ਪੁੱਤ – ਕਪੁੱਤ

by admin

ਦਸ ਕੁ ਸਾਲ ਦੀ ਉਮਰ ਦਾ ਹੋਣਾ ਰਾਜਵੀਰ ।ਇੱਕ ਹੱਥ ਵਿੱਚ ਟਰਾਫ਼ੀ ਫੜੀ ਅਤੇ ਦੂਜੇ ਹੱਥ ਵਿੱਚ ਸਕੂਲ ਵਾਲਾ ਬੈਗ ਸੰਭਾਲਦਾ ,ਉੱਚੀ ਉੱਚੀ ਰੌਲ਼ਾ ਪਾਉੰਦਾ ਵੈਨ ‘ਚੋਂ ਉੱਤਰਿਆ..” ਪਾਪਾ !ਮੰਮੀ! ਕਿੱਥੇ ਹੋ?ਦੇਖੋ ਮੈਂ ਫ਼ਸਟ ਆਇਆ ।”
ਉਸ ਦੀ ਆਵਾਜ਼ ਸੁਣ ਕੇ ਨੌਕਰਾਣੀ ਲੀਲਾ ਉਸ ਨੂੰ ਘਰ ਦੇ ਅੰਦਰ ਲੈ ਗਈ।
“ਆਂਟੀ ! ਮੰਮੀ ਪਾਪਾ ਕਿੱਥੇ ਨੇ?”
” ਉਹ ਤਾਂ ਕਿਸੇ ਪਾਰਟੀ ਤੇ ਗਏ ਨੇ ।ਚੱਲ ਬੇਟਾ ਕੱਪੜੇ ਬਦਲ ।ਫ਼ੇਰ ਮੈਂ ਤੈਨੂੰ ਖਾਣਾ ਖਵਾ ਦੇਵਾਂ।”
ਰਾਜਵੀਰ ਨੇ ਮਸੋਸੇ ਜਿਹੇ ਮਨ ਨਾਲ ਕੱਪੜੇ ਬਦਲੇ ਤੇ ਟੀਵੀ ਮੂਹਰੇ ਬੈਠ ਕੇ ਖਾਣਾ ਖਾਣ ਲੱਗਾ ।
ਇਹ ਕਿਹੜਾ ਪਹਿਲੀ ਵਾਰ ਹੋਇਆ ਸੀ ਅਕਸਰ ਹੀ ਮੰਮੀ ਪਾਪਾ ਕਦੇ ਬਿਜ਼ਨਸ ਦੇ ਕੰਮਾਂ ਵਿੱਚ ਤੇ ਕਦੇ ਪਾਰਟੀ ਵਿੱਚ ਹੁੰਦੇ ਸੀ। ਹੌਲ਼ੀ ਹੌਲ਼ੀ ਉਸ ਨੂੰ ਇਹ ਸਭ ਦੀ ਆਦਤ ਹੋ ਗਈ ।ਵਕਤ ਬੀਤਦਾ ਗਿਆ।

ਰਾਜਵੀਰ ਦੇ ਮੰਮੀ ਪਾਪਾ ਦੀ ਉਮਰ ਹੁਣ ਸੱਠ ਸਾਲ ਤੋਂ ਉੱਤੇ ਹੋ ਗਈ ਸੀ। ਰਾਜਵੀਰ ਵੀ ਹੁਣ ਪੜ੍ਹ ਲਿਖ ਕੇ ਚੰਗੀ ਨੌਕਰੀ ਲੱਗ ਗਿਆ ਸੀ। ਉਸ ਦਾ ਵਿਆਹ ਹੋਇਆ ਤੇ ਹੁਣ ਓਹ ਇੱਕ ਪਿਆਰੀ ਜਿਹੀ ਬੱਚੀ ਦਾ ਪਿਤਾ ਵੀ ਸੀ।
ਅੱਜ ਰਾਜਵੀਰ ਤੇ ਉਸਦੀ ਪਤਨੀ ਤਿਆਰ ਹੋ ਕੇ ਕਿਧਰੇ ਜਾਣ ਲੱਗੇ ।
“ਕਿੱਥੇ ਚੱਲਿਆਂ ਬੇਟਾ ?ਅੱਜ ਤਾਂ ਛੁੱਟੀ ਹੈ ਤੁਹਾਨੂੰ ।”
“ਪਾਪਾ !ਅਸੀਂ ਕਿਸੇ ਦੋਸਤ ਦੇ ਘਰ ਪਾਰਟੀ ਤੇ ਚੱਲੇ ਹਾਂ। ਲੀਲਾ ਆਂਟੀ !ਮੰਮੀ ਪਾਪਾ ਨੂੰ ਖਾਣਾ ਸਮੇਂ ਸਿਰ ਬਣਾ ਦਿਓ ।”ਇਹ ਕਹਿ ਕੇ ਉਨ੍ਹਾਂ ਨੇ ਕਾਰ ਸਟਾਰਟ ਕੀਤੀ ਅਤੇ ਚਲੇ ਗਏ।
“ਅੱਜ ਤਾਂ ਸੋਚਿਆ ਸੀ ਕਿ ਇਨ੍ਹਾਂ ਨੂੰ ਛੁੱਟੀ ਹੈ। ਚੱਲ ਕੋਈ ਦਸ ਮਿੰਟ ਆਪਣੇ ਕੋਲ ਵੀ ਬੈਠਣਗੇ। ਪਰ ਕੌਣ ਪਰਵਾਹ ਕਰਦਾ ਬਜ਼ੁਰਗਾਂ ਦੀ..” ਰਾਜਵੀਰ ਦੇ ਪਾਪਾ ਉਦਾਸ ਜਹੇ ਹੋ ਕੇ ਬੋਲੇ ।
“ਹਾਂ ਹੁਣ ਇਹਨਾਂ ਦੀ ਆਪਣੀ ਜ਼ਿੰਦਗੀ ਹੈ। ਇਨ੍ਹਾਂ ਕੋਲ ਆਪਣੇ ਲਈ ਸਮਾਂ ਕਿੱਥੇ? ਪਤਾ ਹੀ ਨੀਂ ਲਗਦਾ ਕਿ ਕਦੋਂ ਪੁੱਤ ,ਕਪੁੱਤ ਹੋ ਜਾਂਦੇ !” ਰਾਜਵੀਰ ਦੀ ਮਾਂ ਵੀ ਆਪਣੇ ਆਪ ਨੂੰ ਨਿਰਾਸ਼ ਜਿਹਾ ਮਹਿਸੂਸ ਕਰ ਰਹੀ ਸੀ ।
ਉਨ੍ਹਾਂ ਦੇ ਨੌਕਰਾਣੀ ਲੀਲਾ ਜੋ ਇਹ ਸਭ ਦੇਖ ਰਹੀ ਸੀ ਬੋਲੀ “ਮਾਲਕ ਛੋਟਾ ਮੂੰਹ ਤੇ ਵੱਡੀ ਗੱਲ ! ਜੇ ਗੁੱਸਾ ਨਾ ਕਰੋ ਤਾਂ ਇੱਕ ਗੱਲ ਕਹਾਂ ?”
“ਹਾਂ ਦੱਸ ਲੀਲਾ.. ਗੁੱਸਾ ਕਾਹਦਾ? ਸਾਡੇ ਆਪਣੇ ਤਾਂ ਸਾਡੀ ਬਾਤ ਨਹੀਂ ਪੁੱਛਦੇ ।”
“ਇਹ ਕੱਲੇ ਰਾਜਵੀਰ ਦਾ ਕਸੂਰ ਨਹੀਂ ਸਾਹਬ ਤੇ ਮੈਡਮ ਜੀ !ਇਹਦੇ ਵਿੱਚ ਤੁਹਾਡਾ ਬਰਾਬਰ ਦਾ ਕਸੂਰ ਹੈ?”
” ਸਾਡਾ ਕਸੂਰ?ਉਹ ਕਿਵੇਂ ਲੀਲਾ ?”
“ਰਾਜਵੀਰ ਦੇ ਬਚਪਨ ਤੋਂ ਮੈਂ ਇਸ ਘਰ ਵਿੱਚ ਕੰਮ ਕਰਦੀਆਂ ।ਤੁਸੀਂ ਤਾਂ ਕਦੇ ਉਹਨੂੰ ਪਿਆਰ ਨਾਲ ਬੁਲਾਇਆ ਨਹੀਂ। ਹੁਣ ਉਹ ਤੁਹਾਨੂੰ ਕਿਵੇਂ ਬੁਲਾਵੇ ?”
“ਪਿਆਰ ਨਾਲ ਨਹੀੰ ਬੁਲਾਇਆ? ਲੀਲਾ !ਮੈਂ ਉਹਦੇ ਵਾਸਤੇ ਮਹਿੰਗੇ ਤੋਂ ਮਹਿੰਗੇ ਖਿਡੌਣੇ, ਗੱਡੀਆਂ.. ਜੋ ਮੰਗਦਾ ਸੀ ਉਹੀ ਹਾਜ਼ਰ ਕਰਦਾ ਰਿਹਾ ਤੇ ਤੂੰ ਕਹਿਨੀ ਕਦੇ ਪਿਆਰ ਨਾਲ ਬੁਲਾਇਆ ਹੀ ਨਹੀਂ ।”
” ਮਹਿੰਗੇ ਖਿਡੌਣੇ ,ਗੱਡੀਆਂ ਤੇ ਰੁਪਿਆ ਪੈਸਾ ਪਿਆਰ ਨਹੀਂ ਹੁੰਦਾ ਸਾਹਬ ਜੀ। ਭੋਲ਼ੇ ਭਾਲ਼ੇ ਬੱਚਿਆਂ ਨੂੰ ਮਹਿੰਗੇ ਖਿਡੌਣਿਆਂ ਦੀ ਲੋੜ ਨਹੀਂ ਹੁੰਦੀ ।ਉਨ੍ਹਾਂ ਨੂੰ ਤਾਂ ਤੁਹਾਡੇ ਸਮੇਂ ਦੀ ਲੋੜ ਹੁੰਦੀ ਹੈ ,ਜੋ ਤੁਸੀਂ ਕਦੇ ਦਿੱਤਾ ਈ ਨਹੀੰ ਰਾਜਵੀਰ ਨੂੰ ।”
“ਉਹ ਤਰਸਦਾ ਰਹਿੰਦਾ ਸੀ ਕਿ ਤੁਸੀਂ ਕਦੇ ਉਹਨੂੰ ਵੀ ਗਲਵੱਕੜੀ ਪਾਉਂਗੇ ਪਰ ਤੁਹਾਨੂੰ ਤਾਂ ਆਪਣੇ ਕੰਮਾਂ ਤੋਂ ਹੀ ਵੇਹਲ ਨਹੀਂ ਰਹੀ।ਤੁਸੀਂਂ ਕਦੇ ਪਾਰਟੀਆਂ ਤੇ ਅਤੇ ਕਦੇ ਕੰਮ ਤੇ ।ਮੈ ਤਾਂ ਉਹਨੂੰ ਸਦਾ ਤਰਸਦਾ ਹੀ ਦੇਖਿਆ ਕਿ ਕਦੇ ਮੇਰੇ ਮਾਂ ਬਾਪ ਘਰ ਹੋਣ।ਮੇਰੇ ਨਾਲ਼ ਖੇਡਣ,ਗੱਲਾਂ ਕਰਨ….”
“ਇਹ ਤਾਂ ਅਸੀਂ ਕਦੇ ਸੋਚਿਆ ਹੀ ਨਹੀਂ ਲੀਲਾ !ਪਰ ਕੀ ਕਰੀਏ ਹੁਣ ਤਾਂ ਵੇਲ਼ਾ ਲੰਘ ਗਿਆ ।ਜੋ ਬੀਜਿਆ ਉਹੀ ਵੱਢ ਰਹੇ ਹਾਂ। ਕਿਸੇ ਦਾ ਕੀ ਦੋਸ਼ ।”
“ਵੇਲ਼ਾ ਤਾਂ ਅਜੇ ਹੈਗਾ ਸਾਹਬ ਜੀ ।ਜੇ ਸੰਭਾਲ ਲਵੋ ਤਾਂ ..”
“ਉਹ ਕਿਵੇਂ ਲੀਲਾ?” ਦੋਵੇਂ ਇਕੱਠੇ ਹੀ ਬੋਲੇ ।
“ਹੁਣ ਤੁਹਾਡੇ ਕੋਲ ਸਮਾਂ ਹੀ ਸਮਾਂ ਤੇ ਆਹ ਰਹੀ ਤੁਹਾਡੀ ਨਿੱਕੀ ਜੀ ਪੋਤੀ ‘ਨੀਤੂ’… ਸੰਭਾਲ਼ੋ ਇਹਨੂੰ ।”
“ਤੂੰ ਤਾਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਲੀਲਾ! ਸ਼ਾਇਦ ਹੁਣ ਅਸੀਂ ਆਪਣੇ ਗੁਆਚੇ ਸਮੇਂ ਨੂੰ ਥੋੜ੍ਹਾ ਬਹੁਤ ਤਾਂ ਮੋੜ ਹੀ ਲਿਆਵਾਂਗੇ ।”

ਰਮਨਦੀਪ ਕੌਰ ਵਿਰਕ

You may also like