ਪਹਿਲੀ ਵਾਰ ਸਕੂਲੋਂ ਭੱਜਣ ਦੀ ਵਿਉਂਤ

by admin

ਮੈਂ ਦਸਵੀਂ ਤੱਕ ਪਿੰਡ ਦੇ ਸਕੂਲ ਸੈਂਟ ਸੋਲਜਰ ਪਬਲਿਕ ਸਕੂਲ ਵਿੱਚ ਪੜ੍ਹਿਆ ਹਾਂ ਜੋ ਫੋਜ਼ ਤੋਂ ਰਿਟਾਇਰ ਕੈਪਟਨ ਸ.ਬਖ਼ਸੀਸ਼ ਸਿੰਘ ਬਾਜਵਾ ਨੇ ਖੋਲ੍ਹਿਆ ਸੀ ਜੋ ਉੱਥੋਂ ਦੇ ਪ੍ਰਿੰਸੀਪਲ ਵੀ ਸਨ। ਅਸੀਂ ਉਹਨਾਂ ਨੂੰ ਵੱਡੇ ਸਰ ਕਹਿੰਦੇ ਹੁੰਦੇ ਸੀ। ਉਹ ਫੌਜੀ ਅਫ਼ਸਰ ਹੋਣ ਕਾਰਨ ਬਹੁਤ ਜਿਆਦਾ ਸਖਤੀ ਵਰਤਦੇ ਸਨ ਅਤੇ ਉਹਨਾਂ ਦਾ ਡਰ ਵੀ ਬਹੁਤ ਸੀ ਜਵਾਕਾਂ ਵਿੱਚ। ਸਾਡੇ ਸਕੂਲ ਵਿੱਚੋਂ ਕਦੇ ਵੀ ਕੋਈ ਬੱਚਾ ਨਈ ਸੀ ਭੱਜਿਆ ਇਹ ਇੱਕ ਰਿਕਾਰਡ ਸੀ। ਖੈਰ ਇਹ ਗੱਲ ਅੱਠਵੀਂ ਜਮਾਤ ਦੀ ਹੈ। ਸਾਡੇ ਤੋ ਦੋ ਸਾਲ ਸੀਨੀਅਰ ਜਾਣੀ ਕੇ ਦਸਵੀਂ ਕਲਾਸ ਵਾਲੇ ਮੁੰਡਿਆਂ ਵਿੱਚ ਕੁੱਝ ਕ ਮੁੰਡੇ ਮੇਰੇ ਮੁਹੱਲੇ ਦੇ ਸਨ। ਸਾਡਾ ਕਸਬਾ ਬਹੁਤ ਵੱਡਾ ਹੋਣ ਕਾਰਣ ਮੁਹੱਲਿਆਂ ਵਿੱਚ ਵੰਡਿਆ ਹੋਇਆ ਹੈ। ਹੋਇਆ ਇੰਜ ਕਿ ਮੇਰੇ ਮੁਹੱਲੇ ਵਾਲੇ ਤਿੰਨ – ਚਾਰ ਮਿੱਤਰ ਪਿਆਰਿਆਂ ਇੱਕ ਗਗਨ, ਜਸਦੀਪ, ਰਣਜੀਤ, ਜਤਿੰਦਰ ਹੋਣਾ ਨੇ ਵਿਉਂਤ ਬਣਾਈ ਕਿ ਅੱਜ ਸਕੂਲ ਚੋ ਭੱਜਣ ਦਾ ਨੀਂਹ ਪੱਥਰ ਰੱਖਾਗੇਂ ਤੇ ਅੱਧੀ ਛੁੱਟੀ ਵੇਲੇ ਕਿਆਰੀਆਂ ਵਾਲੀ ਕੰਧ ਜੌ ਇੱਕ ਗਲੀ ਨਾਲ ਲਗਦੀ ਸੀ ਉੱਥੇ ਇਕੱਠੇ ਹੋ ਜਾਇਓ। ਤਹਿ ਕੀਤੇ ਸਮੇਂ ਅਨੁਸਾਰ ਸਭ ਪਹੁੰਚ ਗਏ। ਗਗਨ ਕਹਿੰਦਾ ਅੱਜ ਅਸੀਂ ਚਾਰ ਭੱਜਣ ਲੱਗੇਆਂ ਪਰ ਨੀਂਹ ਪੱਥਰ ਰੱਖ ਚੱਲੇ ਹਾਂ ਤੁਹਾਡੇ ਸਭ ਲਈ। ਅਸੀਂ ਵੀ ਬਹੁਤ ਉਤਸਾਹ ਵਿੱਚ ਸਾਂ ਕਿ ਪਹਿਲੀ ਵਾਰੀ ਕੋਈ ਸਕੂਲੋਂ ਭੱਜਣ ਲੱਗਿਆ। ਗਗਨ ਕਹਿੰਦਾ ਪਹਿਲਾਂ ਮੈਂ ਜਾਊਗਾ ਸਾਰੇ ਕਹਿੰਦੇ ਚਲੋ ਠੀਕਆ। ਗਗਨ ਨੇ ਆਪਣਾ ਕਿਤਾਬਾਂ ਵਾਲਾ ਭਾਰਾ ਬਸਤਾ ਚੁੱਕਕੇ ਕੰਧ ਤੋਂ ਪਾਰ ਮਾਰਿਆ ਹਾਲੇ ਉਹ ਦੂਜੇ ਪਾਸੇ ਦੀ ਬਾਹਰ ਜਾਣ ਹੀ ਲੱਗਾ ਸੀ ਕਿ ਬਸਤਾ ਗਲੀ ਚੋ ਵਾਪਸ ਆ ਗਿਆ। ਸਭ ਬੜੇ ਹੈਰਾਨ ਵਈ ਆ ਕੀ ਹੋਇਆ ਗਗਨ ਕਹਿੰਦਾ ਕੰਜਰੋ ਦੋਬਾਰਾ ਸਿੱਟੋ ਜੇ ਵੱਡੇ ਸਰ ਨੇ ਦੇਖ ਲਿਆ ਤਾਂ ਮਾਰੇ ਜਾਵਾਂਗੇ ਬਸਤਾ ਦੋਬਾਰਾ ਸਿੱਟਿਆ ਗਿਆ ਬਾਹਰ ਗਲੀ ਵਿੱਚ ਗਗਨ ਫਿਰ ਜਦੋਂ ਦਰਵਾਜ਼ੇ ਕੋਲ ਨੂੰ ਪਹੁੰਚਿਆ ਬਸਤਾ ਫੇਰ ਵਾਪਸ ਆ ਗਿਆ। ਚਾਰ ਪੰਜ ਵਾਰੀ ਅੈਦਾ ਹੀ ਹੋਇਆ ਬਸਤਾ ਸੁੱਟਿਆ ਕਰੀਏ ਪਰ ਬਸਤਾ ਫਿਰ ਵਾਪਿਸ ਆ ਜਾਇਆ ਕਰੇ। ਵੱਡੇ ਸਰ ਦਾ ਘਰ ਸਕੂਲ ਵਿੱਚ ਹੀ ਹੋਣ ਕਾਰਣ ਅੱਧੀ ਛੁੱਟੀ ਵੇਲੇ ਸਰ ਘਰੇ ਚਲੇ ਜਾਂਦੇ ਸੀ। ਫੌਜੀ ਹੋਣ ਕਾਰਣ ਆਪਣਾ ਚਾਹ ਪਾਣੀ ਰਸੋਈ ਵਿੱਚ ਆਪ ਹੀ ਬਣਾਉਂਦੇ ਸੀ ਤੇ ਉਹਨਾਂ ਦੀ ਰਸੋਈ ਦੀ ਬਾਰੀ ਓਦਰ ਨੂੰ ਹੀ ਖੁਲਦੀ ਸੀ ਜਿੱਥੇ ਇਹ ਸੱਭ ਹੋ ਰਿਹਾ ਸੀ ਤੇ ਇਹ ਸਾਰੀ ਕਾਰਵਾਈ ਸਾਡੇ ਵੱਡੇ ਸਰ ਸਾਹਮਣੇ ਬਾਰੀ ਚੋਂ ਦੇਖ ਰਹੇ ਸਨ। ਜਦੋਂ ਅੱਧੀ ਛੁੱਟੀ ਖਤਮ ਹੋਈ ਤਾਂ ਸਰ ਆਫਿਸ ਵਿੱਚ ਆਕੇ ਬੈਠ ਗਏ ਨਾਲ ਦੀ ਨਾਲ ਗਗਨ ਹੋਣਾ ਨੂੰ ਤੇ ਮੇਰੀ ਜਮਾਤ ਦੇ ਮੇਰੇ ਸਮੇਤ ਉਹਨਾਂ ਮੁੰਡਿਆਂ ਨੂੰ ਜੌ ਓਸ ਵੇਲੇ ਉੱਥੇ ਮੌਜੂਦ ਸਨ ਉਹਨਾਂ ਸਭ ਨੂੰ ਬੁਲਾਵਾ ਭੇਜਿਆ ਗਿਆ। ਸਾਨੂੰ ਖੇਡਣ ਵਾਲੇ ਮੈਦਾਨ ਵਿੱਚ ਆਉਣ ਲਈ ਕਿਹਾ ਗਿਆ। ਸਰ ਕਹਿੰਦੇ ਭਾਈ ਅੱਠਵੀਂ ਵਾਲੇ ਪਾਸੇ ਤੇ ਹੋਕੇ ਖੜ੍ਹੇ ਹੋਜੋ ਤੇ ਜੌ ਹੁੰਦਾ ਧਿਆਨ ਨਾਲ ਦੇਖਿਓ ਅਸੀਂ ਸਹਿਮੇ ਡਰੇ ਜਿਹੇ ਚੁੱਪ ਕਰਕੇ ਖੜੇ ਹੋ ਗਏ। ਫਿਰ ਉਹਨਾਂ ਨੇ ਗਗਨ, ਜਸਦੀਪ,ਰਣਜੀਤ, ਜਤਿੰਦਰ ਨੂੰ ਅੱਗੇ ਆਉਣ ਲਈ ਕਿਹਾ। ਅਸੀਂ ਸਮਜ ਗਏ ਕਿ ਹੈਡਮਾਸਟਰ ਸਾਬ ਨੂੰ ਸਾਰੇ ਕਾਰਿਕਰਮ ਦੀ ਜਾਣਕਾਰੀ ਹੋ ਗਈ ਏ। ਹੁਣ ਵੱਡੇ ਸਰ ਸਜਾ ਵੀ ਫੌਜੀਆਂ ਵਾਲੀ ਹੀ ਦਿੰਦੇ ਸਨ। ਉਹਨਾਂ ਨੇ ਢੰਡ ਮਾਰਣ ਦੀ ਪਾਸੀਸ਼ਨ ਬਣਾਉਣ ਲਈ ਕਿਹਾ ਤੇ ਨਾਲ ਹੀ ਬੈਂਡ(Bend) – ਸੱਟਰੈਚ ਕਹਿਣ ਲੱਗ ਪਏ। ਸਰ ਨੇ ਕਿੰਨਾ ਕਿੰਨਾ ਚਿਰ ਬੈਂਡ ਹੀ ਰਹਿਣ ਦੇਣਾ ਜਾਂ ਸੱਟਰੈਚ ਹੀ ਰਹਿਣ ਦੇਣਾ ਜਿਨਾ ਚਿਰ ਬੱਸ ਨੀ ਹੋ ਜਾਣੀ। ਮਾੜੀ ਜਈ ਗਲਤੀ ਹੋ ਜਾਣੀ ਤਾਂ ਨਾਲ ਹੀ ਤਸ਼ਰੀਫ਼ ਤੇ ਡੰਡਾ ਜਿਹੜਾ ਸਰ ਆਪਣੇ ਆਫਿਸ ਵਿੱਚ ਰੱਖਦੇ ਸਨ ਤੇ ਉਹਨਾਂ ਦਾ ਪਸੰਦੀਦਾਰ ਸੀ ਤੇ ਸਪੈਸ਼ਲ ਸਰਵਿਸਾ ਲਈ ਰੱਖਿਆ ਸੀ। ਕੁੱਲ ਮਿਲਾ ਕੇ ਵੀਹ ਕ ਮਿੰਟ ਚੱਲੇ ਇਸ ਪ੍ਰੋਗਰਾਮ ਨੇ ਬਹੁਤ ਅਣਮੁੱਲੀ ਸਿੱਖਿਆ ਦਿੱਤੀ। ਤੇ ਵੱਡੇ ਸਰ ਵੀ ਕਹਿੰਦੇ ਕਿ ਬੱਚਿਓ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਜਦੋਂ ਕਿਤੇ ਇਸ ਤਰਾਂ ਦਾ ਨੀਹ ਪੱਥਰ ਰੱਖਣ ਦਾ ਦੋਬਾਰਾ ਦਿਲ ਕਰੇ ਤਾਂ ਇਸ ਮੁੱਖਮਹਿਮਾਨ ਦਾ ਕਿਤੇ ਚੇਤਾ ਨਾ ਜੀ ਭੁਲਾ ਜਾਇਓ। ਓਦੋਂ ਤਾਂ ਜਾਨ ਤੇ ਬਣੀ ਸੀ ਪਰ ਅੱਜ ਚੇਤੇ ਕਰ ਕੇ ਹਾਸੀ ਆਉਂਦੀ ਆ। ਪਰ ਅੱਜ ਤੱਕ ਇਹ ਨਈ ਪਤਾ ਲੱਗਿਆ ਕਿ ਦੂਜੇ ਪਾਸੇ ਖੜ੍ਹਾ ਕਿਹੜਾ ਕੰਜਰ ਸੀ ਜਿਹੜਾ ਬਸਤਾ ਵਾਪਸ ਸੁੱਟ ਰਿਹਾ ਸੀ।

ਦੀਪ ਕੰਗ

You may also like