ਸਕੂਬੀ

by admin

ਸਾਡਾ ਪਿੰਡ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਜਿਥੋਂ ਮੱਤੇਵਾੜਾ ਜੰਗਲ ਥੋੜੀ ਦੂਰ ਹੋਣ ਕਾਰਨ ਬਾਂਦਰ ਜਾਂ ਸੂਰ ਆਮ ਹੀ ਆਉਂਦੇ ਰਹਿੰਦੇ ਹਨ। ਏਸੇ ਤਰ੍ਹਾਂ ਹੀ ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਦੋ ਬਾਂਦਰ ਸਾਡੇ ਘਰ ਦੀ ਛੱਤ ਤੇ ਆਕੇ ਬੈਠ ਗਏ। ਸਾਰੇ ਪਾਸੇ ਰੌਲਾ ਪੈ ਗਿਆ ਕਿ ਪਿੰਡ ਵਿੱਚ ਬਾਂਦਰ ਆਏ ਨੇ। ਮੈਨੂੰ ਸ਼ੁਰੂ ਤੋਂ ਹੀ ਕੁੱਤੇ ਰੱਖਣ ਦਾ ਸ਼ੋਂਕ ਹੈ ਤੇ ਓਸ ਵੇਲੇ ਵੀ ਮੈਂ ਦੋ ਕੁੱਤੇ ਰੱਖੇ ਹੋਏ ਸਨ। ਇੱਕ ਜੈਕੀ ਤੇ ਦੂਜਾ ਸਕੂਬੀ ਜੌ ਅੱਜ ਵੀ ਸਾਡੇ ਘਰ ਦੀ ਰੌਣਕ ਨੇ। ਜੈਕੀ ਓਦੋ ਚਾਰ ਕ ਸਾਲ ਦਾ ਸੀ ਤੇ ਸਕੂਬੀ ਇੱਕ ਸਾਲ ਦਾ ਸੀ। ਸਕੂਬੀ ਛੋਟਾ ਹੋਣ ਕਰਕੇ ਸਭ ਦਾ ਲਾਡਲਾ ਸੀ ਤੇ ਘਰ ਜਿਆਦਾ ਰਹਿੰਦਾ ਸੀ। ਪਰ ਜੈਕੀ ਥੋੜਾ ਘੁੰਮਣ ਫਿਰਨ ਦਾ ਸ਼ੋਕੀਨ ਹੋਣ ਕਰਕੇ ਉਹ ਚਾਚੇ ਹੋਣਾ ਵੱਲ ਵੀ ਗੇੜਾ ਕੱਢ ਆਉਂਦਾ ਸੀ ਤੇ ਖੇਤ ਵੱਲ ਨੂੰ ਵੀ ਨਾਲ ਚਲੇ ਜਾਂਦਾ ਸੀ। ਜੈਕੀ ਨੇ ਬਾਂਦਰ ਪਹਿਲਾ ਵੇਖੇ ਸੀ ਤੇ ਉਸਨੂੰ ਪਤਾ ਸੀ ਕਿ ਇਹ ਬਹੁਤ ਚਵਲ ਹੁੰਦੇ ਨੇ ਇਹਨਾਂ ਤੋਂ ਫ਼ਾਂਸਲਾ ਹੀ ਚੰਗਾਏ ਪਰ ਸਕੂਬੀ ਨੇ ਪਹਿਲੀ ਵਾਰ ਦੇਖੇ ਸੀ ਉਹਦਾ ਕਦੇ ਬਾਂਦਰਾ ਨਾਲ ਵਾਹ ਨਹੀਂ ਸੀ ਪਿਆ। ਸਕੂਬੀ ਉਹਨਾਂ ਵੱਲ ਵੇਖ ਵੇਖ ਬਹੁਤ ਹੈਰਾਨ ਸੀ ਕਿ ਇਹ ਕੀ ਚੀਜ਼ਾ ਨੇ। ਜੈਕੀ ਤਾਂ ਦੂਰੋਂ ਦੂਰੋਂ ਭੌਂਕ ਰਿਹਾ ਸੀ ਪਰ ਸਕੂਬੀ ਉਹਨਾਂ ਦੇ ਬਿਲਕੁਲ ਕੋਲ ਜਾਕੇ ਭੌਂਕ ਰਿਹਾ ਸੀ ਜਮਾਂ ਬੇਪਰਵਾਹ ਹੋਕੇ। ਬਾਂਦਰ ਕੁੱਝ ਖਾ ਰਹੇ ਸੀ ਉਹਨਾਂ ਨੂੰ ਜਿਵੇਂ ਸਕੂਬੀ ਤੇ ਗੁੱਸਾ ਵੀ ਬਹੁਤ ਆ ਰਿਹਾ ਸੀ ਪਰ ਜਿਆਦਾ ਧਿਆਨ ਖਾਣ ਵੱਲ ਸੀ। ਪਰ ਸਕੂਬੀ ਦਾ ਹੌਂਸਲਾ ਹੋਰ ਵੱਧ ਗਿਆ ਉਹ ਥੋੜਾ ਹੋਰ ਲਾਗੇ ਹੋ ਕੇ ਭੌਂਕਣ ਲੱਗਾ। ਬਾਂਦਰਾ ਦਾ ਵੀ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਹਨਾਂ ਚੋਂ ਇੱਕ ਨੇ ਸਕੂਬੀ ਨੂੰ ਕੰਨਾਂ ਤੋਂ ਘੁੱਟਕੇ ਫੜ੍ਹ ਲਿਆ ਤੇ ਦੂਸਰੇ ਨੇ ਸੱਤ ਅੱਠ ਚਪੇੜਾ ਮਾਰੀਆਂ ਉਹ ਵੀ ਪੂਰੇ ਜੋਰਾਂ ਨਾਲ । ਇਹ ਦੇਖਕੇ ਜੈਕੀ ਤਾਂ ਪਹਿਲਾਂ ਹੀ ਭੱਜ ਗਿਆ ਤੇ ਸਕੂਬੀ ਦੀਆਂ ਚੀਕਾਂ ਸਾਰੇ ਮੁਹੱਲੇ ਨੇ ਸੁਣੀਆਂ। ਜਦੋਂ ਸਕੂਬੀ ਨੂੰ ਬਾਂਦਰਾ ਨੇ ਛੱਡਿਆ ਤਾਂ ਉਹ ਡਰਿਆ ਸਹਿਮਿਆ ਬੁਰੀ ਤਰਾਂ ਕੰਭਦਾ ਹੋਇਆ ਮੰਜੇ ਥੱਲੇ ਆਕੇ ਬੈਠ ਗਿਆ। ਉਸ ਦਿਨ ਤੋਂ ਬਾਦ ਇੱਕ ਮਹੀਨੇ ਤੱਕ ਜਦੋਂ ਵੀ ਸਕੂਬੀ ਨੂੰ ਕਹਿਣਾ ਕਿ ਬਾਂਦਰ ਆ ਗਏ ਸਕੂਬੀ ਨੇ ਝੱਟ ਦੇਣੇ ਮੰਜੇ ਥੱਲੇ ਵੜ ਜਾਣਾ।

ਦੀਪ ਕੰਗ

You may also like