ਉਂਗਲ ਉੱਪਰ ਨੂੰ ਕਰਕੇ ਘੁੰਮਕੇ ਉੱਡਣ ਹੀ ਲੱਗਾ ਸੀ ਕਿ ਪੈਰ ਤੇ ਪੈਰ ਆਉਣ ਕਰਕੇ ਬਲੈਸ ਵਿਗੜ ਗਿਆ ਤੇ ਸੱਜੇ ਹੱਥ ਦੀ ਉਂਗਲ ਉੱਪਰ ਨੂੰ ਚੱਕੀ ਸੀ ਤੇ ਜਦੋਂ ਥੱਲੇ ਡਿੱਗਿਆ ਓਸੇ ਹੱਥ ਦੇ ਭਾਰ ਡਿੱਗਿਆ । ਅਸੀਂ ਘਬਰਾ ਗਏ ਕਿ ਆ ਕੀ ਹੋ ਗਿਆ ਪਰ ਪਿੰਦਰ ਚੁੱਪ ਚਾਪ ਪਿਆ ਸੀ ਉਹਨੂੰ ਸੀ ਕਿ ਜੇ ਮੈਂ ਰੋ ਪਿਆ ਤਾਂ ਸਾਰੀ ਇੱਜ਼ਤ ਦਾ ਘਾਲਾ – ਮਾਲਾ ਹੋ ਜਾਉ। ਉਹਦੇ ਮੂੰਹ ਤੇ ਕੋਈ ਹਾਵ ਭਾਵ ਨਹੀਂ ਸੀ। ਅਸੀਂ ਸੋਚਿਆ ਸ਼ਾਇਦ ਠੀਕ ਹੈ ਉਹ। ਪਰ ਜਿਆਦਾ ਚਿਰ ਪਿੜ ਨੂੰ ਲੁਕਾ ਨਾ ਪਾਇਆ ਤੇ ਉੱਚੀ ਉੱਚੀ ਰੋਣ ਲੱਗ ਪਿਆ । ਹਾਏ ਮਮੀਏ ਮਮੀਏ ਟੁੱਟ ਗਈ ਉ ਹਾਏ ਮਮੀ ਟੁੱਟ ਗਈ । ਅੱਧੇ ਕ ਤਾਂ ਘਬਰਾਕੇ ਭੱਜ ਖੜੇ ਹੋਏ ਪਰ ਮੇਰਾ ਪਿੰਦਰ ਪੱਕਾ ਆੜੀ ਸੀ ਮੈਂ ਭੱਜਕੇ ਗਿਆ ਤਾਏ ਮਾਸਟਰ ਨੂੰ ਬੁਲਾ ਲਿਆਇਆ ਤੇ ਸਾਰੀ ਗੱਲ ਦੱਸੀ । ਤਾਇਆ ਵੀ ਭੱਜਿਆ ਆਇਆ ਗਾਲਾ ਕੱਡਦਾ ਹੋਇਆ। ਤਾਏ ਦਾ ਦਿਲ ਤਾਂ ਸੀ ਕੇ ਪਿੰਦਰ ਦੇ ਦੋ ਮਾਰੇ ਬੂਥੇ ਤੇ ਪਰ ਕਾਬੂ ਕਰ ਗਿਆ ਤਾਇਆ ਖੁਦ ਤੇ। ਚਲੋ ਫੇਰ ਡਾਕਟਰ ਕੋਲੇ ਗਏ ਬਾਂਹ ਟੁੱਟ ਗਈ ਸੀ ਪਲੱਸਤਰ ਲਵਾਇਆ ਘਰੇ ਆ ਗਏ । ਇੱਕ ਦੋ ਦਿਨ ਛੋਰ ਨੇ ਰੇਸਟ ਮਾਰਿਆ ਆ ਗਿਆ ਫੇਰ ਗ੍ਰਾਊਂਡੇ । ਹੁਣ ਬਾਕੀ ਦੇ ਜਵਾਕ ਮਖੌਲ ਕਰਨ ਕਿ ਆ ਗਿਆ ਬਾਈ ਓਏ ਆਪਣੇ ਪਿੰਡ ਵਾਲਾ ਸ਼ਕਤੀਮਾਨ। ਅੱਗੋਂ ਛੋਰ ਕਿਹੜਾ ਦੱਬਦਾ ਕਹਿੰਦਾ ਉੱਡ ਤਾਂ ਮੈਂ ਪੈਣਾਂ ਸੀ ਬੱਸ ਉਂਗਲੀ ਥੋੜੀ ਜਿਹੀ ਗਲਤ ਰੱਖੀ ਗਈ ਥੋੜੀ ਜਈ ਸੱਜੇ ਨੂੰ ਰੱਖਣੀ ਸੀ ਮੇਰੇ ਤੋਂ ਖੱਬੇ ਨੂੰ ਰੱਖੀ ਗਈ। ਕੋਈ ਨਾ ਠੀਕ ਹੋ ਲੈਣਦੇ ਬਾਂਹ ਕਿਹੜਾ ਸਦਾ ਬਝੀ ਰਹਿਣੀਆ ਫੇਰ ਉੱਡਕੇ ਦਿਖਾਉ ।
ਦੀਪ ਕੰਗ
ਕਦੇ ਕਦੇ ਇਹਦਾ ਵੀ ਹੋ ਜਾਂਦੀਆ
ਅੱਜ ਤੋਂ ਛੇ – ਸੱਤ ਸਾਲ ਪਹਿਲਾ ਦੀ ਗੱਲ ਹੈ ਕਿ ਸਾਡੇ ਗੁਆਂਢੀ ਤਾਏ ਧੀਰੇ ਹੋਣਾ ਨੇ ਇੱਕ ਬਾਂਦਰੀ ਲਿਆਂਦੀ ਤੇ ਉਹਨੂੰ ਉਹ ਆਪਣੀ ਹਵੇਲੀ ਦੇ ਦਰਵਾਜੇ ਨਾਲ ਬਨੰਕੇ ਰੱਖਦੇ ਸੀ। ਕੁਝ ਕ ਦਿਨ ਤਾਂ ਪਿੰਡ ਦੇ ਜਵਾਕਾਂ ਚ ਉਤਸਾਹ ਜੇਹਾ ਰਿਹਾ ਤੇ ਉਹ ਰੋਜ਼ ਛੇੜਖਾਨੀਆਂ ਕਰਨ ਪਹੁੰਚ ਜਾਂਦੇ। ਤਾਏ ਹੋਣਾ ਵੀ ਕੁੱਝ ਨਾ ਕਹਿਣਾ ਇਹ ਸੋਚ ਕੇ ਕਿ ਚੱਲ ਜਵਾਕ ਨੇ। ਕੁੱਝ ਦਿਨ ਬਾਅਦ ਸਕੂਲਾਂ ਚ ਛੁੱਟੀਆਂ ਪੈ ਗਈਆਂ ਤੇ ਮੇਰੇ ਭੂਆ ਜੀ ਹੋਣੀ ਵੀ ਆ ਗਏ। ਭੂਆ ਜੀ ਦਾ ਮੁੰਡਾ ਮੇਰੇ ਤੋ ਬਹੁਤ ਛੋਟਾ ਉਮਰ ਵਿੱਚ। ਹੁਣ ਭੂਆ ਦੇ ਮੁੰਡੇ ਨੂੰ ਜਦੋਂ ਪਤਾ ਲੱਗਾ ਕਿ ਗਵਾਂਢੀਆਂ ਨੇ ਬਾਂਦਰੀ ਲਿਆਂਦੀ ਹੈ ਤੇ ਉਹ ਖਹਿੜੇ ਪੈ ਗਿਆ ਕਿ ਮੈਂ ਬਾਂਦਰੀ ਵੇਖਣੀਆ। ਘਰਦੇ ਕਹਿੰਦੇ ਭਾਈ ਜਾ ਦਿਖਾ ਲਿਆ ਪਰ ਜਿਆਦਾ ਨੇੜੇ ਨਾ ਹੋਇਓ ਇਹ ਬਾਂਦਰ ਵਿੱਚ ਬਹੁਤ ਹੱਥ ਚਲਾਕੀ ਹੁੰਦੀਏ ਮੈਂ ਕਿਹਾ ਠੀਕ ਹੈ ਜੀ। ਇਹਨਾਂ ਕਹਿ ਕੇ ਮੈ ਜਵਾਕ ਨੂੰ ਬਾਂਦਰੀ ਦਿਖਾਉਣ ਚਲੇ ਗਿਆ। ਬਾਂਦਰੀ ਬਹੁਤ ਹੀ ਭੋਲੀ ਭਾਲੀ ਤੇ ਮਾਸੂਮ ਬਣੀ ਦੇਖ ਰਹੀ ਸੀ। ਭੂਆ ਦਾ ਮੁੰਡਾ ਕਹਿੰਦਾ ਵੀਰੇ ਵਿਚਾਰੀ ਕਿੰਨੀ ਸਾਉ ਜਿਹੀ ਜਾਪਦੀਆ ਮਾਮੀ ਜੀ ਹੋਣੀ ਅੈਵੇ ਕਹੀ ਜਾਂਦੇ ਨੇ ਕਿ ਕੋਲ ਨਾ ਜਾਇਓ। ਕਹਿੰਦਾ ਆਪਾਂ ਇਹਨੂੰ ਕੁਛ ਖਾਣ ਨੂੰ ਦਿੰਨੇਆਂ ਮੈਂ ਵੀ ਉਹਦੀ ਗੱਲ ਮੰਨ ਗਿਆ ਤੇ ਕੋਲ ਹੀ ਕਰਿਆਨੇ ਦੀ ਦੁਕਾਨ ਚ ਗਏ ਜੌ ਸਾਡੇ ਹੀ ਥਾਂ ਵਿੱਚ ਬਣੀ ਹੋਈ ਸੀ ਤੇ ਕਿਰਾਏ ਤੇ ਚਾੜ੍ਹੀ ਹੋਈ ਸੀ। ਸਾਡੇ ਘਰ ਦੇ ਜਵਾਕ ਓਥੋਂ ਖਾਣ ਨੂੰ ਚੀਜ਼ਾ ਲੈਂਦੇ ਹੁੰਦੇ ਸੀ ਤੇ ਪੈਸੇ ਲਿਖਵਾ ਆਉਣੇ। ਅਸੀਂ ਓਸ ਦੁਕਾਨ ਤੋਂ ਇੱਕ ਬਿਸਕੁਟਾਂ ਦਾ ਪੈਕਟ ਲਿਆ ਤੇ ਬਾਂਦਰੀ ਨੂੰ ਖਵਾਉਣ ਲਈ ਚਲੇ ਗਏ। ਜਵਾਕ ਕਹਿੰਦਾ ਕਿ ਵੀਰੇ ਤੂੰ ਖਵਾ ਮੈਨੂੰ ਡਰ ਲੱਗਦਾ। ਮੈਂ ਆਪਣੇ ਹੱਥ ਤੇ ਸਾਰੇ ਬਿਸਕੁੱਟ ਰੱਖਕੇ ਉਹਦੇ ਅੱਗੇ ਕਰ ਤੇ ਉਹਨੇ ਵੀ ਬੜੇ ਪਿਆਰ ਨਾਲ ਖਾਣੇ ਸ਼ੁਰੂ ਕਰਤੇ ਸਾਰੇ ਇੱਕ ਇੱਕ ਖਾਕੇ ਜਦੋਂ ਆਖਰੀ ਰਹਿ ਗਿਆ ਉਹਨੇ ਖੱਬੇ ਹੱਥ ਨਾਲ ਬਿਸਕੁਟ ਚੱਕਿਆ ਤੇ ਸੱਜੇ ਨਾਲ ਮੇਰੇ ਥੱਪੜ ਕੱਢ ਮਾਰਿਆ। ਕੰਨ ਟੂ ਟੂ ਕਰਨ ਲਾਤਾ ਹੁਣ ਨਾ ਮੈਂ ਕੁੱਛ ਕਹਿਣ ਜੋਗਾ ਤੇ ਨਾ ਕਰਨ ਜੋਗਾ। ਜਵਾਕ ਹੌਲੀ ਜਿਹੀ ਮਸ਼ਕਰੀ ਨਾਲ ਕਹਿੰਦਾ ਮਾਮੀ ਜੀ ਠੀਕ ਹੀ ਕਹਿੰਦੇ ਸੀ। ਮੈਂ ਫਿਰ ਉਹਨੂੰ ਕਿਹਾ ਮੇਰਾ ਸੋਹਣਾ ਵੀਰਾ ਆ ਤੂੰ ਘਰੇ ਜਾਕੇ ਦੱਸੀ ਨਾ ਮੇਰੇ ਨਾਲ ਆ ਕੁਛ ਹੋਇਆ। ਓਸ ਦਿਨ ਤੋਂ ਬਾਅਦ ਆਪਾਂ ਨੂੰ ਬਾਂਦਰ ਵੇਖਣ ਦਾ ਸਾਰਾ ਚਾ ਹੀ ਮੁੱਕ ਗਿਆ।
ਦੀਪ ਕੰਗ
ਸਾਡੇ ਪਿੰਡ ਦਾ ਬੱਸ ਅੱਡਾ
ਤਾਂ ਮੇਨ ਰੋਡ ਤੇ ਸਥਿਤ ਹੈ ਪਰ ਪਿੰਡ ਮੇਨ ਰੋਡ ਤੋਂ ਥੋੜ੍ਹਾ ਹਟ ਕੇ ਹੈ।ਜਿਸ ਕਰਕੇ ਪਿੰਡ ਦੇ ਅੰਦਰ ਜਾਣ ਲਈ ਲਈ ਲੱਗਪਗ ਇਕ ਡੇਢ ਕਿਲੋਮੀਟਰ ਪੈਦਲ ਚੱਲ ਕੇ ਜਾਣਾ ਪੈਂਦਾ ਹੈ। ਮਈ ਦੀ ਤਿੱਖੀ ਧੁੱਪ ਚ’ ਕਾਲਜ ਤੋ ਘਰ ਆਉਂਦਿਆਂ ਪਿੰਡ ਦੀਆ ਦੋ ਅੱਧਖੜ੍ਹ ਉਮਰ ਦੀਆ ਔਰਤਾਂ ਨੂੰ ਆਪਣੇ ਨਾਲ਼ ਬੱਸ ਵਿੱਚੋ ਉਤਰਦਿਆਂ ਦੇਖ ਮਨ ਨੂੰ ਤਸੱਲੀ ਹੋਈ ਕਿ ਚਲੋ ਇਹਨਾ ਨਾਲ ਗੱਲਬਾਤੀ ਵਾਟ ਛੇਤੀ ਨਿਬੜੇਗੀ।ਮੇਰੇ ‘ਸਤਿ ਸ਼੍ਰੀ ਅਕਾਲ ‘ਦਾ ਜਵਾਬ ਦੇਣ ਉਪਰੰਤ ਓਹ ਔਰਤਾਂ ਆਪਣੀਆ ਹੀ ਗੱਲਾਂ ਮਾਰਦੀਆ ਮੇਰੇ ਅੱਗੇ ਤੁਰ ਰਹੀਆ ਸਨ। ਮੈ ਵੀ ਓਹਨਾ ਦੀਆ ਕੁਝ ਗੱਲਾ ਨੂੰ ਸੁਣਦੀ ਤੇ ਕੁਝ ਗੱਲਾਂ ਨੂੰ ਅਣਸੁਣਿਆ ਕਰਦੀ ਓਹਨਾ ਦੇ ਮਗਰ ਹੀ ਤੁਰੀ ਆ ਰਹੀ ਸੀ।
ਹਲੇ ਥੋੜ੍ਹੀ ਵਾਟ ਹੀ ਤੁਰੀਆ ਸਾਂ ਅਚਾਨਕ ਰਾਹ ਵਿੱਚ ਟਰੈਕਟਰ ਆਉਂਦਾ ਦੇਖ ਓਹਨਾ ਵਿੱਚੋ ਇਕ ਔਰਤ ਨੇ ਨਵੀਂ ਗੱਲ ਸ਼ੁਰੂ ਕੀਤੀ।
” ਇਹ ਸੱਚ ਤੈਨੂੰ ਪਤਾ..ਓਹ ਆਪਣੇ ਪਿੰਡ ਦੀ ਕਰਤਾਰੀ ਦੀ ਪੋਤੀ ਟਰੈਕਟਰ ਚਲਾਦੀ ਆ”
“ਆਹੋ ਭੈਣੇ ਸਾਡੇ ਦੀਸ਼ੇ ਨੇ ਵੀ ਦੇਖੀ ਸੀ ਕੱਲ..ਦੂਜੀ ਔਰਤ ਨੇ ਗੱਲ ਦਾ ਜਵਾਬ ਦਿੰਦਿਆਂ ਕਿਹਾ”
“ਔਹਦੀ ਮਾਂ ਦਾ ਤਾਂ ਡਮਾਕ ਹੀ ਖਰਾਬ ਆ….ਜਬਾਨ ਧੀ ਨੂੰ ਚੁੱਲ੍ਹਾ ਚੌਂਕਾ ਸਿਖਾਉਣ ਦੇ ਵਜਾਏ ਕਿਹੜੇ ਚਾਟੇ ਲਾਂਦੀ ਆ ਭਲਾ ਇਹ ਟਰੈਕਟਰ ਟਰੁਕਟਰ ਵੀ ਕੁੜੀਆ ਚਿੜੀਆਂ ਦੇ ਬਸ ਦੀ ਗੱਲ ਆ..ਰਾਮ ਨਾਲ ਚੰਗਾ ਰਿਸ਼ਤਾ ਦੇਖ ਹੱਥ ਪੀਲੇ ਕਰੇ ਔਹਦੇ”
“ਆਦਮੀ ਤਾਂ ਔਹਦਾ ਬਾਹਰਲੇ ਮੁਲਖ ਆ ਦਾਦੇਮਾਗਾਉਣਾ ਵੀਹਾਂ ਸਾਲਾਂ ਤੋਂ.. ਤੀਮੀ ਲੋਕਾ ਤੋ ਕੇਹੰਦੀੰ ਫਿਰਦੀ ਆ ਮੇਰੀਆ ਧੀਆਂ ਮੇਰੇ ਪੁੱਤ ਹੀ ਆ”
“ਲੈ ਦੱਸ… ਭਲਾ ਅੰਬਾ ਦੀ ਭੁੱਖ ਵੀ ਕਦੇ ਅੰਬਾਖੜੀਆ ਨਾਲ ਪੂਰੀ ਹੋਈ ਆ”
“ਹੈਥੇ ਟਰੈਕਟਰ ਚਲਾਂਦੀ ਜਦੋਂ ਸੱਟ ਚੋਟ ਖਾਊ ਫੇਰ ਪਤਾ ਲੱਗੂ” ਇੰਨੀ ਗੱਲ ਕਹਿਣ ਤੇ ਓਹ ਦੋਵੇਂ ਔਰਤਾਂ ਹੱਸਣ ਲੈੱਗੀਆ”
ਓਹਨਾ ਦੋਵਾਂ ਔਰਤਾਂ ਦੀ ਗੱਲ ਸੁਣ ਮਨ ਨੂੰ ਥੋੜ੍ਹਾ ਧੱਕਾ ਲੱਗਿਆ ਕਿ ਦਿਲ ਕਰੇ ਇਹਨਾ ਨੂੰ ਦੱਸਾ ਕਿ ਆਂਟੀ ਤੁਹਾਨੂੰ ਪਤਾ ਵੀ ਹੈ ਕਿ ਅੱਜ ਸਭ ਤੋਂ ਜਿਆਦਾ ਪਾਇਲਟ ਕੁੜੀਆ ਆਪਣੇ ਦੇਸ਼ ਦੀਆ ਹਨ। ਜੇਕਰ ਕੋਈ ਕੁੜੀ ਖੇਤੀਬਾੜੀ ਦਾ ਕੰਮ ਕਰਕੇ ਆਪਣੇ ਮਾ ਬਾਪ ਦਾ ਵਟਾਉਣਾ ਚਾਹੁੰਦੀ ਹੈ ਤਾਂ ਇਹਦੇ ਚ ਗਲਤ ਵੀ ਕੀ ਹੈ..?ਪਰ ਮੈਨੂੰ ਓਹਨਾ ਦੇ ਆਪਣੇ ਤੋ ਉਮਰ ਵਡੇਰੀ ਕਰਕੇ ਉਲਝਣਾਂ ਠੀਕ ਨਹੀਂ ਲੱਗਿਆ ।
ਪਰ ਦੁੱਖ ਹੁੰਦਾ ਹੈ ਕਿ ਅੱਜ 21 ਸਦੀ ਵਿੱਚ ਵੀ ਲੋਕ ਨੂੰ ਮੁੰਡਿਆ ਦੇ ਬਰਾਬਰ ਦਰਜ਼ਾ ਦੇਣ ਤੋ ਗੁਰੇਜ਼ ਕਰਦੇ ਹਨ। ਜਦ ਤਕ ਸਾਡੇ ਸਮਾਜ ਵਿੱਚ ਔਰਤਾਂ ਹੀ ਅਜਿਹੀ ਸੋਚ ਰੱਖਣਗੀਆਂ ਤਦ ਤੱਕ ਸਮਾਜ ਔਰਤਾਂ ਨੂੰ ਮਰਦਾਂ ਨਾਲੋਂ ਛੋਟੀ ਤੇ ਕਮਜ਼ੋਰ ਹੀ ਸਮਝੇਗਾ।
ਇਸ ਲਈ ਸਾਡੇ ਸਮਾਜ ਵਿਚੋਂ ਇਹ ਵਹਿਮ ਦੂਰ ਕਰਨਾ ਬਹੁਤ ਹੀ ਜਰੂਰੀ ਹੈ, ਕਿ ਜੋ ਕੰਮ ਸਿਰਫ਼ ਮਰਦਾ ਦੇ ਹਨ ਓਹ ਸਿਰਫ ਮਰਦ ਹੀ ਕਰ ਸਕਦੇ ਹਨ, ਔਰਤਾਂ ਦਾ ਕੰਮ ਸਿਰਫ ਚੁਲ੍ਹਾ ਚੋਕਾਂ ਜਾ ਬੱਚੇ ਸੰਭਾਲਣਾ ਹੀ ਨਹੀਂ ਹੁੰਦਾ।
ਦੋਵੇਂ ਔਰਤਾਂ ਮੇਰੇ ਤੋਂ ਅੱਗੇ ਕੋਈ ਨਾ ਕੋਈ ਨਵੀ ਗੱਲ ਸ਼ੁਰੂ ਤੇ ਪੁਰਾਣੀ ਗੱਲ ਖਤਮ ਕਰਦੀਆ ਆਪਣੇ ਆਪਣੇ ਘਰੀ ਜਾ ਵੜੀਆਂ,ਮੈ ਵੀ ਓਹਨਾ ਦੀ ਇਸ ‘ਛੋਟੀ ਸੋਚ ‘ ਤੇ ਵਿਚਾਰ ਕਰਦੀ ਕਦੋਂ ਘਰ ਆ ਪਹੁੰਚੀ ਕੁਝ ਪਤਾ ਹੀ ਨਾ ਲੱਗਾ।
✍️ਪ੍ਰੀਤ