ਭਾਵੇਂ ਅਸੀਂ ਮਜਬੂਰੀ ਕਾਰਨ ਸ਼ਹਿਰ ਯਾ ਬਾਹਰਲੇ ਮੁਲਕਾਂ ਵਿੱਚ ਜਾ ਵੱਸੀਏ ਫਿਰ ਵੀ ਸਾਡਾ ਮਨ ਚੰਦਰਾ ਸਾਨੂੰ ਬਚਪਨ ਤੋਂ ਲੈਕੇ ਵੱਡੇ ਹੁੰਦਿਆਂ ਤੱਕ ਮਾਂ ਬਾਪ ਦੇ ਹੁੰਦਿਆਂ ਲਾ-ਪ੍ਰਵਾਹੀਆਂ ਵਾਲੀ ਜਿਉਂਈਂ ਜ਼ਿੰਦਗੀ ਦੇ ਮੋੜ ਤੇ ਲਿਆ ਖੜ੍ਹਾ ਕਰ ਦੇਂਦਾ ਹੈ।ਭਾਵੇਂ ਅੰਦਰੋਂ ਆਵਾਜ ਆਉਂਦੀ ਹੈ ਕਿ ਹੁਣ ਤਾਂ ਰਿਟਾਇਰ ਹੋ ਗਏ ਹੋ ਹੁਣ ਕੋਈ ਮਜਬੂਰੀ ਨਹੀਂ ਤੁਸੀਂ ਪਤੀ-ਪਤਨੀ ਦੋਵੇਂ ਕਿਉਂ ਨੀ ਉਸੇ ਮੋਹ ਭਰੇ ਪੇਂਡੂ ਮਾਹੌਲ ਵਿੱਚ ਜਾਕੇ ਰਹਿੰਦੇ ਤੇ ਉਸੇ ਮਿੱਟੀ ਦੀ ਮਹਿਕ ਦਾ ਅਨੰਦ ਮਾਣਦੇ, ਨਾਲੇ ਜਿਹੜਾ ਮਕਾਨ ਆਪਣੇ ਹੱਥਾਂ ਨਾਲ ਬਣਾਇਆ ਅਤੇ ਬੱਚਿਆਂ ਦੇ ਬਚਪਨ ਦੀ ਯਾਦ ਬਣਿਆ ਅਜੇ ਵੀ ਉਡੀਕ ਦਾ ਹੈ ਕਿ ਕਦੋਂ ਕੋਈ ਆਵੇ ਰੰਗ ਕਰਾਵੇ ਤੇ ਓਸੇ ਤਰ੍ਹਾਂ ਵੇਹੜੇ ਵਿੱਚ ਮੱਝਾਂ ਗਾਂਵਾਂ ਨੂੰ ਪੱਠੇ ਪੈਣ ਤੇ ਘਰ ਵਾਲੀ ਕਹਿੰਦੀ ਹੋਵੇ ਕਿ ਜਦੋਂ ਖੇਤੋਂ ਆਓ ਟਰੈਕਟਰ ਬਾਹਰ ਹੀ ਖੜਾ ਕਰ ਦੇਣਾਂ ਬਡਾਲੀ ਆਟਾ ਪਿਹਾਕੇ ਲਿਆਉਣਾਂ, ਬੈਂਕ ਚੋਂ ਪੈਨਸ਼ਨ ਕਢਵਾ ਲਿਆਇਓ ਨਾਲੇ ਮੱਝਾਂ ਗਾਵਾਂ ਲਈ ਖਲ ਦੀਆਂ ਦੋ ਬੋਰੀਆਂ ਲੈ ਆਉਣੀਆਂ।
ਇਹ ਤਾਂ ਪਤਾ ਹੀ ਨਹੀਂ ਚਲਿਆ ਕਿ ਕਦੋਂ ਬੱਚੇ ਵੱਡੇ ਹੋ ਪਰਮਾਤਮਾ ਨੇ ਜਿੱਥੇ ਰਿਝਕ ਖਿੰਡਾਇਆ ਖਾਣ ਲਈ ਉਥੇ ਉਥੇ ਚਲੇ ਗਏ। ਜੋ ਸਾਡਾ ਰਲਿਆ ਸੀ ਅਸੀਂ ਵੀ ਘੁੰਮ ਫਿਰ ਆਏ। ਬਚਪਨ ਵਿੱਚ ਕਦੇ ਸੁਪਨਾ ਵੀ ਨਹੀਂ ਲਿਆ ਹੋਵੇਗਾ ਕਿ ਉਤੋਂ ਲੰਘ ਰਹੇ ਜਹਾਜਾਂ ਵਿੱਚ ਸਫਰ ਵੀ ਕਰਾਂਗੇ ਇਹ ਸਭ ਉਹਦੀ ਖੇਡ ਹੈ ਪਰ ਗਲ ਤਾਂ ਮਿੱਟੀ ਦੇ ਮੋਹਦੀ ਚਲ ਰਹੀ ਸੀ। ਇਹ ਮੋਹ ਬੰਦੇ ਦੇ ਅੰਦਰ ਮਰਨ ਤੱਕ ਬਣਿਆਂ ਰਹਿੰਦਾ ਹੈ। ਰਿਟਾਇਰਮੈਂਟ ਤੋਂ ਬਾਅਦ ਜੋ ਸਹੂਲਤਾਂ ਚਾਹੀਦੀਆਂ ਉਹਨਾਂ ਕਰਕੇ ਯਾ ਜਿੰਦਗੀ ਦੇ ਸਫਰ ਵਿੱਚ ਚਲਦਿਆਂ ਕੁਝ ਦੋਸਤਾਂ ਨਾਲ ਬਣਿਆ ਪਿਆਰ ਪਿੱਛੇ ਨਹੀਂ ਮੁੜਨ ਦੇਂਦਾ, ਪਰ ਬਚਪਨ ਵਿੱਚ ਜਿਸ ਮਿੱਟੀ ਨਾਲ ਪਿਆਰ ਪਿਆ ਸੀ ਹੁਣ ਭੁੱਲਿਆ ਤਾਂ ਨਹੀਂ ਜਾ ਸਕਦਾ ਦਿਲ ਵਿੱਚੋਂ ਉਵੇਂ ਹੀ ਮਿੱਟੀ ਦੇ ਮੋਹ ਦੀ ਮਹਿਕ ਆਉਂਦੀ ਰਹਿੰਦੀ ਹੈ, ਜਿਸ ਕਰਕੇ ਕਦੇ ਕਦੇ ਜਰੂਰ ਗੇੜਾ ਮਾਰ ਆਈ ਦਾ ਹੈ।ਖੇਤਾਂ ਦੀਆਂ ਵੱਟਾਂ ਤੇ ਘੁੰਮਦਿਆਂ ਇਕ ਵਾਰ ਜਰੂਰ ਬਾਪੂ ਦੇ ਪੈਰਾਂ ਦੀਆਂ ਪੈੜਾਂ ਵੱਲ ਧਿਆਨ ਚਲਾ ਜਾਂਦਾ ਹੈ ਕਿਉਂਕਿ ਬਚਪਨ ਵਿੱਚ ਪਿਤਾ ਜੀ ਦੇ ਪਿੱਛੇ ਪਿੱਛੇ ਚਾਓ ਨਾਲ ਖੇਤਾਂ ਦੀਆਂ ਵੱਟਾਂ ਤੇ ਮੀਂਹ ਵਿੱਚ ਭਿੱਜਦਿਆਂ ਘੁੰਮਿਆਂ ਕਰਦੇ ਸੀ। ਇਹ ਸਭ ਜਦੋਂ ਯਾਦ ਆ ਜਾਂਦਾ ਹੈ ਤਾਂ ਮਨ ਭਰ ਆਉਂਦਾ ਹੈ ਕਿ ਕਿਆ ਇਹ ਏਸੇ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਚਲਦਾ ਰਹੇਗਾ। ਕਿਆ ਇਹ ਮਿੱਟੀ ਦਾ ਮੋਹ ਹੀ ਐਸਾ ਹੈ ਜੋ ਇਸ ਘੁੰਮਣ ਘੇਰੀ ਵਿੱਚ ਪਾਈਂ ਰੱਖਦਾ ਹੈ। ਬਸ ਜਦੋਂ ਵੀ ਅਜੇਹਾ ਖਿਆਲ ਮਨ ਵਿੱਚ ਆਉਂਦਾ ਹੈ ਪਿੰਡ ਗੇੜਾ ਮਾਰ ਹੀ ਆਈਦਾ ਹੈ ਤੇ ਆਪਣੇ ਬਚਪਨ ਦੇ ਸਾਥੀਆਂ ਨੂੰ ਮਿਲ ਆਈਦਾ ਹੈ।
ਧੰਨਵਾਦ।
“ਜਸਵੰਤ ਸਿੰਘ ਢੀਂਡਸਾ”
Authors: Others
ਧੀ ਜਨਮ ਲੈਂਦੀ ਹੈ …ਮਾਪਿਆਂ ਸਿਰ ਬੋਝ ਡਿੱਗ ਪੈਂਦਾ ਹੈ..ਉਸ ਦਿਨ ਤੋਂ ਮਾਪੇ ਫਿ਼ਕਰਾਂ ਚਿੰਤਾਵਾਂ ਵਿੱਚ ਘਿਰ ਜਾਂਦੇ ਹਨ….ਅੰਦਰੂਨੀ ਸੋਚਾਂ ਤਲਖੀ ਵਧਾ ਛੱਡਦੀਆਂ ਹਨ ….
ਹਰ ਮਾਪੇ ਸੋਚਦੇ ਹਨ ….ਹਰ ਧੀ ਨੂੰ ਚੰਗੀ ਵਿਦਿਆ ਹਾਸਿਲ ਕਰਵਾਈ ਜਾਵੇ ….
ਪਰ ਹਾਲਾਤ ਸਾਰਥਿਕ ਨਹੀਂ ਹੁੰਦੇ …ਮਹਿੰਗੀ ਵਿੱਦਿਆ …ਜ਼ਮਾਨੇ ਦਾ ਖੌਫ਼ ਤੇ ਵਿਆਹ ਦੇ ਖਰਚ ਦੀ ਪੰਡ ….ਮਨ ਨੂੰ ਅਸ਼ਾਤ ਕਰਦੇ ਹਨ।
ਇੱਕ ਧੀ ਦੀ ਸੋਚ ਅਲੱਗ ਹੁੰਦੀ ਹੈ ….ਉਹ ਅਜਿਹਾ ਨਹੀਂ ਸੋਚਦੀ ,ਜੋ ਮਾਂ-ਬਾਪ ਸੋਚਦੇ ਹਨ ।
ਧੀ ਬਚਪਨ ਤੋਂ ਹੀ ਖੁੱਲ ਕੇ ਸਾਹ ਲੈਣਾ ਚਾਹੁੰਦੀ ਹੈ ।
ਬੇਸ਼ੱਕ ਉਸਨੂੰ ਲਾਡ ਪਿਆਰ ਅਤੇ ਭਰਾ ਦੇ ਬਰਾਬਰ ਘਰ ਵਿੱਚ ਹੱਕ ਦਿੱਤੇ ਜਾਂਦੇ ਹਨ ….ਪਰ ਧੀ ਅਤੇ ਪੁੱਤ ਵਿੱਚ ਅਸਮਾਨਤਾ ਜਰੂਰ ਦਿਖਾਈ ਦਿੰਦੀ ਹੈ । ਇੱਕ ਧੀ ਚਾਹੰਦੀ ਹੈ ਉਹ ਵੀ ਮੁੰਡੇ ਵਾਂਗ ਖੇਡੇ …..ਹੱਸੇ …ਬਾਹਰ ਵੀਰ ਵਾਂਗ ਘੁੰਮੇ-ਫਿਰੇ ..
ਉਸਨੂੰ ਘਰ ਦੀ ਚਾਰਦੀਵਾਰੀ ਵਿੱਚ ਕੈਦ ਨਾ ਕੀਤਾ ਜਾਏ ।
ਉਹ ਪੁੱਤਰ ਵਾਂਗ ਹਰ ਕੰਮ ਨੂੰ ਕਰਨਾ ਲੋਚਦੀ ਹੈ ….
ਬਾਪ ਦੇ ਕੰਮਾਂ ਦਾ ਬੋਝ ਵੰਡਾਉਣਾ ਚਾਹੁੰਦੀ ਹੈ ਭਾਵੇਂ ਕੰਮ ਖੇਤੀਬਾੜੀ ਦਾ ਹੋਵੇ ਜਾਂ ਕੋਈ ਹੋਰ ਬਿਜ਼ਨਿਸ ਆਦਿ ।
ਧੀ ਇਹ ਨਹੀਂ ਚਾਹੁੰਦੀ ,ਕੇ ਉਸਦੇ ਘਰੋਂ ਬਾਹਰ ਨਿਕਲਦਿਆਂ ਹੀ ਉਸਨੂੰ ਪਰਾਏ ਲੋਕਾਂ ਵੱਲੋਂ ਹਵਸੀ ਨਜ਼ਰਾਂ ਨਾਲ ਵੇਖਿਆ ਜਾਵੇ ।
ਉਹ ਕਿਸੇ ਦਾ ਸ਼ਿਕਾਰ ਨਹੀਂ ਬਣਨਾ ਚਾਹੁੰਦੀ ।
ਉਹ ਨਹੀਂ ਚਾਹੁੰਦੀ ਕੇ ਉਸਦੀ ਸਰੀਰਿਕ ਸਮਰੱਥਾ ਨੂੰ ਮੁੰਡਿਆਂ ਦੇ ਮੁਕਾਬਲੇ ਘੱਟ ਸਮਝਿਆ ਜਾਵੇ ।
ਉਹ ਤਾਕਤਵਾਰ ਹੈ ।
ਉਹ ਨਹੀਂ ਚਾਹੁੰਦੀ ਕੇ ਜਵਾਨ ਹੋਣ ਤੇ ਕੋਈ ਪਿਆਰ ਦਾ ਨਾਟਕ ਰਚਾ ਕੇ ਉਸ ਨੂੰ ਬੇਪੱਤ ਕਰੇ ।
ਔਰਤ ਚਾਹੁੰਦੀ ਹੈ ਉਸਦੀ ਜਿੰਦਗੀ ਇੱਕ ਮਰਦ ਤੋਂ ਸ਼ੁਰੂ ਹੋ ਕੇ ਉਸੇ ਤੇ ਹੀ ਜੀਵਨ ਦਾ ਅੰਤ ਲੋਚਦੀ ਹੈ ਪਰ ਅਜਿਹਾ ਨਹੀਂ ਹੁੰਦਾ ।
ਜਦੋਂ ਕੋਈ ਉਸਦੇ ਦਿਲ ਨਾਲ ਖੇਡ ਮੁਕਾਂਉਦਾ …ਉਹ ਬੁਰੀ ਤਰ੍ਹਾਂ ਟੁੱਟਦੀ ਹੈ …ਉਹ ਆਪਣਾ ਨਿਰਾਦਰ ਬਰਦਾਸ਼ਿਤ ਨਹੀਂ ਕਰ ਸਕਦੀ ।
ਪੜ੍ਹ ਲਿਖ ਕੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ ਪਰ ਜਦੋਂ ਗਲਤ ਸੋਚ ਨੂੰ ਨਾ ਸਵਿਕਾਰਦੀ ਤੇਜ਼ਾਬ ਦੀ ਸ਼ਿਕਾਰ ਹੁੰਦੀ ਹੈ ਉਹੀ ਜਾਣਦੀ ਹੈ ਉਸ ਨਾਲ ਕੀ ਬੀਤਦੀ ਹੈ ਉਹ ਨਿਆਂ ਚਾਹੁੰਦੀ ਹੈ ਪਰ ਕੋਈ ਕਾਨੂੰਨ ਸਾਥ ਨਹੀਂ ਦਿੰਦਾ।
ਲ਼ੜਕੀ ਪੜੀ ਲਿਖੀ ਹੋਣ ਕਰਕੇ ਵਿਆਹ ਨਾਮ ਦਾ ਸੌਦਾ ਨਹੀਂ ਕਰਨਾ ਚਾਹੁੰਦੀ ਅਤੇ ਆਪਣੇ ਪਿਆਰੇ ਬਾਪ ਨੂੰ ਸਹੁਰਿਆਂ ਸਾਹਮਣੇ ਹੱਥ ਜੋੜ ਖੜਾ ਵੇਖ ਅੰਦਰੋਂ-ਅੰਦਰੀ ਲਹੂ-ਲੁਹਾਣ ਬੇਵੱਸ ਹੋ ਜਾਂਦੀ ਹੈ ।
ਉਹ ਆਪਣੇ ਪਿਤਾ ਨੂੰ ਦਾਜ ਦੇ ਰੂਪ ਵਿੱਚ ਕਰਜ਼ਾਈ ਵੀ ਨਹੀਂ ਕਰਨਾ ਚਾਹੁੰਦੀ ਕੇ ਉਸਦੇ ਵਿਆਹ ਦਾ ਬੋਝ ਉਸਦੇ ਪਿਤਾ ਨੂੰ ਰੋਗੀ ਬਣਾ ਦੇਵੇ।
ਔਰਤ ਬਰਾਬਰ ਦਾ ਵਰ ਚਾਹੁੰਦੀ ਹੈ ਤੇ ਪਤੀ ਦੀ ਵਧੀਆ ਦੋਸਤ ਵਧੀਆ ਜਿੰਦਗੀ ਭਰ ਦਾ ਸਾਥੀ ਬਣਨਾ ਚਾਹੁੰਦੀ ਹੈ ।
ਪਤੀ ਦੀਆਂ ਜਿੰਮੇਵਾਰੀਆਂ ਨੂੰ ਸ਼ਿੱਦਤ ਨਾਲ ਨਿਭਾਉਦਿਆਂ ਸਨਮਾਨ ਚਾਹੁੰਦੀ ਹੈ ।
ਬੇਸ਼ੱਕ ਔਰਤ ਪਤੀ ਦੀ ਸੰਤਾਨ ਪੈਦਾ ਕਰਨ ਲਈ ਆਪਣਾ ਹੁਸਨ ਸਦਾ ਲਈ ਗੁਆ ਦਿੰਦੀ ਹੈ ਪਰ ਬਹੁਤੇ ਮਰਦ ਉਸਨੂੰ ਅਣਗੌਲਿਆ ਕਰ ਦਿੰਦੇ ਹਨ । ਉਹ ਪਤੀ ਤੋਂ ਵੀ ਉੰਨੀ ਹੀ ਉਮੀਦ ਰੱਖਦੀ ਹੈ ਜਿੰਨਾ ਸਤਿਕਾਰ ਅਤੇ ਵਫਾਵਾਂ ਪਤੀ ਨਾਲ ਰੱਖਦੀ ਹੈ ।
ਪਰ ਅਜਿਹਾ ਨਹੀਂ ਹੁੰਦਾ ਉਸ ਨਾਲ ।
ਉਹ ਕੁੱਖ ਵਿੱਚ ਧੀ ਨੂੰ ਮਾਰਨਾ ਨਹੀਂ ਚਾਹੁੰਦੀ ….ਆਪਣੇ ਹੰਢਾਏ ਹਲਾਤਾਂ ਦੇ ਮੱਦੇ ਨਜ਼ਰ ਧੀ ਨੂੰ ਜਨਮ ਦੇਣ ਤੋਂ ਕਤਰਾਉਂਦੀ ਹੈ ਜਦੋਂ ਕੇ ਔਰਤ ਨੂੰ ਪਤਾ ਹੁੰਦਾ ਹੈ ਧੀ ਉਸਦੀ ਸਹੀ ਸਹੇਲੀ ਤੇ ਦੁੱਖ ਦਰਦ ਵੰਡਾਉਣ ਦੀ ਹਿੰਮਤ ਰੱਖਦੀ ਹੈ ।
ਬਹੁਤੀ ਵਾਰ ਤਾਂ ਸਹੁਰੇ ਘਰ ਉਸਨੂੰ ਬਿੱਲਕੁੱਲ ਵੀ ਇੱਜ਼ਤ ਨਹੀਂ ਦਿੱਤੀ ਜਾਂਦੀ ਫਿਰ ਵੀ ਉਹ ਆਪਾ ਕੁਰਬਾਨ ਕਰ ਤਲਾਕ ਤੋਂ ਪ੍ਰਹੇਜ਼ ਰੱਖਦੀ ਹੈ ।
ਔਰਤ ਇੱਕ ਸਮਝਣ ਵਾਲੀ …ਰੱਬ ਵੱਲੋਂ ਦਿੱਤੀ ਕੁਦਰਤੀ ਦੁਆ ਹੈ ਜੋ ਹਮੇਸ਼ਾਂ ਹੀ ਦੂਜਿਆਂ ਦਾ ਭਲਾ ਤੇ ਸਨਮਾਨ ਚਾਹੁੰਦੀ ਹੈ ।ਜਦੋਂ ਉਸਨੂੰ ਸਮਝਿਆ ਨਹੀਂ ਜਾਂਦਾ ਉਹ ਆਪਣਾ ਰਵੱਈਆ ਬਦਲਣ ਦੇ ਸਮਰੱਥ ਹੈ ਪਰ ਸਮਾਜ ਦੀ ਪਰਵਾਹ ਉਸਨੂੰ ਬਹੁਤ ਕੁਝ ਬਰਦਾਸ਼ਿਤ ਕਰਨ ਲਈ ਮਜਬੂਰ ਕਰਦੀ ਹੈ ।
ਜਿੰਨਾ ਹੀ ਔਰਤ ਨੂੰ ਸਮਝਿਆ ਜਾਵੇ ਉਹ ਥੋੜਾ ਹੁੰਦਾ ਹੈ ਕਿਉਕਿ ਔਰਤ ਮਰਦ ਦੇ ਮੁਕਾਬਲੇ ਵਧੇਰੇ ਮਜ਼ਬੂਤ ਸ਼ਹਿਣਸ਼ੀਲ ਅਤੇ ਹਾਲਾਤਾਂ ਮੁਤਾਬਿਕ ਢਲਣ ਦੀ ਸਮਰੱਥਾ ਰੱਖਦੀ ਹੈ ।
ਔਰਤ ਨਾਲ ਜਿੰਨਾ ਪਿਆਰ ਅਤੇ ਹਮਦਰਦੀ ਜਤਾਈ ਜਾਵੇ ਉਹ ਕਰਜ਼ ਨਹੀਂ ਰੱਖਦੀ ….ਇੱਕ ਘਰ ਨੂੰ ਸਵਰਗ ਬਣਾ ਦਿੰਦੀ ਹੈ । ਮਾਪਿਆਂ ਵੱਲੋਂ ਮਿਲੇ ਚੰਗੇ ਸੰਸਕਾਰ ਉਸਦਾ ਗਹਿਣਾ ਹੁੰਦੇ ਹਨ ਅਤੇ ਉੱਤਮ ਕਿਰਦਾਰ ਉਸਦੀ ਇਬਾਦਤ ਹੁੰਦਾ ਹੈ ।
ਸਮਝਣ ਵਾਲੀ ਅੱਖ ਦਾ ਹਮਦਰਦ ,ਮਮਤਾ ਦਾ ਚਿਰਾਗ ਹੈ ਸਿਰੜ ਦੀ ਮੂਰਤ ,ਗੁਣਾਂ ਦਾ ਖਜ਼ਾਨਾ ,ਬੱਚਿਆਂ ਦਾ ਰੱਬ ਹੈ ਔਰਤ ।
ਜਿਸ ਰੂਪ ਵਿੱਚ ਵੇਖਣਾ ਚਾਹੋਗੇ .. ਉਸ ਰੂਪ ਵਿੱਚ ਹੋ ਕੇ ਮਿਲੇਗੀ ..!!
ਸਤਿਕਾਰ ਕਰੋ ਔਰਤ ਦਾ, ਤਾਂ ਹੀ …!!🙏🏻
(ਰਾਜਵਿੰਦਰ ਕੌਰ ਵਿੜਿੰਗ)
ਇਹ ਹੈ ਕਰਨਾਟਕਾ ਦੇ ਪਿੰਡ ਕਡੱਈਕੁੜੀ (ਮੈਸੂਰ) ਦਾ 22 ਸਾਲਾ ਪ੍ਰਤਾਪ, ਜੋ ਜਪਾਨ, ਜਰਮਨੀ, ਫਰਾਂਸ ਚ ਲੱਖਾਂ ਰੁਪਈਏ ਦੀ ਨੌਕਰੀ ਨੂੰ ਲੱਤ ਮਾਰ ਚੁੱਕਿਆ ।
ਪ੍ਰਤਾਪ ਦਰਅਸਲ ਇੱਕ ਬੇਹੱਦ ਗਰੀਬ ਕਿਸਾਨ ਪਰਿਵਾਰ ਚ ਪੈਦਾ ਹੋਇਆ, ਨਾਂ ਪੜਣ ਲਈ ਪੈਸੇ, ਨਾਂ ਹੋਸਟਲਾਂ ਦੇ ਖਰਚੇ, ਬੱਸ ਜੇ ਕੋਲੇ ਕੁਸ ਸੀ ਤਾਂ ਉਹ ਸੀ ਜਜ਼ਬਾ ਕੁਝ ਕਰਨ ਦਾ ਤੇ ਸ਼ੌਂਕ ਸੀ ਆਸਮਾਨ ਚ ਉੱਡਣ ਤੇ ਜਹਾਜਾਂ ਬਾਰੇ ਜਾਣਕਾਰੀ ਹਾਸਿਲ ਕਰਨ ਦਾ ।
ਦੁਨੀਆਂ ਭਰ ਦੇ ਵਿਗਿਆਨਕਾਂ ਨੂੰ ਟੁੱਟੀ ਫੁੱਟੀ ਅੰਗਰੇਜ਼ੀ ਚ ਮੇਲਾਂ ਭੇਜਿ ਜਾਣਾ ਪਰ ਕਦੇ ਕਿਸੇ ਦਾ ਜੁਆਬ ਨੀਂ ਆਇਆ, ਇੰਜੀਨਅਰਿੰਗ ਚ ਦਾਖਲਾ ਲੈਣਾ ਸੀ ਪਰ ਪੈਸੇ ਨਹੀਂ ਸੀ, ਅਖੀਰ ਬੀ.ਐਸ.ਸੀ ਚ ਦਾਖਿਲਾ ਲਿਆ, ਹੋਸਟਲ ਦਾ ਖਰਚਾ ਨਹੀਂ ਸੀ ਤਾਂ ਬੱਸ ਅੱਡੇ ਤੇ ਰਹਿੰਦਾ, ਉਥੇ ਈ ਲੀੜੇ ਕੱਪੜੇ ਧੋਣੇ, ਹੌਲੀ ਹੌਲੀ ਕੰਪਿਊਟਰ ਦੀ ਭਾਸ਼ਾ java, c, c++ ਸਭ ਸਿੱਖੀ, ਤੇ ਅਖੀਰ ਇਲੈਕਟ੍ਰੋਨਿਕ ਰਹਿੰਦ ਖੂੰਹਦ ਤੋਂ ਡਰੋਨ ਬਣਾਉਣ ਚ ਜੁੱਟ ਗਿਆ, 80 ਵਾਰ ਅਸਫਲ ਹੋਣ ਤੋਂ ਬਾਅਦ ਅਖੀਰ ਡਰੋਨ ਬਣਾ ਲਿਆ ਤੇ ਆਈ.ਆਈ.ਟੀ ਦਿੱਲੀ ਇੱਕ ਮੁਕਾਬਲੇ ਚ ਪਹੁੰਚ ਗਿਆ, ਜਿੱਥੇ ਪ੍ਰਤਾਪ ਨੇ ਪਹਿਲਾ ਇਨਾਮ ਜਿੱਤਿਆ ।
ਫੇਰ ਕਿਸੇ ਜੇ ਜਪਾਨ ਚ ਹੋਣ ਵਾਲੇ ਕਿਸੇ ਮੁਕਾਬਲੇ ਦੀ ਦੱਸ ਪਾਤੀ ਤਾਂ ਆਵਦਾ ਡਰੋਨ ਲੈਕੇ ਓਧਰ ਨੂੰ ਚੱਲ ਪਿਆ, ਪੈਸੇ ਹੈਨੀ ਸੀ ਕਿਸੇ ਤਰਾਂ ਉਧਾਰੇ ਫੜ੍ਹ ਕੇ ਬਿਨਾਂ ਬੁਲੇਟ ਟਰੇਨ ਚ ਸਫਰ ਕੀਤੇ ਸਾਦੀ ਟਰੇਨ ਜ਼ਰੀਏ ਪਹੁੰਚਿਆ, ਮੁਕਾਬਲੇ ਚ ਹਿੱਸਾ ਲਿਆ ਤੇ ਸਭ ਨੂੰ ਪਛਾੜਦੇ ਹੋਏ 10 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਜਿੱਤਿਆ, ਫੇਰ ਫਰਾਂਸ, ਜਰਮਨੀ ਚ ਝੰਡੇ ਗੱਡੇ,ਸਭ ਥਾਂਈ ਨੌਕਰੀ ਆਫਰ ਹੋਈ ਪਰ ਪ੍ਰਤਾਪ ਨੇ ਨਹੀਂ ਲਈ । ਆਵਦੇ ਦੇਸ਼ ਪਰਤਿਆ ਤਾਂ ਪ੍ਰਧਾਨ ਮੰਤਰੀ ਨੇ ਸੱਦ ਕੇ ਨਾਂ ਸਿਰਫ ਇਨਾਮ ਦਿੱਤਾ ਬਲਕਿ DRDO ( Defence Research and Development Organisation) ਚ ਨੌਕਰੀ ਦਿੱਤੀ ਹੈ ਤੇ ਹੁਣ ਤੱਕ ਪ੍ਰਤਾਪ 600 ਡਰੋਨ ਬਣਾ ਚੁੱਕਿਆ ਜੋ ਦੇਸ਼ ਦੀਆਂ ਸਰਹੱਦਾਂ ਤੇ ਪਹਿਰਾ ਦਿੰਦੇ ਨੇ ।
ਸੋ ਕੁੱਲ ਮਿਲਾ ਕੇ ਪ੍ਰੇਰਣਾਸ੍ਰੋਤ ਤੇ ਹੀਰੋ ਪ੍ਰਤਾਪ ਵਰਗੇ ਨੌਜਵਾਨ ਨੇ, ਜੋ ਮਾੜੇ ਹਾਲਾਤਾਂ ਚ ਜ਼ੀਰੋ ਤੋਂ ਸ਼ੁਰੂ ਕਰਕੇ ਕਾਮਯਾਬ ਹੁੰਦੇ ਨੇ, ਨਾਂ ਕਿ ਟਿਕਟੌਕ ਅਰਗੀ ਕਾਲਪਨਿਕ ਤੇ ਝੂਠੀ ਦੁਨੀਆਂ ਦੇ ਰੰਗ ਬਿਰੰਗੇ ਵਾਲਾਂ ਆਲੇ ਜੌਕਰਾਂ ਨੂੰ, ਜੀਹਦਾ ਕਿਸੇ ਨੂੰ ਭੋਰ੍ਹਾ ਫਾਇਦਾ ਨੀਂ!!!!
ਇੱਕ ਸ਼ੇਰ ਪਿੰਜਰੇ ਵਿੱਚ ਬੰਦ ਸੀ। ਜਿਹੜਾ ਵੀ ਰਾਹਗੀਰ ਉੱਧਰੋਂ ਲੰਘਦਾ, ਉਸਨੂੰ ਉਹ ਬਹੁਤ ਫ਼ਰਿਆਦ ਕਰਦਾ ਅਤੇ ਪਿੰਜਰੇ ਦੀ ਕੁੰਡੀ ਖੋਲ੍ਹਣ ਲਈ ਕਹਿੰਦਾ। ਉਸਦੀ ਫ਼ਰਿਆਦ ਸੁਣਕੇ ਬਾਲ ਉਸ ‘ਤੇ ਤਰਸ ਕਰਦੇ, ਪਰ ਕਿਸੇ ਦੀ ਵੀ ਕੁੰਡੀ ਖੋਲ੍ਹਣ ਦੀ ਹਿੰਮਤ ਨਾ ਪੈਂਦੀ।
ਇੱਕ ਦਿਨ ਇੱਕ ਬਹੁਤ ਹੀ ਸਿੱਧਾ ਅਤੇ ਸ਼ਰੀਫ ਆਦਮੀ ਜਿਹੜਾ ਕਿ ਰਾਜੇ ਦੇ ਮਹਿਲ ਵਿੱਚ ਨੌਕਰੀ ਕਰਦਾ ਸੀ, ਉੱਧਰੋਂ ਲੰਘਿਆ। ਸ਼ੇਰ ਨੇ ਉਸਨੂੰ ਫ਼ਰਿਆਦ ਕਰਦਿਆਂ ਕਿਹਾ, ‘ਕਿਰਪਾ ਕਰਕੇ ਪਿੰਜਰਾ ਖੋਲ੍ਹ ਦਿਓ। ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲਾਂਗਾ।’
ਉਸ ਆਦਮੀ ਨੇ ਸ਼ੇਰ ‘ਤੇ ਤਰਸ ਕਰਕੇ ਪਿੰਜਰਾ ਖੋਲ੍ਹ ਦਿੱਤਾ। ਜਿਵੇਂ ਹੀ ਪਿੰਜਰਾ ਖੁੱਲ੍ਹਾ ਅਤੇ ਸ਼ੇਰ ਨੇ ਪਿੰਜਰੇ ਵਿੱਚੋਂ ਬਾਹਰ ਆ ਕੇ ਕਿਹਾ, ‘ਹੁਣ ਮੈਂ ਤੈਨੂੰ ਖਾਵਾਂਗਾ।’
ਉਹ ਆਦਮੀ ਬੋਲਿਆ, ‘ਮੈਂ ਅਜਿਹੀ ਗੱਲ ਕਦੇ ਨਹੀਂ ਸੁਣੀ ਕਿ ਉਪਕਾਰ ਕਰਨ ਵਾਲੇ ਆਦਮੀ ਨੂੰ ਮਾਰ ਦੇਣਾ ਚਾਹੀਦਾ ਹੈ?’
ਸ਼ੇਰ ਨੇ ਕਿਹਾ, ‘ਇਹ ਤਾਂ ਕੁਦਰਤ ਦਾ ਨਿਯਮ ਹੈ। ਪਹਿਲਾਂ ਉਪਕਾਰ ਕਰਨ ਵਾਲੇ ਆਦਮੀ ਨੂੰ ਹੀ ਦੰਡ ਭੁਗਤਣਾ ਪੈਂਦਾ ਹੈ।’
ਆਦਮੀ ਬੋਲਿਆ, ‘ਇਸ ਗੱਲ ਦਾ ਫ਼ੈਸਲਾ ਅਸੀਂ ਤਿੰਨ ਗਵਾਹਾਂ ‘ਤੇ ਛੱਡ ਦਿੰਦੇ ਹਾਂ। ਜੇ ਉਨ੍ਹਾਂ ਦੀ ਵੀ ਇਹੋ ਰਾਇ ਹੋਈ ਤਾਂ ਤੂੰ ਮੈਨੂੰ ਬੇਸ਼ੱਕ ਖਾ ਲਈਂ।’
ਸ਼ੇਰ ਨੇ ਕਿਹਾ, ‘ਠੀਕ ਹੈ! ਤੂੰ ਮੈਨੂੰ ਆਪਣੇ ਤਿੰਨ ਗਵਾਹਾਂ ਕੋਲ ਲੈ ਚੱਲ।’
ਉਹ ਆਦਮੀ ਸਭ ਤੋਂ ਪਹਿਲਾਂ ਸ਼ੇਰ ਨੂੰ ਇੱਕ ਟਟੀਹਰੀ ਕੋਲ ਲੈ ਗਿਆ ਅਤੇ ਉਸਨੂੰ ਪੁੱਛਿਆ ਕਿ ਕਿਸੇ ਉਪਕਾਰ ਕਰਨ ਵਾਲੇ ਨੂੰ ਭਲਾ ਕਰਨ ਦੀ ਸਜ਼ਾ ਦੇਣੀ ਚਾਹੀਦੀ ਹੈ ਜਾਂ ਇਨਾਮ ਦੇਣਾ ਚਾਹੀਦਾ ਹੈ?’
ਟਟੀਹਰੀ ਨੇ ਕਿਹਾ, ‘ਮੈਂ ਤਾਂ ਕਿਸਾਨਾਂ ਦੇ ਖੇਤਾਂ ਦੀ ਰਾਖੀ ਕਰਦੀ ਹਾਂ, ਪਰ ਕਿਸਾਨ ਫਿਰ ਵੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਮੇਰਾ ਵਿਚਾਰ ਹੈ ਕਿ ਉਪਕਾਰ ਕਰਨ ਵਾਲੇ ਆਦਮੀ ਦਾ ਕਦੇ ਭਲਾ ਨਹੀਂ ਕਰਨਾ ਚਾਹੀਦਾ।’
ਇਸਤੋਂ ਬਾਅਦ ਉਹ ਆਦਮੀ ਸ਼ੇਰ ਨੂੰ ਇੱਕ ਬੋਹੜ ਦੇ ਦਰੱਖਤ ਕੋਲ ਲੈ ਗਿਆ ਅਤੇ ਕਿਹਾ, ‘ਇਹ ਮੇਰਾ ਦੂਜਾ ਗਵਾਹ ਹੈ।’ ਬੋਹੜ ਨੂੰ ਵੀ ਉਹ ਹੀ ਸਵਾਲ ਪੁੱਛਿਆ ਗਿਆ।
ਬੋਹੜ ਬੋਲਿਆ, ਬਾਲ ਮੇਰੀ ਛਾਂ ਹੇਠ ਬੈਠਦੇ ਹਨ, ਪਰ ਮੇਰੇ ਪੱਤੇ ਤੋੜ ਲੈਂਦੇ ਹਨ ਅਤੇ ਮੇਰਾ ਦੁੱਧ ਵੀ ਕੱਢ ਲੈਂਦੇ ਹਨ। ਇਸ ਲਈ ਕਿਸੇ ਨੂੰ ਵੀ ਉਪਕਾਰ ਕਰਨ ਵਾਲੇ ਆਦਮੀ ਦਾ ਭਲਾ ਨਹੀਂ ਕਰਨਾ ਚਾਹੀਦਾ।’
ਉਸੇ ਵੇਲੇ ਉੱਥੇ ਬਘਿਆੜ ਆ ਗਿਆ। ਉਹ ਬਹੁਤ ਚਾਲਾਕ ਸੀ। ਉਸਨੇ ਕਿਹਾ, ਮੇਰੀ ਸਮਝ ਵਿੱਚ ਇਹ ਨਹੀਂ ਆ ਰਿਹਾ ਕਿ ਅਸਲ ਵਿੱਚ ਹੋਇਆ ਕੀ ਹੈ? ਸ਼ੇਰ ਇਸ ਰਸਤੇ ਆ ਰਿਹਾ ਸੀ ਅਤੇ ਇਹ ਆਦਮੀ ਪਿੰਜਰੇ ਵਿੱਚ ਬੰਦ ਸੀ ਜਾਂ ਆਦਮੀ ਇਸ ਰਸਤੇ ਆ ਰਿਹਾ ਸੀ ਅਤੇ ਸ਼ੇਰ ਪਿੰਜਰੇ ਵਿੱਚ ਬੰਦ ਸੀ।’
ਸ਼ੇਰ ਨੇ ਬਘਿਆੜ ਨੂੰ ਅਸਲ ਗੱਲ ਸਮਝਾਉਣੀ ਚਾਹੀ ਅਤੇ ਬੋਲਿਆ, ‘ਮੈਂ ਇਸ ਪਿੰਜਰੇ ਵਿੱਚ ਇਉਂ ਬੰਦ ਸੀ।’ ਕਹਿੰਦਾ ਹੋਇਆ ਸ਼ੇਰ ਮੁੜ ਉਸ ਪਿੰਜਰੇ ਵਿੱਚ ਵੜ ਗਿਆ ਤੇ ਚਾਲਾਕ ਬਘਿਆੜ ਨੇ ਤੁਰੰਤ ਬਾਹਰੋਂ ਪਿੰਜਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਆਦਮੀ ਵੱਲ ਵੇਖ ਕੇ ਬੋਲਿਆ, ‘ਕਿਸੇ ਧੋਖੇਬਾਜ਼ ‘ਤੇ ਕਦੇ ਵਿਸ਼ਵਾਸ ਨਾ ਕਰੋ। ਜਾਓ, ਰਾਜ ਮਹਿਲ ਵਿੱਚ ਤੁਹਾਡੀ ਉਡੀਕ ਹੋ ਰਹੀ ਹੋਵੇਗੀ।’
ਉਹ ਆਦਮੀ ਆਪਣੀ ਜਾਨ ਬਚਾਉਣ ਲਈ ਬਘਿਆੜ ਦਾ ਧੰਨਵਾਦ ਕਰਕੇ ਰਾਜ ਮਹਿਲ ਵੱਲ ਚਲਾ ਗਿਆ।
-(ਰਾਜਕੁਮਾਰ ਸਕੋਲੀਆ)
“ਛੋਲੀਆ ਕੀ ਭਾਅ ਲਾਇਆ ਹੈ।”
“ਚਾਲੀ ਰੁਪਏ ਪਾਈਆ।”
“ਪੰਜਾਹ ਦਾ ਦੇ ਦਿਓਂ।” ਤੇ ਮੈਂ ਪੰਜਾਹ ਦਾ ਨੋਟ ਪਕੜਾ ਦਿੱਤਾ।
ਉਸਨੇ ਛੋਲੀਆ ਤੋਲ ਦਿੱਤਾ।
ਪਰ ਨੋਟ ਪਕੜ ਕੇ ਨਾਲ ਦਿਆਂ ਕੋਲੋਂ ਸ਼ਾਇਦ ਪੈਸੇ ਖੁੱਲ੍ਹੇ ਲੈਣ ਚਲੀ ਗਈ।
“ਖੁੱਲ੍ਹੇ ਪੈਸੇ ਕਿਓੰ?”
“ਤੁਸੀਂ ਮੈਨੂੰ ਸੋ ਦਾ ਨੋਟ ਦਿੱਤਾ ਹੈ ਤੇਂ ਤੁਹਾਨੂੰ ਅੱਸੀ ਮੋੜਨੇ ਹਨ।” ਉਸ ਨੇ ਕਿਹਾ।
“ਅੱਸੀ ਕਿਓੰ?” ਮੈਂ ਪੁੱਛਿਆ।
“ਵੀਹ ਦਾ ਛੋਲੂਆ ਦਿੱਤਾ ਹੈ ਨਾ ਤੁਹਾਨੂੰ।” ਉਸਨੇ ਸਪਸ਼ਟੀਕਰਨ ਦਿੱਤਾ।
“ਉਹ ਹੋ। ਮੈਂ ਤਾਂ ਤੁਹਾਨੂੰ ਪੰਜਾਹ ਦਾ ਨੋਟ ਹੀ ਦਿੱਤਾ ਹੈ। ਤੇ ਪੰਜਾਹ ਦਾ ਛੋਲੂਆ ਹੀ ਮੰਗਿਆ ਹੈ।”
“ਪੁੱਤ ਨਾ ਸੁਣਦਾ ਹੈ ਮੈਨੂੰ ਤੇ ਨਾ ਦਿਖਦਾ ਹੈ।” ਕਹਿ ਕੇ ਮੇਰਾ ਪੰਜਾਹ ਦਾ ਛੋਲੂਆ ਪੂਰਾ ਕਰ ਦਿੱਤਾ। ਓਹਨਾ ਦੋਹਾਂ ਜੀਆਂ ਦੀ ਉਮਰ ਠੰਡ ਵਿਚ ਕੰਧ ਨਾਲ ਬੈਠਕੇ ਛੋਲੂਆ ਵੇਚਣ ਦੀ ਨਹੀਂ। ਪਰ ਪਾਪੀ ਪੇਟ ਜੋ ਹੈ।
ਫੋਟੋ ਖਿੱਚਣ ਦੇ ਵਕਤ ਇਹ ਬੇਬੇ ਬਾਪੂ ਡੱਬਵਾਲੀ ਰੇਲਵੇ ਫਾਟਕ ਕੋਲ ਕੰਧ ਨਾਲ PNB ਦੇ ਸਾਹਮਣੇ ਬੈਠੇ ਸਨ।
ਪੁਰਾਣੇ ਸਮੇਂ ਦੀ ਗੱਲ ਹੈ । ਇੱਕ ਗਿੱਦੜ ਘੁੰਮਦਾ ਹੋਇਆ ਸ਼ਹਿਰ ਵਿੱਚ ਆ ਵੜਿਆ। ਉੱਥੇ ਉਸ ਨੂੰ ਘੁੰਮਦੇ ਨੂੰ ਦੇਖ ਕੇ ਸ਼ਹਿਰ ਦੇ ਕੁੱਤੇ ਭੌਂਕਣ ਲੱਗੇ ਅਤੇ ਉਸ ਦੇ ਮਗਰ ਦੌੜ ਪਏ। ਦੌੜਦਾ ਹੋਇਆ ਗਿੱਦੜ ਲਲਾਰੀ ਦੇ ਰੰਗ ਵਾਲੇ ਮੱਟ ਵਿੱਚ ਡਿੱਗ ਪਿਆ। ਜਦੋਂ ਗਿੱਦੜ ਮੱਟ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਦਾ ਸਰੀਰ ਰੰਗ ਚੜ੍ਹਨ ਨਾਲ ਨੀਲਾ ਹੋ ਗਿਆ ਸੀ।
ਉਹ ਦੌੜਦਾ-ਦੌੜਦਾ ਜੰਗਲ ਵਿੱਚ ਚਲਾ ਗਿਆ। ਜੰਗਲ ਵਿੱਚ ਪਹੁੰਚ ਕੇ ਗਿੱਦੜ ਨੇ ਜੰਗਲ ਦੇ ਜੀਵ-ਜੰਤੂਆਂ ਅਤੇ ਪੰਛੀਆਂ ਦਾ ਇਕੱਠ ਸੱਦਿਆ। ਜੰਗਲ ਦੇ ਵਾਸੀਆਂ ਨੂੰ ਸੰਬੋਧਨ ਹੁੰਦਾ ਉਹ ਆਖਣ ਲੱਗਾ, ‘‘ਜੰਗਲ ਵਾਸੀਓ, ਮੈਂ ਰੱਬੀ ਫਰਿਸ਼ਤਾ ਹਾਂ, ਮੈਨੂੰ ਰੱਬ ਨੇ ਤੁਹਾਡੀ ਸੇਵਾ ਲਈ ਭੇਜਿਆ ਹੈ। ਇਸ ਲਈ ਅੱਜ ਤੋਂ ਮੈਂ ਤੁਹਾਡਾ ਰਾਜਾ ਹੋਵਾਂਗਾ।’’ ਜੰਗਲ ਦੇ ਸਭ ਵਾਸੀਆਂ ਨੇ ਉਸ ਨੂੰ ਆਪਣਾ ਰਾਜਾ ਮੰਨ ਲਿਆ ਸੀ।
ਦਿਨ ਲੰਘਦੇ ਗਏ, ਗਿੱਦੜ ਝੂਠ ਬੋਲ ਕੇ ਜੰਗਲ ਦਾ ਰਾਜਾ ਬਣ ਗਿਆ ਸੀ। ਇਸ ਤਰ੍ਹਾਂ ਝੂਠ ਅਤੇ ਚਲਾਕੀ ਨਾਲ ਉਹ ਆਪਣਾ ਰਾਜ-ਪ੍ਰਬੰਧ ਚਲਾਉਣ ਲੱਗਾ। ਇੱਕ ਦਿਨ ਉਹ ਆਪਣੇ ਅੰਗ-ਰੱਖਿਅਕਾਂ ਅਤੇ ਸਲਾਹਕਾਰਾਂ ਨਾਲ ਕਿਧਰੇ ਜਾ ਰਿਹਾ ਸੀ ਕਿ ਉਸ ਦੇ ਕੰਨੀਂ ਗਿੱਦੜਾਂ ਦੇ ਹੁਆਂਕਣ ਦੀ ਆਵਾਜ਼ ਪਈ। ਉਸ ਤੋਂ ਰਿਹਾ ਨਾ ਗਿਆ, ਉਹ ਵੀ ਉਨ੍ਹਾਂ ਦੀ ਰੀਸੇ ਉੱਚੀ-ਉੱਚੀ ਹੁਆਂਕਣ ਲੱਗ ਪਿਆ। ਅੰਗ ਰੱਖਿਅਕਾਂ ਜਿਨ੍ਹਾਂ ਵਿੱਚ ਚੀਤਾ ਅਤੇ ਬਘਿਆੜ ਵੀ ਸੀ, ਨੂੰ ਗਿੱਦੜ ਦੇ ਝੂਠ ਅਤੇ ਚਲਾਕੀ ’ਤੇ ਬਹੁਤ ਗੁੱਸਾ ਆ ਗਿਆ ਕਿ ਕਿਸ ਤਰ੍ਹਾਂ ਉਹ ਝੂਠ ਬੋਲ ਕੇ ਉਨ੍ਹਾਂ ਦਾ ਰਾਜਾ ਬਣ ਗਿਆ ਸੀ। ਉਨ੍ਹਾਂ ਨੇ ਝਪਟ ਕੇ ਗਿੱਦੜ ਨੂੰ ਮਾਰ ਦਿੱਤਾ।
ਬੱਚਿਓ, ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਤੇ ਸਦਾ ਸੱਚ ਬੋਲਣਾ ਚਾਹੀਦਾ ਹੈ।
ਇੱਕ ਵੱਡੇ ਜੰਗਲ ਵਿੱਚ ਸ਼ੇਰ ਰਹਿੰਦਾ ਸੀ। ਉਹ ਬਹੁਤ ਗੁੱਸੇਖੋਰ ਅਤੇ ਜ਼ਾਲਮ ਸੀ। ਸਾਰੇ ਜਾਨਵਰ ਉਸਤੋਂ ਬਹੁਤ ਡਰਦੇ ਸਨ । ਉਹ ਸਾਰੇ ਜਾਨਵਰਾਂ ਨੂੰ ਬਹੁਤ ਤੰਗ ਕਰਦਾ ਸੀ। ਉਹ ਆਏ ਦਿਨ ਜੰਗਲ ਵਿੱਚ ਜਾਨਵਰਾਂ ਦਾ ਲੋੜ ਤੋਂ ਵੱਧ ਸ਼ਿਕਾਰ ਕਰਦਾ ਸੀ। ਸ਼ੇਰ ਦੇ ਇਸ ਜ਼ੁਲਮ ਤੋਂ ਸਾਰੇ ਜਾਨਵਰ ਬਹੁਤ ਹੀ ਦੁਖੀ ਸਨ ।
ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਸ਼ੇਰ ਦੇ ਸਾਹਮਣੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ, “ਮਹਾਰਾਜ । ਤੁਸੀਂ ਸਾਡੇ ਰਾਜਾ ਹੋ, ਅਸੀਂ ਤੁਹਾਡੀ ਪਰਜਾ ਹਾਂ । ਜਿਸ ਤਰ੍ਹਾਂ ਤੁਸੀਂ ਸਾਨੂੰ ਮਾਰੀ ਜਾਂਦੇ ਹੋ, ਛੇਤੀ ਹੀ ਜੰਗਲ ਦੇ ਸਭ ਜਾਨਵਰ ਮੁੱਕ ਜਾਣਗੇ । ਤੁਸੀਂ ਵੀ ਭੁੱਖ ਨਾਲ ਮਰ ਜਾਓਗੇ । ਅਸੀਂ ਹਰ ਰੋਜ਼ ਤੁਹਾਡੇ ਖਾਣ ਲਈ ਇੱਕ ਜਾਨਵਰ ਆਪਣੇ ਆਪ ਭੇਜ ਦਿਆ ਕਰਾਂਗੇ ।” ਇਸ ਗੱਲ ਤੇ ਸ਼ੇਰ ਬਹੁਤ ਖੁਸ਼ ਹੋਇਆ । ਉਸਦੇ ਬਾਅਦ ਸ਼ੇਰ ਨੇ ਸ਼ਿਕਾਰ ਕਰਨਾ ਵੀ ਬੰਦ ਕਰ ਦਿੱਤਾ ।
ਇੱਕ ਦਿਨ ਇਕ ਖਰਗੋਸ਼ ਦੀ ਵਾਰੀ ਆ ਗਈ । ਉਹ ਜ਼ਰਾ ਦੇਰ ਨਾਲ ਸ਼ੇਰ ਕੋਲ ਪੁੱਜਿਆ । ਸ਼ੇਰ ਦਹਾੜਿਆ ਤੇ ਉਸਨੇ ਅੱਖਾਂ ਲਾਲ ਕਰਕੇ ਖਰਗੋਸ਼ ਨੂੰ ਪੁੱਛਿਆ, “ਤੂੰ ਇੰਨੀ ਦੇਰ ਕਿਉਂ ਲਾਈ ਤੇ ਤੇਰੇ ਨਾਲ ਮੇਰਾ ਢਿੱਡ ਕਿਵੇਂ ਭਰੇਗਾ ? ਖਰਗੋਸ਼ ਚਲਾਕ ਸੀ ਉਹ ਥੋੜ੍ਹਾ ਰੁਕ ਕੇ ਬੋਲਿਆ, “ਮਹਾਰਾਜ ਮੇਰੇ ਨਾਲ ਮੇਰੇ ਹੋਰ ਵੀ ਸਾਥੀ ਸਨ, ਸਾਨੂੰ ਰਾਹ ਵਿੱਚ ਇਕ ਹੋਰ ਸ਼ੇਰ ਨੇ ਰੋਕ ਲਿਆ ਅਤੇ ਮੇਰੇ ਸਾਥੀਆਂ ਨੂੰ ਖਾ ਗਿਆ, ਮੈਂ ਮਸਾਂ ਬਚ ਕੇ ਤੁਹਾਡੇ ਕੋਲ ਆਇਆ ਹਾਂ ।” ਸ਼ੇਰ ਬੋਲਿਆ, “ਇਸ ਜੰਗਲ ਦਾ ਰਾਜਾ ਤਾਂ ਮੈਂ ਹਾਂ ਇਹ ਦੂਜਾ ਸ਼ੇਰ ਕਿੱਥੋ ਆ ਗਿਆ ।” ਖਰਗੋਸ਼ ਨੇ ਕਿਹਾ, “ਮੇਰੇ ਨਾਲ ਚੱਲੋ ਮੈਂਂ ਤੁਹਾਨੂੰ ਦੱਸਦਾ ਹਾਂ ਉਹ ਕਿੱਥੇ ਹੈ ?”
ਸ਼ੇਰ ਖਰਗੋਸ਼ ਦੇ ਨਾਲ ਤੁਰ ਪਿਆ ।ਖਰਗੋਸ਼ ਸ਼ੇਰ ਨੂੰ ਇੱਕ ਖੂਹ ਕੋਲ ਲੈ ਗਿਆ ਅਤੇ ਕਹਿਣ ਲੱਗਾ, “ਮਹਾਰਾਜ ਦੂਜਾ ਸ਼ੇਰ ਇਸ ਖੂਹ ਵਿੱਚ ਰਹਿੰਦਾ ਹੈ ।” ਸ਼ੇਰ ਨੇ ਖੂਹ ਵਿੱਚ ਵੇਖਿਆ ਅਤੇ ਉਸਨੂੰ ਆਪਣਾ ਪਰਛਾਵਾਂ ਵਿਖਾਈ ਦਿੱਤਾ । ਉਹ ਸਮਝਿਆ ਦੂਜਾ ਸ਼ੇਰ ਹੈ ।ਉਹ ਜ਼ੋਰ ਦੀ ਦਹਾੜਿਆ ਖੂਹ ਵਿੱਚੋਂ ਪਰਤਵੀਂ ਦਹਾੜ ਸੁਣਾਈ ਦਿੱਤੀ । ਸ਼ੇਰ ਨੂੰ ਹੋਰ ਗੁੱਸਾ ਆਇਆ ਅਤੇ ਉਸਨੇ ਦੂਜੇ ਸ਼ੇਰ ਨੂੰ ਮਾਰਨ ਲਈ ਖੂਹ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬ ਕੇ ਮਰ ਗਿਆ । ਇੰਜ ਜੰਗਲ ਦੇ ਹੋਰ ਜਾਨਵਰਾਂ ਨੂੰ ਉਸਤੋਂ ਮੁਕਤੀ ਮਿਲੀ ਅਤੇ ਖਰਗੋਸ਼ ਨੂੰ ਸਭ ਨੇ ਖੂਬ ਸ਼ਾਬਾਸ਼ ਦਿੱਤੀ।
ਸਿੱਖਿਆ: ਅਕਲ ਤਾਕਤ ਤੋਂ ਵੱਡੀ ਹੈ ।
ਇੱਕ ਵਾਰ ਦੀ ਗੱਲ ਹੈ ਕਿ ਬਨਗਿਰੀ ਦੇ ਘਣੇ ਜੰਗਲ ਵਿੱਚ ਇੱਕ ਮਸਤ ਹਾਥੀ ਨੇ ਭਾਰੀ ਉਤਪਾਤ ਮਚਾ ਰੱਖਿਆ ਸੀ। ਉਹ ਆਪਣੀ ਤਾਕਤ ਦੇ ਨਸ਼ੇ ਵਿੱਚ ਚੂਰ ਹੋਣ ਕਰਕੇ ਕਿਸੇ ਨੂੰ ਕੁੱਝ ਨਹੀਂ ਸਮਝਦਾ ਸੀ।
ਬਨਗਿਰੀ ਵਿੱਚ ਹੀ ਇੱਕ ਰੁੱਖ ਤੇ ਇੱਕ ਚਿੜੀ ਅਤੇ ਚਿੜੇ ਦਾ ਛੋਟਾ ਜਿਹਾ ਸੁਖੀ ਸੰਸਾਰ ਸੀ । ਚਿੜੀ ਆਂਡਿਆਂ ਤੇ ਬੈਠੀ ਨਨ੍ਹੇਂ–ਨਨ੍ਹੇਂ ਪਿਆਰੇ ਬੱਚਿਆਂ ਦੇ ਨਿਕਲਣ ਦੇ ਸੁਨਹਰੇ ਸੁਪਨੇ ਵੇਖਦੀ ਰਹਿੰਦੀ । ਇੱਕ ਦਿਨ ਕਰੂਰ ਹਾਥੀ ਗਰਜਦਾ, ਚਿੰਘਾੜਤਾ ਰੁੱਖ ਤੋੜਦਾ–ਮਰੋੜਦਾ ਉਸੇ ਪਾਸੇ ਆ ਨਿਕਲਿਆ। ਵੇਖਦੇ ਹੀ ਵੇਖਦੇ ਉਸਨੇ ਚਿੜੀ ਦੇ ਆਲ੍ਹਣੇ ਵਾਲਾ ਰੁੱਖ ਵੀ ਤੋੜ ਦਿੱਤਾ । ਆਲ੍ਹਣਾ ਹੇਠਾਂ ਆ ਡਿਗਿਆ। ਆਂਡੇ ਟੁੱਟ ਗਏ ਅਤੇ ਉੱਤੋਂ ਹਾਥੀ ਦਾ ਪੈਰ ਉਸ ਤੇ ਪੈ ਗਿਆ ।
ਚਿੜੀ ਅਤੇ ਚਿੜਾ ਚੀਕਣ ਚੀਖਣ ਦੇ ਸਿਵਾ ਹੋਰ ਕੁੱਝ ਨਹੀਂ ਕਰ ਸਕੇ । ਹਾਥੀ ਦੇ ਜਾਣ ਬਾਅਦ ਚਿੜੀ ਛਾਤੀ ਪਿੱਟ–ਪਿੱਟ ਕੇ ਰੋਣ ਲੱਗੀ । ਉਦੋਂ ਉੱਥੇ ਕਠਫੋੜਵੀ ਆਈ । ਉਹ ਚਿੜੀ ਦੀ ਚੰਗੀ ਮਿੱਤਰ ਸੀ । ਕਠਫੋੜਵੀ ਨੇ ਉਨ੍ਹਾਂ ਦੇ ਰੋਣ ਦਾ ਕਾਰਨ ਪੁੱਛਿਆ ਤਾਂ ਚਿੜੀ ਨੇ ਆਪਣੀ ਸਾਰੀ ਕਹਾਣੀ ਕਹਿ ਸੁਣਾਈ । ਕਠਫੋੜਵੀ ਬੋਲੀ “ਇਸ ਪ੍ਰਕਾਰ ਗਮ ਵਿੱਚ ਡੁੱਬੇ ਰਹਿਣ ਨਾਲ ਕੁੱਝ ਨਹੀਂ ਹੋਵੇਗਾ । ਉਸ ਹਾਥੀ ਨੂੰ ਸਬਕ ਸਿਖਾਉਣ ਲਈ ਸਾਨੂੰ ਕੁਝ ਕਰਨਾ ਹੋਵੇਗਾ ।”
ਚਿੜੀ ਨੇ ਨਿਰਾਸ਼ਾ ਨਾਲ ਕਿਹਾ, “ਅਸੀਂ ਛੋਟੇ – ਮੋਟੇ ਜੀਵ ਉਸ ਬਲਵਾਨ ਹਾਥੀ ਨਾਲ ਕਿਵੇਂ ਟੱਕਰ ਲੈ ਸਕਦੇ ਹਾਂ ?”
ਕਠਫੋੜਵੀ ਨੇ ਸਮਝਾਇਆ “ਇੱਕ ਤੇ ਇੱਕ ਮਿਲਕੇ ਗਿਆਰਾਂ ਬਣਦੇ ਹਨ । ਅਸੀਂ ਆਪਣੀਆਂ ਸ਼ਕਤੀਆਂ ਜੋੜਾਂਗੇ ।”
“ਕਿਵੇਂ ?” ਚਿੜੀ ਨੇ ਪੁੱਛਿਆ ।
“ਮੇਰਾ ਇੱਕ ਮਿੱਤਰ ਵੀਂਆਖ ਨਾਮਕ ਭੌਰਾ ਹੈ । ਸਾਨੂੰ ਉਸ ਤੋਂ ਸਲਾਹ ਲੈਣੀ ਚਾਹੀਦੀ ਹੈ।” ਚਿੜੀ ਅਤੇ ਕਠਫੋੜਵੀ ਭੌਰੇ ਨੂੰ ਮਿਲੀਆਂ । ਭੌਰਾ ਗੁਣਗੁਣਾਇਆ “ਇਹ ਤਾਂ ਬਹੁਤ ਭੈੜਾ ਹੋਇਆ । ਮੇਰੇ ਇੱਕ ਡੱਡੂ ਮਿੱਤਰ ਹਨ ਆਓ, ਉਸ ਤੋਂ ਸਹਾਇਤਾ ਮੰਗੀਏ ।”
ਹੁਣ ਤਿੰਨੋਂ ਉਸ ਸਰੋਵਰ ਦੇ ਕਿਨਾਰੇ ਪੁੱਜੇ, ਜਿੱਥੇ ਉਹ ਡੱਡੂ ਰਹਿੰਦਾ ਸੀ । ਭੰਵਰੇ ਨੇ ਸਾਰੀ ਸਮੱਸਿਆ ਦੱਸੀ । ਡੱਡੂ ਭੱਰਾਈ ਆਵਾਜ਼ ਵਿੱਚ ਬੋਲਿਆ “ਤੁਸੀ ਲੋਕ ਸਬਰ ਨਾਲ ਜਰਾ ਇੱਥੇ ਮੇਰੀ ਉਡੀਕ ਕਰੋ । ਮੈਂ ਡੂੰਘੇ ਪਾਣੀ ਵਿੱਚ ਬੈਠਕੇ ਸੋਚਦਾ ਹਾਂ ।”
ਅਜਿਹਾ ਕਹਿਕੇ ਡੱਡੂ ਪਾਣੀ ਵਿੱਚ ਕੁੱਦ ਗਿਆ । ਅੱਧੇ ਘੰਟੇ ਬਾਅਦ ਉਹ ਪਾਣੀ ਤੋਂ ਬਾਹਰ ਆਇਆ ਤਾਂ ਉਸਦੀਆਂ ਅੱਖਾਂ ਚਮਕ ਰਹੀਆਂ ਸਨ । ਉਹ ਬੋਲਿਆ “ਦੋਸਤੋ ! ਉਸ ਹਤਿਆਰੇ ਹਾਥੀ ਨੂੰ ਨਸ਼ਟ ਕਰਨ ਦੀ ਮੇਰੇ ਦਿਮਾਗ ਵਿੱਚ ਇੱਕ ਵੱਡੀ ਚੰਗੀ ਯੋਜਨਾ ਆਈ ਹੈ। ਉਸ ਵਿੱਚ ਸਾਰਿਆਂ ਦਾ ਯੋਗਦਾਨ ਹੋਵੇਗਾ ।”
ਡੱਡੂ ਨੇ ਜਿਵੇਂ ਹੀ ਆਪਣੀ ਯੋਜਨਾ ਦੱਸੀ, ਸਭ ਖੁਸ਼ੀ ਨਾਲ ਉਛਲ ਪਏ । ਯੋਜਨਾ ਸਚਮੁੱਚ ਹੀ ਅਦਭੁਤ ਸੀ । ਡੱਡੂ ਨੇ ਦੁਬਾਰਾ ਵਾਰੀ–ਵਾਰੀ ਸਾਰਿਆਂ ਨੂੰ ਆਪਣਾ – ਆਪਣਾ ਰੋਲ ਸਮਝਾਇਆ ।
ਕੁੱਝ ਹੀ ਦੂਰ ਉਹ ਮਸਤ ਹਾਥੀ ਤੋੜ ਫੋੜ ਮਚਾ ਕੇ ਅਤੇ ਢਿੱਡ ਭਰਕੇ ਲਗਰਾਂ ਵਾਲੀਆਂ ਸ਼ਾਖਾਵਾਂ ਖਾਕੇ ਮਸਤੀ ਵਿੱਚ ਖੜਾ ਝੂਮ ਰਿਹਾ ਸੀ । ਪਹਿਲਾ ਕੰਮ ਭੰਵਰੇ ਦਾ ਸੀ । ਉਹ ਹਾਥੀ ਦੇ ਕੰਨਾਂ ਦੇ ਕੋਲ ਜਾ ਕੇ ਮਧੁਰ ਰਾਗ ਗੁੰਜਾਉਣ ਲਗਾ । ਰਾਗ ਸੁਣਕੇ ਹਾਥੀ ਮਸਤ ਹੋਕੇ ਅੱਖਾਂ ਬੰਦ ਕਰਕੇ ਝੂਮਣ ਲਗਾ ।
ਉਦੋਂ ਕਠਫੋੜਵੀ ਨੇ ਆਪਣਾ ਕੰਮ ਕਰ ਵਿਖਾਇਆ । ਉਹ ਆਈ ਅਤੇ ਆਪਣੀ ਸੂਈ ਵਰਗੀ ਨੁਕੀਲੀ ਚੁੰਝ ਨਾਲ ਉਸ ਨੇ ਤੇਜੀ ਨਾਲ ਹਾਥੀ ਦੀਆਂ ਦੋਵੇਂ ਅੱਖਾਂ ਵਿੰਨ੍ਹ ਦਿੱਤੀਆਂ । ਹਾਥੀ ਦੀਆਂ ਅੱਖਾਂ ਫੁੱਟ ਗਈਆਂ । ਉਹ ਤੜਪਦਾ ਹੋਇਆ ਅੰਨ੍ਹਾ ਹੋਕੇ ਏਧਰ – ਉੱਧਰ ਭੱਜਣ ਲੱਗਾ ।
ਜਿਵੇਂ–ਜਿਵੇਂ ਸਮਾਂ ਗੁਜ਼ਰਦਾ ਜਾ ਰਿਹਾ ਸੀ, ਹਾਥੀ ਦਾ ਕ੍ਰੋਧ ਵਧਦਾ ਜਾ ਰਿਹਾ ਸੀ। ਅੱਖਾਂ ਤੋਂ ਨਜ਼ਰ ਨਾ ਆਉਣ ਦੇ ਕਾਰਨ ਠੋਕਰਾਂ ਅਤੇ ਟੱਕਰਾਂ ਨਾਲ ਸਰੀਰ ਜਖਮੀ ਹੁੰਦਾ ਜਾ ਰਿਹਾ ਸੀ । ਜਖ਼ਮ ਉਸਨੂੰ ਹੋਰ ਚੀਖਣ ਤੇ ਮਜਬੂਰ ਕਰ ਰਹੇ ਸਨ ।
ਚਿੜੀ ਧੰਨਵਾਦੀ ਆਵਾਜ਼ ਵਿੱਚ ਡੱਡੂ ਨੂੰ ਬੋਲੀ “ਭਈਆ, ਮੈਂ ਜੀਵਨ ਭਰ ਤੁਹਾਡੀ ਅਹਿਸਾਨਮੰਦ ਰਹਾਂਗੀ। ਤੁਸੀਂ ਮੇਰੀ ਇੰਨੀ ਸਹਾਇਤਾ ਕਰ ਦਿੱਤੀ ।”
ਡੱਡੂ ਨੇ ਕਿਹਾ “ਭਾਰ ਮੰਨਣ ਦੀ ਲੋੜ ਨਹੀਂ । ਦੋਸਤ ਹੀ ਦੋਸਤਾਂ ਦੇ ਕੰਮ ਆਉਂਦੇ ਹਨ ।”
ਇੱਕ ਤਾਂ ਅੱਖਾਂ ਵਿੱਚ ਜਲਨ ਅਤੇ ਉੱਤੋਂ ਚੀਖਦੇ – ਚਿੰਘਾੜਦੇ ਹਾਥੀ ਦਾ ਗਲਾ ਸੁੱਕ ਗਿਆ । ਉਸਨੂੰ ਤੇਜ ਪਿਆਸ ਲੱਗਣ ਲੱਗੀ । ਹੁਣ ਉਸਨੂੰ ਇੱਕ ਹੀ ਚੀਜ ਦੀ ਤਲਾਸ਼ ਸੀ, ਪਾਣੀ ।
ਡੱਡੂ ਨੇ ਆਪਣੇ ਬਹੁਤ ਸਾਰੇ ਭੈਣ-ਭਰਾਵਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਲੈ ਕੇ ਦੂਰ ਬਹੁਤ ਵੱਡੇ ਖੱਡੇ ਦੇ ਕਿਨਾਰੇ ਬੈਠ ਕੇ ਟੱਰਾਉਣ ਲਈ ਕਿਹਾ । ਸਾਰੇ ਡੱਡੂ ਟੱਰਾਉਣ ਲੱਗੇ ।
ਡੱਡੂਆਂ ਦੀ ਟੱਰਾਹਟ ਸੁਣਕੇ ਹਾਥੀ ਦੇ ਕੰਨ ਖੜ੍ਹੇ ਹੋ ਗਏ । ਉਹ ਇਹ ਜਾਣਦਾ ਸੀ ਕਿ ਡੱਡੂ ਪਾਣੀ ਦੇ ਚਸ਼ਮੇ ਦੇ ਨਜ਼ਦੀਕ ਹੀ ਰਿਹਾਇਸ਼ ਕਰਦੇ ਹਨ । ਉਹ ਉਸੇ ਦਿਸ਼ਾ ਵਿੱਚ ਚੱਲ ਪਿਆ ।
ਟੱਰਾਹਟ ਹੋਰ ਤੇਜ ਹੁੰਦੀ ਜਾ ਰਹੀ ਸੀ। ਪਿਆਸਾ ਹਾਥੀ ਹੋਰ ਤੇਜ ਭੱਜਣ ਲਗਾ ।
ਜਿਵੇਂ ਹੀ ਹਾਥੀ ਖੱਡੇ ਦੇ ਨੇੜੇ ਅੱਪੜਿਆ, ਡੱਡੂਆਂ ਨੇ ਪੂਰਾ ਜ਼ੋਰ ਲਾ ਕੇ ਟੱਰਾਉਣਾ ਸ਼ੁਰੂ ਕੀਤਾ। ਹਾਥੀ ਅੱਗੇ ਵਧਿਆ ਅਤੇ ਵਿਸ਼ਾਲ ਪੱਥਰ ਦੀ ਤਰ੍ਹਾਂ ਧੜੰਮ ਖੱਡੇ ਵਿੱਚ ਡਿੱਗ ਪਿਆ, ਜਿੱਥੇ ਉਸਦੇ ਪ੍ਰਾਣ-ਪੰਖੇਰੂ ਉੱਡਦਿਆਂ ਦੇਰ ਨਹੀਂ ਲੱਗੀ । ਇਸ ਪ੍ਰਕਾਰ ਉਸ ਹੈਂਕੜ ਵਿੱਚ ਡੁੱਬੇ ਹਾਥੀ ਦਾ ਅੰਤ ਹੋਇਆ ।
(ਅਨੁਵਾਦ: ਰੂਪ ਖਟਕੜ)
ਅੱਜ ਦੇ ਦਿਨ 10 ਮਾਰਚ 1957 ਨੂੰ ਮਹਾਰਾਜ ਦਲੀਪ ਸਿੰਘ ਦੀ ਵੱਡੀ ਸ਼ਹਿਜ਼ਾਦੀ ਬੰਬਾ ਸਦਰਲੈਂਡ ਅਕਾਲ ਚਲਾਣਾ ਕਰ ਗਈ ਸੀ। ਉਹ ਉਸ ਸਮੇੰ ਮਹਾਰਾਜਾ ਦਲੀਪ ਦੇ ਪਰਿਵਾਰ ਦਾ ਆਖ਼ਰੀ ਜੀਅ ਸੀ; ਉਸ ਤੋੰ ਪਹਿਲਾਂ ਉਸ ਦੇ ਸਾਰੇ ਭੈਣ-ਭਰਾ ਇਸ ਦੁਨੀਆਂ ਤੋਂ ਕੂਚ ਕਰ ਚੁੱਕੇ ਸਨ। ਸ਼ਹਿਜ਼ਾਦੀ ਬੰਬਾ ਦੀ ਜ਼ਿੰਦਗੀ ਵੀ ਆਪਣੇ ਪਿਤਾ ਮਹਾਰਾਜ ਦਲੀਪ ਸਿੰਘ ਵਾਂਗ ਬਹੁਤ ਹੀ ਸੰਘਰਸ਼ੀਲ, ਦੁੱਖਭਰੀ ਅਤੇ ਆਪਣੇ ਆਪ’ਚ ਬਹੁਤ ਦਿਲਚਸਪ ਹੈ।
ਸ਼ਹਿਜ਼ਾਦੀ ਬੰਬਾ ਦਾ ਜਨਮ 29 ਸਤੰਬਰ 1869 ਨੂੰ ਲੰਡਨ’ਚ ਹੋਇਆ। ਉਸ ਤੋੰ ਪਹਿਲਾ ਮਹਾਰਾਜਾ ਦਲੀਪ ਸਿੰਘ ਦੇ ਘਰ ਵਿਕਟਰ ਦਲੀਪ ਸਿੰਘ ਅਤੇ ਫੈਡਰਿੱਕ ਦਲੀਪ ਸਿੰਘ ਦਾ ਜਨਮ ਹੋ ਚੁੱਕਿਆ ਸੀ। ਸ਼ਹਿਜ਼ਾਦੀ ਦਾ ਪੂਰਾ ਨਾਮ “ਬੰਬਾ ਸੋਫੀਆ ਜਿੰਦਾ ਦਲੀਪ ਸਿੰਘ” ਰੱਖਿਆ ਗਿਆ ਜਿਹੜਾ ਕਿ ਉਸ ਦੀ ਮਾਂ,ਨਾਨੀ ਅਤੇ ਦਾਦੀ ਦੇ ਨਾਮ ਨੂੰ ਮਿਲਾ ਕੇ ਰੱਖਿਆ ਗਿਆ ਸੀ। ਸ਼ਹਿਜ਼ਾਦੀ ਬੰਬਾ ਦੀ ਛੋਟੀ ਭੈਣ ਸ਼ਹਿਜ਼ਾਦੀ ਸੋਫੀਆ ਵਲੈਤ’ਚ ਔਰਤਾਂ ਦੇ ਹੱਕਾਂ ਲਈ ਕੀਤੇ ਸੰਘਰਸ਼ ਲਈ ਜਾਣੀ ਜਾਂਦੀ ਹੈ।
ਆਪਣੇ ਪਿਤਾ ਮਹਾਰਾਜ ਦਲੀਪ ਸਿੰਘ ਵਾਂਗ ੳੁਹਨਾਂ ਦੀ ਮੌਤ ਤੋੰ ਬਾਅਦ ਵੀ ਸ਼ਹਿਜ਼ਾਦੀ ਬੰਬਾ ਦੇ ਮਨ’ਚ ਆਪਣੇ ਖੁੱਸੇ ਹੋੲੇ ਰਾਜ-ਭਾਗ ਅਤੇ ਆਪਣੇ ਸੋਹਣੇ ਦੇਸ ਪੰਜਾਬ ਪ੍ਰਤੀ ਖਿੱਚ ਬਣੀ ਰਹੀ। ਉਸ ਨੇ ਆਪਣੀ ਧਰਤੀ’ਤੇ ਆਉਣ ਦਾ ਫੈਸਲਾ ਕੀਤਾ ਅਤੇ ਅਾਪਣੀ ਿੲੱਕ ਹੰਗਰੀ ਮੂਲ ਦੀ ਸਾਥਣ ਮੈਰੀ ਐਨਟੋਨਿਨਟੇਅ ਨਾਲ ਪੰਜਾਬ ਆ ਗਈ। ਕੁਝ ਚਿਰ ਪਿੱਛੋਂ ਸ਼ਹਿਜ਼ਾਦੀ ਦੀ ਦੋਸਤ ਮੈਰੀ ਨੇ ਇੱਕ ਸਿੱਖ ਉਮਰਾਓ ਸਿੰਘ ਸ਼ੇਰਗਿੱਲ ਨਾਲ ਵਿਆਹ ਕਰਾ ਲਿਆ ਅਤੇ ਉਹ ਵਾਪਸ ਹੰਗਰੀ ਚਲੇ ਗਏ।
ਪਰ ਸ਼ਹਿਜ਼ਾਦੀ ਬੰਬਾ ਨੇ ਆਪਣੇ ਦਾਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਾਜਧਾਨੀ’ਚ ਵਸਣ ਦਾ ਫੈਸਲਾ ਕਰ ਲਿਆ। ਉਸ ਨੇ ਮਾਡਨ ਟਾਊਨ ਲਾਹੌਰ’ਚ ਆਪਣੀ ਿਰਹਾਇਸ਼ ਲਈ ਇੱਕ ਬੰਗਲਾ ਖ਼ਰੀਦਿਆ। ਉਸ ਬੰਗਲੇ ਦਾ ਨਾਮ ਉਸ ਨੇ “ਗੁਲਜ਼ਾਰ” ਰੱਖਿਆ ਅਤੇ ਉਥੇ ਇੱਕ ਕਨਾਲ’ਚ ਗੁਲਾਬਾਂ ਦਾ ਬਾਗ਼ ਲਗਵਾਇਆ। ਲਾਹੌਰ’ਚ ਰਹਿੰਦੇ ਹੋਏ 1915’ਚ ਸ਼ਹਿਜ਼ਾਦੀ ਬੰਬਾ ਦਾ ਕਿੰਗ ਐਡਵਰਡ ਮੈਡੀਕਲ ਕਾਲਜ ਦੇ ਪ੍ਰਿਸੀਪਲ ਡਾ: ਡੈਵਿਡ ਵਾਟਰਜ਼ ਸਦਰਲੈਂਡ ਨਾਲ ਵਿਆਹ ਹੋ ਗਿਆ।
ਮਹਾਰਾਣੀ ਜਿੰਦਾ ਦੀ ਜਿਹੜੀ ਇੱਛਾ ਮਹਾਰਾਜਾ ਦਲੀਪ ਸਿੰਘ ਨਹੀਂ ਪੂਰੀ ਕਰ ਸਕੇ ਸਨ ਉਹ ਉਹਨਾਂ ਦੀ ਪੁੱਤਰੀ ਸ਼ਹਿਜ਼ਾਦੀ ਬੰਬਾ ਨੇ ਪੂਰੀ ਕੀਤੀ। ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੇ ਪੰਜਾਬ ਆਉਣ ਦੀ ਆਗਿਆ ਨਾ ਦਿੱਤੀ ਤਾਂ ਉਹ ਬੰਬੇ’ਚ ਨਾਸਿਕ ਨਾਮ ਦੇ ਅਸਥਾਨ ਤੇ ਮਹਾਰਾਣੀ ਜਿੰਦਾ ਦੀਆਂ ਅਸਥੀਆਂ ਪਾ ਕੇ ਵਾਪਸ ਚਲੇ ਗਏ ਅਤੇ ਉੱਥੇ ਮਹਾਰਾਣੀ ਜਿੰਦਾ ਦੀ ਯਾਦ’ਚ ਇੱਕ ਸਮਾਧ ਵੀ ਬਣਾਈ ਗਈ। ਪਰ ਸ਼ਹਿਜ਼ਾਦੀ ਬੰਬਾ ਨੇ ਨਾਸਿਕ ਜਾ ਕੇ ਮਹਾਰਾਣੀ ਜਿੰਦਾ ਦੀ ਸਮਾਧ ਪੱਟੀ ਅਤੇ ਉੱਥੋੰ ਉਹਨਾਂ ਦੀਆਂ ਅਸਥੀਆਂ ਲਿਆ ਕੇ ਲਾਹੌਰ’ਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ’ਚ ਉਹਨਾਂ ਦੇ ਨਾਲ ਦਫ਼ਨਾ ਦਿੱਤੀਆਂ।
ਸ਼ਹਿਜ਼ਾਦੀ ਬੰਬਾ ਆਪਣੇ ਆਖ਼ਰੀ ਸਾਹ ਤੱਕ ਖਾਲਸਾ ਰਾਜ ਦੀ ਰਾਜਧਾਨੀ ਲਾਹੌਰ’ਚ ਰਹਿੰਦੀ ਰਹੀ। ਉਹ ਲਾਹੌਰ ਦੀਆਂ ਗਲੀਆਂ’ਚ ਘੁੰਮਦੀ ਹੋਈ ਸੌ ਸਾਲ ਪਿੱਛੇ ਜਾ ਕੇ ਆਪਣੇ ਦਾਦੇ ਸ਼ੇਰੇ ਪੰਜਾਬ ਦੇ ਰਾਜ ਸਮੇੰ ਦੀਆਂ ਹਵਾਵਾਂ ਨੂੰ ਮਹਿਸੂਸ ਕਰਦੀ। ਉਹ ਉਸ ਕਿਲੇ ਨੂੰ ਦੇਖਦੀ ਜਿੱਥੇ ਪੰਜ ਦਰਿਆਵਾਂ ਦਾ ਮਹਾਰਾਜਾ ਆਪਣਾ ਦਰਬਾਰ ਸਜਾਉਂਦਾ ਸੀ। ਉਸ ਨੂੰ ਬਾਦਸ਼ਾਹੀ ਮਸੀਤ’ਚ ਖਾਲਸਾ ਰਾਜ ਸਮੇੰ ਦੀ ਚਹਿਲ ਪਹਿਲ ਦਿਖਦੀ। ਫਿਰ ਉਹ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੱਲ ਦੇਖ ਅੱਖਾਂ ਭਰ ਲੈੰਦੀ।
ਸ਼ਹਿਜ਼ਾਦੀ ਦੇ ਪਤੀ ਡਾ: ਸਦਰਲੈਂਡ ਦੀ ਮੌਤ 1939’ਚ ਹੋ ਗਈ ਸੀ ਪਰ ਉਸ ਤੋਂ ਬਾਅਦ ਵੀ ਉਹ ਇੱਕਲੀ ਹੀ ਲਾਹੌਰ’ਚ ਇੱਕ ਗੁੰਮਨਾਮ ਵਾਂਗ ਰਹਿੰਦੀ ਰਹੀ। ਉਸ ਸ਼ਹਿਰ’ਚ ਜਿੱਥੇ ਹਲੇ ਕੁਝ ਦਿਹਾਕੇ ਪਹਿਲਾਂ ਉਸ ਦੇ ਪਰਿਵਾਰ ਦੀ ਬਾਦਸ਼ਾਹਤ ਕਾਇਮ ਸੀ। ਅੰਤ ਆਪਣੇ ਪਿਤਾ ਮਹਾਰਾਜਾ ਦਲੀਪ ਸਿੰਘ ਵਾਂਗ ਆਪਣੇ ਲੁੱਟੇ ਹੋਏ ਦੇਸ ਪੰਜਾਬ ਨੂੰ ਆਜ਼ਾਦ ਦੇਖਣ ਦੀ ਤਾਂਘ’ਚ 10 ਮਾਰਚ 1957 ਨੂੰ ਸ਼ਹਿਜਾਦੀ ਬੰਬਾ ਨੇ ਲਾਹੌਰ’ਚ ਸਰੀਰ ਛੱਡ ਦਿੱਤਾ। ਉਸ ਸਮੇਂ ਇਸ ਖਿੱਤੇ’ਚ ਭਾਰਤ-ਪਾਕਿਸਤਾਨ ਨਾਮ ਦੇ ਦੋ ਮੁਲਕ ਨਵੇਂ ਬਣਨ ਕਰਨ ਕਾਫ਼ੀ ਤਣਾਅ ਦਾ ਮਾਹੌਲ ਸੀ। ਸਿੱਖ ਲਾਹੌਰ ਛੱਡ ਕੇ ਚੜਦੇ ਪਾਸੇ ਆ ਚੁੱਕੇ ਸਨ। ਅਫਸੋਸ ਦੀ ਗੱਲ ਕਿ ਦੋ ਮੁਲਕਾਂ ਦੇ ਕਲੇਸ ਕਾਰਨ ਸ਼ਹਿਜ਼ਾਦੀ ਦੇ ਅੰਤਿਮ ਸੰਸਕਾਰ’ਚ ਇੱਕ ਵੀ ਸਿੱਖ ਸ਼ਾਮਲ ਨਹੀਂ ਹੋ ਸਕਿਆ। ਸ਼ਹਿਜ਼ਾਦੀ ਬੰਬਾ ਦਾ ਸੰਸਕਾਰ ਵਲੈਤ ਦੀ ਅੰਬੈਸੀ ਵੱਲੋੰ ਲਾਹੌਰ’ਚ ਗੋਰਾ ਕਬਰਸਥਾਨ’ਚ ਕੀਤਾ ਗਿਆ ਜਿਥੇ ਉਸ ਦੀ ਯਾਦਗਾਰ ਮੌਜ਼ੂਦ ਹੈ।
ਭਾਵੇਂ ਸ਼ਹਿਜ਼ਾਦੀ ਬੰਬਾ ਦੇ ਕੋਈ ਸੰਨਤਾਨ ਤਾਂ ਨਹੀੰ ਸੀ ਪਰ ਉਹ ਆਪਣੇ ਪਿੱਛੇ ਸ਼ਾਹੀ ਪਰਿਵਾਰ ਨਾਲ ਸਬੰਧਤ ਕੀਮਤੀ ਵਿਰਾਸਤ ਛੱਡ ਗਈ ਜਿਨ੍ਹਾਂ 18 ਲਾਹੌਰ ਦਰਬਾਰ ਨਾਲ ਸਬੰਧਤ ਤੇਲ ਨਾਲ ਬਣਾਏ ਚਿੱਤਰ, 14 ਪਾਣੀ ਵਾਲੇ ਰੰਗਾਂ ਨਾਲ, 12 ਆਈਵੋਰੀ ਚਿੱਤਰ, 17 ਮਹਾਰਾਜੇ ਦੇ ਪਰਿਵਾਰ ਨਾਲ ਸਬੰਧਤ ਤਸਵੀਰਾਂ, 10 ਧਾਂਤ ਦੀਆਂ ਬਣੀਆਂ ਕੀਮਤੀ ਵਸਤਾਂ ਅਤੇ 7 ਹੋਰ ਸ਼ਾਹੀ ਪਰਿਵਾਰ ਨਾਲ ਸਬੰਧਤ ਚੀਜ਼ਾਂ ਸ਼ਾਮਲ ਹਨ। ਇਸ ਵਿਰਾਸਤ ਨੂੰ ਸ਼ਹਿਜ਼ਾਦੀ ਆਪਣੇ ਇੱਕ ਭਰੋਸੇਮੰਦ ਪੀਰ ਕਰੀਮ ਬਖ਼ਸ਼ ਸੁਪਰਾ ਕੋਲ ਰੱਖ ਗਈ। ਬਾਅਦ’ਚ ਕਰੀਮ ਬਖ਼ਸ਼ ਤੋਂ ਪਾਕਿਸਤਾਨ ਸਰਕਾਰ ਨੇ ਇਹ ਸਭ ਚੀਜ਼ਾਂ ਖ਼ਰੀਦ ਕੇ ਸਾਂਭ ਸੰਭਾਲ ਸਹਿਤ ਸਿੱਖ ਰਾਜ ਨਾਲ ਸਬੰਧਤ ਅਜਾਇਬ ਘਰਾਂ’ਚ ਰੱਖ ਦਿੱਤੀਆਂ।
ਭਾਵੇੰ ਕੋਈ ਸਿੱਖ ਇਸ ਸ਼ਹਿਜ਼ਾਦੀ ਦੇ ਅੰਤਿਮ ਸੰਸਕਾਰ’ਚ ਸ਼ਾਮਲ ਨਾ ਹੋ ਸਕਿਆ ਹੋਵੇ ਪਰ ਅੱਜ 10 ਮਾਰਚ ਦੇ ਦਿਨ ਆਪਣੇ ਖੁੱਸੇ ਰਾਜ ਦੀ ਚਾਹਤ ਰੱਖਣ ਵਾਲੀ ਇਸ ਗੁੰਮਨਾਮ ਸ਼ਹਿਜ਼ਾਦੀ ਨੂੰ ਅਸੀੰ ਪ੍ਰਣਾਮ ਕਰਦੇ ਹਾਂ, ਧੁਰ ਅੰਦਰੋੰ ਸਤਿਕਾਰ ਸਹਿਤ ਯਾਦ ਕਰਦੇ ਹਾਂ।
– ਸਤਵੰਤ ਸਿੰਘ ਗਰੇਵਾਲ
ਇੱਕ ਵਾਰ ਇੱਕ ਪਹਾੜ ਦੀ ਉੱਚੀ ਚੋਟੀ ਉੱਤੇ ਇੱਕ ਬਾਜ ਰਹਿੰਦਾ ਸੀ । ਉਸੇ ਪਹਾੜ ਦੇ ਪੈਰਾਂ ਵਿੱਚ ਬੋਹੜ ਦੇ ਰੁੱਖ ਉੱਤੇ ਇੱਕ ਕਾਂ ਦਾ ਆਲ੍ਹਣਾ ਸੀ । ਉਹ ਬੜਾ ਚਲਾਕ ਅਤੇ ਮੱਕਾਰ ਸੀ । ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਕਿ ਬਿਨਾਂ ਮਿਹਨਤ ਕੀਤੇ ਵਧੀਆ ਖਾਣ ਨੂੰ ਮਿਲ ਜਾਵੇ । ਰੁੱਖ ਦੇ ਕੋਲ ਗੁਫ਼ਾ ਵਿੱਚ ਖਰਗੋਸ਼ ਰਹਿੰਦੇ ਸਨ । ਜਦੋਂ ਵੀ ਖਰਗੋਸ਼ ਬਾਹਰ ਆਉਂਦੇ ਤਾਂ ਬਾਜ ਉੱਚੀ ਉਡਾਣ ਭਰਦੇ ਅਤੇ ਕਿਸੇ ਨਾ ਕਿਸੇ ਖਰਗੋਸ਼ ਨੂੰ ਆਪਣੇ ਪੰਜਿਆਂ ਵਿੱਚ ਚੁੱਕ ਕੇ ਲੈ ਜਾਂਦੇ ।
ਇੱਕ ਦਿਨ ਕਾਂ ਨੇ ਸੋਚਿਆ , ‘ਉਂਜ ਤਾਂ ਇਹ ਚਲਾਕ ਖਰਗੋਸ਼ ਮੇਰੇ ਹੱਥ ਨਹੀਂ ਆਉਣ ਲੱਗੇ, ਇਨ੍ਹਾਂ ਦਾ ਨਰਮ ਮਾਸ ਖਾਣ ਲਈ ਮੈਨੂੰ ਵੀ ਬਾਜ ਵਾਂਗ ਕਰਨਾ ਪਵੇਗਾ । ਮੈਂ ਵੀ ਅਚਾਨਕ ਝਪੱਟਾ ਮਾਰਕੇ ਇਨ੍ਹਾਂ ਨੂੰ ਫੜ ਲਵਾਂਗਾ ।’
ਦੂਜੇ ਦਿਨ ਕਾਂ ਨੇ ਵੀ ਇੱਕ ਖਰਗੋਸ਼ ਨੂੰ ਫੜਨ ਦੀ ਗੱਲ ਸੋਚਕੇ ਉੱਚੀ ਉੜਾਨ ਭਰੀ । ਫਿਰ ਉਹਨੇ ਖਰਗੋਸ਼ ਨੂੰ ਫੜਨ ਲਈ ਬਾਜ ਦੀ ਤਰ੍ਹਾਂ ਜ਼ੋਰ ਨਾਲ ਉਪਰੋਂ ਝਪੱਟਾ ਮਾਰਿਆ । ਭਲਾ ਕਾਂ ਤੇ ਬਾਜ ਦਾ ਕੀ ਮੁਕਾਬਲਾ ? ਖਰਗੋਸ਼ ਨੇ ਕਾਂ ਨੂੰ ਵੇਖ ਲਿਆ ਅਤੇ ਉਸੇ ਵੇਲੇ ਭੱਜਕੇ ਚੱਟਾਨ ਦੇ ਪਿੱਛੇ ਲੁੱਕ ਗਿਆ । ਕਾਂ ਪੂਰੇ ਜ਼ੋਰ ਨਾਲ ਚੱਟਾਨ ਵਿੱਚ ਜਾ ਵੱਜਿਆ । ਚੱਟਾਨ ਨਾਲ ਵਜਦਿਆਂ ਸਾਰ ਹੀ ਉਹਦੀ ਚੁੰਜ ਅਤੇ ਗਰਦਨ ਟੁੱਟ ਗਈਆਂ ਅਤੇ ਉਹ ਉਥੇ ਹੀ ਤੜਫ਼ ਤੜਫ਼ ਕੇ ਮਰ ਗਿਆ ।
ਸਿੱਖਿਆ-ਨਕਲ ਕਰੋ ਪਰ ਅਕਲ ਨਾਲ ।
ਇੱਕ ਪਿੰਡ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ। ਲੋਕ ਉਸ ਨੂੰ ਦਾਨ-ਪੁੰਨ ਦੀਆਂ ਚੀਜ਼ਾਂ ਅਕਸਰ ਦਿੰਦੇ ਰਹਿੰਦੇ ਸਨ। ਇੱਕ ਵਾਰ ਇੱਕ ਅਮੀਰ ਆਦਮੀ ਨੇ ਉਸ ਨੂੰ ਇੱਕ ਵੱਛੀ ਦਾਨ ਵਿੱਚ ਦਿੱਤੀ। ਉਹ ਵੱਛੀ ਲੈ ਕੇ ਪਿੰਡ ਤੋਂ ਬਾਹਰ ਵੱਲ ਨੂੰ ਚੱਲ ਪਿਆ। ਉਸ ਨੂੰ ਵੱਛੀ ਲਈ ਆਉਂਦਿਆਂ ਚਾਰ ਠੱਗਾਂ ਨੇ ਵੇਖਿਆ। ਉਨ੍ਹਾਂ ਠੱਗਾਂ ਨੇ ਬ੍ਰਾਹਮਣ ਕੋਲੋਂ ਵੱਛੀ ਹਥਿਆਉਣ ਲਈ ਯੋਜਨਾ ਬਣਾਈ। ਉਹ ਥੋੜ੍ਹੀ-ਥੋੜ੍ਹੀ ਦੂਰ ਜਾ ਕੇ ਲੁਕ ਕੇ ਬੈਠ ਗਏ।
ਪਹਿਲੇ ਠੱਗ ਨੇ ਜਦੋਂ ਬ੍ਰਾਹਮਣ ਨੂੰ ਵੱਛੀ ਦਾ ਰੱਸਾ ਫੜੀ ਆਉਂਦਿਆਂ ਦੂਰੋਂ ਵੇਖਿਆ ਤਾਂ ਉਹ ਝਾੜੀਆਂ ਵਿੱਚੋਂ ਬਾਹਰ ਨਿਕਲ ਕੇ ਰਸਤੇ ਵਿੱਚ ਸਾਹਮਣੇ ਆ ਖਲੋਤਾ ਅਤੇ ਪੁੱਛਣ ਲੱਗਾ, ”ਪੰਡਤ ਜੀ, ਇਹ ਭੈੜਾ ਜਿਹਾ ਕੁੱਤਾ ਕਿੱਥੋਂ ਲਿਆ ਰਹੇ ਹੋ।”
ਬ੍ਰਾਹਮਣ ਨੇ ਹੱਸ ਕੇ ਕਿਹਾ, ”ਭਾਈ! ਇਹ ਵੱਛੀ ਹੈ, ਤੂੰ ਇਸ ਨੂੰ ਕੁੱਤਾ ਕਿਵੇਂ ਕਹਿ ਦਿੱਤਾ।”
ਜਦੋਂ ਬ੍ਰਾਹਮਣ ਥੋੜ੍ਹੀ ਦੂਰ ਹੋਰ ਅੱਗੇ ਗਿਆ। ਦੂਸਰੇ ਠੱਗ ਨੇ ਝਾੜੀਆਂ ਵਿੱਚੋਂ ਬਾਹਰ ਨਿਕਲ ਕੇ ਕਿਹਾ, ”ਕਿਉਂ ਜੀ, ਇਹ ਕੁੱਤਾ ਮੁੱਲ ਲਿਆ ਜਾਂ ਆਵਾਰਾ ਤੁਰਿਆ ਫਿਰਦਾ ਫੜ ਲਿਆਂਦਾ?”
ਉਸ ਨੇ ਗੱਲ ਨਾ ਸੁਣੀ ਤੇ ਸੋਚਾਂ ਵਿੱਚ ਡੁੱਬ ਹੋਇਆ ਅੱਗੇ ਤੁਰੀ ਗਿਆ। ਏਨੇ ਚਿਰ ਨੂੰ ਤੀਜਾ ਤੇ ਚੌਥਾ ਠੱਗ ਦੋਵੇਂ ਝਾੜੀਆਂ ‘ਚੋਂ ਬਾਹਰ ਆ ਗਏ ਤੇ ਸਾਹਮਣੇ ਆ ਕੇ ਕਹਿਣ ਲੱਗੇ, ”ਇਸ ਕੁੱਤੇ ਦੀਆਂ ਅੱਖਾਂ ਵਿੱਚ ਬੜੀ ਲਾਲੀ ਹੈ, ਇਸ ਦਾ ਇਤਬਾਰ ਨਾ ਕਰੋ ਤੇ ਇਸ ਨੂੰ ਜਿੱਥੋਂ ਲੈ ਕੇ ਆਏ ਹੋ ਉੱਥੇ ਹੀ ਛੱਡ ਆਓ।”
ਬ੍ਰਾਹਮਣ ਨੂੰ ਯਕੀਨ ਹੋ ਗਿਆ ਕਿ ਜਿਸ ਪਸ਼ੂ ਨੂੰ ਉਹ ਵੱਛੀ ਸਮਝ ਕੇ ਆਪਣੇ ਨਾਲ ਲਿਜਾ ਰਿਹਾ ਹੈ, ਉਹ ਵੱਛੀ ਨਹੀਂ ਸਗੋਂ ਕੁੱਤਾ ਹੈ। ਉਹ ਸੋਚਣ ਲੱਗਾ ਕਿ ਸ਼ਾਹੂਕਾਰ ਨੇ ਉਸ ਨਾਲ ਕਿੰਨਾ ਵੱਡਾ ਧੋਖਾ ਕੀਤਾ ਹੈ? ਉਸ ਨੇ ਵੱਛੀ ਨੂੰ ਜੰਗਲ ਵਿੱਚ ਛੱਡ ਦਿੱਤਾ। ਚਾਰੇ ਠੱਗ ਜੋ ਇਸ ਮੌਕੇ ਦੀ ਉਡੀਕ ਵਿੱਚ ਸਨ, ਉਨ੍ਹਾਂ ਨੇ ਝੱਟ ਵੱਛੀ ਦਾ ਰੱਸਾ ਫੜਿਆ ਤੇ ਆਪਣੇ ਨਾਲ ਲੈ ਗਏ।
(ਮਹਿਕਪ੍ਰੀਤ ਕੌਰ)
ਕਿਸੇ ਜੰਗਲ ਵਿੱਚ ਇੱਕ ਸੰਨਿਆਸੀ ਤਪ ਕਰਦਾ ਸੀ। ਜੰਗਲ ਦੇ ਜਾਨਵਰ ਉਸ ਕੋਲ ਪ੍ਰਵਚਨ ਸੁਣਨ ਨੂੰ ਆਇਆ ਕਰਦੇ ਸਨ। ਉਹ ਆਕੇ ਉਸਦੇ ਆਲੇ-ਦੁਆਲੇ ਬੈਠ ਜਾਂਦੇ ਅਤੇ ਉਹ ਜਾਨਵਰਾਂ ਨੂੰ ਵਧੀਆ ਜੀਵਨ ਗੁਜ਼ਾਰਨ ਦਾ ਉਪਦੇਸ਼ ਦਿੰਦਾ।
ਉਸੇ ਜੰਗਲ ਵਿੱਚ ਇੱਕ ਛੋਟਾ ਜਿਹਾ ਚੂਹਾ ਵੀ ਰਹਿੰਦਾ ਸੀ। ਉਹ ਵੀ ਰੋਜ ਸੰਨਿਆਸੀ ਦਾ ਪ੍ਰਵਚਨ ਸੁਣਨ ਆਉਂਦਾ ਸੀ।ਇੱਕ ਦਿਨ ਉਹ ਜੰਗਲ ਵਿੱਚ ਸਾਧੂ ਨੂੰ ਭੇਂਟ ਕਰਨ ਲਈ ਕੁੱਝ ਲੱਭ ਰਿਹਾ ਸੀ ਕਿ ਇੱਕ ਵੱਡੀ ਬਿੱਲੀ ਨੇ ਉਸ ਤੇ ਹਮਲਾ ਕਰ ਦਿੱਤਾ। ਚੂਹਾ ਬੇਹੱਦ ਡਰ ਗਿਆ ਅਤੇ ਭੱਜ ਕੇ ਸਿੱਧਾ ਸੰਨਿਆਸੀ ਦੇ ਆਸ਼ਰਮ ਵੱਲ ਆ ਗਿਆ। ਉੱਥੇ ਜਾਕੇ ਡਰੇ ਹੋਏ ਚੂਹੇ ਨੇ ਸੰਨਿਆਸੀ ਨੂੰ ਕੰਬਦੀ ਆਵਾਜ਼ ਵਿੱਚ ਆਪਣੀ ਹੱਡ-ਬੀਤੀ ਦੱਸੀ।
ਏਨੇ ਵਿੱਚ ਬਿੱਲੀ ਵੀ ਉੱਥੇ ਆ ਪੁੱਜੀ। ਉਸਨੇ ਸੰਨਿਆਸੀ ਨੂੰ ਆਪਣਾ ਸ਼ਿਕਾਰ ਦੇਣ ਲਈ ਕਿਹਾ।
ਸੰਨਿਆਸੀ ਸੋਚੀਂ ਪੈ ਗਿਆ। ਉਸਨੇ ਇੱਕ ਪਲ ਸੋਚਿਆ ਅਤੇ ਫਿਰ ਆਪਣੀ ਤਪ ਸ਼ਕਤੀ ਨਾਲ ਚੂਹੇ ਨੂੰ ਇੱਕ ਵੱਡੀ ਬਿੱਲੀ ਬਣਾ ਦਿੱਤਾ।ਹੁਣ ਆਪਣੇ ਤੋਂ ਵੱਡੀ ਬਿੱਲੀ ਨੂੰ ਸਾਹਮਣੇ ਵੇਖ ਪਹਿਲੀ ਬਿੱਲੀ ਉੱਥੋਂ ਭੱਜ ਗਈ।
ਹੁਣ ਚੂਹਾ ਬੇਫਿਕਰ ਸੀ। ਉਹ ਹੁਣ ਵੱਡੀ ਬਿੱਲੀ ਵਾਂਗ ਜੰਗਲ ਵਿੱਚ ਵਿਚਰਦਾ। ਦੂਜੇ ਜਾਨਵਰਾਂ ਨੂੰ ਡਰਾਣ ਲਈ ਉਹ ਜ਼ੋਰ ਨਾਲ ਗੁਰਰਾਉਣਾ ਵੀ ਸਿੱਖ ਗਿਆ ਸੀ। ਬਿੱਲੀਆਂ ਤੋਂ ਬਦਲਾ ਲੈਣ ਲਈ ਉਹ ਉਨ੍ਹਾਂ ਨਾਲ ਭਿੜ ਜਾਂਦਾ। ਬਹੁਤ ਸਾਰੀਆਂ ਬਿੱਲੀਆਂ ਉਸਨੇ ਮਾਰ ਦਿੱਤੀਆਂ।ਪਰ ਚੂਹੇ ਦਾ ਇਹ ਬੇਫਿਕਰੀ ਵਾਲਾ ਜੀਵਨ ਲੰਮਾ ਨਹੀਂ ਚੱਲਿਆ।
ਇੱਕ ਦਿਨ ਇੱਕ ਲੂੰਬੜੀ ਨੇ ਉਸ ਤੇ ਝਪੱਟਾ ਮਾਰਿਆ। ਉਸਨੇ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਬਿੱਲੀ ਤੋਂ ਵੱਡੇ ਅਤੇ ਖੂੰਖਾਰ ਜਾਨਵਰ ਵੀ ਜੰਗਲ ਵਿੱਚ ਹਨ, ਜੋ ਪਲ ਵਿੱਚ ਉਸਨੂੰ ਚੀਰ- ਫਾੜ ਸਕਦੇ ਹਨ। ਉਹ ਕਿਸੇ ਤਰ੍ਹਾਂ ਲੂੰਬੜੀ ਤੋਂ ਬਚਕੇ ਫਿਰ ਸੰਨਿਆਸੀ ਦੇ ਆਸ਼ਰਮ ਵਿੱਚ ਜਾ ਅੱਪੜਿਆ। ਲੂੰਬੜੀ ਵੀ ਉਸਦਾ ਪਿੱਛਾ ਕਰਦੀ ਉੱਥੇ ਪੁੱਜ ਗਈ। ਹੁਣ ਦੋਵੇਂ ਸੰਨਿਆਸੀ ਦੇ ਸਾਹਮਣੇ ਖੜੇ ਸਨ। ਸੰਨਿਆਸੀ ਨੇ ਚੂਹੇ ਦੀ ਪਰੇਸ਼ਾਨੀ ਵੇਖ ਉਸਨੂੰ ਵੱਡੀ ਸਾਰੀ ਲੂੰਬੜੀ ਬਣਾ ਦਿੱਤਾ। ਹੁਣ ਆਪਣੇ ਤੋਂ ਵੱਡੀ ਲੂੰਬੜੀ ਸਾਹਮਣੇ ਵੇਖ ਪਹਿਲੀ ਲੂੰਬੜੀ ਉੱਥੋਂ ਭੱਜ ਗਈ।
ਵੱਡੀ ਲੂੰਬੜੀ ਬਣਕੇ ਚੂਹਾ ਫਿਰ ਬੇਫਿਕਰ ਹੋ ਗਿਆ ਅਤੇ ਜੰਗਲ ਵਿੱਚ ਨਿਰਭਉ ਵਿਚਰਨ ਲਗਾ। ਲੇਕਿਨ ਉਸਦੀ ਇਹ ਖੁਸ਼ੀ ਵੀ ਜ਼ਿਆਦਾ ਦਿਨ ਨਹੀਂ ਰਹੀ।
ਇੱਕ ਦਿਨ ਜਦੋਂ ਉਹ ਇਵੇਂ ਹੀ ਜੰਗਲ ਵਿੱਚ ਘੁੰਮ ਰਿਹਾ ਸੀ ਕਿ ਇੱਕ ਸ਼ੇਰ ਉਸ ਤੇ ਝਪਟ ਪਿਆ।ਕਿਸੇ ਤਰ੍ਹਾਂ ਉਸਨੇ ਆਪਣੀ ਜਾਨ ਬਚਾਈ ਅਤੇ ਪਹਿਲਾਂ ਵਾਂਗ ਭੱਜ ਕੇ ਆਸ਼ਰਮ ਵਿੱਚ ਪੁੱਜਿਆ।
ਸੰਨਿਆਸੀ ਨੂੰ ਫੇਰ ਚੂਹੇ ਤੇ ਤਰਸ ਆ ਗਿਆ ਅਤੇ ਉਸਨੇ ਉਸਨੂੰ ਸ਼ੇਰ ਦੇ ਰੂਪ ਵਿੱਚ ਬਦਲ ਦਿੱਤਾ।
ਸੰਨਿਆਸੀ ਇਹ ਸਭ ਕਰਦੇ ਸਮੇਂ ਇਹ ਸੋਚਦਾ ਸੀ ਕਿ ਚੂਹਾ ਉਸਦਾ ਪੁਰਾਣਾ ਚੇਲਾ ਹੈ – ਛੋਟਾ ਅਤੇ ਕਮਜ਼ੋਰ ਜੀਵ ਹੈ। ਮਾਰੂ ਜਾਨਵਰਾਂ ਤੋਂ ਉਸਦੀ ਰੱਖਿਆ ਕਰਨਾ ਉਸਦਾ ਫਰਜ਼ ਹੈ।
ਹੁਣ ਫੇਰ ਸ਼ੇਰ ਦਾ ਰੂਪ ਪਾ ਕੇ ਚੂਹਾ ਜੰਗਲ ਵਿੱਚ ਨਿਰਭਉ ਵਿਚਰਨ ਲਗਾ। ਅਕਾਰਣ ਹੀ ਉਸਨੇ ਜੰਗਲ ਦੇ ਬਹੁਤ ਸਾਰੇ ਪ੍ਰਾਣੀ ਮਾਰ ਮੁਕਾਏ। ਸ਼ੇਰ ਦਾ ਰੂਪ ਪਾਉਣ ਦੇ ਬਾਅਦ ਚੂਹਾ ਜੰਗਲ ਦਾ ਸਰਵਸ਼ਕਤੀਮਾਨ ਜੀਵ ਬਣ ਗਿਆ ਸੀ। ਉਹ ਰਾਜੇ ਵਾਂਗ ਵਰਤਾਓ ਕਰਦਾ ਅਤੇ ਉਂਜ ਹੀ ਹੁਕਮ ਦਿੰਦਾ ਜਿਵੇਂ ਕੋਈ ਰਾਜਾ ਦਿੰਦਾ ਹੈ।
ਹੁਣ ਉਸਨੂੰ ਸੰਨਿਆਸੀ ਦੀਆਂ ਸ਼ਕਤੀਆਂ ਦੀ ਚਿੰਤਾ ਹੋਣ ਲੱਗੀ ਕਿ ਸੰਨਿਆਸੀ ਨੇ ਕਾਰਨ ਜਾਂ ਅਕਾਰਨ ਉਸਨੂੰ ਪਹਿਲਾਂ ਵਾਂਗ ਚੂਹਾ ਬਣਾ ਦਿੱਤਾ ਤਾਂ ਸਾਰਾ ਖੇਲ ਵਿਗੜ ਜਾਵੇਗਾ। ਉਹ ਜਿੰਨਾ ਸੋਚਦਾ, ਚਿੰਤਾ ਓਨੀ ਹੀ ਵੱਧਦੀ ਜਾਂਦੀ।ਅਖ਼ੀਰ ਨੂੰ ਉਸਨੇ ਸੰਨਿਆਸੀ ਨੂੰ ਮਾਰਨ ਦੀ ਸੋਚੀ ਅਤੇ ਬੋਲਿਆ, “ਮੈਂ ਭੁੱਖਾ ਹਾਂ ਤੇ ਹੁਣ ਮੈਂ ਤੁਹਾਨੂੰ ਖਾਵਾਂਗਾ ਤਾਂ ਕਿ ਸਾਰੀਆਂ ਸ਼ਕਤੀਆਂ ਮੇਰੇ ਵਿੱਚ ਸਮਾ ਜਾਣ; ਮੈਨੂੰ ਆਗਿਆ ਦਿਓ ਕਿ ਤੁਹਾਨੂੰ ਮਾਰ ਸਕਾਂ।” ਚੂਹੇ ਦੇ ਇਹ ਸ਼ਬਦ ਸੁਣਕੇ ਸੰਨਿਆਸੀ ਨੂੰ ਬਹੁਤ ਗੁੱਸਾ ਆਇਆ। ਉਸਨੇ ਉਸਨੂੰ ਤੁਰੰਤ ਹੀ ਫਿਰ ਤੋਂ ਚੂਹਾ ਬਣਾ ਦਿੱਤਾ।
ਹੁਣ ਚੂਹੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਆਪਣੇ ਭੈੜੇ ਵਰਤਾਓ ਲਈ ਸੰਨਿਆਸੀ ਤੋਂ ਮਾਫੀ ਮੰਗਦੇ ਹੋਏ ਉਸਨੂੰ ਫਿਰ ਤੋਂ ਸ਼ੇਰ ਬਣਾ ਦੇਣ ਨੂੰ ਕਿਹਾ। ਪਰ ਸੰਨਿਆਸੀ ਨੇ ਉਸਨੂੰ ਸੋਟੀ ਨਾਲ ਉੱਥੋਂ ਭਜਾ ਦਿੱਤਾ।