Bhangra Boliyan

ਕੱਢਣ ਨਾ ਜਾਣਦੀ ਕੱਤਣ ਨਾ ਜਾਣਦੀ
ਜਾਣਦੀ ਨਾ ਕੱਪੜੇ ਸੀਣਾ
ਨੀ ਕੱਚੀਏ ਕੁਆਰ ਗੰਦਲੇ
ਪਾਣੀ ਤੇਰਿਆਂ ਹੱਥਾਂ ਦਾ ਪੀਣਾ।

ਇਹ ਗੱਲ ਤੇਰੀ ਮਾੜੀ ਕੁੜੀਏ
ਤੇਲ ਪੱਟਾਂ ਤੇ ਮਲਦੀ
ਜੇ ਕਿਸੇ ਨੇ ਫੜ ਕੇ ਢਾਹ ਲਈ
ਫੇਰ ਫਿਰੇਂਗੀ ਲੜਦੀ
ਵਿਚ ਦਰਵਾਜ਼ੇ ਦੇ
ਅੱਧੀ ਰਾਤ ਕੀ ਕਰਦੀ

ਜੰਡੀਆਂ ਦੀ ਜੰਨ ਢੁੱਕੀ ਰਕਾਨੇ,
ਢੁੱਕੀ ਲੜ ਵਣਜਾਰੇ।
ਲੜ ਵਜਣਾਰੇ ਪਾਉਣ ਬੋਲੀਆਂ,
ਗੱਭਰੂ ਹੋ ਗਏ ਸਾਰੇ।
ਘੁੰਡ ਵਾਲੀ ਦੇ ਨੇਤਰ ਸੋਹਣੇ,
ਜਿਉਂ ਬੱਦਲਾਂ ਵਿੱਚ ਤਾਰੇ।
ਹੇਠਲੀ ਬਰੇਤੀ ਦਾ,
ਮੁੱਲ ਦੱਸ ਦੇ ਮੁਟਿਆਰੇ।

ਤੂੰ ਹੱਸਦੀ ਦਿਲ ਰਾਜ਼ੀ ਮੇਰਾ,
ਲੱਗਦੇ ਬੋਲ ਪਿਆਰੇ।
ਜਾਨ ਭੌਰ ਦੀ ਲੈ ਲਈ ਮੁੱਠੀ ਵਿਚ,
ਤੈਂ ਲੰਮੀਏ ਮੁਟਿਆਰੇ।
ਆ ਕਿਧਰੇ ਦੋ ਗੱਲਾਂ ਕਰੀਏ,
ਬਹਿ ਕੇ ਨਦੀ ਕਿਨਾਰੇ।
ਹੁਭਕੀਂ ਰੋਣ ਖੜ੍ਹੇ,
ਤੇਰੇ ਹਿਜਰ ਦੇ ਮਾਰੇ।