ਸੱਚ ਬੋਲਣ ਦੀ ਸਜ਼ਾ

by admin

ਗਿਆਰਵੀਂ ਵਿੱਚ ਮੈਨੂੰ ਪੜਨ ਲਾਉਣ ਲਈ ਸਾਡਾ ਪਰਿਵਾਰ ਸ਼ਹਿਰ ਆ ਗਿਆ ।ਕਾਹਲੀ ਵਿੱਚ ਖਰੀਦਿਆ ਘਰ ਛੋਟਾ ਸੀ ,ਇਸ ਲਈ ਸਾਰਾ ਸਮਾਨ ਪਿੰਡ ਹੀ ਪਿਆ ਸੀ, ਬਸ ਲੋੜ ਜੋਗਾ ਸਮਾਨ ਹੀ ਲਿਆਏ ਸੀ । ਕਿਉਂਕਿ ਪਾਪਾ ਦਾ ਵਾਪਸ ਫਿਰ ਪਿੰਡ ਜਾਣ ਦਾ ਵਿਚਾਰ ਸੀ।
ਪਾਪਾ ,ਮੰਮਾ ਅਧਿਆਪਕ ਹੋਣ ਕਾਰਨ ਘਰ ਨੂੰ ਜਿੰਦਰਾ ਰਹਿੰਦਾ ਸੀ ਸੁਭਾ ਤੋਂ ਸ਼ਾਮ ਤੱਕ , ਤੇ ਚੋਰੀ ਹੋਣ ਦੇ ਡਰੋਂ, ਜੇ ਕੋਈ ਘਰ ਦੇ ਸਮਾਨ ਬਾਰੇ ਸ਼ਹਿਰ ਦੇ ਆਂਢੀ ਗੁਆਂਢੀ ਪੁੱਛਦੇ, ਤਾਂ ਮਾਂ ਕਹਿ ਦਿੰਦੀ ਕਿ ਪਿੰਡ ਪਿਆ ਤੇ ਜੇ ਪਿੰਡ ਵਾਲੇ ਪੁੱਛਦੇ ਤਾਂ ਮਾਂ ਕਹਿ ਦਿੰਦੀ ਕਿ ਸਾਰਾ ਸਮਾਨ ਸ਼ਹਿਰ ਲੈ ਗਏ ।
ਜਿਆਦਾ ਤਰ ਔਰਤਾਂ ਨੂੰ ਹੀ ਆਦਤ ਹੁੰਦੀ ਹੈ, ਪੁੱਛ ਗਿੱਛ ਕਰਦੀਆਂ ਨੇ ।
ਕੁਝ ਸਾਲਾਂ ਬਾਅਦ ਸ਼ਹਿਰ ਨਵਾਂ ਘਰ ਬਣਾ ਰਹੇ ਸੀ ।ਨਵੇਂ ਘਰੇ ਪਿੰਡੋਂ ਸਾਰਾ ਸਮਾਨ ਲਿਆਉਣਾ ਸੀ। ਇਕ ਦਿਨ ਕੰਮ ਕਰਦੇ ਮਜ਼ਦੂਰਾਂ ਨੇ ਗੱਲਾਂ ਕਰਦਿਆਂ ਪਾਪਾ ਨੂੰ ਪੁੱਛਿਆ ਕਿ ਮਾਸਟਰ ਜੀ ਸਮਾਨ ਤਾਂ ਸਾਰਾ ਲਿਆਂਦਾ ਹੋਣਾ ਸ਼ਹਿਰ?
ਪਾਪਾ ਕਹਿੰਦੇ, ” ਨਹੀਂ, ਨਹੀਂ ਸਾਡਾ ਤਾਂ ਸਾਰਾ ਸਮਾਨ ਪਿੰਡ ਹੀ ਪਿਆ ਆ,ਹੁਣ ਲਿਆਵਾਂ ਗੇ।”
ਜਿਸ ਦਿਨ ਸਮਾਨ ਲੈਣ ਗਏ, ਮੰਮੀ ਜਿੰਦਰਾ ਖੋਲਣ ਲੱਗੀ ਜਿੰਦਰਾ ਓਵੇਂ ਬੰਦ ਹੀ ਮੰਮੀ ਦੇ ਹੱਥ ਵਿੱਚ ਆ ਗਿਆ। ਮਾਂ ਹੱਕੀ ਬੱਕੀ।
ਫਟਾਫਟ ਰਸੋਈ ਦਾ ਦਰਵਾਜ਼ਾ ਖੋਲ ਅੰਦਰ ਦੇਖਿਆ ਤਾਂ ਰਸੋਈ ਸਾਫ ਕੀਤੀ ਪਈ,ਪਿੱਤਲ ਤੇ ਕਾਂਸੀ ਦੇ ਪੁਰਾਣੇ ਭਾਂਡੇ ਟੀਂਡੇ ਸਭ ਲੈ ਗਏ ।ਰਸੋਈ ਵਿਚਲਾ ਲੌਬੀ ਦਾ ਦਰਵਾਜ਼ਾ ਖੁੱਲਾ ਤੇ ਪੇਟੀ ਵਿਚਲਾ ਸਾਰਾ ਸਮਾਨ ਬਾਹਰ ਸੁੱਟਿਆ ਪਿਆ ।
ਮੰਮੀ ਨੇ ਫੋਨ ਕੀਤਾ ਕਿ ਚੋਰੀ ਹੋ ਗਈ ਘਰੇ। ਮੈਂ ਪਾਪਾ ਨੂੰ ਸਕੂਲ ਫੋਨ ਕੀਤਾ, ਉਹ ਵੀ ਸਿੱਧੇ ਪਿੰਡ ਚਲੇ ਗਏ ਛੁੱਟੀ ਲੈ ।
ਮੰਮੀ ਦੀ ਲੱਕੜ ਦੀ ਅਲਮਾਰੀ ਦਾ ਜਿੰਦਰਾ ਉਹਨਾਂ ਨਹੀਂ ਭੰਨਿਆ ਤੇ ਉਸ ਵਿਚਲਾ ਸਮਾਨ ਬਚ ਗਿਆ ।
ਤਾਏ ਦੇ ਮੁੰਡੇ ਨੇ ਲੌਬੀ ਵਿੱਚ ਚੋਰਾਂ ਦੀਆਂ ਪੈੜਾਂ ਪਛਾਣ ਲਈਆਂ, ਉਹ ਆਖੇ ਪੁਲਿਸ ਕੋਲ ਰਪਟ ਲਿਖਾਈਏ।
ਮੰਮੀ ਕਹਿੰਦੀ, ” ਰਪਟ ਕੀਹਦੇ ਤੇ ਲਿਖਾਈਏ ,ਚੋਰੀ ਤਾਂ ਘਰ ਦੇ ਬੰਦੇ ਨੇ ਕਰਾਈ ਆ? ਮੈਂ ਦਸ ਸਾਲ ਬਚਾਈ ਰੱਖਿਆ ਸਮਾਨ ਕਿਸੇ ਨੂੰ ਕੁੱਝ ਕਹਿ ਤੇ ਕਿਸੇ ਨੂੰ ਕੁੱਝ । ਮਿੰਟਾਂ ਵਿੱਚ ਹੀ ਸਾਰੀ ਮਿਹਨਤ ਤੇ ਪਾਣੀ ਫੇਰ ਤਾ।”

ਕਿਰਨ ਪੂਨੀਆ ਬਰਾੜ

You may also like