ਸ਼ਕਤੀਮਾਨ

by admin

ਗੱਲ ਅੱਜ ਤੋਂ ਕੁੱਝ ਅਠਾਰਾਂ ਵਰੇ ਪੁਰਾਣੀਆ ਸਾਡੇ ਪਿੰਡ ਰੰਗੀਨ ਟੀ . ਵੀ ਤਾਂ ਆ ਗਏ ਸੀ ਪਰ ਚਲਦਾ ਉਹਨਾਂ ਤੇ ਡੀ ਡੀ ਵਨ ਜਾਂ ਡੀ ਡੀ ਮੈਟਰੋ ਈ ਹੁੰਦਾ ਸੀ । ਐਨਟੀਨੇ ਹਰ ਘਰ ਵਿੱਚ ਲੱਗੇ ਸੀ ਤੇ ਸੈੱਟ ਕਰਕੇ ਰੱਖਣੇ ਪੈਂਦੇ ਸੀ। ਮੇਰੇ ਵਰਗਿਆਂ ਲਈ ਓਦੋਂ ਸ਼ਕਤੀਮਾਨ ਸਿਨੇਮਾ ਜਗਤ ਦਾ ਇੱਕ ਬੇਸ਼ਕੀਮਤੀ ਤੋਹਫ਼ਾ ਸੀ। ਅਸੀਂ ਸਾਰੇ ਜਵਾਕ ਬਹੁਤ ਚਾਅ ਨਾਲ ਵੇਖਦੇ ਹੁੰਦੇ ਸੀ। ਐਤਵਾਰ ਨੂੰ ਸਿਰ – ਪਿੰਡੇ ਟੈਮ ਨਾਲ ਨਹਾਕੇ ਸੱਜਕੇ ਟੇਲੀਵਿਜਨ ਮੂਹਰੇ ਬਹਿ ਜਾਣਾ। ਘਰਦਿਆਂ ਨੂੰ ਵੀ ਪਤਾ ਹੁੰਦਾ ਸੀ ਕਿ ਜਿੰਨਾ ਚਿਰ ਸ਼ਕਤੀਮਾਨ ਆਉਂਦਾ ਇਹਨੇ ਕੁੱਝ ਨੀ ਸੁਣਨਾਂ ਉਹ ਵੀ ਨੀ ਕੋਈ ਕੰਮ ਕਹਿੰਦੇ ਹੁੰਦੇ ਸੀ। ਸੁਣਦੇ ਖੈਰ ਓਦਾਂ ਵੀ ਘੱਟ ਈ ਸੀ। ਤੇ ਜਦੋਂ ਮੁੱਕ ਜਾਣਾ ਫਿਰ ਉਦ੍ਹੀ ਦੇ ਥਾਂ ( ਇੱਕ ਛੋਟਾ ਜਿਹਾ ਗਰਾਊਂਡ) ਚ ਇਕੱਠੇ ਹੋਕੇ ਸਵਾਦ ਲੈ ਲੈ ਗੱਲਾਂ ਦੱਸਣੀਆਂ ਤੇ ਸੁਣਨੀਆ । ਇੱਕ ਦਿਨ ਸਵਾਦ – ਸਵਾਦ ਚ ਗੱਲ ਐਕਸ਼ਨ ਤੱਕ ਜਾ ਪਹੁੰਚੀ ਤੇ ਐਕਸ਼ਨ ਤੋਂ ਜਿੱਦ ਤੇ ਪਹੁੰਚ ਗਈ। ਮਾਸਟਰ ਤਾਏ ਪਾਲੇ ਕਾ ਪਿੰਦਰ ਕਹਿੰਦਾ ਮੈਨੂੰ ਸ਼ਕਤੀਮਾਨ ਵਾਂਗੂ ਉੜਨਾ ਆਉਂਦਾ। ਸਾਰੇ ਜਵਾਕ ਇਹ ਗੱਲ ਸੁਣਕੇ ਆਪਣਾ ਆਪਣਾ ਪੱਖ ਰੱਖਣ ਲੱਗ ਪਏ। ਅੱਧੇ ਕ ਤਾਂ ਜਿਵੇਂ ਜਵਾਕ ਕਰਦੇ ਈ ਹੁੰਦੇ ਨੇ ਕਿ ਲੈ ਲੈ ਐਵੇਂ ਗੱਪ ਨਾ ਰੋੜਿਆਂ ਕਰ ਉਂਈ ਛੱਡੀ ਜਾਂਦਾ ਤੇ ਕੁੱਝ ਕ ਉਹਦਾ ਹੌਂਸਲਾ ਵਧਾ ਰਹੇ ਸੀ । ਕੁੱਝ ਕ ਵਿੱਚ ਇਹਦਾ ਦੇ ਸੀ ਜੋ ਸਿਰਫ ਸਵਾਦ ਲੈਂਦੇ ਪਏ ਸੀ ਤੇ ਮੀਸਣੀ ਜਿਹੀ ਹਾਸੀ ਵੀ ਹੱਸੀ ਜਾਂਦੇ ਸੀ। ਚਲੋ ਚੁੱਕ ਚਕਾਕੇ ਸਾਰਿਆ ਨੇ ਪਿੰਦਰ ਨੂੰ ਰੋੜਿਆਂ ਦੀ ਗਿਆਰਾਂ – ਬਾਰਾਂ ਫੁੱਟ ਉੱਚੀ ਕੰਧ ਤੇ ਚੜ੍ਹਾ ਤਾ। ਉਹ ਕੰਧ ਬਹੁਤ ਹੀ ਘੱਟ ਚੋੜੀ ਸੀ ਜਿੰਨੀ ਆਮ ਹੁੰਦੀ ਹੀ ਆ। ਪਿੰਦਰ ਸ਼ਕਤੀਮਾਨ ਵਾਂਗੂ ਉਂਗਲ ਉੱਪਰ ਨੂੰ ਕਰਕੇ ਘੁੰਮਕੇ ਉੱਡਣ ਹੀ ਲੱਗਾ ਸੀ ਕਿ ਪੈਰ ਤੇ ਪੈਰ ਆਉਣ ਕਰਕੇ ਬਲੈਸ ਵਿਗੜ ਗਿਆ ਤੇ ਸੱਜੇ ਹੱਥ ਦੀ ਉਂਗਲ ਉੱਪਰ ਨੂੰ ਚੱਕੀ ਸੀ ਤੇ ਜਦੋਂ ਥੱਲੇ ਡਿੱਗਿਆ ਓਸੇ ਹੱਥ ਦੇ ਭਾਰ ਡਿੱਗਿਆ । ਅਸੀਂ ਘਬਰਾ ਗਏ ਕਿ ਆ ਕੀ ਹੋ ਗਿਆ ਪਰ ਪਿੰਦਰ ਚੁੱਪ ਚਾਪ ਪਿਆ ਸੀ ਉਹਨੂੰ ਸੀ ਕਿ ਜੇ ਮੈਂ ਰੋ ਪਿਆ ਤਾਂ ਸਾਰੀ ਇੱਜ਼ਤ ਦਾ ਘਾਲਾ – ਮਾਲਾ ਹੋ ਜਾਉ। ਉਹਦੇ ਮੂੰਹ ਤੇ ਕੋਈ ਹਾਵ ਭਾਵ ਨਹੀਂ ਸੀ। ਅਸੀਂ ਸੋਚਿਆ ਸ਼ਾਇਦ ਠੀਕ ਹੈ ਉਹ। ਪਰ ਜਿਆਦਾ ਚਿਰ ਪਿੜ ਨੂੰ ਲੁਕਾ ਨਾ ਪਾਇਆ ਤੇ ਉੱਚੀ ਉੱਚੀ ਰੋਣ ਲੱਗ ਪਿਆ । ਹਾਏ ਮਮੀਏ ਮਮੀਏ ਟੁੱਟ ਗਈ ਉ ਹਾਏ ਮਮੀ ਟੁੱਟ ਗਈ । ਅੱਧੇ ਕ ਤਾਂ ਘਬਰਾਕੇ ਭੱਜ ਖੜੇ ਹੋਏ ਪਰ ਮੇਰਾ ਪਿੰਦਰ ਪੱਕਾ ਆੜੀ ਸੀ ਮੈਂ ਭੱਜਕੇ ਗਿਆ ਤਾਏ ਮਾਸਟਰ ਨੂੰ ਬੁਲਾ ਲਿਆਇਆ ਤੇ ਸਾਰੀ ਗੱਲ ਦੱਸੀ । ਤਾਇਆ ਵੀ ਭੱਜਿਆ ਆਇਆ ਗਾਲਾ ਕੱਡਦਾ ਹੋਇਆ। ਤਾਏ ਦਾ ਦਿਲ ਤਾਂ ਸੀ ਕੇ ਪਿੰਦਰ ਦੇ ਦੋ ਮਾਰੇ ਬੂਥੇ ਤੇ ਪਰ ਕਾਬੂ ਕਰ ਗਿਆ ਤਾਇਆ ਖੁਦ ਤੇ। ਚਲੋ ਫੇਰ ਡਾਕਟਰ ਕੋਲੇ ਗਏ ਬਾਂਹ ਟੁੱਟ ਗਈ ਸੀ ਪਲੱਸਤਰ ਲਵਾਇਆ ਘਰੇ ਆ ਗਏ । ਇੱਕ ਦੋ ਦਿਨ ਛੋਰ ਨੇ ਰੇਸਟ ਮਾਰਿਆ ਆ ਗਿਆ ਫੇਰ ਗ੍ਰਾਊਂਡੇ । ਹੁਣ ਬਾਕੀ ਦੇ ਜਵਾਕ ਮਖੌਲ ਕਰਨ ਕਿ ਆ ਗਿਆ ਬਾਈ ਓਏ ਆਪਣੇ ਪਿੰਡ ਵਾਲਾ ਸ਼ਕਤੀਮਾਨ। ਅੱਗੋਂ ਛੋਰ ਕਿਹੜਾ ਦੱਬਦਾ ਕਹਿੰਦਾ ਉੱਡ ਤਾਂ ਮੈਂ ਪੈਣਾਂ ਸੀ ਬੱਸ ਉਂਗਲੀ ਥੋੜੀ ਜਿਹੀ ਗਲਤ ਰੱਖੀ ਗਈ ਥੋੜੀ ਜਈ ਸੱਜੇ ਨੂੰ ਰੱਖਣੀ ਸੀ ਮੇਰੇ ਤੋਂ ਖੱਬੇ ਨੂੰ ਰੱਖੀ ਗਈ। ਕੋਈ ਨਾ ਠੀਕ ਹੋ ਲੈਣਦੇ ਬਾਂਹ ਕਿਹੜਾ ਸਦਾ ਬਝੀ ਰਹਿਣੀਆ ਫੇਰ ਉੱਡਕੇ ਦਿਖਾਉ ।

ਦੀਪ ਕੰਗ

You may also like