ਐਤਵਾਰ ਦੇ ਦਿਨ ਕੇਸੀ ਇਸ਼ਨਾਨ ਕਰਕੇ ਮੈਂ ਬਾਹਰ ਆ ਬੈਠਾ । ਧੁੱਪ ਕਈ ਦਿਨਾਂ ਬਾਅਦ ਨਿੱਕਲੀ ਸੀ । ਸਰਦੀ ਦੇ ਦਿਨਾਂ ਵਿੱਚ ਮੇਰੇ ਲਈ ਪੋਹ ਦੇ ਮਹੀਨੇ ਵਿੱਚ ਇਹ ਧੁੱਪ ਵਾਲਾ ਦਿਨ ਨਿਆਮਤ ਵਾਂਗ ਸੀ । ਮੈਂ ਬਾਹਰ ਵਿਹੜੇ ਵਿੱਚ ਅਖਬਾਰ ਲੈ ਕੇ ਹਾਲੇ ਮੋਟੀ ਮੋਟੀ ਸੁਰਖੀ ਹੀ ਦੇਖ ਰਿਹਾ ਸੀ । ਮੇਨ ਗੇਟ ਖੜਕਿਆ ਤਾ ਮੈਂ ਉਥੋਂ ਹੀ ਆਵਾਜ ਦਿੱਤੀ, “ਖੁੱਲਾ ਹੀ ਹੈ ਲੰਘ ਆੳ ਜੀ।”ਦਰਵਾਜੇ ਹੇਠਲੀ ਗੱਰਿਲ ਵਿੱਚ ਇੱਕ ਜੋੜੀ ਪੈਰ ਦੇਸੀ ਜੁੱਤੀ ਪਾਈ ਦਿਖੇ, ਮੈਂ ਸੋਚਿਆ ਕੋਈ ਪਿੰਡੋਂ ਮਿਲਣ ਆ ਗਿਆ ਹੋਵੇਗਾ ।
ਮਲਕੜੇ ਜਿਹੇ ਦਰਵਾਜਾ ਖੁੱਲਿਆ ਤੇ ਸਾਹਮਣੇ ਘਸੀ ਜਿਹੀ ਲੋਈ ਦੀ ਬੁੱਕਲ ਮਾਰੀ ਇੱਕ ਬਜੁਰਗ ਖੜਾ ਸੀ । ਉੱਚਾ ਲੰਮਾ ਪ੍ਰੰਤੂ ਥੌੜਾ ਝੁਕਿਆ ਹੋਇਆ । ਤੇੜ ਚਾਦਰਾ ਕੁੜਤਾ ਤੇ ਹੱਥ ਵਿੱਚ ਖਾਲੀ ਬੋਤਲ। ਮੈਂ ਉਹਦੇ ਵੱਲ ਸਵਾਲਿਆ ਨਜਰਾਂ ਨਾਲ ਦੇਖਿਆ । ਉਹਨੇ ਚਿਹਰੇ ਤੇ ਲੋਹੜੇ ਦੀ ਬੇਚਾਰਗੀ ਪ੍ਰਗਟ ਕਰਦੇ ਹੋਏ ਕਿਹਾ, “ਸਰਦਾਰਾ, ਕੁੜੀ ਦੇ ਬੱਚਾ ਹੋਇਆ, ਦੁੱਧ ਦੀ ਘੁੱਟ ਦੇ ਦੇਵੇਂ ਤਾਂ ਉਹਨੂੰ ਚਾਹ ਕਰਕੇ ਪਿਆ ਦੇਵਾਂ।” ਉਹ ਓਪਰੀ ਪੰਜਾਬੀ ਵਿੱਚ ਬੋਲਿਆ । ਮੈਨੂੰ ਲੱਗਿਆ ਕਿ ਉਹ ਰਾਜਸਥਾਨ ਦਾ ਰਹਿਣ ਵਾਲਾ ਹੈ । ਅਕਸਰ ਮੰਗਣ ਵਾਲਿਆ ਨੂੰ ਮੈਂ ਕੰਮ ਕਰਨ ਦੇ ਪ੍ਰਵਚਨ ਦੇ ਕੇ ਤੋਰ ਦਿੰਦਾ ਸੀ । ਪਰ ਉਹ ਮੈਲੇ ਸਫੇਦ ਕੱਪੜਿਆਂ ਵਿੱਚ ਮੰਗਣ ਵਾਲਾ ਨਾ ਲੱਗ ਕੇ ਲੋੜਵਦ ਲੱਗਿਆ । ਮੈਂ ਅੰਦਰੋਂ ਆਵਾਜ ਮਾਰ ਕੇ ਬੇਟੇ ਨੂੰ ਬੁਲਾਇਆ ਤੇ ਕਿਹਾ, “ਪ੍ਰਭ ਦੇਖ ਜੇ ਦੁੱਧ ਪਿਆ ਤੇ ਲਿਆ ਕੇ ਦੇ ਬਾਬੇ ਨੂੰ।” ਉਹਨੇ ਬੋਤਲ ਬੇਟੇ ਨੂੰ ਫੜਾ ਦਿੱਤੀ ।ਤੇ ਉਹ ਬੋਲਿਆ, “ਸਰਦਾਰਾ ਪੰਜਾਬ ਵਿੱਚ ਕੋਈ ਭੁੱਖਾ ਨਹੀ ਮਰ ਸਕਦਾ।” ਉਸਦੀ ਗੱਲ ਦਾ ਮੈਂ ਉਤਰ ਮੋੜਿਆ,”ਉਹ ਭਾਈ ਇਹ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਇਥੇ ਉੱਹਨਾਂ ਦਾ ਅਸ਼ੀਰਵਾਦ ਹੈ।” ਮੇਰਾ ਜਵਾਬ ਸੁਣ ਕੇ ਉਹ ਭੂੰਜੇ ਹੀ ਪੈਰਾਂ ਭਾਰ ਆ ਬੈਠਾ।ਮੈਂ ਉਸ ਨੂੰ ਖਾਲੀ ਪਈ ਕੁਰਸੀ ਤੇ ਬੈਠਣ ਲਈ ਕਿਹਾ।ਪਰ ਉਸਨੇ ਨਾਹ ਵਿਚ ਸਿਰ ਹਿਲਾ ਦਿੱਤਾ।
ਉਸ ਨੇ ਆਪ ਮੁਹਾਰੇ ਹੀ ਆਪਣੀ ਗਾਥਾ ਬਿਆਨ ਕਰਨੀ ਸ਼ੁਰੂ ਕਰ ਦਿੱਤੀ ‘” ਸਰਦਾਰ ਜੀ ਮੇਰੀ ਵੀ ਬੀਕਾਨੇਰ ਇਲਾਕੇ ਵਿੱਚ 100 ਬੀਘੇ ਜਮੀਨ ਹੈ । ਪਰ ਮਾਰੂ ਹੈ । ਜੇ ਮੀਂਹ ਪੈ ਜਾਵੇ ਤਾਂ ਫਸਲ ਹੋ ਜਾਂਦੀ ਹੈ ਨਹੀ ਤਾਂ ਰੱਬ ਰਾਖਾ।” ਉਸਨੇ ਹਉਕਾ ਲੈ ਕੇ ਕਿਹਾ ,ਉਹ ਆਪਣੇ ਭਲੇ ਵੇਲਿਆਂ ਨੂੰ ਯਾਦ ਕਰ ਰਿਹਾ ਸੀ। ਮੇਰੀ ਉਸ ਵਿੱਚ ਦਿਲਚਸਪੀ ਜਾਗ ਚੁੱਕੀ ਸੀ । ਮੈਂ ਕਿਹਾ, “ਫੇਰ ਬਾਬਾ ਗੁਜਾਰਾ ਕਿਵੇਂ ਚਲਦਾ।” ਉਸਨੇ ਕਿਹਾ, “ਸਰਦਾਰਾ ਪਹਿਲਾਂ ਸਾਰਾ ਟੱਬਰ ਇਕੱਠਾ ਸੀ । ਸੜਕਾ ਤੇ ਕੰਮ ਕਰਦੇ ਸੀ ਚੰਗੀ ਦਿਹਾੜੀ ਮਿਲ ਜਾਂਦੀ ਸੀ । ਪਰ ਪਿਛਲੇ ਕਈ ਸਾਲਾਂ ਤੋਂ ਸਾਡਾ ਸਾਰਾ ਕੰਮ ਤਾਂ ਮਸ਼ੀਨਾਂ ਨੇ ਖੌਹ ਲਿਆ।”ਉਸਦੀ ਗੱਲ ਸੁਣ ਕੇ ਮੈਂ ਤ੍ਰਬਕ ਕੇ ਉਸ ਵੱਲ ਦੇਖਿਆ , ‘ਉਹ ਕਿਵੇਂ ਬਾਬਾ’ । “ਉਹ ਡਾਹਢੀਦੁੱਖਭਰੀ ਆਵਾਜ਼ ਵਿਚ ਬੋਲਿਆ, “ ਜਦੋਂ ਸੜਕਾ ਦਾ ਕੰਮ ਸ਼ੁਰੂ ਹੁੰਦਾ, ਸਾਰਾ ਟੱਬਰ ਸਰਦੀਆਂ ਵਿੱਚ ਕਦੇ ਪੰਜਾਬ, ਕਦੇ ਹਰਿਆਣਾ ਤੇ ਕਦੇ ਹੋਰ ਦੇਸ ਚਲੇ ਜਾਂਦੇ । ਠੇਕੇਦਾਰ ਸਾਡੀਆਂ ਮਿੰਨਤਾ ਕਰਦੇ ਕਿੳਂਕਿ ਸਾਡਾ ਕਬੀਲਾ ਭਾਰਾ ਸੀ । ਪਰ ਹੁਣ ਤਾਂ ਇੱਕ ਮਸ਼ੀਨ ਹੀ ਕਈ ਸੋ ਬੰਦਿਆ ਦਾ ਕੰਮ ਕਰ ਦਿੰਦੀ ਹੈ ਤੇ ਅਸੀਂ ਸਾਰੇ ਰੋਟੀ ਤੋਂ ਆਹਰੇ ਹੋ ਗਏ ।” ਉਹਨੇ ਲੰਬੀ ਗੱਲ ਕਰਕੇ ਮੇਰੇ ਵੱਲ ਹੁੰਗੂਰੇ ਦੀ ਆਸ ਵਿੱਚ ਦੇਖਿਆ । ਬੇਟਾ ਅੰਦਰੋਂ ਦੁੱਧ ਬੋਤਲ ਵਿੱਚ ਪਾ ਕੇ ਲੈ ਆਇਆ ।
ਮੈਨੂੰ ਉਸ ਬਜੁਰਗ ਤੇ ਡਾਢਾ ਤਰਸ ਆਇਆ । ਮੈਂ ਪੁੱਛਿਆ, “ ਬਾਬਾ ਰੋਟੀ ਛਕਣੀ ਹੈ।” ਇਹ ਸੁਣ ਕੇ ਉਹਦੇ ਮੂੰਹ ਤੇ ਰੋਣਕ ਆ ਗਈ । ਉਹ ਭੂੰਝੇ ਹੀ ਪੈਰਾਂ ਭਾਰ ਤੋਂ ਚੋਕੜੀ ਮਾਰ ਕੇ ਬੈਠਦਾ ਬੋਲਿਆ, “ਸਰਦਾਰਾ ਨਹੀ ਰੀਸਾਂ ਪੰਜਾਬ ਦੀਆਂ ਭਾਵੇਂ ਸਮੇਂ ਬਦਲਗੇ ਪਰ ਫੇਰ ਇੱਥੇ ਭੁੱਖਾ ਕੋਈ ਨਹੀ ਰਹਿੰਦਾ, ਜਰੂਰ ਛਕਾਂਗੇ ਭੋਜਣ ਪਾਣੀ।” ਮੈਂ ਬੇਟੇ ਨੂੰ ਰੋਟੀ ਲਿਆਉਣ ਦਾ ਇਸ਼ਾਰਾ ਕੀਤਾ ਤਾਂ ਉਹ ਸਿਰ ਹਿਲਾ ਕੇ ਅੰਦਰ ਚਲਾ ਗਿਆ । ਬਜੁਰਗ ਦੀ ਗੱਲਬਾਤ ਦੱਸਦੀ ਸੀ ਕਿ ਉਹ ਬਾਹਵਾ ਰੋਣਕੀ ਬੰਦਾ ਹੈ । ਉਹਨੇ ਗੱਲਾਂ ਦੀ ਲੜੀ ਫੇਰ ਛੋਹ ਲਈ “ਸਰਦਾਰਾ ਪਹਿਲਾਂ ਮੈਂ ਘੁੱਲਦਾ ਰਿਹਾ ਮਾਰੂ ਜਮੀਨ ਵਿੱਚ ਜੇ ਸਮਾਂ ਲਗਦਾ ਤਾਂ ਮੈਂ ਸਾਰੇ ਪੈਸਿਆਂ ਦਾ ਘਿਉ ਖਾ ਜਾਂਦਾ । ਮਿਹਰਦੀਨ ਬੀਕਾਨੇਰ ਛਿੰਝ ਤੇ ਆਉਦਾ ਤਾ ਉਹਦੇ ਨਾਲ ਕਈ ਹੋਰ ਭਲਵਾਨ ਆਂਉਦੇ ਤੇ ਅਸੀਂ ਜੋੜ ਕਰਨੇ । ਹੁਣ ਤਾਂ ਅੱਖਾ ਵਿੱਚ ਮੌਤੀਆਂ ਉੱਤਰ ਆਇਆ । ਉਹ ਜਮਾਨੇ ਤਾਂ ਲੱਦ ਗਏ ।”
ਇੰਨੇ ਵਿੱਚ ਬੇਟਾ ਰੋਟੀ ਲੈ ਕੇ ਆ ਗਿਆ । ਉਹ ਸਵਾਦ ਨਾਲ ਪਚਾਕੇ ਮਾਰ ਕੇ ਰੋਟੀ ਖਾਦਾ ਰਿਹਾ ਬੇਟੇ ਨੂੰ ਅਸੀਸਾਂ ਦਿੰਦਾ ਤੇ ਆਪਣੇ ਧੀਆਂ ਪੁੱਤਾਂ ਦੇ ਰੋਜ਼ੀ ਰੋਟੀ ਦੀ ਭਾਲ ਵਿਚ ਅੱਡ ਹੋ ਕੇ ਦੂਰ ਚਲੇ ਜਾਣ ਤੇ ਉਸਨੂੰ ਬੁਢਾਪੇ ਵਿੱਚ ਉਹਨਾਂ ਦਾ ਕੋਲ ਨਾ ਰਹਿਣ ਦਾ ਗਮ ਦਸਦਾ ਰਿਹਾ । ਉਹਨੇ ਦੱਸਿਆ ਕਿ ਥੌੜੇ ਜਿਹੇ ਰੁਪਏ ਬੜੀ ਮੁਸ਼ਕਿਲ ਨਾਲ ਜੋੜੇ ਸੀ । ਪਰ ਨੋਟ ਬੰਦੀ ਨੇ ਉਹ ਵੀ ਰੱਦੀ ਕਾਗਜ ਬਣਾ ਦਿੱਤੇ । ਕਿਉਕਿ ਉਸ ਦਾ ਕਿਸੇ ਬੈਂਕ ਵਿੱਚ ਖਾਤਾ ਨਹੀ ਸੀ । ਰੋਟੀ ਖਾ ਕੇ ਅਰਾਮ ਨਾਲ ਪਾਣੀ ਪੀਤਾ ਤੇ ਬਾਹਰ ਭਾਂਡੇ ਧੋਣ ਚਲਾ ਗਿਆ । ਮੇਰੇ ਰੋਕਣ ਤੇ ਕਿਹਾ, “ ਸਰਦਾਰਾ ਤੁਹਾਡੇ ਲੰਗਰ ਵਿੱਚ ਵੀ ਤਾਂ ਭਾਂਡਿਆਂ ਦੀ ਸੇਵਾ ਸਾਰੇ ਆਪ ਹੀ ਕਰਦੇ ਨੇ।”ਬਾਹਰਲੀ ਟੂਟੀ ਤੋਂ ਭਾਂਡੇ ਧੋ ਕੇ ਜਦੋਂ ਉਹ ਮੁੜਿਆ ਹੀ ਸੀ ਕਿ ਇੰਨੇ ਵਿੱਚ ਮਾਤਾ ਅੰਦਰੋਂ ਬਾਹਰ ਆ ਗਈ । ਬਜੁਰਗ ਨੇ ਜਦੋਂ ਉਸਨੂੰ ਦੇਖਿਆ ਤਾਂ ਉਹ ਕੁਝ ਘਬਰਾ ਜਿਹਾ ਗਿਆ । ਮਾਤਾ ਨੇ ਉਹਦੀ ਸਿਆਣ ਜਿਹੀ ਕੱਢੀ ਤੇ ਫੇਰ ਬੋਲੀ, “ ਵੇ ਭਾਈ ਤੇਰੀ ਕੁੜੀ ਤੇ ਦੋਹਤਾ ਕਿਵੇਂ ਨੇ।” ਉਹ ਚੁੱਪ ਚਾਪ ਨੀਵੀਂ ਪਾਈ ਖੜਾ ਰਿਹਾ । ਤਾਂ ਮਾਤਾ ਨੇ ਦੱਸਣਾ ਸ਼ੁਰੂ ਕਰ ਦਿੱਤਾ , “ ਦੋ ਮਹੀਨੇ ਪਹਿਲਾਂ ਗੁਰਦੁਆਰੇ ਦੇ ਗੇਟ ਤੇ ਮਿਲਿਆ ਸੀ ਇਹ ਭਾਈ ਉਦੌਂ ਇਹਦੀ ਕੁੜੀ ਕੋਲ ਛੋਟਾ ਬੱਚਾ ਸੀ ਤੇ ਮੈਂ ਇਹਨੂੰ ਘਿਉ ਲਈ 300 ਰੁਪਏ ਵੀ ਦਿੱਤੇ ਸੀ । ਅੱਜ ਕਿਵੇਂ ਆਇਆ ਇਹ।” ਚੋਰ ਜਿਵੇਂ ਸੰਨ ਵਿੱਚ ਫੜਿਆ ਜਾਂਦਾ ਇਹੀ ਹਾਲਤ ਉਸ ਬਜੁਰਗ ਦੀ ਸੀ । ਤਾਂ ਬਜੁਰਗ ਨੇ ਡਬਡੁਬਾਦੀਆਂ ਅੱਖਾਂ ਨਾਲ ਸਿਰ ਉੱਪਰ ਚੁੱਕਿਆ ਤੇ ਪਾਟੇ ਬਾਂਸ ਵਰਗੀ ਆਵਾਜ ਉਹਦੇ ਸੰਘੌ ਨਿਕਲੀ, “ਸਰਦਾਰਾ ਸਿਆਣੇ ਕਹਿੰਦੇ ਨੇ ਜੋ ਮੰਗਣ ਗਿਆ ਉਹ ਮਰ ਗਿਆ,ਇਸ ਉਮਰ ਵਿੱਚ ਕੰਮ ਕੋਈ ਕਰ ਨਹੀ ਸਕਦਾ । ਸਹਾਰਾ ਕੋਈ ਹੈ ਨਹੀ ,ਆਹ ਸਮੇਂ ਦੀ ਤਰੱਕੀ ਨੇ ਮਿਹਨਤਕਸ ਤੋਂ ਮੈਨੂੰ ਮਰਿਆ ਬੰਦਾ ਬਣਾ ਦਿੱਤਾ ।”ਉਸ ਨੇ ਲੰਬਾ ਸਾਹ ਲਿਆ ਜਿਵੇ ਕੋਈ ਆਪਣੇ ਆਪ ਨਾਲ ਦਵੰਦ ਯੁੱਧ ਕਰ ਰਿਹਾ ਹੋਵੇ ਤੇ ਫੇਰ ਸਥਿਰ ਹੋ ਕੇ ਬੋਲਿਆ,” ਲੈ ਸੁਣ ਲਓ ਸਰਦਾਰ ਜੀ,ਨਾਂ ਤੇ ਮੇਰੀ ਕੋਈ ਕੁੜੀ ਏ ਤੇ ਨਾਂ ਹੀ ਕੋਈ ਦੋਹਤਾ, ਬੱਸ ਇਹ ਪਖੰਡ ਤਾਂ ਆਪਣੀ ਤੇ ਆਪਣੀ ਘਰਵਾਲੀ ਦੇ ਢਿੱਡ ਦੀ ਅੱਗ ਬੁਝਾਉਣ ਲਈ ਕਰਦਾ ਰਿਹਾ , ਹੋਰ ਮਰਿਆ ਬੰਦਾ ਕੀ ਕਰੇ।” ਇੰਨਾਂ ਕਹਿੰਦਾ ਉਹ ਕਾਹਲੀ ਨਾਲ ਬਾਹਰਲਾ ਦਰਵਾਜਾ ਟੱਪ ਗਿਆ । ਦੁੱਧ ਦੀ ਬੋਤਲ ਪਿੱਛੇ ਹੀ ਪਈ ਰਹਿ ਗਈ।
ਭੁਪਿੰਦਰ ਸਿੰਘ ਮਾਨ
Authors: Others
ਅਸ਼ੌਕੀ ਮਹੰਤ ਦੀ ਦੇਹ ਅਰਥੀ ਤੇ ਪਈ ਸੀ । ਉਡੀਕ ਸੀ ਤਾ ਬੱਸ ਉਸਦੀ ਮੂੰਹ ਬੋਲੀ ਬੇਟੀ ਆਰਤੀ ਦੀ ਜਿਹੜੀ ਲਾਗਲੇ ਸ਼ਹਿਰ ਦੇ ਸਕੂਲ ਵਿੱਚ ਪੜਦੀ ਸੀ।ਸਾਰੇਂ ਉਸਦੀ ਹੀ ਰਾਹ ਦੇਖ ਰਹੇ ਸੀ ਕਿ ਕਦੋਂ ਉਹ ਆਏ ਤੇ ਮਹੰਤ ਦੀ ਮਿੱਟੀ ਸੰਭਾਲੀ ਜਾਵੇ । ਕਿੰਨਰਾਂ ਦੇ ਡੇਰੇ ਵਿੱਚ ਮੌਤ ਤੋਂ ਬਾਅਦ ਰੌਣ ਧੌਣ ਨਹੀਂ ਹੁੰਦਾ, ਕਿੳਂਕਿ ਸਮਝਿਆਂ ਜਾਂਦਾ ਕਿ ਮਰਨ ਵਾਲਾ ਹਿਜੜੇ ਦੀ ਸਰਾਪੀ ਜੂਨੀ ਕੱਟ ਕੇ ਅਗਲੀ ਵਾਰ ਪੂਰਨ ਰੂਪ ਵਿੱਚ ਜਨਮ ਲਵੇਗਾ । ਤਾਂ ਹੀ ਤਾਂ ਮਿਰਤਕ ਕਿੰਨਰ ਦੇ ਸ਼ਮਸ਼ਾਨਘਾਟ ਤੱਕ ਜੁੱਤੀਆਂ ਮਾਰਦੇ ਲੈ ਜਾਣ ਦਾ ਰਸਮ ਨਿਭਾਈ ਜਾਂਦੀ ਹੈ । ਆਰਤੀ ਨੂੰ ਲਿਆਉਣ ਵਾਲੀ ਗੱਡੀ ਆ ਕੇ ਡੇਰੇ ਦੇ ਦਰਵਾਜੇ ਉੱਪਰ ਰੁਕੀ ਤਾਂ ਸਭ ਦੀਆਂ ਨਜਰਾਂ ਦਰਵਾਜੇ ਵੱਲ ਹੋ ਗਈਆਂ । ਆਰਤੀ ਭੱਜ ਕੇ ਆ ਕੇ ਮਹੰਤ ਦੀ ਦੇਹ ਨਾਲ ਆ ਚੁੰਬੜੀ । ਤੇਰਾਂ ਸਾਲ ਦੀ ਆਰਤੀ ਦੀਆਂ ਭੁੱਬਾਂ ਤੇ ਕੀਰਨਿਆਂ ਦੇ ਬੋਲਾਂ ਨੇ ਇਕ ਵਾਰੀ ਤਾਂ ਸਭ ਦੀਆਂ ਅੱਖਾਂ ਵਿੱਚ ਪਾਣੀ ਲਿਆ ਦਿੱਤਾ । ਛੋਟੇ ਮਹੰਤ ਸੰਤੋਸ਼ ਨੇ ਆਰਤੀ ਦੇ ਸਿਰ ਤੇ ਹੱਥ ਰੱਖਿਆ, “ ਬਸ ਪੁੱਤ ਰੋ ਨਾ ਤੇਰੇ ਬਾਬਾ ਇਸ ਨਖਿੱਧ ਜੂਨ ਤੋਂ ਛੁੱਟ ਗਿਆ। ਹੁਣ ਉਹ ਪੂਰਨ ਮਰਦ ਜਾਂ ਔਰਤ ਬਣ ਕੇ ਵਾਪਿਸ ਆਊਗਾ।” ਉਸਦੇ ਇਸ਼ਾਰੇ ਤੇ ਅਰਥੀ ਚੁੱਕਣ ਲਈ ਕਿੰਨਰ ਝੁਕੇ ਤੇ ਬਾਕੀਆਂ ਨੇ ਆਪਣੇ ਪੈਰ ਵਿੱਚੋਂ ਇਕ ਇਕ ਜੁੱਤੀ ਲਾਹ ਲਈ । ਉਹ ਆਪਣੀ ਰੀਤ ਪੁਰੀ ਕਰਨ ਲੱਗੇ ਸੀ । ਆਰਤੀ ਨੇ ਜਦੋ ਇਹ ਦੇਖਿਆ ਤਾ ਆਪਣੀਆਂ ਅੱਖਾਂ ਨੂੰ ਪੁੰਝਿਆ ਤੇ ਚੀਖੀ, “ ਕੀ ਕਰ ਰਹੇ ਹੋ ਮੇਰੇ ਬਾਬਾ ਨਾਲ।” ਜੁੱਤੀ ਮਾਰਨ ਲਈ ਚੁੱਕੇ ਹੱਥ ਨਾਲ ਸੰਤੋਸ਼ ਨੇ ਜਵਾਬ ਦਿੱਤਾ, “ਕੁਝ ਨਹੀ ਪੁੱਤਰ ਸਾਡੇ ਕਿੰਨਰਾਂ ਦੀ ਇਸ ਤਰਾਂ ਹੀ ਵਿਦਾਈ ਹੁੰਦੀ ਹੈ, ਤਾਂ ਜੋ ਉਹ ਪੂਰਨ ਬਣ ਸਕਣ ।”ਆਰਤੀ ਨੇ ਉਸਦਾ ਹੱਥ ਫੜ ਲਿਆ, “ਨਹੀ”,ਉਹ ਚੀਕੀ” ਤੂੰ ਹੀ ਤਾਂ ਦੱਸਿਆ ਸੀ ਛੋਟੇ ਬਾਬਾ ਕਿ ਕਿਵੇਂ ਮੇਰੀ ਪਾਗਲ ਮਾਂ ਕਿਸੇ ਪੂਰਨ ਮਰਦ ਦੀ ਹਵਸ ਦਾ ਸ਼ਿਕਾਰ ਹੋ ਗਈ ਸੀ । ਜਦੋਂ ਉਸ ਨੇ ਮੈਨੂੰ ਸੜਕ ਤੇ ਜੰਮਿਆ ਸੀ ਤਾਂ ਤੇਰੀਆਂ ਪੂਰਨ ਔਰਤਾਂਮਰਦ ਕਿਵੇਂ ਪਾਸਾ ਫੇਰ ਕੇ ਕੋਲ ਦੀ ਲੰਘ ਗਏ ਸਨ । ਲੋਕਾਂ ਨੇ ਸਿਰਫ ਇਕ ਕੰਮ ਕੀਤਾ ਸੀ ਮੋਬਾਇਲ ਤੇ ਤਸਵੀਰਾਂ ਖਿੱਚਣ ਦਾ।” ਉਹ ਸਾਂਹ ਲੈਣ ਲਈ ਰੁਕੀ ਤੇ ਫੇਰ ਬੋਲੀ, “ ਜੇ ਉਸ ਦਿਨ ਬਾਬਾ ਨੇ ਉੱਥੇ ਮੇਰੀ ਮਰ ਰਹੀ ਮਾਂ ਤੋਂ ਮੈਨੂੰ ਨਾਂ ਸੰਭਾਲਿਆਂ ਹੁੰਦਾ ਤਾਂ ਇਨਸਾਨੀਅਤ ਨੇ ਸ਼ਰਮਸਾਰ ਹੋ ਜਾਣਾ ਸੀ।” ਉਸਦੀਆਂ ਅੱਖਾਂ ਵਿਚੋਂ ਹੰਝੂ ਹੜ੍ਹ ਵਾਂਗ ਵੱਗ ਤੁਰੇ ਉਹ ਰੋਂਦੀ ਰੋਂਦੀ ਬੋਲੀ,”ਮੈਨੂੰ ਮਾਂ ਬਾਪ ਦੋਵਾਂ ਦਾ ਪਿਆਰ ਦਿੱਤਾ । ਚੰਗੇ ਸਕੂਲ ਵਿੱਚ ਪੜਾਇਆ । ਤੇਰੇ ਆਹ ਪੂਰਨ ਬੰਦੇ ਇਹੋ ਜਿਹੇ ਕੰਮ ਕਰ ਸਕਦੇ ਨੇ ਭਲਾ? ਨਹੀ..ਨਹੀਂ ਆਪਾਂ ਨੂੰ ਨਹੀ ਲੋੜ ਪੂਰਨ ਹੋਣ ਦੀ । ਮੈਂ ਤਾਂ ਚਾਹੁੰਦੀ ਹਾਂ ਕਿ ਬਾਬਾ ਅਗਲੇ ਜਨਮ ਵਿੱਚ ਹੀ ਪੂਰਨ ਮਰਦ ਔਰਤ ਦੀ ਬਜਾਏ ਅੱਜ ਵਰਗੇ ਇਨਸਾਨ ਹੀ ਬਣ ਕੇ ਪੈਦਾ ਹੋਣ।” ਆਰਤੀ ਹੁਬਕੀਆ ਲੈਂਦੀ ਇਕ ਵਾਰ ਫੇਰ ਅਰਥੀ ਉਪਰ ਢਹਿ ਪਈ ਤੇ ਜੁੱਤੀਆਂ ਮਾਰਨ ਲਈ ਚੁੱਕੇ ਹੱਥ ਇਕਦਮ ਹੇਠਾਂ ਆ ਗਏ ।
ਭੁਪਿੰਦਰ ਸਿੰਘ ਮਾਨ
ਉੜੀਸਾ ਦੇ ਇੱਕ ਪਿੰਡ ਦੇ ਕੱਚੇ ਰਾਹ ਤੇ ਇੱਕ ਅਮੀਰ ਬੰਦੇ ਦੀ ਮਰਸਰੀ ਚਿੱਕੜ ਨਾਲ਼ ਭਰੇ ਟੋਏ ਵਿੱਚ ਫਸ ਗਈ..! ਮਦਦ ਦੇ ਰੂਪ ਵਿੱਚ ਇੱਕ ਕਿਰਸਾਨ ਆਪਣੇ ਜੁਆਨ ਜਹਾਨ ਬੌਲ਼ਦ ਨਾਲ ਬੀਂਡੀ ਪਾਕੇ ਉਸਨੂੰ ਕੱਢਣ ਦੀ ਅਸਫਲ ਕੋਸ਼ਿਸ਼ ਵਾਰ ਵਾਰ ਕਰ ਰਿਹਾ ਸੀ..! ਬੌਲ਼ਦਾਂ ਦੀ ਜੋੜੀ ਵਿੱਚੋਂ ਇੱਕ ਟਾਈਮ ਤੇ ਇੱਕ ਬੌਲ਼ਦ ਹੀ ਜੋੜਿਆ ਜਾ ਸਕਦਾ ਸੀ..! ਪਰ ਸਭ ਵਿਅਰਥ ..! ਏਨੇ ਨੂੰ ਇੱਕ ਹੋਰ ਕਿਰਸਾਨ ਆਪਣੇ ਬੁੱਢੇ ਬੌਲ਼ਦ ਨਾਲ਼ ਉੱਥੋ ਗੁਜ਼ਰਿਆ..! ਜਦ ਉਸਨੇ ਆਪਣੇ ਬੁੱਢੇ ਬੌਲ਼ਦ ਨਾਲ ਮਦਦ ਦੀ ਪੇਸ਼ਕਸ਼ ਕੀਤੀ ਤਾਂ ਖਿਝੇ ਤੇ ਥੱਕੇ ਦੂਜੇ ਕਿਰਸਾਨ ਅਤੇ ਅਮੀਰ ਬੰਦੇ ਦਾ ਹਾਸਾ ਫੁੱਟ ਪਿਆ.! ਉਹਨਾਂ ਨੂੰ ਹੱਸਦੇ ਵੇਖ ਕਿਰਸਾਨ ਮਿੰਨਾ ਜਿਹਾ ਮੁਸਕਾਇਆ ਤੇ ਦੂਸਰੇ ਬੌਲ਼ਦ ਨੂੰ ਬੀਂਡੀ ਤੋਂ ਜੁਦਾ ਕਰ ਮਰੀਅਲ ਦਿਸ ਰਹੇ ਗੋਵਰਧਨ ਨਾਮ ਦੇ ਬੌਲ਼ਦ ਤੇ ਬੀਂਡੀ ਪਾ ਉੱਚੀ ਉੱਚੀ ਬੋਲਣ ਲੱਗਿਆ.…ਖਿੱਚ ਨਾਰੰਗ..ਖਿੱਚ ਗੋਰਖੇ ..ਖਿੱਚ ਗੋਵਰਧਨ..! ਕੁਝ ਮਿੰਟਾਂ ਦੀ ਤਾਣ ਤੇ ਜੱਦੋ ਜਹਿਦ ਬਾਅਦ ਗੱਡੀ ਟੋਏ ਚੋਂ ਬਾਹਰ ਸੀ..! ਖੁਸ਼ੀ , ਹੈਰਾਨੀ ਤੇ ਧੰਨਵਾਦ ਭਰੇ ਲਹਿਜ਼ੇ ਨਾਲ਼ ਅਮੀਰ ਆਦਮੀ ਬੋਲਿਆ ਕਿ ..ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਮਦਦ ਲਈ.. ਪਰ ਇੱਕ ਗੱਲ ਮੈਂਨੂੰ ਸਮਝ ਨਹੀਂ ਆਈ ..! ਗੋਵਰਧਨ ਕੱਲਾ ਖਿੱਚ ਰਿਹਾ ਸੀ ਤੇ ਤੁਸੀਂ ਨਾਲ਼ ਦੋ ਹੋਰ ਨਾਮ ਕਿਓਂ ਲੈ ਰਹੇ ਸੀ..!
ਕਿਰਸਾਨ ਦਾ ਉੱਤਰ ਉਹਨਾਂ ਦੋਵਾਂ ਨੂੰ ਨਿਰਉਤੱਰ ਕਰ ਲਈ ਕਾਫੀ ਸੀ…” ਨਾਰੰਗ ਤੇ ਗੋਰਖਾ ਸਮੇਂ ਸਮੇਂ ਤੇ ਗੋਵਰਧਨ ਦੇ ਜੋੜੀਦਾਰ ਰਹੇ ਤੇ ਜਹਾਨੋਂ ਰੁਖ਼ਸਤ ਹੋ ਗਏ.. ਇਹ ਵੀ ਉਹਨਾਂ ਦੇ ਵਿਛੋੜੇ ਚ ਅੰਨਾ ਹੋ ਗਿਆ.. ਅੱਜ ਜਦ ਮੈਂ ਦੋਵਾਂ ਦਾ ਨਾਮ ਲਿਆ ਤਾਂ ਇਸਨੂੰ ਲੱਗਿਆ ਕਿ ਉਹ ਵੀ ਮੇਰੇ ਨਾਲ਼ ਹੀ ਨੇਂ ਤੇ ਮੈਂ ਬੁੱਢਾ ਮਰੀਅਲ ਤੇ ਅੰਨ੍ਹਾ ..ਬੌਲ੍ਦ ..ਗੋਵਰਧਨ ਵੀ ਇੱਕ ਟੀਮ ਦਾ ਹਿੱਸਾ ਹਾਂ…!
Sarab Pannu
ਤਿੜਕਦਾ ਭਰਮ
ਉਦੋਂ ਉਹ ਸਕੂਲ ਪੜ੍ਹਦੀ ਸੀ…ਜਦੋਂ ਉਸ ਸਕੂਲ ਵਿੱਚ ਹਾਕੀ ਦੀ ਟੀਮ ਬਣੀ…ਜਦੋਂ ਮਾਸਟਰ ਜੀ ਦੀ ਕੁੜੀ ਪ੍ਰੈਕਟਸ ਕਰਦੀ ਤਾਂ ਉਸਦਾ ਵੀ ਖੇਡਣ ਨੂੰ ਜੀ ਕਰਦਾ…ਅੱਧੀ ਛੁੱਟੀ ਵੇਲੇ ਉਹ ਰੋਟੀ ਛੱਡ ਕੇ ਹਾਕੀ ਖੇਡਣ ਲੱਗ ਪੈਂਦੀ…ਉਸਦੀ ਮਿਹਨਤ ਤੇ ਰੁਚੀ ਵੇਖ ਕੇ ਆਖਿਰ ਉਸਨੂੰ ਵੀ ਟੀਮ ਵਿੱਚ ਲਿਆ ਗਿਆ..ਉਹ ਕਈ ਕਈ ਘੰਟੇ ਅਭਿਆਸ ਕਰਦੀ ਤੇ ਪਸੀਨਾ ਵਹਾਉਂਦੀ…ਉਹ ਇਸ ਗੇਮ ਵਿੱਚ ਏਨੀ ਮਾਹਿਰ ਹੋ ਗਈ ਕਿ ਉਹਨਾਂ ਦੀ ਟੀਮ ਨੇ ਕਈ ਫਰੈਂਡਲੀ ਮੈਚ…….ਤੇ ਕਈ ਜ਼ਿਲਾ ਪੱਧਰੀ ਮੈਚ ਜਿੱਤੇ..ਉਸਦੇ ਨਾਮ ਦੀ ਚਰਚਾ ਹੋਣ ਲੱਗੀ..ਪੜ੍ਹਾਈ ਦੇ ਨਾਲ ਨਾਲ ਉਸਦੀ ਖੇਡਣ ਦੀ ਕਲਾ ਇੱਕ ਨਾ ਇੱਕ ਦਿਨ ਘਰ ਦੀ ਜੂਨ ਬਦਲ ਦੇਵੇਗੀ..ਉਹ ਮਨ ਹੀ ਮਨ ਵਿੱਚ ਸੋਚਦੀ…ਪਰ ਦਿਲ ਉਦੋਂ ਟੁੱਟਿਆ ਜਦੋਂ ਅਗਾਂਹ ਖੇਡਣ ਲਈ ਇਕੱਲੀ ਮਾਸਟਰ ਜੀ ਦੀ ਲੜਕੀ ਹੀ ਚੁਣੀ ਗਈ..ਉਹ ਆਪਣੀ ਮਾਂ ਵੱਲ ਵੇਖਦੀ, ਬਾਪ ਵੱਲ ਵੇਖਦੀ…ਆਪਣੇ ਤੋਂ ਛੋਟੇ ਭਰਾ ਵੱਲ ਵੇਖਦੀ..ਅਸੀਂ ਮਹਾਤੜ ਲੋਕ !…ਭਾਵੇਂ ਮਿਹਨਤ ਕਰ ਕਰ ਕੇ….ਟੁੱਟ ਟੁੱਟ ਕੇ ਮਰ ਜਾਈਏ ਪਰ ਸਾਡੇ ਸੁਪਨੇ ਕਦੇ ਸੱਚ ਨਹੀਂ ਹੋ ਸਕਦੇ…ਉਹ ਆਪਣੇ ਆਪ ਨਾਲ ਗੱਲਾਂ ਕਰਦੀ……..ਤੇ ਠੰਡੇ ਹੌਕੇ ਭਰਦੀ…” ਮੈਂ ਬਾਹਰ ਜਾਉਂਗਾ…ਵੇਖਿਓ ਤੁਸੀਂ !…ਤੁਹਾਥੋਂ ਪੈਸੇ ਨਹੀਂ ਗਿਣੇ ਜਾਣੇ !…” ਆਪਣੀ ਉਦਾਸ ਭੈਣ ਨੂੰ ਉਹਦਾ ਭਰਾ ਹੌਂਸਲਾ ਦਿੰਦਾ…ਉਸ ਦਿਨ ਉਹਦੇ ਮਾਮੇ ਦੇ ਲੜਕੇ ਨੂੰ ਸ਼ਗਨ ਲੱਗਣਾ ਸੀ…ਵੇਲੇ ਨਾਲ ਮਾਂ ਨਾਲ ਜਲਦੀ ਜਲਦੀ ਸਾਰੇ ਕੰਮ ਕਰਾਏ…ਉਸਨੂੰ ਮਾਂ ਦੇ ਚਾਅ ਨਾਲ ਆਪ ਨੂੰ ਵੀ ਬੜਾ ਚਾਅ ਸੀ….ਪਾਉਣ ਲਈ ਤਹਿ ਕੀਤੇ ਕੱਪੜੇ ਕੱਢੇ…” ਇੱਕ ਦਿਨ ਮੇਰੇ ਵੀਰ ਨੂੰ ਵੀ ਸ਼ਗਨ ਲੱਗੂ…” ਉਹ ਆਪਣਾ ਆਪ ਭੁੱਲ ਕੇ ਆਪਣੇ ਵੀਰ ਦੇ ਸੁਪਨੇ ਵੇਖਣ ਲੱਗੀ…ਉਸਨੇ ਮਾਂ ਦੀ ਚੁੰਨੀ ਖਿਲਾਰ ਕੇ ਵੇਖੀ…ਕਈ ਥਾਂ ਤੋਂ ਟੁੱਕੀ ਚੁੰਨੀ ਨੂੰ ਮਾਂ ਨੇ ਬੜੇ ਸੋਹਣੇ ਤਰੀਕੇ ਨਾਲ ਗੋਟੇ ਦੀਆਂ ਟਿੱਕੀਆਂ ਲਾ ਕੇ ਸਜਾ ਲਈ ਸੀ…ਉਹਨੇ ਕੋਲ ਬੈਠੀ ਮਾਂ ਦੇ ਸਿਰ ਤੇ ਦੇਣੀ ਚਾਹੀ…ਪਤਾ ਨਾ ਕੀ ਹੋਇਆ….ਇੱਕ ਦਮ ਉਸਦੇ ਸੀਨੇ ਵਿੱਚੋਂ ਪੀੜ ਦੀ ਤੜਾਹਟ ਜਿਹੀ ਉੱਠੀ..” ਮਾਂ !…” ਬਸ ਏਨਾ ਹੀ ਕਿਹਾ…ਤੇ ਮਾਂ ਦੇ ਗੋਡੇ ਨਾਲੋਂ਼ ਹੱਟ ਕੇ ਮਾਂ ਦੀ ਝੋਲੀ ਵਿੱਚ ਢੇਰੀ ਹੋ ਗਈ…ਪਿੰਡ ਦੇ ਡਾਕਟਰ ਨੇ ਚੈੱਕ ਕਰਕੇ ਸਿਰ ਫੇਰ’ਤਾ..ਇਹਦੇ ਸਾਹ ਪੂਰੇ ਹੋ ਗਏ…ਇਸਨੂੰ ਕਿਤੇ ਲਿਜਾਣ ਦੀ ਲੋੜ ਨਹੀਂ….ਲਾਸ਼ ਵਿਹੜੇ ਵਿੱਚ ਪਈ ਸੀ…ਤੇ ਲੋਕਾਂ ਦੇ ਮੂੰਹ ਇੱਕ ਦੂਜੇ ਦੇ ਕੰਨਾਂ ਕੋਲ ਘੁਸਰ ਮੁਸਰ ਕਰ ਰਹੇ ਸਨ…..” ਲੈ !…ਹੁਣੇ ਤਾਂ ਚੰਗੀ ਭਲੀ ਸੀ ?…ਇਹ ਕੇਹੀ ਮੌਤ ?…ਏਥੇ ਵੇਖੀ, ਉੱਥੇ ਵੇਖੀ..ਆਹ ਕਰ ਰਹੀ ਸੀ..ਔਹ ਕਰ ਰਹੀ ਸੀ..” ਕੀ ਪਤਾ ਕੀ ਹੋਇਆ ? ਗੁੱਝੇ ਇਸ਼ਾਰੇ ਹੋ ਰਹੇ ਸਨ…..ਮੁੱਕਦੀ ਗੱਲ !……ਜਿੰਨੇ ਮੂੰਹ ਉਹਨੀਆਂ ਗੱਲਾਂ !…ਇੱਕ ਦਿਨ ਰਹਿੰਦੀ ਕਸਰ ਮਾਮੇ ਦੀ ਨਵੀਂ ਵਿਆਹੀ ਨੂੰਹ ਮੂੰਹ ਪਾੜ ਕੇ ਪੂਰੀ ਕਰ ਗਈ…” ਵੈਸੇ ਗੱਲ ਤਾਂ ਸੋਚਣ ਵਾਲੀ ਐ !….ਇਹਨੇ ਸ਼ਗਨ ਵਾਲੇ ਦਿਨ ਹੀ ਮਰਨਾ ਸੀ ? ਕੋਈ ਗੱਲ ਤਾਂ ਜ਼ਰੂਰ ਹੋਊ ? ਮੈਨੂੰ ਤੇ ਉਸੇ ਦਿਨ ਦਾਲ ਚ ਕੁਝ ਕਾਲਾ ਲੱਗਾ ਸੀ “ ਸ਼ਰੀਫ਼ ਕੁੜੀ ਦੇ ਨਾਲ, ਭਰਾ ਵਰਗੇ ਸ਼ਰੀਫ਼ ਮੁੰਡੇ ਦਾ ਰਿਸ਼ਤਾ ਵੀ ਦਾਗੋਦਾਗ ਹੋ ਗਿਆ….ਇਸ ਘਰ ਨਾਲ ਇੱਕੋ ਰਿਸ਼ਤਾ ਸੀ ਮਾਮੇ ਦਾ…..ਉਹ ਵੀ ਟੁੱਟ ਗਿਆ…ਮਹਾਤੜਾਂ ਕੋਲ ਇੱਜ਼ਤ ਦੇ ਸਿਵਾ ਹੁੰਦਾ ਵੀ ਕੀ ਹੈ ? ਮਾਂ-ਬਾਪ ਨੂੰ ਧੀ ਦੇ ਵਿਛੋੜੇ ਨੇ ਤੇ ਗ਼ਰੀਬੀ ਦੇ ਨਾਲ ਨਾਲ ਨਮੋਸ਼ੀ ਨੇ ਵੀ ਮਾਰ ਦਿੱਤਾ….ਬਾਹਰ ਮੂੰਹ ਕੱਢਣੋਂ ਵੀ ਰਹਿ ਗਏ….ਮੰਜੇ ਨਾਲ ਐਸੇ ਜੁੜੇ….ਆਖ਼ਿਰ ਮੜ੍ਹੀਆਂ ਚ ਪਹੁੰਚ ਗਏ…ਲੋਕਾਂ ਕਿਹਾ : “ ਮਰਨਾ ਹੀ ਸੀ…ਜਦੋਂ ਧੀ ਨਹੀਂ ਰਹੀ..ਕਮਾਈ ਕਿੱਥੋਂ ਆਉਣੀ ਸੀ ?…” ਮੋਏ ਸਿਰਾਂ ਚ ਵੀ ਰੱਜ ਕੇ ਘੱਟਾ ਪਿਆ….ਮਗਰ ਰਹਿ ਗਿਆ ਇਕੱਲਾ ਦੁਕੱਲਾ..ਸੌ ਸੁੱਖਣਾਂ ਦਾ ਉਸ ਘਰ ਦਾ ਚਿਰਾਗ਼ ! ਪਰ ਤੇਲ ਬਾਝੋਂ ਚਿਰਾਗ਼ ਵੀ ਕਾਹਦਾ ?….ਸਿਰ ਉੱਤੇ ਬਾਪ ਦੀ ਬੱਝੀ ਪੱਗ ਰੱਖੀ…ਗੱਲ ਵਿੱਚ ਮਾਂ ਦੀ ਚੁੰਨੀ ਪਾਈ ਤੇ ਹੱਥ ਵਿੱਚ ਭੈਣ ਦੀ ਹਾਕੀ ਫੜੀ…ਏਧਰ ਓਧਰ ਯੱਭਲੀਆਂ ਮਾਰਦਾ ਫਿਰਦਾ…ਉਹ ਸਦਮਿਆਂ ਨਾਲ ਸ਼ੁਦਾਈ ਹੋ ਗਿਆ ਤੇ ਲੋਕੀਂ ਕਹਿਣ ਇਹ ਨਸ਼ੇ ਕਰਦਾ…ਮੁੰਡਾ ਤਾਂ ਨਸ਼ੱਈ ਹੈ..ਜਿਧਰੋਂ ਲੰਘਦਾ ਲੋਕ ਬੂਹੇ ਢੋਹ ਲੈਂਦੇ…ਨਾ ਖਾਣ ਪੀਣ ਦੀ ਸੁਰਤ !…ਨਾ ਜੀਣ ਦੀ ਲਾਲਸਾ !…ਇੱਕ ਦਿਨ ਅੰਦਰ ਪਈ ਲਾਸ਼ ਦੀ ਬੋਅ ਆਪੇ ਬਾਹਰ ਆ ਗਈ……ਤੇ ਨਾਲ ਹੀ ਉਸ ਪਰਿਵਾਰ ਦੀ ਕਹਾਣੀ ਖਤਮ !…ਉਹ ਘਰ ਢਾਹਿਆ ਗਿਆ…ਥਾਂ ਦੀ ਸੁੱਚਮਤਾ ਹੋਈ….ਪਿੰਡ ਵੱਲੋਂ ਸਾਂਝਾ ਪਾਠ ਪੂਜਾ ਕਰਾਇਆ..ਲੈਕਚਰ ਹੋਏ…ਉਸ ਥਾਂ ਲਈ ਸਕੀਮਾਂ ਬਣੀਆਂ…ਲੰਗਰ ਲਾਇਆ…ਪਰ ਪਰਿਵਾਰ ਦੀ ਬਰਬਾਦੀ ਦਾ ਜ਼ਿੰਮੇਵਾਰ ਕੌਣ ? ਅਸੀਂ ਕਿੰਨੇ ਕਮੀਨੇ ਹੋ ਗਏ ਹਾਂ ?…ਕਿੰਨੇ ਲਾਲਚੀ, ਸਵਾਰਥੀ ਤੇ ਪਾਪੀ ਹੋ ਗਏ ਹਾਂ ? ਬਸ, ਹਾਂ ਵਿੱਚ ਹਾਂ !…ਪਿੱਛਲੱਗ ਹੋ ਗਏ ਹਾਂ….ਸਾਡਾ ਆਪਣਾ ਦਿਮਾਗ਼ ਹੈਨੀਂ….ਜੋ ਸੁਣਿਆ, ਜਿਧਰੋਂ ਸੁਣਿਆ ਓਧਰ ਹੋ ਤੁਰੇ !..ਸਾਡੀ ਸੋਚ ਜਮਾਂ ਭੇਡਾਂ ਵਰਗੀ ਹੈ
ਸੰਜੋਗ ਵਿਯੋਗ
ਵਿਸਾਖੀ ਸਿਰ ਤੇ ਸੀ ਕਣਕਾਂ ਲਗਭਗ ਪੱਕੀਆਂ ਖੜੀਆਂ ਸਨ। ਲੌਢੇ ਵੇਲੇ ਦੀ ਚਾਹ ਪੀ ਕੇ ਓਹਨੇ ਟੋਕੇਆਣੀ ਚੋ ਦੋਵੇਂ ਖੂੰਢੀਆਂ ਦਾਤਰੀਆਂ ਫੜ ਕੇ ਸਾਈਕਲ ਦੇ ਹੈਂਡਲ ਚ ਫਸਾ ਲਈਆਂ ਤੇ ਤੁਰ ਪਿਆ ਅਲਗੋਂ_ਕੋਠੀ ਆਲੇ ਅੱਡੇ ਤੋਂ ਦੰਦੇ ਕੱਢਵਾਉਣ। ਪਿੰਡੋਂ ਨਿਕਲਦਿਆਂ ਓਹਨੇ ਸੜਕੋ ਦੂਰ ਆਪਣੇ ਖੇਤ ਵੱਲ ਨਜ਼ਰ ਮਾਰੀ ਤੇ ਹੌਕਾ ਜਿਹਾ ਲੈ ਕੇ ਕਿਸੇ ਬੀਤੇ ਤੇ ਮਨ ਹੀ ਮਨ ਪਛਤਾਵਾ ਜਿਹਾ ਕੀਤਾ, ਕਿਉਂਕਿ ਉਹਦੀ ਜੱਦੀ ਪੈਲੀ ਦੇ ਬਹੁਤੇ ਹਿੱਸੇ ਚ ਖਲੋਤੀਆਂ ਓਹਦੀਆਂ ਟਾਹਲੀਆਂ ਹੁਣ ਕਿਸੇ ਹੋਰ ਦੀ ਅਮਨਾਤ ਹੋ ਗਈਆਂ ਸਨ। ਸਕੂਲ, ਕਾਲਜ, ਯਾਰੀਆਂ, ਜਵਾਨੀ ਦਾ ਜ਼ੋਰ,ਮਸਤ ਮਲੰਗੀ ਤੇ ਹੱਡੀ ਹੰਢਾਇਆ ਸਭ ਕੁਝ ਇੱਕ ਦਮ ਓਹਦੇ ਦਮਾਗ ਚ ਘੁੰਮਿਆ। ਜਿੰਦਗੀ ਦੇ ਪੰਜ ਦਹਾਕੇ ਟੱਪ ਚੁੱਕਿਆ ਜਿੰਦਰ ਜਵਾਨੀ ਦੇ ਅਖੀਰਲੇ ਸਾਲਾਂ ਚ ਆਪਣੇ ਹੱਥੋਂ ਹੋਏ ਕਤਲ ਕਰਕੇ ਬਹੁਤ ਕੁਝ ਗਵਾ ਚੁੱਕਾ ਸੀ। ਉਸ ਸਮੇਂ ਪੰਜਾਬ ਦੀ ਹਵਾ ਚ ਬਾਰੂਦ ਦੀ ਸੁਗੰਧ ਰੋਜ਼ ਘੁਲਦੀ ਹੁੰਦੀ ਸੀ। ਅੰਬਰਸਰ ਪੈਂਦੀਆਂ ਤਰੀਕਾਂ ਨੇ ਓਹਦੇ ਬਾਪ ਦੇ ਗੂਠੇ ਨੂੰ ਨੀਲਾ ਰੰਗ ਚਾੜ ਦਿੱਤਾ, ਬਾਪ ਨੇ ਪੁੱਤ ਖਾਤਿਰ ਪੈਸਾ ਪਾਣੀ ਵਾਂਗੂੰ ਰੋੜਿਆ,ਪਰ! ਵਕੀਲਾਂ ਦੀਆਂ ਦਲੀਲਾਂ ਤੇ ਦਾਵੇ ਕਿਸੇ ਕੰਮ ਨਾ ਆਏ, ਜਿੰਦਰ ਦੇ ਲੇਖਾਂ ਚ ਜੇਲ ਦੀ ਰੋਟੀ ਲਿਖੀ ਸੀ। ਪੁੱਤ ਨੂੰ ਵੀਹ ਸਾਲੀ ਸੁਣ ਕੇ ਬਾਪੂ ਵੀ ਹੌਸਲਾ ਛੱਡ ਗਿਆ, ਆਖ਼ਰ ਤਿੰਨਾਂ ਧੀਆਂ ਤੋਂ ਨਿੱਕਾ ਇੱਕੋ ਇੱਕ ਪੁੱਤ ਸੀ ਓਹਦਾ। ਬਾਪੂ ਨਾਲ ਲੜ ਲੜ ਕੇ ਸੰਨ ਠਾਸੀ ਚ ਲਿਆ ਚਿੱਟਾ ਸਕਾਟ ਤਾਂ ਓਹਦੇ ਜੇਲ ਜਾਂਦੇ ਸਾਰ ਈ ਬੈਂਕ ਆਲੇ ਲੈ ਗਏ ਸੀ। ਪੈਸੇ ਦੀ ਟੋਟ ਕਰਕੇ ਜਿੰਦਰ ਦੇ ਹਿੱਸੇ ਦੀ ਭੋਏਂ ਵੀ ਸੁੰਗੜ ਕੇ ਅੱਧੀ ਤੋਂ ਘੱਟ ਰਹਿ ਗਈ ਸੀ। ਇਸ ਲੇਖੇ ਜੋਖੇ ਚ ਡੁੱਬਿਆ ਉਹ ਲੁਹਾਰਾਂ ਕੋਲ ਜਾ ਅੱਪੜਿਆ। ਸਾਸਰੀ ਕਾਲ ਤੋਂ ਬਾਦ ਦਾਤਰੀਆਂ ਲੁਹਾਰ ਨੂੰ ਫੜਾ ਕੇ ਜਿੰਦਰ ਓਹਦੇ ਕੋਲ ਬੈਠ ਗਿਆ। ਪੁਰਾਣੇ ਜਾਣੂੰ ਹੋਣ ਕਰਕੇ ਦੋਵਾਂ ਨੇ ਅੱਜ ਫੇਰ ਜੇਲ ਵੇਲੇ ਦੀਆਂ ਗੱਲਾਂ ਛੋਹ ਲਈਆਂ। ਗੱਲਾਂ ਚ ਖੁੱਭਿਆਂ ਨੂੰ ਵਾਹਵਾ ਚਿਰ ਲੰਘ ਗਿਆ, ਏਨੇ ਨੂੰ ਬੁੱਲਟ ਤੇ ਦੋ ਗੱਭਰੂ ਦੁਕਾਨ ਤੇ ਆ ਕੇ ਰੁਕੇ। ਕੁੰਢੀਆਂ ਮੁੱਛਾਂ, ਅੱਖਾਂ ਚ ਠਹਿਰਾਵ, ਸਰੀਰ ਤੋਂ ਤਗੜੇ ਤੇ ਸੁਬਾਅ ਤੋਂ ਦੋਵੇਂ ਅੜਬ ਜਹੇ ਲਗਦੇ ਸਨ। ਆਉਂਦਿਆਂ ਨੇ ਦੁਕਾਨਦਾਰ ਤੋਂ ਟਕੂਏ ਦੀ ਮੰਗ ਕੀਤੀ, ਦੁਕਾਨਦਾਰ ਨੇ ਆਪਣੇ ਹੱਥੀਂ ਚੰਡੇ ਟਕੂਏ ਕੱਢ ਕੇ ਉਹਨਾਂ ਨੂੰ ਵਿਖਾਏ। ਮੋਟੀ ਡਾਂਗ ਨਾਲ ਲੱਗਾ ਟੋਕੇ ਆਲਾ ਟਕੂਆ ਉਹਨਾਂ ਨੇ ਵਾਰ ਵਾਰ ਟੋਹ ਕੇ ਆਪਣੀ ਤਸੱਲੀ ਕੀਤੀ ਤੇ ਅੱਖ ਦੀ ਸੈਨਤ ਨਾਲ ਇੱਕ ਦੂਜੇ ਦੀ ਰਾਇ ਪੁੱਛੀ। ਫੇਰ ਦੋਵਾਂ ਨੇ ਆਪੋ ਚ ਘੁਸਰ ਮੁਸਰ ਜਹੀ ਕੀਤੀ। ਜਿੰਦਰ ਪਾਸੇ ਤੇ ਬੈਠਾ ਇਹ ਸਭ ਕੁਝ ਵੇਖ ਰਿਹਾ ਸੀ। ਓਹਨੇ ਆਪਣੇ ਆਪ ਨੂੰ ਵੀਹ ਸਾਲ ਪਿੱਛੇ ਖਲੋਤਾ ਵੇਖਿਆ। ਉਹ ਸਮਝ ਚੁੱਕਾ ਸੀ ਕਿ ਚੋਬਰ ਜਵਾਨੀ ਦੇ ਜ਼ੋਰ ਚ ਕੋਈ ਕਾਰਾ ਕਰਨਗੇ। ਇੱਕ ਜਣੇ ਨੇ ਦੁਕਾਨਦਾਰ ਤੋਂ ਹਥਿਆਰ ਦਾ ਮੁੱਲ ਪੁੱਛਿਆ, ਇਸ ਤੋਂ ਪਹਿਲੋਂ ਕੇ ਦੁਕਾਨਦਾਰ ਕੁਝ ਦੱਸਦਾ ਜਿੰਦਰ ਬੋਲਿਆ, ” ਪੁੱਤਰੋ, ਏਥੇ ਤਾਂ ਇਹ ਦੋ ਚਾਰ ਸੌ ਦਾ ਈ ਹੋਣਾ ਆ ਪਰ ਜੇ ਕਿਤੇ ਟਿਕਾਣੇ ਤੇ ਵੱਜ ਗਿਆ ਤਾਂ ਪਤਾ ਨਹੀਂ ਕਿੰਨੇਂ ਲੱਖ ਚ ਪਊ”! ਆਪਣੇ ਵੱਲੋਂ ਜਿੰਦਰ ਉਹਨਾਂ ਨੂੰ ਆਪ ਬੀਤੀ ਦੱਸ ਕੇ ਕਿਸੇ ਅਣਹੋਣੀ ਤੋਂ ਰੋਕਣਾ ਚਾਹੁੰਦਾ ਸੀ, ਪਰ ਉਹ ਦੋਵੇਂ ਗੱਲ ਨੂੰ ਹਾਸੇ ਚ ਟਾਲ ਕੇ ਕਿਸੇ ਦੀ ਪੈੜ ਨੱਪਣ ਲਈ ਬੁੱਲਟ ਤੇ ਸਵਾਰ ਹੋ ਚੁੱਕੇ ਸਨ…… ਮਝੈਲ