ਸਟਾਫ ਦੇ ਜਾਂਦਿਆਂ ਹੀ ਮੈਂ ਕੰਬਦੇ ਹੱਥਾਂ ਨਾਲ ਦਰਾਜ ਖੋਲਿਆ..
ਨਿੱਕੇ ਲਫਾਫੇ ਵਿਚ ਬੰਦ ਸਲਫਾਸ ਦੀਆਂ ਕਿੰਨੀਆਂ ਸਾਰੀਆਂ ਗੋਲੀਆਂ ਦੇਖ ਮੇਰੀਆਂ ਅੱਖਾਂ ਮੀਚੀਆਂ ਗਈਆਂ ਤੇ ਸੁਵੇਰੇ-ਸੁਵੇਰੇ ਘਰੇ ਪਏ ਕਲੇਸ਼ ਵਾਲਾ ਸਾਰਾ ਦ੍ਰਿਸ਼ ਅੱਖਾਂ ਅੱਗੇ ਘੁੰਮ ਗਿਆ.. ਅਚਾਨਕ ਦਰਵਾਜੇ ਤੇ ਦਸਤਕ ਹੋਈ…ਚਪੜਾਸੀ ਸੀ..ਆਖਣ ਲੱਗਾ ਦੋ ਦਿਨ ਦੀ ਛੁੱਟੀ ਚਾਹੀਦੀ ਏ?..ਪੁੱਛਿਆ ਕਾਹਦੇ ਲਈ?
ਧੀ ਦੀ ਫੋਟੋ ਦਿਖਾਉਂਦਾ ਹੋਇਆ ਆਖਣ ਲੱਗਾ “ਜਨਮ ਦਿਨ ਏ ਜੀ ਇਸਦਾ..ਅਠਾਰਵਾਂ ਸਾਲ ਚੜ ਪਿਆ..” ਮੈਂ ਬਿਨਾ ਕਿਸੇ ਪ੍ਰਤੀਕਿਰਿਆ ਦੇ ਪੰਜ ਸੌ ਦਾ ਨੋਟ ਕੱਢਿਆ ਤੇ ਆਖਿਆ “ਇਹ ਲੈ ਫੜ ਮੇਰਾ ਸ਼ਗਨ ਵੀ ਰੱਖ ਲੈ..”
ਹੱਥ ਜੋੜਦੇ ਹੋਏ ਨੇ ਪਹਿਲਾਂ ਨਾਂਹ ਨੁੱਕਰ ਕੀਤੀ..ਫੇਰ ਮੇਰੇ ਜ਼ੋਰ ਦੇਣ ਤੇ ਗੋਡਿਆਂ ਨੂੰ ਹੱਥ ਲਾਇਆ ਤੇ ਫੇਰ ਧੀ ਦੀ ਫੋਟੋ ਨੂੰ ਚੁੰਮ ਲਿਆ..
ਇਹ ਦੇਖ ਮੇਰੀ ਖੁਦ ਦੀ ਕਾਲਜ ਗਈ ਧੀ ਦੀ ਸ਼ਕਲ ਦਿਮਾਗ ਵਿਚ ਘੁੰਮ ਗਈ…!
ਪੁੱਛਿਆ “ਘਰ ਕੌਣ ਕੌਣ ਏ ਹੋਰ”?
ਆਖਣ ਲੱਗਾ “ਮੁੰਡਾ..ਦੋ ਧੀਆਂ,ਨਾਲਦੀ..ਅਤੇ ਇੱਕ ਬੁੱਢੀ ਮਾਂ..”
ਫੇਰ ਘੜੀ ਕੂ ਮਗਰੋਂ ਪੁੱਛ ਲਿਆ “ਨਾਲਦੀ ਨਾਲ ਕਦੀ ਲੜਾਈ ਨਹੀਂ ਹੋਈ ਤੇਰੀ..”?
ਆਖਣ ਲੱਗਾ “ਸਾਬ ਜੀ ਜਿਥੇ ਦੋ ਭਾਂਡੇ ਹੁੰਦੇ ਖੜਕ ਹੀ ਜਾਂਦੇ..ਪਰ ਕਿਸੇ ਨਾ ਕਿਸੇ ਨੂੰ ਤੇ ਸਮਝੌਤਾ ਕਰਨਾ ਈ ਪੈਂਦਾ..ਸੋ ਇੱਕਂ ਚੁੱਪ ਕਰ ਜਾਂਦਾ ਹਾਂ ਤੇ ਗੱਲ ਠੰਡੀ ਪੈ ਜਾਂਦੀ..” ਏਨੇ ਨੂੰ ਬਾਹਰ ਰੌਲਾ ਜਿਹਾ ਪੈਣ ਲੱਗਾ..
ਇੱਕ ਔਰਤ ਅਤੇ ਦੋ ਛੋਟੇ ਬਚੇ ਸਨ..ਦੱਸਣ ਲੱਗਾ ਸਾਬ ਜੀ ਥੋਨੂੰ ਪਤਾ ਇਹ ਓਹੀ ਆਪਣੇ ਦਫਤਰ ਕੰਮ ਕਰਦੇ ਅਮਰੀਕ ਸਿੰਘ ਦੀ ਘਰਵਾਲੀ ਤੇ ਦੋ ਬੱਚੇ ਨੇ..ਜਿਸਨੇ ਮਹੀਨਾ ਪਹਿਲਾਂ ਗੱਡੀ ਹੇਠ ਸਿਰ ਦੇ ਦਿੱਤਾ ਸੀ..
ਇਹ ਅੱਜਕੱਲ ਅਕਸਰ ਹੀ ਗੇਟ ਤੇ ਆ ਜਾਂਦੀ ਤੇ ਉਸ ਬਾਰੇ ਪੁੱਛਦੀ ਰਹਿੰਦੀ ਏ ਕੇ ਉਹ ਘਰੇ ਨਹੀਂ ਆਇਆ..ਕਦੋਂ ਛੁੱਟੀ ਹੋਣੀ..”ਨੀਮ ਪਾਗਲ” ਜਿਹੀ ਹੋ ਗਈ ਏ..
ਤੇ ਨਿੱਕੇ ਨਿਆਣੇ ਵਿਚਾਰੇ ਮਾਂ ਦੀ ਉਂਗਲ ਫੜ ਸਾਰੀ ਦਿਹਾੜੀ ਨਾਲ ਨਾਲ ਤੁਰੇ ਫਿਰਦੇ” ਇਸੇ ਦੌਰਾਨ ਲੱਗਿਆ ਜਿੱਦਾਂ ਲਫਾਫੇ ਵਿਚ ਬੰਦ ਸਲਫਾਸ ਦੀਆਂ ਗੋਲੀਆਂ ਮੈਨੂੰ ਆਪਣੇ ਵੱਲ ਖਿੱਚ ਰਹੀਆਂ ਸਨ..ਤੇ ਸ਼ਾਇਦ ਪੱਕੀ ਵੀ ਕਰ ਰਹੀਆਂ ਸਨ ਕੇ ਵੇਖੀਂ ਕਿਤੇ ਹੁਣ ਆਪਣਾ ਮਨ ਨਾ ਬਦਲ ਲਵੀਂ..! ਫੇਰ ਪਤਾ ਨਹੀਂ ਕੀ ਹੋਇਆ..ਸਾਰੇ ਟੱਬਰ ਦੀਆਂ ਸ਼ਕਲਾਂ ਅੱਖਾਂ ਅੱਗੇ ਘੁੰਮਣ ਲੱਗੀਆਂ..ਇੱਕਦਮ ਉੱਠ ਖਲੋਤਾ..ਸਲਫਾਸ ਵਾਲਾ ਪੈਕਟ ਚੁੱਕ ਵਾਸ਼ਰੂਮ ਵੱਲ ਨੂੰ ਹੋ ਤੁਰਿਆ ਤੇ ਪੂਰੇ ਦਾ ਪੂਰਾ ਪੈਕਟ ਫਲਸ਼ ਕਰ ਦਿੱਤਾ..”
ਪਸੀਨੇ ਨਾਲ ਤਰ ਹੋਇਆ ਜਦੋਂ ਬਾਹਰ ਆਇਆ ਤਾਂ ਉਹ ਅਜੇ ਵੀ ਓਥੇ ਹੀ ਖਲੋਤਾ ਸੀ..ਆਖਣ ਲੱਗਾ “ਤੁਸੀਂ ਠੀਕ ਤੇ ਹੋ ਸਾਬ ਜੀ”?..ਚਲੋ ਬੈਠੋ ਕਾਰ ਵਿਚ..ਮੈਂ ਦਫਤਰ ਲਾਕ ਕਰ ਦਿੰਨਾ ਹਾਂ..” ਘਰੇ ਪਹੁੰਚਿਆਂ ਤਾਂ ਉਹ ਏਧਰ ਓਧਰ ਵੇਖ ਬਿੜਕਾਂ ਲੈਂਦੀ ਹੋਈ ਮੇਰਾ ਬੇਸਬਰੀ ਨਾਲ ਇੰਤਜਾਰ ਕਰ ਰਹੀ ਸੀ..
ਮੈਨੂੰ ਵੇਖ ਉਸਦੇ ਸਾਹ ਵਿਚ ਸਾਹ ਆ ਗਿਆ ਜਾਪਿਆ..ਮੈਂ ਵੀ ਵਾਹਿਗੁਰੂ ਦਾ ਸ਼ੁਕਰ ਕੀਤਾ ਅਤੇ ਫੇਰ ਬਰੂਹਾਂ ਟੱਪ ਉਸ ਵੱਲ ਨੂੰ ਹੋ ਤੁਰਿਆ..ਉਹ ਅੱਥਰੂ ਪੂੰਝਦੀ ਹੋਈ ਮੇਰੇ ਵੱਲ ਨੂੰ ਨੱਸੀ ਆਈ ਤੇ ਮੈਂ ਵੀ ਉਸਨੂੰ ਝੱਟਪੱਟ ਕਲਾਵੇ ਵਿਚ ਲੈ ਲਿਆ.. ਫੇਰ ਬਿਨਾ ਗੱਲ ਕੀਤਿਆਂ ਅਸੀਂ ਦੋਵੇਂ ਓਨੀ ਦੇਰ ਤੱਕ ਬਾਹਰ ਡੱਠੇ ਮੰਜੇ ਤੇ ਬੈਠੇ ਰਹੇ ਜਿੰਨੀ ਦੇਰ ਮੈਨੂੰ ਲੱਭਣ ਗਈ ਧੀ ਵਾਪਿਸ ਨਾ ਮੁੜ ਆਈ..ਮੈਨੂੰ ਵੇਖ ਸ਼ਾਇਦ ਉਹ ਵੀ ਸ਼ੁਕਰ ਮਨਾ ਰਹੀ ਸੀ ਕਿਓੰਕੇ ਉਸਦੇ ਦਿਲ ਦੇ ਬਹੁਤ ਨੇੜੇ ਅਖਵਾਉਂਦਾ ਇੱਕ “ਰਿਸ਼ਤਾ” ਜਿਸਨੂੰ ਦੁਨੀਆ “ਮਾਂ” ਦਾ ਨਾਮ ਦਿੰਦੀ ਏ ਕਿਸੇ ਆਪਣੇ ਦੇ ਵਿਛੋੜੇ ਵਿਚ “ਨੀਮ ਪਾਗਲ” ਹੋਣ ਤੋਂ ਜੂ ਬਚ ਗਿਆ ਸੀ!
ਹਰਪ੍ਰੀਤ ਸਿੰਘ ਜਵੰਦਾ
admin
ਜਦੋਂ ਮੇਰੀ ਮੌਤ ਹੋ ਜਾਵੇਗੀ ਤਾਂ ਤੁਸੀਂ ਮੇਰੇ ਰਿਸ਼ਤੇਦਾਰਾਂ ਨੂੰ ਮਿਲਣ ਆਉਗੇ , ਜਿਸ ਦਾ ਮੈਨੂੰ ਪਤਾ ਵੀ ਨਹੀਂ ਲੱਗਣਾ, ਫਿਰ ਤੁਸੀਂ ਹੁਣੇ ਹੀ ਕਿਉਂ ਨਹੀਂ ਆ ਜਾਂਦੇ ਮੈਨੂੰ ਮਿਲਣ।
ਜਦੋਂ ਮੇਰੀ ਮੌਤ ਹੋ ਜਾਵੇਗੀ ਤਾਂ ਤੁਸੀਂ ਮੇਰੇ ਸਾਰੇ ਗੁਨਾਹ ਮੁਆਫ ਕਰ ਦੇਵੋਗੇ, ਜਿਸ ਦਾ ਮੈਨੂੰ ਪਤਾ ਵੀ ਨਹੀਂ ਲੱਗੇਗਾ, ਤਾਂ ਤੁਸੀਂ ਹੁਣ ਹੀ ਮੁਆਫ ਕਰ ਦੇਵੋ। ਜਦੋਂ ਮੇਰੀ ਮੌਤ ਹੋ ਜਾਵੇਗੀ ਤਾਂ ਤੁਸੀ ਮੇਰੀ ਕਦਰ ਕਰੋਗੇ ਤੇ ਮੇਰੇ ਬਾਰੇ ਚੰਗੀਆਂ ਗੱਲਾਂ ਕਰੋਗੇ, ਜਿੰਨਾਂ ਨੂੰ ਮੈਂ ਨਹੀਂ ਸੁਣ ਸਕਾਂਗਾ, ਤੁਸੀ ਹੁਣ ਹੀ ਕਹਿ ਦਿਉ ਨਾਂ।
ਜਦੋਂ ਮੇਰੀ ਮੌਤ ਹੋ ਜਾਵੇਗਾ ਤਾਂ ਤੁਹਾਨੂੰ ਲੱਗੇਗਾ ਕਿ ਇਸ ਇਨਸਾਨ ਨਾਲ ਥੋੜ੍ਹਾ ਹੋਰ ਵਕਤ ਗੁਜਾਰਿਆ ਹੁੰਦਾ ਤਾਂ ਵਧੀਆ ਹੁੰਦਾ ਤਾਂ ਫਿਰ ਹੁਣ ਹੀ ਆ ਜਾਇਆ ਕਰੋ।
ਇਸੇ ਲਈ ਮੈਂ ਕਹਿੰਦਾਂ ਹਾਂ ਇੰਤਜ਼ਾਰ ਨਾਂ ਕਰੋ ਕਿਉਂਕਿ ਇੰਤਜ਼ਾਰ ਕਰਨ ਨਾਲ ਕਈ ਵਾਰ ਬਹੁਤ ਦੇਰ ਹੋ ਜਾਂਦੀ ਹੈ। ਮਿਲਦੇ ਰਿਹਾ ਕਰੋ ਮਿੱਤਰੋ।
ਜਸਵੰਤ ਸਿੰਘ ਕੰਵਲ ਦਾ ਰੂਪਧਾਰਾ ਮਹੱਤਵਪੂਰਨ ਅਤੇ ਚਰਚਿਤ ਨਾਵਲ ਹੈ। ਇਸ ਨਾਵਲ ਵਿਚ ਕੰਵਲ ਇਸਤਰੀ ਦੀਆਂ ਸਮੱਸਿਆਵਾਂ ਦੇ ਬਿਰਤਾਂਤਕ-ਪਾਸਾਰ ਅਤੇ ਪਰਿਪੇਖ ਪੇਸ਼ ਕਰਨ ਦਾ ਯਤਨ ਕਰਦਾ ਹੈ। ਇਸ ਨਾਵਲ ਵਿਚ ਕੰਵਲ ਨੇ ਦੋ ਪੀੜ੍ਹੀਆਂ ਦੀ ਸਮਾਜਿਕ ਟੱਕਰ ਰਾਹੀਂ, ਆਪਣੇ ਸਮਾਜਵਾਦੀ-ਆਦਰਸ਼ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ ਪਰ ਨਾਵਲੀ-ਬਿਰਤਾਂਤ ਦਾ ਅਧਿਐਨ ਕਰਦਿਆਂ ਅਸੀਂ ਦੇਖਦੇ ਹਾਂ ਕਿ ਉਸ ਦੇ ਸਮਾਜਵਾਦੀ ਨਜ਼ਰੀਏ ਦਾ ਆਧਾਰ ਵਿਚਾਰਧਾਰਕ-ਚਿੰਤਨ ਨਹੀਂ, ਸਗੋਂ ਸਮਾਜਵਾਦੀ ਭਾਵੁਕਤਾ ਹੈ।
ਨਾਵਲੀ ਬਿਰਤਾਂਤ ਦਾ ਹਰ ਕਾਂਡ ਆਪਣੇ ਤੋਂ ਬਿਲਕੁੱਲ ਵੱਖਰੀ ਕਹਾਣੀ, ਦ੍ਰਿਸ਼ ਤੇ ਸਮੱਸਿਆ ਨੂੰ ਪੇਸ਼ ਕਰਦਾ ਹੈ। ਨਾਵਲ ਦੀ ਬਿਰਤਾਂਤਕ-ਨਿਰੰਤਰਤਾ ਭੰਗ ਹੋ ਜਾਣ ਕਾਰਨ ਇਸ ਨਾਵਲ ਦਾ ਕਥਾਨਕ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ। ਨਾਵਲ ਦਾ ਪਹਿਲਾ ਹਿੱਸਾ ਮਾਲਣ ਨਾਲ ਸਬੰਧਿਤ ਹੈ ਜੋ ਕਿ ਜਗਰੂਪ ਦੀ ਭੂਆ ਹੈ। ਨਾਵਲ ਦਾ ਦੂਸਰਾ ਹਿੱਸਾ ਰੂਪ ਤੇ ਕੇਸਰ ਨਾਲ ਸਬੰਧਿਤ ਹੈ। ਨਾਵਲ ਦੇ ਤੀਸਰੇ ਹਿੱਸੇ ਵਿਚ ਬਿਰਤਾਂਤਕਾਰ ਇਨ੍ਹਾਂ ਪਾਤਰਾਂ ਦੀ ਸਹਾਇਤਾ ਨਾਲ ਆਪਣੇ ਉਦੇਸ਼ ਦੀ ਪੂਰਤੀ ਕਰਦਾ ਨਜ਼ਰ ਆਉਂਦਾ ਹੈ। ਕਈ ਆਲੋਚਕਾਂ ਨੇ ਨਾਵਲ ਦੀ ਅਜਿਹੀ ਬਿਰਤਾਂਤਕ ਵਿਵਿਧਤਾ ਨੂੰ ਵੇਖ ਕੇ ਇਹ ਸਿੱਟਾ ਕੱਢਿਆ ਹੈ ਕਿ ਇਸ ਨਾਵਲ ਵਿਚ ਨਾ ਤਾਂ ਕਹਾਣੀ ਦੀ ਨਿਰੰਤਰਤਾ ਹੈ, ਨਾ ਥੀਮਕ ਇਕਸੁਰਤਾ ਹੈ ਅਤੇ ਨਾ ਹੀ ਸਮੱਸਿਆਵਾਂ ਵਿਚ ਕੋਈ ਸਾਂਝ ਹੈ। ਇਸ ਲਈ ਇਕ ਢਿੱਲੇ ਜਿਹੇ, ਉਲਝੇ ਹੋਏ ਤੇ ਪ੍ਰਪੰਚਸ਼ੀਲ ਕਥਾਨਕ ਵਾਲਾ ਨਾਵਲ ਹੈ ਪਰ ਰਤਾ ਕੁ ਡੂੰਘੇਰੀ ਦ੍ਰਿਸ਼ਟੀ ਤੋਂ ਦੇਖਿਆ ਪਤਾ ਚੱਲਦਾ ਹੈ ਕਿ ਇਸ ਨਾਵਲ ਵਿਚ ਵੀ ਇਕ ਪ੍ਰਬੰਧ ਹੈ ਤੇ ਉਸ ਪ੍ਰਬੰਧ ਦੀ ਏਕਤਾ ਨੂੰ ਨਾਵਲ ਦੇ ਕੇਂਦਰੀ ਕਿਰਦਾਰ ਜਗਰੂਪ ਨੇ ਕਾਇਮ ਰੱਖਿਆ ਹੋਇਆ ਹੈ।
ਨਾਵਲੀ ਬਿਰਤਾਂਤ ਦਾ ਆਰੰਭ ਬੂੜ ਸਿੰਘ ਦੇ ਵਿਆਹ ਤੋਂ ਹੁੰਦਾ ਹੈ ਜਿੱਥੇ ਉਹ ਦੋਵੇਂ ਬਹੁਤ ਖੁਸ਼ ਹਨ ਪਰ ਅਚਾਨਕ ਬਿਰਤਾਂਤਕਾਰ ਮਾਲਣ ਪਾਤਰ ਰਾਹੀਂ ਅੱਗਲਝਾਤ ਵਿਧੀ ਦੀ ਵਰਤੋਂ ਕਰਦੇ ਨਾਵਲੀ ਬਿਰਤਾਂਤ ਦੀ ਸਮੱਸਿਆ ਤੇ ਫੋਕਸ ਕਰਦਾ ਹੈ :
ਉਸ ਨੂੰ ਕੁਝ ਯਾਦ ਆ ਗਿਆ। ਸਹੁਰੇ ਘਰ ਪੈਰ ਪਾਉਂਦਿਆਂ ਹੀ ਉਸ ਕੁਝ ਦਿਲਤੋੜਵੇਂ ਬੋਲ ਸੁਣੇ ਸਨ।
ਇਸ ਤੋਂ ਬਾਅਦ ਬਿਰਤਾਂਤਕਾਰ ਮਾਲਣ ਦੇ ਘੱਟ ਦਾਜ ਲਿਆਉਣ ਦੀ ਸਮੱਸਿਆ ਤੇ ਫੋਕਸ ਕਰਦਾ ਹੈ।
ਵਿਆਹ ਤੋਂ ਕੁਝ ਦੇਰ ਮਗਰੋਂ ਬੂੜ ਸਿੰਘ ਦਾ ਪਿਤਾ ਉਸਨੂੰ ਨੌਕਰੀ ਕਰਨ ਬਾਰੇ ਆਖਦਾ ਹੈ ਤੇ ਉਹ ਲੈ ਦੇ ਕੇ ਆਖ਼ਿਰਕਾਰ ਜ਼ਿਲ੍ਹੇਦਾਰ ਲੱਗ ਜਾਂਦਾ ਹੈ। ਹੌਲੀ-ਹੌਲੀ ਉਹ ਵੀ ਰਿਸ਼ਵਤ ਆਦਿ ਲੈਣ-ਦੇਣ ਦੇ ਦਾਅ-ਪੇਚ ਸਿੱਖ ਜਾਂਦਾ ਹੈ। ਉੱਥੇ ਬੂੜ ਸਿੰਘ ਦੀ ਦੋਸਤੀ ਮਮਤਾਜ਼ ਖ਼ਾਨ ਨਾਲ ਹੋ ਜਾਂਦੀ ਹੈ ਤੇ ਉਹ ਉਸ ਨਾਲ ਰਲ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ। ਮਾਲਣ ਵੀ ਬੂੜ ਸਿੰਘ ਕੋਲ ਚਲੀ ਜਾਂਦੀ ਹੈ। ਗੱਡੀ ਚੜ੍ਹਾਉਣ ਸਮੇਂ ਉਸ ਦਾ ਸਹੁਰਾ ਉਸਨੂੰ ਆਪਣੇ ਘਰ ਅਤੇ ਗਹਿਣੇ ਪਈ ਜ਼ਮੀਨ ਦਾ ਖ਼ਿਆਲ ਰੱਖਣ ਬਾਰੇ ਆਖਦਾ ਹੈ ਤੇ ਮਾਲਣ ਸੋਚਦੀ ਹੈ ਕਿ ਇਹ ਉਹੋ ਬਜ਼ੁਰਗ ਹੈ ਜਿਹੜਾ ਕਦੇ ਉਸਨੂੰ ਘਰੋਂ ਕੱਢ ਦੇਣ ਦੀ ਸਲਾਹ ਦਿੰਦਾ ਹੈ।
ਇਸ ਤੋਂ ਬਾਅਦ ਬੂੜ ਸਿੰਘ ਮੁਮਤਾਜ਼ ਖ਼ਾਨ ਨਾਲ ਹੀਰਾ ਮੰਡੀ ਜਾਂਦਾ ਹੈ ਜਿੱਥੇ ਉਸ ਦੀ ਮੁਲਾਕਾਤ ਸੁਲਤਾਨਾ ਨਾਲ ਹੋ ਜਾਂਦੀ ਹੈ। ਉਹ ਸੁਲਤਾਨਾ ਦੀ ਹਰ ਅਦਾ ਤੇ ਫਿਦਾ ਹੋ ਜਾਂਦਾ ਹੈ, ਉਹੀ ਹੌਲੀ-ਹੌਲੀ ਮਾਲਣ ਤੋਂ ਦੂਰ ਹੋਣ ਲੱਗਦਾ ਹੈ।
ਉਧਰੋਂ ਮਾਲਣ ਗਰਭਵਤੀ ਹੋ ਜਾਂਦੀ ਹੈ। ਬੂੜ ਸਿੰਘ ਪਤਾ ਲੱਗਣ ਤੇ ਉਸਨੂੰ ਚਾਰ ਪੁੜੀਆਂ ਲਿਆ ਕੇ ਦਿੰਦਾ ਹੈ ਕਿ ਖਾ ਕੇ ਉਹ ਠੀਕ ਹੋ ਜਾਵੇਗੀ ਪਰ ਉਹ ਪੁੜੀਆਂ ਤਾਂ ਉਸ ਮਾਲਣ ਦੇ ਪੇਟ ਅੰਦਰ ਪਲ ਰਹੇ ਬੀਜ ਨੂੰ ਮਸਲਣ ਲਈ ਸਨ। ਮਾਲਣ ਨੂੰ ਇਕ ਪੁੜੀ ਖਾਣ ਨਾਲ ਦਰਦ ਹੋਣਾ ਸ਼ੁਰੂ ਹੋ ਗਿਆ ਤੇ ਉਹ ਪੁੜੀਆਂ ਦਾ ਮਤਲਬ ਚੰਗੀ ਤਰ੍ਹਾਂ ਸਮਝ ਗਈ ਤੇ ਉਸ ਨੇ ਰਹਿੰਦੀਆਂ ਪੁੜੀਆਂ ਸੁੱਟ ਦਿੱਤੀਆਂ। ਉਹ ਜਣੇਪੇ ਸਮੇਂ ਆਪਣੇ ਪੇਕੇ ਚਲੀ ਜਾਂਦੀ ਹੈ ਤੇ ਉਸ ਦੇ ਕੁੜੀ ਹੁੰਦੀ ਹੈ, ਜਿਸ ਕਰਕੇ ਬੂੜ ਸਿੰਘ ਬਹੁਤ ਗੁੱਸੇ ਹੁੰਦਾ ਹੈ ਤੇ ਉਹ ਵਾਪਸ ਆਈ ਮਾਲਣ ਨੂੰ ਆਖਦਾ ਹੈ :
ਕੁੜੀ ਨੂੰ ਜੰਮਦਿਆਂ ਸਾਰ ਮਾਰਿਆ ਕਿਉਂ ਨਹੀਂ? ਜੇ ਜੰਮਣਾ ਹੀ ਸੀ, ਤਾਂ ਮੁੰਡਾ ਕਿਉਂ ਨਾ ਜਣਿਆ।” ਦੋਨੋਂ ਵਾਰ ਉਸ ‘ਕਿਉਂ` ਤੇ ਪੂਰਾ ਜ਼ੋਰ ਲਾ ਦਿੱਤਾ।
ਇੱਥੇ ਹੀ ਬੂੜ ਸਿੰਘ ਆਪਣੇ ਪਿਤਾ ਸਾਹਮਣੇ ਆਪਣਾ ਦੂਜਾ ਵਿਆਹ ਕਰਵਾਉਣ ਦਾ ਪ੍ਰਸਤਾਵ ਰੱਖਦਾ ਹੈ। ਇੱਥੇ ਹੀ ਬਿਰਤਾਂਤਕਾਰ ਚੱਲਦੇ ਬਿਰਤਾਂਤ ਨੂੰ ਵਿਚ ਹੀ ਰੋਕ ਕੇ ਆਪ ਆਪਣੀ ਵਿਚਾਰਧਾਰਾ ਨੂੰ ਪੇਸ਼ ਕਰਨ ਲੱਗਦਾ ਹੈ :
ਗੁਲਾਮ ਸਮਾਜ ਵਿਚ ਔਰਤ ਹੋਣਾ ਹੀ ਲਾਹਨਤ ਹੈ। ਜਨਮ ਸਮੇਂ ਪੱਥਰ, ਵਿਆਹ ਸਮੇਂ ਭਾਰ, ਵਿਆਹ ਪਿੱਛੋਂ ਵਗਦਾ ਨਾਸੂਰ ਤੇ ਜੇ ਬਦਕਿਸਮਤੀ ਨਾਲ ਉਹ ਮੁੜ ਕੁੜੀ ਨੂੰ ਜਨਮ ਦੇਣ ਦਾ ਗੁਨਾਹ ਕਰ ਬੈਠੇ, ਮਨਹੂਸ ਸਮਝੀ ਜਾਂਦੀ ਹੈ…ਇਹ ਉਹ ਮਰਦ ਦਾ ਸਮਾਜ ਹੈ, ਜਿਸ ਕਦੇ ਔਰਤ ਨੂੰ ਜ਼ਿੰਦਗੀ ਦੀ ਦੇਵੀ ਸਮਝ ਕੇ ਪੂਜਾ ਕੀਤੀ ਸੀ। ਵਾਸਤਵ ਵਿਚ ਔਰਤ ਨੂੰ ਉਸ ਦੀ ਬਰਾਬਰ ਦੀ ਹੈਸੀਅਤ ਤੋਂ ਵਾਂਝਿਆ ਕਰ ਭਾਵ ਸਮਾਜੀ ਤੌਰ ਤੇ ਬੇਹਥਿਆਰ ਕਰਕੇ ਗੁਲਾਮਾਂ ਦੀ ਵੀ ਗੁਲਾਮ ਬਣਾ ਕੇ ਰੱਖ ਦਿੱਤਾ।
ਬੂੜ ਸਿੰਘ ਸੁਲਤਾਨਾ ਨੂੰ ਵਿਆਹ ਬਾਰੇ ਪੁੱਛਦਾ ਹੈ ਪਰ ਉਹ ਨਾ ਕਰ ਦਿੰਦੀ ਹੈ ਤੇ ਉਸ ਦੇ ਬੂੜੇ ਨਾਲ ਵਾਰਤਾਲਾਪ ਤੋਂ ਇਕ ਵੇਸਵਾ ਦੀ ਮਜ਼ਬੂਰੀ ਦਾ ਲੱਗਦਾ ਹੈ :
“ਬੂੜਿਆ! ਤੂੰ ਮੇਰੀਆਂ ਗੱਲਾਂ ਨੂੰ ਯਾਦ ਕਰ-ਕਰ ਰੋਵੇਗਾ ਤੇ ਸੰਭਲ ਜਾਣ ਲਈ ਵੀ ਕੋਈ ਮੌਕਾ ਵੀ ਹੁੰਦਾ ਵੇ।” ਮੇਰਾ ਧਾਹੀ ਰੋਣ ਨੂੰ ਜੀ ਕਰਦਾ ਹੈ, ਪਰ ਰੋ ਨਹੀਂ ਸਕਦੀ। ਕਿੰਨੇ ਲੱਖ ਕਰੋੜ ਦਿਲ ਹਨ, ਜਿਹੜੇ ਜਹਿਨ `ਚ ਆਏ ਬੇਜ਼ਾਨ ਧੜਕ ਤਾਂ ਰਹੇ ਹਨ ਪਰ ਆਪਣੇ ਸਦਾ ਸਜਰੇ ਜ਼ਖ਼ਮਾਂ ਤੇ ਧਾਹ ਵੀ ਨਹੀਂ ਮਾਰ ਸਕਦੇ…ਮੈਨੂੰ ਆਪਣੇ ਮਾਂ-ਬਾਪ ਦਾ ਕੱਖ ਪਤਾ ਨਹੀਂ, ਕੌਣ ਸਨ, ਕਿੱਥੇ ਹਨ। ਜਿਸ ਮੈਨੂੰ ਥੋੜਾ ਬਹੁਤ ਜਾਣਿਆ ਹਮਦਰਦੀ ਦਿੱਤੀ। ਜ਼ਿੰਦਗੀ ਦੀ ਅਹਿਮੀਅਤ ਜਗਾਉਣ ਵਾਲਾ ਪਿਆਰ ਦਿੱਤਾ, ਉਹ ਮੇਰਾ ਮਹਿਬੂਬ ਪਿਛਲੇ ਹਫ਼ਤੇ ਬੜੀ ਬੇਰਹਿਮੀ ਨਾਲ ਕਤਲ ਕਰਵਾ ਦਿੱਤਾ ਗਿਆ।
ਇਸ ਘਟਨਾ ਮਗਰੋਂ ਸੁਲਤਾਨਾ ਕਿਤੇ ਦੂਰ ਚਲੀ ਜਾਂਦੀ ਹੈ, ਕੁਝ ਪਤਾ ਨਹੀਂ ਕਿ ਉਹ ਕਿਤੇ ਦੌੜ ਗਈ ਹੈ ਜਾਂ ਮਰ ਗਈ ਹੈ। ਸੁਲਤਾਨਾ ਤੋਂ ਬਾਅਦ ਉਹ ਰੀਹਾਨਾ ਨਾਲ ਮੁਹੱਬਤ ਕਰਨ ਲੱਗ ਜਾਂਦਾ ਹੈ। ਉਧਰ ਮਾਲਣ ਦੁਬਾਰਾ ਗਰਭਵਤੀ ਹੋ ਜਾਂਦੀ ਹੈ। ਉਹ ਜਣੇਪੇ ਲਈ ਆਪਣੇ ਪੇਕੇ ਆ ਜਾਂਦੀ ਹੈ। ਚੱਲ ਰਹੇ ਬਿਰਤਾਂਤ ਵਿਚ ਬਿਰਤਾਂਤਕਾਰ ਅਸੰਤੁਲਨ ਸਿਰਜਦਾ ਹੈ, ਮਾਲਣ ਦੇ ਭਰਾ-ਭਰਜਾਈ ਪਲੇਗ ਕਰ ਕੇ ਮਰ ਜਾਂਦੇ ਤੇ ਮਾਲਣ ਆਪਣੇ ਭਰਾ ਦੀ ਬੱਚੀ ਨੂੰ ਨਾਲ ਲੈ ਕੇ ਪੇਕੇ ਆ ਜਾਂਦੀ ਹੈ। ਮਾਲਣ ਦਾ ਆਪਣਾ ਬੱਚਾ ਜਨਮ ਤੋਂ ਬਾਅਦ ਖਤਮ ਹੋ ਜਾਂਦਾ ਹੈ। ਇਸ ਦਾ ਭੇਤ ਉਹ ਬੂੜ ਸਿੰਘ ਤੋਂ ਲੁਕੋ ਕੇ ਰੱਖਦੀ ਹੈ।
ਇਸ ਤਰ੍ਹਾਂ ਮਾਲਣ ਦੋਹਾਂ ਬੱਚੀਆਂ ਨੂੰ ਲੈ ਕੇ ਪੇਕੇ ਆ ਗਈ। ਬੂੜ ਸਿੰਘ ਦੀ ਬਦਲੀ ਸਰਹੰਦ ਹੋ ਜਾਂਦੀ ਹੈ ਉਹ ਕੁਝ ਦਿਨ ਘਰ ਆਉਂਦਾ ਹੈ ਤੇ ਘਰ ਦਾ ਬਦਲਿਆ ਤੌਰ-ਤਰੀਕਾ ਉਸਨੂੰ ਪ੍ਰਭਾਵਿਤ ਕਰਦਾ ਹੈ। ਫਿਰ ਵੀ ਉਹ ਆਪਣਾ ਰੋਹਬ ਬਣਾਈ ਰੱਖਣ ਲਈ ਮਾਲਣ ਨੂੰ ਪਹਿਲਾਂ ਨਾ ਆਉਣ ਕਰਕੇ ਗੁੱਸੇ ਹੁੰਦਾ ਹੈ ਪਰ ਉਹ ਸਪੱਸ਼ਟ ਰੂਪ ਵਿਚ ਬੂੜੇ ਨੂੰ ਸੰਬੋਧਿਤ ਹੁੰਦੀ ਹੈ। ਇੱਥੇ ਬਿਰਤਾਂਤਕਾਰ ਖੁੱਲ੍ਹੇ ਸਿੱਧੇ ਬੋਲ ਰਾਹੀਂ ਮਾਲਣ ਤੇ ਫੋਕਸ ਕਰਦਾ ਹੈ :
“ਮੈਂ ਅੱਗੋਂ ਪਿੱਛੋਂ ਏਥੇ ਈ ਆਉਣਾ ਸੀ। ਪਰ…।” ਪਰ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਕਰ ਲਵੋ, ਮੇਰੀ ਕੋਈ ਚਿੰਤਾ ਨਾ ਕਰੋ, ਮੈਂ ਤੁਹਾਡੀ ਖੁਸ਼ੀ ਵਿਚ ਕਿਸੇ ਤਰ੍ਹਾਂ ਦੀ ਵੀ ਭੰਗਣਾ ਨਹੀਂ ਪਾਵਾਂਗੀ। ਮੈਥੋਂ ਜੋ ਲਿਖਵਾਉਣਾ ਏ, ਲਿਖਾ ਲਵੋ ਪਰ ਮੈਂ ਇਸ ਘਰੋਂ ਬਿਲਕੁਲ ਨਹੀਂ ਜਾਵਾਂਗੀ। ਤੁਹਾਨੂੰ ਕੋਈ ਦੁੱਖ ਤਕਲੀਫ਼ ਨਹੀਂ ਦੇਵਾਂਗੀ। ਜੇਰਾ ਤੇ ਜਬਤ ਕਰਦਿਆਂ ਵੀ ਉਸ ਦੇ ਹੰਝੂ ਰੁਕ ਨਾ ਸਕੇ। ਉਹ ਨਿੱਤ ਦਾ ਝੰਜਟ ਮੁਕਾ ਦੇਣਾ ਚਾਹੁੰਦੀ ਸੀ ਤੇ ਚਾਹੁੰਦੀ ਸੀ, ਰੱਤ ਸੁਕਾਉਣੇ ਸੰਸਿਆਂ ਤੋਂ ਅਜ਼ਾਦ ਹੋ ਕੇ ਬੱਚੀਆਂ ਨੂੰ ਪਾਲੇ ਕਿਉਂਕਿ ਉਸ ਆਪਣੀ ਜ਼ਿੰਦਗੀ ਨੂੰ ਬੱਚਿਆਂ ਨਾਲ ਜੋੜ ਲਿਆ ਸੀ।”
ਬੂੜ ਮਾਲਣ ਦੀਆਂ ਇੰਨੀਆਂ ਸਪੱਸ਼ਟ ਗੱਲਾਂ ਸੁਣ ਕੇ ਹੈਰਾਨ ਹੋ ਜਾਂਦਾ ਹੈ। ਉਸ ਨੂੰ ਲੱਗਦਾ ਹੈ ਕਿ ਜਿਵੇਂ ਉਸ ਦੇ ਗਲਤ ਇਰਾਦਿਆਂ ਦੀ ਮੌਤ ਹੋ ਚੁੱਕੀ ਹੋਵੇ। ਜਾਣ ਤੋਂ ਪਹਿਲਾਂ ਉਹ ਜਗਰੂਪ ਨੂੰ ਚੋਰੀ-ਛਿਪੇ ਦੇਖ ਰਿਹਾ ਹੁੰਦਾ ਹੈ ਤੇ ਮਾਲਣ ਜਗਰੂਪ ਨੂੰ ਉਸ ਦੀ ਗੋਦੀ ਵਿਚ ਦੇ ਦੇਂਦੀ ਹੈ ਤੇ ਉਹ ਮਾਲਣ ਨੂੰ ਆਖਦਾ ਹੈ ਕਿ ਇਹ ਕੁੜੀ ਸੋਹਣੀ ਹੈ। ਇਸ ਤਰ੍ਹਾਂ ਬੂੜ ਸਿੰਘ ਹੌਲੀ-ਹੌਲੀ ਸੁਧਰ ਜਾਂਦਾ ਹੈ।
ਇਸ ਤੋਂ ਅਗਲੇ ਕਾਂਡ ਵਿਚ ਬਿਰਤਾਂਤਕਾਰ ਮਾਲਣ ਦੇ ਮੁੰਡਾ ਹੋਣ ਦਾ ਜ਼ਿਕਰ ਕਰਦਾ ਹੈ। ਬਿਰਤਾਂਤਕਾਰ ਤੇਜ਼ੀ ਨਾਲ ਘਟਨਾਕ੍ਰਮ ਨੂੰ ਅੱਗੇ ਤੋਰਦਾ ਹੈ।
ਬੂੜ ਸਿੰਘ ਮੁੰਡਾ ਲੱਭ ਕੇ ਸਤਵੰਤ ਦਾ ਵਿਆਹ ਰੱਖ ਦਿੰਦਾ ਹੈ। ਵਿਆਹ ਤੇ ਨਾਨਕਾ ਮੇਲ ਆਉਂਦਾ ਹੈ। ਇੱਥੇ ਬਿਰਤਾਂਤਕਾਰ ਅਸੰਤੁਲਨ ਸਿਰਜਦਾ ਹੈ, ਜਦੋਂ ਮਾਲਣ ਦੀਆਂ ਭਰਜਾਈਆਂ ਜਗਰੂਪ ਨੂੰ ਮੁਹਾਂਦਰੇ ਤੋਂ ਪਛਾਣਦੀਆਂ ਹਨ :
“ਗੁਲਜਾਰੇ ਦੀ ਧੀ ਏਹੋ ਏ ਨਾਂ?” ਜਗਰੂਪ ਦੇ ਨਕਸ਼ਾਂ ਨੇ ਉਸਨੂੰ ਯਕੀਨ ਕਰਵਾ ਦਿੱਤਾ। ਉਸ ਮਾਲਣ ਦਾ ਉੱਤਰ ਉਡੀਕੇ ਬਿਨਾਂ ਕੁੜੀ ਨੂੰ ਬੁੱਕਲ ਵਿਚ ਲੈ ਲਿਆ ਅਤੇ ਡੁਸਕਾਰੇ ਭਰ ਭਰ ਰੋਣ ਲੱਗ ਪਈ।…ਨਾਨਕੇ ਮੇਲ ਤੋਂ ਬਿਨਾਂ ਹੈਰਾਨੀ ਨੇ ਸਾਰਿਆਂ ਦੀਆਂ ਖਾਨਿਉ ਗਵਾ ਦਿੱਤੀਆਂ।”
ਜਗਰੂਪ ਅਸਲ ਵਿਚ ਮਾਲਣ ਦੇ ਭਰਾ ਗੁਲਜਾਰੇ ਦੀ ਧੀ ਹੈ ਜਿਸ ਦਾ ਬਿਰਤਾਂਤਕਾਰ ਨੇ ਹੁਣ ਤਕ ਭੇਤ ਲੁਕਾਇਆ ਹੋਇਆ ਹੈ, ਇਸ ਦਾ ਮਾਲਣ ਨੇ ਬੂੜ ਸਿੰਘ ਨੂੰ ਨਹੀਂ ਦੱਸਿਆ ਪਰ ਅਚਾਨਕ ਨਾਨਕੇ ਮੇਲ ਤੋਂ ਇਹ ਭੇਦ ਖੁੱਲਦਾ ਹੈ ਤੇ ਫਿਰ ਬਿਰਤਾਂਤਕਾਰ ਨਾਵਲ ਵਿਚ ਵਾਪਰਨ ਵਾਲੇ ਅਸੰਤੁਲਨ ਦੀ ਝਲਕ ਦਿੰਦਾ ਹੈ :
“ਡੋਰ-ਭੋਰ ਮਾਲਣ ਨੂੰ ਕਿਸੇ ਨਹੀਂ ਸੀ ਵੇਖਿਆ ਪਰ ਬੂੜ ਦੀਆਂ ਪਾੜ-ਖਾਣੀਆਂ ਅੱਖਾਂ ਤੋਂ ਉਤਾਂਹ ਜੰਗਾਲਿਆ ਤਰਸ਼ੂਲ ਇਕ ਵਾਰ ਫਿਰ ਉਭਰ ਆਇਆ…ਮਾਲਣ ਨੇ ਇਕ ਪਲ ਲਈ ਬੂੜ ਨਾਲ ਅੱਖਾਂ ਮਿਲਾਈਆਂ, ਉਹ ਕੰਬੇ ਬਿਨਾਂ ਨਾ ਰਹਿ ਸਕੀ।”
ਇਸ ਤੋਂ ਬਾਅਦ ਬਿਰਤਾਂਤਕਾਰ ਰੂਪ ਦੀ ਮਾਨਸਿਕਤਾ ਤੇ ਫੋਕਸ ਕਰਦਾ ਹੈ ਜੋ ਪਰਾਈ ਧੀ ਹੋਣ ਦੇ ਅਹਿਸਾਸ ਨਾਲ ਖੇਰੂੰ-ਖੇਰੂ ਹੋ ਚੁੱਕੀ ਸੀ :
“ਜਗਰੂਪ ਆਪਣੀ ਥਾਂ ਰੋਣ ਹਾਕੀ ਹੋਈ ਪਈ ਸੀ। ਇਕ ਪਿੱਛੋਂ ਦੂਜੀ ਬੁੱਕਲ ਵਿਚ ਜਾਂਦਿਆਂ ਉਸ ਦਾ ਦਮ ਘੁੱਟਿਆ ਗਿਆ ਸੀ। ਉਸ ਦਾ ਚਲਦਾ ਲਹੂ, ਧੜਕਦਾ ਦਿਲ ਅਤੇ ਮਹਿਸੂਸ ਕਰਦਾ ਦਿਮਾਗ਼ ਅਟੱਲ ਹੋ ਕੇ ਰਹਿ ਗਏ ਸਨ। ਸਭ ਤੋਂ ਵੱਡੀ ਸੱਟ ਜਿਸ ਉਸ ਦੇ ਦਿਮਾਗ਼ ਬਿਰਤਾਂਤਕਾਰ ਬਉਰਾ ਕਰ ਸੁੱਟਿਆ ਸੀ, ਇਸ ਘਰ ਵਿਚ ਪਰਾਈ ਧੀ ਹੋਣ ਦਾ ਅਹਿਸਾਸ ਸੀ- ਉਹ ਚੀਕ ਮਾਰ ਕੇ ਬੇਹੋਸ਼ ਹੋਣ ਵਾਲੀ ਹੀ ਸੀ ਕਿ ਮੱਲੋਮੱਲੀ ਖਹਿੜਾ ਛੁਡਾ ਕੇ ਅਗਲੇ ਅੰਦਰ ਨੱਸ ਗਈ ਅਤੇ ਜਾਂਦੀ ਹੀ ਪਲੰਘ ਉੱਤੇ ਡਿੱਗ ਪਈ। ਆਉਣ ਵਾਲੇ ਮੇਲ ਨੇ ਰੂਪ ਦੀ ਮਾਨਸਿਕਤਾ ਬਿਰਤਾਂਤਕਾਰ ਨਹੀਂ ਸਮਝਿਆ ਸੀ।”
ਮਾਲਣ ਜਗਰੂਪ ਨੂੰ ਹੌਂਸਲਾ ਦਿੰਦੀ ਹੈ। ਜਗਰੂਪ ਖੂਹ ਵਿਚ ਛਾਲ ਮਾਰਨਾ ਚਾਹੁੰਦੀ ਹੈ ਪਰ ਸਤਵੰਤ ਦੇ ਵਿਆਹ ਵਿਚ ਬਦਸ਼ਗਣੀ ਹੋਣ ਕਰਕੇ ਰੁਕ ਜਾਂਦੀ ਹੈ। ਵਿਆਹ ਤੋਂ ਮਗਰੋਂ ਬੂੜ ਸਿੰਘ ਮਾਲਣ ਤੋਂ ਜਗਰੂਪ ਬਾਰੇ ਪੁੱਛਦਾ ਹੈ ਕਿ ਜੇਕਰ ਜਗਰੂਪ ਤੇਰੇ ਭਰਾ ਦੀ ਕੁੜੀ ਹੈ ਤਾਂ ਤੇਰਾ ਬੱਚਾ ਕਿੱਥੇ ਗਿਆ। ਮਾਲਣ ਇਸ ਭੇਦ ਖੋਲਦੀ ਹੈ :
“ਮੁੰਡਾ ਹੋਇਆ ਸੀ, ਉਹ ਦੋ ਘੰਟੇ ਨਾ ਜਿਉਂਦਾ ਰਿਹਾ। ਜਗਰੂਪ ਉਦੋਂ ਇਕ ਮਹੀਨੇ ਦੀ ਸੀ ਤੇ ਇਕ ਦੋ ਦਿਨਾਂ ਦੀ ਅਗੇਤ ਪਛੇਤ ਨਾਲ ਭਰਾ ਤੇ ਭਰਜਾਈ।…” ਮਾਲਣ ਦਾ ਗਲ ਭਰ ਆਇਆ ਤੇ ਉਸ ਗੱਲ ਵਿਚਕਾਰ ਛੱਡ ਦਿੱਤੀ।”
ਇਹ ਗੱਲਾਂ ਸੁਣ ਕੇ ਬੂੜ ਸਿੰਘ ਮਾਲਣ ਬਿਰਤਾਂਤਕਾਰ ਜਗਰੂਪ ਦੇ ਹਿੱਸੇ ਦੀ ਜ਼ਮੀਨ ਲੈਣ ਲਈ ਆਖਦਾ ਹੈ। ਮਾਲਣ ਮੰਨਦੀ ਨਹੀਂ ਤੇ ਬੂੜ ਸਿੰਘ ਉਸ ਨੂੰ ਜਗਰੂਪ ਦੇ ਵਿਆਹ ਤੇ ਖਰਚ ਨਾ ਕਰਨ ਦੀ ਧਮਕੀ ਦਿੰਦਾ ਹੈ। ਅਸਲੀਅਤ ਪਤਾ ਲੱਗਣ ਤੇ ਸਾਰੇ ਹੀ ਜਗਰੂਪ ਦਾ ਨਿਰਾਦਰ ਕਰਦੇ ਹਨ। ਉਸ ਨੂੰ ਪੜ੍ਹਨ ਤੋਂ ਹਟਾ ਲਿਆ ਜਾਂਦਾ ਹੈ। ਉਧਰ ਹਰਨੇਕ ਫ਼ਿਲਮਾਂ ਵੇਖ ਵੇਖ ਕੇ ਵਿਗੜ ਜਾਂਦਾ ਹੈ। ਉਧਰ ਸਤਵੰਤ ਦਾ ਘਰਵਾਲਾ ਜਗਰੂਪ ਤੇ ਡੋਰੇ ਸੁੱਟਦਾ ਹੈ ਜਿਸ ਨਾਲ ਜਗਰੂਪ ਦੁਖੀ ਹੁੰਦੀ ਹੈ। ਦੁਖੀ ਹੋਈ ਜਗਰੂਪ ਦੀ ਅਚਾਨਕ ਇਕ ਨੌਜਵਾਨ ਕੇਸਰ ਤੇ ਨਜ਼ਰ ਪੈਂਦੀ ਹੈ ਜੋ ਹਾਕੀ ਦਾ ਖਿਡਾਰੀ ਸੀ ਤੇ ਉਹ ਦੋਵੇਂ ਇਕ-ਦੂਜੇ ਨੂੰ ਦੇਖਦੇ ਹਨ। ਦੋ ਦਿਨਾਂ ਬਾਅਦ ਉਹ ਪਿਛਵਾੜੇ ਵਿਚ ਗਈ ਸੀ ਕਿ ਉਹ ਨੌਜਵਾਨ ਫਿਰ ਆ ਗਿਆ ਤੇ ਇਕ ਚਿੱਠੀ ਸੁੱਟਦਾ ਹੈ ਕਿ ਉਹ ਉਸ ਦੇ ਹਰ ਦੁੱਖ ਨੂੰ ਦੂਰ ਕਰਨ ਦਾ ਯਤਨ ਕਰੇਗਾ।
ਅਚਾਨਕ ਇਕ ਦਿਨ ਹਾਕੀ ਦਾ ਮੈਚ ਦਿਖਾਉਣ ਲਈ ਬੇਜ਼ੀ ਉਸ ਨੂੰ ਨਾਲ ਲੈ ਜਾਂਦੀ ਹੈ ਤੇ ਉੱਥੇ ਜਗਰੂਪ ਕੇਸਰ ਨੂੰ ਵੇਖ ਕੇ ਪ੍ਰਸੰਨ ਹੁੰਦੀ ਹੈ। ਮਾਲਣ ਦੋਹਾਂ ਦੀਆਂ ਹਰਕਤਾਂ ਨੂੰ ਤਾੜ ਲੈਂਦੀ ਹੈ। ਘਰ ਆ ਕੇ ਅਗਲੇ ਦਿਨ ਕੇਸਰ ਫਿਰ ਆਉਂਦਾ ਹੈ ਤੇ ਜਗਰੂਪ ਨਾਲ ਗੱਲ ਕਰਨੀ ਚਾਹੁੰਦਾ ਹੈ। ਉੱਪਰੋਂ ਮਾਲਣ ਆ ਕੇ ਦੇਖ ਲੈਂਦੀ ਹੈ ਤੇ ਕੇਸਰ ਦਾ ਨਾਮ ਪਤਾ ਪੁੱਛਦੀ ਹੈ। ਜਗਰੂਪ ਡਰਦੀ ਹੋਈ ਅੰਦਰ ਆ ਕੇ ਤੇਲ ਪਾ ਕੇ ਸੜਨ ਦੀ ਕੋਸ਼ਿਸ਼ ਕਰਦੀ ਹੈ ਕਿ ਮਾਲਣ ਆ ਕੇ ਉਸ ਨੂੰ ਰੋਕ ਲੈਂਦੀ ਹੈ। ਇਸ ਤੋਂ ਮਗਰੋਂ ਬਿਰਤਾਂਤਕਾਰ ਤੇਜ਼ੀ ਨਾਲ ਘਟਨਾਕ੍ਰਮ ਨੂੰ ਅੱਗੇ ਤੋਰਦਾ ਹੈ ਤੇ ਮਾਲਣ ਜਗਰੂਪ ਨੂੰ ਲੈ ਕੇ ਆਪਣੇ ਪੇਕੇ ਜਾਂਦੀ ਹੈ ਤੇ ਉੱਥੇ ਉਹ ਆਪਣੇ ਭਰਾਵਾਂ ਨਾਲ ਰੂਪ ਦੇ ਸਾਕ ਬਾਰੇ ਗੱਲ ਤੋਰਦੀ ਹੈ। ਉਸ ਦਾ ਭਰਾ ਧੱਕੇ ਨਾਲ ਬੂੜ ਸਿੰਘ ਨੂੰ ਨਾਲ ਲੈ ਕੇ ਸ਼ੇਰੇਆਣੇ ਜਾ ਕੇ ਕੇਸਰ ਨਾਲ ਰੂਪ ਦਾ ਵਿਆਹ ਪੱਕਾ ਕਰ ਆਉਂਦਾ ਹੈ। ਜਗਰੂਪ ਦਾ ਵਿਆਹ ਆ ਜਾਂਦਾ ਹੈ ਤੇ ਮਾਲਣ ਬੂੜ ਤੋਂ ਚੋਰੀ ਸਾਰਾ ਖਰਚ ਆਪ ਕਰਦੀ ਹੈ।
ਕੇਸਰ ਰੂਪ ਦਾ ਮੁਕਲਾਵਾ ਲੈਣ ਆਉਂਦਾ ਹੈ। ਕੁੜੀਆਂ ਮਜ਼ਾਕ ਕਰਦੀਆਂ ਹਨ। ਹਰਨੇਕ ਤੇ ਮਨਮੋਹਨ ਉਸ ਨੂੰ ਸ਼ਰਾਬ ਪੀਣ ਲਈ ਆਖਦੇ ਹਨ ਪਰ ਉਹ ਨਾਂਹ ਕਰ ਦਿੰਦਾ ਹੈ। ਮੁਕਲਾਵਾ ਲੈ ਕੇ ਉਹ ਵਾਪਸ ਚਲੇ ਜਾਂਦੇ ਹਨ।
ਬਿਰਤਾਂਤਕਾਰ ਰੂਪ ਦੇ ਸਹੁਰੇ ਘਰ ਵਿਚਰਨ, ਕੰਮ-ਕਾਰ ਕਰਨ ਤੇ ਫੋਕਸ ਕਰਦਾ ਹੈ। ਇਸ ਦੇ ਨਾਲ-ਨਾਲ ਹੀ ਇੱਥੇ ਉਹ ਰੂਪ ਦੇ ਨਾਲ ਆਉਂਦੇ ਹਰ ਪਾਤਰ ਦੇ ਚਰਿੱਤਰ ਤੇ ਵੀ ਫੋਕਸ ਕਰਦਾ ਹੈ :
“ਤੇਜੋ ਆਪਦੇ ਨਾਂ ਮੁਤਾਬਕ ਲੋੜ ਤੋਂ ਵੱਧ ਈ ਚਲਾਕ ਸੀ। ਉਹ ਉਸ ਦੇ ਕੰਮਾਂ `ਚ ਨੁਕਸ ਤਾਂ ਕੱਢਦੀ ਪਰ ਪ੍ਰਸੰਸਾ ਕਰਕੇ ਸਾਹਮਣੇ ਦੀ ਵਖੀ ਪਰਨਿਉਂ ਪੈਣਾ ਉਸ ਦਾ ਆਪਣੀ ਤਰ੍ਹਾਂ ਦਾ ਕਰਤੱਵ ਸੀ।…ਤੇਜੋ ਦੇ ਘਰ ਵਾਲਾ ਰਤਨ ਸਿੰਘ ਬਹੁਤ ਚਤਰ ਆਦਮੀ ਨਹੀਂ ਸੀ। ਉਹ ਆਪਣੀ ਮਾਂ ਵਾਂਗ ਸਿਧੇ-ਸਾਦੇ ਸੁਭਾਅ ਵਾਲਾ ਕਮਾਊ ਗਭਰੂ ਸੀ ਜਿਸ ਦੇ ਮੋਢਿਆਂ ਉੱਤੇ ਦੋ ਹਲ ਦੀ ਵਾਹੀ ਦਾ ਭਾਰ ਸੀ।…ਰੂਪ ਨੂੰ ਉਸ ਘਰ ਵਿਚ ਆਪਣੀ ਸੱਸ ਇਕ ਦਰਵੇਸ਼ ਜੀਅ ਜਾਪਿਆ ਸੀ। ਉਸ ਦੀ ਸਾਰੇ ਜੀਅ ਘਟ ਪ੍ਰਵਾਹ ਕਰਦੇ ਸਨ। ਲੰਮੀ ਬੀਮਾਰੀ ਨਾਲ ਉਸ ਦੇ ਜੋੜ-ਜੋੜ ਚੋਂ ਪੀੜਾਂ ਉੱਠ ਖਲੋਤੀਆਂ ਸਨ…ਇਸ ਟੱਬਰ ਦੇ ਜੀਆਂ ਵਿਚ ਇਕ ਹੋਰ ਰੂਪ ਵੀ ਸੀ, ਜਿਸ ਨੂੰ ਰੂਪ ਨੇ ਆਪਣੇ ਦਿਲ ਦਾ ਪਿਆਰ ਦਿੱਤਾ, ਉਹ ਸੀ ਕੇਸਰ ਦਾ ਛੋਟਾ ਭਰਾ ਤਾਰਾ…।”
ਇਸ ਤੋਂ ਬਾਅਦ ਅਚਾਨਕ ਫਿਰ ਬਿਰਤਾਂਤ ਵਿਚ ਅਸੰਤੁਲਨ ਵਾਪਰਦਾ ਹੈ। ਬਿਰਤਾਂਤਕਾਰ ਸੰਕੇਤਕ ਇਕਾਈ ਰਾਹੀਂ ਇਸ ਦੀ ਜਾਣਕਾਰੀ ਦਿੰਦਾ ਹੈ :
“ਰੂਪ ਦੇ ਸ਼ਾਂਤ ਵਗਦੇ ਸਾਗਰ ਵਿਚ ਅਚਾਨਕ ਗੜਬੜ ਉੱਠ ਖਲੋਤੀ, ਜਿਵੇਂ ਮਾਖਿਉ ਮਾਝੇ ਦੁੱਧ ਵਿਚ ਜਿਹੜਾ ਖੀਰ ਬਣਾ ਰਿਹਾ ਸੀ, ਖੋਇਆ ਹੋ ਰਿਹਾ ਸੀ, ਅਚਾਨਕ ਖੱਟੇ ਦੀਆਂ ਛਿੱਟਾਂ ਆ ਪੈਣ…।”
ਕੇਸਰ ਖੇਡਾਂ ਕਰਕੇ ਜਲੰਧਰ ਗਿਆ ਹੋਇਆ ਸੀ। ਅਚਾਨਕ ਰਾਤ ਨੂੰ ਰੂਪ ਨੇ ਚੁਬਾਰੇ ਵਿਚ ਇਕ ਮਰਦ ਦਾ ਝਾਉਲਾ ਵੇਖਿਆ ਤੇ ਉਹ ਡਰ ਗਈ ਪਰ ਜਦੋਂ ਉਹ ਹਿੰਮਤ ਕਰਕੇ ਨੀਚੇ ਪੌੜੀਆਂ ਉਤਰ ਕੇ ਆਪਣੇ ਸਹੁਰੇ ਨੂੰ ਦੱਸਣ ਜਾਂਦੀ ਹੈ ਤਾਂ ਉਹ ਉੱਥੇ ਨਹੀਂ ਹੁੰਦਾ ਅਤੇ ਉਹ ਕੰਬ ਜਾਂਦੀ ਹੈ। ਵਾਪਿਸ ਆ ਕੇ ਉਹ ਦਰਵਾਜ਼ਾ ਬੰਦ ਕਰਕੇ ਝੀਥ ਵਿਚੋਂ ਵੇਖਦੀ ਹੈ ਕਿ ਉਹ ਮਰਦ ਤੇਜੋ ਦੇ ਕਮਰੇ ਵਿਚ ਜਾਂਦਾ ਹੈ, ਵਾਪਿਸ ਆਉਂਦੇ ਨੂੰ ਉਹ ਪਛਾਣ ਜਾਂਦੀ ਹੈ ਕਿ ਇਹ ਉਸ ਦਾ ਸਹੁਰਾ ਹੈ। ਇੱਥੇ ਬਿਰਤਾਂਤਕਾਰ ਰੂਪ ਦੀ ਮਾਨਸਿਕਤਾ ਰਾਹੀਂ ਇਕੋ ਸਮੇਂ ਉਸ ਦੇ ਸਹੁਰੇ ਅਤੇ ਉਸ ਦੇ ਪਿਤਾ ਤੇ ਫੋਕਸ ਕਰਦਾ ਹੈ :
“ਇਹਦੀ ਜੀਭ, ਬਾਬਾ-ਬੀਬਾ ਕਰਦੀ ਖੰਡ ਦੀ ਛੁਰੀ, ਉਹ ਇਕ ਵਾਰ ਹੀ ਮੰਜੇ ਤੇ ਡਿੱਗ ਪਈ ਤੇ ਦੋਹਾਂ ਹੱਥਾਂ `ਚ ਮੂੰਹ ਘੁਟਦਿਆਂ ਸਿਰ ਨੂੰ ਤਿੰਨ ਵਾਰ ਨਹੀਂ ਨਹੀਂ ਨਹੀਂ ਦੀਆਂ ਭੁਆਟਣੀਆਂ ਦਿੱਤੀਆਂ। ਉਸ ਨੂੰ ਆਪਣਾ ਅੜ੍ਹਬ, ਲਾਲਚੀ ਤੇ ਸ਼ਰਾਬੀ ਪਿਤਾ ਲੱਖ ਦਰਜੇ ਚੰਗਾ ਤੇ ਸਾਊ ਪ੍ਰਤੀਤ ਹੋ ਰਿਹਾ ਸੀ।”
ਇਸ ਘਟਨਾ ਤੋਂ ਬਾਅਦ ਉਹ ਕਾਫੀ ਡਰ ਜਾਂਦੀ ਹੈ ਤੇ ਤਾਰੇ ਨੂੰ ਆਪਣੇ ਕੋਲ ਪਾ ਲੈਂਦੀ ਹੈ। ਸਵੇਰੇ ਉੱਠ ਕੇ ਉਸ ਦੀ ਸੱਸ ਦੇ ਪੁੱਛਣ ਤੇ ਕਿ ਉਹ ਰਾਤੀ ਤੁਰੀ ਫਿਰਦੀ ਰਹੀ ਹੈ, ਇਹ ਗੱਲ ਸੁਣ ਕੇ ਸਹੁਰਾ ਪਾੜ-ਖਾਣੀਆਂ ਨਜ਼ਰਾਂ ਨਾਲ ਉਸ ਨੂੰ ਝਾਕਦਾ ਹੈ। ਉਧਰੋਂ ਕੇਸਰ ਆ ਜਾਂਦਾ ਹੈ ਪਰ ਰੂਪ ਇਕਦਮ ਉਸ ਨੂੰ ਕੁਝ ਨਹੀਂ ਦੱਸਦੀ। ਬਿਰਤਾਂਤਕਾਰ ਪਿੱਛਲਝਾਤ ਰਾਹੀਂ ਤੇਜੋ ਪਾਤਰ ਰਾਹੀਂ ਇਸਤਰੀ ਦੀ ਮਜ਼ਬੂਰੀ ਵੱਲ ਇਸ਼ਾਰਾ ਕਰਦਾ ਹੈ, ਜਿੱਥੇ ਉਹ ਪਿੱਛੋਂ ਭਾਵ ਆਪਦੇ ਪੇਕੇ ਘਰੋਂ ਗਰੀਬ ਹੋਣ ਕਰਕੇ ਉਹ ਆਪਣੇ ਸਹੁਰੇ ਘਰ ਵੱਸਣ ਲਈ ਆਪਦੇ ਸਹੁਰੇ ਦੀ ਵਧੀਕੀ ਦਾ ਸ਼ਿਕਾਰ ਹੁੰਦੀ ਹੈ :
“ਤੇਜੋ ਦੇ ਮਾਪੇ ਗਰੀਬ ਸਨ ਅਤੇ ਉਹ ਉਸ ਦੇ ਵਿਆਹ ਸਮੇਂ ਖਾਸ ਦਾਜ ਦਹੇਜ ਨਹੀਂ ਦੇ ਸਕੇ। ਸਜਰੇ ਰੱਜੇ ਦੁੱਲਾ ਸਿੰਘ ਜੱਟ ਨੇ ਇਸ ਗੱਲ ਨੂੰ ਆਪਣੀ ਹੱਤਕ ਸਮਝ ਲਿਆ ਸੀ।…ਸਹੁਰੇ ਨੇ ਤੇਜੋ ਨੂੰ ਛੱਡ ਦੇਣ ਲਈ ਮੂੰਹ ਪਾੜ ਕੇ ਕਹਿ ਦਿੱਤਾ…ਉਸ ਦੀਆਂ ਮੁਕਾਬਲੇ ਲਈ ਤਣੀਆਂ ਬੇਹਥਿਆਰ ਬਾਹਾਂ ਹਉਕਾ ਭਰ ਕੇ ਹਿੱਕ ਤੇ ਡਿੱਗ ਪਈਆਂ। ਮਜ਼ਬੂਰ ਤੇ ਬੇਵੱਸ ਔਰਤ ਆਪਣੇ ਪਾੜ ਖਾਣੇ ਸਮਾਜ ਵਿਚ ਹੋਰ ਵੀ ਮਜ਼ਲੂਮ ਹੋ ਗਈ।”
ਇਸ ਤੋਂ ਮਗਰੋਂ ਦੁੱਲਾ ਸਿੰਘ ਉਹੀ ਹੱਥਕੰਡੇ ਰੂਪ ਤੇ ਵੀ ਵਰਤਣੇ ਸ਼ੁਰੂ ਕਰ ਦਿੰਦਾ ਹੈ ਜੋ ਕਦੇ ਉਹ ਤੋਜੋ ਲਈ ਵਰਤਦਾ ਹੈ। ਉਹ ਗੋਹਾ-ਕੂੜਾ ਕਰਨ ਵਾਲੀ ਚੂੜੀ ਹਟਾ ਦਿੰਦਾ ਹੈ ਪਰ ਰੂਪ ਫਿਰ ਵੀ ਕੁਝ ਨਹੀਂ ਆਖਦੀ। ਉਸ ਤੋਂ ਬਾਅਦ ਉਹ ਰੂਪ ਦੇ ਦਾਜ ਦੇ ਕੱਪੜੇ ਸਿਉਣ ਵਾਲੀ ਮਸ਼ੀਨ ਆਪਦੀ ਧੀ ਗੁਰਦੇਵ ਨੂੰ ਦੇ ਦਿੰਦਾ ਹੈ। ਰੂਪ ਫਿਰ ਵੀ ਕੁਝ ਨਹੀਂ ਬੋਲਦੀ। ਫਿਰ ਵੀ ਪਾਸਾ ਪਲਟਦਿਆਂ ਨਾ ਵੇਖ ਉਹ ਦੂਜੇ ਤਰੀਕੇ ਰੂਪ ਨੂੰ ਕਾਬੂ ਕਰਨਾ ਚਾਹੁੰਦਾ ਹੈ ਤੇ ਉਹ ਉਸ ਨੂੰ ਸੂਟ ਲਿਆ ਕੇ ਦਿੰਦਾ ਹੈ ਤੇ ਮਸ਼ੀਨ ਲਿਆ ਕੇ ਦੇਣ ਲਈ ਵੀ ਆਖਦਾ ਹੈ। ਪਰ ਰੂਪ ਤੇ ਇਨ੍ਹਾਂ ਮਿਹਰਬਾਨੀਆਂ ਦਾ ਕੋਈ ਅਸਰ ਨਹੀਂ ਹੁੰਦਾ। ਅਚਾਨਕ ਬਿਰਤਾਂਤ ਵਿਚ ਫਿਰ ਅਸੰਤੁਲਨ ਵਾਪਰਦਾ ਹੈ ਜਦੋਂ ਦੁੱਲਾ ਸਿੰਘ ਹਵੇਲੀ ਵਿਚ ਰੂਪ ਪਿੱਛੋਂ ਮਾੜੀ ਨੀਯਤ ਨਾਲ ਜਾਂਦਾ ਹੈ ਤਾਂ ਰੂਪ ਜੇਰਾ ਕਰਕੇ ਉਸ ਨੂੰ ਵੰਗਾਰਦੀ ਹੈ :
“ਕਿਉਂ ਮੇਰੇ ਤੇ ਗੁਰਦੇਵ ਵਿਚ ਕੀ ਫਰਕ ਹੈ? ਤੇਰੇ ਵਰਗੇ ਧਰਮੀ ਪਿਉ ਦਾ ਮੂੰਹ ਕਾਲਾ ਕਰ ਕੇ ਪਿੰਡ `ਚ ਨਾ ਫੇਰਿਆ ਜਾਵੇ? ਕੀ ਖਿਆਲ ਐ? ਇਸ ਜਿਊਣ ਨਾਲੋਂ ਕੁੱਝ ਖਾ ਕੇ ਨਹੀਂ ਮਰਿਆ ਜਾਂਦਾ ਹੈ?”
ਪਰ ਦੁੱਲਾ ਸਿੰਘ ਫਿਰ ਚੁਸਤੀ ਵਰਤਦਾ ਹੈ ਤੇ ਘਰ ਜਾ ਕੇ ਉਹ ਆਪਦੀ ਗਲਤੀ ਨੂੰ ਢਕਣ ਲਈ ਰੂਪ ਤੇ ਦੂਸ਼ਣ ਲਾਉਂਦਾ ਹੈ :
“ਤੂੰ ਕੁੱਤੀਏ! ਹਵੇਲੀ ਯਾਰ ਹੰਢਾਉਣ ਗਈ ਸੀ ਜਾ ਬਾਲਣ ਲੈਣ। ਦੋ ਮਿੰਟ ਦੀ ਹੀ ਕਸਰ ਰਹਿ ਗਈ, ਜੇ ਉੱਥੇ ਦੋਹਾਂ ਦੇ ਟੋਟੇ ਨਾ ਕਰ ਦੇਂਦਾ। ਸਾਥੋਂ ਨਹੀਂ ਤੇਰੇ ਥਾਂ ਫਾਹੇ ਲਗੀਦਾ, ਤੂੰ ਕਨਾਰਾ ਕਰ, ਅਸੀਂ ਮੁੰਡਾ ਵਿਆਹ ਲਵਾਂਗੇ।”
ਦੁੱਲਾ ਸਿੰਘ ਧੱਕੇ ਨਾਲ ਕੇਸਰ ਦੀ ਗ਼ੈਰ-ਹਾਜ਼ਰੀ ਵਿਚ ਉਸ ਨੂੰ ਧੱਕੇ ਮਾਰ ਘਰੋਂ ਕੱਢ ਦਿੰਦਾ ਹੈ। ਉਹ ਜੇਰਾ ਕਰ ਤਾਰੇ ਦੇ ਸਕੂਲ ਜਾਂਦੀ ਹੈ ਤੇ ਉਸ ਨੂੰ ਉੱਥੋਂ ਲੈ ਕੇ ਪਿੰਡੋਂ ਬਾਹਰ ਆ ਕੇ ਕੇਸਰ ਨੂੰ ਉਡੀਕਦੀ ਹੈ। ਉਧਰੋਂ ਕੇਸਰ ਆ ਜਾਂਦਾ ਹੈ ਤੇ ਉਹ ਉਸ ਦੇ ਪੁੱਛਣ ਤੇ ਅਸਲੀਅਤ ਦੱਸਦੀ ਹੈ ਕਿ :
“ਮੈਂ ਉਸ ਦੀ ਨਹੀਂ ਬਣ ਸਕੀ।” ਉਸ ਰੋਂਦਿਆਂ ਆਪਣਾ ਮੂੰਹ ਢੱਕ ਲਿਆ ਅਤੇ ਉੱਥੇ ਹੀ ਬਹਿ ਗਈ।
ਇੰਨੀ ਗੱਲ ਸੁਣ ਕੇ ਕੇਸਰ ਘਰ ਜਾ ਕੇ ਆਪਦੇ ਬਾਪੂ ਨੂੰ ਹਾਕੀ ਨਾਲ ਕੁੱਟਦਾ ਹੈ ਤੇ ਘਰੋਂ ਦੋ ਚਾਰ ਜ਼ਰੂਰਤ ਦੀਆਂ ਚੀਜ਼ਾਂ ਚੁੱਕ ਵਾਪਸ ਆ ਜਾਂਦਾ ਹੈ ਤੇ ਉਹ ਸ਼ਹਿਰ ਜਾਣ ਤੋਂ ਪਹਿਲਾ ਨੂਰਪੁਰ ਰੂਪ ਦੇ ਪੇਕੇ ਚਲੇ ਜਾਂਦੇ ਹਨ। ਉੱਥੇ ਜਾ ਕੇ ਕੇਸਰ ਫੌਜ ਵਿਚ ਭਰਤੀ ਹੋਣ ਬਾਰੇ ਸੋਚਦਾ ਹੈ ਪਰ ਆਖਿਰਕਾਰ ਉਹ ਕਲਰਕ ਲੱਗ ਜਾਂਦਾ ਹੈ ਤੇ ਉਹ ਇਕ ਚੁਬਾਰਾ ਕਿਰਾਏ ਤੇ ਲੈ ਕੇ ਪਿੰਡ ਸਮਾਨ ਲੈਣ ਚਲਾ ਜਾਂਦਾ ਹੈ। ਉਹ ਤੇ ਰੂਪ ਸ਼ਹਿਰ ਰਹਿਣ ਲੱਗਦੇ ਹਨ ਕਿ ਦੁੱਲਾ ਸਿੰਘ ਨਵਾਂ ਨਾਟਕ ਰਚਦਾ ਹੈ ਤੇ ਪੰਚਾਇਤ ਲੈ ਕੇ ਪਹੁੰਚ ਜਾਂਦਾ ਹੈ ਕਿ ਕੇਸਰ ਘਰੋਂ ਪੈਸੇ ਚੋਰੀ ਕਰਕੇ ਲਿਆਇਆ ਹੈ ਪਰ ਕੇਸਰ ਸੱਚੀ ਗੱਲ ਸੁਣਾ ਕੇ ਉਨ੍ਹਾਂ ਨੂੰ ਤੋਰ ਦਿੰਦਾ ਹੈ।
ਰੂਪ ਕੇਸਰ ਦੀ ਸਹਾਇਤਾ ਨਾਲ ਦਸਵੀਂ ਦੇ ਇਮਤਿਹਾਨ ਦੀ ਤਿਆਰੀ ਕਰਦੀ ਹੈ। ਜੰਗ ਖਤਮ ਹੋ ਰਹੀ ਸੀ ਅਤੇ ਕੇਸਰ ਜਮਾਂਦਾਰ ਭਰਤੀ ਨਾ ਹੋ ਸਕਿਆ। ਉੱਧਰ ਉਸ ਦਾ ਦਫ਼ਤਰ ਬੰਗਲੌਰ ਚਲਾ ਗਿਆ। ਮਜ਼ਬੂਰੀ ਵੱਸ ਉਹ ਵੀ ਬੰਗਲੌਰ ਚਲੇ ਜਾਂਦੇ ਹਨ। ਉਧਰ ਰੂਪ ਗਰਭਵਤੀ ਹੋ ਜਾਂਦੀ ਹੈ ਤੇ ਉਸ ਦੇ ਕੁੜੀ ਹੁੰਦੀ ਹੈ।
ਰੂਪ ਨੇ ਭਗਵੰਤ ਤੋਂ ਪੈਸੇ ਉਧਾਰ ਲੈ ਕੇ ਕੱਪੜੇ ਸੀਣ ਵਾਲੀ ਮਸ਼ੀਨ ਲੈ ਲਈ ਤੇ ਕੱਪੜੇ ਸੀ ਕੇ ਸਾਰਾ ਉਧਾਰ ਚੁਕਾ ਦਿੱਤਾ। ਅਚਾਨਕ ਕੇਸਰ ਕੋਲੋਂ ਦਫ਼ਤਰ ਦੀ ਫਾਈਲ ਗੁੰਮ ਹੋ ਜਾਂਦੀ ਹੈ ਤੇ ਉਸ ਨੂੰ ਅੱਧੀ ਤਨਖਾਹ ਮਿਲਦੀ ਹੈ।
ਇਸ ਪ੍ਰਸੰਗ ਨੂੰ ਵਿਚੇ ਛੱਡ ਕੇ ਰੂਪ ਦੇ ਮੁੰਡਾ ਹੋਣ ਦਾ ਜ਼ਿਕਰ ਆਉਂਦਾ ਹੈ। ਉਸ ਤੋਂ ਬਾਅਦ ਚਿੱਠੀ-ਪੱਤਰ ਦੀ ਜੁਗਤ ਵਰਤਦਿਆਂ ਬਿਰਤਾਂਤਕਾਰ ਜਾਣਕਾਰੀ ਦਿੰਦਾ ਹੈ ਕਿ ਕੇਸਰ ਦੇ ਬਾਪੂ ਤੇ ਮੁਕੱਦਮਾ ਬਣ ਗਿਆ ਹੈ। ਭੈਣ ਦੀ ਚਿੱਠੀ ਮਿਲਣ ਪਿੱਛੋਂ ਕੇਸਰ ਸ਼ੇਰੇਆਣੇ ਚਲਾ ਜਾਂਦਾ ਹੈ ਤੇ ਰੂਪ ਆਪਦੇ ਪੇਕੇ। ਤਾਰਾ ਤੇ ਉਸ ਦੀਆਂ ਨਣਦਾਂ ਉਸ ਨੂੰ ਮਿਲਣ ਆਈਆਂ ਸ਼ੇਰੇਆਣੇ ਲੈ ਗਈਆਂ। ਕੇਸਰ ਆਪਦੇ ਦੋਸਤ ਇੰਦਰਜੀਤ ਨੂੰ ਨਾਲ ਲੈ ਕੇ ਦੁੱਲਾ ਸਿੰਘ ਤੇ ਰਤਨੇ ਨੂੰ ਬਰੀ ਕਰਵਾ ਦਿੰਦਾ ਹੈ। ਕੇਸਰ ਅੱਧੀ ਤਨਖਾਹ ਵਿਚ ਗੁਜ਼ਾਰਾ ਨਾ ਹੋਣ ਕਰਕੇ ਰੂਪ ਨੂੰ ਸ਼ੇਰੇਆਣੇ ਰਹਿਣ ਲਈ ਆਖਦਾ ਹੈ। ਰੂਪ ਕੇਸਰ ਦੇ ਤਰਲੇ ਕਰਕੇ ਦਸਵੀਂ ਕਰਨ ਨੂੰ ਮਨਾ ਲੈਂਦੀ ਹੈ। ਰੂਪ ਮੋਗੇ ਕਾਲਜ ਵਿਚ ਦਾਖਲਾ ਲੈ ਲੈਂਦੀ ਹੈ। ਉੱਥੇ ਉਸ ਦੀ ਸਹੇਲੀ ਸਰਲਾ ਬਣ ਜਾਂਦੀ ਹੈ। ਉਧਰ ਹਰਨੇਕ ਦਾ ਸ਼ਰਾਬੀ ਚਾਚਾ ਜੈਬੂ ਰੂਪ ਦੇ ਮਗਰ ਲੱਗ ਜਾਂਦਾ ਹੈ।
ਹਰਨੇਕ ਧੱਕੇ ਨਾਲ ਜੈਬੂ ਦੇ ਕਹਿਣ ਤੇ ਸਰਲਾ ਤੇ ਰੂਪ ਨੂੰ ਉਸ ਦੇ ਘਰ ਲੈ ਜਾਂਦਾ ਹੈ। ਹਰਨੇਕ ਜੈਬੂ ਤੋਂ ਰੂਪ ਦੇ ਬਹਾਨੇ ਪੈਸੇ ਲੈ ਲੈ ਕੇ ਸ਼ਰਾਬ ਪੀਂਦਾ ਰਹਿੰਦਾ ਹੈ। ਉਧਰ ਉਹ ਸਰਲਾ ਤੇ ਡੋਰੇ ਵੀ ਸਿੱਟਦਾ ਹੈ। ਜੈਬੂ ਆਨੇ-ਬਹਾਨੇ ਰੂਪ ਦਾ ਪਿੱਛਾ ਕਰਦਾ ਹੈ। ਉਹ ਆਪਣੀ ਘਰਵਾਲੀ ਨੂੰ ਵੀ ਆਪਣੇ ਮਤਲਬ ਲਈ ਵਰਤਦਾ ਹੈ। ਬਿਰਤਾਂਤਕਾਰ ਉਸ ਦੀ ਘਰਵਾਲੀ ਦੀ ਮਜ਼ਬੂਰੀ ਤੇ ਫੋਕਸ ਕਰਦਾ ਹੈ :
“ਚਾਚੀ ਕੋਈ ਜਵਾਬ ਨਾ ਮੋੜ ਸਕੀ। ਜੋ ਰੂਪ ਨੇ ਕਿਹਾ, ਉਹ ਰੱਦਿਆ ਨਹੀਂ ਜਾ ਸਕਦਾ ਸੀ, ਪਰ ਚਾਚੀ ਆਪਣੀ ਥਾਂ ਮਜ਼ਲੂਮ ਔਰਤ ਸੀ, ਜਿਹੜੀ ਕੁਝ ਸਮਾਂ ਪਹਿਲੋਂ ਜੈਬੂ ਤੋਂ ਥੱਪੜ ਖਾ ਚੁਕੀ ਸੀ। ਉਸ ਨੂੰ ਡੰਡੇ ਦੇ ਜੋਰ ਭੇਜਿਆ ਗਿਆ ਸੀ ਕਿ ਰੂਪ ਨੂੰ ਨਾਲ ਲੈ ਕੇ ਘਰ ਆਵੀ।”
ਰੂਪ ਸਚਦੇਵ ਕੋਲ ਟਿਊਸ਼ਨ ਰੱਖ ਲੈਂਦੀ ਹੈ। ਸਚਦੇਵ ਪਾਤਰ ਮੂਲ ਰੂਪ ਵਿਚ ਕੰਵਲ ਦੇ ਸਮਾਜਵਾਦੀ ਵਿਚਾਰਾਂ ਦੀ ਪ੍ਰੋੜਤਾ ਕਰਨ ਵਾਲਾ ਪਾਤਰ ਹੈ। ਰੂਪ ਉਸ ਦਾ ਕਾਫੀ ਪ੍ਰਭਾਵ ਕਬੂਲਦੀ ਹੈ। ਪੇਪਰਾਂ ਤੋਂ ਬਾਅਦ ਰੂਪ ਦਾ ਸਮਾਨ ਲੈ ਕੇ ਹਰਨੇਕ ਉਸ ਨੂੰ ਜੈਬੂ ਦੇ ਟਰੱਕ ਤੇ ਲੈ ਕੇ ਜਾਂਦਾ ਹੈ, ਰਾਹ ਵਿਚ ਜੈਬੂ ਵੀ ਟਰੱਕ ਵਿਚ ਚੜ੍ਹ ਜਾਂਦਾ ਹੈ ਤੇ ਰੂਪ ਮਨ ਹੀ ਮਨ ਪਛਤਾਂਦੀ ਹੈ ਤੇ ਉਤਰ ਕੇ ਹਰਨੇਕ ਨੂੰ ਝਾੜ ਪਾਉਂਦੀ ਹੈ :
ਰੂਪ ਘਰ ਆ ਕੇ ਬੱਚਿਆਂ ਨੂੰ ਮਿਲਦੀ ਹੈ। ਕੇਸਰ ਦਾ ਖਤ ਪੜ੍ਹਦੀ ਹੈ। ਬਿਰਤਾਂਤਕਾਰ ਨਾਵਲ ਵਿਚ ਥਾਂ-ਥਾਂ ਤੇ ਚਿੱਠੀ-ਪੱਤਰ ਦੀ ਜੁਗਤ ਵਰਤਦਾ ਹੈ। ਕੇਸਰ ਦੀ ਤਾਰ ਆਉਂਦੀ ਹੈ ਕਿ ਉਹ ਕੇਸ ਜਿੱਤ ਗਿਆ ਹੈ। ਰੂਪ ਪਾਸ ਹੋ ਗਈ ਤੇ ਉਹ ਬੇਸਿਕ ਵਿਚ ਦਾਖਲਾ ਲੈ ਲੈਂਦੀ ਹੈ। ਕਿਉਂਕਿ ਨਾਵਲ ਹੁਣ ਅੰਤ ਵਲ ਵੱਧ ਰਿਹਾ ਹੈ, ਬਿਰਤਾਂਤਕਾਰ ਰੂਪ ਦੀ ਜੱਦੋ-ਜਹਿਦ ਨੂੰ ਵੀ ਤੇਜ਼ ਕਰਦਾ ਹੈ। ਸਚਦੇਵ ਪਾਤਰ ਰਾਹੀਂ ਉਹ ਆਪਣੀ ਵਿਚਾਰਧਾਰਾ ਪੇਸ਼ ਕਰਦਾ ਹੈ :
“ਜੇ ਸੱਚ ਨਿੱਤਰ ਕੇ ਲੋਕਾਂ ਸਾਹਮਣੇ ਆ ਜਾਵੇ, ਤਾਂ ਲੁੱਟ ਦੀ ਬੁਨਿਆਦ ਤੋਂ ਉਸਰੀ ਕਲਾਸਾਂ ਵਾਲੀ ਬਿਲਡਿੰਗ ਮੂਧੀ ਨਾ ਹੋ ਜਾਵੇ ਤੇ ਇਨ੍ਹਾਂ ਦ ਧਰਮ ਪੰਥੀਏ…ਸਮਾਜ ਦੀ ਸਰਦਾਰੀ ਅੱਜ ਵੀ ਉਨ੍ਹਾਂ ਲੋਕਾਂ ਦੇ ਹੱਥ ਵਿਚ ਹੈ ਜਿਨ੍ਹਾਂ ਕਦੇ ਯਸੂ ਮਸੀਹ ਨੂੰ ਸੂਲੀ ਦਿੱਤੀ ਸੀ। ਕਿਸੇ ਨੂੰ ਸੂਲੀ ਦੇ ਦਿੰਤੀ, ਕਿਸੇ ਨੂੰ ਭੁੱਖ ਨਾਲ ਮਾਰ ਦਿੱਤਾ, ਜ਼ਿੰਦਗੀ ਦੇ ਕਤਲਾਮ ਵਿਚ ਕੀ ਫਰਕ ਪਿਆ?”
ਰੂਪ ਦੀ ਪੜ੍ਹਾਈ ਚੱਲਦੀ ਰਹਿੰਦੀ ਹੈ, ਉਹ ਮਾਸਟਰ ਸਚਦੇਵ ਦਾ ਵੀ ਕਾਫੀ ਪ੍ਰਭਾਵ ਕਬੂਲਦੀ ਹੈ। ਜੈਬੂ ਫਿਰ ਰੂਪ ਦਾ ਪਿੱਛਾ ਕਰਦਾ ਹੈ। ਇੱਥੇ ਪਹੁੰਚ ਕੇ ਨਾਵਲੀ ਬਿਰਤਾਂਤ ਕਿਸੇ ਖਾਸ ਦਿਸ਼ਾ ਵੱਲ ਨਹੀਂ ਤੁਰਦਾ ਸਗੋਂ ਮੂਲ ਬਿਰਾਂਤਤ ਅਟਕਾਅ ਦੀ ਸਥਿਤੀ ਵਿਚ ਹੈ। ਬਿਰਤਾਂਤਕਾਰ ਵਾਰ-ਵਾਰ ਥਾਂ-ਥਾਂ ਤੇ ਜੈਬੂ ਨੂੰ ਰੂਪ ਦਾ ਪਿੱਛਾ ਕਰਦਿਆਂ ਦਿਖਾਉਂਦਾ ਹੈ। ਉਹ ਰੂਪ ਦੇ ਕਾਲਜ ਫਲਾਂ ਦੀ ਟੋਕਰੀ ਲੈ ਕੇ ਉਸ ਨੂੰ ਮਿਲਣ ਜਾਂਦਾ ਹੈ। ਹਰਨੇਕ ਰੂਪ ਤੋਂ ਪੈਸੇ ਮੰਗਣ ਆਉਂਦਾ ਹੈ ਕਿ ਚੱਪਲਾਂ ਲੈਣੀਆਂ ਹਨ ਪਰ ਰੂਪ ਸਰਲਾ ਨੂੰ ਆਖਦੀ ਹੈ ਕਿ ਸ਼ਾਮ ਨੂੰ ਹਰਨੇਕ ਨਾਲ ਜਾਵੇ। ਉਧਰ ਹਰਨੇਕ ਚੰਗਾ ਮੌਕਾ ਵੇਖ ਕੇ ਸ਼ਾਮ ਨੂੰ ਚੱਪਲਾਂ ਲੈਣ ਦੇ ਬਹਾਨੇ ਸਰਲਾ ਨੂੰ ਲੈ ਕੇ ਹੋਟਲ ਚਾਹ ਪੀਣ ਲੈ ਜਾਂਦਾ ਹੈ। ਉਧਰ ਜੈਬੂ ਫਿਰ ਕਾਲਜ ਵਿਚ ਰੂਪ ਨੂੰ ਮਿਲਣ ਆਉਂਦਾ ਹੈ ਤੇ ਰੂਪ ਉਸ ਦੀ ਖੁੰਬ ਠੱਪਦੀ ਹੈ ਤੇ ਜੈਬੂ ਉਸ ਨੂੰ ਚੁੱਕ ਕੇ ਲੈ ਜਾਣ ਦਾ ਡਰਾਵਾ ਦਿੰਦਾ ਹੈ।
ਰੂਪ ਇਹ ਗੱਲ ਜਾ ਕੇ ਸਚਦੇਵ ਨੂੰ ਦੱਸਦੀ ਹੈ ਤੇ ਸਚਦੇਵ ਪ੍ਰਿੰਸੀਪਲ ਨਾਲ ਗੱਲ ਕਰਦਾ ਹੈ। ਬਿਰਤਾਂਤਕਾਰ ਕਿਉਂਕਿ ਇਸਤਰੀ ਨੂੰ ਸਮਾਜ ਵਿਚ ਪੈਰ-ਪੈਰ ਤੇ ਪੇਸ਼ ਆਉਂਦੀਆਂ ਮੁਸ਼ਕਿਲਾਂ ਤੇ ਫੋਕਸ ਕਰਨਾ ਚਾਹੁੰਦਾ ਹੈ, ਇਸ ਲਈ ਉਹ ਰੂਪ ਪਾਤਰ ਨੂੰ ਆਦਰਸ਼ ਪਾਤਰ ਬਣਾ ਕੇ, ਚੰਗੇ ਗੁਣ ਭਰ ਕੇ ਸਮਾਜ ਵਿਚ ਆਪਣੀ ਹੋਂਦ ਲਈ ਜੱਦੋ-ਜਹਿਦ ਕਰਨ ਵੱਲ ਮੋੜ ਕੇ ਉਸ ਨੂੰ ਕਈ ਅਜਿਹੀਆਂ ਪ੍ਰਸਥਿਤੀਆਂ ਵਿਚੋਂ ਗੁਜ਼ਾਰਦਾ ਹੈ, ਜਿੱਥੇ ਜੈਬੂ ਵਰਗੇ ਬਦਮਾਸ਼ ਉਸ ਨੂੰ ਤੰਗ ਕਰਦੇ ਹਨ। ਨਾਵਲੀ ਬਿਰਤਾਂਤ ਵਿਚ ਜੈਬੂ ਕਈ ਵਾਰ ਰੂਪ ਦਾ ਪਿੱਛਾ ਕਰਦਾ ਹੈ ਤੇ ਇਹ ਘਟਨਾ ਨਾਵਲ ਵਿਚ ਕਈ ਵਾਰ ਪੇਸ਼ ਕੀਤੀ ਗਈ ਹੈ। ਜੈਬੂ ਫਿਰ ਕਾਲਜ ਵਿਚ ਰੂਪ ਨੂੰ ਮਿਲਣ ਜਾਂਦਾ ਹੈ। ਪ੍ਰਿੰਸੀਪਲ ਉਸ ਨੂੰ ਪੁਲਿਸ ਦਾ ਡਰਾਵਾ ਦਿੰਦਾ ਹੈ ਅਤੇ ਜੈਬੂ ਮਾਫ਼ੀ ਮੰਗਦਾ ਉੱਥੋਂ ਭੱਜ ਜਾਂਦਾ ਹੈ, ਰੂਪ ਸੁੱਖ ਦਾ ਸਾਹ ਲੈਂਦੀ ਹੈ :
“ਇਕ ਮਹੀਨੇ ਦੀ ਸਿਰ ਦਰਦੀ ਪਿੱਛੋਂ ਰੂਪ ਦਾ ਦਿਮਾਗੀ ਪੱਧਰ ਸਾਵਾਂ ਹੋ ਗਿਆ। ਉਸ ਹੋਰ ਮਹੀਨੇ ਭਰ ਵਿਚ ਪੜ੍ਹਾਈ ਦੇ ਖੱਪੇ ਨੂੰ ਪੂਰ ਲਿਆ…ਹੁਣ ਇਹ ਹਾਲਤ ਸੀ ਸਰਲਾ ਅਤੇ ਉਸ ਦੀਆਂ ਸਾਥਣਾਂ ਰੂਪ ਤੋਂ ਖੁਸ਼ੀ ਉਧਾਰ ਲੈਂਦੀਆਂ ਸਨ। ਉਹ ਕਿਸੇ ਵੀ ਵਿਦਿਆਰਥਣ ਦੇ ਕੰਮ ਆ ਕੇ ਪ੍ਰਸੰਨਤਾ ਅਨੁਭਵ ਕਰਦੀ ਸੀ।”
ਇਕ ਦਿਨ ਭਗਵੰਤ ਰੂਪ ਨੂੰ ਹੋਸਟਲ ਮਿਲਣ ਆਉਂਦੀ ਹੈ ਤੇ ਉਸ ਨੂੰ ਚੜ੍ਹਾ ਕੇ ਵਾਪਸ ਆਉਂਦੀ ਨੂੰ ਸਰਲਾ ਦਾ ਖ਼ਤ ਮਿਲਦਾ ਹੈ, ਜਿਸ ਤੇ ਹਰਨੇਕ ਦੀ ਲਿਖਾਈ ਉਹ ਪਛਾਣ ਜਾਂਦੀ ਹੈ। ਉਹ ਸਰਲਾ ਨੂੰ ਹਰਨੇਕ ਦੀਆਂ ਭੈੜੀਆਂ ਆਦਤਾਂ ਤੋਂ ਜਾਣੂ ਕਰਵਾ ਕੇ ਉਸ ਦਾ ਸਾਥ ਛੱਡਣ ਨੂੰ ਕਹਿੰਦੀ ਹੈ। ਇਉਂ ਸਰਲਾ ਤੇ ਹਰਨੇਕ ਦੀ ਜਿਹੜੀ ਤੰਦ ਬਿਰਤਾਂਤਕਾਰ ਨੇ ਛੋਹੀ ਸੀ, ਉਸ ਦਾ ਇੱਥੇ ਅੰਤ ਹੋ ਜਾਂਦਾ ਹੈ। ਪੇਪਰ ਦੇ ਕੇ ਉਹ ਸਚਦੇਵ ਨੂੰ ਮਿਲਣ ਜਾਂਦੀ ਹੈ ਤੇ ਬਿਰਤਾਂਤਕਾਰ ਸਚਦੇਵ ਪਾਤਰ ਰਾਹੀਂ ਆਪਣੇ ਸਮਾਜਵਾਦੀ ਵਿਚਾਰਾਂ ਨੂੰ ਪੇਸ਼ ਕਰਦਾ ਹੈ :
“ਦੂਜੇ ਅਸੀਂ ਪਚਾਸੀ ਫੀਸਦੀ ਅਨਪੜ੍ਹ ਹਾਂ ਤੇ ਅਨਪੜ੍ਹਾਂ ਵਿਚ ਇਕ ਪੜ੍ਹਿਆ-ਲਿਖਿਆ ਬੇਵਕੂਫ ਬਣਨੋਂ ਤਦ ਹੀ ਬਚ ਸਕਦਾ ਹੈ, ਜੇ ਉਨ੍ਹਾਂ ਨੂੰ ਕਿਸੇ ਆਹਰੇ ਲਾਈ ਰੱਖੇ…ਮਾਸਟਰ ਹੀ ਇਕ ਅਜਿਹੀ ਚੇਤੰਨ ਜਮਾਤ ਹੈ, ਜਿਹੜੀ ਦੇਸ਼ ਦੇ ਹਰ ਹਿੱਸੇ `ਚ ਵਿਦਿਆਰਥੀਆਂ ਤੇ ਲੋਕਾਂ ਦੇ ਦਿਲ ਦਿਮਾਗ ਨਾਲ ਸਿੱਧਾ ਸਬੰਧ ਰੱਖਦੀ ਹੈ।”
ਇਸ ਤੋਂ ਬਿਰਤਾਂਤਕਾਰ ਬਹੁਤ ਜਲਦ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਰੂਪ ਰੱਤੇਵਾਲ ਦੇ ਸਕੂਲ ਵਿਖੇ ਪ੍ਰਾਇਮਰੀ ਟੀਚਰ ਲੱਗ ਗਈ ਹੈ। ਉਹ ਵਿਗੜੇ ਹੋਏ ਬੱਚਿਆਂ ਨੂੰ ਪਿਆਰ ਨਾਲ ਕਾਬੂ ਕਰਦੀ ਹੈ। ਉਹ ਪਿੰਡ ਦੀਆਂ ਔਰਤਾਂ ਨੂੰ ਵੀ ਪੜ੍ਹਾਈ-ਲਿਖਾਈ, ਸਿਲਾਈ-ਕਢਾਈ ਸਿੱਖਣ ਲਈ ਪ੍ਰੇਰਦੀ ਹੈ। ਉਹ ਕੇਸਰ ਨੂੰ ਖ਼ਤ ਲਿਖਦੀ ਹੈ। ਅਚਾਨਕ ਇਕ ਦਿਨ ਸਕੂਲ ਆਉਂਦੀ ਨੂੰ ਜੈਬੂ ਫਿਰ ਦੇਖ ਲੈਂਦਾ ਹੈ ਤੇ ਉਸ ਦਾ ਪਿੱਛਾ ਕਰਨ ਲੱਗ ਜਾਂਦਾ ਹੈ। ਮਾਸਟਰ ਸ਼ਿਵਦੱਤ ਉਸ ਨੂੰ ਦੇਖ ਲੈਂਦਾ ਹੈ ਤੇ ਉਸ ਦਾ ਪਿੱਛਾ ਕਰਨ ਲੱਗ ਜਾਂਦਾ ਹੈ। ਮਾਸਟਰ ਸ਼ਿਵਦੱਤ ਉਸ ਨੂੰ ਦੇਖ ਲੈਂਦਾ ਹੈ ਤੇ ਰੂਪ ਨੂੰ ਉਸ ਬਾਰੇ ਪੁੱਛਦਾ ਹੈ। ਰੂਪ ਲੰਮਾ ਰਸਤਾ ਤੁਰ ਕੇ ਆਉਣ ਦੇ ਡਰੋਂ ਮੰਡੀ ਆ ਕੇ ਰਹਿਣ ਲੱਗ ਜਾਂਦੀ ਹੈ ਤੇ ਆਪ ਦੇ ਕੋਲ ਬੱਚਿਆਂ ਤੇ ਬੇਜੀ ਨੂੰ ਰੱਖ ਲੈਂਦੀ ਹੈ। ਉਹ ਸਚਦੇਵ ਨੂੰ ਚਿੱਠੀ ਲਿਖ ਕੇ ਜੈਬੂ ਬਾਰੇ ਦੱਸਦੀ ਹੈ। ਸਕੂਲ ਵਿਚ ਚਾਹ ਪੀਣ ਸਮੇਂ ਰੂਪ ਦੀ ਮੁਲਾਕਾਤ ਪਿੰਡ ਦੇ ਸਰਪੰਚ ਨਾਲ ਹੁੰਦੀ ਹੈ।
ਰੂਪ ਕਰਤਾਰ ਨੂੰ ਸਾਰੀ ਗੱਲ ਦੱਸਣ ਲਈ ਆਪਣੇ ਘਰ ਮੰਡੀ ਬੁਲਾਉਂਦੀ ਹੈ। ਉਧਰ ਸਚਦੇਵ ਵੀ ਰੂਪ ਦੇ ਘਰ ਆ ਜਾਂਦਾ ਹੈ ਤੇ ਰੂਪ ਉਨ੍ਹਾਂ ਨੂੰ ਜੈਬੂ ਦੀ ਕਰਤੂਤ ਬਾਰੇ ਦੱਸਦੀ ਹੈ। ਉਧਰ ਕੇਸਰ ਛੁੱਟੀ ਆ ਜਾਂਦਾ ਹੈ ਤੇ ਕੁਝ ਛੁੱਟੀਆਂ ਉਹ ਸ਼ੇਰੇਆਣੇ ਗੁਜ਼ਾਰਨ ਜਾਂਦੇ ਹਨ। ਛੁੱਟੀਆਂ ਤੋਂ ਬਾਅਦ ਕੇਸਰ ਰੂਪ ਨਾਲ ਰੱਤੇਵਾਲ ਸਕੂਲ ਜਾਂਦਾ ਹੈ ਤੇ ਕਰਤਾਰ ਸਰਪੰਚ ਨੂੰ ਮਿਲਦਾ ਹੈ। ਸਰਪੰਚ ਦੇ ਘਰ ਚਾਹ ਪੀਂਦੇ ਸਰਪੰਚ ਆਪਣੇ ਵਿਆਹ ਦਾ ਕਿੱਸਾ ਛੇੜ ਲੈਂਦਾ ਹੈ। ਇਹ ਪ੍ਰਸੰਗ ਮੂਲ-ਬਿਰਤਾਂਤ ਤੋਂ ਅਸਲੋਂ ਹਟ ਕੇ ਹੈ ਅਤੇ ਚੱਲ ਰਹੇ ਬਿਰਤਾਂਤ ਵਿਚ ਅਟਕਾਅ ਪੈਦਾ ਕਰਦਾ ਹੈ। ਉਹ ਦੇਸ਼ ਦੀ ਆਜ਼ਾਦੀ ਸਮੇਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਬਚਾਉਣ ਦੇ ਕਿੱਸੇ ਸੁਣਾਉਂਦਾ ਹੈ।
ਉਪਰ ਜੈਬੂ ਰੱਤੇਵਾਲ ਦੇ ਮੁੰਡਿਆਂ ਚੈਨ ਤੇ ਇੰਦਰ ਨਾਲ ਦੋਸਤੀ ਪਾ ਲੈਂਦਾ ਹੈ। ਉਹ ਉਨ੍ਹਾਂ ਨਾਲ ਰਲ ਕੇ ਸ਼ਰਾਬ ਪੀਂਦਾ ਹੈ ਤੇ ਰੂਪ ਬਾਰੇ ਦੱਸਦਾ ਹੈ। ਉਹ ਸ਼ਰਾਬ ਪੀ ਕੇ ਪਿੰਡ ਵਿਚ ਗੇੜਾ ਮਾਰਨ ਜਾਂਦੇ ਹਨ ਅਤੇ ਸਰਪੰਚ ਦੇ ਘਰ ਅੱਗੇ ਜਾ ਕੇ ਇੰਦਰ ਬੜਕ ਮਾਰਦਾ ਹੈ ਤੇ ਅੱਗੋਂ ਕਾਲਾ ਤੇ ਗੁਰਦਿਆਲ ਉਸ ਨੂੰ ਵੰਗਾਰਦੇ ਹਨ ਤੇ ਉਹ ਆਪਸ ਵਿਚ ਹੱਥੋਪਾਈ ਹੋ ਜਾਂਦੇ ਹਨ। ਕਰਤਾਰ ਸਿੰਘ ਨੂੰ ਜੈਬੂ ਦਾ ਪਤਾ ਲੱਗਦਾ ਹੈ ਤਾਂ ਉਹ ਉਸ ਨੂੰ ਕੁੱਟਦਾ ਹੈ ਤੇ ਜੈਬੂ ਮਿੰਨਤਾ ਕਰਦਾ ਭੱਜ ਜਾਂਦਾ ਹੈ। ਅਗਲੇ ਦਿਨ ਮਾਮਲਾ ਪੁਲਿਸ ਤਕ ਜਾਂਦਾ ਹੈ ਪਰ ਸਰਪੰਚ ਸੱਚਾਈ ਨਾਲ ਸਭ ਠੀਕ ਨਿਬੇੜ ਦਿੰਦਾ ਹੈ।
ਇਸੇ ਪ੍ਰਸੰਗ ਨੂੰ ਇੱਥੇ ਛੱਡ ਕੇ ਬਿਰਤਾਂਤਕਾਰ ਕਮਿਊਨਿਟੀ ਮੇਲੇ ਦਾ ਜ਼ਿਕਰ ਕਰਦਾ ਹੈ। ਮੇਲੇ ਦੀ ਸਫ਼ਲਤਾ ਤੋਂ ਬਾਅਦ ਰਾਤ ਦੀ ਰੋਟੀ ਸਮੇਂ ਸਚਦੇਵ ਆਪਣੇ ਸਮਾਜਵਾਦੀ ਵਿਚਾਰ ਰੂਪ ਤੇ ਸਰਪੰਚ ਨਾਲ ਸਾਂਝੇ ਕਰਦਾ ਹੈ :
“ਮੈਂ ਤੁਹਾਡੇ ਕੰਮਾਂ ਉੱਤੇ ਬਹੁਤ ਖੁਸ਼ ਹਾਂ, ਲੋਕਾਂ ਦਾ ਭਰੋਸਾ ਜਿੱਤਣਾ ਅਤੇ ਉਨ੍ਹਾਂ ਨੂੰ ਆਪ ਦਾ ਵਿਸ਼ਵਾਸ ਦੇਣਾ ਅਸਲ ਕੰਮ ਦੀ ਬੁਨਿਆਦੀ ਕੜੀ ਹੈ…ਦੇਸੀ ਪ੍ਰਦੇਸੀ ਬੁਰਜੂਆਵਾਦੀ ਅਤੇ ਲੋਕਾਂ ਦੀ ਟੱਕਰ ਦਾ ਇਤਿਹਾਸਕ ਪੜਾਅ ਲੰਘੇ ਬਿਨਾਂ ਅਸੀਂ ਸਮਾਜਵਾਦ ਵਿਚ ਦਾਖਲ ਨਹੀਂ ਹੋ ਸਕਦੇ। ਉਸ ਲਈ ਤਿਆਰੀ ਜ਼ਰੂਰੀ ਤੋਂ ਵੀ ਲਾਜ਼ਮੀ ਹੈ।”
ਉਧਰੋਂ ਰੂਪ ਨੂੰ ਡੀ.ਆਈ.ਜੀ. ਦੇ ਦਫ਼ਤਰ ਬੁਲਾਇਆ ਜਾਂਦਾ ਹੈ, ਕਿਉਂਕਿ ਪਿੰਡ ਵਾਲਿਆਂ ਨੇ ਉਸ ਦੇ ਖਿਲਾਫ਼ ਅਰਜ਼ੀ ਭੇਜੀ ਸੀ। ਕਲਰਕ ਰੂਮ ਨੂੰ ਅੱਧੀ ਤਨਖਾਹ ਜਾਂ ਫਿਰ ਇਕ ਰਾਤ ਬਦਲੇ ਦਰਖ਼ਾਸਤ ਪਾੜ੍ਹਨ ਲਈ ਰਾਹ ਦੱਸਦਾ ਹੈ ਪਰ ਉਹ ਉਸ ਦੇ ਮੂੰਹ ਤੇ ਥੱਪੜ ਮਾਰ ਕੇ ਚਲੀ ਜਾਂਦੀ ਹੈ।
ਰੂਪ ਆਪਣੀ ਕਹਾਣੀ ਟੀਚਰ ਯੂਨੀਅਨ ਨੂੰ ਲਿਖਦੀ ਹੈ। ਉਹ ਇਸਤਰੀ ਮਨਿਸਟਰ ਨੂੰ ਵੀ ਸਾਰੀ ਗੱਲ ਦੱਸਦੀ ਹੈ ਪਰ ਕਿਸੇ ਪਾਸੇ ਕੁਝ ਨਾ ਹੁੰਦਾ ਵੇਖ ਉਹ ਆਪਣੀ ਜਥੇਬੰਦੀ ਬਣਾਉਣ ਦਾ ਫੈਸਲਾ ਕਰਦੀ ਹੈ। ਉਧਰ ਬੂੜ ਸਿੰਘ ਹਰਨੇਕ ਦੇ ਚੋਰੀ ਕਰਨ ਕਰਕੇ ਮਾਯੂਸ ਹੋ ਜਾਂਦਾ ਹੈ ਤੇ ਰੂਪ ਬੂੜ ਸਿੰਘ ਨੂੰ ਪੈਸੇ ਦੇਣ ਦਾ ਹੌਂਸਲਾ ਦਿੰਦੀ ਹੈ। ਸਕੂਲ ਦੀ ਉਸਾਰੀ ਕਰਾਈ ਜਾ ਰਹੀ ਸੀ। ਕਰਤਾਰ ਜਰਨਲ ਸਕੱਤਰ ਸੀ ਪਰ ਵਿਚ ਹੀ ਉਸ ਦੀ ਘਰਵਾਲੀ ਮਹਿੰਦਰੋਂ ਦਾ ਦੇਹਾਂਤ ਹੋ ਜਾਂਦਾ ਹੈ। ਇੱਥੇ ਫਿਰ ਬਿਰਤਾਂਤਕਾਰ ਮਹਿੰਦਰੋ ਦੀ ਮੌਤ ਤੋਂ ਬਾਅਦ ਕਰਤਾਰ ਸਿੰਘ ਦੀ ਮਾਨਸਿਕ ਹਾਲਤ ਨੂੰ ਚਿੱਤ੍ਰਦਾ ਹੈ। ਭੋਗ ਵਾਲੇ ਦਿਨ ਉਸ ਦੇ ਛੋਟੇ ਮੁੰਡੇ ਨੂੰ ਰੂਪ ਚੁੱਕ ਲੈਂਦੀ ਹੈ ਕਿ ਉਹ ਉਸ ਨੂੰ ਪਾਲੇਗੀ।
ਉਧਰੋਂ ਕੇਸਰ ਦਾ ਖ਼ਤ ਆਉਂਦਾ ਹੈ ਤੇ ਉਹ ਪੜ੍ਹ ਕੇ ਆਵਾਕ ਰਹਿ ਜਾਂਦੀ ਹੈ ਕਿ ਕੇਸਰ ਨੇ ਕੀ ਲਿਖਿਆ ਹੈ। ਬਿਰਤਾਂਤਕਾਰ ਰੂਪ ਦੀ ਮਾਨਸਿਕਤਾ ਤੇ ਫੋਕਸ ਕਰਕੇ ਅੱਗਲਝਾਤ ਰਾਹੀਂ ਜਾਣਕਾਰੀ ਦਿੰਦਾ ਹੈ ਕਿ ਖ਼ਤ ਵਿਚ ਕੀ ਲਿਖਿਆ ਹੈ:
“ਵਾਹ, ਇਹ ਇਨ੍ਹਾਂ ਨੂੰ ਐਤਕੀ ਕੀ ਮਖੌਲ ਸੁਝਿਆ ਵੇ, ਪਿਅਰੀ ਤੋਂ ਸਰਦਾਰਨੀ ਬਣਾ ਧਰਿਆ। ਪਹਿਲਾ ਵਾਕ ਪੜ੍ਹ ਕੇ ਉਸ ਦੀਆਂ ਮੁਸਕਾਣਾਂ ਖਤਮ ਹੋ ਗਈਆਂ, ਦੂਜਾ ਫਿਕਰਾ ਪੜ੍ਹ ਕੇ ਉਸ ਦਾ ਰੰਗ ਉੱਡਣਾ ਸ਼ੁਰੂ ਹੋ ਗਿਆ…ਇਹ ਕਿਵੇਂ ਹੋ ਗਿਆ? ਵਿਚਕਾਰ ਛੱਡੀ ਚਿੱਠੀ ਉਸ ਦੁਬਾਰਾ ਪੜ੍ਹਨ ਦਾ ਯਤਨ ਕੀਤਾ।”
ਕੇਸਰ ਰੂਪ ਤੇ ਸ਼ੱਕ ਕਰਦਾ ਹੈ ਤੇ ਬੱਚੇ ਤਾਰੇ ਹੱਥ ਭੇਜ ਦੇਣ ਲਈ ਆਖਦਾ ਹੈ। ਰੂਪ ਵੀ ਹੌਂਸਲਾ ਕਰਕੇ ਕੇਸਰ ਨੂੰ ਚਿੱਠੀ ਲਿਖਦੀ ਹੈ। ਉਹ ਚਿੱਠੀ ਵਿਚ ਉਹ ਸਭ ਕੁਝ ਨੂੰ ਫਿਰ ਪੇਸ਼ ਕਰਨ ਦਾ ਯਤਨ ਕਰਦੀ ਹੈ ਜੋ ਬਿਰਤਾਂਤ ਵਿਚ ਸ਼ੁਰੂ ਤੋਂ ਲੈ ਕੇ ਹੁਣ ਤਕ ਵਾਪਰਿਆ ਹੈ ਤਾਂ ਕਿ ਕੇਸਰ ਆਪਣੀ ਹੱਡ ਬੀਤੀ ਸੁਣ ਕੇ ਕੁਝ ਸਮਝ ਸਕੇ :
“ਆਓ ਤਾਰੀਖ ਤੋਂ ਨਾ ਸਹੀ ਘੱਟ ਤੋਂ ਘੱਟ ਆਪਣੀ ਹੱਡ ਬੀਤੀ ਤੋਂ ਹੀ ਸਿੱਖਿਆ ਲਈਏ। ਮੇਰੇ ਬਾਪੂ ਜੀ, ਜਿਹੜੇ ਅਸਲ ਵਿਚ ਫੁੱਫੜ ਜੀ ਹਨ, ਮੇਰੇ ਖਾਤਰ ਬੇਜੀ ਨੂੰ ਘਰੋਂ ਕੱਢਣ ਲੱਗੇ ਸਨ। ਜਿਵੇਂ ਛੋਟੂ ਦੀ ਖਾਤਰ ਤੁਸਾਂ ਬੂਹੇ ਢੋਅ ਲਏ ਹਨ। ਪਰ ਉਨ੍ਹਾਂ ਹਰ ਜਬਰ ਸਹਿ ਕੇ ਮੈਨੂੰ ਪਰਵਾਨ ਚੜ੍ਹਾਇਆ…ਤੁਹਾਡੇ ਬਾਪੂ ਜੀ ਨੇ ਕੁੱਤੇ ਵਾਂਗ ਘਰੋਂ ਬਾਹਰ ਵਗਾਹ ਮਾਰੀ, ਇਸ ਲਈ ਕਿ ਮੈਂ ਉਸ ਦੀ ਕਾਮਨਾ ਦਾ ਸ਼ਿਕਾਰ ਹੋਣੋ ਨਾਂਹ ਕਰ ਦਿੱਤੀ…ਸਗੋਂ ਅਜਿਹੇ ਭਰਾ ਨਾਲ ਵੀ ਵਾਹ ਪਿਆ, ਜਿਹੜਾ ਭੈਣ ਦੀ ਬੇਖਬਰੀ ਵਿਚ ਉਸ ਦੀ ਮੁਹੱਬਤ ਵੇਚ-ਵੇਚ ਅੱਯਾਸ਼ੀ ਕਰਦਾ ਰਿਹਾ ਤੇ ਉਹੀ ਭੈਣ ਉਸ ਨੂੰ ਖਰਚ ਵੀ ਦੇਂਦੀ ਰਹੀ ਅਤੇ ਉਸ ਦੇ ਕਰਜ਼ੇ ਲਾਹੁੰਦੀ ਰਹੀ। ਇਸ ਸਮਾਜ ਵਿਚ ਚਿੱਟੀਆਂ ਤੇ ਕਰੜਬਰੜੀਆਂ ਦਾੜ੍ਹੀਆਂ ਵਾਲੇ ਡਰਾਈਵਰ, ਮਾਸਟਰ, ਥਾਣੇਦਾਰ ਅਤੇ ਕਲਰਕ ਵੀ ਆਏ, ਜਿਨ੍ਹਾਂ ਧੀ ਅਤੇ ਭੈਣ ਕਹਿ ਕੇ ਮਹਿਬੂਬ ਬਣਾਉਣ ਦੇ ਦਿਲ ਲਾਏ। ਅੱਜ ਦੇ ਸਫੈਦਪੋਸ਼ ਅਤੇ ਪੰਚਾਇਤ ਮੈਂਬਰ ਕਮੀਨੀਆਂ ਹਰਕਤਾਂ ਤੇ ਉਤਰ ਆਏ ਹਨ। ਕਿਸੇ ਦੇ ਵੱਸਦੇ ਘਰ ਅੱਗੇ ਅੱਗ ਸੁੱਟ ਰਹੇ ਹਨ। ਇਸ ਵਿਚ ਅਨੋਖੀ ਗੱਲ ਕਿਹੜੀ ਹੈ?
ਇੱਥੇ ਬਿਰਤਾਂਤਕਾਰ ਦਾ ਵੱਧ ਤੋਂ ਵੱਧ ਫੋਕਸੀਕਰਨ ਜਗਰੂਪ ਪਾਤਰ ਤੇ ਹੈ ਜੋ ਬਿਰਤਾਂਤਕਾਰ ਦਾ ਆਦਰਸ਼ ਪਾਤਰ ਹੋਣ ਦੇ ਨਾਲ-ਨਾਲ ਸਮੁੱਚੀ ਔਰਤ ਜਾਤੀ ਦੀ ਪ੍ਰਤੀਨਿਧਤਾ ਕਰਦੀ ਨਜ਼ਰ ਆਉਂਦੀ ਹੈ।
“ਦੋਜ਼ਖ ਦੀ ਅੱਗ ਹੋਰ ਵੀ ਤੇਜ਼ ਹੋ ਲਵੇ, ਲੂਹ ਲਵੇ, ਸਾੜ ਲਏ,
ਪਰ ਇਹ ਜਗਰੂਪ ਨੂੰ ਬਿਲਕੁਲ ਨਹੀਂ ਮੁਕਾ ਸਕੇਗੀ।
ਜਿਸ ਦੁਖਿਆਰੀ ਦੀਆਂ ਬਾਹਾਂ `ਚ ਲਹੂ-ਕੁਸ਼ੂ ਸਨ,
ਉਸ ਨੂੰ ਇਹ ਧਰਤੀ ਵੀ ਨਿਘਾਰਨੋਂ ਇਨਕਾਰ ਕਰ ਦੇਵੇਗੀ।
ਇਹ ਸਮਾਜ, ਜਿਸ ਦਾ ਤੁਸੀਂ ਇਕ ਹਿੱਸਾ ਹੋ, ਵੱਢ ਲਵੇ, ਟੁਕ ਲਵੇ,
ਕਤਲ ਵੀ ਕਰ ਦੇਵੇ, ਪਰ ਜਗਰੂਪ ਗਲਤ ਕੀਮਤ ਨਾਲ ਸਮਝੌਤਾ ਨਹੀਂ ਕਰੇਗੀ।”
ਚਿੱਠੀ ਪਾਉਣ ਤੋਂ ਤਿੰਨ ਦਿਨ ਬਾਅਦ ਰੂਪ ਨੂੰ ਕੇਸਰ ਦੀ ਤਾਰ ਮਿਲਦੀ ਹੈ ਕਿ ਉਹ ਸਰਵਿਸ ਛੱਡ ਕੇ ਆ ਰਿਹਾ ਹੈ। ਰੂਪ ਖੁਸ਼ ਹੋ ਜਾਂਦੀ ਹੈ ਤੇ ਇੱਥੇ ਹੀ ਨਾਵਲ ਬਿਰਤਾਂਤ ਦਾ ਅੰਤ ਹੁੰਦਾ ਹੈ।
(ਰੂਪਧਾਰਾ : ਬਿਰਤਾਂਤਕ ਪਰਿਪੇਖ : ਡਾ. ਪਰਮੀਤ ਕੌਰ)
ਕੜੱਕੇ ਵਿਚ ਅੜਿਆ, ਸਾਰੀ ਰਾਤ ਦੀਆਂ ਸੱਟਾਂ ਦਾ ਭੰਨਿਆ ਤੇ ਆਕੜਿਆ ਮਿਹਰ ਸਿੰਘ ਸੋਚਦਾ ਰਿਹਾ: ਸਾਡਾ ਕਸੂਰ ਇਹ ਹੈ ਕਿ ਅਸਾਂ ਇਸ ਦੁਨੀਆਂ ਦੀ ਭੁੱਖ, ਗਰੀਬੀ ਤੇ ਕੁਹਜ ਨੂੰ ਛੇਤੀ ਦੂਰ ਕਰਨ ਦਾ ਰਾਹ ਹਥਿਆਰਬੰਦ ਇਨਕਲਾਬ ਨਾਲ ਚੁਣਿਆ। ਸੱਚਾਈ ਤੇ ਇਖਲਾਕੀ ਕੀਮਤ ਦੇ ਪੱਖੋਂ ਅਸਾਂ ਆਪਣੇ ਵਰੋਸਾਏ ਬਜ਼ੁਰਗਾਂ ਦਾ ਰਾਹ ਫੜ੍ਹਿਆ ਏ, ਜਿਸ ਨਾਲ ਜੰਗਲੀ ਸਮਾਜ ਤੋਂ ਤੁਰ ਕੇ ਮਨੁੱਖ ਅੱਜ ਦੇ ਸਾਇੰਸੀ ਜੁੱਗ ਤਕ ਪਹੁੰਚਿਆ ਹੈ ਪਰ ਸਮੇਂ ਦੀ ਹਕੂਮਤ, ਸਰਮਾਏਦਾਰੀ ਨੂੰ ਜੜ੍ਹੋਂ ਪੁਟ ਕੇ ਲੋਕਾਂ ਦਾ ਸਾਂਝਾ ਰਾਜ ਲਿਆਉਣ ਨੂੰ ਦੋਸ਼ ਸਮਝਦੀ ਹੈ। ਹਕੂਮਤ ਤਾਰੀਖ ਦੇ ਪੈਰਾਂ ਨੂੰ ਸੁਨਹਿਰੀ ਜ਼ੰਜੀਰ ਪਾ ਕੇ ਬੰਨ੍ਹਿਆ ਲੋੜਦੀ ਹੈ। ਅਸੀਂ ਜਿਹੜੇ ਸਹੀ ਅਰਥਾਂ ਵਿਚ ਤਾਰੀਖ ਦੇ ਸਾਰਥਕ ਕਦਮਾਂ ਦੇ ਹਾਣੀ ਹੋਣਾ ਚਾਹੁੰਦੇ ਆਂ; ਇਸ ਕਾਂਗਰਸੀ ਕਾਨੂੰਨ ਅਨੁਸਾਰ ਡਾਕੂ ਤੇ ਕਾਤਲ ਸਮਝੇ ਗਏ ਆਂ। ਇਕ ਸਮਾਂ ਸੀ ਜਦੋਂ ਸਾਮਰਾਜ ਦਾ ਜੁੰਡੀਦਾਰ ਚਿਆਂਗ ਕਾਈਸ਼ਕ, ਮਾਓ ਤੇ ਉਸ ਦੇ ਸਾਥੀਆਂ ਨੂੰ ਯੀਨਾਨ ਦੇ ਖਤਰਨਾਕ ਡਾਕੂ ਆਖਿਆ ਕਰਦਾ ਸੀ ਪਰ ਕਿਥੇ ਐ ਚਿਆਂਗ ਕਾਈਸ਼ਕ, ਉਹਦੀ ਮੀ ਲਿੰਗ ਤੇ ਸੁਨਹਿਰੀ ਜ਼ੰਜੀਰਾਂ? ਉਹਦੀਆਂ ਅਨੀਂਦਰੇ ਮਾਰੀਆਂ ਅੱਖਾਂ ਨੇ ਝਪਕਾ ਖਾਧਾ ਪਰ ਉਹਦੀ ਰੂਹ ਮਨੁੱਖੀ ਇਤਿਹਾਸ ਦੇ ਪੜਾਵਾਂ ਉਤੇ ਪਹਿਰਾ ਦੇ ਰਹੀ ਸੀ। ਮੈਂ ਆਪਣੇ ਫਰਜ਼ ਤੋਂ ਨੱਠ ਕੇ ਕਿਤੇ ਨਹੀਂ ਜਾ ਸਕਦਾ। ਇਹ ਕਾਂਗਰਸੀ ਕਾਨੂੰਨ, ਜਿਹੜਾ ਅਸਲ ਵਿਚ ਨੰਗੀ ਸੰਗੀਨ ਦਾ ਦੂਜਾ ਨਾਂ ਏ, ਸਰਮਾਏਦਾਰੀ ਸਮਾਜ ਦਾ ਪਹਿਰੇਦਾਰ ਬਣ ਕੇ ਇਨਕਲਾਬ ਦਾ ਰਾਹ ਰੋਕੀ ਖਲੋਤਾ ਏ। ਇਸ ਨੂੰ ਤੋੜੇ ਬਿਨਾ ਲੋਕ ਆਜ਼ਾਦ ਨਹੀਂ ਹੋ ਸਕਦੇ-ਮਨੁੱਖ ਭੁੱਖ ਅਤੇ ਕੋਹੜ ਉਤੇ ਸਦੀਵੀ ਜਿੱਤ ਪ੍ਰਾਪਤ ਨਹੀਂ ਕਰ ਸਕਦਾ। ਸੱਚਾਈ ਦੀ ਇਖਲਾਕੀ ਸ਼ਕਤੀ ਅੱਜ ਸਾਡੇ ਨਾਲ ਹੈ। ਕੱਲ੍ਹ ਦੀ ਤਾਰੀਖ ਵੀ ਸਾਡੇ ਨਾਲ ਹੋਵੇਗੀ। ਹਥਿਆਰ ਚੁਕ ਕੇ ਸਰਮਾਏਦਾਰੀ ਨੂੰ ਖਤਮ ਕਰਨ ਨਾਲ ਦਾ ਮਨੁੱਖੀ ਪੁੰਨ ਅੱਜ ਹੋਰ ਕੋਈ ਨਹੀਂ। ਇਨ੍ਹਾਂ ਸੰਦਾਂ ਤੇ ਹਥਿਆਰਾਂ ਨਾਲ ਹੀ ਅਸੀਂ ਮਿਹਨਤੀ ਹੱਥਾਂ ਦੀਆਂ ਕੜੀਆਂ ਤੋੜ ਸਕਦੇ ਆਂ । ਮਨੁੱਖ ਨੂੰ ਉਹਦੇ ਕੁਲ ਬੰਧਨਾਂ ਤੋਂ ਮੁਕਤ ਕਰਵਾ ਸਕਦੇ ਆਂ। ਸਾਡਾ ਰਾਹ ਗਲਤ ਨਹੀਂ। ਲਹੂ ਡੋਲ੍ਹਵੀਂ ਮੌਤ ਸਾਡੇ ਰਾਹ ਨੂੰ ਰੌਸ਼ਨ ਹੀ ਨਹੀਂ ਕਰੇਗੀ, ਸਗੋਂ ਮਨੁੱਖ ਦੀ ਮੰਜ਼ਲ ਨੂੰ ਨੇੜੇ ਵੀ ਲਿਆਵੇਗੀ। “ਇਨਕਲਾਬ ਜ਼ਿੰਦਾਬਾਦ! ਇਨਕਲਾਬ, ਜ਼ਿੰਦਾਬਾਦ।” ਉਸ ਦੀ ਅੰਦਰਲੀ ਲਗਨ ਨਾਅਰਿਆਂ ਵਿਚ ਪਾਟ ਪਈ। ਬਾਹਰ ਖੂਬਸੂਰਤ ਪ੍ਰਭਾਤ ਅੰਗੜਾਈ ਲੈ ਰਹੀ ਸੀ।
ਬਰਾਬਰ ਕੜੱਕੇ ਵਿਚ ਅੜਿਆ ਬਾਬਾ ਮਿਰਗਿੰਦ ਹੈਰਾਨ ਰਹਿ ਗਿਆ। ਆਪਣੀ ਸੰਜੀਦਗੀ ਸਹਾਰੇ ਮਾਰ ਦੀਆਂ ਪੀੜਾਂ ਪੀ ਲੈਣ ਵਾਲਾ ਮਿਹਰ ਸਿੰਘ ਇਕਦਮ ਕਿਵੇਂ ਭਵਕ ਪਿਆ? ਉਸ ਨੂੰ ਮਿਹਰ ਸਿੰਘ ਦੀ ਭਰੀ ਤੇ ਹੁਸੀਨ ਜਵਾਨੀ ਉਤੇ ਤਰਸ ਆ ਗਿਆ। ਗੋਰਾ ਨਿਛੋਹ ਚਿਹਰਾ, ਚਮੋਟੇ ਦੀਆਂ ਮਾਰਾਂ ਕਾਰਨ ਅੰਬ ਦੇ ਸੰਧੂਰੀ ਰੰਗ ਵਾਂਗ ਸੁਜਿਆ-ਨਿਖਰਿਆ ਪਿਆ ਸੀ। ਪੱਕੀਆਂ ਇੱਟਾਂ ਨੇ ਉਸ ਦੀਆਂ ਲੰਮੀਆਂ ਉਂਗਲਾਂ ਫਿਹ ਸੁੱਟੀਆਂ ਸਨ। ਸਿਪਾਹੀ ਮੋਤੀ ਰਾਮ ਤੇ ਸਤਵੰਤ ਯਮਰਾਜ ਦੇ ਪਾਲੇ ਕਸਾਈ ਸਨ। ਉਨ੍ਹਾਂ ਮੁੰਡੇ ਦੀਆਂ ਸੱਜੇ ਹੱਥ ਦੀਆਂ ਤਿੰਨ ਉਂਗਲਾਂ ਇੱਟਾਂ ਮਾਰ ਮਾਰ ਤੋੜ ਦਿੱਤੀਆਂ ਸਨ। ਮਿਹਰ ਸਿੰਘ ਵਿਚੇ ਵਿਚ ਕਸੀਸ ਵੱਟ ਕੇ ਰਹਿ ਰਿਹਾ ਸੀ; ਪਰ ਮੂੰਹੋਂ ਨਹੀਂ ਉਭਾਸਰਿਆ ਸੀ। ਉਹ ਬਾਹਰੋਂ ਜ਼ਾਲਮਾਂ ਦੇ ਕਸ਼ਟਾਂ ਉਤੇ ਮੁਸਕਾ ਪਿਆ। ਮੈਂ ਲਹਿਰ ਦਾ ਆਗੂ ਜੇ ਦੁਖਾਂ ਨੂੰ ਦਲੇਰੀ ਨਾਲ ਨਹੀਂ ਸਹਾਂਗਾ; ਦੂਜੇ ਸਾਥੀ ਪੁਰਸਲਾਤ ਉਤੇ ਕਿਵੇਂ ਤੁਰਨਗੇ? ਬਾਬੇ ਨੂੰ ਆਪਣੇ ਸਿੱਖੀ ਅਨੁਭਵ ਵਿਚੋਂ ਪ੍ਰਤੀਤ ਹੋਇਆ, ਮਿਹਰ ਸਿੰਘ ਦਸਮੇਂ ਪਾਤਸ਼ਾਹ ਦਾ ਛੇਵਾਂ ਪਿਆਰਾ ਹੈ। ਉਸ ਨੂੰ ਪੂਰਾ ਵਿਸ਼ਵਾਸ ਸੀ, ਬੁਚੜਾਂ ਮਿਹਰ ਸਿੰਘ ਨੂੰ ਜ਼ਰੂਰ ਮਾਰ ਦੇਣਾ ਤੇ ਮੈਨੂੰ ਪਾਗਲ ਹੋਣ ਲਈ ਜਿਉਂਦਾ ਛੱਡ ਦੇਣਾ ਹੈ। ਬਾਬੇ ਦਾ ਗੁਨਾਹ ਐਨਾ ਹੀ ਸੀ ਕਿ ਉਸ ਦੇਸ਼ ਭਗਤ ਇਨਕਲਾਬੀਆਂ ਨੂੰ ਬੁਕਲ ਵਿਚ ਲਿਆ ਸੀ ਤੇ ਹੌਸਲਾ ਦਿੱਤਾ ਸੀ। ਉਨ੍ਹਾਂ ਦੇ ਰਾਹ ਨੂੰ ਸਹੀ ਤੇ ਮੁਕਤੀ ਦੇਣ ਵਾਲਾ ਆਖਿਆ ਸੀ ਅਤੇ ਢਾਈ ਗਜ਼ ਦੇ ਖੱਟੇ ਪਰਨੇ ਨਾਲ ਲੱਕ ਬੰਨ੍ਹ ਕੇ ਲਹਿਰ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ ਸੀ। ਉਹਨੂੰ ਪੂਰਨ ਭਰੋਸਾ ਸੀ, ਜਮਹੂਰੀਅਤ ਦੀਆਂ ਟਾਹਰਾਂ ਮਾਰਨ ਵਾਲੀ ਕਾਂਗਰਸੀ ਸਰਕਾਰ, ਮੇਰੀਆਂ ਸਾਮਰਾਜ ਵਿਰੋਧੀ ਕੁਰਬਾਨੀਆਂ ਨੂੰ ਮੁੱਖ ਰੱਖ ਕੇ ਮੈਨੂੰ ਨਹੀਂ ਮਾਰੇਗੀ ਤੇ ਮਿਹਰ ਸਿੰਘ ਨੂੰ ਕਿਸੇ ਕੀਮਤ ਉਤੇ ਛੱਡੇਗੀ ਨਹੀਂ। ਪਰ ਉਹਦੇ ਅੰਦਰਲੀ ਪੀੜ ਉਸ ਨੂੰ ਸਰੀਰਕ ਦੁੱਖ ਨਾਲੋਂ ਕਿਤੇ ਵੱਧ ਚੋਭਾਂ ਮਾਰ ਰਹੀ ਸੀ। ਉਹ ਆਪੂੰ ਮਰ ਕੇ ਮਿਹਰ ਸਿੰਘ ਨੂੰ ਜਿਉਂਦਾ ਰੱਖਣਾ ਚਾਹੁੰਦਾ ਸੀ। ਉਸ ਨੂੰ ਚਮਕੌਰ ਦੀ ਗੜ੍ਹੀ ਵਿਚ ਸਿੰਘਾਂ ਤੇ ਗੁਰੂ ਗੋਬਿੰਦ ਸਿੰਘ ਦਾ ਝਗੜਾ ਯਾਦ ਆ ਗਿਆ। ਸਿੰਘਾਂ ਚੰਗੀ ਤਰ੍ਹਾਂ ਸਮਝ ਲਿਆ ਸੀ, ਸਾਨੂੰ ਮੁੜ ਕੇ ਗੁਰੂ ਗੋਬਿੰਦ ਸਿੰਘ ਵਰਗਾ ਔਰਗੇਨਾਈਜ਼ਰ ਤੇ ਆਗੂ ਨਹੀਂ ਮਿਲਣਾ। ਇਹ ਰਹਿਬਰ ਹਰ ਹਾਲਤ ਵਿਚ ਬਚਣਾ ਚਾਹੀਦਾ ਹੈ। ਇਹ ਖੇਰੂੰ ਖੇਰੂੰ ਹੋਈ ਸ਼ਕਤੀ ਨੂੰ ਮੁੜ ਜਥੇਬੰਦ ਕਰ ਲਵੇਗਾ। ਨਹੀਂ ਤਾਂ ਜ਼ੁਲਮ ਦਾ ਰਾਜ ਕਈ ਸਦੀਆਂ ਨਹੀਂ ਪੁਟਿਆ ਜਾਂਦਾ। ਸਿੰਘ ਪੰਜਾਂ ਪਿਆਰਿਆਂ ਦੀ ਜੁੜਵੀਂ ਸ਼ਕਤੀ ਵਜੋਂ ਆਖਿਆ, “ਅਸੀਂ ਇੱਕੀ ਹਿੱਸੇ ਸ਼ਕਤੀ ਰੱਖਣ ਵਾਲੀ ਸੰਗਤ, ਵੀਹ ਹਿੱਸੇ ਸ਼ਕਤੀ ਵਾਲੇ ਗੁਰੂ ਨੂੰ ਹੁਕਮ ਦਿੰਦੇ ਆਂ, ਫੌਰਨ ਇਸ ਰਾਤ ਦੇ ਹਨੇਰੇ ਵਿਚ ਚਮਕੌਰ ਦੀ ਗੜ੍ਹੀ ਛੱਡ ਜਾਵੇ?” ਗੁਰੂ ਆਪਣੀ ਥਾਂ ਨਿਸਚਾ ਧਾਰੀ ਬੈਠਾ ਸੀ ਕਿ ਮੈਂ ਆਪਣੇ ਵਫਾਦਾਰ ਸਾਥੀਆਂ ਨੂੰ ਛੱਡ ਕੇ ਨਹੀਂ ਜਾਣਾ, ਉਨ੍ਹਾਂ ਤੋਂ ਪਹਿਲਾਂ ਸ਼ਹੀਦ ਹੋਣਾ ਹੈ। ਪਰ ਸੰਗਤ ਦੇ ਫੈਸਲੇ ਦੀ ਗੁਰੂ ਉਲੰਘਣਾ ਨਾ ਕਰ ਸਕਿਆ। ਪਰ ਅੱਜ ਮੈਂ ਸਵਾ ਲੱਖ ਖਾਲਸਾ ਮਿਹਰ ਸਿੰਘ ਨੂੰ ਕਿਵੇਂ ਆਖਾਂ? ਕੜੱਕਿਆਂ ਦਾ ਕਸਾਅ ਸਾਨੂੰ ਸਾਹ ਤੱਕ ਨਹੀਂ ਲੈਣ ਦਿੰਦਾ। ਲਹਿਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ ਇਹਨੂੰ ਕਿਵੇਂ ਬਚਾਵਾਂ? ਕਿਵੇਂ ਨਸਾਵਾਂ? ਉਹ ਸਮਝਦਾ ਸੀ, ਮੈਂ ਬੁੱਢਾ ਆਦਮੀ ਹਾਂ, ਇਨਕਲਾਬੀ ਲਹਿਰ ਨੂੰ ਅਗਾਂਹ ਕਿੰਨਾ ਕੁ ਵਧਾ ਸਕਾਂਗਾ? ਨਹੀਂ, ਮਿਹਰ ਸਿੰਘ ਹਰ ਹਾਲਤ ਵਿਚ ਬਚਣਾ ਚਾਹੀਦਾ ਹੈ। ਇਨਕਲਾਬੀ ਲਹਿਰ ਤੋਂ ਬਿਨਾ ਉਹਦੇ ਅੰਦਰ ਮੋਹ ਵਾਲੀ ਕਮਜ਼ੋਰੀ ਵੀ ਉਠ ਪਈ।
ਪੁੱਤਰ ਵਾਲੀ ਭਾਵਨਾ ਨੇ ਬਾਬੇ ਨੂੰ ਵਿਚੇ ਵਿਚ ਖੋਰਨਾ ਸ਼ੁਰੂ ਕਰ ਦਿੱਤਾ। ਆਖਣ ਨੂੰ ਤਾਂ ਉਹ ਦੇਸ਼ ਦੇ ਸਾਰੇ ਬੱਚਿਆਂ ਦਾ ਬਾਪ ਵੀ ਬਣ ਸਕਦਾ ਸੀ। ਪਰ ਦਿਲ ਦੀ ਛੱਲ ਇਕ ਖਾਸ ਥਾਂ ਆ ਕੇ ਖਲੋ ਜਾਂਦੀ ਹੈ। ਮਿਹਰ ਸਿੰਘ ਨੂੰ ਛਾਤੀ ਲਾ ਕੇ ਉਹਦੀ ਰੂਹ ਨੇ ਪਿਤਰੀ ਅੰਮ੍ਰਿਤ ਦੀ ਘੁੱਟ ਭਰੀ ਸੀ। ਉਹਦੀ ਸਲਾਮਤੀ ਲਈ ਦੁਨੀਆਂ ਭਰ ਦੇ ਤਸੀਹਿਆਂ ਵਿਚੋਂ ਦੀ ਗੁਜ਼ਰਨਾ ਉਸ ਨੂੰ ਜ਼ਿੰਦਗੀ ਲਗਦਾ ਸੀ। ਜੇ ਜ਼ਮਾਨੇ ਭਰ ਦੇ ਬਦਨਾਮ ਤੇ ਕਾਤਲ ਬਾਬਰ ਦੀ ਪ੍ਰਾਰਥਨਾ ਆਪਣੇ ਬਿਮਾਰ ਬੇਟੇ ਹਮਾਯੂੰ ਨੂੰ ਬਚਾਉਣ ਲਈ ਖੁਦਾ ਪ੍ਰਵਾਨ ਕਰ ਸਕਦਾ ਹੈ, ਤਦ ਇਕ ਦੇਸ਼ ਭਗਤ ਬਾਪ ਦੀ ਅਰਜੋਈ ਦੇਸ਼ ਭਗਤ ਪੁੱਤਰ ਵਾਸਤੇ ਕਿਉਂ ਨਹੀਂ ਸੁਣੀ ਜਾਵੇਗੀ। ਬਾਬੇ ਅੰਦਰਲਾ ਘੋਲ ਆਸਤਕ ਤੇ ਨਾਸਤਕ ਸ਼ਕਤੀਆਂ ਦੀ ਅਜ਼ਮਾਇਸ਼ ਵਿਚ ਅੜ ਗਿਆ। ਬਾਬੇ ਨੂੰ ਆਪਣੀ ਭਗਤੀ ਤੇ ਉਮਰ ਭਰ ਦੇ ਸਿਰੜ ਉਤੇ ਗਰਬ ਸੀ। ਉਸ ਮਨ ਬਣਾ ਲਿਆ, ਮੈਂ ਥਾਣੇਦਾਰ ਨਾਲ ਆਪ ਗੱਲ ਕਰਾਂਗਾ। ਮੇਰਾ ਨਸ਼ੰਗ ਕੁਤਰਾ ਕਰ ਲੈਣ; ਪਰ ਮੇਰੇ ਮਿਹਰ ਨੂੰ ਕੁਝ ਨਾ ਆਖਣ।
ਜਦੋਂ ਦਾ ਥਾਣੇਦਾਰ ਸਵਰਨ ਸਿੰਘ ਸ਼ਹਿਰੋਂ ਡਿਪਟੀ ਹਰਿੰਦਰ ਸਿੰਘ ਅਤੇ ਆਈ.ਜੀ. ਸ਼ਰਮੇ ਕੋਲੋਂ ਨਵੀਆਂ ਹਦਾਇਤਾਂ ਲੈ ਕੇ ਆਇਆ ਸੀ, ਉਸ ਮਿਹਰ ਸਿੰਘ ਤੇ ਬਾਬੇ ਨੂੰ ਕੜੱਕਿਆਂ ਵਿਚੋਂ ਕੱਢ ਦਿੱਤਾ ਸੀ। ਉਸ ਸ਼ਾਮ ਉਨ੍ਹਾਂ ਨੂੰ ਕਿਸੇ ਨਾ ਮਾਰਿਆ। ਹਵਾਲਾਤ ਵਿਚ ਉਨ੍ਹਾਂ ਨੂੰ ਚਾਹ ਵੀ ਭੇਜ ਦਿਤੀ। ਉਹ ਦੋਵੇਂ ਟੁਟੀਆਂ ਤਲੀਆਂ ਨਾਲ ਇਕ ਦੂਜੇ ਦੀਆਂ ਸੱਟਾਂ ਮਲ ਰਹੇ ਸਨ। ਨੀਲ ਤੇ ਸੋਜੇ ਨਾਲ ਉਹ ਬਦਸ਼ਕਲ ਹੋ ਗਏ ਸਨ। ਮਿਹਰ ਸਿੰਘ ਨੇ ਮਨ ਭਰ ਕੇ ਆਖਿਆ: “ਬਾਬਾ ਜੀ, ਤੁਸੀਂ ਮੈਨੂੰ ਮਾਫ ਕਰਨਾ। ਮੈਂ ਤਾਂ ਮਰਨਾ ਹੀ ਸੀ; ਮੇਰਾ ਰਾਹ ਹੀ ਅਜਿਹਾ ਸੀ; ਪਰ ਤੁਹਾਨੂੰ ਇਸ ਉਮਰ ਵਿਚ ਕਾਤਲਾਂ ਅੱਗੇ ਲਿਆ ਸੁਟਿਆ।”
“ਪੁੱਤਰਾ ਭੀੜ ਤੇ ਬਿਪਤਾ ਵਿਚ ਸਿੰਘ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਸ਼ਾਇਦ ਜ਼ਿੰਦਗੀ ਵਿਚ ਮੈਨੂੰ ਐਨੀ ਚੰਗੀ ਮੌਤ ਨਾ ਮਿਲਦੀ। ਪਰ ਏਸੇ ਜਨਮ ਵਿਚ ਮੈਂ ਸੌ ਵਾਰੀ ਸ਼ਹੀਦ ਹੋ ਕੇ ਤੈਨੂੰ ਬਚਾਇਆ ਚਾਹੁੰਦਾ ਆਂ। ਤੂੰ ਲਹਿਰ ਦਾ ਤਾਣਾ ਪੇਟਾ ਉਲਝਣੋਂ ਬਚਾ ਸਕਦਾ ਏਂ। ਪਰ ਛੁਟਕਾਰਾ…।” ਉਸ ਲੰਮਾ ਹਉਕਾ ਭਰ ਕੇ ਮਿਹਰ ਸਿੰਘ ਨੂੰ ਗਲ ਨਾਲ ਲਾ ਲਿਆ। “ਵੇਖੇਂ ਵੀ ਨਾ, ਮੇਰੀ ਮੌਤ ਵਿਚ ਅੱਜ ਤੇ ਭਲਕ ਦਾ ਹੀ ਫਰਕ ਐ। ਪਰ ਤੇਰੀ ਬਾਕੀ ਬਚਦੀ ਅੱਧੀ ਸਦਾ…।” ਗੱਲ ਉਹਦੇ ਕੋਲੋਂ ਮੁੜ ਆਪਣੇ ਆਪ ਮੁਕ ਗਈ।
“ਢਹਿੰਦੀ ਕਲਾ ਬਾਰੇ ਤਾਂ ਬਾਬਾ ਜੀ ਮੈਂ ਕਦੇ ਸੋਚਿਆ ਈ ਨਹੀਂ। ਮੈਨੂੰ ਪਤਾ ਹੈ, ਇਨਕਲਾਬ ਦੀ ਸ਼ਮ੍ਹਾਂ ਬਲਦੀ ਰੱਖਣ ਲਈ ਦੇਸ਼ ਭਗਤਾਂ ਨੂੰ ਆਪਣੀ ਚਰਬੀ ਆਹੂਤੀ ਵਜੋਂ ਪਾਉਣੀ ਪੈਂਦੀ ਹੈ। ਪਰ…।”
“ਵਾਹਿਗੁਰੂ ਉਤੇ ਭਰੋਸਾ ਰੱਖ ਪੁੱਤਰਾ! ਖਬਰੇ ਤੈਨੂੰ ਲੋਕਾਂ ਦੀ ਸੇਵਾ ਕਰਨ ਦਾ ਹੋਰ ਮੌਕਾ ਮਿਲ ਜਾਵੇ।” ਬਾਬਾ ਹਾਲੇ ਕਿਵੇਂ ਵੀ ਨਿਰਾਸ਼ ਨਹੀਂ ਸੀ।
“ਬਾਬਾ ਜੀ, ਭੋਲੀਆਂ ਗੱਲਾਂ ਛੱਡੋ; ਭੁਖੇ ਬਘਿਆੜਾਂ ਮਾਸ ਕਦੇ ਨਹੀਂ ਛੱਡਿਆ। ਹੁਣ ਜਿਹੜਾ ਸਾਡੇ ਨਾਲ ਨਰਮ ਸਲੂਕ ਸ਼ੁਰੂ ਕਰ ਦਿੱਤਾ ਏ, ਸਮਝੋ ਅੱਜ ਹੀ ਰਾਤ ਨੂੰ…।” ਉਸ ਕੇ ਗੱਲ ਪੂਰੀ ਨਾ ਕੀਤੀ।
ਸੀਖਾਂ ਦੇ ਬਾਹਰ ਇਕ ਸਿਪਾਹੀ ਨੇ ਰੋਟੀ ਲਿਆ ਰੱਖੀ। ਪਾਣੀ ਵਾਲਾ ਡੋਲ੍ਹਣਾ ਉਸ ਕੋਲੋਂ ਫਰਸ਼ ਉਤੇ ਉਲਟ ਗਿਆ। ਉਹਦੇ ਅੰਗ ਥਿੜਕ ਥਿੜਕ ਜਾਂਦੇ ਸਨ।
“ਬਾਬਾ ਜੀ…!” ਸਿਪਾਹੀ ਮੁੰਡਾਂ ਅੱਖਾਂ ਭਰ ਆਇਆ।
ਮਿਹਰ ਸਿੰਘ ਮੁੰਡੇ ਦੇ ਅੱਖਾਂ ਭਰਨ ਤੋਂ ਤਾੜ ਗਿਆ: ਅਸੀਂ ਝਟ ਬਿੰਦ ਦੇ ਹੀ ਪ੍ਰਾਹੁਣੇ ਆਂ। ਉਸ ਸਿਪਾਹੀ ਨੂੰ ਸਹਿਜ ਨਾਲ ਕਿਹਾ: “ਸਾਥੀਆ, ਇਕ ਗੱਲ ਯਾਦ ਰੱਖਿਓ, ਮਰ ਅਸੀਂ ਤੁਹਾਡੇ ਲਈ ਰਹੇ ਆਂ। ਮਰ ਕੇ ਅਸੀਂ ਅਸਲ ਨਿਸ਼ਾਨੇ ਉਤੇ ਚਾਨਣ ਹੀ ਸੁੱਟ ਸਕਦੇ ਆਂ, ਪਰ ਉਸ ਟਿਕਾਣੇ ਉਤੇ ਗੋਲੀ ਤੁਹਾਨੂੰ ਹੀ ਮਾਰਨੀ ਪੈਣੀ ਏਂ, ਜਦੋਂ ਮਰਜ਼ੀ ਮਾਰ ਦਿਉ। ਸਾਨੂੰ ਆਪਣੇ ਮਰਨ ਦਾ ਭੋਰਾ ਜਿੰਨਾ ਅਫਸੋਸ ਨਹੀਂ। ਕਦੇ ਤੈਨੂੰ ਸਾਡਾ ਕੋਈ ਮਿਲੇ; ਆਖਰੀ ਸੁਨੇਹਾ ਦੇਈਂ: ਹਜ਼ਾਰ ਮੁਸ਼ਕਿਲਾਂ ਦੇ ਬਾਵਜੂਦ ਭਵਿੱਖ ਸਾਡਾ ਹੈ।”
ਸਿਪਾਹੀ ਮੁੰਡੇ ਨੇ ਸੀਖਾਂ ਵਿਚ ਮਿਹਰ ਸਿੰਘ ਸਿੰਘ ਦੀਆਂ ਟੁਟੀਆਂ ਉਂਗਲਾਂ ਘੁਟ ਲਈਆਂ। ਪੀੜ ਰੂਹ ਦਾ ਸਾਰਾ ਪੁਲਾੜ ਚੀਰ ਗਈ; ਪਰ ਦੇਸ਼ ਭਗਤ ਕਸੀਸ ਵੱਟ ਕੇ ਮੁਸਕਾ ਪਿਅ। ਬਾਬੇ ਨੇ ਮੁੰਡੇ ਨੂੰ ਥਾਪੀ ਦਿੰਦਿਆਂ ਆਖਿਆ, “ਪੁੱਤਰ! ਥਾਏਂ ਦੜ ਜਾਹ। ਲੜਿਆ ਨਿਰਾ ਬਾਹਰੋਂ ਹੀ ਨਹੀਂ ਜਾਂਦਾ; ਅੰਦਰੋਂ ਵੀ ਪਟਾਕੇ ਪਾਏ ਜਾ ਸਕਦੇ ਐ।”
“ਤੁਹਾਡੀ ਮੀਟਿੰਗ ਵਿਚ ਆਉਣ ਵਾਲਾ ਕੋਈ ਫੜ੍ਹਿਆ ਗਿਆ ਏ; ਉਸ ਨੇ ਹੀ ਪੁਆੜਾ ਪਾਇਆ ਏ।” ਮੁੰਡੇ ਨੇ ਮਿਹਰ ਸਿੰਘ ਦੇ ਕੰਨ ਵਿਚ ਫੂਕ ਮਾਰੀ।
“ਤੇਰੀ ਮਿਹਰਬਾਨੀ! ਸਾਥੀਆਂ ਦੀ ਗੱਦਾਰੀ ਦਾ ਦੁਖ ਹੈ। ਪਰ ਦੋਸਤ, ਜੋ ਜੀਏਂਗੇ ਸਹਿਰ ਦੇਖੇਂਗੇ।” ਉਹਦਾ ਚਿਹਰਾ ਨੂਰਾਨੀ ਜਲਾਲ ਵਿਚ ਸੇਕ ਮਾਰ ਉਠਿਆ।
ਓਸੇ ਰਾਤ ਮਿਹਰ ਸਿੰਘ ਤੇ ਬਾਬਾ ਮਿਰਗਿੰਦ ਨੂੰ ਹਵਾਲਾਤ ਵਿਚੋਂ ਸੁੱਤਿਆਂ ਨੂੰ ਜਗਾ ਲਿਆ। ਪਿਛਲੀ ਰਾਤ ਦੇ ਅਨੀਂਦਰੇ ਕਾਰਨ ਉਹ ਰੋਟੀ ਖਾਂਦੇ ਹੀ ਸੌਂ ਗਏ ਸਨ। ਮਿਹਰ ਸਿੰਘ ਨੇ ਬਜ਼ੁਰਗ ਨੂੰ ਆਖਿਆ: “ਬਾਬਾ ਜੀ, ਵੱਡੇ ਵਾਰੰਟ ਆ ਗਏ।”
“ਤਾਂ ਕੀ ਹੋਇਆ ਪੁੱਤਰਾ, ਭਗਤਾਂ ਬਿਨਾ ਭੀੜਾਂ ਕਿਸੇ ਨਹੀਂ ਸਹਿਣੀਆਂ।” ਇਉਂ ਜਾਪਦਾ ਸੀ, ਜਿਵੇਂ ਬਾਬਾ ਆਪਣੀ ਲਗਨ ਵਿਚ ਪਾਠ ਕਰੀ ਜਾ ਰਿਹਾ ਹੈ।
“ਬਾਬਾ ਤੂੰ ਹੁਣ ਆਪਣੇ ਵਾਹਿਗੁਰੂ ਨੂੰ ਵੰਗਾਰ ਕੇ ਵੇਖ ਲੈ?” ਮਿਹਰ ਸਿੰਘ ਨੇ ਉਸ ਦੇ ਧਾਰਮਿਕ ਵਿਸ਼ਵਾਸ ਨੂੰ ਚੋਟ ਮਾਰੀ।
“ਪੁੱਤਰ ਪੁੱਤਰ! ਜਿਹੜਾ ਵਾਹਿਗੁਰੂ ਹੱਸ ਕੇ ਕੁਰਬਾਨ ਹੋ ਜਾਣ ਦੀ ਸ਼ਕਤੀ ਬਖਸ਼ ਰਿਹਾ ਏ; ਹੁਣ ਉਸ ਕੋਲੋਂ ਭਲਕੇ ਮਰ ਜਾਣ ਵਾਲੀ ਜਿੰਦ ਲਈ ਭੀਖ ਮੰਗਾਂ? ਸਿੱਖੀ ਸਿਦਕ ਵਿਚ ਇਹ ਕਿਤੇ ਨਹੀਂ ਲਿਖਿਆ। ਤੂੰ ਵੇਖੇਂਗਾ, ਗੁਰੂ ਦਾ ਸਿੱਖ ਕਿਵੇਂ ਮੌਤ ਦੇ ਮੂੰਹ ਉਤੇ ਪੁੱਠ ਹੱਥ ਦਾ ਥੱਪੜ ਮਾਰਦਾ ਏ।” ਬਜ਼ੁਰਗ ਦੀ ਛਾਤੀ ਵਿਚ ਕੋਈ ਸਾਗਰ ਸ਼ਕਤੀ ਜਵਾਰਭਾਟੇ ‘ਤੇ ਆਈ ਹੋਈ ਸੀ।
ਮੁੰਡੇ ਦੇ ਮੋਢੇ ਉਤੋਂ ਜੇਲ੍ਹ ਦਾ ਕਾਲਾ ਭੂਰਾ ਠੰਢੇ ਫਰਸ਼ ‘ਤੇ ਡਿੱਗ ਪਿਆ। ਉਸ ਨੂੰ ਰਾਤੀਂ ਠੰਢ ਲੱਗ ਗਈ ਸੀ ਤੇ ਵੱਖੀਆਂ ਨੇ ਚਸਕਣਾ ਸ਼ੁਰੂ ਕਰ ਦਿੱਤਾ ਸੀ। ਸੱਟਾਂ ਦੇ ਅਕੜਾਅ ਨੇ ਹਿੱਲਣਾ ਵੀ ਦੁੱਭਰ ਕੀਤਾ ਹੋਇਆ ਸੀ। ਸੀਤ ਵਾਅ ਦਾ ਬੁੱਲਾ ਸੀਖਾਂ ਵਿਚੋਂ ਦੀ ਵੜ ਕੇ ਉਹਦੇ ਲੂੰਅ ਕੰਡਿਆਂ ਵਾਂਗ ਖੜ੍ਹੇ ਕਰ ਗਿਆ। ਜਦ ਉਸ ਦੁਬਾਰਾ ਭੂਰਾ ਚੁੱਕ ਕੇ ਉਤੇ ਲੈਣਾ ਚਾਹਿਆ, ਮੋਤੀ ਰਾਮ ਸਿਪਾਹੀ ਨੇ ਵਿਅੰਗ ਨਾਲ ਆਖਿਆ, “ਹੁਣ ਭੂਰਿਆਂ ਦਾ ਖਹਿੜਾ ਛੱਡ ਦਿਓ।”
“ਗੋਲੀ ਨਾਲ ਕਫਨ ਨਹੀਂ ਦਿਓਗੇ?” ਮਿਹਰ ਸਿੰਘ ਦੀ ਪ੍ਰਚੰਡ ਪਰਤੀ ਚੋਟ ਨਾਲ ਸਿਪਾਹੀ ਦੀਆਂ ਖਾਨਿਓਂ ਗਵਾਚ ਗਈਆਂ।
ਮੋਤੀ ਰਾਮ ਨੇ ਦੋਹਾਂ ਨੂੰ ਤਿੰਨ ਤਿੰਨ ਕਪੜਿਆਂ ਵਿਚ ਬਾਹਰ ਕੱਢ ਲਿਆ। ਠੰਢੀ ਹਵਾ ਪੁਲਿਸ ਨਾਲੋਂ ਵੀ ਵੱਧ ਜ਼ਾਲਮ ਬਣ ਬਣ ਬਰਛੀਆਂ ਮਾਰ ਰਹੀ ਸੀ। ਉਨ੍ਹਾਂ ਨੂੰ ਸਟਾਰਟ ਹੋਏ ਨੀਲੇ ਟਰੱਕ ਵਿਚ ਚਾੜ੍ਹ ਲਿਆ, ਜਿਸ ਦੀਆਂ ਵੱਖੀਆਂ ਦੀ ਲਾਲ ਪੱਟੀ ‘ਮੇਰੇ ਕੋਲੋਂ ਦੂਰ ਰਹੋ’ ਦੇ ਹੋਕਰੇ ਮਾਰ ਰਹੀ ਸੀ। ਸਿਪਾਹੀ ਵਰਾਂਡੀਆਂ ਵਿਚ ਕੱਸੇ ਘੁੱਗੂ ਬਣੇ ਬੈਠੇ ਸਨ। ਰੋਟੀ ਦੇਣ ਆਏ ਸਿਪਾਹੀ ਮੁੰਡੇ ਨੇ ਜਾਣ ਕੇ ਮਿਹਰ ਸਿੰਘ ਨਾਲ ਬੈਠਦਿਆਂ ਉਸ ਦਾ ਦਰੜਿਆ ਸੱਜਾ ਹੱਥ ਮੁੜ ਆ ਘੁਟਿਆ। ਪੀੜ ਤੇ ਹਮਦਰਦੀ ਹਨੇਰੇ ਵਿਚ ਗਲੇ ਮਿਲ ਰਹੀਆਂ ਸਨ। ਬਾਕੀ ਸਿਪਾਹੀਆਂ ਸ਼ਰਾਬ ਪੀਤੀ ਹੋਈ ਸੀ। ਸ਼ਰਾਬ ਦੀ ਦੁਰਗੰਧ ਨੇ ਦੋਸਤੀ ਦੀ ਸੁਗੰਧ ਨਾਲ ਅੰਗੂਠਾ ਦਿੱਤਾ ਹੋਇਆ ਸੀ। ਟਰੱਕ ਭਰੜਾਈ ਆਵਾਜ਼ ਦੇ ਕੇ ਬੰਦ ਹੋ ਗਿਆ। ਡਰਾਈਵਰ ਨੇ ਮੁੜ ਸੈਲਫ ਮਾਰਿਆ, ਉਹ ‘ਦਨਦਣਾ’ ਪਿਆ।
ਪਤਾ ਨਹੀਂ ਸਿਪਾਹੀ ਠੰਢ ਨਾਲ ਸੁਕੜੇ ਸਨ ਜਾਂ ਭੈ ਕਾਰਨ ਪਰ ਚੁਪ ਚੁਪ ਉਲੂਆਂ ਵਾਂਗ ਝਾਕ ਜ਼ਰੂਰ ਰਹੇ ਸਨ। ਥਾਣੇਦਾਰ ਸਵਰਨ ਸਿੰਘ ਡਰਾਈਵਰ ਨਾਲ ਬੈਠਾ ਜਪੁਜੀ ਸਾਹਿਬ ਦਾ ਪਾਠ ਕਰ ਰਿਹਾ ਸੀ। ਮਨੁੱਖ ਦੇ ਕਾਤਲ, ਇਖਲਾਕ ਦੇ ਚੋਰ ਅਤੇ ਕਾਨੂੰਨ ਦੇ ਦੋਸ਼ੀ ਹੋਣ ਦਾ ਭਾਰ ਉਹਦੀ ਜ਼ਮੀਰ ਨੂੰ ਜਮਾਂ ਦੇ ਵੇਲਣਿਆਂ ਵਿਚੋਂ ਦੀ ਖਿੱਚ ਰਿਹਾ ਸੀ। ਉਹਦਾ ਅੰਦਰ ਕੰਬ ਰਿਹਾ ਸੀ; ਮੈਨੂੰ ਸਾਰੇ ਗੁਨਾਹ ਦਾ ਲੇਖਾ ਦੇਣਾ ਪਵੇਗਾ। ਪਰ ਮੈਂ ਸਰਕਾਰ ਦਾ ਵਫਾਦਾਰ ਅਤੇ ਕਾਨੂੰਨ ਦਾ ਪਾਬੰਦ ਰਹਿਣ ਦੀ ਸਹੁੰ ਖਾਧੀ ਹੈ। ਉਹ ਡੋਲਿਆ ਤੇ ਥਿੜਕਿਆ। ਪਰ ਸ਼ੈਤਾਨ ਨੇ ਉਹਦੇ ਅੰਦਰਲੇ ਜਾਗੇ ਮਨੁੱਖ ਨੂੰ ਰਸਾਤਲ ਵਿਚ ਵਗਾਹ ਮਾਰਿਆ। ਅਫਸਰੀ ਹੈਂਕੜੇ ਭੂਸਰੇ ਸਾਹਨ ਵਾਂਗ ਗੜਾ ਚੁੱਕ ਖਲੋਤੀ।
ਟਰੱਕ ਬਾਬੇ ਦੇ ਪਿੰਡ ਭੁਲਾਣੇ ਵੱਲ ਸਿੱਧਾ ਹੋ ਤੁਰਿਆ। ਉਸ ਸੋਚਿਆ, ਮੇਰੀ ਕੋਠੜੀ ਦੀ ਤਲਾਸ਼ੀ ਲੈਣਗੇ। ਉਸ ਵਿਚ ਤਾਂ ਸੁਆਹ ਵੀ ਨਹੀਂ ਸੀ ਛੱਡੀ। ਮੇਰੀ ਸ਼ਨਾਖਤ? ਨਹੀਂ ਮਿਰਗਿੰਦ, ਇਹ ਤਾਂ ਤੇਰੇ ਵਾਲਾ ਕੀਰਤਨ ਸੋਹਿਲਾ ਪੜ੍ਹਨਗੇ। ਵੇਖੇਂ ਵੀ ਨਾ, ਮੈਂ ਤਿਆਰ ਬਰ ਤਿਆਰ ਹਾਂ। ਮੇਰੇ ਪੁੱਤਰ ਨੂੰ ਕੁਝ ਨਾ ਆਖਣ। ਇਸ ਹਾਲੇ ਲੋਕਾਂ ਲਈ ਬੜਾ ਕੁਝ ਕਰਨਾ ਹੈ। ਪਿਛਲੇ ਪਾਸਿਉਂ ਤੇਜ਼ ਲਾਈਟ ਕਰਾਸ ਕਰਦੀ ਵੇਖ, ਬਾਬਾ ਉਠ ਕੇ ਖਲੋ ਗਿਆ।
“ਇਨਕਲਾਬ, ਜ਼ਿੰਦਾਬਾਦ! ਇਨਕਲਾਬ ਜ਼ਿੰਦਾਬਾਦ!…।” ਉਹ ਮੁੱਕੀਆਂ ਵਟ ਵਟ ਉਚੀ ਉਚੀ ਨਾਅਰੇ ਮਾਰਨ ਲੱਗ ਪਿਆ। ਸਤਵੰਤ ਨੇ ਉਸ ਨੂੰ ਡੌਲਿਓਂ ਫੜ੍ਹ ਕੇ ਖਿੱਚ ਲਿਆ। “ਪੰਜਾਬ ਦੇ ਕਿਰਤੀ ਲੋਕ ਜ਼ਿੰਦਾਬਾਦ!” ਉਹ ਇਨਕਲਾਬ ਤੇ ਆਪਣੇ ਸੁੱਤੇ ਕਿਰਤੀ ਲੋਕਾਂ ਨੂੰ ਜੈਕਾਰਿਆਂ ਨਾਲ ਹਲੂਣਦਾ ਰਿਹਾ।
ਉਨ੍ਹਾਂ ਭੁਲਾਣੇ ਤੋਂ ਪੌਣਾਂ ਮੀਲ ਪਿਛਾਂਹ ਹੀ ਟਰੱਕ ਕੱਚੇ ਲਾਹ ਲਿਆ। ਸੜਕ ਤੋਂ ਥੋੜ੍ਹੀ ਵਿਥ ਨਾਲ ਟਰੱਕ ਇਕ ਟਾਹਲੀ ਦੇ ਹਨੇਰੇ ਹੇਠਾਂ ਖੜ੍ਹਾ ਕਰ ਦਿਤਾ। ਸਵਰਨ ਸਿੰਘ ਨੇ ਮੋਤੀ ਰਾਮ ਅਤੇ ਸਤਵੰਤ ਨੂੰ ਆਪਣੇ ਕੋਲ ਬੁਲਾਇਆ। ਉਹ ਬਰਾਂਡੀਆਂ ਵਿਚ ਲਪੇਟੇ, ਮੋਢੇ ਰਾਈਫਲਾਂ ਚਾੜ੍ਹੀ ਆ ਗਏ। ਕੁਝ ਕਦਮਾਂ ਨਾਲ ਤੁਰਦਿਆਂ ਥਾਣੇਦਾਰ ਨੇ ਸਮਝਾਇਆ, “ਕੋਈ ਅੜਤਲੇ ਵਾਲੀ ਥਾਂ ਲੱਭੋ। ਬਹੁਤਾ ਚਿਰ ਨਾ ਲੱਗੇ।” ਉਹਦੇ ਮਨ ਨੂੰ ਦੈਵੀ ਕਾਂਬਾ ਛਿੜਿਆ ਹੋਇਆ ਸੀ। ਪਰ ਉਹ ਆਪਣੇ ਸਿਪਾਹੀਆਂ ਵਿਚ ਬਹਾਦਰ ਤੇ ਦ੍ਰਿੜ੍ਹ ਇਰਾਦੇ ਵਾਲਾ ਸਾਬਤ ਕਦਮ ਅਫਸਰ ਦਿਸਣ ਦੇ ਯਤਨ ਕਰ ਰਿਹਾ ਸੀ।
“ਠੀਕ ਐ ਜਨਾਬ, ਬਸ ਪੰਜਾਂ ਮਿੰਟਾਂ ਵਿਚ ਆਏ।” ਮੋਤੀ ਰਾਮ ਨੇ ਥਿੜਕਦੀ ਜ਼ਬਾਨ ਤੇ ਧੜਕਦੇ ਦਿਲ ਨਾਲ ਉਤਰ ਦਿੱਤਾ। ਸਤਵੰਤ ਇਉਂ ਕਾਹਲਾ ਕਾਹਲਾ ਭੱਜ ਨੱਠ ਕਰ ਰਿਹਾ ਸੀ, ਜਿਵੇਂ ਰੱਬ ਉਹਦਾ ਬੁੱਤ ਬਣਾਉਣ ਲੱਗਾ ਆਤਮਾ ਪਾਉਣੀ ਭੁੱਲ ਗਿਆ ਸੀ। ਉਹਦੇ ਪੈਰ ਮਾਸ ਦੀ ਥਾਂ ਮੋਈ ਲੱਕੜ ਦੇ ਪਹੀਆਂ ਵਾਂਗ ਰੁੜ੍ਹ ਰਹੇ ਸਨ। ਉਹਦੇ ਮਨੁੱਖ ਨੇ ‘ਹਾਅ’ ਦਾ ਨਾਅਰਾ ਮਾਰਨ ਲਈ ਪਲ ਕੁ ਵਾਸਤੇ ਵੀ ਅੱਖ ਨਾ ਉਘਾੜੀ। ਬਿਲਕੁਲ ‘ਨਾਂਹ’ ਦੇ ਰੋਲ ਵਾਲੀਆਂ ਪੁਤਲੀਆਂ ਵਾਂਗ ਸੱਜੇ ਖੱਬੇ ਘੁੰਮੀ ਗਿਆ। ਮੋਤੀ ਰਾਮ ਉਖੜੀ ਚਾਲ ਨਾਲ ਉਹਦਾ ਸਾਥ ਦੇ ਰਿਹਾ ਸੀ। ਉਹ ਅੜਤਲਾ ਲੱਭਣ ਲਈ ਹਨੇਰੇ ਵਿਚ ਗਵਾਚ ਗਏ।
“ਇਨ੍ਹਾਂ ਨੂੰ ਥੱਲੇ ਲਾਹ ਲਿਆਵੋ।” ਸਵਰਨ ਸਿੰਘ ਨੇ ਟਰੱਕ ਵਿਚਾਲੇ ਸਿਪਾਹੀਆਂ ਨੂੰ ਨਵਾਂ ਹੁਕਮ ਸੁਣਾਇਆ।
ਸਿਪਾਹੀਆਂ ਝਟ ਛਾਲਾਂ ਮਾਰ ਦਿੱਤੀਆਂ। ਮਿਹਰ ਸਿੰਘ ਤੇ ਉਸ ਦਾ ਸਿਪਾਹੀ ਯਾਰ ਸਾਰਿਆਂ ਨਾਲੋਂ ਪਿਛੋਂ ਇਕੱਠੇ ਉਤਰੇ। ਇਕ ਪਲ ਦੀ ਵਿਹਲ ਵਿਚ ਮਿਹਰ ਸਿੰਘ ਨੇ ਉਹਦੇ ਕੰਨ ਵਿਚ ਆਖਿਆ, “ਭਰਾ ਬਣੀਂ ਮਰਦ ਦਾ ਬੱਚਾ।”
ਉਤਰ ਵਿਚ ਭਰਾ ਨੇ ਉਹਦਾ ਦੁਖਦਾ ਹੱਥ ਘੁਟਿਆ, ਮਿਹਰ ਸਿੰਘ ਨੂੰ ਇਸ ਪੀੜ ਵਿਚੋਂ ਇਲਾਹੀ ਸੁਆਦ ਆ ਰਿਹਾ ਸੀ। ਉਸ ਨੂੰ ਇਉਂ ਲੱਗਾ, ਜਿਵੇਂ ਸਿਪਾਹੀ ਉਹਦਾ ਛੋਟਾ ਭਰਾ ਹੈ। ਮਹਾਨ ਮਨੁੱਖ ਵੀ ਦੁਨੀਆਂ ਵਿਚ ਆਪਣੀ ਹੋਂਦ ਕਾਇਮ ਰੱਖਣ ਲਈ ਕੋਈ ਨਾ ਕੋਈ ਰਿਸ਼ਤਾ ਖੜ੍ਹਾ ਕਰਦੇ ਰਹੇ ਹਨ। ਇਹ ਕਮਜ਼ੋਰੀ ਨਹੀਂ, ਕਲਚਰਲ ਸਾਂਝ ਦੀ ਕੁਦਰਤੀ ਭੁੱਖ ਹੈ। ਮਿਹਰ ਸਿੰਘ ਨਾਲ ਬਾਬਾ ਵੀ ਪਾਲੇ ਕਾਰਨ ਧੁੜਧੁੜੀਆਂ ਲੈ ਰਿਹਾ ਸੀ।
“ਹਾਂ ਬਈ ਮਿਹਰ ਸਿਆਂ! ਹੁਣ ਗੱਲ ਕਰ।” ਥਾਣੇਦਾਰ ਦੇ ਮੂੰਹੋਂ ਸ਼ਰਾਬ ਦੀ ਬੋ ਇਕ ਵਾਰ ਹੀ ਸਪਰੇ ਪੰਪ ਵਾਂਗ ਉਠੀ। ਉਸ ਆਪਣੇ ਮਨ ਦੇ ਭੁਲਾਵੇ ਨੂੰ ਕਈ ਤਰ੍ਹਾਂ ਦੇ ਬੰਨ੍ਹ ਮਾਰੇ ਹੋਏ ਸਨ। ਮਿਹਰ ਸਿੰਘ ਨੂੰ ਕੋਈ ਵੀ ਹੁੰਗਾਰਾ ਭਰਦਿਆਂ ਨਾ ਵੇਖ, ਉਸ ਗੱਲ ਅਗਾਂਹ ਵਧਾਈ, “ਮੈਂ ਨਹੀਂ ਚਾਹੁੰਦਾ ਤੇਰੀ ਸੋਨੇ ਵਰਗੀ ਦੇਹ ਨੂੰ ਗੋਲੀ ਮਾਰੀ ਜਾਵੇ। ਤੇਰੇ ਲਈ ਬਹੁਤ ਛੋਟਾਂ, ਮੂੰਹ ਮੰਗੀਆਂ ਰਿਆਇਤਾਂ। ਮੈਂ ਆਈ. ਜੀ. ਸਾਹਿਬ ਨਾਲ ਗੱਲ ਕੀਤੀ ਸੀ, ਕਿਸੇ ਹੋਰ ਸਟੇਟ ਵਿਚ ਏ. ਐਸ. ਆਈ. ਭਰਤੀ ਕਰਵਾ ਦਿੰਦੇ ਆਂ। ਕਿਉਂ?”
“ਬਦਲੇ ਵਿਚ ਮੈਂ ਗੱਦਾਰੀ ਕਰਾਂ? ਆਪਣੇ ਸਾਥੀਆਂ ਨੂੰ ਗੋਲੀ ਮਰਵਾਵਾਂ; ਹੈ ਨਾ?” ਮਿਹਰ ਸਿੰਘ ਦਾ ਸ਼ਾਂਤ ਤੇ ਗੰਭੀਰ ਮਨ ਮੁੜ ਤਾਅ ਖਾ ਗਿਆ। “ਸਵਰਨ ਸਿੰਘ! ਤੂੰ ਮੀਰ ਮਨੂੰ ਦਾ ਰੋਲ ਅਦਾ ਕਰਨਾ ਏਂ ਤੇ ਅਸਾਂ ਦੁਨੀਆਂ ਭਰ ਵਿਚੋਂ ਮੀਰ ਮਨੂੰ ਖਤਮ ਕਰਨ ਦੀ ਸਹੁੰ ਖਾਧੀ ਐ। ਨੈਗੇਟਿਵ ਪਾਜ਼ੇਟਿਵ ਕਦੇ ਨਹੀਂ ਮਿਲਦੇ; ਘੱਟੋ ਘੱਟ ਇਨ੍ਹਾਂ ਬਿਪਰੀਤ ਹਾਲਤਾਂ ਵਿਚ।” ਉਸ ਆਪੇ ਨੂੰ ਮੁੜ ਜ਼ਬਤ ਵਿਚ ਲੈ ਆਂਦਾ।
“ਜੇ ਨੈਗੇਟਿਵ ਪਾਜ਼ੇਟਿਵ ਮਿਲ ਜਾਣ?” ਥਾਣੇਦਾਰ ਨੇ ਬਿਨਾ ਸੋਚੇ ਹੀ ਕਹਿ ਮਾਰਿਆ।
“ਜਦੋਂ ਇਹ ਦੋਵੇਂ ਮਿਲ ਜਾਂਦੇ ਐ, ਦੁਨੀਆਂ ਵਿਚ ਇਨਕਲਾਬ ਆ ਜਾਂਦਾ ਏ। ਚਾਨਣ ਦਾ ਹੜ੍ਹ ਹਰ ਹਨੇਰੀ ਖੂੰਜ ਲਿਸ਼ਕਾ ਦੇਂਦਾ ਏ। ਦੇਸ਼ ਦੀ ਉਸਾਰੀ ਹੁੰਦੀ ਐ ਤੇ ਪੈਦਾਵਾਰ ਦੇ ਢੇਰ ਲੱਗ ਜਾਂਦੇ ਐ।” ਮਿਹਰ ਸਿੰਘ ਦੀ ਕਲਪਨਾ ਭਵਿੱਖ ਨੂੰ ਭਰਿਆ ਭਰਿਆ ਤੇ ਜਵਾਨ ਦੇਖ ਰਹੀ ਸੀ।
“ਇਹਦਾ ਮਤਲਬ ਹੈ, ਤੂੰ ਮਰੇਂਗਾ।”
ਸਵਰਨ ਸਿੰਘ ਨੇ ਨਾਸਾਂ ਫੁਰਕਾਰੀਆਂ। ਦੁਰਗੰਧ ਦੇ ਬੁੱਲੇ ਨੇ ਇਕ ਤਰ੍ਹਾਂ ਮਿਹਰ ਸਿੰਘ ਤੇ ਬਾਬੇ ਨੂੰ ਧੱਕਾ ਮਾਰਿਆ। ਸਿਪਾਹੀਆਂ ਉਨ੍ਹਾਂ ਦੁਆਲੇ ਥੋੜ੍ਹੀ ਵਿੱਥ ਨਾਲ ਘੇਰਾ ਘੱਤਿਆ ਹੋਇਆ ਸੀ।
“ਸਰਹਿੰਦ ਦੇ ਸੂਬੇ ਵਜੀਦ ਖਾਂ ਦੇ ਦਰਬਾਰ, ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਸੀ, ਤਦ ਸੁੱਚਾ ਨੰਦ ਨੇ ਆਖਿਆ ਸੀ ਕਿ ਸੂਲਾਂ ਤਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਐ। ਲੋਕਾਂ ਉਸ ਦਾ ਨਾਂ ਝੂਠਾ ਨੰਦ ਪਾ ਦਿੱਤਾ। ਤੇਰਾ ਨਾਂ ਸਵਰਨ ਸਿੰਘ ਤੋਂ ਪਿੱਤਲ ਸਿਹੁੰ ਨਾ ਪਾਇਆ ਜਾਵੇ?” ਮਿਹਰ ਸਿੰਘ ਨੇ ਇਸ਼ਾਰਾ ਦੇਣ ਲਈ ਟੁੱਟੀਆਂ ਤੇ ਠਰੀਆਂ ਉਂਗਲਾਂ ਕੱਛ ਵਿਚੋਂ ਬਾਹਰ ਕੱਢ ਲਈਆਂ।
ਪਿੱਤਲ ਸਿੰਹੁ ਦਾ ਇਕ ਵਾਰ ਅੰਦਰ ਹਿਲ ਗਿਆ। ਬਾਬਾ ਪਾਸੇ ਬੁੱਕ ਕੇ ਮਿਹਰ ਸਿੰਘ ਅੱਗੇ ਆ ਖਲੋਤਾ ਤੇ ਬੋਲਿਆ, “ਮੌਤ ਨੂੰ ਅਸੀਂ ਮਾਊਂ ਸਮਝਦੇ ਆਂ। ਜਹਾਨ ਵੇਖੇਗਾ, ਤੂੰ ਕਿੰਨਾ ਕੁ ਚਿਰ ਕਿੱਲੇ ਗੱਡ ਕੇ ਬਹਿ ਰਹੇਂਗਾ: ਇਕ ਮਰਨਾ ਸਿਦਕ ਦਾ ਮਨੁੱਖੀ ਵਫਾਦਾਰੀ ਲਈ ਹੈ, ਉਸ ਨੂੰ ਸ਼ਹਾਦਤ ਆਖਦੇ ਐ। ਦੂਜਾ ਮਰਨਾ ਤਾਂ ਆਪਣੀ ਜ਼ਮੀਰ ਦੇ ਵਿਰੁਧ ਖੁਦਕੁਸ਼ੀ ਐ, ਆਪਣੇ ਲੋਕਾਂ ਨਾਲ ਨੰਗੀ ਚਿੱਟੀ ਗੱਦਾਰੀ ਹੈ। ਮਰਿਆ ਔਰੰਗਜ਼ੇਬ ਵੀ ਸੀ, ਮਰੇ ਗੁਰੂ ਤੇਗ ਬਹਾਦਰ ਤੇ ਸਰਮਦ ਫਕੀਰ ਵੀ ਸੀ। ਕਿਹੜੇ ਮਰਨੇ ਵਿਚ ਅਨੰਦ ਤੇ ਇੱਜਤ ਐ, ਨਿਰਣਾ ਤੂੰ ਕਰ ਲੈ। ਤੇਰੇ ਮੋਢੇ ਦਾ ਦੂਜਾ ਸਟਾਰ ਨਕਸਲੀਆਂ ਨੂੰ ਮਾਰਨ ਦਾ ਇਨਾਮ ਐ। ਵੇਖੇਂ ਵੀ ਨਾ, ਅਸੀਂ ਸ਼ਹੀਦ ਹੋਵਾਂਗੇ; ਤੂੰ ਖੁਦਕੁਸ਼ੀ ਕਰੇਂਗਾ। ਲੋਕਾਂ ਦੇ ਲੇਖੇ ਤੋਂ ਪਿੱਤਲ ਸਿਆਂ, ਮਾਈ ਦਾ ਲਾਲ ਕੋਈ ਨਹੀਂ ਬਚ ਸਕਿਆ।” ਬਾਬੇ ਦੇ ਖੜਕਵੇਂ ਬੋਲਾਂ ਨੇ ਥਾਣੇਦਾਰ ਦੇ ਦੰਦ ਜੋੜ ਦਿਤੇ।
ਸਵਰਨ ਸਿੰਘ ਨੂੰ ਕਿਸੇ ਮਹਾਤਮਾ ਪੁਰਸ਼ ਤੋਂ ਸੁਣੀ ਕਥਾ ਯਾਦ ਆ ਗਈ, ਜਿਸ ਵਿਚ ਬ੍ਰਹਮ ਗਿਆਨੀ ਦੇ ਸਰੂਪ ਦੀ ਵਿਆਖਿਆ ਆਈ ਸੀ। ਉਸ ਦੀ ਰੂਹ ਨੇ ਅੰਦਰੋਂ ਹਾਲ ਦੁਹਾਈ ਪਾਈ, ਤੂੰ ਕਲਮੂੰਹਿਆਂ, ਬ੍ਰਹਮ ਗਿਆਨੀਆਂ ਦੀ ਹੱਤਿਆ ਕਰਨ ਲੱਗਾ ਏਂ। ਉਸ ਨੂੰ ਸੋਚਾਂ ਵਿਚ ਆਇਆ ਵੇਖ ਬਾਬੇ ਨੇ ਮੁੜ ਆਖਿਆ, “ਸਿੱਖ ਰਾਜ ਨਾਲ ਗੱਦਾਰੀ ਕਰਨ ਵਾਲੇ ਡੋਗਰੇ ਵੀ ਤੇਰੇ ਵਰਗੇ ਹੀ ਦਾਹੜੀਆਂ ਕੇਸਾਂ ਵਾਲੇ ਤਿਆਰ ਬਰ ਤਿਆਰ ਸਿੰਘ ਸਨ ਪਰ…।”
“ਬਾਬਾ ਤੇਰੀ ਕੋਈ ਖਾਹਸ਼?” ਥਾਣੇਦਾਰ ਦੀ ਸਾਰੀ ਸੁਰਤ ਨੇ ਬਾਬੇ ਦੀ ਪਿਛਲੀ ਗੱਲ ਸੁਣੀ ਹੀ ਨਹੀਂ ਸੀ।
“ਹਾਂ ਹੈ ਥਾਣੇਦਾਰ ਸਾਹਿਬ! ਮੈਂ ਬਿਆਸੀ ਸਾਲ ਦਾ ਬੁੱਢਾ ਆਂ। ਅੰਗਰੇਜ਼ਾਂ ਦੇ ਰਾਜ ਵਿਚ ਪੁਲਿਸ ਨੇ ਕੁਟ ਕੁਟ ਪੁੜੇ ਪਾੜ ਦਿੱਤੇ। ਜੇਲ੍ਹਾਂ ਨੇ ਜਵਾਨੀ ਖਾ ਲਈ। ਕਾਂਗਰਸੀਆਂ ਆਪਣੇ ਸਮੇਂ ਵਿਚ ਗਿਣ ਗਿਣ ਬਦਲੇ ਲਏ; ਜਿਵੇਂ ਅਸੀਂ ਸ਼ਰੀਕ ਭਰਾ ਨਹੀਂ, ਦੁਸ਼ਮਣ ਸਾਂ। ਸਮਝ ਸਾਰੀ ਉਮਰ ਪੁਰਸਲਾਤ ਉਤੇ ਤੁਰਿਆ ਹਾਂ। ਡੋਲਿਆ ਨਹੀਂ। ਕਿਸੇ ਅੱਗੇ ਹੱਥ ਵੀ ਨਹੀਂ ਅੱਡੇ। ਹੁਣ ਗੋਲੀ ਮਾਰਨੀ ਤੇਰੇ ਹਿੱਸੇ ਆਈ ਐ, ਉਹ ਵੀ ਹੱਸ ਕੇ ਖਾਵਾਂਗਾ। ਤੂੰ ਆਖਰੀ ਖਾਹਸ਼ ਆਖੀ ਹੈ; ਆਪਣੇ ਬਚਨ ‘ਤੇ ਕਾਇਮ ਰਹੀਂ?”
“ਮੈਂ ਆਪਣੇ ਬਚਨ ‘ਤੇ ਕਾਇਮ ਹਾਂ, ਤੂੰ ਕਹਿ।” ਥਾਣੇਦਾਰ ਛਾਤੀ ਫੁਲਾ ਕੇ ਆਕੜ ਖਲੋਤਾ।
ਮਿਹਰ ਸਿੰਘ ਨੂੰ ਲੱਗਾ, ਆਖਰੀ ਸਮੇਂ ਬਾਬੇ ਦਾ ਸਿਰ ਹਿੱਲ ਗਿਆ ਏ। ਉਸ ਬਾਬੇ ਦਾ ਹੱਥ ਫੜ੍ਹ ਕੇ ਝੰਜਕਿਆ। ਬਿਰਧ ਮੁੰਡੇ ਦੇ ਰੋਕਣ ਉਤੇ ਵੀ ਨਾ ਰੁਕਿਆ।
“ਦੇਖ ਬਈ ਸਰਦਾਰਾ! ਮੈਂ ਜ਼ਿੰਦਗੀ ਵਿਚ ਕਦੇ ਕੁਝ ਨਹੀਂ ਮੰਗਿਆ। ਤੇਰਾ ਭਾਣਾ ਮੀਠਾ ਲਾਗੇ ਦਾ ਵਿਸ਼ਵਾਸੀ ਰਿਹਾ ਹਾਂ। ਤੂੰ ਦਰਿਆ ਦਿਲ ਹੋ ਕੇ ਕਿਹਾ ਏ, ਤਾਂ ਤੇਰੇ ਕੋਲੋਂ ਝੋਲੀ ਅੱਡ ਕੇ ਮੰਗਦਾ ਹਾਂ। ਇਸ ਮੁੰਡੇ ਨੂੰ ਛੱਡ ਦੇ; ਮੈਨੂੰ ਸੌ ਵਾਰ ਕਤਲ ਕਰ ਲੈ, ਜਿਵੇਂ ਮਰਜ਼ੀ ਕਰ ਲੈ; ਮੈਂ ਸੀਅ ਨਹੀਂ ਕਰਦਾ।”
“ਬਾਬਾ ਜੀ, ਤੁਹਾਡਾ ਦਮਾਗ ਖਰਾਬ ਹੋ ਗਿਆ ਏ?” ਮਿਹਰ ਸਿੰਘ ਨੇ ਬਜ਼ੁਰਗ ਨੂੰ ਖਿੱਚ ਕੇ ਪਿਛਾਂਹ ਕਰ ਲਿਆ। ਉਹਦੇ ਮਨ ਵਿਚ ਬਾਬੇ ਬਾਰੇ ਕਈ ਪ੍ਰਕਾਰ ਦੇ ਡਰ ਉਠ ਖਲੋਤੇ ਸਨ।
“ਜਦੋਂ ਬਾਪ ਗੱਲ ਕਰ ਰਿਹਾ ਹੋਵੇ; ਸਿਆਣੇ ਬੱਚੇ ਵਿਚੋਂ ਬਾਢ ਨਹੀਂ ਦੇਂਦੇ। ਬਾਬਾ ਫਿਰ ਅੱਗੇ ਆ ਗਿਆ, “ਥਾਣੇਦਾਰ ਸਾਹਿਬ! ਵੇਖੇਂ ਵੀ ਨਾ, ਆਪਣੇ ਲਈ ਮੈਂ ਅੱਜ ਵੀ ਕੁਝ ਨਹੀਂ ਮੰਗ ਰਿਹਾ। ਇਹ ਮੁੰਡਾ ਤੇਰੇ ਦੇਸ਼ ਦੀ ਨਵੀਂ ਤਕਦੀਰ ਐ। ਤਕਦੀਰ ਨੂੰ ਹੱਥੀਂ ਕੋਹ ਕੇ ਜ਼ਾਲਮਾ ਆਪਣੇ ਬੱਚਿਆਂ ਨੂੰ ਕੀ ਦੇਏਂਗਾ? ਇਨਕਲਾਬ ਦਾ ਸਿਰ ਨਾ ਵੱਢ। ਮੇਰੀ ਇਹੋ ਭੀਖ ਐ। ਇਨਕਲਾਬ ਸਾਰੇ ਜਹਾਨ ਦਾ ਮੁਕਤੀ ਦਾਤਾ ਏ। ਮੇਰਾ ਵਾਸਤਾ ਏ, ਰੁਕ ਜਾਹ; ਬੀਤਿਆ ਵੇਲਾ ਪੈਗੰਬਰਾਂ ਨੂੰ ਹੱਥ ਨਹੀਂ ਆਇਆ। ਤਾਰੀਖ ਦੀ ਸਦੀਵੀ ਲਾਹਨਤ ਤੋਂ ਬਚ ਜਾਹ।” ਬਾਬੇ ਨੇ ਯਮਰਾਜ ਅੱਗੇ ਹੱਥ ਖੋਲ੍ਹ ਦਿੱਤੇ।
“ਬਾਬਾ! ਤੈਨੂੰ ਚੰਗੇ ਭਲੇ ਨੂੰ ਕੀ ਹੋ ਗਿਆ ਹੈ। ਮੈਂ ਇਨ੍ਹਾਂ ਬੁਚੜਾਂ ਕੋਲੋਂ ਤੈਨੂੰ ਜ਼ਿੰਦਗੀ ਦੀ ਭੀਖ ਨਹੀਂ ਮੰਗਣ ਦਿਆਂਗਾ। ਮੈਂ ਪਾਰਟੀ ਲੀਡਰ ਦੀ ਹੈਸੀਅਤ ਵਿਚ ਹੁਕਮ ਦਿੰਦਾ ਆ, ਤੂੰ ਪਿਛਾਂਹ ਹਟ ਜਾਹ।” ਉਸ ਥਾਣੇਦਾਰ ਨੂੰ ਪੁਕਾਰਿਆ, “ਦੇਖ, ਮੈਂ ਤੁਹਾਡਾ ਪਖਪਾਤੀ ਕਾਨੂੰਨ ਤੋੜਿਆ ਏ, ਸਮਾਜੀ ਜੋਕਾਂ ਦਾ ਸਿਰ ਵੀ ਫਿਹਇਆ ਏ। ਬਾਬੇ ਨੇ ਕੋਈ ਜੁਰਮ ਨਹੀਂ ਕੀਤਾ। ਇਹ ਜੰਗੇ ਆਜ਼ਾਦੀ ਦਾ ਹੀਰੋ ਰਿਹਾ ਏ। ਇਕ ਧਰਮਾਤਮਾ ਨੂੰ ਇਸ ਉਮਰ ਵਿਚ ਮਾਰ ਕੇ ਤੂੰ ਪਾਪੀ ਨਾ ਬਣ। ਇਸ ਸਰਮਾਏਦਾਰੀ ਰਾਜ ਨੂੰ ਬਦਲਣ ਦੇ ਜਤਨਾਂ ਦੀ ਸਾਰੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ। ਬੰਦਾ ਤੇਰੇ ਸਾਹਮਣੇ ਛਾਤੀ ਡਾਹੀ ਖਲੋਤਾ ਏ, ਮਾਰ ਗੋਲੀ।” ਮਿਹਰ ਸਿੰਘ ਨੇ ਖੱਦਰ ਦੀ ਬੁਸ਼ਰਟ ਹਿੱਕ ਤੋਂ ਹਟਾ ਦਿੱਤੀ। ਵਗਦੀ ‘ਵਾ ਦੀਆਂ ਤਲਵਾਰਾਂ ਖੁੰਢੀਆਂ ਹੋ ਗਈਆਂ ਸਨ। ਮਿਹਰ ਸਿੰਘ ਦਾ ਜੁੱਸਾ ਅੰਦਰੋਂ ਸੇਕ ਮਾਰ ਉਠਿਆ।
“ਸ਼ੇਰਾ! ਬੁੱਢੇ ਮਾਪਿਆਂ ਦੇ ਜਿਉਂਦਿਆਂ ਜਵਾਨ ਪੁੱਤਰ ਤੁਰ ਜਾਣ, ਇਹ ਜੱਗੋਂ ਤੇਰ੍ਹਵੀਂ ਮੈਂ ਨਹੀਂ ਹੋਣ ਦਿਆਂਗਾ। ਪਹਿਲਾਂ ਮੈਂ ਮਰਾਂਗਾ।” ਬਾਬਾ ਮਿਹਰ ਸਿੰਘ ਦੇ ਅੱਗੇ ਆ ਅੜਿਆ।
“ਤੁਸੀਂ ਝਗੜਾ ਨਾ ਕਰੋ, ਇਕੱਠਿਆਂ ਨੂੰ ਹੀ ਜਹਾਜੇ ਚੜ੍ਹਾ ਦਿਆਂਗੇ।” ਸਵਰਨ ਸਿੰਘ ਮਨੁੱਖੀ ਲਹਿਰ ਲੰਘਾ ਕੇ ਮੁੜ ਥਾਣੇਦਾਰੀ ਰਉਂ ਵਿਚ ਆ ਗਿਆ।
ਸਤਵੰਤ ਤੇ ਮੋਤੀ ਰਾਮ ਟਿਕਾਣਾ ਲੱਭ ਆਏ। ਉਹ ਟਰੱਕ ਥਾਂਏਂ ਛੱਡ ਕੇ ਪਹਾੜ ਵਲ ਵਾਹਣਾਂ ਤੇ ਕਣਕਾਂ ਵਿਚ ਸਿੱਧੇ ਹੋ ਤੁਰੇ। ਛੋਲਿਆਂ ਦੀਆਂ ਟਾਂਟਾਂ ਖੁਰੀਆਂ ਵਾਲੇ ਬੂਟਾਂ ਹੇਠਾਂ ਫਿਸਦੀਆਂ ਪਟਾਕੇ ਪਾ ਰਹੀਆਂ ਸਨ। ਛੋਲਿਆਂ ਦੀ ਖੱਟੀ ਅਤੇ ਕਣਕ ਦੀ ਦੁਧਲੀ ਸੁਗੰਧ ਮਾਰੂ ਟੋਲੀ ਨੂੰ ਘੇਰਾ ਘੱਤ ਘੱਤ ਰੋਕਦੀ। ਪਰ ਜੁੰਡਲੀ ਹਰੀਆਂ ਪੈਲੀਆਂ ਮਿਧਦੀ ਕਈ ਖੇਤ ਅੱਗੇ ਨਿਕਲ ਗਈ। ‘ਵਾ ਨੇ ਮੁੜ ਮੱਥਿਆਂ ਵਿਚ ਠਿੱਕਰ ਭੰਨਣੇ ਸ਼ੁਰੂ ਕਰ ਦਿੱਤੇ। ਉਹ ਸਾਰੇ ਛੋਟੇ ਜਿੰਨੇ ਸੂਏ ਦੀ ਪਟੜੀ ਆ ਚੜ੍ਹੇ। ਇਸ ਪਟੜੀ ਉਤੇ ਬਾਬਾ ਸਵੇਰ ਦਾ ਪਾਠ ਮੁਕਾਇਆ ਕਰਦਾ ਸੀ। ਕਾਰੀਗਰਾ ਕੰਮ ਅਤੇ ਪਾਠ ਕਰਦਿਆਂ ਬਹੁਤਾ ਸਮਾਂ ਬੈਠਣ ਨਾਲ ਉਸ ਦੀਆਂ ਲੱਤਾਂ ਜੁੜ ਜਾਇਆ ਕਰਦੀਆਂ ਸਨ। ਬਾਬਾ ਏਸੇ ਸੂਏ ਦੀ ਪਟੜੀ ਉਤੇ ਸੈਰ ਨਾਲ ਲੱਤਾਂ ਮੋਕਲੀਆਂ ਕਰਿਆ ਕਰਦਾ ਸੀ। ਬਿਰਧ ਨੇ ਜਿਉਂ ਹੀ ਪਟੜੀ ਉਤੇ ਪੈਰ ਪਾਇਆ, ਧੜੱਲੇ ਨਾਲ ਨਾਅਰਾ ਚੁੱਕ ਦਿੱਤਾ।
“ਇਨਕਲਾਬ… ਜ਼ਿੰਦਾਬਾਦ।” ਮਿਹਰ ਨੇ ਵੀ ਮੁੱਕਾ ਵੱਟ ਕੇ ਸਾਥ ਦੇਣਾ ਸ਼ੁਰੂ ਕਰ ਦਿੱਤਾ। “ਲੋਕ ਇਨਕਲਾਬ, ਜ਼ਿੰਦਾਬਾਦ।” ਉਨ੍ਹਾਂ ਨੇ ਪੂਰੇ ਜ਼ੋਸ ਨਾਲ ਲੋਕਾਂ ਨੂੰ ਲਲਕਾਰਿਆ; ਜਿਹੜੇ ਲੰਮੀਆਂ ਤਾਣੀ ਸੁੱਤੇ ਪਏ ਸਨ। ਨਾਅਰੇ ਸੁਣ ਕੇ ਥੋੜ੍ਹੀ ਵਿਥ ਉਤੇ ਇਕ ਟਿਊਬਵੈਲ ਦੀ ਜਗ ਰਹੀ ਬੱਤੀ ਝਟ ਬੁਝ ਗਈ। ਸ਼ਾਇਦ ਉਹ ਕੰਨਾਂ ਵਿਚ ਕੌੜਾ ਤੇਲ ਪਾ ਲੈਣਾ ਚਾਹੁੰਦੇ ਸਨ ਕਿ ਸੱਚ ਵੇਖਣੋਂ ਵੀ ਡਰਦੇ ਸਨ। ਫਿਰਨੀ ਵਾਲੇ ਘਰਾਂ ਬਾਬੇ ਨੂੰ ਨਾਅਰਿਆਂ ਤੋਂ ਪਛਾਣ ਲਿਆ; ਪਰ ਉਠਣ ਦਾ ਹੀਆ ਨਾ ਕੀਤਾ।
ਸੂਏ ਦੀ ਛੋਟੀ ਜਿਹੀ ਝਾਲ ਆ ਗਈ। ਡਿਗਦਾ ਪਾਣੀ ਖਾਸ ਸ਼ੋਰ ਨਹੀਂ ਕਰ ਰਿਹਾ ਸੀ, ਪਰ ਮਾਰ ਖਾਧੇ ਬੱਚੇ ਵਾਂਗ ਰੋ ਜ਼ਰੂਰ ਰਿਹਾ ਸੀ। ਦੋ ਕੁ ਖੇਤਾਂ ਦੀ ਵਿੱਥ ਉਤੇ ਦਿੱਲੀ ਨੂੰ ਜਾਣ ਵਾਲੀ ਰੇਲਵੇ ਲਾਈਨ ਦੇ ਖੰਭੇ ਦਿਸਦੇ ਸਨ। ਚੁਗਲਾਂ ਦਾ ਜੋੜਾ ਨਾਅਰੇ ਮਾਰਦਾ ਟਾਹਲੀ ਤੋਂ ਉਡਿਆ ਅਤੇ ਨੇੜੇ ਹੀ ਕਣਕ ‘ਚ ਉਗੀ ਕਿੱਕਰ ਉਤੇ ਜਾ ਬੈਠਾ।
“ਇਹ ਕਣਕ ਤੇ ਅਹੁ ਕਿੱਕਰ ਜਨਾਬ।”
ਮੋਤੀ ਰਾਤ ਨੇ ਸੂਏ ਦੀ ਆੜ ਵਿਚ ਥਾਣੇਦਾਰ ਨੂੰ ਨਕਸ਼ਾ ਸਮਝਾਇਆ।
“ਹਾਂ, ਠੀਕ ਐ। ਚਲੋ ਬਈ ਸਾਹਮਣੇ ਹੋਵੋ, ਜਿਸ ਪਹਿਲਾਂ ਮਰਨਾ ਏ।” ਉਸ ਦੇਸ਼ ਭਗਤਾਂ ਨੂੰ ਇਸ਼ਾਰਾ ਕੀਤਾ। ਉਸ ਹੱਥਲੇ ਪਸਤੌਲ ਦੀ ਗੋਲੀ ਹਵਾ ਵਿਚ ਚਲਾ ਕੇ ਟੈਸਟ ਕੀਤੀ। ਤੇਜ਼ ਲਾਟ ਵਿਚੋਂ ਕੰਨ ਪਾੜਵੀਂ ‘ਕਾਅੜ’ ਨਿਕਲ ਕੇ ਹਨੇਰੇ ਵਿਚ ਹੀ ਡੁੱਬ ਗਈ।
ਬਾਬੇ ਨੇ ਝੱਟ ਨਾਅਰਾ ਚੁਕ ਦਿੱਤਾ। ਉਸ ਦੇ ਭਾਣੇ ਮਿਹਰ ਸਿੰਘ ਨੂੰ ਗੋਲੀ ਮਾਰ ਦਿੱਤੀ ਹੈ। ਉਸ ਮਿਹਰ ਸਿੰਘ ਨੂੰ ਜੱਫੀ ਪਾ ਲਈ। ਮੋਤੀ ਰਾਮ ਤੇ ਸਤਵੰਤ ਨੇ ਜੱਫੀਆਂ ਤੋੜ ਕੇ ਉਨ੍ਹਾਂ ਨੂੰ ਕਣਕ ਵੱਲ ਧੂਹਣਾ ਸ਼ੁਰੂ ਕਰ ਦਿੱਤਾ।
“ਛੱਡੋ ਸਾਡੇ ਹੱਥ, ਅਸੀਂ ਬੁਜ਼ਦਿਲ ਨਹੀਂ, ਬਾਗੀ ਸੂਰਮਿਆਂ ਵਾਂਗ ਮਰਾਂਗੇ।” ਮਿਹਰ ਸਿੰਘ ਨੇ ਝਟਕਾ ਮਾਰਿਆ। ਉਹਦੀਆਂ ਫਿੱਸੀਆਂ ਉਂਗਲਾਂ ਵਿਚੋਂ ਪੀੜ ਵੀ ਮਰ ਚੁੱਕੀ ਸੀ।
ਸਿਪਾਹੀਆਂ ਬਾਬੇ ਨੂੰ ਛੱਡ ਦਿੱਤਾ ਅਤੇ ਮਿਹਰ ਸਿੰਘ ਨੂੰ ਭੱਜ ਜਾਣ ਦੇ ਡਰੋਂ ਬਾਂਹ ਤੋਂ ਫੜ੍ਹੀ ਰੱਖਿਆ। ਉਹ ਕਿੱਕਰ ਹੇਠਾਂ ਦੋਹਾਂ ਦਾ ਫੜ੍ਹਿਆ ਫਨੀਅਰ ਨਾਗ ਵਾਂਗ ਨਾਅਰੇ ਮਾਰੀ ਜਾ ਰਿਹਾ ਸੀ, “ਨਕਸਲਬਾੜੀ, ਜ਼ਿੰਦਾਬਾਦ! … ਬਾਬਾ ਮਿਰਗਿੰਦ ਜ਼ਿੰਦਾਬਾਦ…। … ਲੋਕ ਇਨਕਲਾਬ … ਜ਼ਿੰਦਾਬਾਦ।” ਪਿੰਡ ਦੇ ਲੋਕ ਇਹ ਨਾਅਰੇ ਸੁਣ ਕੇ ਜਾਗ ਪਏ। ਗੋਲੀਆਂ ਚਲਣ ਤੋਂ ਉਨ੍ਹਾਂ ਅਨੁਮਾਨ ਲਾਇਆ, ਕੋਈ ਕਾਰਾ ਹੋ ਰਿਹਾ ਹੈ।
ਗੋਲੀ ਮਾਰਨ ਲੱਗਾ ਥਾਣੇਦਾਰ ਘਬਰਾ ਗਿਆ। ਇਹ ਲੋਕ ਮਾਰਿਆਂ ਵੀ ਮੁੱਕਣ ਵਾਲੇ ਨਹੀਂ। ਇਤਿਹਾਸ ਦੀ ਲੜੀ, ਸ਼ਹੀਦ ਹੋਣ ਵਾਲੇ ਸਿੰਘਾਂ ਬਾਰੇ ਉਸ ਨੂੰ ਯਾਦ ਆ ਗਈ: ‘ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ।’ ਸੱਚ ਕਦੇ ਨਹੀਂ ਮਰਦਾ ਪਰ… ਪਰ ਮੈਂ ਫਲੌਰ ਪਾਸ ਥਾਣੇਦਾਰ ਆਂ। ਪੁਲਿਸ ਅਫਸਰ, ਜਿਸ ਉਤੇ ਆਈ. ਜੀ. ਨੂੰ ਮਾਣ ਹੈ। ਉਹਦੀ ਮਿਹਰਬਾਨੀ ‘ਤੇ ਆਹ ਕਾਰਨਾਮਾ, ਪਤਾ ਨਹੀਂ ਮੈਨੂੰ ਕੀ ਬਣਾ ਦੇਣਗੇ। ਮੈਂ ਆਪਣੀ ਡਿਊਟੀ ਤੋਂ ਕਿਉਂ ਝਿਜਕਾਂ? ਏਹੀ ਤਾਂ ਮੌਕੇ ਹੁੰਦੇ ਐ, ਛਾਲ ਮਾਰ ਕੇ ਸਾਥੀਆਂ ਨੂੰ ਖਲੋਤੇ ਛੱਡ ਜਾਣ ਵਾਲੇ। ਮਾਰਖੋਰੇ ਪਸੂ ਨੇ ਉਹਦੇ ਪਲ ਕੁ ਜਾਗੇ ਮਨੁੱਖ ਨੂੰ ਢੁੱਡ ਮਾਰ ਕੇ ਖੋਰ ਉਤੇ ਸੁੱਟ ਦਿੱਤਾ। ਰਿਵਾਲਵਰ ਦੇ ਮੂੰਹ ਵਿਚੋਂ ਅੱਗ ਦੀ ਲੰਮੀ ਲਾਟ ਨਿਕਲੀ ਜਿਹੜੀ ਬਾਬੇ ਦੀ ਹਿੱਕ ਚੀਰ ਕੇ ਮਿਹਰ ਸਿੰਘ ਦੇ ਦਿਲ ਵਿਚ ਜਾ ਖੁੱਭੀ। ਸੂਏ ਦੀ ਟਾਹਲੀ ਉਤੇ ਬੈਠੀ ਮੋਰਨੀ ਇਕ ਵਾਰ ਹੀ ਤੜਫ ਗਈ। ‘ਕਿਆ ਕੋ’ ਦੀਆਂ ਦਰਦਨਾਕ ਚੀਕਾਂ ਨੇ ਅਸਮਾਨ ਪਾੜਨਾ ਲਿਆ। ਸੁਣਨ ਵਾਲੇ ਕਾਮੇ ਕਿਸਾਨ ਨੂੰ ਲੱਗਾ, ਜਿਵੇਂ ਵਿਚਾਰੀ ਦੇ ਬੱਚਿਆਂ ਨੂੰ ਬਿੱਲੇ ਨੇ ਹੜੱਪ ਲਿਆ ਹੈ। ਬਾਬਾ ਪਹਿਲੀ ਗੋਲੀ ਨਾਲ ਹੀ ‘ਇਨਕਲਾਬ ਜ਼ਿੰਦਾਬਾਦ’ ਪੁਕਾਰਦਾ ਮੂਧਾ ਡਿੱਗ ਪਿਆ। ਉਹਦੇ ਤੱਤੇ ਨਾਅਰੇ ਸਿਸਕੀਆਂ ਵਿਚ ਠੰਢੇ ਹੁੰਦੇ ਗਏ। ਮਿਹਰ ਸਿੰਘ ਦੀ ਛਾਤੀ ਵਿਚੋਂ ਅੰਨ੍ਹੇ ਹੋਏ ਸਵਰਨ ਸਿੰਘ ਨੇ ਬਾਕੀ ਬਚਦੀਆਂ ਸਾਰੀਆਂ ਗੋਲੀਆਂ ਕੱਢ ਦਿੱਤੀਆਂ। ਖੂਨ ਦੇ ਫਵਾਰਿਆਂ ਕਾਲੀ ਵਿਧਵਾ ਰਾਤ ਨੂੰ ਮੁੜ ਸੁਹਾਗਣ ਬਣਾ ਦਿਤਾ। ਨਾਅਰਿਆਂ ਦੀ ਥਾਂ ਵਗਦੇ ਲਹੂ ਨੇ ਆ ਮੱਲੀ। ਖੇਤਾਂ ਦੀ ਹਰਿਆਲੀ ਦਮ ਦਾ ਦਮ ਪੀਲੀ ਪੈ ਗਈ। ਕਣਕ ਦੇ ਦੁਧਲੇ ਸਿੱਟਿਆਂ ਘੁੰਡ ਮੋੜ ਲਏ ਅਤੇ ਪੱਤਿਆਂ ‘ਛਮਾਛਮ’ ਅੱਥਰੂ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਕਹਿਰ ਦਾ ਭਾਰ ਚੁਕਣੋਂ ਧਰਤੀ ਡੋਲ ਖਲੋਤੀ। ਪੁਲਿਸ ਦੀ ਦਹਿਸ਼ਤ ਕਾਰਨ ਲੋਕ ਕੁਸਕੇ ਤੱਕ ਨਹੀਂ।
ਕਿੰਨੀਆਂ ਹੀ ਰਾਈਫਲਾਂ ਅੱਗ ਉਗਲੀ ਪਰ ਮਿਹਰ ਸਿੰਘ ਦੀ ਦੋਸਤ ਰਾਈਫਲ ਕੇਵਲ ਹੌਲ ਕੇ ਰਹਿ ਗਈ। ਦੋਸਤ ਸਿਪਾਹੀ ਦੇ ਜੀ ਵਿਚ ਆਈ ਕਿ ਥਾਣੇਦਾਰ ਨੂੰ ਥਾਂਏਂ ਉਡਾ ਕੇ ਸਹੀ ਮੁਕਾਬਲਾ ਬਣਾ ਦਿਆਂ ਪਰ ਦੂਜੇ ਬੁੱਚੜਾਂ ਕਾਰਨ ਉਹਦੇ ਹੱਥਾਂ ਕੋਈ ਹਰਕਤ ਨਾ ਕੀਤੀ।
“ਤੁਸੀਂ ਏਥੇ ਪਹਿਰਾ ਦਿਓ, ਅਸੀਂ ਪਿੰਡੋਂ ਸਰਪੰਚ ਤੇ ਲੱਛੂ ਨੂੰ ਉਠਾ ਲਿਆਈਏ।” ਥਾਣੇਦਾਰ ਦੋ ਸਿਪਾਹੀਆਂ ਨਾਲ ਭੁਲਾਣੇ ਪਿੰਡ ਨੂੰ ਤੁਰ ਗਿਆ।
ਦੋਵੇਂ ਸ਼ਹੀਦ ਇਕ ਦੂਜੇ ਦਾ ਹੱਥ ਫੜ੍ਹੀ ਸੁੱਤੇ ਪਏ ਸਨ। ਹਾਲੇ ਵੀ ਵਗਦਾ ਲਹੂ ਇਕ ਸਿਆੜ ਪਿਛੋਂ ਦੂਜੇ ਨੂੰ ਸਿੰਜਣਾ ਸ਼ੁਰੂ ਕਰ ਦਿੰਦਾ। ਲਹੂ ਦੇ ਹੰਝੂ ਚੁਕੀ ‘ਵਾ, ਪਾਲਾਂ ਬੰਨ੍ਹ ਕੇ ਖੇਤ ਖੇਤ ਤੇ ਪਿੰਡ ਪਿੰਡ ਫਿਰ ਨਿਕਲੀ।
ਜਸਵੰਤ ਸਿੰਘ ਕੰਵਲ
(‘ਲਹੂ ਦੀ ਲੋਅ’ ਦਾ ਇੱਕ ਕਾਂਡ)
ਅਚਾਨਕ ਰੇਡੀਓ ਤੇ ਬਲਰਾਜ ਸਾਹਨੀ ਯਾਰ ਦੀ ਮੌਤ ਦੀ ਖਬਰ ਸੁਣੀ, ਦਿਲ ਨੂੰ ਬੜਾ ਧੱਕਾ ਲੱਗਾ। ਦਿਲ ਦਾ ਜਾਨੀ ਸੀ, ਸਦਮਾ ਪਹੁੰਚਣਾ ਕੁਦਰਤੀ ਸੀ। ਕੁਦਰਤੀ ਉਹ ਚਾਦਰਾ ਮੇਰੇ ਉੱਤੇ ਸੀ, ਜਿਹੜਾ ਚਾਦਰਾ ਲੱਕ ਬੰਨ੍ਹ ਕੇ, ਬਲਰਾਜ ਨਾਲ ਤਲਵੰਡੀ ਸਾਬ੍ਹੋ ਦੀ ਵਿਸਾਖੀ ਵੇਖਣ ਗਿਆ ਸੀ। ਬਲਰਾਜ ਦੀ ਖ਼ਾਹਿਸ਼ ਸੀ, ਤਲਵੰਡੀ ਦੀ ਵਿਸਾਖੀ ਜ਼ਰੂਰ ਵੇਖਣੀ ਐ।
”ਤੈਨੂੰ ਫ਼ਿਲਮੀ ਐਕਟਰ ਜਾਣ ਕੇ ਮਲਵਈ ਜੱਟ ਚੁੰਬੜ ਜਾਣਗੇ।” ਮੈਂ ਉਸਨੂੰ ਡਰਾਇਆ।
”ਆਪਾਂ ਕੱਪੜੇ ਹੀ ਮਲਵਈਆਂ ਵਾਲੇ ਪਾ ਕੇ ਚੱਲਾਂਗੇ ਮੇਰੇ ਕੋਲ ਕਲੀਆਂ ਵਾਲਾ ਕੁਰਤਾ ਹੈ।”
”ਚਾਦਰਾ ਤੈਨੂੰ ਮੈਂ ਸੁਆ ਦਿਆਂਗਾ, ਮੂੰਹ ਪੱਗ ਦੇ ਲੜ ਨਾਲ ਢਕ ਲਵੀਂ।” ਮੈਂ ਉਹਦਾ ਦਿਲ ਧਰਾਇਆ।
”ਫੇਰ ਤਾਂ ਮਲਵਈ ਬਣਿਆ ਈ ਪਿਆ ਆਂ, ਬੱਲੇ ਬੱਲੇ ਹੋ ਜਾਵੇਗੀ।” ਉਸ ਮਲਵਈ ਵਿਚ ਹੀ ਜਵਾਬ ਮੋੜਿਆ। ”ਲਓ ਜੀ, ਅਸੀਂ ਬਲਰਾਜ ਦੀ ਗੱਡੀ ਤੇ ਤਲਵੰਡੀ ਨੂੰ ਛੂਟਾਂ ਵੱਟ ਲਈਆਂ। ਪਹਿਲਾ ਹਮਲਾ ਅਸਾਂ ਪ੍ਰੋ. ਗੁਰਬਚਨ ਸਿੰਘ ਭੁੱਲਰ ‘ਤੇ ਜਾ ਕੀਤਾ। ਉਦੋਂ ਉਹ ਖ਼ਾਲਸਾ ਕਾਲਜ ਤਲਵੰਡੀ ਵਿਚ ਪੜ੍ਹਾਉਂਦਾ ਸੀ। ਗੱਡੀਓਂ ਉਤਰਦਿਆਂ ਨੂੰ ਉਸ ਚੋਟ ਰੜਕਾਈ।
”ਕਿਵੇਂ ਗਰੀਬ ‘ਤੇ ਚੜ ਆਏ ਓ?” ਉਹ ਸਜਰੇ ਪ੍ਰਾਹੁਣੇ ਤੋਰ ਕੇ ਵਿਹਲਾ ਹੋਇਆ ਹੀ ਸੀ ਤੇ ਸਿਰੋਂ ਨੰਗਾ, ਜਿਵੇਂ ਕਿਸੇ ਪਾਸੇ ਨੂੰ ਭੱਜਣ ਲਈ ਤਿਆਰ ਖਲੋਤਾ ਹੋਵੇ।
”ਰੋਟੀਆਂ ਖੁਣੋਂ ਭੁੱਖੇ ਨਹੀਂ ਮਰਦੇ, ਗੁਰੂ ਦਾ ਅਤੁੱਟ ਲੰਗਰ ਵਰਤਦਾ ਏ। ਤੂੰ ਸਾਲਿਆ ਚਾਹ ਵੀ ਨਹੀਂ ਪਿਆ ਸਕਦਾ।” ਮੈਂ ਵੀ ਅੱਗੋਂ ਦਬਣ ਵਾਲਾ ਨਹੀਂ ਸੀ।
”ਚਾਹ ਨਾਲ ਤਾਂ ਸਾਰਿਆਂ ਨੂੰ ਨਹਾ ਦੇਊਂ, ਜਿਹੜੇ ਮੇਲੇ ਦੀ ਲਗੌੜ ਇਹਦੇ ਨਾਲ ਇਕੱਠੀ ਹੋ ਕੇ ਘਰ ਆ ਵੜਨੀ ਏ, ਉਹਦਾ ਕੀ ਇਲਾਜ ਕਰੂੰ?” ਉਹ ਬਲਰਾਜ ਵੱਲ ਮੁਸਕੜੀਏ ਹੱਸ ਰਿਹਾ ਸੀ।
ਗੁਰਬਚਨ ਦੀ ਗੱਲ ਸੁਣ ਕੇ ਬਲਰਾਜ ਦਾ ਹਾਸਾ ਪਾਟ ਪਿਆ।
”ਬਈ ਤੇਰਾ ਮਾਲਵਾ ਕਮਾਲ ਐ।” ਉਸ ਗੁਰਬਚਨ ਨੂੰ ਗਲਵਕੜੀ ਵਿਚ ਲੈ ਲਿਆ।
”ਯਾਰੀਆਂ ਊਠਾਂ ਵਾਲਿਆਂ ਨਾਲ ਤੇ ਬਾਰ ਭੀੜੇ?” ਮੈਂ ਹੋਰ ਰਗੜਾ ਦੇ ਮਾਰਿਆ।
”ਜਦੋਂ ਆਪਣਾ ਘਰ ਬਣਾਇਆ, ਭਾਵੇਂ ਟਰੱਕ ਵਾੜ ਲਈਂ, ਤਖਤੇ ਵੀ ਨਹੀਂ ਹੋਣਗੇ।”
ਗੁਰਬਚਨ ਨੇ ਬਾਹਾਂ ਖੋਲ੍ਹ ਦਿੱਤੀਆਂ।
”ਨਹੀਂ, ਤੂੰ ਤਖਤੇ ਵੀ ਲੁਆ ਲਈਂ, ਅਸੀਂ ਚੂਥੀਆਂ ਪੱਟਣ ਵੀ ਜਾਣਦੇ ਆਂ।” ਮੈਂ ਪੂਰੇ ਹਕਵਾ ਵਿਚ ਕਹਿ ਗਿਆ।
”ਹੁਣ ਤਾਈਂ ਪੱਟੇ ਈ ਐ, ਕਿਸੇ ਦਾ ਘਰ ਵਸਾਇਆ ਵੀ ਏ?” ਗੁਰਬਚਨ ਗਤਕੇਬਾਜ਼ਾਂ ਵਾਂਗ ਵਾਰ ਰੋਕ ਕੇ ਠੋਕ ਗਿਆ।
”ਰੋਟੀ ਲਾਹੁਣ ਵਾਲੀ ਚਾਹੀਦੀ ਐ ਤਾਂ ਦੱਸ?” ਬਲਰਾਜ ਸਾਡੀਆਂ ਚੋਟਾਂ ਨਾਲ ਲੋਟਪੋਟ ਹੋ ਰਿਹਾ ਸੀ।
”ਤੂੰ ਮੇਰੀ ਪਹਿਲੀ ਵੀ ਨਾ ਭਜਾ ਦੇਵੀਂ, ਚਾਹ ਪੀ ਕੇ ਮੇਲਾ ਵੇਖੋ।” ਉਸ ਮੇਲੇ ਵੱਲ ਹੱਥ ਦਾ ਇਸ਼ਾਰਾ ਦਿੱਤਾ।
ਸਾਡੀ ਝੜਪ ਵਿਚ ਬਲਰਾਜ ਦਾ ਹਾਸਾ ਨਹੀਂ ਰੁਕਿਆ ਸੀ। ਆਖਣ ਲੱਗਾ, ”ਯਾਰ ਤੁਹਾਡਾ ਮਾਲਵਾ ਬਹੁਤ ਮਿਲਾਪੀ ਹੈ, ਕੱਚੇ ਦੁੱਧ ਵਰਗਾ।”
”ਮਿਲਾਪੀ ਤਾਂ ਬੇਥਾਹ ਐ, ਪਰ ਬੰਦਾ ਵੱਢਣ ਲੱਗਾ ਵੀ ਝਟ ਲਾਉਂਦਾ ਏ। ਵਿਗੜਿਆ ਰਿੱਛ ਵੀ ਐ।” ਗੁਰਬਚਨ ਨੇ ਸਿਫ਼ਤ ਕਰਦਿਆਂ ਜੱਟ ਕਰੈਕਟਰ ਵੀ ਨਾਲ ਖੜ੍ਹਾ ਕਰ ਦਿੱਤਾ।
”ਇਹ ਗੱਲ ਬਹੁਤ ਮਾੜੀ ਐ।” ਬਲਰਾਜ ਦਾ ਚਿਹਰਾ ਦਹਿਸ਼ਤ ਵਿਚ ਆਇਆ ਹੋਇਆ ਸੀ।
“ਮਾਖਿਓ ਨਾਲ ਵੱਢ ਖਾਣੀ ਵੀ ਹੁੰਦੀ ਐ।”
ਗੁਰਬਚਨ ਬਲਰਾਜ ਨੂੰ ਚਾਲੂ ਕਰਕੇ ਹੱਸ ਰਿਹਾ ਸੀ।
ਠੰਢੀਆਂ-ਤੱਤੀਆਂ ਚਲਦੀਆਂ ਵਿਚ ਚਾਹ ਆ ਗਈ। ਕੱਲ੍ਹ ਹੀ ਕਲੀ ਕੀਤੇ ਪਿੱਤਲ ਦੇ ਗਿਲਾਸ ਗੁਰਬਚਨ ਵਾਂਗ ਹੱਥ ਨਾ ਲੱਗਣ ਦੇਣ। ਮਸਾਂ ਕਪੜੇ ਦੇ ਲੜ ਨਾਲ ਫੜ ਕੇ ਫੂਕਾਂ ਮਾਰ-ਮਾਰ ਚਾਹ ਮੁਕਾਈ। ਮੈਂ ਗਿਲਾਸ ਰੱਖ ਕੇ ਗੁਰਬਚਨ ਸਫ਼ਰ ਜ਼ਿੰਦਗੀ ਦਾ ਨੂੰ ਪੁੱਛਿਆ- ”ਤੂੰ ਸਾਡੇ ਨਾਲ ਚੱਲਣਾ ਏ ਕਿ ਨਹੀਂ?”
”ਮੈਂ ਬਥੇਰੇ ਧੱਕੇ ਖਾ ਆਇਆਂ ਤੇ ਤੁਹਾਡੇ ਗੋਚਰੇ ਛੱਡ ਆਇਆਂ। ਜੇਬਾਂ ਸਾਂਭ ਕੇ ਰਖਿਓ। ਵਾਪਸ ਜਾਣ ਦਾ ਕਿਰਾਇਆ ਮੇਰੇ ਕੋਲੋਂ ਨਾ ਮੰਗਿਓ।”
ਉਸ ਚੱਜ ਨਾਲ ਸਾਨੂੰ ਖ਼ਬਰਦਾਰ ਕਰ ਦਿੱਤਾ। ਜਦੋਂ ਅਸੀਂ ਪ੍ਰੋਫੈਸਰ ਦੇ ਕੁਆਰਟਰ ਵਿਚੋਂ ਨਿਕਲ ਕੇ ਧੱਕੇ ਦੇਂਦੀ ਬੇਥਾਹ ਭੀੜ ਵਿਚ ਆਏ,
ਮੈਂ ਬਲਰਾਜ ਨੂੰ ਆਖਿਆ, ”ਕਿਉਂ ਆਇਆ ਸੁਆਦ ਵਿਸਾਖੀ ਦੇਖਣ ਦਾ?”
”ਵਾਕਈ ਭੀੜ ਦੀ ਤਾਂ ਹੱਦ ਹੋ ਗਈ।”
ਉਸ ਬਾਹਾਂ ਉਗਾਸੀਆਂ।” ”ਭੀੜ ਲਗਾਤਾਰ ਵਧਦੀ ਗਈ, ਧੱਕੇ ਹੋਰ ਪੈਂਦੇ ਰਹੇ। ਪਰ ਅਸੀਂ ਸ੍ਰੀ ਦਰਬਾਰ ਸਾਹਿਬ ਵੱਲ ਪੈਰ-ਪੈਰ ਵਧਦੇ ਗਏ ਅਤੇ ਧੱਕੇ-ਧੌਲਾਂ ਵੀ ਬਰਾਬਰ ਖਾਂਦੇ ਗਏ। ਸਾਡੇ ਚਾਰ ਖਾਨੇ ਦੇ ਚਾਦਰੇ ਇਕੋ ਥਾਨ ਨਾਲੋਂ ਪਾੜ ਕੇ ਬਣਵਾਏ ਸਨ। ਮੈਂ ਬੇਪ੍ਰਵਾਹ ਸਾਂ, ਪਰ ਉਸ ਪਛਾਣੇ ਜਾਣ ਦੇ ਡਰੋਂ, ਕੰਨ ਕੋਲ ਛੱਡਿਆ ਪੂੰਝਾ ਨੱਕ ਉੱਤੋਂ ਦੀ ਪੱਗ ਵਿਚ ਹੀ ਟੰਗਿਆ ਹੋਇਆ ਸੀ।
ਇਕ ਗੱਭਰੂ ਸਾਨੂੰ ਦੋਹਾਂ ਨੂੰ ਤਾੜਦਾ ਅਗਾਂਹ ਲੰਘ ਗਿਆ। ਪਰ ਉਹ ਚਾਰ ਕਦਮਾਂ ਜਾ ਕੇ ਮੁੜ ਆਇਆ। ਸਾਥੋਂ ਅਗਾਂਹ ਲੰਘ ਕੇ ਬਲਰਾਜ ਅੱਗੇ ਖਲੋ ਗਿਆ। ਅਸਾਂ ਵੀ ਪੈਰ ਮਲ੍ਹ ਲਏ। ਉਹ ਕੁਝ ਨਾ ਬੋਲਿਆ। ਉਸ ਚੁੱਪਚਾਪ ਬਲਰਾਜ ਦੀ ਪੱਗ ਦਾ ਲੜ ਖੋਲ੍ਹ ਕੇ ਮੂੰਹ ਨੰਗਾ ਕਰ ਲਿਆ। ਬਲਰਾਜ ਨੇ ਉਸ ਦਾ ਹੱਥ ਨਾ ਫੜਿਆ ਤੇ ਮੁਸਕਰਾ ਪਿਆ।
ਨੌਜਵਾਨ ਬਲਰਾਜ ਨੂੰ ਅੱਖ ਮਾਰ ਕੇ ਬੋਲਿਆ,
”ਤੂੰ ਓਹੀ ਏ ਨਾਅ?”
ਬਲਰਾਜ ਨੇ ਹਾਂ ਵਿਚ ਸਿਰ ਹਿਲਾਇਆ।
ਉਸ ਭਲੇ ਲੋਕ ਨੇ ਪੂੰਝਾ ਥਾਏਂ ਬੱਝੀ ਪੱਗ ਵਿਚ ਟੰਗ ਦਿੱਤਾ। ਤੇ ‘ਜਿਉਂਦਾ ਵਸਦਾ ਰਹੁ’ ਆਖਦਾ ਭੀੜ ਵਿਚ ਗਵਾਚ ਗਿਆ।
”ਤੇਰੇ ਮਾਲਵੇ ਦੇ ਲੋਕ ਕਿੰਨੇ ਪਿਆਰੇ ਤੇ ਦਿਲਚਸਪ ਐ। ਇਨ੍ਹਾਂ ਦੀ ਨਸ਼ੰਗਤਾ ਤੇ ਬੇਪ੍ਰਵਾਹੀ, ਛੱਡ ਗੱਲ ਦੇ। ਨਸ਼ੰਗ ਕੋਈ ਯਾਰ, ਹੱਥ ਦੀ ਛਾਪ ਲਾਹ ਲਵੇ, ਹੱਸ ਪੈਣਗੇ, ਮੰਗਣਗੇ ਨਹੀਂ।” ਮੈਂ ਥੋੜ੍ਹਾ ਠਹਿਰ ਕੇ ਕਿਹਾ, “ਇਨ੍ਹਾਂ ਨੂੰ ਤਾਂ ਸਾਦਗੀ ਤੇ ਪਿਆਰ ਦੀ ਬੇਪ੍ਰਵਾਹੀ ਨੇ ਹੀ ਲੁੱਟ ਖੋਹ ਲਿਆ।”
”ਐਨੇ ਅਵੇਸਲੇ ਕਿਉਂ ਬਈ?”
”ਮਾਲਵੇ ਵਿਚ ਹਾਲੇ ਵੀ ਅਜਿਹੇ ਸ਼ੇਰਦਿਲ ਮਿਲ ਜਾਣਗੇ, ਜਿਹੜੇ ਦਿਲ ਦੇਂਦੇ, ਨਾਲ ਸਿਰ ਵੀ ਪੇਸ਼ ਕਰ ਦੇਣਗੇ।” ਮੈਂ ਮਲਵਈ ਮਾਣ ਵਿਚ ਭਰਿਆ ਪਿਆ ਸਾਂ। ”ਯਾਰ ਪਿਆਰਾ ਰੱਬ, ਜਿੰਦ ਪਿਆਰੀ ਨਾਂਹ।”
”ਬਈ ਵਾਹ, ਪੰਜਾਬ ਦੇ ਇਸ ਜਜ਼ਬੇ ਨੇ ਤਰੀਖਾਂ ਦੀਆਂ ਹੱਦਾਂ ਟੱਪ ਘੱਤੀਆਂ।” ਬਲਰਾਜ ਨੇ ਮੇਰੀ ਆਖੀ ਗੱਲ ਦੀ ਪ੍ਰੋੜ੍ਹਤਾ ਵਿਚ ਸਿਰ ਹਿਲਾਇਆ।
”ਬਲਰਾਜ! ਇਸ ਕੰਗਾਲੀ ਨੇ ਯਾਰਾਂ ਦੀ ਯਾਰੀ ਨੂੰ ਲੀਕ ਲਾ ਦਿੱਤੀ। ਦਿਨ ਮਾੜੇ ਹੀ ਮਾੜੇ ਇਕ-ਦੂਜੇ ਦੇ ਉਤੋਂ ਦੀ ਚੜ੍ਹੇ ਆ ਰਹੇ ਐ।” ਮੈਂ ਪੰਜਾਬ ਦੀ ਰੁੜ੍ਹਦੀ-ਖੁਰਦੀ ਆਰਥਿਕ ਜਵਾਨੀ ਦਾ ਗਿਲਾ ਜਤਾਇਆ। ਕਿਸੇ ਵੀ ਸਰਕਾਰ ਨੂੰ ਹੋਸ਼ ਨਹੀਂ ਆਈ, ਹੀਰਿਆਂ ਦੀ ਖਾਨ ਪੰਜਾਬ ਠੀਕਰੀਆਂ-ਰੋੜ ਹੋ ਰਿਹਾ ਏ।”
”ਯਾਰ, ਸਰਕਾਰਾਂ ਲਾਲਚੀ ਤੇ ਪੜ੍ਹੇ-ਲਿਖੇ ਸਮਗਲਰਾਂ ਦੇ ਹੱਥ ਆ ਗਈਆਂ। ਮਾੜੀ ਕਿਸਮਤ ਵਾਰਸ ਸ਼ਾਹ ਦੇ ਪੰਜਾਬ ਦੀ।” ਬਲਰਾਜ ਝੂਰ ਕੇ ਰਹਿ ਗਿਆ।
”ਸਾਧ ਬਣੇ ਡਾਕੂਆਂ ਤਾਂ ਰੱਤ ਚੂਸ ਲਈ ਤੇ ਲੋਕਾਂ ਦੇ ਹੱਡ ਖੜਕਣ ਲਾ ਦਿੱਤੇ। ਸਾਲੇ ਅੰਧ ਵਿਸ਼ਵਾਸ ਨੇ ਸੁੱਚੇ ਧਰਮ ਉਤੇ ਵੀ ਚੱਜ ਨਾਲ ਹੀ ਕਾਠੀ ਪਾ ਲਈ। ਮੈਂ ਮੰਨਣ ਵਿਚ ਵਿਸ਼ਵਾਸ ਰੱਖਦਾ ਆਂ, ਪਰ ਜੇ ਇਸ ਨਾਲੋਂ ਗਿਆਨ ਨੂੰ ਤੋੜ ਦਿੱਤਾ ਜਾਵੇ, ਸਭ ਕੁਝ ਹੀ ਨਰਕ ਦਾ ਅਖਾੜਾ ਬਣ ਜਾਂਦਾ ਹੈ।”
ਅਸੀਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਬਾਹਰ ਨਿਵੇਕਲੇ ਨਿਕਲ ਆਏ। ”ਮੱਥਾ ਟੇਕਣਾ ਸ਼ਰਧਾ ਤੇ ਨਿਰਮਾਣਤਾ ਤਾਂ ਦੇਂਦਾ ਹੈ, ਪਰ ਜੰਜਾਲਾਂ ਤੋਂ ਪਾਰ ਮੁਕਤੀ ਤਾਂ ਗਿਆਨ ਨੇ ਹੀ ਦੇਣੀ ਹੁੰਦੀ ਐ।” ਮੈਂ ਥੋੜ੍ਹੀ ਵਿਆਖਿਆ ਵਿਚ ਪੈ ਗਿਆ।
”ਪਰ ਗਿਆਨ ਵੀ ਹਰ ਬੁੱਧੀ ਦੇ ਵਸ ਦਾ ਰੋਗ ਨਹੀਂ। ਪਹਿਲੋਂ ਬ੍ਰਹਮ ਗਿਆਨ ਆਪਣੀ ਮਲਕੀਅਤ ਬਣਾ ਕੇ ਪੰਡਿਤਾਂ ਦੱਬੀ ਰਖਿਆ। ਬਾਬੇ ਨਾਨਕ ਨੇ ਇਸ ਗਿਆਨ ਦੀ ਬੁੱਕਲ ਖੋਲ੍ਹੀ ਤਾਂ ਪੰਡਿਤ ਉਸ ਨੂੰ ਸਿਰ ਫਿਰਿਆ ਆਖਣ ਲੱਗ ਪਏ। ‘ਅੰਨ੍ਹੀ ਰਈਅਤ ਗਿਆਨ ਵਹੂਣੀ’।
ਗਿਆਨ ਬਿਨਾ ਚੰਚਲ ਮਨ ਨੂੰ ਕਿਤੇ ਠਾਹਰ ਨਹੀਂ। ਪੂਜਾ ਅਥਵਾ ਮਾਇਆ ਸੁੱਚੇ ਗਿਆਨ ਧਰਮ ਉੱਤੇ ਕਾਠੀ ਪਾਈ ਪ੍ਰਧਾਨ ਬਣੀ ਬੈਠੀ ਐ।” ਹੈਰਾਨ ਹੋਇਆ ਬਲਰਾਜ ਅਸਚਰਜ ਨਾਲ ਮੇਰੇ ਮੂੰਹ ਵੱਲ ਵੇਖਣ ਲੱਗ ਪਿਆ, ਜਿਵੇਂ ਕੋਈ ਹੋਰ ਬੋਲ ਰਿਹਾ ਸੀ।
”ਮੈਨੂੰ ਤਾਂ ਹੁਣ ਪਤਾ ਲੱਗਾ, ਤੂੰ ਤਾਂ ‘ਬ੍ਰਹਮ’ ਤੱਕ ਪਹੁੰਚਿਆ ਰਿਸ਼ੀਆਂ ਵਰਗਾ ਏ। ਤੂੰ ਇਹ ਸਭ ਕੁਝ ਯਾਰ ਕਿੱਥੋਂ ਤੇ ਕਿਵੇਂ ਪਾਇਆ? ਮੈਨੂੰ ਵੀ ਦੱਸ?” ਬਲਰਾਜ ਚਾਅ ਵਿਚ ਬੁੱਲ੍ਹਾਂ ‘ਤੇ ਜੀਭ ਫੇਰ ਗਿਆ।
ਕੋਈ ਪੋਨੇ ਗੰਨੇ ਵੇਚ ਰਿਹਾ ਸੀ। ਤੇਰੇ ਵਰਗੇ ਨੇ ਆਨਾ ਦੇ ਕੇ ਗੰਨਾ ਮੰਗ ਲਿਆ। ਉਸ ਆਗ ਵਾਲੇ ਪਾਸਿਓਂ ਅੱਧਾ ਵੱਢ ਕੇ ਹੱਥ ਫੜਾ ਦਿੱਤਾ। ”ਓਏ ਇਹ ਕੀ, ਐਨਾ ਹੀ?” ਗੰਨੇ ਵੇਚਣ ਵਾਲੇ ਨੇ ਜਵਾਬ ਦਿੱਤਾ, ”ਏਨੇ ਦਾ ਐਨਾ ਈ ਆਉਂਦਾ ਏ।”
”ਬਲਰਾਜ! ਜੇ ਤੇਰਾ ਈਮਾਨ ਬੰਬਈ ਨੇ ਲੁੱਟ ਲਿਆ, ਇਸ ਵਿਚ ਮੇਰਾ ਕੀ ਦੋਸ਼। ਹਾਂ, ਫ਼ਿਲਮੀ ਦੁਨੀਆਂ ਨੂੰ ਸਲਾਮ ਕਰਕੇ ਆ ਜਾਵੀਂ। ਭਰੇ ਭਾਂਡੇ ਨੂੰ ਖ਼ਾਲੀ ਕਰੇ ਬਿਨਾ ਉਸ ਵਿਚ ਕੁਝ ਹੋਰ ਨਹੀਂ ਪਾਇਆ ਜਾ ਸਕਦਾ। ਗੋਰਖ ਦੇ ਟਿੱਲਿਓਂ ਹੋਰ ਕੁਝ ਮਿਲੇ, ਨਾ ਮਿਲੇ, ਮਨ ਦੀ ਸ਼ਾਂਤੀ ਵਾਲੀਆਂ ਮੁੰਦਰਾਂ ਜ਼ਰੂਰ ਮਿਲ ਜਾਂਦੀਆਂ ਹਨ।” ਮੈਂ ਉਸ ਦਾ ਸਾਰਾ ਅੰਦਰ ਹਲੂਣ ਸੁੱਟਿਆ।
”ਆਪ ਤਾਂ ਤੂੰ ਥਾਂ-ਥਾਂ ਭੱਜਾ ਫਿਰਦਾ ਏਂ, ਮੈਨੂੰ ਕੀ ਠਾਹਰ ਦੇਵੇਂਗਾ?” ਉਸ ਤਾਹਨਾ ਦੇ ਮਾਰਿਆ।
”ਜੇ ਤੇਰੀ ਸ਼ਰਧਾ ਈ ਕਮਜ਼ੋਰ ਐ, ਫੇਰ ਤੈਨੂੰ ਬ੍ਰਹਮਾਨੰਦ ਵੀ ਕੀ ਕਰ ਸਕਦਾ ਏ।” ਉਹ ਮੁਸਕੜੀਆਂ ਤੋਂ ਬਾਛਾਂ ਖੋਲ੍ਹ ਕੇ ਹੱਸ ਪਿਆ। ”ਇਕ ਹੋਰ ਘਟਨਾ ਸੁਣ-ਵੱਡੀ ਘਲਾਂ ਵਾਲਾ ਪੂਰਾਨੰਦ ਸਾਧ ਮੇਰਾ ਯਾਰ ਸੀ। ਪਿੰਡ ਤੋਂ ਬਾਹਰ ਪਰੇ ਤੇ ਆਪਣੇ ਕਬੂਤਰਾਂ ਨਾਲ ਰਹਿੰਦਾ ਸੀ। ਉਹਦੀ ਖੂਹੀ ਤੋਂ ਰਾਹੀ ਪਾਂਧੀ ਆਮ ਈ ਪਾਣੀ ਪੀ ਕੇ ਲੰਘਦੇ ਸਨ। ਇਕ ਰਾਹੀ ਨੇ ਪਾਣੀ ਪੀ ਕੇ ਪੁੱਛਿਆ, ‘ਬਾਵਾ ਜੀ ਇਸ ਬੰਦ ਕੋਠੜੀ ਵਿਚ ਕੀ ਐ?’
‘ਮਹਾਰਾਜ ਐ।’ ਬਾਵੇ ਨੇ ਉੱਤਰ ਮੋੜਿਆ।
ਰਾਹੀ ਨੇ ਸਰਦਲ ਉਤੇ ਰੁਪਈਆ ਰੱਖ ਕੇ ਮੱਥਾ ਟੇਕ ਦਿੱਤਾ ਅਤੇ ਆਪਣੇ ਰਾਹ ਪੈ ਗਿਆ। ਉਹਦੇ ਜਾਣ ਪਿੱਛੋਂ ਬਾਵੇ ਨੇ ਰੁਪਈਆ ਚੁੱਕ ਕੇ ਜੇਬ ਵਿਚ ਪਾ ਲਿਆ। ਸ਼ਾਮ ਪੈਂਦੀ ਨੂੰ ਉਹ ਰਾਹੀ ਪਾਣੀ ਪੀਣ ਦੇ ਬਹਾਨੇ ਬਾਵੇ ਦੀ ਵਾੜੀ ਫਿਰ ਰੁਕ ਗਿਆ। ਉਸ ਦੇਖਿਆ, ਬਾਵਾ ਚਾਲੀ ਪੰਜਾਹ ਕਬੂਤਰਾਂ ਨੂੰ ਮਹਾਰਾਜ ਵਾਲੀ ਕੋਠੜੀ ਵਿਚ ਬਾਜਰੇ ਦੀਆਂ ਮੁੱਠਾਂ ਖਿਲਾਰ ਰਿਹਾ ਏ। ਰਾਹੀ ਨੂੰ ਬੜਾ ਅਸਚਰਜ ਲੱਗਾ ਤੇ ਬੋਲਿਆ, ‘ਬਾਵਾ ਜੀ, ਤੁਸੀਂ ਤਾਂ ਆਖਦੇ ਸੀ, ਇਸ ਕੋਠੜੀ ਵਿਚ ਮਹਾਰਾਜ ਐ, ਐਨਾ ਝੂਠ ਕਾਹਤੋਂ ਮਾਰਿਆ?’
‘ਦੇਖ ਬਈ ਭਗਤਾ, ਜੇ ਤੇਰੀ ਸ਼ਰਧਾ ਕਮਜ਼ੋਰ ਐ, ਆਹ ਆਪਣਾ ਰੁਪਈਆ ਲੈ ਜਾਹ, ਨਹੀਂ ਕਬੂਤਰ ‘ਸਤਿਗੁਰ ਸਤਿਗੁਰ’ ਕਰਦੇ ਸੁਣ ਲੈ।’ ਬਾਵੇ ਦੀ ਦਲੀਲ ਅੱਗੇ ਰਾਹੀ ਅਵਾਕ ਹੋ ਕੇ ਰਹਿ ਗਿਆ।” ਤੇ ਬਲਰਾਜ ਦਾ ਹਾਸਾ ਬੰਦ ਹੋਣ ਵਿਚ ਨਾ ਆਵੇ।
”ਹੁਣ ਬਲਰਾਜ ਤੇਰੀ ਸ਼ਰਧਾ ਨੂੰ ਕੀ ਆਖਾਂ। ਤੇਰਾ ਫ਼ਿਲਮੀ ਸੰਸਾਰ ਤੇ ਨਰਕ ਸੰਸਾਰ ਸਕੇ ਭਰਾ ਹਨ। ਮੈਂ ਤੈਨੂੰ ਬ੍ਰਹਮਗਿਆਨ ਵੱਲ ਧੂੰਹਦਾ ਆਂ ਤੂੰ ਮੈਨੂੰ ਆਪਣੇ ਨਰਕਸਤਾਨ ਵੱਲ ਖਿਚਦਾ ਏ।” ਮੈਂ ਇਕ ਲੋਲ੍ਹੜ ਜੱਟ ਦੀ ਕਥਾ ਨਾਲ ਬਲਰਾਜ ਨੂੰ ਠਾਰ ਦਿੱਤਾ।
”ਤੇਰੇ ਕੋਲੋਂ ਬ੍ਰਹਮਗਿਆਨ ਲੈ ਕੇ ਮੈਂ ਭੁੱਖਾਂ ਨਹੀਂ ਮਰਨਾ ਈਮਾਨਦਾਰੀ ਨਾਲ ਮੈਂ ਆਪਣੇ ਕਿਤੇ ਵਿਚ ਮਸਤ ਆਂ। ਮੈਨੂੰ ਫ਼ਿਲਮ ਲਾਈਨ ਵਿਚੋਂ ਨਾ ਉਖਾੜ। ਬਸ ਆਪਣੀ ਯਾਰੀ ਇਸ ਤਰ੍ਹਾਂ ਹੀ ਚੱਲੀ ਜਾਣ ਦੇ। ਊਂ ਅੱਜ ਤਲਵੰਡੀ ਦੀ ਵਿਸਾਖੀ ਵੇਖਣ ਦਾ ਸੁਆਦ ਆ ਗਿਆ।” ਉਹ ਬਹੁਤ ਖੁਸ਼ ਸੀ।
ਤਲਵੰਡੀ ਦੀ ਵਿਸਾਖੀ ਵੇਖ ਕੇ ਬਲਰਾਜ ਬੰਬਈ ਪਹੁੰਚਿਆ ਤਾਂ ਨਵਾਂ ਪੁਆੜਾ ਖੜ੍ਹਾ ਹੋ ਗਿਆ। ਸਮਝੋ ਬਲਰਾਜ ਦੇ ਮਾੜੇ ਦਿਨ ਆ ਗਏ। ਪ੍ਰੀਕਸ਼ਤ ਪਹਿਲਾਂ ਹੀ ਘਰ ਛੱਡ ਕੇ ਚਲਾ ਗਿਆ ਸੀ। ਸਨੋਬਰ ਲੜਕੀ ਦਾ ਵਿਆਹ ਪੂਰੀ ਆਨ ਸ਼ਾਨ ਨਾਲ ਕੀਤਾ ਸੀ। ਪਰ ਕੁੜਮਾਂ ਦੀ ਲਾਲਚੀ ਭੁੱਖ ਪੂਰੀ ਨਾ ਹੋਈ। ਕੁੜੀ ਨਾਲ ਕਾਟੋ ਕਲੇਸ਼ ਇੰਤਹਾ ਨੂੰ ਪਹੁੰਚ ਗਿਆ। ਉਨ੍ਹਾਂ ਸਨੋਬਰ ਨੂੰ ਮੂੰਹ ਪਾੜ ਕੇ ਕਹਿ ਦਿੱਤਾ ”ਤੇਰੇ ਬਾਪ ਕੋਲ ਬੰਬਈ ਦੇ ਅੰਦਰ-ਬਾਹਰ ਐਨੀ ਜਾਇਦਾਦ ਏ, ਉਹ ਸਾਨੂੰ ਰਹਿਣ ਲਈ ਇਕ ਮਕਾਨ ਵੀ ਨਹੀਂ ਦੇ ਸਕਦਾ?”
ਕੁੜੀ ਬਹੁਤ ਹੀ ਸੋਹਲ ਤੇ ਨਾਜ਼ੁਕ ਵਿਚਾਰਾਂ ਦੀ ਸੀ। ਪੇਕੇ ‘ਇਕ ਰਾਮ’ ਘਰ ਵਾਪਸ ਆ ਗਈ। ਮਾਨਸਿਕ ਪੀੜ ਐਨੀ ਵਧੀ, ਛੁਟਕਾਰੇ ਲਈ ਆਪੇ ਉੱਤੇ ਤੇਲ ਪਾ ਕੇ ਅੱਗ ਲਾ ਲਈ। ਅੱਧ ਸੜੀ ਸ਼ਾਵਰ ਹੇਠ ਹੋ ਗਈ। ਪੀੜ ਸਹਿ ਨਾ ਸਕੀ ਤਾਂ ‘ਹਾਇ ਬੂ” ਕਰਦੀ ਬਾਹਰ ਗਲੀ ਵਿਚ ਆ ਡਿੱਗੀ। ਲੋਕਾਂ ਸੰਭਾਲਾ ਦਿੱਤਾ। ਬਲਰਾਜ ਭੈੜੀ ਖ਼ਬਰ ਸੁਣ ਕੇ ਸ਼ੂਟਿੰਗ ਤੋਂ ਭੱਜਾ ਆਇਆ। ਕੁੜੀ ਨੂੰ ਹਸਪਤਾਲ ਲੈ ਗਏ। ਜਾਨ ਤਾਂ ਵਾਹਿਗੁਰੂ ਦੀ ਕ੍ਰਿਪਾ ਨਾਲ ਬਚ ਗਈ, ਪਰ ਸੜੇ ਅੰਗ ਥਾਂ ਪਰ ਥਾਂ ਜਾਮ ਹੋ ਗਏ। ਸਾਰਾ ਹਾਲ ਹਕੀਕਤ ਬਲਰਾਜ ਨੇ ਮੈਨੂੰ ਲਿਖ ਘੱਲਿਆ। ਮੈਂ ਉਸਨੂੰ ਸਲਾਹ ਦਿੱਤੀ। ਕੁੜੀ ਨੂੰ ਵੀ ਮੇਰੀ ਸਲਾਹ ਚੰਗੀ ਲੱਗੀ ਤੇ ਉਹ ਸਨੋਬਰ ਨੂੰ ਢੁਡੀਕੇ ਲੈ ਆਇਆ। ਮੇਰੀ ਬੇ ਜੀ ਨੂੰ ਜਦੋਂ ਸਾਰੀ ਹਾਲ ਹਕੀਕਤ ਦਾ ਪੱਤਾ ਲੱਗਾ, ਉਸ ਗੱਡੀਓਂ ਉਤਰਦੀ ਕੁੜੀ ਨੂੰ ਬਾਹਾਂ ਵਿਚ ਘੁੱਟ ਲਿਆ ਅਤੇ ਲੰਮਾ ਹਾਉਕਾ ਲੈ ਕੇ ਆਖਿਆ,
”ਹਾਇ! ਐਨੀ ਸੋਹਲ ਤੇ ਸੁੰਦਰ ਕੁੜੀ ਨੇ ਔਖੀ ਹੋ ਕੇ ਆਪੇ ਨੂੰ ਸਾੜ ਲਿਆ?” ਬੇ ਜੀ ਦੀ ਹੈਰਾਨੀ ਗਈ ਨਹੀਂ ਸੀ।
”ਉਹ ਸਹੁਰੇ ਕਿਹੋ ਜਿਹੇ ਜ਼ਾਲਮ ਹੋਣਗੇ, ਜਿਨ੍ਹਾਂ ਲਾਲਚਵਸ ਪਰੀਆਂ ਵਰਗੀ ਕੁੜੀ ਨੂੰ ਸੜਨ ਲਈ ਮਜ਼ਬੂਰ ਕਰ ਦਿੱਤਾ।” ਬੇਜੀ ਕੁੜੀ ਨੂੰ ਬੁਕਲ ਵਿਚ ਲਈ ਸਹੁਰਿਆਂ ਉੱਤੇ ਬੇਹੱਦ ਔਖੀ ਸੀ। ਮੈਂ ਬੈਠਕ ਦਾ ਬਾਰ ਖੋਲ੍ਹ ਦਿੱਤਾ। ਦਲਾਨ ਦੇ ਫ਼ਰਸ਼ ਤੋਂ ਬੈਠਕ ਇਕ ਫੁੱਟ ਉੱਚੀ ਸੀ। ਲੱਤ ਜੁੜੀ ਹੋਣ ਕਾਰਨ ਸਨੋਬਰ ਤੋਂ ਬੈਠਕ ਦੇ ਫ਼ਰਸ਼ ਉੱਤੇ ਪੈਰ ਰਖਿਆ ਨਹੀਂ ਜਾ ਰਿਹਾ ਸੀ। ਬਲਰਾਜ ਨੇ ਉਸ ਨੂੰ ਚੁੱਕ ਕੇ ਬੈਠਕ ਵਿਚ ਚੜ੍ਹਦੀ ਕੀਤਾ। ਪੱਖੇ ਹੇਠਾਂ ਕੁੜੀ ਨੂੰ ਥੋੜ੍ਹੀ ਸ਼ਾਂਤੀ ਆਈ ਤੇ ਬਲਰਾਜ ਨੂੰ ਆਖਣ ਲੱਗੀ, ”ਕੰਵਲ ਚਾਚਾ ਜੀ ਦੇ ਬੇ ਜੀ ਕਿੰਨੇ ਚੰਗੇ ਐ। ਉਨ੍ਹਾਂ ਦੀ ਬੁਕਲ ਵਿਚ ਮੈਨੂੰ ਮੇਰੀ ਮਾਂ ਦੀ ਯਾਦ ਆ ਗਈ।” ਕੁੜੀ ਦੀ ਭੁੱਬ ਨਿਕਲ ਗਈ।
”ਪਿੰਡਾਂ ਦੇ ਲੋਕ ਹਾਲੇ ਕੁਦਰਤੀ ਮੋਹ ਵਾਲਾ ਸੁਭਾਅ ਰਖਦੇ ਐ। ਪਰ ਬੰਬਈ ਤਾਂ ਲਾਲਚੀ ਚੋਰਾਂ ਦਾ ਸ਼ਹਿਰ ਐ। ਇਸੇ ਲਈ ਮੈਂ ਤੈਨੂੰ ਸ਼ਾਂਤੀ ਦੇਣ ਲਈ ਕੁਦਰਤ ਦੀ ਗੋਦ ਵਿਚ ਲੈ ਕੇ ਆਇਆ ਆ।” ਬਲਰਾਜ ਨੇ ਕੁੜੀ ਦੇ ਕੰਬਦੇ ਮੌਰਾਂ ਨੂੰ ਥਾਪੜਾ ਦਿੱਤਾ। ”ਤੂੰ ਪਿਛਲੀਆਂ ਸਾਰੀਆਂ ਤਲਖੀਆਂ ਨੂੰ ਭੁੱਲ ਜਾਹ।” ਬਲਰਾਜ ਧੀ ਨੂੰ ਦਿਲਾਸਾ ਦੇ ਰਿਹਾ ਸੀ।
”ਕੰਵਲ ਚਾਚੇ ਦੇ ਬੇ ਜੀ ਕਿੰਨੇ ਨਿੱਘੇ ਪਿਆਰ ਨਾਲ ਮਿਲੇ ਐ।” ਕੁੜੀ ਲਈ ਓਪਰੀ ਥਾਂ ਅਤੇ ਬੰਦੇ ਹੈਰਾਨੀ ਵਾਲੀ ਗੱਲ ਸੀ। “ਮਾਵਾਂ ਤਾਂ ਮੋਹ ਮਮਤਾ ਦੀ ਮੂਰਤ ਹੁੰਦੀਆਂ ਹਨ, ਪਰ ਸਾਡੀ ਇਹ ਨਵੀਂ ਮਾਂ…?” ਕੁੜੀ ਥਾਂਏ ਗੱਲ ਘੁੱਟ ਗਈ।
”ਇਹ ਘਰ ਨੂੰ ਤੂੰ ਆਪਣੀ ਦਮੋ ਮਾਂ ਦਾ ਹੀ ਘਰ ਸਮਝ। ਸੰਗਣ ਸੰਕੋਚਣ ਦੀ ਲੋੜ ਨਹੀਂ। ਤੈਨੂੰ ਕੁਦਰਤ ਦੀ ਬੁੱਕਲ ਵਿਚ ਲਿਆ ਕੇ ਬਿਠਾਇਆ ਏ।” ਬਲਰਾਜ ਕੁੜੀ ਦੇ ਦਿਲ ਬੈਠੇ ਹਰ ਤਰ੍ਹਾਂ ਦੇ ਡਰ-ਭੈ ਸਾਰੇ ਮੁਕਾਉਣਾ ਚਾਹੁੰਦਾ ਸੀ। ਮੇਰੀਆਂ ਵੱਡੀਆਂ ਦੋਵੇਂ ਕੁੜੀਆਂ ਸਨੋਬਰ ਨੂੰ ਅਤਿ ਸਨੇਹ ਨਾਲ ਬਾਹਾਂ ਭਰ ਕੇ ਮਿਲੀਆਂ। ਉਹ ਉਸ ਦੇ ਦੋਹੀਂ ਪਾਸੀਂ ਬੈਠੀਆਂ ਉਸਨੂੰ ਪਿਆਰ ਦਿਲਾਸੇ ਨਾਲ ਘੁੱਟ ਰਹੀਆਂ ਸਨ। ਸਾਡਾ ਸਾਰਾ ਟੱਬਰ ਇਸ ਗੱਲੋਂ ਔਖਾ ਤੇ ਪ੍ਰੇਸ਼ਾਨ ਸੀ ਕਿ ਐਨੀ ਸੁੰਦਰ ਨੂਰੀ ਕੁੜੀ ਨੂੰ ਸਹੁਰਿਆਂ ਦੇ ਲਾਲਚ ਨੇ ਸਾੜ ਕੇ ਰੱਖ ਦਿੱਤਾ? ”ਆਪਾਂ ਇਕੱਠੀਆਂ ਰੋਟੀ ਖਾਵਾਂਗੀਆਂ।” ਮੇਰੀ ਵੱਡੀ ਲੜਕੀ ਨੇ ਉਸ ਦੇ ਗਲ, ਉੱਤੋਂ ਦੀ ਹੱਥ ਵਧਾ ਕੇ ਘੁੱਟਿਆ।
ਸਨੋਬਰ ਦੋਹਾਂ ਕੁੜੀਆਂ ਦੇ ਹੱਥ ਫੜੀ ਮੁਸਕਰਾਈ ਜਾ ਰਹੀ ਸੀ। ਬਲਰਾਜ ਦੁਖੀ ਧੀ ਦਾ ਗ਼ਮ ਗਲਤ ਹੁੰਦਾ ਦੇਖ ਕੇ ਬੜਾ ਪ੍ਰਸੰਨ ਹੋਇਆ। ਸਨੋਬਰ ਕੁੜੀਆਂ ਦੇ ਪਿਆਰ ਵਰਤਾਅ ਵਿੱਚ ਟਹਿਕ ਪਈ।
”ਪਾਪਾ ਤੇਰਾ ਦੋਸਤ ਕੰਵਲ ਚਾਚਾ ਜੀ ਤੇ ਉਸਦੇ ਘਰ ਦੇ ਲੋਕ ਕਿੰਨੇ ਚੰਗੇ ਹਨ।” ਕੁੜੀ ਆਪਣਾ ਸੱਜਾ ਹੱਥ ਸੁਭਾਵਿਕ ਹੀ ਖੋਲ੍ਹ ਗਈ।
”ਬਈ ਇਨ੍ਹਾਂ ਨੂੰ ਹਾਲੇ ਬੰਬਈ ਵਰਗੇ ਸ਼ਹਿਰ ਦੀ ਤੱਤੀ ‘ਵਾ ਨਹੀਂ ਲੱਗੀ।” ਬਲਰਾਜ ਕੁੜੀ ਨੂੰ ਹੌਂਸਲਾ ਦੇਂਦਾ ਹੱਸ ਪਿਆ।
”ਬੰਬਈ ਇਨ੍ਹਾਂ ਦੇ ਪਿੰਡ ਵਰਗੀ ਕਿਉਂ ਨਹੀਂ ਹੋ ਸਕਦੀ?” ਕਦੇ-ਕਦੇ ਕੁੜੀ ਦੀ ਚੇਤਨਾ ਜਾਗ ਪੈਂਦੀ ਸੀ। ਉਸਦਾ ਗਮ ਕਿੰਨਾ ਭਾਰਾ ਸੀ।
ਉਹ ਦੋਵੇਂ ਇਕ ਹਫ਼ਤਾ ਪਿੰਡ ਰਹੇ। ਸਨੋਬਰ ਮੇਰੀਆਂ ਕੁੜੀਆਂ ਨਾਲ ਤੀਆਂ ਵਰਗੇ ਦਿਨ ਮਹਿਸੂਸ ਕਰਦੀ ਰਹੀ ਸੀ। ਫਿਰ ਬਲਰਾਜ ਉਸਨੂੰ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲੈ ਗਿਆ। ਉਹ ਉਸ ਅੰਦਰ ਜਾਮ ਹੋਏ ਦੁਖ-ਦਰਦ ਖੋਰ ਦੇਣਾ ਚਾਹੁੰਦਾ ਸੀ। ਸਨੋਬਰ ਪੰਜਾਬ ਵਿਚ ਕੁਝ ਦਿਨ ਹੋਰ ਗੁਜ਼ਾਰ ਕੇ ਬੰਬਈ ਚਲੀ ਗਈ। ਸਨੋਬਰ ਦੀ ਮਾਨਸਿਕਤਾ ਉਥੇ ਜਾ ਕੇ ਮੁੜ ਖ਼ਰਾਬ ਹੋ ਗਈ। ਉਹ ਵਾਰ-ਵਾਰ ਆਖਦੀ ਸੀ, ਮਾਂ ਮੈਨੂੰ ਆਵਾਜ਼ਾਂ ਮਾਰ ਰਹੀ ਐ।
”ਤੂੰ ਆ ਜਾਹ, ਤੈਨੂੰ ਏਥੇ ਖਾ ਜਾਣਗੇ।”
ਥੋੜ੍ਹੇ ਦਿਨਾਂ ਪਿੱਛੋਂ ਹੀ ਦਰਦਾਂ ਦੀ ਸੀਮਾ ਨਾ ਸਹਾਰਦੀ, ਉਹ ਬੰਬਈ ਤੋਂ ਹਮੇਸ਼ਾ ਲਈ ਕੂਚ ਕਰ ਗਈ। ਬਲਰਾਜ ਦਾ ਅਥਾਹ ਦਰਦ ਭਰਿਆ ਖ਼ਤ ਪੜ੍ਹਿਆ ਨਹੀਂ ਜਾ ਰਿਹਾ ਸੀ। ਮੈਨੂੰ ਉਹਦੇ ਕੋਮਲ ਅਹਿਸਾਸ ਦਾ ਹਾਥ ਸੀ। ਝਟ ਹੌਂਸਲਾ ਦੇਣ ਲਈ ਬੰਬਈ ਪਹੁੰਚਿਆ। ਬਲਰਾਜ ਅੰਦਰੋਂ ਬਾਹਰੋਂ ਖਿਲਰਿਆ ਪਿਆ ਸੀ। ਨਾ ਉਸਦੇ ਦਰਦ ਨੂੰ ਕਿਸੇ ਸਮਝਿਆ, ਨਾ ਹੀ ਸੁਣਿਆ। ਓਪਰੀ ਹਾਲਤ ਵਿਚ ਹੀ ਸ਼ੁਰੂ ਹੋਈਆਂ ਫ਼ਿਲਮਾਂ ਦਾ ਨਿਪਟਾਰਾ ਕਰਦਾ ਰਿਹਾ। ਉਹਦੀ ਡਿਗਦੀ ਹਾਲਤ ਦੇਖ ਕੇ ਮੈਂ ਸਲਾਹ ਦਿੱਤੀ, ਮਾਹੌਲ ਬਦਲ, ਬੰਬਈ ਛੱਡ ਕੇ ਪੰਜਾਬ ਆ ਜਾਹ। ਬੰਬਈ ਨੇ ਤੇਰੇ ਗ਼ਮ ਦਾ ਖਹਿੜਾ ਨਹੀਂ ਛੱਡਣਾ। ਉਸ ਦਾ ਖ਼ਤ ਮਿਲਿਆ ਬਸ ਮੈਨੂੰ ਆਇਆ ਹੀ ਸਮਝ। ਉਸ ਦਾ ਮਨ ਸੀ, ਪੰਜਾਬ ਵਿਚ ਡਰਾਮੇ ਨੂੰ ਘੁੰਮਾਵਾਂਗੇ। ਫਿਰ ਥੋੜ੍ਹੇ ਦਿਨਾਂ ਪਿੱਛੋਂ ਹੀ ਮਨਹੂਸ ਖਬਰ ਰੇਡੀਓ ਤੋਂ ਆ ਗਈ, ”ਫ਼ਿਲਮ ਜਗਤ ਦਾ ਪ੍ਰਸਿੱਧ ਕਲਾਕਾਰ ਬਲਰਾਜ ਸਾਹਨੀ ਦਿਲ ਦੇ ਦੌਰੇ ਕਾਰਨ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ।”
ਉਸ ਦੀ ਮੌਤ ਤੋਂ ਚਾਰ ਦਿਨ ਪਿੱਛੋਂ ਬੰਬਈ ਪਹੁੰਚਿਆ। ‘ਇਕ ਰਾਮ’ ਘਰ ਸੁੰਨਾ ਪਿਆ ਸੀ। ਬਸ ਨੌਕਰ ਮੈਨੂੰ ਹੈਰਾਨੀ ਨਾਲ ਵੇਖ ਰਿਹਾ ਸੀ। ਬਲਰਾਜ ਦੇ ਲੜਕੇ ਪ੍ਰੀਕਸ਼ਤ ਨੂੰ ਭਾਲਿਆ, ਨਾ ਮਿਲਿਆ। ਉਹ ਕਈ ਸਾਲ ਪਹਿਲਾਂ ਘਰ ਛੱਡ ਕੇ ਚਲਾ ਗਿਆ ਸੀ। ਭਾਲਿਆ ਤਾਂ ਬੜੀ ਔਖ ਨਾਲ ਰੋਣ ਲੱਗ ਪਿਆ। ਪਰ ਦਰਦ ਗ਼ਮਾਂ ਦੀ ਬੱਝੀ ਪੰਡ ਨਾ ਖੋਲ੍ਹ ਸਕਿਆ। ਬਲਰਾਜ ਨਾਲ ਹੀਰੋਇਨ ਦਾ ਰੋਲ ਕਰਨ ਵਾਲੀ ਅਚਲਾ ਮਿਲੀ, ਮੈਂ ਗਿਲਾ ਕੀਤਾ।
”ਤੁਸੀਂ ਬੰਬਈ ਵਾਲਿਓ, ਇਕ ਹੀਰਾ ਖੋ ਦਿੱਤਾ। ਸਮੇਂ ਸਿਰ ਤੁਸੀਂ ਲੋਕ ਉਸਦਾ ਦਰਦ ਗ਼ਮ ਵੀ ਨਾ ਵੰਡਾ ਸਕੇ?”
”ਕਿੱਥੇ ਕੰਵਲ! ਉਸਨੇ ਦਿਲ ਦੇ ਗ਼ਮ ਦੀ ਗੰਢ ਹੋਰ ਪੀਚ ਲਈ। ਉਹ ਕੁਝ ਵੀ ਦੱਸਦਾ, ਅਸੀਂ ਕੁਰਬਾਨ ਜਾਣ ਵਾਲੇ ਹਾਜ਼ਰ ਸਾਂ।” ਉਹ ਰੋਣ ਹਾਕੀ ਹੋਈ ਪਈ ਸੀ। ਮੈਂ ਉਸਦਾ ਹੱਥ ਥਾਪੜਿਆ। ”ਬਸ ਏਵੇਂ ਹੋਣੀ ਸੀ, ਕੀ ਦੋਸ਼ ਨਣਦ ਨੂੰ ਦੇਣਾ।”
ਬਲਰਾਜ ਦੀ ਮਾਸੀ ਦੀ ਧੀ ਦੇ ਘਰ ਪ੍ਰੀਕਸ਼ਤ ਨੂੰ ਆ ਭਾਲਿਆ। ਭੁੱਬਾਂ ਮਾਰ ਕੇ ਰੋ ਪਿਆ। ਕੋਈ ਗੱਲ ਨਾ ਹੋ ਸਕੀ। ਸੰਤੋਸ਼ ਸਾਹਨੀ ਘਰ ਨਹੀਂ ਮਿਲੀ। ਉਹ ਬਲਰਾਜ ਦੀ ਜਾਇਦਾਦ ਉੱਤੇ ਕਬਜ਼ਾ ਕਰਨ ਲਈ ਸਫਰ ‘ਤੇ ਚੜੀ ਹੋਈ ਸੀ। ਮੈਂ ਗ਼ਮ ਨਾਲ ਭਰਿਆ ਵਾਪਸ ਆ ਗਿਆ। ਉਹਦੀ ਯਾਦ ਨੂੰ ਜਿਉਂਦੀ ਰੱਖਣ ਲਈ ਉਹਦੇ ਨਾਂ ਦਾ ਇਕ ਇਨਾਮ ਪੰਦਰਾਂ ਹਜ਼ਾਰ ਦਾ ਪੰਜਾਬੀ ਸਾਹਿਤ ਟਰੱਸਟ ਢੁਡੀਕੇ ਵੱਲੋਂ ਜਾਰੀ ਕਰ ਦਿੱਤਾ। ਉਹ ਸਾਰੇ ਪੰਜਾਬ ਦਾ ਨਿੱਗਰ ਯਾਰ ਸੀ। ਪਰ ਘਰ ਵਾਲਿਆਂ ਦਾ ਕੁਝ ਵੀ ਨਹੀਂ ਲੱਗਦਾ ਸੀ।
ਜਸਵੰਤ ਸਿੰਘ ਕੰਵਲ
ਇਸ਼ਕ ਪੈਗੰਬਰ ਰੱਬ ਦਾ, ਹੁਸਨ ਉਹਦੀ ਸਰਕਾਰ।
ਖਹਿਣ ਕਟਾਰਾਂ ਆਪਸੀ, ਚਾਨਣ ਹੋਏ ਸੰਸਾਰ।
ਹੁਸਨ ਤੇ ਇਸ਼ਕ, ਰੱਬ ਦਾ ਸੱਜਾ ਖੱਬਾ। ਰੱਬ ਆਪ ਇਹਨਾਂ ਵਿੱਚ ਵਸਿਆ। ਕਦੇ-ਕਦੇ ਵਜਦ-ਵਿਰਦ ਵਿੱਚ ਆਇਆ, ਸ਼ਰਾਰਤ ਛੇੜ ਸੁਆਦ ਲੈਂਦਾ। ਜਿਵੇਂ ਬਾਲਕ ਰੇਤ ਦੇ ਘਰ, ਪੁਤਲੇ ਆਦਿ ਬਣਾਉਂਦਾ ਤੇ ਫਿਰ ਆਪ ਹੀ ਢਾਹ ਦੇਂਦਾ। ਉਹ ਸੁੱਤੇ ਹੀ ਇੱਕ ਵਾਰ ਟਾਹ-ਟਾਹ ਹੱਸ ਪਿਆ; ਇਕ ਨਵਾਂ ਅਸਚਰਜ ਵਾਪਰ ਗਿਆ ਸੀ। ਉਸ ਦੇ ਬਣਾਏ ਪੁਤਲੇ ਧੜਕਣ-ਨੱਚਣ ਲੱਗ ਪਏ। ਉਸ਼ੇਰ ਨੇ ਲੰਮੀ ਹਾਕ ਮਾਰੀ। ਪੁਤਲੀਆਂ ਗੂੜ੍ਹੀ ਨੀਂਦੋਂ ਜਾਗ ਅੰਗੜਾਈਆਂ ਭਰ ਲਈਆਂ। ਚੰਨ ਦੀ ਭਰਪੂਰ ਚਾਨਣੀ ਵਿੱਚ ਕਮਲਾ ਸਾਗਰ ਬੇਹਾਲ ਹੋ ਤੁਰਿਆ। ਉਸ ਦੀਆਂ ਕੱਪਰ ਛੱਲਾਂ ਇੱਕ ਗਰਭ-ਸਿੱਪੀ ਰੇਤ ਉੱਤੇ ਉਛਾਲ ਮਾਰੀ। ਅਨਾੜੀ ਮਛੇਰੇ ਬਾਜ਼ਾਰ ਲਿਆ ਵੇਚੀ। ਖਰੀਦਦਾਰ ਅਣਜਾਣ, ਉਸ ਸਿੱਪੀ ਖੋਲ੍ਹੀ ਤੇ ਕੱਚੀ ਜਾਣ ਵਗਾਹ ਸੁੱਟੀ। ਵਿਚਲਾ ਅਨਮੋਲ ਮੋਤੀ ਧਾਹਾਂ ਮਾਰ ਰੋਇਆ, ਦਰ-ਦਰ ਦਾ ਭਿਖਾਰੀ ਹੋਇਆ; ਜਿਹੜਾ ਆਪਣੇ ਅੰਦਰ ਬਾਦਸ਼ਾਹੀਆਂ ਸਮੋਈ ਬੈਠਾ ਸੀ। ਆਖ਼ਰ ਵਾਟਾਂ ਮਾਰ ਮੁਰੀਦ ਨੂੰ ਪੀਰ ਆ ਮਿਲਿਆ। ਉਸ ਉਹਨੂੰ ਨੁਹਾਇਆ, ਲਿਸ਼ਕਾਇਆ। ਮੋਤੀ, ਗੌਹਰ ਬਣ ਕੇ ਲਿਸ਼ਕਿਆ; ਜਿਸ ਰਾਜਿਆਂ ਮਹਾਂ-ਰਾਜਿਆਂ ਦੀਆਂ ਸਲਾਮਾਂ ਕਬੂਲੀਆਂ। ਰਾਗ-ਰੰਗ ਦੀ ਕਲਾ ਨੇ ਉਸ ਦੇ ਰੂਪ ਦੀ ਸ਼ਾਨ ਹੋਰ ਵਧਾਈ, ਹੋਰ ਚਮਕਾਈ। ਤੇ ਇਉਂ ਉਹ ਕਲਕੱਤੇ ਵਾਲੀ ਗੌਹਰ ਜਾਨ ਹੋ ਕੇ ਇਸ਼ਕ ਦੀਆਂ ਰੰਗੀਨ ਮਹਿਫਲਾਂ ਦੀ ਜਿੰਦ ਜਾਨ ਬਣ ਗਈ। ਫਿਰ ਰੱਬ ਤੇ ਉਸ ਦਾ ਸੰਸਾਰ, ਕਰਾਮਾਤੀ ਕ੍ਰਿਸ਼ਮਿਆਂ ਵਿੱਚ ਸਰਸ਼ਾਰੀਦੇ ਰਹੇ।
ਗੌਹਰ ਜਾਨ ਦੀ ਗਾਇਕੀ ਹਿੰਦੁਸਤਾਨ ਵਿੱਚ ਕਲਕੱਤੇ ਤੋਂ ਲੈ ਕੇ ਲਾਹੌਰ ਤੱਕ ਬੱਲੇ-ਬੱਲੇ। ਵਾਹ-ਵਾਹ ਕਿਆ ਅਲਾਪ ਕਿਆ ਪਲਟੇ। ਮਹਾਰਾਜੇ ਉਹਦੇ ਰੂਪ ਤੇ ਰਾਗ ਰੰਗ ਦੀ ਕਲਾ ਉੱਤੇ ਹਉਕੇ ਭਰਦੇ; ਅਸਚਰਜ ਨੂੰ ਝੁਕ-ਝੁਕ ਸਲਾਮਾਂ ਕਰਦੇ। ਗਵਾਲੀਅਰ ਦੇ ਮਹਾਰਾਜੇ ਦੀ ਉਹ ਇਕ ਤਰ੍ਹਾਂ ਜਾਨ ਹੀ ਬਣ ਗਈ ਸੀ। ਉਸ ਆਪਣੇ ਅਨਮੋਲ ਰਤਨ ਦੇ ਵਿਖਾਲੇ ਲਈ ਸ਼ਰੀਕ ਮਹਾਰਾਜਿਆਂ ਨੂੰ ਆਪਣੇ ਜਨਮ ਦਿਨ ਉੱਤੇ ਆਉਣ ਲਈ ਸੱਦੇ ਪੱਤਰ ਭੇਜ ਦਿੱਤੇ। ਰਾਜ ਘਰਾਣਿਆਂ ਦੇ ਚੋਜ। ਸਾਰੇ ਮਹਾਰਾਜੇ ਇਸ ਲਈ ਆਏ ਕਿ ਹੁਸਨ ਇਸ਼ਕ ਦੀ ਮਲਕਾ ਤੇ ਰਾਗ ਰੰਗ ਦੀ ਸਰਸਵਤੀ ਗੌਹਰ ਜਾਨ ਨੇ ਮਹਿਫਲ ਨੂੰ ਚਾਰ ਚੰਨ ਲਾਉਣੇ ਹਨ। ਹਰ ਮਹਾਰਾਜੇ ਦਾ ਲਿਬਾਸ ਰੇਸ਼ਮੀ ਚਮਕ-ਦਮਕ ਨਾਲ ਸਜਿਆ ਤੇ ਹਿੱਕ ਹੀਰੇ ਮੋਤੀਆਂ ਨਾਲ ਭਰੀ ਹੋਈ ਸੀ। ਉਹ ਗੌਹਰ ਬਾਈ ਦੇ ਦੀਦਾਰ ਲਈ ਮੁੱਛਾਂ ਨੂੰ ਵੱਟ ਦੇ ਰਹੇ ਸਨ। ਅੰਗਰੇਜ਼ੀ ਵਿਸਕੀ ਦੀਆਂ ਚੁਸਕੀਆਂ, ਮੁਸਕਾਣਾਂ ਨੂੰ ਹੁਲਾਰ ਦੇ ਰਹੀਆਂ ਸਨ। ਫ਼ਾਨੂਸਾਂ ਨੇ ਰੌਸ਼ਨੀ ਨੂੰ ਵੱਖਰੀ ਚੜ੍ਹਤ ਬਖ਼ਸ਼ੀ ਹੋਈ ਸੀ। ਆਖ਼ਰ ਇੰਤਜ਼ਾਰਾਂ ਦਾ ਪਰਦਾ ਵਗਾਹ; ਗੌਹਰ ਜਾਨ ਮੁਸਕਾਣਾਂ ਦਾ ਥਰਕਦਾ ਚਾਨਣ ਬਖੇਰਦੀ ਬਾਹਰ ਆਈ। ਬਿਜਲੀ ਦੇ ਇਕ ਹੀ ਝਟਕੇ ਨੇ ਰੌਸ਼ਨੀਆਂ ਗੁਲ ਕਰ ਕੇ ਰੱਖ ਦਿੱਤੀਆਂ। ਮਹਾਰਾਜਿਆਂ ਦੀਆਂ ਮੁੱਛਾਂ ਦੇ ਕੁੰਢ ਡਿੱਗ ਪਏ। ਗੌਹਰ ਜਾਨ ਦੀ ਰੂਪ-ਦੱਖ ਨੇ ਮਹਿਫ਼ਲ ਦੀਆਂ ਧੜਕਣਾਂ ਥੰਮ ਦਿੱਤੀਆਂ। ਪੱਥਰ ਹੋਈਆਂ ਅੱਖਾਂ ਨੂੰ ਝਮਕਣਾ ਭੁੱਲ ਗਿਆ। ਹੁਸਨ ਕਲਾ ਦਾ ਦਰਿਆ, ਘੁੰਗਰੂਆਂ ਦੀ ਸੁਰਸ਼ਾਰ ਲਹਿਰ ਵਿੱਚ ਵਗਦਾ ਰਿਹਾ ਤੇ ਰਾਜੇ ਗੋਤੇ ਖਾਂਦੇ ਰੁੜ੍ਹਦੇ ਰਹੇ। ਹੁਸਨ ਦੀ ਸ਼ਹਿਨਸ਼ਾਹੀਅਤ ਅੱਗੇ ਉਹ ਦੀਦਾਰ ਭੁੱਖੇ ਮੰਗਤੇ ਜਿਹੇ ਬਣੇ ਹੋਏ ਸਨ। ਬਾਈ ਦੀ ਕਲਾ ਕਟਾਰੀ ਸਭ ਨੂੰ ਲੋਹੜੇ ਦਾ ਜ਼ਖ਼ਮੀ ਕਰ ਗਈ। ਲਹੂ-ਲੁਹਾਣ ਰਾਜੇ ਗਵਾਲੀਅਰ ਉੱਤੇ ਰਸ਼ਕ ਕਰ ਰਹੇ ਹਨ। ਅਸੀਂ ਕਾਹਦੇ ਮਹਾਰਾਜੇ ਆਂ, ਹੁਸਨ ਇਸ਼ਕ ਦਾ ਮੋਤੀ ਤਾਂ ਗਵਾਲੀਅਰ ਲੁੱਟੀ ਬੈਠਾ ਹੈ। ਪਰ ਕਪੂਰਥਲੇ ਦੇ ਮਹਾਰਾਜੇ ਦੀ ਤਾਂ ਦੁਨੀਆਂ ਹੀ ਉਲਟ ਪੁਲਟ ਹੋ ਗਈ ਸੀ।
ਕਪੂਰਥਲੇ ਨੇ ਮਨ ਹੀ ਮਨ ਧਾਰ ਲਈ, ਭਾਵੇਂ ਸਮੁੰਦਰ ਅਸਗਾਹ ਹੈ; ਪਰ ਇਹ ਮੋਤੀ ਪਾਉਣ ਲਈ ਮਾਰੂ ਲਹਿਰਾਂ ਵਿੱਚ ਛਾਲ ਮਾਰਾਂਗਾ, ਭਾਵੇਂ ਤਹਿ ਥੱਲੇ ਦਮ ਘੁੱਟ ਕੇ ਹੀ ਰਹਿ ਜਾਵਾਂ। ਉਸ ਆਪਣੇ ਸੁਘੜ ਸੇਵਕ ਨੂੰ ਆਪਣੀ ਨਾਯਾਬ ਹੀਰੇ ਦੀ ਅੰਗੂਠੀ ਦੇ ਕੇ ਗੌਹਰ ਜਾਨ ਕੋਲ ਭੇਜ ਦਿੱਤਾ। ਸੇਵਕ ਨੇ ਪਹਿਲੋਂ ਬਾਈ ਨੂੰ ਸਿਰ ਝੁਕਾਇਆ ਤੇ ਅੰਗੂਠੀ ਪੇਸ਼ ਕਰਦਿਆਂ ਕਿਹਾ :
”ਮਹਾਰਾਜਾ ਕਪੂਰਥਲਾ ਕੀ ਤਰਫ਼ ਸੇ ਆਪ ਕੀ ਨਜ਼ਰੇ-ਅਨਾਇਤ।”
ਪਰ ਰੂਪ ਰਾਣੀ ਨੇ ਸਿਰ ਫੇਰਦਿਆਂ ਹੀਰੇ ਦੀ ਅੰਗੂਠੀ ਵੱਲ ਤੱਕਿਆ ਵੀ ਨਾ।
”ਨਹੀਂ, ਐਸਾ ਨਹੀਂ ਹੋ ਸਕਤਾ।”
ਮਹਾਰਾਜੇ ਨੂੰ ਆਸ ਨਹੀਂ ਸੀ, ਮੇਰੀ ਦਰਿਆਦਿਲੀ ਠੁਕਰਾ ਦਿੱਤੀ ਜਾਵੇਗੀ। ਪਰ ਉਸ ਦੇ ਅੰਦਰ ਬਾਈ ਦਾ ਹੁਸਨ ਭਾਂਬੜ ਬਣ ਚੁੱਕਾ ਸੀ। ਉਹ ਜੇਰਾ ਕਰ ਕੇ ਆਪ ਗੌਹਰ ਜਾਨ ਅੱਗੇ ਜਾ ਖਲੋਤਾ। ਮੁਸਕ੍ਰਾ ਕੇ ਅਰਜ਼ ਕੀਤੀ :
”ਮਲਕਾ-ਏ-ਹੁਸਨ ਤੁਹਾਡੇ ਸੁਰ ਅਲਾਪ ਤੇ ਰੰਗ ਰੂਪ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਥੋੜ੍ਹੀ ਹੀ ਥੋੜ੍ਹੀ ਹੈ।”
”ਆਪ ਕੀ ਜ਼ੱਰਾ ਨਿਵਾਜ਼ੀ ਹੈ।” ਗੌਹਰ ਜਾਨ ਆਪਣੀ ਅਪਣੱਤ ਵਿੱਚ ਹਲਕਾ ਜਿਹਾ ਸਿਰ ਹਿਲਾ ਗਈ।
”ਕਪੂਰਥਲਾ ਦਰਬਾਰ ਤੇਰੀ ਇਕ ਬੈਠਕ ਦਾ ਇੰਤਜ਼ਾਰ ਕਰ ਰਿਹਾ ਹੈ?”
”ਹਮ ਏਕ ਕੋ ਹੀ ਸਲਾਮ ਕਰਤੇ ਹੈਂ।” ਉਸ ਨੇ ਬੇ-ਪਰਵਾਹੀ ਨਾਲ ਤੋੜ ਕੇ ਜਵਾਬ ਦੇ ਦਿੱਤਾ।
ਮਹਾਰਾਜਾ ਬਾਈ ਦੇ ਖ਼ੁਸ਼ਕ ਜਵਾਬ ਨਾਲ ਹੌਲਾ ਤੇ ਹੋਰ ਰਾਜਿਆਂ ਵਿੱਚ ਕੱਖਾਂ ਦਾ ਹੋ ਕੇ ਰਹਿ ਗਆ। ਧੁਰ ਅੰਦਰ ਗਹਿਰਾ ਜ਼ਖ਼ਮ ਬਹਿ ਗਿਆ; ਪਰ ਉਸ ਪੀੜ ਤੇ ਹਉਕਾ ਥਾਏਂ ਘੁੱਟ ਲਏ। ਇਸ਼ਕ ਦੀ ਚੜ੍ਹਦੀ ਕਲਾ, ਖ਼ਾਮੋਸ਼ ਜ਼ਿਦ ਵਿੱਚ ਬਦਲ ਗਈ। ਮਹਾਰਾਜ ਚਲਦੀ ਗਰਮ ਮਹਿਫ਼ਲ ਵਿੱਚੋਂ ਭੁਲੇਖਾ ਦੇ ਕੇ ਖਿਸਕ ਆਇਆ। ਪਰ ਗੌਹਰ ਜਾਨ ਦਿਲ ਵਿੱਚੋਂ ਨਿਕਲਦੀ ਨਹੀਂ ਸੀ। ਉਹਦੀ ਨਾਂਹ-ਕਟਾਰੀ ਦਿਲ ਵਿੱਚ ਖੁੰਢੀ ਆਰੀ ਬਣ ਕੇ ਚਲ ਰਹੀ ਸੀ। ਭਰੀ ਮਹਿਫ਼ਲ ਵਿੱਚ ਹੋਈ ਹੱਤਕ ਨੇ ਉਸ ਨੂੰ ਬੇਹਾਲ ਕਰ ਮਾਰਿਆ। ਚੁੱਪ ਦੀ ਪੀਡੀ ਜਕੜ ਵਿੱਚ ਉਸ ਨੂੰ ਹੱਸਣਾ ਭੁੱਲ ਗਿਆ ਅਤੇ ਉਦਾਸੀ ਨੇ ਲੰਮਾ ਘੇਰਾ ਪਾ ਲਿਆ।
ਕਪੂਰਥਲੇ ਦਾ ਇਕ ਸਰਦਾਰ ਦਿਲ ਦਾ ਜਾਨੀ ਯਾਰ ਸੀ। ਜਿਹੜਾ ਉਸ ਨਾਲ ਬਚਪਨ ਤੋਂ ਖੇਡਿਆ ਤੇ ਨਾਲ ਪੜ੍ਹਿਆ ਸੀ। ਸਰਕਾਰ ਨੇ ਉਸ ਨੂੰ ਆਪਣਾ ਨਿਕਟਵਰਤੀ ਵਜ਼ੀਰ ਥਾਪ ਲਿਆ ਸੀ। ਉਹ ਸੋਚਣ ਲੱਗਾ, ਯਾਰ ਨੂੰ ਕਿਹੜੇ ਚੁੱਪ ਜਿੰਨ ਨੇ ਫੜ ਲਿਆ; ਜਿਸ ਕਾਰਨ ਹੱਸਣਾ, ਖੇਡਣਾ, ਰਾਗ ਰੰਗ ਤੇ ਸ਼ਿਕਾਰ ਤੱਕ ਵਿਸਰ ਕੇ ਰਹਿ ਗਏ। ਉਸ ਅੱਗਾ ਵਲਿਆ,
”ਯਾਰਾ, ਕੀ ਗੱਲ? ਕਿਹੜੇ ਗ਼ਮਾਂ ਨੇ ਘੇਰ ਲਿਆ?”
”ਬਸ ਠੀਕ ਐ।” ਰੁੱਖਾ ਉੱਤਰ ਮੋੜਦਿਆਂ ਮਹਾਰਾਜੇ ਦਾ ਨਾਲ ਹੀ ਹਉਕਾ ਨਿਕਲ ਗਿਆ।
”ਗਹਿਰੀ ਚੋਟ। ਤੁਸਾਂ ਪਹਿਲਾਂ ਤਾਂ ਕਦੇ ਕੁਝ ਲੁਕਾਇਆ ਨਹੀਂ। ਆਖ਼ਰ ਲੰਮੀ ਚੁੱਪ ਦਾ ਕਾਰਨ ਕੀ ਐ?”
”ਕਾਰਨ ਤਾਂ ਹੈ, ਪਰ ਇਲਾਜ ਕੋਈ ਨਹੀਂ।”
”ਹਰ ਰੋਗ ਦੀ ਦਾਰੂ ਭਾਲੀ ਜਾ ਸਕਦੀ ਐ, ਤੁਸੀਂ ਬੀਮਾਰੀ ਤਾਂ ਦੱਸੋ?”
”ਕਿਵੇਂ ਦੱਸਾਂ, ਨਾ-ਮੁਮਕਿਨ ਮੁਮਕਿਨ ਨਹੀਂ ਬਣ ਸਕਦੀ।” ਉਹ ਨਾਲ ਹੀ ਸਿਰ ਫੇਰ ਗਿਆ।
”ਮੇਰੇ ਕੋਲੋਂ ਮਿੱਤਰਾ ਕਾਹਦਾ ਲੁਕਾਅ। ਇਕੱਠੇ ਖੇਡੇ, ਜਵਾਨ ਹੋਏ, ਇਕ ਰੂਹ ਦੋ ਕਲਬੂਤ। ਤੁਸੀਂ ਦੱਸੋ ਤਾਂ ਜਾਨ ਵਾਰ ਕੇ ਵੀ ਪੂਰੀ ਲਾਹਾਂਗਾ।” ਸਰਦਾਰ ਸਮਝ ਗਿਆ, ਗੱਲ ਖਾਸੀ ਗੰਭੀਰ ਐ।
ਸਰਕਾਰ ਨੇ ਦੋਸਤ ਦੀ ਦ੍ਰਿੜ੍ਹਤਾ ਵੇਖ ਕੇ, ਗਵਾਲੀਅਰ ਵਾਲੀ ਸਾਰੀ ਘਟਨਾ-ਕਥਾ ਉਸ ਅੱਗੇ ਰੱਖ ਦਿੱਤੀ। ਸੁਣਨ ਵਾਲਾ ਹੋਰ ਸੰਜੀਦਾ ਹੋ ਗਿਆ।
”ਮਹਾਰਾਜਾ ਸਾਹਿਬ! ਉਦਾਸੀ ਗੰਢੇ ਦੀ ਛਿੱਲ ਵਾਂਗ ਲਾਹ ਦੇਵੋ; ਕੁੱਝ ਕਰਾਂਗੇ ਜ਼ਰੂਰ।”
ਮਹਾਰਾਜਾ ਥੋੜ੍ਹਾ ਵਿਅੰਗ ਨਾਲ ਮੁਸਕ੍ਰਾ ਪਿਆ।
”ਸਿਆਣੇ ਇਸੀ ਤਰ੍ਹਾਂ ਹੀ ਬੱਚਿਆਂ ਨੂੰ ਦਿਲਬਰੀ ਦਿਆ ਕਰਦੇ ਐ।”
”ਜੇ ਗੌਹਰ ਜਾਨ ਸਰਕਾਰ ਲਈ ਵਕਾਰ ਦਾ ਸਵਾਲ ਬਣ ਗਈ ਐ; ਉਸ ਨੂੰ ਲਿਆਉਣਾ ਸਾਡੇ ਲਈ ਵੀ ਚੈਲੰਜ ਹੈ।”
ਸਰਦਾਰ ਸੰਜੀਦਗੀ ਨਾਲ ਸੁਚੇਤ ਹੋ ਗਿਆ। ਜਿਹੜੀ ਤਵਾਇਫ਼ ਹੀਰੇ ਦੀ ਮੁੰਦਰੀ ਮੋੜ ਸਕਦੀ ਐ; ਉਹ ਆਣ ਅਣਖ ਵਾਲੀ ਜਨਾਨੀ ਐ। ਜ਼ਾਹਰ ਹੈ, ਉਹ ਕੀਮਤੀ ਤੋਹਫ਼ਿਆਂ ਅਥਵਾ ਦੌਲਤ ਨਾਲ ਨਹੀਂ ਜਿੱਤੀ ਜਾ ਸਕਦੀ। ਉਹਦੇ ਵਰਗੀ ਕਲਾ ਦਾ ਜਾਦੂ ਟੂਣਾ ਹੀ ਉਸ ਨੂੰ ਹਲੂਣ ਸਕਦਾ ਹੈ। ਉਸ ਸੋਚ ਸੋਚ ਖਹਿਰਾ ਮੱਝਾ ਦੇ ਮਸ਼ਹੂਰ ਸਾਰੰਗੀ ਨਿਵਾਜ਼ ਰੂੜੇ ਖਾਂ ਦਾ ਮੋਢਾ ਆ ਫੜਿਆ।
“ਰੂੜਿਆ ਦਿਨ ਮਾੜੇ ਆ ਗਏ, ਸਮਝ ਵਖਤਾਂ ਘੇਰੇ ਪਾ ਲਏ।”
”ਕਿਉਂ ਕਿਉਂ? ਹੋਇਆ ਕੀ ਜਜਮਾਨ; ਸੁਖ ਤਾਂ ਹੈ?” ਸਰਦਾਰ ਦੀ ਲਿੱਸੀ ਗੱਲ ਸੁਣ ਕੇ ਰੂੜੇ ਮਰਾਸੀ ਦੇ ਤੌਰ ਭੌਂ ਗਏ।
”ਆਪਣੇ ਮਹਾਰਾਜ ਨੂੰ ਇਕ ਗੌਣ ਵਾਲੀ ਨੇ ਕਤਲ ਕਰ ਸੁੱਟਿਆ। ਅਸਲੋਂ ਚੁੱਪ ਵਿੱਚ ਘਾਊਂ ਮਾਊਂ। ਜੇ ਹਾਲਤ ਇਉਂ ਰਹੀ, ਉਹਨਾਂ ਬਚਣਾ ਨਹੀਂ।”
”ਗਾਉਣ ਵਾਲੀ ਨੇ ਕਤਲ ਕਰ ਸੁੱਟਿਆ? ਉਹ ਕਿਹੜੀ ਐ?” ਉਹ ਪੱਕੇ ਰਾਗਾਂ ਦੀ ਗਾਇਕੀ ਦਾ ਉਸਤਾਦ ਮੰਨਿਆ ਜਾਂਦਾ ਸੀ। ਪੰਜਾਬ ਦੇ ਸਾਰੇ ਘਰਾਣੇ ਉਸ ਤੋਂ ਕੰਨ ਭੰਨਦੇ ਸਨ।
”ਉਹ ਹੈ ਕਲਕੱਤੇ ਵਾਲੀ ਗੌਹਰ ਜਾਨ।”
”ਹੱਛਾ ਗੌਹਰ ਜਾਨ ਜਗਰਾਵਾਂ ਵਾਲੀ ਇਲਾਹੀ ਜਾਨ ਦੀ ਬੇਟੀ।” ਰੂੜੇ ਖਾਂ ਦੇ ਪੈਰਾਂ ਦੀ ਮਿੱਟੀ ਨਿਕਲ ਗਈ।
”ਉਹ ਤਾਂ ਪਟਾਕਾ ਹੀ ਨਹੀਂ, ਟੀਸੀ ਦਾ ਬੇਰ ਵੀ ਐ।”
”ਬਸ ਉਹ ਪਟਾਕਾ ਹੀ ਪੱਟਣਾ ਏ। ਵੇਖ ਮੀਰ, ਤੇਰੇ ਬਿਨਾਂ ਇਹ ਮੋਰਚਾ ਸਰ ਨਹੀਂ ਹੋਣਾ। ਆਪਾਂ ਸਰਕਾਰ ਦਾ ਲੂਣ ਖਾਧਾ ਏ। ਹੁਣ ਹੱਕ-ਹਲਾਲ ਕਰਨ ਦਾ ਸਮਾਂ ਆ ਗਿਆ ਹੈ। ਉਸ ਦੀ ਦਰਿਆ-ਦਿਲੀ ਨੇ ਮੈਨੂੰ ਵਜ਼ੀਰ ਤੇ ਤੈਨੂੰ ਦਰਬਾਰੀ ਗਵੱਈਆ ਬਣਾ ਕੇ ਰੱਖਿਆ ਏ। ਉਸ ਨੂੰ ਰੂਪਵਤੀ ਦਾ ਚੜ੍ਹ ਗਿਆ ਜਨੂੰਨ। ਅਜਿਹੀ ਚੁੱਪ ਧਾਰ ਲਈ, ਕੁਝ ਵੀ ਹੋ ਸਕਦਾ ਏ। ਜੇ ਗੌਹਰ ਜਾਨ ਲਿਆ ਕੇ ਉਸ ਨੂੰ ਮਿਲਾ ਨਹੀਂ ਸਕਦੇ, ਅਸੀਂ ਉਸ ਦੇ ਯਾਰ ਨਹੀਂ, ਵਫ਼ਾਦਾਰ ਨਹੀਂ; ਕੇਵਲ ਟੁਕੜ-ਬੋਚ ਆਂ।” ਸਰਦਾਰ ਨੇ ਰੂੜੇ ਖਾਂ ਨੂੰ ਤਿੱਖੀ ਪਾਣ ਚਾੜ੍ਹ ਦਿੱਤੀ।
”ਆਖਦਾ ਤਾਂ ਸਰਦਾਰ ਤੂੰ ਠੀਕ ਏ; ਪਰ ਮੁਸ਼ਕਲ ਪਹਾੜ ਢਾਹੁਣ ਵਰਗੀ ਐ।” ਗੌਹਰ ਜਾਨ ਦਾ ਨਾਂ ਸੁਣ ਕੇ ਰੂੜੇ ਖਾਂ ਦਾ ਅੰਦਰ ਲਰਜ਼ਾ ਖਾ ਗਿਆ। ਉਹਦਾ ਦਿਲ ਸ਼ਾਹਦੀ ਨਹੀਂ ਭਰਦਾ ਸੀ।
”ਇਕ ਕਲਾਕਾਰ ਹੀ ਇਕ ਕਲਾਕਾਰ ਨੂੰ ਖਿੱਚ ਸਕਦਾ ਏ। ਓਥੇ ਸੋਨੇ ਚਾਂਦੀ ਨੇ ਕਾਟ ਨਹੀਂ ਕੀਤੀ।” ਸਰਦਾਰ ਨੇ ਰੂੜੇ ਦਾ ਢਿੱਲਾ ਪੈਂਦਾ ਮਨ ਤਾੜ ਕੇ ਹੋਰ ਤੀਖਾ ਚਾੜ੍ਹਿਆ। ”ਵੇਖ ਲੈ, ਸਰਦਾਰ ਨੇ ਸਾਨੂੰ ਦਰਬਾਰੀ ਘਟ ਤੇ ਯਾਰ ਵਧ ਬਣਾ ਕੇ ਰੱਖਿਆ ਏ।” ਉਸ ਮੀਰ ਦੇ ਦਿਲ ਲੂਣ ਹਲਾਲ ਵਾਲੀ ਗੱਲ ਸਾਂਗ ਬਣਾ ਕੇ ਗੱਡ ਦਿੱਤੀ।
”ਜੇ ਇਹ ਗੱਲ ਐ, ਤਾਂ ਸਰਦਾਰਾ, ਮੈਂ ਜਾਊਂਗਾ। ਬਸ, ਮੇਰੇ ਘਰ ਦੀ ਰੋਟੀ ਤੁਰਦੀ ਰਖੀਂ। ਬਾਕੀ ਮੈਂ ਜਾਣਾਂ, ਮੇਰਾ ਖ਼ੁਦਾ।” ਉਸ ਨੂੰ ਸਰਦਾਰ ਦੀ ਰੜਕਾਈ ਕਾਨੀ ਖਾ ਗਈ ਸੀ।
ਤੇ ਰੂੜਾ ਕਲਕੱਤੇ ਨੂੰ ਗੱਡੀ ਚੜ੍ਹ ਗਿਆ। ਉਹ ਵਧੀਆ ਸਾਰੰਗੀ ਨਵਾਜ਼ ਤੇ ਗਵੱਈਆ ਸੀ। ਪਟਿਆਲਾ ਘਰਾਣਾ ਉਸ ਤੋਂ ਤਰਿੰਹਦਾ ਸੀ।
ਉਹ ਆਪਣੇ ਵਧੀਆ ਗੁਣਾਂ ਨਾਲ ਬੇਪਰਵਾਹ ਅਲਮਸਤ ਵੀ ਸੀ। ਇਕ ਵਾਰ ਹੋਲੀ ਦੇ ਤਿਉਹਾਰ ਉੱਤੇ ਅੰਮ੍ਰਿਤਸਰ ਰਾਗ ਦਰਬਾਰ ਹੋਇਆ। ਨਾਮੀ ਗਵੱਈਏ ਓਥੇ ਆ ਕੇ ਆਪਣੀ ਕਲਾ ਦਾ ਪਰਦਰਸ਼ਨ ਕਰਿਆ ਕਰਦੇ ਸਨ। ਰੂੜਾ ਵੀ ਆਪਣੀ ਸਾਰੰਗੀ ਲੈ ਕੇ ਪਹੁੰਚ ਗਿਆ। ਸਟੇਜ ਸੈਕਟਰੀ ਨੂੰ ਆਖਣ ਲੱਗਾ : ”ਬਾਬੂ ਜੀ, ਮੈਨੂੰ ਵੀ ਮੌਕਾ ਦਿੱਤਾ ਜਾਵੇ?”
ਸਟੇਜ ਸੈਕਟਰੀ ਨੇ ਪਹਿਲੋਂ ਉਸ ਦੀ ਐਸੀ ਵੈਸੀ ਸ਼ਕਲ ਵੇਖੀ। ਇਕ ਮੋਢੇ ਖੱਦਰ ਦੀ ਚਾਦਰ ਤੇ ਦੂਜੇ ਸਾਰੰਗੀ।
”ਤੇਰੇ ਵਰਗਿਆਂ ਲਈ ਏਥੇ ਕੋਈ ਟਾਈਮ ਨਹੀਂ।”
”ਜਨਾਬ ਜੀ, ਦਸ ਪੰਦਰਾਂ ਮਿੰਟ ਹੀ ਕਾਫੀ ਐ?” ਮੀਰ ਨੇ ਸਲਾਮ ਵਜੋਂ ਹੱਥ ਸਿਰ ਨੂੰ ਲਾਇਆ।
”ਨਹੀਂ, ਏਥੇ ਗੰਧਰਵਾਂ ਨੇ ਗਾਉਣਾ ਐ। ਤੂੰ ਆਪਣੀ ਟੁੱਟੀ ਜਿਹੀ ਸਾਰੰਗੀ ਲੈ ਜਾਹ ਏਥੋਂ।”
”ਵੇਖ ਬਾਬੂ, ਤੂੰ ਫੇਰ ਗਾਉਣ ਲਈ ਤਰਲੇ ਪਾਉਣੇ ਐ ਤੇ ਮੈਂ ਗਾਉਣਾ ਨਹੀਂ।”
”ਜਾਹ ਜਾਹ, ਤੇਰੇ ਵਰਗੇ ਸੌ ਤੁਰੇ ਫਿਰਦੇ ਐ ਸੜਕਾਂ ਉੱਤੇ।”
ਸੈਕਟਰੀ ਦੇ ਕਟੂ ਬੋਲਾਂ ਤੋਂ ਰੂੜਾ ਵੱਟ ਖਾ ਗਿਆ। ਸਮਾਗਮ ਦੇ ਰਾਹ ਮੋੜ ਉਤੇ ਉਹ ਆਪਣੀ ਚਾਦਰ ਵਿਛਾ ਕੇ ਬਹਿ ਗਿਆ ਅਤੇ ਸਾਰੰਗੀ ਦੀਆਂ ਮਧੁਰ ਸੁਰਾਂ ਛੇੜ ਲਈਆਂ। ਮਹਿਫਲ ਵਿੱਚ ਜਾਣ ਵਾਲੇ ਪੱਕੇ ਰਾਗਾਂ ਦੇ ਸਰੋਤੇ, ਪੈਰ ਗੱਡ ਕੇ ਖਲੋ ਗਏ। ਮਿੱਠੀਆਂ ਸੁਰਾਂ ਨੇ ਸਰੋਤਿਆਂ ਦੇ ਮਨਾਂ ਨੂੰ ਕੀਲ ਲਿਆ। ਉਸ ਦੇ ਦੁਆਲੇ ਭੀੜ ਵਧਦੀ ਗਈ। ਉਹਦੀ ਚਾਦਰ ਉਤੇ ਮੀਂਹ ਵਾਂਗ ਰੁਪਈਏ ਡਿੱਗਣ ਲੱਗੇ। ਪਰ ਰੂੜਾ ਆਪਣੇ ਵਜਦ ਵਿੱਚ ਬੇਪਰਵਾਹ ਗਾਈ ਜਾ ਰਿਹਾ ਸੀ। ਸਮਾਗਮ ਦਾ ਅੱਧਿਓਂ ਬਹੁਤਾ ਇਕੱਠ ਮੀਰ ਦੁਆਲੇ ਜੁੜ ਗਿਆ। ਸਟੇਜ ਦੇ ਪ੍ਰਬੰਧਕਾਂ ਦੇ ਹਵਾਸ ਉਡ ਗਏ। ਇਹ ਕੇਹੀ ਬਿੱਜ ਆ ਪਈ, ਜਿਸ ਸਾਰਾ ਪੰਡਾਲ ਆਪਣੇ ਦੁਆਲੇ ਖਿੱਚ ਲਿਆ। ਸਟੇਜ ਸੈਕਟਰੀ ਹੀ ਆ ਕੇ ਬੇਨਤੀ ਕਰਨ ਲੱਗਾ :
”ਬਾਵਾ ਜੀ ਮੇਰੀ ਭੁੱਲ ਮਾਫ਼ ਕਰ ਦਿਓ, ਮੈਂ ਗੋਦੜੀ ਦੇ ਲਾਲ ਦੀ ਪਛਾਣ ਨਹੀਂ ਕਰ ਸਕਿਆ। ਤੁਸੀਂ ਸਟੇਜ ਤੇ ਚਲ ਕੇ ਗਾਓ। ਤੁਹਾਡੀ ਸਾਡੀ ਸ਼ੋਭਾ ਵਧੇਗੀ।”
”ਵੇਖ ਬਈ, ਮੇਰੇ ਵਰਗੇ ਤਾਂ ਸੜਕਾਂ ਉਤੇ ਤੁਰੇ ਫਿਰਦੇ ਐ।” ਰੂੜੇ ਨੇ ਘਰੋੜ ਨਾਲ ਵਿਅੰਗ ਮਾਰਿਆ।
”ਨਾ ਬਾਵਾ ਜੀ, ਤੁਹਾਡੇ ਵਰਗੇ ਤੁਸੀਂ ਹੀ ਹੋ; ਮੇਰੀ ਮਿੰਨਤ, ਸਟੇਜ ਤੇ ਚਲੋ?”
ਓਦੋਂ ਤਕ ਮੀਰ ਦੀ ਚਾਦਰ ਰੁਪਈਆਂ ਨਾਲ ਢੱਕੀ ਜਾ ਚੁੱਕੀ ਸੀ। ਸੈਂਕੜੇ ਰੁਪਈਏ ਸਮੇਟ ਕੇ ਉਹ ਰਾਮ ਬਾਗ਼ ਦੇ ਰਾਹ ਪੈ ਗਿਆ। ਪ੍ਰਬੰਧਕਾਂ ਦੇ ਘੇਰਨ ਉੱਤੇ ਵੀ ਸਮਾਗਮ ਵਿੱਚ ਨਾ ਗਿਆ। ਆਪਣੀ ਦੋਸਤ ਸੁਲਤਾਨਾ ਬਾਈ ਦੇ ਜਾ ਡੇਰਾ ਲਾਇਆ। ਉਹ ਗਾਉਂਦੀ ਰਹੀ, ਰੂੜਾ ਨੋਟ ਵਾਰਦਾ ਰਿਹਾ।
”ਉਸਤਾਦ ਜੀ ਤੁਹਾਡੇ ਰੁਪਈਏ ਕਿਹੜੇ ਮੂੰਹ ਲਾਵਾਂ?” ਬਾਈ ਨੇ ਆਜਜ਼ੀ ਵਖਾਈ।
”ਨਹੀਂ ਸੁਲਤਾਨਾ ਮਾਲਕੋਂਸ ਤੋਂ ਦਰਬਾਰੀ ਉਤੇ ਆ ਜਾਹ?” ਉਸ ਫਰਮਾਇਸ਼ ਕਰ ਮਾਰੀ। ”ਸਾਲੇ ਰਾਗ ਆਪਣੀ ਜਾਗੀਰ ਸਮਝਦੇ ਐ।” ਸਮਾਗਮ ਵਾਲੀ ਵਿਹੁ ਅਚਾਨਕ ਉਸ ਅੰਦਰੋਂ ਜਾਗ ਪਈ ਸੀ।
”ਮੇਰੇ ਮਿਹਰਬਾਨ, ਸੱਪ ਅੱਗੇ ਦੀਵਾ ਕਿਵੇਂ ਜਗੇਗਾ। ਦਰਬਾਰੀ ਬਾਗੇਸ਼ਰੀ ਦੀ ਤਾਂ ਕੋਈ ਗੱਲ ਨਹੀਂ।” ਸੁਲਤਾਨਾ ਉਸਤਾਦ ਨੂੰ ਅਜ਼ੀਮ ਮੰਨਦੀ ਸੀ।
”ਤੇਰੀ ਕਲਾ ਤੋਂ ਕੁਰਬਾਨ ਅਦਾ ਤੋਂ ਸਦਕੇ। ਤੂੰ ਬਸ ਗਾਈ ਜਾਹ।” ਉਸ ਰੁਪਈਆਂ ਦਾ ਇਕ ਪੂਰਾ ਬੁੱਕ ਬਾਈ ਤੋਂ ਵਾਰ ਦਿੱਤਾ। ਉਸ ਨੂੰ ਲਗਦਾ ਸੀ, ਸੁਲਤਾਨਾ ਮੇਰੇ ਜ਼ਖ਼ਮ ਉਤੇ ਸ਼ਹਿਦ ਚੋ ਰਹੀ ਹੈ।
ਰਾਤ ਅੱਧੋਂ ਵੱਧ ਟੱਪ ਗਈ। ਮੀਰ ਨੇ ਲੰਮਾ ਸਾਰਾ ਹਾਉਕਾ ਲਿਆ। ਆਪਣੀ ਸਾਰੀ ਬਚਦੀ ਪੂੰਜੀ ਸੁਲਤਾਨਾ ਦੇ ਸਿਰ ਤੋਂ ਵਾਰ ਕੇ ਉਸ ਦੀ ਗੋਦ ਵਿੱਚ ਡਿੱਗ ਪਿਆ। ਜਿਵੇਂ ਬੱਚਾ ਮਾਂ ਤੋਂ ਸੁਖ ਆਰਾਮ ਭਾਲਦਾ ਹੈ। ਸਵੇਰੇ ਓਹੀ ਸ਼ਾਹੀ ਮਲੰਗ ਕਪੂਰਥਲੇ ਜਾਣ ਲਈ ਆਪਣੀ ਸਾਰੰਗੀ ਵੇਚ ਕੇ ਕਿਰਾਇਆ ਭਾਲ ਰਿਹਾ ਸੀ। ਸਾਰੰਗੀ ਦਾ ਹੋਕਾ ਸੁਣ ਕੇ ਸਟੇਜ ਸਕੱਤਰ ਹੈਰਾਨ ਹੀ ਰਹਿ ਗਿਆ। ਕਿਆ ਬੇਪਰਵਾਹ ਅਲਮਸਤ ਐ; ਬਾਦਸ਼ਾਹੀ ਲੁਟਾਈ, ਫ਼ਕੀਰੀ ਅਪਣਾਈ। ਪਰ ਹੁਣ ਰੂੜੇ ਦੀ ਬੇਪਰਵਾਹੀ ਸੋਚਾਂ ਵਿੱਚ ਡੁੱਬੀ ਕਲਕੱਤੇ ਨੂੰ ਭੱਜੀ ਜਾ ਰਹੀ ਸੀ।
ਉਹ ਸੋਚ ਰਿਹਾ ਸੀ; ਮਰਾਸੀਆ ਤੂੰ ਨਿਰਾ ਨੰਗ-ਮੁਲੰਗ; ਗੌਹਰ ਜਾਨ ਛੱਤੀਆਂ ਪੱਤਣਾਂ ਦੀ ਤਾਰੂ, ਮਹਾਰਾਜਿਆਂ ਨਾਲ ਉਹਦੀ ਸੰਘਣੀ। ਤੈਨੂੰ ਉਸ ਕਦੋਂ ਲਵੇ ਲੱਗਣ ਦਿੱਤਾ। ਤੇਰੀ ਦਾਲ ਕਿਵੇਂ ਗਲੇਗੀ? ਉਹ ਸਾਉਣ ਦੀ ਮੱਛਰੀ ਨਾਗਣ; ਜੇ ਤੇਰੀ ਬੀਨ ਦਾ ਜਾਦੂ ਫਿੱਕਾ ਪੈ ਗਿਆ, ਸਭ ਕੁਝ ਫਨਾਹ ਫਿੱਲਾ ਹੋ ਜਾਵੇਗਾ। ਰੂੜਿਆ, ਕਹਿਰ ਤੇ ਕਰਾਮਾਤ ਵਿੱਚ ਗਲ ਅੜ ਖਲੋਤੀ ਐ। ਜੇ ਫਿਹਲ ਹੋ ਗਿਆ, ਮੁੜ ਕਪੂਰਥਲੇ ਕਿਵੇਂ ਵੜੇਂਗਾ। ਬੰਦਿਆ, ਹੁਣ ਰੱਬ ਉਤੇ ਡੋਰੀ ਰੱਖ ਤੇ ਬੇੜੀ ਤੂਫਾਨ ਵਿੱਚ ਠੇਲ੍ਹ ਦੇ। ਕਿਨਾਰਾ ਨਾ ਮਿਲਿਆ, ਘੁੰਮਣ-ਘੇਰ ਤਾਂ ਕਿਧਰੇ ਗਈ ਨਹੀਂ। ਸਵਾਲ ਐ ਸਾਹਮਣੇ ਵਫ਼ਾਦਾਰੀ ਪਾਲਣ ਦਾ। ਕੁੱਝ ਵੀ ਹੋਵੇ, ਮੈਂ ਕੁਰਬਾਨੀ ਦਿਆਂਗਾ। ਆਸ਼ਾ ਨਿਰਾਸ਼ਾ, ਦੋ-ਚਿੱਤੀਆਂ ਵਿੱਚ ਘਿਰਿਆ ਉਹ ਤੀਜੇ ਦਿਨ ਕਲਕੱਤੇ ਪਹੁੰਚ ਗਿਆ।
ਪੁੱਛਦਾ ਪੁੱਛਦਾ ਸ਼ਾਮ ਪੈਂਦੀ ਨੂੰ ਉਹ ਗੌਹਰ ਜਾਨ ਦੇ ਚੁਬਾਰੇ ਹੇਠਾਂ ਆ ਗਿਆ। ਲਾਗੇ ਹੀ ਪੌੜੀਆਂ ਉਤਾਂਹ ਚੜ੍ਹਦੀਆਂ ਸਨ। ਚੁਬਾਰੇ ਦੀਆਂ ਦੋ ਬਾਰੀਆਂ ਸੜਕ ਵਾਲੇ ਪਾਸੇ ਖੁਲ੍ਹਦੀਆਂ ਸਨ। ਉਸ ਬਾਰੀਆਂ ਹੇਠਾਂ ਚਾਦਰ ਵਿਛਾਈ ਅਤੇ ਸਾਰੰਗੀ ਸਰ ਕਰਨ ਲਗ ਪਿਆ। ਸ਼ਾਮ ਦੇ ਮਾਲਕੋਂਸ ਦੀ ਥਾਂ, ਸ਼ੁੱਧ ਭੈਰਵੀ ਵਜਾਉਣੀ ਸ਼ੁਰੂ ਕਰ ਦਿੱਤੀ। ਉਹ ਆਪਣੀ ਵਜਾਈ ਵਿੱਚ ਪੈਰ ਪੈਰ ਗਹਿਰਾ ਉਤਰਦਾ ਗਿਆ। ਗੌਹਰ ਜਾਨ ਨੇ ਕੁਵੇਲੇ ਦਾ ਰਾਗ ਸੁਣਿਆ ਤਾਂ ਇਕਦਮ ਫੁੰਕਾਰਦੀ ਭੜਕ ਪਈ।
”ਕੌਣ ਨਾ-ਮਅਕੂਲ ਕਵੇਲੇ ਭੈਰਵੀ ਵਜਾ ਰਿਹਾ ਹੈ?”
ਸੇਵਕਾਂ ਨੇ ਬਾਰੀ ਰਾਹ ਹੇਠਾਂ ਵੇਖ ਕੇ ਆਖਿਆ।
”ਬਾਈ ਜੀ ਕੋਈ ਮਲੰਗ ਸਾ ਫਕੀਰ ਲਗਦਾ ਹੈ।”
”ਉਸ ਕੋ ਕਹੋ, ਬੰਦ ਕਰੇ। ਯਿਹ ਰਾਗ ਕਾ ਅਪਮਾਨ ਹੈ।”
”ਬੰਦ ਕਰੋ ਆਪਣੀ ਭੈਰਵੀ, ਮੇਰੀ ਬੇਗ਼ਮ ਬੇਹਾਲ ਹੋ ਰਹੀ ਹੈ?”
ਰੂੜੇ ਨੇ ਸਾਰੰਗੀ ਬੰਦ ਕਰ ਦਿੱਤੀ। ਪਰ ਸੇਵਕਾਂ ਦੇ ਉਤੇ ਜਾਣ ਸਾਰ, ਮੁੜ ਓਹੀ ਸੁਰਾਂ ਵਜਾਉਣ ਲੱਗ ਪਿਆ। ਮਸਤੀ ਦੀ ਲਹਿਰ ਵਿੱਚ ਉਹ ਹੁਲਾਰੇ ਵੀ ਲੈ ਰਿਹਾ ਸੀ।
”ਵੋਹ ਕਿਉਂ ਬੰਦ ਨਹੀਂ ਕਰਤਾ?” ਕੰਨਾਂ ਉੱਤੇ ਹੱਥ ਰੱਖਦਿਆਂ ਗੌਹਰ ਜਾਨ ਨੇ ਆਪਣੀ ਨੌਕਰਾਣੀ ਨੂੰ ਘੂਰਿਆ।
”ਬੇਗ਼ਮ ਹਜ਼ੂਰ, ਕੋਈ ਦੀਵਾਨਾ ਲਗਤਾ ਹੈ।”
ਰੂੜੇ ਨੇ ਹੇਠੋਂ ਅਜਿਹਾ ਤਾਨ ਪਲਟਾ ਮਾਰਿਆ। ਗੌਹਰ ਜਾਨ ਖਲੋਤੀ ਖਲੋਤੀ ਥੱਰਾ ਗਈ।
”ਨਹੀਂ ਦੀਵਾਨਾ ਨਹੀਂ ਹੋ ਸਕਤਾ।”
ਉਹ ਨਾਂਹ ਵਿੱਚ ਸਿਰ ਮਾਰਦੀ ਆਪ ਹੇਠਾਂ ਉਤਰ ਆਈ। ਮੀਰ ਅੱਖਾਂ ਮੀਟੀ ਗਜ਼ ਖਿੱਚੀ ਜਾ ਰਿਹਾ ਸੀ। ਮੁੱਠ ਦੇ ਘੁੰਗਰੂ ਸ਼ਰਸਾਰ ਠਹਿਕੀ ਜਾ ਰਹੇ ਸਨ। ਰਾਗ ਦੀ ਰੂਹ ਬਾਈ ਦੇ ਅੰਦਰ ਲਹਿਰ ਲਹਿਰ ਹਿਲੌਰਾਂ ਖਾਣ ਲੱਗੀ। ਉਸ ਰੂੜੇ ਖਾਂ ਦੀ ਗਜ਼ ਫੇਰਦੀ ਬਾਂਹ ਉੱਤੇ ਕੰਬੀ ਜਾ ਰਿਹਾ ਕੋਮਲ ਹੱਥ ਰੱਖ ਦਿੱਤਾ।
”ਖ਼ੁਦਾ ਨਿਵਾਜ਼! ਉਠੋ, ਔਰ ਉੱਪਰ ਚੱਲੋ?”
”ਸਲਾਮ ਬਾਈ ਜੀ!” ਉਹ ਗਜ਼ ਵਾਲਾ ਹੱਥ ਮੱਥੇ ਨੂੰ ਲੈ ਗਿਆ। ”ਤੁਹਾਡੀ ਸ਼ੁਹਰਤ ਸੁਣੀ, ਪੰਜਾਬ ਤੋਂ ਦੀਦਾਰ ਕਰਨ ਆ ਗਿਆ।”
”ਜਹੇ ਨਸੀਬ! ਫਿਰ ਯਹਾਂ ਕਿਉਂ ਬੈਠ ਗਏ?”
”ਉਸ ਤਰ੍ਹਾਂ ਸ਼ਾਇਦ ਦੁਰਕਾਰ ਦਿੱਤਾ ਜਾਂਦਾ। ਮੈਂ ਕਿਹਾ ਹੇਕ ਲਾ ਕੇ ਵੇਖਦਾ ਆਂ।”
”ਵਾਹ ਵਾਹ, ਤੇਰੀ ਹੇਕ ਦੇ ਸਦਕੇ, ਆਫ਼ਰੀਨ। ਉਸਤਾਦ ਲਗਤੇ ਹੋ।” ਗੌਹਰ ਜਾਨ ਨੇ ਮੀਰ ਨੂੰ ਬਾਂਹ ਤੋਂ ਫੜ ਕੇ ਉਠਾ ਲਿਆ ਅਤੇ ਚੁਬਾਰੇ ਵਿੱਚ ਸਤਿਕਾਰ ਨਾਲ ਲਿਆ ਬਹਾਇਆ : ਪੁੱਛਿਆ, ”ਦਿਲ ਸੇ ਬਤਾਓ, ਕਿਆ ਖਿਦਮਤ ਕਰੂੰ?” ਉਹ ਸਾਰੀ ਮਿਹਰਬਾਨ ਜਾਪਦੀ ਸੀ।
ਰੂੜੇ ਨੂੰ ਆਸ ਨਹੀਂ ਸੀ, ਰੱਬ ਐਨਾ ਦਿਆਲੂ ਹੋ ਜਾਵੇਗਾ।
”ਬਰਬਾਦ ਹੈਂ ਆਬਾਦ ਹੋ ਸਕਤੇ ਹੈਂ ਆਪ ਕੀ ਦੁਆ ਸੇ।” ਮੀਰ ਨੇ ਪੰਜਾਬੀ ਵਿੱਚ ਉਰਦੂ ਦੀ ਮਿੱਸ ਪਾਉਣੀ ਸ਼ੁਰੂ ਕਰ ਦਿੱਤੀ।
ਗੌਹਰ ਜਾਨ ਦੀ ਵਿਅੰਗ ਬਣੀ ਹਾਸੀ, ਦਿਲਕਸ਼ੀ ਵਿੱਚ ਬਦਲ ਗਈ।
”ਸਾਹਬੇ ਕਮਾਲ ਯਹਾਂ ਆਬਾਦ ਆਤੇ ਹੈਂ, ਔਰ ਬਰਬਾਦ ਜਾਤੇ ਹੈਂ।”
”ਬਰਬਾਦੀਆਂ ਹੀ ਮਲੰਗਾਂ ਦੀ ਮੀਰਾਸ ਹੁੰਦੀਆਂ ਹਨ। ਮੇਰਾ ਕੀ ਬਰਬਾਦ ਹੋ ਜਾਵੇਗਾ, ਇੱਕ ਚਾਦਰ, ਇੱਕ ਸਾਰੰਗੀ ਤੇ ਰੂਹ ਯਾਰਾਂ ਮਿੱਤਰਾਂ ਦੀ ਅਮਾਨਤ।”
ਬਾਈ ਮੀਰ ਦੇ ਉੱਤਰ ਨਾਲ ਅੰਦਰੋਂ ਪੰਘਰਦੀ ਹੋ ਗਈ। ਉਸ ਆਪਣੇ ਸਾਜਿੰਦੇ ਸੱਦ ਲਏ ਅਤੇ ਦੋਵੇਂ ਬਾਹਾਂ ਫੈਲਾ ਕੇ ਆਗਿਆ ਮੰਗੀ। ਰੂੜੇ ਦੇ ਅਰਸ਼ਾਦ ਆਖਣ ਉੱਤੇ ਉਸ ਦਰਬਾਰੀ ਦਾ ਅਲਾਪ ਲੈ ਲਿਆ : ਅਰੋਹੀ ਸੁਰਾਂ ਚੁੱਕਦੀ ਵਜਦ ਵਿੱਚ ਲਹਿਰਾ ਗਈ। ਉਹ ਪੰਜਾਬ ਦੇ ਉਸਤਾਦ ਨੂੰ ਖ਼ੁਸ਼ ਕਰ ਲੈਣਾ ਚਾਹੁੰਦੀ ਸੀ। ਪਹਿਲੀ ਸੁਰ ਉਤੇ ਹੀ ਮੀਰ ਦਾ ਅੰਦਰ ਖੀਵਾ ਹੁੰਦਾ ਝੂਮ ਗਿਆ।
”ਵਾਹ ਜਾਨੋ, ਜੀਓ, ਖ਼ੁਦਾ ਪ੍ਰਵਾਨ।” ਉਹਦਾ ਚੜ੍ਹਿਆ ਸਾਹ ਉਤਰਨਾ ਭੁੱਲ ਗਿਆ। ”ਜਹਾਨ ਐਵੇਂ ਨਹੀਂ ਸਦਾਈ ਹੋਇਆ ਫਿਰਦਾ।”
ਸਾਹਮਣੇ ਉਸਤਾਦ ਸਰੋਤਾ ਵੇਖ ਕੇ ਬਾਈ ਨੂੰ ਕੋਈ ਲੋਹੜ ਹੀ ਚੜ੍ਹ ਪਿਆ। ਰਾਗ ਰੰਗ ਤੇ ਉਸ ਦੇ ਰੂਪ ਨੇ ਅੰਗੜਾਈਆਂ ਦੀ ਹੱਦ ਪਾਰ ਕਰ ਲਈ।
”ਵਾਹ ਤੇਰੀਆਂ ਕਰਾਮਾਤਾਂ ਜਾਨੋ, ਬਲਿਹਾਰੇ!” ਉਸ ਤੋਂ ਰਹਿ ਨਾ ਹੋਇਆ ਤੇ ਸਾਰੰਗੀ ਲੈ ਕੇ ਬਰਾਬਰ ਸੰਗਤ ਵਿੱਚ ਆ ਬੈਠਾ।
ਉਸ ਨੇ ਤਾਨ ਪਲੋਸਦਿਆਂ, ਸਾਜਿੰਦਿਆਂ ਦੇ ਮੂੰਹ ਤੋਂ ਹਵਾਈਆਂ ਉਡਾ ਸੁੱਟੀਆਂ। ਗੌਹਰ ਜਾਨ ਦੀਆਂ ਕਮਾਈਆਂ ਰਗਾਂ ਨੂੰ ਸਾਰੰਗੀ ਦੀਆਂ ਚੋਟਾਂ ਝੰਜੋੜਨ ਲੱਗੀਆਂ। ਬੇਗ਼ਮ ਤੇ ਰੂੜੇ ਦੀਆਂ ਗਤਾਂ ਬਿਨਾਂ ਸਾਰੇ ਝੜ ਕੇ ਰਹਿ ਗਏ। ਬਾਈ ਦਰਬਾਰੀ ਤੋਂ ਬਾਗੇਸ਼ਰੀ ‘ਤੇ ਆ ਗਈ। ਰੂੜੇ ਨੇ ਆਪਣੇ ਰਿਆਜ਼ ਨੂੰ ਇਕ ਤਰ੍ਹਾਂ ਲਲਕਾਰਿਆ। ਦੋਹਾਂ ਵਿਚਕਾਰ ਕਲਾਬਾਜ਼ੀ ਦੇ ਤੀਰ ਚਲਦੇ ਰਹੇ। ਰੂੜੇ ਦਾ ਅੰਦਰ ਹੁੰਗਾਰ ਪਿਆ : ਅੱਜ ਤੂੰ ਹੈ ਨਹੀਂ, ਜਾਂ ਮੈਂ ਹੈ ਨਹੀਂ। ਪਰਖ ਦਾ ਇਮਤਿਹਾਨ ਦੋਹਾਂ ਵਿਚਕਾਰ ਅੜ ਖੜੋਤਾ ਸੀ। ਗੌਹਰ ਜਾਨ ਨੇ ਅਸਥਾਈ ਪੂਰੀ ਕਰਦਿਆਂ ਰੂੜੇ ਦੇ ਪੈਰ ਫੜ ਲਏ।
”ਮੇਰੇ ਮੁਰਸ਼ਦ ਕੁਰਬਾਨ ਜਾਊਂ।” ਉਸ ਝੂੰਮਦਾ ਸਿਰ ਪੂਰੀ ਅਕੀਦਿਤ ਨਾਲ ਉਸਤਾਦ ਅੱਗੇ ਝੁਕਾ ਦਿੱਤਾ। ”ਮੇਰੇ ਮਿਹਰਬਾਨ, ਦਿਲ ਕੀ ਖ਼ਾਹਸ਼ ਕਰੋ?”
”ਦੀਦਾਰ ਈ ਕਾਫੀ ਐ ਸੱਜਣਾਂ ਦਾ।”
”ਨਹੀਂ, ਕੁੱਝ ਵੀ ਕਹੋ, ਪੂਰਾ ਹੋਵੇਗਾ।” ਉਹ ਹਾਲੇ ਵੀ ਵਜਦ ਵਿੱਚ ਮੇਲ੍ਹੀ ਜਾ ਰਹੀ ਸੀ।
”ਪੰਜਾਬ ਵਿੱਚ ਇਕ ਮਹਿਫ਼ਲ, ਤੁਹਾਡੀ ਮਿਹਰਬਾਨੀ ਮੰਗਦੀ ਐ।” “ਬਸ ਇਕ ਮਹਿਫ਼ਲ? ਜ਼ਿੰਦਗੀ ਹੀ ਮਹਿਫ਼ਲ ਕਿਉਂ ਨਾ ਹੋ ਜਾਏ।” ਬਾਈ ਦਾ ਨਸ਼ਿਆਇਆ ਦਿਲ ਫਰਾਂਟਿਆ ‘ਤੇ ਆਇਆ ਹੋਇਆ ਸੀ। ਉਸ ਚੁਟਕੀ ਮਾਰ ਕੇ ਸਭ ਨੂੰ ਉਠਦੇ ਕਰ ਦਿੱਤਾ। ਮੁੜ ਆਵੇਸ਼ ਵਿੱਚ ਆਈ ਬੋਲੀ, ”ਯਾਰ ਉਸਤਾਦ, ਏਕ ਮਹਿਫ਼ਲ ਕਿਉਂ, ਤਮਾਮ ਜ਼ਿੰਦਗੀ ਕਿਉਂ ਨਾ ਮਾਂਗੀ?”
”ਮਿਹਰਾਂ, ਮੇਰੀ ਘਸੀ ਚਾਦਰ ਤੇਰੇ ਮੋਤੀਆਂ ਦਾ ਭਾਰ ਕਿਵੇਂ ਚੁੱਕਦੀ।” ਮੀਰ ਨੂੰ ਆਪਣੀ ਗ਼ਰੀਬੀ ਅਤੇ ਘਰਵਾਲੀ ਧੰਨੀ ਯਾਦ ਆ ਗਈਆਂ। ”ਲਾਲ ਮਹਿਲਾਂ ਵਿੱਚ ਹੀ ਸੁੰਹਦੇ ਐ, ਝੁੱਗੀਆਂ ਵਿੱਚ ਨਹੀਂ।”
”ਅੱਲਾ ਬੇਲੀ, ਸ਼ਾਇਦ ਆਪ ਠੀਕ ਫ਼ਰਮਾਤੇ ਹੈਂ।” ਉਹ ਨਾਲ ਹੀ ਹਉਕਾ ਭਰ ਗਈ। ਉਸ ਦਾ ਭਾਵ ਸੀ, ਅੱਲ੍ਹਾ ਕਿੰਨਾ ਕੰਜੂਸ ਐ, ਹੁਨਰ ਤਾਂ ਦਿੰਦਾ ਹੈ, ਹਾਣ ਨਹੀਂ ਦਿੰਦਾ, ਜ਼ਿੰਦਗੀ ਦਿੰਦਾ ਹੈ, ਮਾਣ ਨਹੀਂ ਦਿੰਦਾ।
ਗੌਹਰ ਜਾਨ ਨੇ ਰੂੜੇ ਖਾਂ ਨੂੰ ਨੁਹਾਇਆ, ਧੁਆਇਆ; ਕਈ ਦਿਨ ਰੱਖ ਕੇ ਕਲਕੱਤੇ ਘੁੰਮਾਇਆ। ਭਰਪੂਰ ਖ਼ਾਤਰਦਾਰੀ ਪਿੱਛੋਂ ਉਹ ਪੰਜਾਬ ਦੀ ਮਹਿਫ਼ਲ ਲਈ ਤਿਆਰ ਹੋ ਪਈ। ਮੀਰ ਸੱਜਣਾਂ ਦੇ ਸ਼ਹੁ-ਸਾਗਰ ਡੁੱਬ ਡੁੱਬ ਉਭਰਦਾ ਸੀ। ਬਾਈ ਨੇ ਨਾਲ ਲੈ ਜਾਣ ਲਈ ਆਪਣੇ ਸਾਜ਼ਿੰਦੇ ਤਿਆਰ ਕਰਨੇ ਚਾਹੇ।
”ਰੰਗੀਲੀ ਬਾਈ, ਰੂੜੇ ਦੀ ਸਾਰੰਗੀ ਦੇ ਹੁੰਦਿਆਂ ਹੋਰ ਭਾਰ ਚੁੱਕਣ ਦੀ ਕੀ ਲੋੜ।” ਉਹ ਗੌਹਰ ਜਾਨ ਦਾ ਇਕੱਲਿਆਂ ਸਾਥ ਮਾਨਣਾ ਚਾਹੁੰਦਾ ਸੀ।
”ਮੰਨਿਆ ਮਿੱਤਰ ਪਿਆਰਿਆ।” ਉਸ ਦੀਆਂ ਮੁਸਕਾਣਾਂ ਵਿੱਚ ਮੀਰ ਚੁੰਧਿਆ ਕੇ ਰਹਿ ਗਿਆ। ਬਾਈ ਦੇ ਪੰਜਾਬੀ ਸ਼ਬਦਾਂ ਵਿੱਚ ਸ਼ਹਿਦ ਘੁਲਿਆ ਹੋਇਆ ਸੀ। ਬਚਪਨ ਵਿੱਚ ਜਗਰਾਵਾਂ ਦਾ ਪਾਣੀ ਜੋ ਪੀਤਾ ਸੀ।
ਆਖ਼ਰ ਉਹ ਜੋੜੀ ਪੰਜਾਬ ਨੂੰ ਠਿੱਲ੍ਹ ਪਈ। ਕੁੱਝ ਸੋਚ ਕੇ ਰੂੜੇ ਨੇ ਆਪਣੇ ਗਲਮੇ ਵਿੱਚ ਮੂੰਹ ਪਾ ਲਿਆ। ਜੇ ਇਹਨੂੰ ਦੱਸਿਆ, ਤੈਨੂੰ ਮਹਾਰਾਜਾ ਕਪੂਰਥਲੇ ਦੇ ਲੈ ਕੇ ਚਲਿਆ ਹਾਂ; ਇਹ ਏਥੇ ਹੀ ਵਿਹਰ ਕੇ ਲਹਿ ਪਵੇਗੀ। ਉਸਨੂੰ ਵਜ਼ੀਰ ਸਰਦਾਰ ਨੇ ਗਵਾਲੀਅਰ ਵਾਲੀ ਟੱਕਰ ਦੀ ਕਹਾਣੀ ਦੱਸੀ ਹੋਈ ਸੀ। ਕੁਦਰਤੀ ਡਰ ਕਾਰਨ ਉਸ ਦਾ ਦਿਲ ਧੜਕਣਾਂ ਦੇ ਚੱਕਰਾਂ ਵਿੱਚ ਆਇਆ ਹੋਇਆ ਸੀ।
”ਉਸਤਾਦ ਜੀ! ਮੈਂ ਸਦਕੇ, ਸੋਚਾ ਹੀ ਨਾ ਥਾ, ਖ਼ੁਦਾ ਇਤਨਾ ਮਿਹਰਬਾਨ ਕਿ ਕਾਲਾ ਮੋਤੀ ਮੇਰੀ ਗਰਦਨ ਦਾ ਸ਼ਿੰਗਾਰ ਹੋ ਜਾਏਗਾ।” ਅਚਾਨਕ ਗੌਹਰ ਜਾਨ ਕਹਿ ਗਈ।
”ਬਾਈ ਜਾਨ, ਮੈਂ ਕਿਆ, ਮਰਾਸੀ ਦੀ ਔਕਾਤ ਕਿਆ।” ਚੜ੍ਹਾਈ ਦੀ ਚੋਟੀ ਤੋਂ ਉਹ ਰਿੜਦਾ ਹੋ ਤੁਰਿਆ। ਉਹ ਜ਼ਬਤ ਦੇ ਇਕ ਖ਼ਾਸ ਘੇਰੇ ਵਿੱਚ ਹੱਦਬੰਦ ਰਹਿਣਾ ਚਾਹੁੰਦਾ ਸੀ। ਕਿਉਂਕਿ ਉਹ ਗੌਹਰ ਜਾਨ ਨੂੰ ਮਹਾਰਾਜ ਦੀ ਅਮਾਨਤ ਸਮਝਦਾ ਸੀ। ਪਰ ਉਹ ਦਿਲ ਦੇ ਮੂੰਹ ਜ਼ੋਰ ਰੋੜ੍ਹ ਵਿੱਚ ਉਲਰੀ ਆ ਰਹੀ ਸੀ।
”ਸੱਜਣਾ ਪਹਿਲੇ ਆਪ ਨੇ ਗ਼ਰੀਬੀ ਕੀ ਬਾਤ ਪਾਈ, ਅਬ ਜ਼ਾਤ ਕੀ। ਯਿਹ ਮੇਰੇ ਇਸ਼ਕ ਕੀ ਤੌਹੀਨ ਹੈ। ਇਸ਼ਕ ਅੱਲ੍ਹਾ ਦੀ ਜ਼ਾਤ, ਰਾਗ ਉਸ ਦਾ ਲਿਬਾਸ। ਲਗਤਾ ਹੈ, ਆਪ ਕਲਕੱਤੇ ਵਾਲੇ ਕਰਾਮਾਤੀ ਫ਼ਕੀਰ ਨਹੀਂ ਰਹੇ।”
”ਆਪ ਬਹੁਤ ਕੁਝ ਠੀਕ ਕਹਿਤੇ ਹੈਂ। ਸਮੇਂ ਦੀ ਗੱਡੀ ਸਾਨੂੰ ਸੱਚ ਵੱਲ ਖਿੱਚੀ ਲਈ ਜਾ ਰਹੀ ਹੈ।” ਰੂੜੇ ਨੇ ਗੱਲ ਨੂੰ ਟਾਲਾ ਮਾਰਨਾ ਚਾਹਿਆ।
”ਕਿਆ ਇਸ਼ਕ ਮੁਕੰਮਲ ਸੱਚ ਨਹੀਂ ਹੋਤਾ?” ਬਾਈ ਅੱਗੇ ਅਸਚਰਜ ਬਾਹਾਂ ਅੱਡ ਖਲੋਤਾ।
”ਇਸ਼ਕ ਨਿਰਾ ਸੱਚ, ਪਰ ਰਾਹ ਦੀਆਂ ਔਕੜਾਂ?”
”ਮੈਨੇ ਤੋ ਸੁਣਾ ਥਾ, ਆਸ਼ਕ ਪਹਾੜ ਤੋੜਤੇ ਹੈਂ।”
”ਵੋਹ ਸਦੀਆਂ ਪੁਰਾਣੇ ਜ਼ਮਾਨੇ ਕੀ ਬਾਤ ਥੀ।”
”ਕਿਆ ਅਬ ਇਸ਼ਕ ਮਰ ਗਿਆ ਹੈ ਯਾ ਮਰਦ?”
ਰੂੜੇ ਖਾਂ ਦੀ ਜਾਨ ਕੜਿੱਕੀ ਵਿੱਚ ਆਈ ਹੋਈ ਸੀ।
”ਮਰੇ ਤਾਂ ਨਹੀਂ, ਪਰ ਮਾਰ ਦੀਏ ਜਾਤੇ ਹੈਂ। ਸ਼ਾਇਦ ਜਲੰਧਰ ਆਉਣ ਵਾਲਾ ਹੈ।” ਉਸ ਜਾਣ ਕੇ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ।
”ਕਿਆ ਜਲੰਧਰ ਉਤਰਨਾ ਹੈ? ਮੈਂ ਤੋਂ ਅੰਮ੍ਰਿਤਸਰ ਸੋਚਦੀ ਥੀ।”
”ਹਾਂ ਜਲੰਧਰ ਉਤਰਨਾ ਹੈ? ਅੱਗੇ ਖ਼ੁਦਾ ਜਿੱਥੇ ਲੈ ਜਾਵੇ।” ਉਹ ਆਪੇ ਵਿੱਚ ਸੁਕੜਦਾ ਜਾ ਰਿਹਾ ਸੀ।
”ਆਪ ਕੇ ਜਲੰਧਰ ਕਾ ਸਹਿਗਲ ਅੱਛਾ ਗਾਤਾ ਹੈ, ਆਵਾਜ਼ ਮੇਂ ਮੀਠਾ ਸੋਜ਼ ਹੈ। ਮਗਰ ਸ਼ਰਾਬ ਉਸੇ ਜਲਦੀ ਮਾਰ ਦੇਗੀ। ਜਿਨਹੇ ਇਸ਼ਕ ਨਾਜ਼ਲ ਹੋਤਾ ਹੈ, ਪਿਆਰ ਨਹੀਂ ਮਿਲਤਾ, ਵੋਹ ਜੂੰਹੀ ਬਰਬਾਦ ਹੋ ਜਾਤੇ ਹੈਂ।” ਗੌਹਰ ਜਾਨ ਸੁਭਾਵਕ ਹੀ ਕਹਿੰਦੀ ਗਈ। ਜਿਵੇਂ ਗੱਡੀ ਫਟਾਫਟ ਦਰੱਖ਼ਤਾਂ, ਖੇਤਾਂ ਵਿਚਲੇ ਵਿਰਲੇ ਮਕਾਨਾਂ ਨੂੰ ਪਿਛਾਂਹ ਛੱਡੀ ਜਾ ਰਹੀ ਸੀ, ਕੁੱਝ ਇਸ ਤਰ੍ਹਾਂ ਹੀ ਬਾਈ ਦੇ ਜ਼ਿਹਨ ਵਿੱਚੋਂ ਬੜਾ ਕੁੱਝ ਲੰਘੀ ਜਾ ਰਿਹਾ ਸੀ।
ਜਲੰਧਰ ਆ ਗਿਆ। ਉਹਨਾਂ ਸਾਮਾਨ ਲਾਹ ਲਿਆ। ਸਟੇਸ਼ਨ ਤੋਂ ਬਾਹਰ ਨਿਕਲ ਕੇ ਰੂੜੇ ਨੇ ਆਪਣੇ ਪਿੰਡ ਦੇ ਅਮਲੀ ਦਾ ਤਾਂਗਾ ਸਾਲਮ ਕਰ ਲਿਆ। ਤਾਂਗੇ ਵਾਲਾ ਅਮਲੀ ਪਰੀ ਜਾਨ ਨੂੰ ਵੇਖ ਕੇ ਹੈਰਾਨ ਡੌਰ ਭੌਰ: ਰੂੜਾ ਇਹਨੂੰ ਕਿੱਥੋਂ ਲੁੱਟ ਲੈ ਆਇਆ। ਧੰਨੀ ਤਾਂ ਇਹਦੀ ਗਰਦਨ ਮਰੋੜ ਦੇਵੇਗੀ। ਤਾਂਗਾ ਕਪੂਰਥਲੇ ਨੂੰ ਸਿੱਧਾ ਹੋ ਤੁਰਿਆ। ਰੂੜੇ ਦੇ ਪਿੰਡ ਬਰਾਬਰ ਅੱਧ ਵਿੱਚ ਖੂਹੀ ਪੈਂਦੀ ਸੀ। ਅਮਲੀ ਨੇ ਤਾਂਗਾ ਰੋਕ ਕੇ ਘੋੜੇ ਨੂੰ ਪਾਣੀ ਪਿਲਾਇਆ। ਕੋਲ ਖਲੋਤੀ ਸਵਾਰੀ ਨੇ ਪੁੱਛ ਲਿਆ।
”ਅਮਲੀਆ! ਮੈਨੂੰ ਕਪੂਰਥਲੇ ਤੱਕ ਲੈ ਚਲੇਂਗਾ?”
”ਨਹੀਂ ਬਈ, ਸਾਲਮ ਐ।” ਅਮਲੀ ਨੇ ਮੀਰ ਨਾਲ ਸੈਨਤ ਮਿਲਾ ਲਈ ਸੀ।
”ਕਿਆ?” ਗੌਹਰ ਜਾਨ ਅਬੜਵਾਹ ਗਈ। ”ਹਮ ਕਪੂਰਥਲੇ ਜਾ ਰਹੇ ਹੈਂ?” ਉਹਦੀਆਂ ਅੱਖਾਂ ਵਿੱਚ ਡਰ ਤੇ ਖ਼ਤਰਾ ਬਰਾਬਰ ਉਭਰ ਆਏ।
ਉਹ ਪੁਕਾਰ ਪਈ। ”ਭਾਈ ਅਮਲੀਆ, ਤਾਂਗਾ ਰੋਕ ਦੇ?”
”ਹਾਂਅ, ਅਸੀਂ ਕਪੂਰਥਲੇ ਹੀ ਜਾ ਰਹੇ ਆਂ।” ਮੀਰ ਨੇ ਸੋਚਿਆ ਸਿਆਪਾ ਤਾਂ ਪੈ ਗਿਆ ਪਰ, ਸੱਚ ਕਿੰਨਾ ਕੁ ਚਿਰ ਲੁਕਾ ਕੇ ਰੱਖਾਂਗਾ।
”ਕਿਆ ਮਹਿਫ਼ਲ ਵਹਾਂ…….?” ਹੈਰਾਨੀ ਵਿੱਚ ਬਾਈ ਚਕਰਾ ਗਈ। ਬਾਕੀ ਗੱਲ ਉਸ ਤੋਂ ਪੂਰੀ ਨਾ ਹੋ ਸਕੀ। ਗਵਾਲੀਅਰ ਵਿੱਚ ਮਹਾਰਾਜੇ ਨੂੰ ਦਿੱਤਾ ਕੋਰਾ ਜਵਾਬ ਉਸ ਨੂੰ ਯਾਦ ਆ ਗਿਆ। ”ਉਸਤਾਦ ਬਤਾਓ ਅਸਲ ਬਾਤ ਕਿਆ ਹੈ?” ਉਹਦਾ ਅੰਦਰ ਕਹਿਰਵਾਨ ਸੀ।
”ਜਦੋਂ ਤੂੰ ਜਾਣ ਹੀ ਗਈ ਏਂ, ਪੁੱਛਣ ਦਾ ਕੀ ਫ਼ਾਇਦਾ।” ਰੂੜਾ ਹਉਕੇ ਵਿੱਚ ਅਸਲੋਂ ਗਰਕ ਹੋ ਕੇ ਰਹਿ ਗਿਆ।
”ਮੇਰੇ ਅੱਲ੍ਹਾ! ਇਤਨਾ ਬੜਾ ਧੋਕਾ।” ਉਸ ਪਨਾਹ ਲਈ ਦੋਵੇਂ ਹੱਥ ਫੈਲਾਅ ਦਿੱਤੇ। ”ਅਰੇ ਯਾਰ ਮਹਾਰਾਜਿਆਂ ਦੀ ਸ਼ਾਹੀ ਛੋਡ ਕੇ ਮੈਨੇ ਤੋਂ ਤੇਰੀ ਫ਼ਕੀਰੀ ਕੀ ਬੈਅਤ ਕੀ ਥੀ। ਕਲਾ, ਕਲਾ ਤੋਂ ਕੁਰਬਾਨ ਹੋਈ ਸੀ। ਮੈਂ ਤੋ ਹਮੇਸ਼ਾ ਕੇ ਲੀਏ ਤੇਰੀ ਹੋ ਗਈ ਥੀ। ਤੂਨੇ ਜੂਏ ਮੇਂ ਗੌਹਰ ਕੋ ਹਾਰ ਦੀਆ? ਯਾਰ ਐਸਾ ਕਿਉਂ ਕੀਆ, ਕਿਉਂ ਕੀਆ?” ਉਸ ਦੋਹੱਥੜ ਆਪਣੀ ਛਾਤੀ ਤੇ ਮਾਰਿਆ। ਉਸ ਦੀਆਂ ਅੱਖਾਂ ਛਲਕ ਤੁਰੀਆਂ।
”ਗੌਹਰ ਬਾਈ ਤੂੰ ਨਹੀਂ ਜਾਣਦੀ, ਗਰੀਬੀ ਇਸ਼ਕ ਦੀ ਕਾਤਲ ਰਹੀ ਹੈ। ਤੇਰੇ ਸ਼ਾਹੀ ਰਹਿਣ ਨੂੰ ਮੇਰਾ ਕੱਚਾ ਕੋਠਾ ਕਿਵੇਂ ਝੱਲਦਾ, ਜਿਸ ਉੱਤੇ ਘਾਹ ਉਗ ਆਇਆ ਹੈ। ਮੇਰੀ ਕੋਠੇ ਜਿੱਡੀ ਧੰਨੀ………।” ਉਸ ਦੀ ਲਾਚਾਰੀ ਵੇਖਣ ਵਾਲੀ ਸੀ। ”ਰੇਸ਼ਮ ਪੱਟ ਵਿੱਚ ਸੁਖਾਂਦੀ ਗੋਰੀ, ਮੋਟਾ ਖੱਦਰ ਕਿਵੇਂ ਹੰਢਾਵੇਗੀ?”
”ਤੂੰ ਸੱਸੀ ਨੂੰ ਤੱਤੇ ਥਲਾਂ ਵਿੱਚ ਸੜਦੀ ਨਹੀਂ ਵੇਖਿਆ ਹੋਣਾ।” ਕੋਸੇ ਹੰਝੂਆਂ ਨਾਲ ਉਹ ਦਿਲ ਦੀ ਅੱਗ ਬੁਝਾ ਰਹੀ ਸੀ।
ਘੋੜਾ ਪੂਛਲ ਮਾਰ-ਮਾਰ ਮੱਖ ਉਡਾ ਰਿਹਾ ਸੀ। ਅਸਚਰਜ ਵਿੱਚ ਆਇਆ ਅਮਲੀ ਆਪਣੇ ਟੁੱਟੇ ਛਿੱਤਰਾਂ ਦੀ ਮਿੱਟੀ ਝਾੜਨ ਲੱਗਾ।
”ਗੌਹਰ ਜਾਨ, ਜ਼ਖ਼ਮ ਪਹਿਲਾਂ ਹੀ ਬਹੁਤ ਡੂੰਘੇ ਐ; ਤੂੰ ਲੂਣ ਵਾਲੇ ਪਾਣੀ ਦੀ ਟਕੋਰ ਨਾ ਕਰੇਂ ਤਾਂ ਚੰਗਾ ਹੈ।”
”ਰੂੜੇ ਖਾਂ, ਤੂੰ ਨੇ ਮੇਰੇ ਇਸ਼ਕ ਦੀ ਤੌਹੀਨ ਹੀ ਨਹੀਂ ਕੀ, ਮੇਰਾ ਈਮਾਨ ਵੀ ਤੋੜਿਆ ਹੈ। ਖ਼ੁਦਾ ਖ਼ੈਰ ਕਰੇ।” ਉਸ ਦਾ ਕਣ ਕਣ ਵਿਖਰ ਚੁੱਕਾ ਸੀ। ”ਮੰਨਿਆ, ਤੁਆਇਫ ਕਿਸੀ ਕੀ ਨਹੀਂ ਹੋਤੀ, ਪੈਸੇ ਕੇ ਲੀਏ ਮਰਤੀ ਹੈ। ਪਰ ਔਰਤ ਨੇ ਸਿਦਕ ਵਫਾ ਨੂੰ ਹਮੇਸ਼ਾਂ ਵੰਗਾਰਿਆ ਹੈ। ਤੂੰ ਮੇਰੇ ਦਿਲ ਦਾ ਥੋੜ੍ਹਾ ਜਿੰਨਾ ਹੀ ਅਹਿਸਾਸ ਕੀਤਾ ਹੁੰਦਾ।”
”ਗੌਹਰ ਬਾਈ ਤੂੰ ਗ਼ਰੀਬੀ ਨਹੀਂ ਵੇਖੀ, ਭੁੱਖ ਨਹੀਂ ਕੱਟੀ। ਜ਼ਿੰਦਗੀ ਦੇ ਕੰਡਿਆਲੇ ਰਾਹ ਪੈ ਕੇ ਨਹੀਂ ਤੁਰੀ। ਇਹ ਇਸ਼ਕ ਦੇ ਅਵੱਲੇ ਰਾਹ ਤੋਂ ਵੀ ਦੁਖਿਆਰਾ ਹੈ। ਮੇਰੀ ਮਜਬੂਰੀ ਸੀ, ਮੈਂ ਮਹਾਰਾਜੇ ਦੇ ਦਰਬਾਰ ਸਲਾਮ ਜਾ ਕੀਤੀ। ਮੈਂ ਉਸ ਦਾ ਲੂਣ ਖਾਧਾ। ਹੁਣ ਵਫ਼ਾਦਾਰੀ ਨਿਬਾਹੁਣਾ ਮੇਰਾ ਈਮਾਨ ਹੈ। ਜ਼ਿੰਦਗੀ ਤੇ ਸਮਾਜ ਦੀਆਂ ਤਲਖ਼ੀਆਂ ਤੋਂ ਭੱਜ ਕੇ ਬੰਦਾ ਕਿਤੇ ਨਹੀਂ ਜਾ ਸਕਦਾ।” ਉਹ ਮਜਬੂਰੀ ਤੇ ਸ਼ਰਮਿੰਦਗੀ ਵਿਚਕਾਰ ਜ਼ਿਬਾਹ ਹੋਇਆ ਪਿਆ ਸੀ। ”ਯਾ ਮੇਰੇ ਮੌਲਾ, ਮੈਨੂੰ ਏਥੇ ਈ ਗਰਕ ਕਰ ਦੇ, ਹੁਣੇ ਕਿਆਮਤ ਵਰਤਾ ਦੇ।”
ਬਾਈ ਨੇ ਲੰਮਾ ਹਉਕਾ ਲੈ ਕੇ ਅੱਖਾਂ ਮੀਟ ਲਈਆਂ। ਜ਼ਹਿਰ ਦੀ ਆਖਰੀ ਘੁੱਟ ਵੀ ਡਕਾਰ ਲਈ : ਸੋਚਾ ਨਾ ਥਾ, ਕਿਆ ਹੋ ਗਿਆ।
”ਅਮਲੀ ਭਾਈ, ਤਾਂਗਾ ਚਲਾਓ?” ਉਹ ਅੰਦਰਲੀਆਂ ਪੀੜਾਂ ਦੀ ਤਹਿ ਖਾ ਕੇ ਹਉਕਾ ਭਰ ਗਈ : ”ਯਾਰਾ ਤੇਰੇ ਲੀਏ ਰੋਜ਼ ਜ਼ਿਬਾਹ ਹੋਇਆ ਕਰਾਂਗੀ। ਯਹਿ ਨਾਂ ਥੀਂ ਹਮਾਰੀ ਕਿਸਮਤ।”
”ਮੈਨੂੰ ਮੇਰੀ ਵਫਾਦਾਰੀ ਨੇ ਮਾਰ ਸੁੱਟਿਆ। ਵਾਸਤਾ ਖ਼ੁਦਾ ਦਾ ਮੇਰੀ ਰੂਹ ਜਿਉਂਦੀ ਰੱਖ ਲੈ।” ਉਹ ਬਾਈ ਅੱਗੇ ਸਿਰ ਨੀਵਾਂ ਕਰ ਗਿਆ।
ਗੌਹਰ ਜਾਨ ਬਿਨਾ ਏਧਰ ਓਧਰ ਵੇਖੇ ਆਪਣੇ ਅੰਦਰ ਉਤਰੀ ਰਹੀ। ਮੁੜ ਉਹ ਮਹਾਰਾਜੇ ਦੇ ਮਹਿਲ ਆ ਜਾਣ ਤੱਕ ਉਕਾ ਈ ਨਾ ਕੂਈ।
ਰੂਹ ਦੇ ਜ਼ਖ਼ਮਾਂ ਨੂੰ ਸਹਿਲਾਉਂਦੀ ਰਹੀ। ਰੂੜਾ ਸਹਿਜ ਨਾਲ ਤਾਂਗੇ ਵਿੱਚੋਂ ਉਤਰਿਆ। ਯਾਰ ਸਰਦਾਰ ਕੁਦਰਤੀ ਵਰਾਂਡੇ ਵਿੱਚ ਬੈਠਾ ਸੀ। ਰੂੜੇ ਤੇ ਗੌਹਰ ਜਾਨ ਨੂੰ ਵੇਖ ਕੇ ਉਸ ਕਿਲਕਾਰੀ ਮਾਰੀ ਅਤੇ ਮਹਾਰਾਜੇ ਨੂੰ ਭੱਜ ਕੇ ਜਾ ਖ਼ਬਰ ਕੀਤੀ। ਉਹ ਖ਼ੁਸ਼ੀ ਵਿੱਚ ਮੁਸਕਾਂਦਾ ਬਾਹਰ ਆ ਗਿਆ।
”ਜਹੇ ਨਸੀਬ ਗੌਹਰ ਜਾਨ! ਤੂੰ ਆਈ, ਸਾਡੇ ਵਿਹੜੇ ਦੇ ਧੰਨਭਾਗ।” ਮਹਾਰਾਜਾ ਹੱਥ ਜੋੜੀ ਬਾਹਾਂ ਹਿੱਕ ਤੋਂ ਉਤਾਂਹ ਤੱਕ ਲੈ ਗਿਆ। ਉਸ ਦੀ ਖੁਸ਼ੀ ਹੱਦਾਂ ਬੰਨੇ ਟੱਪ ਗਈ ਸੀ।
”ਮਹਾਰਾਜਾ ਸਾਹਿਬ! ਬੰਦੀ ਸਲਾਮ ਅਰਜ਼ ਕਰਦੀ ਹੈ।” ਉਹ ਹੱਥ ਮੱਥੇ ਨੂੰ ਲਾਉਂਦੀ ਥੋੜਾ ਸਿਰ ਝੁਕਾ ਗਈ ”ਕਰ ਲੇਤੀ ਹੈ ਸ਼ਾਹੀ ਬਹੁਤ ਕੁਝ, ਨਗ਼ਮੇ ਕੀ ਗ਼ੈਰਤ ਕੁਝ ਭੀ ਨਹੀਂ।” ਉਹ ਮੂੰਹ ਪਾੜ ਕੇ ਆਖਣਾ ਚਾਹੁੰਦੀ ਸੀ ਇਸ ਉਸਤਾਦ ਦੀ ਖ਼ਾਤਰ ਹੀਣੀ ਹੋਈ ਆਂ। ਇਕ ਕਾਂ ਇਸ਼ਕ ਦੀ ਠੱਗੀ ਮਾਰ ਕੇ ਹੰਸਣੀ ਨੂੰ ਕਾਇਲ ਕਰ ਲੈ ਆਇਆ। ਤੂੰ ਕੀ ਜਾਣੇ ਘੋਗਨਾਥਾ ਕਿਵੇਂ ਆ ਗਈ।
ਰੂੜੇ ਖਾਂ ਮਨ ਵਿੱਚ ਆਖ ਗਿਆ। ਜੇ ਜ਼ਮਾਨੇ ਦੇ ਧੱਕੇ ਖਾਧੇ ਹੁੰਦੇ, ਇਉਂ ਕਦੇ ਨਾ ਆਖਦੀ, ਨਾ ਹੀ ਸੋਚਦੀ। ਉਹ ਆਪਣੀ ਸ਼ਰਮ ਤੇ ਧੋਖਾਦੇਹੀ ਨਾਲ ਅੱਧਾ ਮਰ ਚੁੱਕਾ ਸੀ। ਤਾਂਗੇ ਤੋਂ ਸਾਰਾ ਸਾਮਾਨ ਲੱਥ ਗਿਆ। ਮਹਾਰਾਜੇ ਨੇ ਅਮਲੀ ਨੂੰ ਸੌ ਦਾ ਨੋਟ ਦੇ ਕੇ ਨਿਹਾਲ ਕਰ ਦਿੱਤਾ। ਸਾਰੇ ਦੀਵਾਨਖਾਨੇ ਆ ਬੈਠੇ। ਬਾਈ ਨੇ ਸਾੜ੍ਹੀ ਦੇ ਪੱਲੇ ਨਾਲ ਆਪਣਾ ਮੂੰਹ ਸਾਫ ਕੀਤਾ। ਸਭ ਨੇ ਸ਼ਰਬਤ ਦੇ ਗਲਾਸ ਫੜ ਲਏ। ਚਪੜਾਸੀ ਬਾਹਰ ਬੈਠਾ ਪੱਖਾ ਖਿੱਚ ਰਿਹਾ ਸੀ। ਮਹਾਰਾਜੇ ਨੇ ਮਹਿਸੂਸ ਕੀਤਾ, ਗੌਹਰ ਜਾਨ ਉਦਾਸ ਹੈ।
”ਬੇਗ਼ਮ ਬਾਈ ਥੱਕੇ ਹੋਵੋਗੇ, ਆਓ ਆਰਾਮ ਕਰ ਲਵੋ। ਉਦਾਸ ਲਗਤੇ ਹੋ?”
”ਆਪ ਠੀਕ ਫ਼ਰਮਾਤੇ ਹੋ।”
”ਯਹਿ ਸਭ ਆਪ ਕਾ ਹੈ।” ਰਾਜੇ ਨੇ ਹੱਥ ਦੇ ਇਸ਼ਾਰੇ ਨਾਲ ਮਹਿਲ ਉਸ ਦੇ ਹਵਾਲੇ ਕਰ ਦਿੱਤਾ। ”ਬੰਦਾ ਵੀ ਆਪ ਕਾ ਹੈ।” ਉਸ ਹਿੱਕ ਨੂੰ ਹੱਥ ਲਾ ਕੇ ਉਦਾਰਤਾ ਵਖਾਈ।
”ਕਹਿਣਾ ਨਹੀਂ ਚਾਹੀਏ ਰਾਜਾ ਸਾਹਿਬ। ਫ਼ਕੀਰੀ ਕੇ ਅਗੇ ਯਹਿ ਕਿਆ ਹੈ।”
ਕਰਾਰੀ ਚੋਟ ਰੂੜੇ ਖਾਂ ਨੂੰ ਖਾ ਗਈ। ਉਹ ਸਹਿਜ ਨਾਲ ਉਠ ਕੇ ਬਾਹਰ ਹੋ ਗਿਆ। ਸਰਦਾਰ ਨੇ ਵੀ ਬਾਈ ਤੇ ਮਹਾਰਾਜੇ ਨੂੰ ਇਕੱਲਿਆਂ ਕਰ ਦਿੱਤਾ।
”ਤੇਰਾ ਸੰਗੀਤ ਮਹਾਨ ਰੂਪ ਖ਼ੁਦਾਈ ਜਲਵਾ, ਤੇਰੀ ਫ਼ਕੀਰੀ ਤੋਂ ਸ਼ਾਹੀ ਕੁਰਬਾਨ। ਤੇਰੇ ਦੀਦਾਰ ਅੱਗੇ ਸਭ ਕੁਝ ਹੀ ਛੋਟਾ ਹੈ।” ਮਹਾਰਾਜੇ ਨੇ ਗੌਹਰ ਜਾਨ ਦਾ ਦਿਲ ਜਿੱਤਣ ਲਈ ਸਿਫਤਾਂ ਦੇ ਪੁਲ੍ਹ ਬੰਨ੍ਹਣੇ ਸ਼ੁਰੂ ਕਰ ਦਿੱਤੇ।
”ਰਾਜਾ ਸਾਹਿਬ! ਸਿਫ਼ਤ ਸਫਾਤ ਛੋੜੀਏ ਮੈਨੇ ਆਪਣੀ ਹਾਰ ਕੋ ਜੀਤ ਸਮਝ ਕਰ ਗਲੇ ਲਗਾ ਲੀਆ ਹੈ।” ਉਹ ਮਨ ਨਾਲ ਸਮਝੌਤਾ ਕਰ ਚੁੱਕੀ ਸੀ। ”ਅਬ ਮੈਂ ਕਹੀ ਜਾਨੇ ਸੇ ਰਹੀ। ਮੇਰੀ ਕਬਰ ਕਪੂਰਥਲੇ ਮੇਂ ਹੀ ਬਣੇਗੀ।”
ਕਪੂਰਥਲੇ ਦਾ ਦਿਲ ਖ਼ੁਸ਼ੀ ਵਿੱਚ ਉਛਲ ਪਿਆ। ਉਸ ਉਠ ਕੇ ਗੌਹਰ ਜਾਨ ਦਾ ਹੱਥ ਫੜ ਲਿਆ। ਗੋਡਾ ਟੇਕ ਕੇ ਬੋਲਿਆ:
”ਮੇਰੇ ਮਹਿਬੂਬ! ਮੇਰੀ ਸ਼ਾਹੀ ਤੇਰੀ ਫ਼ਕੀਰੀ ਨੂੰ ਸਲਾਮ ਕਰਦੀ ਹੈ। ਬਸ ਹੁਣ ਪ੍ਰਵਾਨ ਕਰ ਲੈ।”
”ਸਾਹਿਬ ਜੀ, ਜਬ ਕਹੀਂ ਜਾਨਾ ਹੀ ਨਹੀਂ, ਪਰਵਾਨ ਤੋ ਕਰਨਾ ਹੀ ਪੜੇਗਾ। ਮਗਰ ਏਕ ਬਾਤ, ਮਰਦ ਕੇ ਈਮਾਨ ਸੇ ਸ਼ੈਤਾਨ ਬੜਾ ਹੋਤਾ ਹੈ। ਕਿਸੀ ਨਾ ਕਿਸੀ ਤਰ੍ਹਾਂ ਠੱਗੀ ਮਾਰ ਹੀ ਲੇਤਾ ਹੈ।”
”ਮੇਰੇ ਯਾਰਾ ਸਿੱਧੀ ਉਂਗਲ ਨਾਲ ਘਿਉਂ ਨਹੀਂ ਨਿਕਲਦਾ।” ਉਹ ਏਨੀ ਕਹਿ ਕੇ ਹਲਕਾ ਜਿਹਾ ਹੱਸ ਪਿਆ।
”ਹਾਂ ਬਈ ਨਿਕਾਲੋ, ਜੈਸੇ ਵੀ ਨਿਕਲਤਾ ਹੈ। ਆਪ ਨੇ ਜੈਸੇ ਵੀ ਬੁਲਾਇਆ, ਹਾਜ਼ਰ ਹੋ ਗਏ।” ਗੌਹਰ ਨੇ ਰਾਜੇ ਦਾ ਹੱਥ ਫੜ ਕੇ ਮੱਥੇ ਨੂੰ ਲਾ ਲਿਆ। ”ਖੁਦਾਇਆ, ਜੀਨਾ ਵੀ ਮੁਸ਼ਕਲ, ਮਰਨਾ ਮੁਹਾਲ।”
”ਬੇਗ਼ਮ ਬਾਈ ਹੁਣ ਤਾਂ ਗੁੱਸਾ ਛੱਡ ਦਿਓ। ਮੈਂ ਚਰਨਾਂ ਵਿੱਚ ਆ ਬੈਠਾ ਆਂ। ਗੁੱਸਾ ਰੰਗ ਕਾਲਾ ਕਰ ਦੇਂਦਾ ਹੈ।” ਉਸ ਬਾਈ ਨੂੰ ਹਸਾਉਣਾ ਚਾਹਿਆ।
ਉਹ ਝਟ ਉਠ ਖਲੋਤੀ।
”ਕਾਲਾ ਗੋਰਾ ਅਬ ਆਪ ਕੀ ਅਮਾਨਤ ਹੈ। ਏਕ ਅਰਜ਼, ਆਜ ਮੁਝੇ ਗਾਨੇ ਕੋ ਨਾ ਕਹਿਣਾ।”
”ਨਹੀਂ ਆਖਾਂਗਾ। ਤੂੰ ਆਪਣੀ ਰੂਹ ਤਾਜ਼ੀ ਕਰਕੇ ਗਾਵੇਂਗੀ। ਚਲ ਉਠ, ਹੁਣ ਆਰਾਮ ਕਰ ਲੈ।” ਮਹਾਰਾਜਾ ਗੌਹਰ ਜਾਨ ਨੂੰ ਪਾਸੇ ਲਾ ਕੇ ਮਹਿਮਾਨ ਖਾਨੇ ਲੈ ਲਿਆ।
ਬਾਹਰ ਸਰਦਾਰ ਵਜ਼ੀਰ ਰੂੜੇ ਖਾਂ ਨੂੰ ਥਾਪੀਆਂ ਤੇ ਵਧਾਈਆਂ ਦੇ ਰਿਹਾ ਸੀ।
”ਯਾਰਾ, ਤੈਨੂੰ ਬਹੁਤ ਵੱਡਾ ਇਨਾਮ ਮਿਲਣ ਵਾਲਾ ਹੈ; ਕਮਾਲ ਕਰ ਦਿੱਤੀ।”
”ਖੂਹ ਵਿੱਚ ਸੁੱਟ ਇਨਾਮ ਨੂੰ, ਮੈਨੂੰ ਤਾਂ ਬੇਵਫ਼ਾਈ ਨੇ ਦੇਸ ਨਿਕਾਲਾ ਦੇ ਛੱਡਿਆ ਏ।” ਉਹ ਦੋਸਤ ਦਾ ਹੱਥ ਛੱਡ ਕੇ ਮਹਿਲਾਂ ਤੋਂ ਬਾਹਰ ਹੋ ਗਿਆ। ਹਉਕਾ ਲੈਂਦਿਆਂ ਮਨ ਨੂੰ ਆਖਣ ਲੱਗਾ; ਵਾਹ ਮੇਰੇ ਇਸ਼ਕਾ, ਤੇਰੀਆਂ ਯਾਰੀਆਂ ਵੀ ਮਨਜ਼ੂਰ, ਤੇਰੀਆਂ ਖੁਆਰੀਆਂ ਵੀ ਪਰਵਾਨ। ਰੂੜਿਆ, ਤੂੰ ਇਕ ਸਿਦਕਵਾਨ ਰੂਹ ਕਤਲ ਕੀਤੀ ਐ। ਕਿਆਮਤ ਤੈਨੂੰ ਬਖਸ਼ੇਗੀ ਨਹੀਂ। ਹੋਅ, ਮੇਰਿਆ ਰੱਬਾ ਗੁਨਾਹਗਾਰ ਨੂੰ ਬਖ਼ਸ਼ੀਂ ਨਾ।
ਨੋਟ : ਗੌਹਰ ਜਾਨ ਮਰਨੀਂ ਮਰ ਗਈ, ਉਸ ਕਪੂਰਥਲਾ ਨਹੀਂ ਛੱਡਿਆ। ਇਲਾਹੀ ਜਾਨ ਮਾਂ ਦੇ ਸੁਨੇਹੇ ਆਉਣ ‘ਤੇ ਵੀ ਪਾਕਿਸਤਾਨ ਨਹੀਂ ਗਈ। ਇਕ ਗ਼ੈਰਤ ਰੱਖ ਵਖਾਈ, ਉਸ ਰੂੜੇ ਦੀ ਸੰਗਤ ਲੈ ਕੇ ਮੁੜ ਗਾਇਆ ਨਹੀਂ।
ਜਸਵੰਤ ਸਿੰਘ ਕੰਵਲ
ਸਵਾਰੀ ਜਾਣ ਉਸ ਮੈਨੂੰ ਆਵਾਜ਼ ਮਾਰ ਲਈ।
”ਆਓ ਭਾਈ ਸਾਹਿਬ ਚੱਲਣ ਵਾਲੇ ਬਣੀਏ।”
ਉਹ ਪਹਿਲਾਂ ਹੀ ਰਿਕਸ਼ੇ ਵਿਚ ਬੈਠਾ ਸੀ। ਸ਼ਾਇਦ ਢੇਰ ਸਮੇਂ ਤੋਂ ਬੈਠਾ ਹੋਵੇ। ਸੂਰਜ ਛਿਪਣ ਵਾਲਾ ਸੀ। ਮੈਂ ਉਸਨੂੰ ਜਾਣਦਾ ਨਹੀਂ ਸਾਂ, ਪਰ ਉਹਦੇ ਨਾਲ ਬਹਿ ਗਿਆ। ਮੈਨੂੰ ਘਰ ਪਹੁੰਚਣ ਦੀ ਕਾਹਲ ਸੀ। ਰਿਕਸ਼ੇ ਵਾਲੇ ਨੇ ਜੀ.ਟੀ. ਰੋਡ ਛੱਡ ਕੇ ਪਿੰਡ ਨੂੰ ਸੇਧ ਧਰ ਲਈ। ਸੜਕ ਟੁੱਟੀ, ਫੁੱਟੀ, ਰਿਕਸ਼ਾ ਪੁਰਾਣਾ ਤੇ ਖਿੱਚਣ ਵਾਲਾ ਮਾੜਾ, ਸਮਝੋ ਹਿੰਦੋਸਤਾਨ ਧੌਣ ਦਾ ਸਾਰਾ ਜ਼ੋਰ ਲਾ ਕੇ ਅੱਗੇ ਵਧਣ ਦਾ ਯਤਨ ਕਰ ਰਿਹਾ ਸੀ। ਪਰ ਸਾਹਮਣੀ ‘ਵਾ ਚਾਲਕ ਦੀ ਪੇਸ਼ ਨਹੀਂ ਜਾਣ ਦਿੰਦੀ ਸੀ।
”ਦਿਹਾੜੀ ਕੀ ਪਾ ਲੈਨਾ ਏਂ?” ਆਰਥਿਕ ਪੱਖ ਜਾਣਨ ਦੀ ਮੇਰੀ ਖੋਟੀ ਆਦਤ ਬਣ ਚੁੱਕੀ ਸੀ। ਚਾਲਕ ਦੇ ਸਿਰ ਉਤੋਂ ਦੀ ਮੇਰੀਆਂ ਨਜ਼ਰਾਂ ਨੀਲੀ ਭਾਅ ਵਿਚ ਡੁੱਬਦੀ ਉਭਰਦੀ ਕੰਨਿਆ ਕੁਮਾਰੀ ਤੱਕ ਪਹੁੰਚ ਰਹੀਆਂ ਸਨ।
”ਜੀ ਪੰਜ ਮਾਲਕ ਨੂੰ ਦੇ ਕੇ ਪੰਦਰ੍ਹਾਂ ਅਠਾਰ੍ਹਾਂ, ਕਦੇ ਵੀਹ ਵੀ ਬਚ ਜਾਂਦੇ ਐ।” ਉਸ ਸਾਹਮਣੀ ‘ਵਾ ਦੇ ਮੁਕਾਬਲੇ ਪੈਡਲਾਂ ਉਤੇ ਖਲੋ ਕੇ ਭਾਰ ਪਾਉਣਾ ਸ਼ੁਰੂ ਕਰ ਦਿੱਤਾ।
”ਹੁਣ ਖੇਤਾਂ ਵਿਚ ਤਾਂ ਦਿਹਾੜੀ ਨਹੀਂ ਜਾਂਦਾ ਹੋਵੇਂਗਾ?”
”ਝੋਨਾ ਝਾੜਨ ਵੇਲੇ ਮਹੀਨਾ ਲਾ ਲਈਦਾ ਏ।”
”ਵਾਹਵਾ ਹੱਥ ਰੰਗ ਲੈਂਦਾ ਏਂ?”
”ਹੱਥ ਤਾਂ ਕੀ ਰੰਗਣੇ ਐ ਜੀ, ਕਹਿਰਾਂ ਦੀ ਮਹਿੰਗਾਈ ਵਿਚ ਪਲ ਪੂਰਾ ਹੋ ਜਾਵੇ ਤਾਂ ਬੜਾ ਏ।” ‘ਵਾ ਦੇ ਧੱਕੇ ਰਿਕਸ਼ੇ ਨੂੰ ਜਾਮ ਕਰ-ਕਰ ਲੰਘ ਰਹੇ ਸਨ। ”ਪਹਿਲਾਂ ਸਾਰ ਲੈਂਦਾ ਹੁੰਦਾ ਸੀ?”
”ਓ! ਜੀ ਸਾਰੇ ਪਾਪੜ ਵੇਲ ਵੇਖੇ, ਕਿਵੇਂ ਵੀ ਪੂਰੀ ਨਹੀਂ ਪਈ। ਹਾਰ ਕੇ ਈ ਅੱਕ ਚੱਬਿਆ ਏ।”
”ਮਾਫ ਕਰਨਾ, ਤੁਹਾਡੀ ਗੱਲ ‘ਚੋਂ ਗੱਲ ਐ।” ਮੈਨੂੰ ਆਵਾਜ਼ ਮਾਰਨ ਵਾਲਾ ਭਾਈ ਬੋਲ ਪਿਆ। ”ਤੁਸੀਂ ਵਾਹਵਾ ਗਿਣਤੀ-ਮਿਣਤੀ ਕਰਨ ਵਾਲੇ ਲੱਗਦੇ ਓ।” ਉਸ ਗੱਲ ਕਰਨ ਲਈ ਮੇਰਾ ਧਿਆਨ ਖਿੱਚਿਆ। ਮੇਰੀ ਤੱਕਣੀ ਨੂੰ ਹੁੰਗਾਰਾ ਸਮਝ ਕੇ ਉਸ ਗੱਲ ਅੱਗੇ ਵਧਾਈ। ”ਸੀਰੀ ਤੇ ਖੇਤ ਮਜ਼ਦੂਰ ਪੀਹੜੀਆਂ ਤੋਂ ਟੁੱਟੇ ਐ। ਪਰ ਇਹਨਾਂ ਦੀ ਹਾਲਤ ਅੱਜ ਛੋਟੇ ਕਿਸਾਨ ਤੋਂ ਚੰਗੀ ਨਹੀਂ ਤਾਂ ਮਾੜੀ ਵੀ ਨਹੀਂ। ਸਾਰੇ ਵਾਹੜੇ-ਦਾਹੜੇ ਪੂਰੇ ਕਰ ਕੇ ਕਿਸਾਨ ਨੂੰ ਕੁੱਝ ਨਹੀਂ ਬਚਦਾ। ਖੇਤੀ ਛੋਟੇ ਕਿਸਾਨ ਲਈ ਘਾਟੇ ਵਾਲਾ ਧੰਦਾ ਬਣ ਗਿਆ। ਹੋਰ ਇਹ ਕੁੱਝ ਕਰ ਨਹੀਂ ਸਕਦਾ। ਮੈਂ ਤੁਹਾਨੂੰ ਪੁੱਛਦਾ ਆਂ, ਪੰਜ-ਸੱਤ ਕਿੱਲੇ ਵਾਲੇ ਕਿਸਾਨ ਦਾ ਕੋਈ ਬਚਾਅ ਹੈ?”
”ਮੁਸ਼ਕਲ ਈ ਲੱਗਦਾ ਏ। ਸਰਕਾਰ ਦਾ ਦੁਰਾਂਝਾ, ਖਾਦ ਤੇ ਦਵਾਈ ਏਜੈਂਸੀਆਂ ਦੀ ਰਲੇਦਾਰ ਲੁੱਟ, ਮੰਡੀ ਦੀ ਮੋਨੀ ਅਤੇ ਬਲੈਕ ਵਿਚ ਖਰੀਦ, ਇਕ ਵਾਰ ਇਸ ਨੂੰ ਘਸਿਆਰਾ ਜ਼ਰੂਰ ਬਣਾ ਦੇਵੇਗੀ।” ਮੈਂ ਸੋਚ ਕੇ ਉੱਤਰ ਦਿੱਤਾ, ”ਹਾਂ, ਇਕ ਉਪਾਅ ਹੈ, ਜੇ ਕਿਸਾਨ ਇਕ ਦੂਜੇ ਨਾਲ ਮਿਲ ਕੇ ਕੰਮ ਕਰਨ ਅਤੇ ਆਪਣੀ ਖਾਦ ਬਣਾਉਣ, ਹਰੀ, ਭਾਵੇਂ ਪਸ਼ੂਆਂ ਦੇ ਗੋਹੇ ਦੀ।”
”ਸਰਦਾਰ ਜੀ, ਸਰਦਾਰ ਜੀ, ਰਲ ਕੇ ਕੰਮ ਕਰਨ ਦਾ ਜ਼ਮਾਨਾ ਹੀ ਨਹੀਂ ਰਿਹਾ। ਹੁਣ ਤਾਂ ਭਰਾ, ਭਰਾ ਨੂੰ ਪੱਠਿਆਂ ਦੀ ਭਰੀ ਨਹੀਂ ਚੁਕਾਉਂਦਾ, ਸ਼ਰੀਕਾਂ ਨਾਲ ਮਿਲਕੇ ਕਦੋਂ ਕੰਮ ਕੀਤਾ।”
”ਫੇਰ ਜੱਟ ਨੂੰ ਗਰੀਬੀ ਦੇ ਹਨੇਰੀ ਤੋਂ ਕੋਈ ਨਹੀਂ ਬਚਾ ਸਕਦਾ। ਸ਼ਰੀਕਾਬਾਜ਼ੀ ਦੀ ਲਾਹਨਤ, ਸਰਕਾਰ ਦਾ ਡੇਗੂ ਰਵੱਈਆ ਇਹਨੂੰ ਪੁੱਠੇ ਰਾਹ ਲੈ ਤੁਰੇਗਾ, ਡਕੈਤੀਆਂ ਤੇ ਚੋਰੀਆਂ ਦੇ ਰਾਹ।”
”ਮੈਂ ਤੁਹਾਨੂੰ ਇਸ ਲਈ ਪੁੱਛ ਰਿਹਾ ਹਾਂ, ਮੈਂ ਇਸ ਗਰੀਬੀ ਦਾ ਕੋਰਸ ਕੀਤਾ ਹੈ।” ਉਸ ਪੋਚਵੀਂ ਪੱਗ ਵਾਲੇ ਨੇ ਸਿਰ ਹਿਲਾ ਕੇ ਆਪਣੀ ਗੱਲ ਦਾ ਯਕੀਨ ਕਰਵਾਇਆ।
ਮੇਰੇ ਅਨੁਮਾਨ ਹੈਰਾਨੀ ਨਾਲ ਉਹਦੀ ਹੱਡ-ਬੀਤੀ ਦਾ ਮੂੰਹ ਤੱਕਣ ਲੱਗੇ। ਇਹ ਬੰਦਾ ਪੜ੍ਹਿਆ ਹੋਣ ਨਾਲ ਗੁੜ੍ਹਿਆ ਵੀ ਲੱਗਦਾ ਹੈ। ਮੇਰੀ ਦਿਲਚਸਪੀ ਵੱਧ ਗਈ। ਉਸ ਆਪ ਬੀਤੀ ਤੋਰ ਲਈ।
”ਦਸ ਜਮਾਤਾਂ ਪਾਸ ਆਂ। ਕਲਰਕੀ ਮਿਲਦੀ ਸੀ, ਜੱਟਕੀ ਟੌਅਰ ਕਾਰਨ ਲਈ ਨਾ। ਪੰਦਰ੍ਹਾਂ ਘੁਮਾਂ ਜ਼ਮੀਨ ਦਾ ਰੰਘੜਊ ਧੌਣ ਨਹੀਂ ਮੁੜਨ ਦਿੰਦਾ ਸੀ। ਸੂਬੇਦਾਰ ਬਾਪ ਦਾ ਇਕੱਲਾ ਪੁੱਤਰ ਸਾਂ। ਚੰਗੇ ਘਰ ਵਿਆਹ ਹੋ ਗਿਆ। ਬਸ ਇਕ ਸਾਲ ਜਵਾਨੀ ਦਾ ਰੰਗ ਮਾਣਿਆ। ਫੇਰ ਚੁਫੇਰਿਓਂ ਆਫ਼ਤਾਂ ਨੇ ਘੇਰਾ ਪਾ ਲਿਆ। ਅਗਲੇ ਸਾਲ ਕੁੱਝ ਮਹੀਨਿਆਂ ਦੇ ਅਗੇਤ-ਪਛੇਤ ਨਾਲ ਮਾਂ-ਬਾਪ ਪੂਰੇ ਹੋ ਗਏ। ਘਬਰਾਉਣਾ ਕੁਦਰਤੀ ਸੀ। ਪਰ ਮੇਰੀ ਘਰ ਵਾਲੀ ਦਲੇਰ ਨਿਕਲੀ। ਉਸ ਮੇਰਾ ਮੋਢਾ ਥੰਮ ਲਿਆ। ਘਰ ਦੀ ਪੂੰਜੀ ਹੰਗਾਮੇ ਉਤੇ ਲੱਗ ਗਈ।”
”ਵਾਹ!” ਸੁਭਾਵਕ ਹੀ ਮੇਰੇ ਮੂੰਹੋਂ ਸ਼ਾਬਾਸ਼ ਦੇ ਹੋ ਗਈ। ”ਘਰ ਵਾਲੀ ਜੇ ਸਾਥਣ ਹੋਵੇ, ਬੰਦਾ ਕੁੋਈ ਵੀ ਦਸੌਂਟਾ ਕੱਟ ਸਕਦਾ ਹੈ।”
”ਸਮਝੋ ਉਸ ਦੀ ਹਿੰਮਤ ਆਸਰੇ ਹੀ ਖਲੋਤਾ ਰਹਿ ਗਿਆ ਹਾਂ।”
ਰਿਕਸ਼ੇ ਵਾਲੇ ਨੂੰ ਸਾਹਮਣੀ ‘ਵਾ ਨਾਲ ਸੇਮ ਦੇ ਪੁਲ ਦੀ ਪਹਿਲੀ ਚੜ੍ਹਾਈ ਵੀ ਆ ਪਈ। ਸਾਰਾ ਜ਼ੋਰ ਲਾਉਂਦਿਆਂ ਉਹਦੇ ਗ਼ਲਦੀਆਂ ਨਾੜਾਂ ਖਲੋ-ਖਲੋ ਜਾਂਦੀਆਂ ਸਨ।
”ਫੇਰ ਜੀ!” ਮੈਂ ਖਲੋਤੀ ਗੱਲ ਨੂੰ ਹੁੰਗਾਰੇ ਦਾ ਧੱਕਾ ਮਾਰਿਆ।
”ਫੇਰ ਜੀ ਮੁਰੱਬੇਬੰਦੀ ਆ ਗਈ, ਪੁਆੜਿਆਂ ਦੀ ਜੜ੍ਹ। ਹਰ ਤਰ੍ਹਾਂ ਦੀ ਕਾਟ ਲੱਗ ਕੇ ਦਸ ਏਕੜ ਨਿਆਈਂ ਵਿਚ ਮਿਲ ਗਏ, ਜਿਸ ਵਿਚ ਦੋ ਕਿਲੇ ਛੱਪੜ ਪੈਂਦਾ ਸੀ। ਉਹ ਦੋ ਕਿੱਲੇ ਨੀਵੀਂ ਥਾਂ ਸਨ, ਉਂ ਵਗਦੇ ਸਨ। ਮੈਂ ਖੁਸ਼ ਸਾਂ, ਕੁਰਾ ਨਿਆਈਂ ਵਿਚ ਮਿਲ ਗਿਆ ਹੈ। ਇਕਹਿਰਾ ਆਦਮੀ ਸਾਂ। ਦੂਰ ਦੀ ਵਾਹੀ ਮਾਰ ਲੈਂਦੀ। ਹੁਣ ਸਵਾਲ ਸੀ ਵੱਟਾਂ ਭੰਨ ਕੇ ਉਚੇ ਨੀਵੇਂ ਖੇਤਾਂ ਨੂੰ ਪੱਧਰ ਕਰਨ ਦਾ। ਘਰ ਵਿਚ ਧੇਲਾ ਨਹੀਂ ਸੀ। ਮੇਰਾ ਮੁੰਹ ਲੱਥਾ ਵੇਖ ਘਰ ਵਾਲੀ ਨੇ ਨੱਕ ਕੰਨ ਖਾਲੀ ਕਰ ਦਿੱਤੇ। ਮੈਂ ਲੈਣਾ ਨਹੀਂ ਸੀ ਚਾਹੁੰਦਾ, ਹੱਸ ਕੇ ਆਖਣ ਲੱਗੀ ਕਿ ਤੂੰ ਤਕੜਾ ਹੋ ਕੇ ਖੇਤ ਬਣਾ, ਇਹ ਗਹਿਣੇ ਫੇਰ ਨਾ ਬਣਨਗੇ?”
”ਸਰਦਾਰ ਜੀ ਮੈਂ ਹੌਂਸਲਾ ਫੜ ਕੇ ਟਰੈਕਟਰ ਤੋਂ ਪਧਰਾਏ, ਵਹਾਏ, ਸੁਆਰੇ ਤੇ ਰੂੜ੍ਹੀ ਪਾਈ। ਕਾਲੀ ਸ਼ਾਹ ਮੱਕੀ ਲਹਿਲੁਹਾਉਂਦੀ ਵੇਖ ਲੋਕ ਗੱਲਾਂ ਕਰਨ, ਸਾਉਣੀ ਤਾਂ ਜਿਉਣੇ ਨੂੰ ਲੈਣ ਆਈ ਐ। ਮੈਂ ਕਾਲੀ ਤੌੜੀ ਗੱਡ ਦਿੱਤੀ। ਸਾਉਣ ਲੋੜ ਗੋਚਰਾ ਵਰ੍ਹ ਕੇ ਲੰਘ ਗਿਆ। ਫੇਰ ਭਾਦੋਂ ਦੀ ਸਾਅੜ-ਸਤੀ ਅਜਿਹੀ ਆਈ ਕਿ ਤਿੰਨ ਦਿਨ ਬਾਰਸ਼ ਨੇ ਹਟਣ ਦਾ ਨਾਂਅ ਹੀ ਨਾ ਲਿਆ। ਬਾਹਰਲੇ ਖੇਤਾਂ ਤੇ ਪਿੰਡਾਂ ਦਾ ਪਾਣੀ ਮੱਕੀ ਵਿਚ। ਮਸਾਂ ਉਤਲੇ ਆਗ ਹੀ ਦਿਸਦੇ ਸਨ। ਪਾਣੀ ਦੇ ਨਿਕਾਸ ਦਾ ਕੋਈ ਸਾਧਨ ਨਹੀਂ ਸੀ। ਮੇਰੇ ਨਾਲੋਂ ਕਿਸੇ ਦੀ ਪੈਲੀ ਨੀਵੀਂ ਹੁੰਦੀ ਤਾਂ ਪਾਣੀ ਨਿਕਲਦਾ। ਕਾਲੀ ਤੌੜੀ ਦਾ ਗਲ ਡੁੱਬਾ ਹੋਇਆ ਸੀ ਅਤੇ ਪਿੱਠ ਨੰਗੀ ਸੀ। ਮੈਂ ਮੰਜੇ ਢਹਿ ਪਿਆ। ਮੇਰੇ ਹਰਾਸ ਟੁੱਟ ਲੱਥੇ। ਘਰ ਵਾਲੀ ਨੇ ਬਾਹੋਂ ਫੜ ਕੇ ਹਲੂਣਿਆ।”
”ਮਰਦ ਕਦੇ ਢੇਰੀ ਨਹੀਂ ਢਾਹੁੰਦੇ, ਤੂੰ ਉਠ। ਜਿਸ ਮੁਸੀਬਤ ਪਾਈ ਹੈ, ਉਹ ਟਲਦੀ ਵੀ ਕਰੇਗਾ।” ਉਸ ਮੁੰਡਾ ਮੇਰੀ ਹਿੱਕ ‘ਤੇ ਪਾ ਦਿੱਤਾ।
”ਘਰ ਵਾਲੀ ਦੇ ਦਿਲਾਸੇ ਨਾਲ ਮੁੜ ਉਠ ਪਿਆ। ਬਾਹਰ ਨਿਕਲਾਂ, ਲੋਕ ਹਮਦਰਦੀ ਨਾਲ ਆਖਣ : ਯਾਰ ਬੜਾ ਮਾੜਾ ਕੰਮ ਹੋਇਆ। ਸਾਉਣੀ ਤਾਂ ਮਾਰੀ ਗਈ, ਹਾੜੀ ਬੀਜਣ ਦੇ ਆਸਾਰ ਵੀ ਨਹੀਂ ਦਿਸਦੇ ਸਨ। ਗੱਲ ਕੀ ਹਾੜ੍ਹੀ ਪਛੇਤੀ ਵੱਤਰ ‘ਤੇ ਵੀ ਨਾ ਬੀਜੀ ਜਾ ਸਕੀ। ਲੈ ਦੇ ਕੇ ਇਕ ਉਚੇ ਕਿੱਲੇ ਵਿਚ ਇਕ ਗੱਡਾ ਲਾਣ ਦਾ ਹੋਇਆ। ਸੱਤ ਮਣ ਕਣਕ, ਸਾਲ ਭਰ ਦੀ ਖਰਚੀ ਦਾ ਮੂੰਹ ਕਿੱਥੋਂ ਤੱਕ ਬੰਦ ਕਰਦੀ। ਸਾਲ ਵਿਹਲਾ ਨਿਕਲ ਗਿਆ। ਕਬੀਲਦਾਰੀ ਨੇ ਵੱਖ ਸੰਘੀ ਘੁੱਟੀ ਹੋਈ ਸੀ। ਘਰ ਵਾਲੀ ਦੇ ਭਰਾ ਫਸਲ ਮਾਰੀ ਜਾਣ ‘ਤੇ ਖਬਰਸਾਰ ਲੈਣ ਆਏ। ਮੈਂ ਉਹਨਾਂ ਤੋਂ ਮਦਦ ਲੈਣ ਲਈ ਪਤਨੀ ਨਾਲ ਸਲਾਹ ਕੀਤੀ। ਹੋਰ ਰਿਸ਼ਤੇਦਾਰ ਕਾਹਦੇ ਵਾਸਤੇ ਹੁੰਦੇ ਐ। ਸਾਡੇ ਉਤੇ ਲੋਹੜੇ ਦੀ ਭੀੜ ਆ ਪਈ ਸੀ। ਉਸ ਅੱਖਾਂ ਭਰ ਕੇ ਮੇਰੇ ਅੱਗੇ ਹੱਥ ਜੋੜੇ।”
”ਵੇਖ ਬੰਦਿਆ ਰੱਬ ਦਿਆ! ਮੈਂ ਤੇਰੇ ਨਾਲ ਦੁੱਖ ਕੱਟੂੰ, ਭੁੱਖ ਸਹੂੰ, ਵੱਟਾਂ ਤੋਂ ਘਾਹ ਖੋਤੂੰ, ਪਰ ਤੂੰ ਮੇਰੇ ਮਾਪਿਆਂ ਅੱਗੇ ਹੱਥ ਨਾ ਅੱਡੀਂ। ਤੂੰ ਉਹਨਾਂ ਦੀਆਂ ਨਜ਼ਰਾਂ ਵਿਚ ਹਮੇਸ਼ਾ ਲਈ ਨੀਵਾਂ ਹੋ ਜਾਵੇਂਗਾ। ਮੈਂ ਤੈਨੂੰ ਕਿਸੇ ਅੱਗੇ ਵੀ ਲੰਮਿਆਂ ਪਿਆ ਨਹੀਂ ਵੇਖ ਸਕਦੀ।”
”ਝੱਟ ਹੀ ਝੱਟ ਮੇਰੇ ਵਿਚ ਲੋਹੜੇ ਦਾ ਬਲ ਆ ਗਿਆ। ਮੈਂ ਕਿਸੇ ਵੀ ਰਿਸ਼ਤੇਦਾਰ ਦੀ ਸਹਾਇਤਾ ਨਾ ਲਈ। ਅਗਲੇ ਸਾਲ ਮੁੜ ਬਾਰਸ਼ਾਂ ਨੇ ਰੜੇ ਰੱਖ ਦਿੱਤਾ। ਇਹਨਾਂ ਦੋ ਸਾਲਾਂ ਦੀ ਮਾਰ ਨੇ ਚੰਗੇ ਚੰਗੇ ਖੇਤ ਗਹਿਣੇ ਕਰਵਾ ਦਿੱਤੇ। ਬਲਦ ਵਿਕ ਗਏ, ਖੇਤੀ ਛੁੱਟ ਗਈ।”
”ਕੜਾ ਕਲਰਕ ਲੱਗਣ ਦੀ ਵੱਤ ਗੁਆ ਚੁੱਕਾ ਸਾਂ। ਘਰ ਵਾਲੀ ਜ਼ੋਰ ਦੇ ਰਹੀ ਸੀ :
‘ਵਾਹੀ ਨਾ ਸਹੀ, ਕੋਈ ਹੋਰ ਕੰਮ ਕਰੋ, ਪਰ ਕਰੋ ਜ਼ਰੂਰ। ਦੁਕਾਨ ਪਾ ਲਵੋ, ਕੰਮ ਵਿਚ ਸ਼ਰਮ ਕਾਹਦੀ।’
”ਦੁਕਾਨ ਪਾ ਕੇ ਕਰਾੜ ਨਹੀ ਬਣਾਂਗਾ। ਸ਼ਰੀਕਾਂ ਦੀਆਂ ਬੋਲੀਆਂ ਅਗਾਊਂ ਸੇਲੇ ਚੋਭ੍ਹ ਦੇ ਰਹੀਆਂ ਸਨ। ਦੋ ਚਾਰ ਸਾਲ ਦੋਚਿੱਤੀਆਂ ਤੇ ਖੇਹ ਮਿੱਟੀ ਛਾਣਦਿਆਂ ਹੋਰ ਲੰਘ ਗਏ। ਕਰਜ਼ੇ ਨੇ ਵਾਲ ਵਾਲ ਵਿੰਨ੍ਹ ਦਿੱਤਾ। ਓਰਾ-ਓਰਾ ਗਹਿਣੇ ਪੈ ਗਿਆ। ਸਾਡੇ ਦੋਂਹ ਨਾਲ ਖਾਣ ਵਾਲੇ ਚਾਰ ਜੀ ਹੋਰ ਆ ਚੁੱਕੇ ਸਨ, ਦੋ ਪੁੱਤਰ ਤੇ ਦੋ ਧੀਆਂ। ਲੈ ਦੇ ਕੇ ਸਾਡੇ ਕੋਲ ਇਕ ਲਵੇਰੀ ਮੱਝ ਰਹਿ ਗਈ। ਮੈਂ ਉਹ ਵੀ ਵੇਚ ਦੇਣਾ ਚਾਹੁੰਦਾ ਸਾਂ।”
”ਨਾ ਜੀ ਮੱਝ ਨਾਂ ਵੇਚੋ।” ਘਰ ਵਾਲੀ ਇਕ ਤਰ੍ਹਾਂ ਅੜ ਗਈ। ”ਬੱਚਿਆਂ ਦੇ ਮੂੰਹੋਂ ਦੁੱਧ ਨਾ ਖੋਹੋ।”
”ਪੱਠੇ ਕਿੱਥੋਂ ਆਉਣਗੇ ਇਹਦੇ ਲਈ?”
”ਮੈਂ ਆਪ ਖੋਤ ਕੇ ਲਿਆਊਂ।”
”ਤੂੰ ਘਾਹ ਖੋਤਣ ਜਾਵੇਂਗੀ ਸ਼ਰੀਕਾਂ ਦੇ ਖੇਤਾਂ ਵਿਚ।” ਹੈਰਾਨੀ ਵਿਚ ਮੈਂ ਝਟਕਾ ਜਿਹਾ ਖਾ ਗਿਆ, ”ਹੱਛਾ ਨਾ ਵੇਚ। ਕੱਲ੍ਹ ਤੋਂ ਮੈਂ ਆਪ ਘਾਹ ਨੂੰ ਜਾਵਾਂਗਾ। ਫੇਰ ਸਰਦਾਰ ਜੀ ਮੈਂ ਚਾਦਰ ਰੰਬਾ ਚੁੱਕ ਲਏ। ਸ਼ਰੀਕਾਂ ਮੁਸਕੜੀਆਂ ਦੀ ਵਿਹੁ ਵੀ ਅੱਖਾਂ ਮੀਟ ਕੇ ਪੀ ਲਈ। ਮਲੇਰੀਏ ਨੇ ਘਰ ਵਿਚ ਸਭ ਨੂੰ ਦੋਹਰਾਂ ਲਾਈਆਂ। ਰੱਬ ਦਾ ਸ਼ੁਕਰ, ਊਂ ਸੁਖ ਸਾਂਦ ਰਹੀ। ਦਵਾਈ ਲਈ ਪੈਸੇ ਤਾਂ ਕਿੱਥੇ, ਅਸੀਂ ਕਈ-ਕਈ ਡੰਗ ਭੁੱਖੇ ਸੌਂਦੇ ਰਹੇ, ਪਰ ਸਾਡੇ ਜੁਆਕਾਂ ਮੂੰਹ ਘੁੱਟੀ ਰੱਖੇ। ਮਾੜੇ ਨੂੰ ਛੱਤੀ ਰੋਗ। ਉਹ ਕਿਹੜੀ ਮੁਸੀਬਤ ਸੀ, ਜਿਹੜੀ ਸਾਡੇ, ਤੇ ਨਹੀਂ ਚੜ੍ਹ ਕੇ ਆਈ। ਪੁਰਾਣੇ ਕੱਪੜਿਆਂ ਉਤੇ ਟਾਕੀਆਂ ਹੀ ਟਾਕੀਆਂ ਚੜ੍ਹਦੀਆਂ ਗਈਆਂ। ਪਿੰਡੇ ਦੇ ਸਾਬਣ ਨੂੰ ਸਾਲ ਹੀ ਬੀਤ ਗਏ ਸਨ। ਬੇਹੀ ਲੱਸੀ ਤੇ ਲੂਣ ਵਿਚ ਕੱਪੜੇ ਘਚੋਲ ਲੈਂਦੇ ਸਾਂ। ਜੱਟ ਦੇ ਰੰਘੜਊ ਵਾਲੀ ਚੱਜ ਨਾਲ ਤਹਿ ਲੱਗ ਗਈ। ਮੈਂ ਕਦਮ ਪੁੱਟਾਂ ਅਗਾਂਹ ਨੂੰ, ਜਾਣ ਪਿਛਾਂਹ ਨੂੰ। ਘਰ ਵਾਲੀ ਦਾ ਦਿੱਤਾ ਹੌਸਲਾ ਜ਼ਰੂਰ ਮੇਰੇ ਕੋਲ ਸੀ। ਮੈਂ ਜਾਇਦਾਦ ਕਿਸੇ ਐਬ ਵਿਚ ਨਹੀਂ ਗਵਾਈ ਸੀ। ਕੁਦਰਤ ਦੀ ਕਰੋਪੀ ਤੇ ਕਰਮਾਂ ਦੀ ਹਾਰ ਨੂੰ ਕੀ ਕਰਦਾ।”
ਰਿਕਸ਼ੇ ਵਾਲੇ ਭਾਈ ਨੂੰ ਸੂਏ ਦੇ ਪੁਲ ਦੀ ਦੂਜੀ ਚੜ੍ਹਾਈ ਆ ਗਈ। ਪੈਡਲਾਂ ਉਤੇ ਜ਼ੋਰ ਪਾਉਂਦਿਆਂ ਕੜੱਕ ਦੇ ਕੇ ਚੈਨ ਲਹਿ ਗਈ। ਅਸੀਂ ਵੀ ਚੜ੍ਹਾਈ ਕਾਰਨ ਉਤਰ ਪਏ। ਪੁਲ ਉਤੇ ਆ ਕੇ ਮੁੜ ਬਹਿ ਗਏ। ਹੁਣ ਪੈਰੀਂ ਤੁਰਨ ਕਾਰਨ ਰਿਕਸ਼ੇ ਵਾਲੇ ਨੇ ਦਮ ਮਾਰ ਲਿਆ ਸੀ ਤੇ ਢਲਾਣ ਕਾਰਨ ਉਹਦਾ ਮੂੰਹ ਲਿਸ਼ਕ ਪਿਆ। ਭਾਈ ਨੇ ਆਪ ਬੀਤੀ ਅੱਗੇ ਤੋਰੀ।
”ਜੇ ਸੱਚ ਪੁੱਛੋਂ ਤਾਂ ਘਰ ਵਾਲੀ ਨੇ ਹੀ ਗਰੀਬੀ ਦੀ ਦਲਦਲ ਵਿਚੋਂ ਕੱਢਿਆ ਹੈ।”
”ਉਹ ਕਿਵੇਂ?”
”ਇਕ ਦਿਨ ਉਹ ਆਖਣ ਲੱਗੀ, ਅੱਧਾ ਦੁੱਧ ਡੇਅਰੀ ਪਾ ਆਓ, ਹੋਰ ਲੋਕ ਪਾਉਂਦੇ ਈ ਐ।”
”ਮੇਰੇ ਲਈ ਇਹ ਨਮੋਸ਼ੀ ਵਾਲੀ ਗੱਲ ਸੀ, ਸੂਬੇਦਾਰੀ ਨੂੰ ਲਾਜ ਲੱਗਦੀ ਸੀ। ਸੂਬੇਦਾਰੀ ਤਾਂ ਘਾਹ ਖੋਤਣ ਵਾਲੇ ਦਿਨ ਹੀ ਦਾਗੀ ਹੋ ਗਈ ਸੀ। ਪਰ ਮੈਂ ਅੱਧ ਮੰਨੇ ਦਿਲ ਨਾਲ ਰਾਜ਼ੀ ਹੋ ਗਿਆ। ਮੈਨੂੰ ਪਹਿਲੀ ਪੰਦਰੀਂ ਆਈ ਵਾਲਾ ਦਿਨ ਕਦੇ ਨਹੀਂ ਭੁੱਲਦਾ। ਮੈਂ ਪੂਰੇ ਅੱਠ ਸਾਲ ਬਾਅਦ ਖੁਸ਼ੀ ਦਾ ਮੁੰਹ ਵੇਖਿਆ ਸੀ। ਸਾਰਾ ਟੱਬਰ ਖੁਸ਼ ਸੀ। ਅਸਾਂ ਖੀਰ ਰਿੰਨ੍ਹ ਕੇ ਖਾਧੀ। ਫੇਰ ਸਾਨੂੰ ਪੰਦਰੀ ਦਾ ਸੁਆਦ ਪੈ ਗਿਆ। ਅਸੀਂ ਦੋ ਕਿਲੋ ਚਾਹ ਜੋਗਾ ਦੁੱਧ ਰੱਖ ਕੇ ਬਾਕੀ ਸਾਰਾ ਪਾਉਣ ਲੱਗ ਪਏ। ਮੈਂ ਆਥਣ ਸਵੇਰ ਘਾਹ ਦੀਆਂ ਦੋ ਪੰਡਾਂ ਲਿਆਵਾਂ ਤੇ ਮੱਝ ਦੀ ਖੁਰਲੀ ਖਾਲੀ ਨਾ ਹੋਣ ਦੇਵਾਂ। ਦਿਨ ਫਿਰਨ ਲੱਗੇ ਤਾਂ ਅਚਾਨਕ ਮੱਝ ਬੇ ਹਾਜ਼ਮੇ ਨਾਲ ਬੀਮਾਰ ਪੈ ਗਈ। ਸ਼ਾਇਦ ਉਹ ਮਿੱਟੀ ਵਾਲਾ ਤਰੇਲਿਆ ਘਾਹ ਖਾ ਗਈ ਸੀ। ਸਾਡੇ ਮੂੰਹ ਉਡ ਗਏ। ਦੁੱਧ ਦੀ ਭਰੀ ਬਾਲਟੀ ਮੂਧੀ ਵੱਜਦੀ ਪ੍ਰਤੀਤ ਹੋਈ। ਡੇਅਰੀ ਵਾਲੇ ਨੇ ਚੌਦਾਂ ਰੁਪਏ ਲੈ ਕੇ ਚੂਰਨ ਵਾਲੀ ਡੱਬੀ ਮੈਨੂੰ ਦੇ ਦਿੱਤੀ। ਮੱਝ ਉਪਰੋਥਲੀ ਦਿੱਤੀਆਂ ਤਿੰਨ ਖੁਰਾਕਾਂ ਨਾਲ ਰਾਜ਼ੀ ਹੋ ਗਈ। ਗਵਾਂਢੀ ਨੇ ਦੱਸਿਆ, ਡੇਅਰੀ ਵਾਲੇ ਨੇ ਤੈਨੂੰ ਠੱਗ ਲਿਆ। ਇਹ ਡੱਬੀ ਤਾਂ ਰੁਪਈਏ ਦੋ ਰੁਪਈਏ ਦੀ ਆਉਂਦੀ ਐ। ਮੈਨੂੰ ਬੜਾ ਗੁੱਸਾ ਆਇਆ। ਆਸਿਓਂ ਪਾਸਿਓਂ ਤਸੱਲੀ ਕਰ ਕੇ ਮੋਗੇ ਡੇਅਰੀ ਮੈਨੇਜਰ ਕੋਲ ਪਹੁੰਚ ਗਿਆ। ਚਪੜਾਸੀ ਅੰਦਰ ਜਾਣ ਨਾ ਦੇਵੇ, ਮੈਂ ਉਸ ਨੂੰ ਜਬਹੇ ਨਾਲ ਆਖਿਆ, ਮੈਂ ਮਿਲੇ ਬਿਨਾਂ ਨਹੀਂ ਜਾਣਾ। ਅਖੀਰ ਮੈਂ ਤਿੰਨ ਵਜੇ ਸਾਹਬ ਦੇ ਪੇਸ਼ ਹੋਣ ਵਿਚ ਕਾਮਯਾਬ ਹੋ ਗਿਆ। ਦਵਾਈ ਵਾਲੀ ਖਾਲੀ ਡੱਬੀ ਉਹਦੀ ਮੇਜ਼ ਉਤੇ ਰੱਖਦਿਆਂ ਪੁੱਛਿਆ।
”ਸਾਹਬ ਆਹ ਦਵਾਈ ਤੁਸੀਂ ਕਿੰਨੇ ਦੀ ਦਿੰਦੇ ਓਂ?”
”ਡੇਢ ਰੁਪਏ ਦੀ। ਕਿਉਂ?”
”ਅੰਨ੍ਹੇਰ ਸਾਈਂ ਦਾ, ਤੁਹਾਡੇ ਏਜੰਟ ਨੇ ਚੌਦਾਂ ਰੁਪਏ ਲਾਏ ਐ।”
”ਹੈਂ, ਚੌਦਾਂ ਰੁਪਏ।” ਮੈਨੇਜਰ ਹੱਕਾ-ਬੱਕਾ ਰਹਿ ਗਿਆ। ”ਇਹ ਗੱਲ ਐ। ਮੈਂ ਪਰਸੋਂ ਤੇਰੇ ਪਿੰਡ ਆਵਾਂਗਾ, ਸਭ ਦੁੱਧ ਪਾਉਣ ਵਾਲਿਆਂ ਨੂੰ ਇਤਲਾਹ ਕਰ ਦੇ।” ਮੈਨੇਜਰ ਬੜਾ ਤਾਮ ਤੜੂਕ ਹੋ ਰਿਹਾ ਸੀ।
”ਮੈਂ ਪਿੰਡ ਆ ਕੇ ਡੌਂਡੀ ਪਿਟਵਾ ਦਿੱਤੀ। ਮੈਂ ਸੋਚ ਰਿਹਾ ਸਾਂ, ਸ਼ਾਇਦ ਡੇਅਰੀ ਦੀ ਏਜੰਟੀ ਮੈਨੂੰ ਹੀ ਮਿਲ ਜਾਵੇ। ਲੋਕ ਮੇਰੇ ਜੇਰੇ ਦੀ ਦਾਦ ਦੇ ਰਹੇ ਸਨ। ਹੁਣ ਪਤਾ ਲੱਗੂ ਏਜੰਟ ਨੂੰ ਜਿਸ ਅੰਨ੍ਹੀ ਪਾਈ ਰੱਖੀ ਏ। ਏਜੰਟ ਨੇ ਆਪਣੀ ਥਾਂ ਗੰਢ-ਤਰੁੱਪ ਸ਼ੁਰੂ ਕਰ ਦਿੱਤੀ। ਮਿੱਥੇ ਦਿਨ ਮੈਨੇਜ਼ਰ ਦੀ ਜੀਪ ਆ ਗਈ। ਏਜੰਟ ਉਸ ਨੂੰ ਆਪਣੀ ਸੱਜੀ ਬੈਠਕ ਵਿਚ ਲੈ ਗਿਆ। ਰੱਬ ਜਾਣੇ ਉਸ ਨੂੰ ਕੀ ਸ਼ੀਸ਼ੀ ਸੁੰਘਾਈ। ਆਉਣ ਵਾਲਾ ਮੈਨੇਜਰ ਹੋਰ ਸੀ ਤੇ ਦਰਿਆਫਤ ਕਰਨ ਵਾਲਾ ਬਿਲਕੁਲ ਹੋਰ। ਲਓ ਜੀ ਹੋਰ ਦੇਖੋ, ਮੈਨੇਜਰ ਦੇ ਪੁੱਛਣ ‘ਤੇ ਸਭ ਦੇ ਦੰਦ ਜੁੜ ਗਏ। ਕਿਸੇ ਨੇ ਵੀ ਝੂਠੇ ਨੂੰ ਝੂਠਾ ਨਾ ਆਖਿਆ। ਅਸਲੋਂ ਮਿੱਟੀ ਹੋ ਗਏ। ਮੈਂ ਸੱਚਾ ਹੁੰਦਾ ਪਰ੍ਹੇ ਵਿਚ ਝੂਠਿਆਂ ਨਾਲੋਂ ਵੀ ਭੈੜਾ ਪਿਆ ਖਲੋਤਾ ਸੀ। ਮੈਨੇਜਰ ਦੀ ਜੀਪ ਮੁੜ ਗਈ। ਏਜੰਟ ਨੇ ਜਿੱਤ ਦੀ ਖੁਸ਼ੀ ਵਿਚ ਸਾਰਿਆਂ ਨੂੰ ਚਾਹ ਪਿਲਾਈ। ਮੈਨੂੰ ਗੁੱਸਾ ਉਹਨਾਂ ਲੋਕਾਂ ਉਤੇ ਸੀ, ਜਿਹਨਾਂ ਲਈ ਮੈਂ ਇਕ ਲੁਟੇਰੇ ਵਿਰੁੱਧ ਕਦਮ ਪੁੱਟਿਆ ਸੀ। ਹੁਣ ਉਹ ਦੰਦੀਆਂ ਕੱਢ-ਕੱਢ ਢੀਠਾਂ ਵਾਂਗ ਏਜੰਟ ਦਾ ਸਾਥ ਦੇ ਰਹੇ ਸਨ।”
”ਅਗਲੇ ਦਿਨ ਏਜੰਟ ਨੇ ਮੇਰਾ ਦੁੱਧ ਮੋੜ ਦਿੱਤਾ। ਸਾਡੇ ਘਰ ਸੋਗ ਪੈ ਗਿਆ। ਹੁਣ ਦੋ ਬੱਚੇ ਸਕੂਲ ਜਾਂਦੇ ਸਨ। ਅਸੀਂ ਗਰੀਬੀ ਨਾਲ ਲੰਮਾ ਘੋਲ ਕਰਨ ਲਈ ਤਿਆਰ ਹੋ ਰਹੇ ਸਾਂ, ਬੱਚੇ ਹੀ ਉਠ ਕੇ ਇਕ ਦਿਨ ਸਾਡੀ ਬੋਡ ਕੱਢਣਗੇ। ਪਰ ਆਪਣੇ ਲੋਕਾਂ ਦੇ ਭਲੇ ਲਈ ਚੁਕਿਆ ਕਦਮ ਪੁੱਠਾ ਪੈ ਗਿਆ। ਮੈਂ ਘਰ ਵਾਲੀ ਨਾਲ ਸਲਾਹ ਕੀਤੀ :
”ਮੈਂ ਦੁੱਧ ਮੰਡੀ ਨਾ ਪਾ ਆਇਆ ਕਰਾਂ?” ਹੁਣ ਮੈਂ ਮਾੜੀਆਂ ਮੋਟੀਆਂ ਬੇਸ਼ਰਮੀਆਂ ਤੋਂ ਘਬਰਾਉਂਦਾ ਛੱਡ ਦਿੱਤਾ ਸੀ।
”ਮਾੜੀ ਗੱਲ ਨਹੀਂ। ਅਸੀਂ ਹੋਰ ਕਰ ਵੀ ਕੁੱਝ ਨਹੀਂ ਸਕਦੇ।”
”ਉਹਦਾ ਮਤਲਬ ਸੀ ਬੇਕਾਰ ਤੇ ਬਲੋਂ ਹੀਣਾ ਮਨੁੱਖ ਡਾਢਿਆਂ ਨਾਲ ਆਹਡਾ ਕਾਹਦੇ ਆਸਰੇ ਲਾ ਸਕਦਾ ਹੈ। ਮੈਂ ਅਗਲੇ ਦਿਨ ਦੁੱਧ ਵਾਲੀ ਢੋਲੀ ਸਿਰ ਤੇ ਰੱਖਕੇ ਨਿਹਾਲ ਸਿੰਘ ਵਾਲੇ ਦੀ ਮੰਡੀ ਨੂੰ ਤੁਰ ਪਿਆ। ਲੋਕਾਂ ਮੁੜ ਬੋਲੀਆਂ ਮਾਰੀਆਂ, ਮੈਂ ਮਨ ਨੂੰ ਆਖਿਆ, ਦੜ ਵੱਟ, ਜਮਾਨਾ ਕੱਟ, ਭਲੇ ਦਿਨ ਆਉਣਗੇ। ਮੰਡੀ ਜਾ ਕੇ ਮੈਨੂੰ ਕਿਸੇ ਨੂੰ ਕਹਿਣਾ ਵੀ ਨਾ ਪਿਆ ਕਿ ਦੁੱਧ ਲੈ ਲਓ। ਸਗੋਂ ਇਕ ਹਲਵਾਈ ਨੇ ਆਵਾਜ਼ ਮਾਰ ਲਈ। ਡੇਅਰੀ ਵਾਲਿਆਂ ਨਾਲੋਂ ਮੈਨੂੰ ਦੋ ਰੁਪਏ ਵੱਧ ਮਿਲ ਗਏ। ਮੈਂ ਤਾਂ ਪਿੰਡ ਨੂੰ ਦੋ ਛਾਲਾਂ ਕੀਤੀਆਂ। ਦੋ ਰੁਪਏ ਦੀ ਬੜੌਤੀ ਨੇ ਸਾਡੇ ਹੌਂਸਲੇ ਦੂਣੇ ਕਰ ਦਿੱਤੇ। ਇਕ ਮਹੀਨੇ ਪਿਛੋਂ ਮੈਂ ਸੌ ਰੁਪਏ ਨੂੰ ਅੱਧੋ ਰਾਣਾ ਸਾਈਕਲ ਲੈ ਲਿਆ। ਡੇਅਰੀ ਵਾਲਿਆਂ ਨਾਲੋਂ ਵੱਧ ਭਾਅ ਦੇ ਕੇ ਦੁੱਧ ਚੁੱਕਣਾ ਸ਼ੁਰੂ ਕਰ ਦਿੱਤਾ। ਕੁਦਰਤ ਜਦੋਂ ਢੋ-ਬੇਲਾ ਲਾਉਂਦੀ ਐ, ਤਿੰਨ ਕਾਣੇ ਵੀ ਪੌਂ ਬਾਰਾਂ ਹੋ ਜਾਂਦੇ ਐ। ਮੇਰੇ ਕੋਲ ਤਿੰਨ ਢੋਲੀਆਂ ਦੁੱਧ ਹੋ ਗਿਆ। ਕਿੱਲੋ-ਕਿਲੋ ਦੁੱਧ ਮੈਂ ਹਰੇਕ ਢੋਲੀ ਵਿਚੋਂ ਕੱਢ ਲਵਾਂ ਤੇ ਦੋ-ਦੋ ਕਿਲੋ ਪਾਣੀ ਠੋਕ ਦੇਵਾਂ। ਮੇਰਾ ਦੁੱਧ ਮੰਡੀ ਫੇਰ ਵੀ ਨਾ ਅਟਕੇ। ਮੰਡੀ ਪਿੰਡੋਂ ਕੁੱਲ ਦੋ ਮੀਲ ਸੀ। ਆਥਣ ਸਵੇਰ ਮੈਂ ਦੋ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ। ਦੋ ਸਾਲਾਂ ਪਿਛੋਂ ਮੈਂ ਅੱਧੀ ਜਮੀਨ ਗਹਿਣੇ ਹੇਠੋਂ ਕੱਢ ਲਈ ਅਤੇ ਦੋ ਮੱਝਾਂ ਹੋਰ ਪਾ ਲਈਆਂ। ਗਹਿਣਾ ਬਹੁਤਾ ਮਹਿੰਗਾ ਨਹੀਂ ਸੀ। ਅਗਲੇ ਸਾਲ ਬਾਕੀ ਵੀ ਛੁਡਵਾ ਲਈ।”
”ਗੱਲ ਕੀ ਸਰਦਾਰ ਜੀ ਮੈਂ ਪੂਰੇ ਸਤਾਰ੍ਹਾਂ ਵਰ੍ਹੇ ਦੁੱਧ ਪਾਇਆ ਤੇ ਸਾਰੀਆਂ ਅਗਲੀਆਂ ਪਿਛਲੀਆਂ ਕਸਰਾਂ ਕੱਢ ਦਿੱਤੀਆਂ। ਫਿਰਨੀ ਉਤੇ ਪਲਾਟ ਲੈ ਕੇ ਪੱਕਾ ਘਰ ਪਾਇਆ। ਡੇਅਰੀ ਏਜੰਟ ਨਾਲੋਂ ਵਧੀਆ ਬੈਠਕ ਸਜਾਈ। ਨਾਨਕੀ ਢੇਰੀ ਵਾਲਿਆਂ ਤੋਂ ਪੰਜ ਕਿੱਲੇ ਲੈ ਲਏ। ਸਾਰੇ ਬੱਚੇ ਪੜ੍ਹਾਏ। ਵੱਡਾ ਬੈਂਕ ਵਿਚ ਐ। ਕੁੜੀ ਜੇ.ਬੀ.ਟੀ. ਕਰ ਕੇ ਪੜ੍ਹਾਉਣ ਲੱਗ ਗਈ ਏ। ਇਕ ਕੁੜੀ ਕਾਲਜ ਪੜ੍ਹਦੀ ਐ ਤੇ ਸਭ ਤੋਂ ਛੋਟਾ ਦੱਸਵੀਂ ਕਰ ਕੇ ਆਈ.ਟੀ.ਆਈ. ਦਾ ਕੋਰਸ ਕਰ ਰਿਹਾ ਏ। ਹੁਣ ਮੈਂ ਥੋੜ੍ਹਾ ਹੌਲਾ ਮਹਿਸੂਸ ਕਰ ਰਿਹਾ ਹਾਂ। ਗਰੀਬੀ ਦਾ ਥਕੇਵਾਂ ਮੇਰ ਹੱਡਾਂ ਵਿਚੋਂ ਹਾਲੇ ਤੱਕ ਨਹੀਂ ਨਿਕਲਿਆ। ਉਹ ਦਿਨ ਯਾਦ ਆਉਣ ‘ਤੇ ਲੂੰ ਖੜ੍ਹੇ ਹੋ ਜਾਂਦੇ ਐ। ਪੰਜ ਸੱਤ ਕਿੱਲੇ ਵਾਲੇ ਭਾਈ ਕਿਵੇਂ ਬਚਣਗੇ?”
ਉਸ ਦਾ ਇਹ ਸਵਾਲ ਹੁਣ ਮੈਨੂੰ ਹੀ ਨਹੀਂ ਸਰਕਾਰ ਅਤੇ ਸਰਕਾਰ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਵੀ ਪੁੱਛ ਰਿਹਾ ਸੀ ਕਿ ਛੋਟੇ ਕਿਸਾਨ ਦਾ ਕੀ ਬਣੇਗਾ? ਸਾਡਾ ਅੱਡਾ ਆ ਗਿਆ। ਅਸੀਂ ਰਿਕਸ਼ੇ ਵਿਚੋਂ ਲਹਿ ਪਏ।
”ਭਰਾਵਾ! ਜਿੰਨੇ ਲੰਮੇ ਸਿਦਕ ਤੇ ਹੌਸਲੇ ਨਾਲ ਤੂੰ ਗਰੀਬੀ ਦਾ ਕੋਰਸ ਪਾਸ ਕੀਤਾ ਏ, ਰੰਘੜਊ ਛੱਡ ਕੇ ਕੋਈ ਮਿਹਨਤ ਕਰੇਗਾ, ਸ਼ਾਇਦ ਬਚ ਜਾਵੇ। ਪਰ ਹਾਲਾਤ ਵਫਾ ਕਰਨ ਵਾਲੇ ਨਹੀਂ ਲੱਗਦੇ।”
ਮੈਂ ਉਸ ਨੂੰ ਨਾਂਹ-ਨਾਂਹ ਕਰਦੇ ਨੂੰ ਚਾਹ ਵਾਲੀ ਦੁਕਾਨ ਵੱਲ ਧੂਹ ਤੁਰਿਆ ਤੇ ਰਿਕਸ਼ੇ ਵਾਲੇ ਨੂੰ ਨਾਲ ਆਉਣ ਲਈ ਹੱਥ ਮਾਰਿਆ।
ਜਸਵੰਤ ਸਿੰਘ ਕੰਵਲ
“ਸੂਜਨ”..ਖਾਲਸਾ ਏਡ ਲਈ ਕੰਮ ਕਰਦੀ ਨੌਜੁਆਨ ਗੋਰੀ ਕੁੜੀ..ਅੱਜ ਜਦੋਂ ਦੁਨੀਆ ਦੇ ਸਭ ਤੋਂ ਖੌਫਨਾਕ ਮੰਨੇ ਜਾਂਦੇ ਇਰਾਕ਼-ਸੀਰੀਆ ਬਾਡਰ ਤੇ ਖਲੋਤੀ ਹੋਈ ਆਉਂਦੇ ਭੁੱਖੇ-ਪਿਆਸੇ ਸ਼ਰਨਾਰਥੀਆਂ ਨੂੰ ਖਾਣ ਪੀਣ ਦਾ ਨਿੱਕ ਸੁੱਕ ਵੰਡ ਰਹੀ ਹੁੰਦੀ ਏ ਤਾਂ ਲੋਕ ਆਪ ਮੁਹਾਰੇ ਹੀ ਆਖ ਉਠਦੇ ਨੇ ਕੇ ਇਹ ਪੱਗਾਂ ਦਾਹੜੀਆਂ ਵਾਲਿਆਂ ਦੀ “ਖਾਲਸਾ” ਨਾਮ ਦੀ ਉਸ ਸੰਸਥਾ ਦੀ ਕਾਰਕੁਨ ਏ ਜਿਹੜੀ ਲੋੜਵੰਦਾਂ ਨੂੰ ਭੋਜਨ ਸ਼ਕਾਉਣ ਲੱਗਿਆਂ ਓਹਨਾ ਦਾ ਮਜ਼੍ਹਬ ਰੰਗ ਜਾਂ ਨਸਲ ਨਹੀਂ ਦੇਖਦੀ! ਰਵੀ ਸਿੰਘ ਦੱਸਣ ਲੱਗੇ ਕੇ ਅਜੇ ਦਸ ਦਿਨ ਪਹਿਲਾਂ ਬਗਦਾਦ ਏਅਰਪੋਰਟ ਤੇ ਖਲੋਤਾ ਇੱਕ ਸਿਕਿਓਰਿਟੀ ਵਾਲਾ ਜਦੋਂ ਮੇਰੀ ਪੱਗ ਨੂੰ ਟੋਹਣ ਲੱਗਾ ਤਾਂ ਨਿਮਰਤਾ ਸਾਹਿਤ ਦੱਸ ਦਿੱਤਾ ਭਾਈ ਤੁਹਾਡੀ ਟਹਿਲ ਸੇਵਾ ਲਈ ਹਜਾਰਾਂ ਕਿਲੋਮੀਟਰ ਦੂਰ ਤੋਂ ਆਏ ਹਾਂ..ਥੋੜਾ ਬਹੁਤ ਮਾਣ-ਤਾਣ ਤਾਂ ਰੱਖ ਲਿਆ ਕਰੋ ਤਾਂ ਉਹ ਤ੍ਰਭਕ ਕੇ ਏਨਾ ਆਖਦਾ ਹੋਇਆ ਪਿਛਾਂਹ ਹਟ ਗਿਆ ਕੇ ਤੁਸੀਂ “ਖਾਲਸਾ ਏਡ ਤੋਂ ਹੋ..ਮੁਆਫ ਕਰਨਾ ਮੈਥੋਂ ਗਲਤੀ ਹੋ ਗਈ”
ਫੇਰ ਜਹਾਜ ਵਿਚ ਬੈਠਿਆ ਇਰਾਕ ਦੇ ਪ੍ਰਧਾਨ ਮੰਤਰੀ ਨੂੰ ਸਹਿ-ਸੁਭਾ ਹੀ ਨਿੱਕਾ ਜਿਹਾ ਟਵੀਟ ਕਰ ਦਿੱਤਾ ਕੇ “ਸ਼੍ਰੀ ਮਾਨ ਜੀ ਹੋ ਸਕੇ ਤਾਂ ਆਪਣੇ ਏਅਰਪੋਰਟ ਤੇ ਤਾਇਨਾਤ ਸਿਕੋਰਟੀ ਨੂੰ ਸਾਡੇ ਪੱਗਾਂ ਦਾਹੜੀਆਂ ਵਾਲਿਆਂ ਬਾਰੇ ਥੋੜੀ ਬਹੁਤ ਜਾਣਕਾਰੀ ਦੇਣ ਦੇ ਖੇਚਲ ਕਰ ਦਿਓ”
ਘੰਟੇ ਬਾਅਦ ਹੀ ਮੁਆਫ਼ੀਆਂ ਦਾ ਹੜ ਜਿਹਾ ਆ ਗਿਆ..ਪਹਿਲਾਂ ਪ੍ਰਧਾਨ ਮੰਤਰੀ ਫੇਰ ਗਵਰਨਰ ਅਤੇ ਮੁੜ ਹੋਰ ਕਿੰਨੇ..ਆਖਣ ਲੱਗੇ ਇਰਾਕ਼ ਤੁਹਾਡਾ ਆਪਣਾ ਏ..ਕੁਰਦਿਸ਼ਤਾਣ ਤੁਹਾਡੀ ਮਲਕੀਅਤ ਏ..ਜਿਥੇ ਮਰਜੀ ਘੁੰਮੋ ਫਿਰੋ..ਤੁਸੀਂ ਅੱਲਾ ਦੇ ਬੰਦੇ ਸਾਡੇ ਲੋਕਾਂ ਲਈ ਫਰਿਸ਼ਤੇ ਬਣ ਕੇ ਬਹੁੜੇ ਹੋ..ਸਾਡੇ ਧੰਨ ਭਾਗ ਜੇ ਅਸੀ ਪੱਗਾਂ ਦਾਹੜੀਆਂ ਵਾਲਿਆਂ ਲਈ ਕੁਝ ਕਰ ਸਕੀਏ..” ਇਹ ਉਸ ਧਰਤੀ ਦੀ ਕਹਾਣੀ ਏ ਜਿਥੇ ਅੱਜ ਦੀ ਤਰੀਖ ਵਿਚ ਬੰਬ ਸਿੱਟਣੇ ਸੌਖੇ ਤੇ ਰੋਟੀ-ਟੁੱਕ ਦੀ ਮੱਦਦ ਸਿੱਟਣੀ ਬਾਹਲੀ ਔਖੀ..! ਭਰ ਸਿਆਲ ਦੀਆਂ ਠੰਡੀਆਂ ਸ਼ੀਤ ਰਾਤਾਂ ਨੂੰ ਸੀਰੀਆ ਵੱਲੋਂ ਕਿੰਨੇ ਸਾਰੇ ਸ਼ਰਨਾਰਥੀ ਨਿੱਕੇ ਨਿਆਣਿਆਂ ਨੂੰ ਕੁੱਛੜ ਚੁੱਕੀ ਬਾਡਰ ਪਾਰ ਕਰਦੇ ਨੇ..ਕੁਝ ਨੂੰ ਸੈਕੜੇ ਡਾਲਰ ਰਿਸ਼ਵਤ ਦੇਣੀ ਪੈਂਦੀ ਏ..ਪਰ ਓਥੇ ਜਿਹੜੀ ਚੀਜ ਚੋਵੀ ਘੰਟੇ ਮੁਫਤੋ ਮੁਫ਼ਤ ਮਿਲਦੀ ਏ..ਉਹ ਹੈ..ਗੁਰੂ ਕਾ ਲੰਗਰ..ਜਦੋ ਥੱਕੇ ਟੁੱਟੇ ਬੰਦੇ ਦੀ ਤਲੀ ਤੇ ਫੁਲਕਾ ਰੱਖਿਆ ਜਾਂਦਾ ਏ ਤਾਂ ਭਾਈ ਘਨਈਆ ਜੀ ਦਾ ਸਿਧਾਂਤ ਸਾਮਣੇ ਰੱਖ ਕਦੀ ਵੀ ਅਗਲੇ ਦੀ ਜਾਤ ਨਹੀਂ ਪੁੱਛੀ ਜਾਂਦੀ..! ਦੁਨੀਆਂ ਦੇ ਤ੍ਰਾਸਦੀ ਮਾਰੇ ਬਾਕੀ ਇਲਾਕਿਆਂ ਵਿਚ ਸਹਾਇਤਾ ਵੰਡਦੇ ਹੋਏ ਸਿਰਫ ਮੁਸ਼ਕਲ ਹਲਾਤਾਂ ਨਾਲ ਹੀ ਲੜਨਾ ਪੈਂਦਾ ਏ ਪਰ ਪੰਜਾਬ ਦੀ ਆਪਣੀ ਧਰਤੀ ਤੇ ਕੁਦਰਤ ਦੀ ਕਰੋਪੀ ਦੇ ਨਾਲ ਨਾਲ ਸਰਕਾਰਾਂ ਦੀਆਂ ਸ਼ੱਕ ਭਰੀਆਂ ਨਜਰਾਂ ਨਾਲ ਵੀ ਦੋ ਚਾਰ ਹੋਣਾ ਪੈਂਦਾ ਏ..
ਕੌਣ ਕਿੱਦਾਂ ਮਦਤ ਕਰਦਾ..ਮੱਦਤ ਵਾਸਤੇ ਫੰਡਿੰਗ ਕਿਥੋਂ ਹੋਈ..ਕਿਹੜੇ ਮੁਲਖ ਚੋਂ ਕਿੰਨਾ ਪੈਸੇ ਆਇਆ..ਖਾਲਸਾ ਏਡ ਦੇ ਕਾਰਕੁੰਨਾਂ ਦਾ ਪਰਿਵਾਰਿਕ ਪਿਛੋਕੜ ਕੀ ਏ..?
ਏਜੰਸੀਆਂ ਦੇ ਬੰਦੇ ਚੋਵੀਂ ਘੰਟੇ ਬੱਸ ਇਹੀ ਸੁੰਘਦੇ ਫਿਰਦੇ ਨੇ ਕੇ ਕੋਈ ਐਸਾ ਸਿਰਾ ਹੱਥ ਲੱਗ ਜਾਵੇ ਕੇ ਅਸੀ ਦੁਹਾਈ ਪਾ ਕੇ ਸਾਰੀ ਦੁਨੀਆ ਨੂੰ ਦੱਸ ਸਕੀਏ ਕੇ ਇਹ ਪੱਗਾਂ ਦਾਹੜੀਆਂ ਵਾਲੇ ਇਨਸਾਨੀਅਤ ਦਾ ਭਲਾ ਨਹੀਂ ਸਗੋਂ ਅੱਤਵਾਦ ਅਤੇ ਵੱਖਵਾਦ ਦੀ ਪਨੀਰੀ ਬੀਜ ਰਹੇ ਨੇ..!
ਬਾਬੇ ਨਾਨਕ ਦੇ ਪੰਜ ਸੌ ਪੰਝਾਵੇਂ ਜਨਮ ਦਿਨ ਦੇ ਮੌਕੇ ਤੇ ਸੁਲਤਾਨਪੁਰ ਲੋਧੀ ਦੀ ਉਸ ਧਰਤੀ ਤੇ ਸੰਗਤਾਂ ਦੀ ਹੱਕ ਹਲਾਲ ਦੀ ਕਮਾਈ ਵਿਚੋਂ ਦਸ ਕਰੋੜ ਦਾ ਪੰਡਾਲ ਲਗਾ ਧਰਿਆ ਜਿਥੇ ਕਿੰਨੇ ਸਾਰੇ ਹੜ-ਪੀੜਤ ਅਜੇ ਵੀ ਸੌ ਸੌ ਰੁਪਏ ਦੇ ਇਮਦਾਤ ਨੂੰ ਤਰਸ ਰਹੇ ਨੇ..
ਬਾਬੇ ਨਾਨਕ ਦੇ ਸਿਧਾਂਤ ਦੇ ਅਗਵਾਕਾਰ ਸਟੇਜਾਂ ਤੇ ਖੜ-ਖੜ ਓਹਨਾ ਲੋਕਾਂ ਨੂੰ ਸਿਰੋਪੇ ਅਤੇ ਸਨਮਾਨ ਦੇ ਰਹੇ ਨੇ ਜਿਹਨਾਂ ਕਦੀ ਵੋਟਾਂ ਖਾਤਿਰ ਸੰਗਤਾਂ ਦੀਆਂ ਪੱਗਾਂ ਅਤੇ ਬਾਬੇ ਨਾਨਕ ਦੀ ਬਾਣੀ ਨਾਲ ਸਿਰਜੇ ਹੋਏ ਪਵਿੱਤਰ ਗ੍ਰੰਥ ਖੁਦ ਆਪਣੇ ਪੈਰਾਂ ਹੇਠ ਮਧੋਲੇ ਸਨ!
ਅਖੀਰ ਵਿਚ ਜ਼ੋਰ ਦੇ ਕੇ ਆਖਦੇ ਨੇ ਕੇ ਕੋਈ ਭਾਵੇਂ ਲੱਖ ਕੋਸ਼ਿਸ਼ਾਂ ਵੀ ਕਰ ਕੇ ਵੇਖ ਲਵੇ ਬਾਬੇ ਨਾਨਕ ਵਾਲਾ ਸਿੱਖੀ ਦਾ ਸਿਧਾਂਤ,ਪੰਥ ਅਤੇ ਗ੍ਰੰਥ ਕਦੇ ਵੀ ਨਹੀਂ ਮਰ ਸਕਦੇ..
ਹਾਂ ਉਸ ਵੇਲੇ ਖਤਰੇ ਦੀ ਘੰਟੀ ਜਰੂਰ ਵੱਜ ਉਠੇਗੀ ਜਦੋਂ ਸਾਡੀ ਅਗਲੀ ਪੀੜੀ ਗੁਰੂਆਂ ਵੇਲੇ ਦਾ ਸੁਨਹਿਰੀ ਇਤਿਹਾਸ..ਸਤਾਰਵੀਂ ਸਦੀ ਦੇ ਵਰਤਾਏ ਭਿਆਨਕ ਘਲੂਕਾਰੇ ਅਤੇ ਸੰਤਾਲੀ ਚੁਰਾਸੀ ਅਤੇ ਉਸ ਮਗਰੋਂ ਦੀਆਂ ਗਿਣ ਮਿਥ ਕੇ ਕੀਤੀਆਂ ਗਈਆਂ ਸਮੂਹਿਕ ਨਸਲਕੁਸ਼ੀਆਂ ਆਪਣੇ ਮਨੋ ਵਿਸਾਰ ਦੇਵੇਗੀ..!
(ਸਤਾਰਾਂ ਨਵੰਬਰ 2019 ਨੂੰ ਵਿੰਨੀਪੈਗ ਵਿਚ ਕੀਤੇ ਸੰਬੋਧਨ ਦਾ ਸਾਰ ਅੰਸ਼)
ਅਗਿਆਤ
ਸਿਆਣੇ ਲੋਕਾਂ ਦੀਆਂ ਕੁਝ ਕੁ ਸਿਆਣੀਆਂ ਗੱਲਾਂ
1 ਜਿਹੋ ਜਿਹਾ ਕੋਈ ਤੁਹਾਡੇ ਨਾਲ ਵਰਤਾਉ ਕਰਦਾ ਉਹੋ ਜਹੀ ਉਹ ਤੁਹਾਡੇ ਵਾਰੇ ਸੋਚ ਰੱਖਦਾ !
2 ਸੱਭ ਤੋਂ ਔਖਾ ਕੰਮ ਹੈ ਕੱਲੇ ਮੰਜ਼ਲ ਵੱਲ ਤੁਰਨਾ ਪਰ ਇਹੋ ਹੀ ਇੱਕੋ ਇਕ ਰਸਤਾ ਹੈ ਜੋ ਤੁਹਾਨੂੰ ਤਾਕਤਵਰ ਬਣਾਉਂਦਾ ਹੈ !
3 ਅਰਦਾਸ ਹਮੇਸ਼ਾ ਇਹ ਕਰੋ ਕਿ ਹੇ ਵਾਹਿਗੁਰੂ ਮੈਨੂੰ ਉਹ ਅੱਖਾਂ ਦੇਹ ਜੋ ਹਰ ਪਾਸੇ ਚੰਗਿਆਈ ਦੇਖਣ ! ਮੈਨੂੰ ਇਹੋ ਜਿਹਾ ਦਿਲ ਦੇਹ ਜੋ ਹਰ ਗੁਨਾਹਗਰ ਨੂੰ ਮਾਫ਼ ਕਰ ਸਕਾਂ ! ਮੈਨੂੰ ਇਹੋ ਜਿਹਾ ਮਨ ਦੇਹ ਜੋ ਮੈ ਕਿਸੇ ਦੀ ਮਾੜੀ ਕੀਤੀ ਨੂੰ ਯਾਦ ਨਾ ਕਰਾਂ ਤੇ ਇਹੋ ਜਹੀ ਆਤਮਾ ਦੇਹ ਜੋ ਔਖੀ ਘੜੀ ਵਿੱਚ ਵੀ ਆਪਣੇ ਵਿਸ਼ਵਾਸ ਤੋਂ ਨਾ ਡੋਲੇ !
4 ਹਰ ਰਿਸ਼ਤੇ ਵਿੱਚ ਪਿਆਰ ਤੇ ਵਫਾਦਾਰੀ ਰੱਖੋ,,,, ਇਕ-ਦੂਜੇ ਨੂੰ ਨੀਵਾਂ ਨਾ ਦਿਖਾਓ,,,,, ਰਿਸ਼ਤੇ ਤੇ ਪਿਆਰ ਵਿੱਚ ਹਮੇਸ਼ਾ ਇਕ ਦੂਜੇ ਦੇ ਨਾਲ ਨਾਲ ਚੱਲੋ !
5 ਆਪਣੀ ਸੰਗਤ ਦਾ ਖਿਆਲ ਜਰੂਰ ਰੱਖੋ,,,,ਚੰਗੀ ਸੰਗਤ ਤੁਹਾਨੂੰ ਤਾਰ ਦੇਵੇਗੀ ਤੇ ਮਾੜੀ ਸੰਗਤ ਤੁਹਾਨੂੰ ਡੁਬੋ ਦੇਵੇਗੀ।
6 ਕੁਝ ਲੋਕਾਂ ਵਾਸਤੇ ਤੁਸੀਂ ਸਹੀ ਨਹੀਂ ਹੋਵੋਗੇ ! ਕਿਸੇ ਲਈ ਤੁਸੀਂ ਡਰਪੋਕ ਹੋ ਕਿਸੇ ਲਈ ਕੱਟੜ ਹੋ ! ਕਿਸੇ ਲਈ ਪਖੰਡੀ ਹੋ ਕਿਸੇ ਲਈ ਝੂਠੇ ਹੋ। ਪਰ ਜਿੰਨਾ ਨੂੰ ਤੁਹਾਡੀ ਲੋੜ ਹੈ ਤੇ ਜੋ ਤੁਹਾਨੂੰ ਪਿਆਰ ਕਰਦੇ ਨੇ ਉਹ ਤੁਹਾਨੂੰ ਤੁਹਾਡੀਆਂ ਕਮੀਆਂ ਦੇ ਬਾਵਜੂਦ ਵੀ ਚਾਹੁੰਦੇ ਨੇ।
7 – ਤੁਹਾਡੇ ਸਾਰੇ ਮਿੱਤਰ ਨਹੀਂ ਹੋ ਸਕਦੇ ! ਕੁਝ ਮਿੱਤਰ ਸਿਰਫ ਲੋੜ ਕਰਕੇ ਹੁੰਦੇ ਹਨ ! ਜਦੋਂ ਉਨਾਂ ਦੀ ਲੋੜ ਮੁੱਕ ਗਈ ਉਦੋਂ ਉਹ ਤੁਹਾਨੂੰ ਛੱਡ ਜਾਣਗੇ ਜਾਂ ਤੁਹਾਡੇ ਵਫ਼ਾਦਾਰ ਨਹੀਂ ਰਹਿਣਗੇ !
8 ਹਮੇਸ਼ਾ ਰੱਬ ਦੇ ਸ਼ੁਕਰਾਨੇ ਵਿਚ ਰਹੋ,,,,ਕਿਉਂਕਿ ਜੋ ਤੁਹਾਡੇ ਕੋਲ ਹੈ,,,,ਬਹੁਤ ਸਾਰੇ ਲੋਕ ਉਹਨਾਂ ਰਹਿਮਤਾਂ ਤੋਂ ਵੀ ਹਜੇ ਵਾਂਝੇ ਹਨ।
9 ਦੋ ਗੱਲਾਂ ਜ਼ਿੰਦਗੀ ਚ ਹਮੇਸ਼ਾ ਯਾਦ ਰੱਖੋ ! ਜਦੋਂ ਕੱਲੇ ਹੋਵੋ ਉਦੋਂ ਆਪਣੇ ਖਿਆਲਾਂ ਦਾ ਧਿਆਨ ਰੱਖੋ ਤੇ ਜਦੋਂ ਕਿਸੇ ਨਾਲ ਹੋਵੋ ਉਦੋਂ ਆਪਣੇ ਬੋਲਾਂ ਦਾ !
10 ਜੇ ਜ਼ਿੰਦਗੀ ਚ ਜਿੱਤ ਪ੍ਰਾਪਤ ਕਰਨੀ ਹੈ ਤਾਂ ਤੁਸੀਂ ਦੂਜਿਆਂ ਦੀ ਜ਼ਿੰਦਗੀ ਚ ਦਖ਼ਲ ਦੇਣਾ ਬੰਦ ਕਰ ਦਿਉ ! ਉਨਾਂ ਨੂੰ ਜਿਸ ਗੱਲ ਵਿੱਚ ਖ਼ੁਸ਼ੀ ਮਿਲਦੀ ਹੈ ਉਨਾਂ ਨੂੰ ਉਹ ਕਰਨ ਦਿਉ ਜਿਆਦਾ ਖੁਸ਼ ਰਹੋਗੇ।
ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਲੰਮਾ ਜਿਹਾ ਮੁੰਡਾ..
ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ..
ਨਾਲਦੀਆਂ ਉਸਨੂੰ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰ ਬਾਡਰ ਲਾਗੇ ਇੱਕ ਪਿੰਡ ਤੋਂ ਪੂਰਾਣੇ ਜਿਹੇ ਸਾਈਕਲ ਤੇ ਬਟਾਲੇ ਪੜਨ ਆਇਆ ਕਰਦਾ ਸੀ.. ਨੈਣ ਕਈ ਵਾਰ ਮਿਲੇ ਪਰ ਫਾਈਨਲ ਦੀ ਫੇਅਰਵੈਲ ਪਾਰਟੀ ਵਿਚ ਉਸਨੇ ਮੇਰੇ ਨਾਲ ਪਹਿਲੀ ਤੇ ਆਖਰੀ ਵਾਰ ਗੱਲ ਕੀਤੀ..ਆਖਣ ਲੱਗਾ “ਜੇ ਠੀਕ ਸਮਝੋਂ ਤਾਂ ਅੱਗੋਂ ਵੀ ਆਪਣੇ ਬਾਰੇ ਦਸਦੇ ਰਿਹਾ ਕਰਾਂਗੇ”
ਨਾਲ ਹੀ ਰੁੱਕੇ ਵਿਚ ਲਿਖਿਆ ਕਿੰਨਾ ਕੁਝ ਅਤੇ ਆਪਣੇ ਪਿੰਡ ਦਾ ਐਡਰੈੱਸ ਮੈਨੂੰ ਫੜਾ ਗਿਆ..! ਮੇਰੇ ਵੱਡੇ-ਵੱਡੇ ਸੁਫਨਿਆਂ ਅੱਗੇ ਮਿੱਟੀ-ਘੱਟੇ ਅਤੇ ਗੋਹੇ ਨਾਲ ਲਿਬੜੀਆਂ ਉਸਦੀਆਂ ਭਵਿੱਖ ਦੀਆਂ ਲਕੀਰਾਂ ਮੈਨੂੰ ਤੁੱਛ ਜਿਹੀਆਂ ਲਗੀਆਂ..
ਮੈਂ ਰੁੱਕਾ ਪਾੜਿਆ ਨਾ..ਸੋਚਿਆ ਨਾਲਦੀਆਂ ਨੂੰ ਵਖਾਵਾਂਗੀ ਤਾਂ ਥੋੜਾ ਹਾਸਾ ਠੱਠਾ ਕਰ ਲੈਣਗੀਆਂ..ਨਾਲਦੀਆਂ ਕਿੰਨਾ ਕੁਝ ਲਿਖਿਆ ਦੇਖ ਬੜਾ ਹੱਸੀਆਂ..ਕੁਝ ਨੇ ਟਿੱਚਰ ਵੀ ਕੀਤੀ..ਆਖਿਆ “ਤਾਂ ਕੀ ਹੋਇਆ ਜੇ ਪਿੰਡੋਂ ਆਉਂਦਾ ਏ ਤਾਂ..ਸੂਰਤ ਅਤੇ ਸੀਰਤ ਦਾ ਤੇ ਮਾੜਾ ਨਹੀਂ”
ਪਰ ਓਹਨੀ ਦਿਨੀਂ ਮੇਰਾ ਦਿਮਾਗ ਸਤਵੇਂ ਆਸਮਾਨ ਤੇ ਹੋਇਆ ਕਰਦਾ ਸੀ..ਪਤਾ ਨੀ ਮੈਂ ਉਹ ਰੁੱਕਾ ਕਦੋਂ ਤੇ ਕਿਥੇ ਪਾੜ ਕੇ ਸਿੱਟ ਦਿੱਤਾ..! ਤਾਇਆਂ ਮਾਮਿਆਂ ਦੀਆਂ ਜਿਆਦਾਤਰ ਕੁੜੀਆਂ ਬਾਹਰ ਹੀ ਸਨ..
ਓਹਨਾ ਦਾ ਰਹਿਣ ਸਹਿਣ..ਵਿੱਚਰਨ ਦਾ ਸਲੀਕਾ..ਵਿਆਹ ਮੰਗਣੇ ਤੇ ਅਕਸਰ ਹੀ ਹੁੰਦੀ ਓਹਨਾ ਦੀ ਖਾਸ ਤਰਾਂ ਦੀ ਖਾਤਿਰ ਦਾਰੀ..ਅਤੇ ਓਹਨਾ ਦੇ ਵਾਲਾਂ ਕੱਪੜਿਆਂ ਵਿਚੋਂ ਆਉਂਦੀ ਇੱਕ ਵੱਖਰੀ ਤਰਾਂ ਦੀ ਵਿਚਿਤੱਰ ਜਿਹੀ ਖੁਸ਼ਬੋਂ ਮੈਨੂੰ ਹਮੇਸ਼ਾਂ ਹੀ ਆਕਰਸ਼ਿਤ ਕਰਿਆ ਕਰਦੀ..ਉਹ ਅਕਸਰ ਹੀ ਬਾਹਰ ਦੇ ਮਾਹੌਲ,ਰਹਿਣੀ ਸਹਿਣੀ,ਉਚੀਆਂ ਇਮਾਰਤਾਂ ਦਰਿਆਵਾਂ ਝੀਲਾਂ ਗੋਰੇ ਗੋਰੀਆਂ ਦੀ ਗੱਲ ਕਰਿਆ ਕਰਦੀਆਂ..! ਫੇਰ ਸੰਨ ਛਿਆਸੀ ਵਿਚ ਆਈ “ਲੌਂਗ ਦੇ ਲਿਸ਼ਕਾਰੇ” ਨਾਮੀਂ ਫਿਲਮ ਦਾ ਕਨੇਡਾ ਤੋਂ ਆਇਆ ਰਾਜ ਬੱਬਰ ਮੈਨੂੰ ਮੇਰਾ ਸੁਫਨਿਆਂ ਦਾ ਸ਼ਹਿਜ਼ਾਦਾ ਲੱਗਦਾ..ਮਗਰੋਂ ਸਤਾਸੀ-ਅਠਾਸੀ ਵਿਚ ਆਈ ਇੱਕ ਹੋਰ ਪੰਜਾਬੀ ਫਿਲਮ “ਯਾਰੀ ਜੱਟ ਦੀ” ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ..ਮੈਂ ਘਰੇ ਬਿਨਾ ਦੱਸਿਆਂ ਪੂਰੇ ਪੰਜ ਵਾਰ ਦੇਖੀ..ਸਾਰੀ ਫਿਲਮ ਵਿਚ ਇੰਗਲੈਂਡ ਦਾ ਮਾਹੌਲ ਦਿਖਾਇਆ ਗਿਆ ਸੀ..ਮੈਨੂੰ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖਦੀ ਪ੍ਰੀਤੀ ਸਪਰੂ ਨਜਰ ਆਉਂਦੀ..ਮਨ ਵਿਚ ਬਿਠਾ ਲਿਆ ਕੇ ਭਾਵੇਂ ਜੋ ਮਰਜੀ ਹੋ ਜਾਵੇ..ਜਾਣਾ ਤੇ ਬਾਹਰ ਈ ਏ.. ਫੇਰ ਮੰਗਣਾ ਕਨੇਡਾ ਵਿਚ ਹੋ ਗਿਆ..ਵਿਆਹ,ਜੰਝ,ਮੈਰਿਜ ਪੈਲੇਸ,ਦਾਜ ਦਹੇਜ,ਕਾਰਾਂ ਬੱਸਾਂ ਤੇ ਹੋਰ ਵੀ ਕਿੰਨਾ ਕੁਝ..ਗਿਆਰਾਂ ਬੰਦਿਆਂ ਦੀ ਬਰਾਤ ਦੇ ਰਿਵਾਜ ਕਰਕੇ ਚੰਡੀਗੜ ਜਾਣਾ ਪਿਆ..!
ਮੁੜ ਸਾਲ ਦੀ ਉਡੀਕ ਮਗਰੋਂ ਅਖੀਰ ਉਹ ਦਿਨ ਆਣ ਹੀ ਪਹੁੰਚਿਆ..ਸਤਾਈਆਂ ਘੰਟਿਆਂ ਦੀ ਫਲਾਈਟ ਮਗਰੋਂ ਟਰਾਂਟੋ ਉੱਤਰੀ..
ਸੁਫ਼ਨੇ ਸਜਾਉਂਦੀ ਜਹਾਜ਼ੋਂ ਬਾਹਰ ਆਈ..ਚਮਕਾਂ ਮਾਰਦੇ ਏਅਰਪੋਰਟ ਤੇ ਬੰਦੇ ਘੱਟ ਤੇ ਮਸ਼ੀਨਾਂ ਜਿਆਦਾ ਦਿੱਸੀਆਂ.. ਪਹਿਲੀ ਰਾਤ ਜਦੋਂ ਹਰ ਨਵੀਂ ਵਿਆਹੀ ਦੇ ਮਨ ਵਿਚ ਢੇਰ ਸਾਰੇ ਵਲਵਲੇ ਹੁੰਦੇ..ਨਾਲਦੇ ਨਾਲ ਢੇਰ ਸਾਰੀਆਂ ਗੱਲਾਂ ਕਰਨ ਦੀ ਚਾਹ ਹੁੰਦੀ ਏ..ਜੀ ਕਰਦਾ ਏ ਕੇ ਕੋਈ ਹੱਥ ਫੜ ਕੇ ਪੁੱਛੇ ਕੇ ਤੇਰਾ ਜਹਾਜ ਅਤੇ ਹੁਣ ਤੱਕ ਦਾ ਜਿੰਦਗੀ ਦਾ ਸਫ਼ਰ ਕਿੱਦਾਂ ਰਿਹਾ?
ਪਰ ਏਦਾਂ ਦਾ ਕੁਝ ਵੀ ਨਹੀਂ ਹੋਇਆ..ਤੜਕੇ ਤੱਕ ਬੱਸ ਰੌਲੇ ਰੱਪੇ ਅਤੇ ਸ਼ਰਾਬ ਦੇ ਦੌਰ ਚੱਲਦੇ ਰਹੇ ਮੁੜਕੇ ਦਸਾਂ ਮਿੰਟਾਂ ਦੀ ਇੱਕ ਸੁਨਾਮੀ ਜਿਹੀ ਆਈ ਤੇ ਆਪਣੇ ਨਾਲ ਸਾਰੇ ਸੁਫ਼ਨੇ ਵਹਾ ਕੇ ਲੈ ਗਈ..!
ਮਗਰੋਂ ਮਹਿਸੂਸ ਹੋਇਆ ਕੇ ਸਾਰਾ ਟੱਬਰ ਹੀ ਏਦਾਂ ਦਾ ਸੀ..ਹਰ ਗੱਲ ਡਾਲਰਾਂ ਦੀ ਤੱਕੜੀ ਵਿਚ ਤੁਲਿਆ ਕਰਦੀ..ਹਮੇਸ਼ਾਂ ਇਹੋ ਸਲਾਹਾਂ ਹੁੰਦੀਆਂ ਕੇ ਵੱਧ ਤੋਂ ਵੱਧ ਡਾਲਰ ਕਿਦਾਂ ਬਣਾਉਣੇ..ਕਈ ਵਾਰ ਆਪੋ ਵਿਚ ਲੜ ਵੀ ਪੈਂਦੇ..ਭਾਵਨਾਵਾਂ ਅਤੇ ਕਦਰਾਂ ਕੀਮਤਾਂ ਬਰਫ ਨਾਲੋਂ ਵੀ ਠੰਡੀਆਂ..
ਮੁਸ਼ਕ ਮਾਰਦੀ ਫੈਕਟਰੀ ਵਿਚ ਭਰ ਗਰਮੀ ਵਿਚ ਕੰਮ ਕਰਦੀ ਨੂੰ ਅਕਸਰ ਪੰਜਾਬ ਚੇਤੇ ਆਉਂਦਾ..ਲੱਗਦਾ ਕੁੜਿੱਕੀ ਵਿਚ ਫਸ ਕੇ ਰਹਿ ਗਈ ਸਾਂ..!
ਸੋਫੀਆ ਨਾਮ ਦੀ ਕੁੜੀ ਦਾ ਫੋਨ ਅਕਸਰ ਆਉਂਦਾ ਹੀ ਰਹਿੰਦਾ..ਇਹ ਕਿੰਨੀ ਦੇਰ ਉਸ ਨਾਲ ਗੱਲੀਂ ਲੱਗਾ ਰਹਿੰਦਾ..ਮੈਨੂੰ ਬੜੀ ਤਕਲੀਫ ਹੁੰਦੀ..ਅੰਦਰੋਂ ਅੰਦਰ ਸੜਦੀ-ਭੁੱਜਦੀ ਰਹਿੰਦੀ..ਮੇਰੇ ਨਾਲ ਕਿਓਂ ਨਹੀਂ ਕਰਦਾ ਇੰਝ ਦੀਆਂ ਗੱਲਾਂ..
ਕਿਸੇ ਨਾਲ ਦਿਲ ਫਰੋਲਦੀ ਤਾਂ ਆਖ ਦਿੰਦੇ ਕੇ ਨਾਲ ਕੰਮ ਕਰਦੀ ਏ..ਪਰ ਜਦੋਂ ਉਹ ਇੱਕ ਦੋ ਵਾਰ ਘਰੇ ਬੈਡ ਰੂਮ ਤੱਕ ਆਣ ਅੱਪੜੀ ਤਾਂ ਫੇਰ ਮੈਥੋਂ ਨਾ ਹੀ ਰਿਹਾ ਗਿਆ..ਕਲੇਸ਼ ਪਾ ਧਰਿਆ..ਸਾਰੇ ਆਖਣ ਇਥੇ ਇਹ ਸਭ ਕੁਝ ਆਮ ਜਿਹੀ ਗੱਲ ਏ..!
ਫੇਰ ਨਿੱਕੀ ਨਿੱਕੀ ਗੱਲ ਤੋਂ ਪੈਂਦਾ ਕਲਾ ਕਲੇਸ਼ ਨਿੱਤ ਦਾ ਵਰਤਾਰਾ ਬਣ ਗਿਆ..
ਪਹਿਲਾਂ ਪੁਲਸ ਅਤੇ ਫੇਰ ਅਦਾਲਤਾਂ ਤੇ ਹੋਰ ਵੀ ਬੜਾ ਕੁਝ..ਲੌਂਗ ਦੇ ਲਿਸ਼ਕਾਰੇ ਵਾਲਾ ਰਾਜ ਬੱਬਰ ਮੈਨੂੰ ਕਿਧਰੇ ਵੀ ਨਾ ਦਿਸਿਆ ਤੇ ਨਾ ਹੀ ਮੈਂ ਅਸਲ ਜਿੰਦਗੀ ਦੀ ਪ੍ਰੀਤੀ ਸਪਰੂ ਹੀ ਬਣ ਸਕੀ..!
ਤਲਾਕ ਦੀ ਸੁਣਵਾਈ ਵਾਲੀ ਆਖਰੀ ਤਰੀਖ..
ਕੱਲੀ ਬੈਠੀ ਨੂੰ ਕਿੰਨੇ ਵਰੇ ਪਹਿਲਾਂ ਵਾਲਾ ਓਹੀ ਗੁਰਮੁਖ ਸਿੰਘ ਚੇਤੇ ਆ ਗਿਆ..
ਪਤਾ ਨਹੀਂ ਕਿਧਰੇ ਹੋਵੇਗਾ..ਪਸੰਦ ਨਹੀਂ ਸੀ ਤਾਂ ਕੀ ਹੋਇਆ..ਘੱਟੋ ਘੱਟ ਮੈਨੂੰ ਉਸਦੀਆਂ ਭਾਵਨਾਵਾਂ ਦਾ ਮਜਾਕ ਨਹੀਂ ਸੀ ਉਡਾਉਣਾ ਚਾਹੀਦਾ..ਏਨਾ ਉਚਾ ਨਹੀਂ ਸੀ ਉੱਡਣਾ ਚਾਹੀਦਾ..
ਹੁਣ ਤਿੰਨ ਦਹਾਕਿਆਂ ਮਗਰੋਂ ਮੇਰੇ ਵਾਲੇ ਓਸੇ ਪੜਾਅ ਵਿਚ ਅੱਪੜ ਚੁੱਕੀ ਆਪਣੀ ਧੀ ਨੂੰ ਇੱਕੋ ਗੱਲ ਸਮਝਾਉਂਦੀ ਹਾਂ ਕੇ ਕੁਝ ਪਲਾਂ ਦੀ ਬੱਲੇ ਬੱਲੇ ਅਤੇ ਚਕਾ-ਚੌਂਧ ਦੀ ਖਾਤਿਰ ਕਿਸੇ ਗੁਰਮੁਖ ਸਿੰਘ ਨੂੰ ਪੈਸੇ ਵਾਲੀ ਤੱਕੜੀ ਵਿਚ ਨਾ ਤੋਲ ਬੈਠੀਂ..ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਏ..ਸਾਰੀ ਉਮਰ ਇੱਕ ਐਸਾ ਜਹਿਰ ਪੀਣਾ ਪੈਂਦਾ ਜਿਹੜਾ ਨਾ ਤੇ ਚੰਗੀ ਤਰਾਂ ਜਿਊਣ ਹੀ ਦਿੰਦਾ ਤੇ ਨਾ ਹੀ ਪੂਰੀ ਤਰਾਂ ਮਰਨ!
ਉਸ ਨਹਿਰ ਤੋਂ ਖਲੋ ਕੇ ਝਾਤੀ ਪਾਈ:
ਸਕੂਲ, ਗੁਰਦਵਾਰਾ ਤੇ ਪਿੰਡ ਸਭ ਕੁਝ ਹੀ ਪਹਿਲਾਂ ਵਰਗਾ ਸੀ। ਕਦੇ ਉਹ ਇਥੇ ਬੇਸਿਕ ਮਾਸਟਰ ਹੋ ਕੇ ਆਇਆ ਸੀ। ਉਹ ਪੁਰਾਣੀਆਂ ਯਾਦਾਂ ਵਿਚ ਲਹਿਰ ਲਹਿਰ ਉਤਰਦਾ ਗਿਆ….
ਨਹਿਰ ਦੀ ਪਾਂਧੀ ਕੰਧ ਵਾਂਗ ਉੱਚੀ ਉੱਠੀ ਹੋਈ ਸੀ। ਨਿੱਕੀ ਇੱਟ ਦੇ ਸਕੂਲ ਤੇ ਗੁਰਦਵਾਰਾ ਉਹਦੇ ਪੈਰਾਂ ਵਿਚ ਮੁਗ਼ਲਸ਼ਾਹੀ ਦੇ ਖੰਡਰ ਜਾਪਦੇ ਸਨ; ਭਾਵੇਂ ਖੰਡਾ ਟੀਸੀ ਕੱਢੀ ਚਮਕ ਰਿਹਾ ਸੀ। ਜ਼ਿਲ੍ਹਾ ਹੈੱਡਕੁਆਟਰ ਦੀਆਂ ਹਿਦਾਇਤਾਂ ਅਨੁਸਾਰ ਉਸ ਨੂੰ ਇਸ ਪਿੰਡ ਲਾਇਆ ਗਿਆ ਸੀ। ਅਜ ਵਾਂਗ ਹੀ ਉਸ ਸਾਰੇ ਵਾਤਾਵਰਨ ਨੂੰ ਜੋਹਿਆ। ਉਸ ਨੂੰ ਸਭ ਕੁਝ ਹੀ ਬੇਰੌਣਕਾ ਤੇ ਉਦਾਸ ਉਦਾਸ ਜਾਪਿਆ। ਉਹ ਮਾਪਿਆਂ ਦਾ ਇਕੱਲਾ ਪੁੱਤਰ ਸੀ, ਭਰਿਆ ਭਰਿਆ, ਜਵਾਨ ਤੇ ਖ਼ੂਬਸੂਰਤ। ਪਾਂਧੀ ਉੱਤੇ ਖਲੋਤਾ, ਛੋਟੇ ਜਿੰਨੇ ਪਿੰਡ ਨੂੰ ਵੇਖਦਾ, ਉਹ ਆਪੇ ਨੂੰ ਸੋਕੜਾ ਮਾਰਿਆ ਰੁੱਖ ਅਨੁਭਵ ਕਰਨ ਲੱਗਾ। ਜੀਉਣ ਦੀਆਂ ਰੀਝਾਂ ਵਿਚੋਂ ਨਿਕਲਿਆ ਹਉਕਾ ਉਸਦੇ ਸਾਰੇ ਨਕਸ਼ ਤੱਤੇ ਕਰ ਗਿਆ। ਜ਼ਿਲ੍ਹਾ ਅਫ਼ਸਰ ਨੇ ਇਹ ਪਿੰਡ ਦੇ ਕੇ ਉਸ ਤੋਂ ਕੋਈ ਬਦਲਾ ਲਿਆ ਸੀ। ਅਫ਼ਸਰ ਦਾ ਕਲਰਕ ਪਹਿਲੀ ਤਨਖਾਹ ਲੈ ਕੇ ਉਸ ਨੂੰ ਕਿਸੇ ਸ਼ਹਿਰ ਜਗ੍ਹਾ ਦੇਣ ਲਈ ਤਿਆਰ ਸੀ। ਪਰ ਜ਼ਿੰਦਗੀ ਦੇ ਮੁੱਢ ਵਿਚ ਹੀ ਕੁਰੱਪਟ ਬਣਨਾ ਉਸਦੀ ਜ਼ਮੀਰ ਨਾ ਮੰਨੀ। ਬਾਪ ਦੀ ਸਿੱਖ ਸੰਗਤ ਸਦਕਾ ‘ਸੱਚ ਸਭਨਾਂ ਹੋਇ ਦਾਰੂ, ਪਾਪ ਕਢੇ ਧੋਇ’ਵਾਲੀ ਰੰਗਣਾ ਉਸਨੂੰ ਚੜ੍ਹੀ ਹੋਈ ਸੀ। ਉਮਰ ਦੀ ਚੜ੍ਹਾਈ ਕਾਰਨ ਹਾਲੇ ਉਹ ਹਾਰਨਾ ਸਿੱਖਿਆ ਨਹੀਂ ਸੀ। ਉਸ ਸੋਚਿਆ, ਕੀ ਮੈਂ ਧਰਤੀ ਉੱਤੇ ਆਉਣ ਵਾਲਾ ਦੂਜਾ ਆਦਮ ਨਹੀਂ? ਫਿਰ ਦਿਲ ਦਾ ਲਹੂ ਉਸਦੇ ਸਿਰ ਨੂੰ ਚੜ੍ਹਨਾ ਸ਼ੁਰੂ ਹੋ ਗਿਆ।
“ਸਤਿ ਸ੍ਰੀ ਅਕਾਲ ਜੀ….?” ਦਾਤੀ ਰੱਸਾ ਲਈ ਆਉਂਦੇ ਇੱਕ ਗੱਭਰੂ ਨੇ ਮਾਸਟਰ ਦੇ ਅਨੋਭੜਪਣ ਨੂੰ ਮਹਿਸੂਸ ਕੀਤਾ।”
“ਹੂ…।” ਮਾਸਟਰ ਨੇ ਆਪਣੀ ਮਗਨਤਾ ਤੋੜੀ ਤੇ ਮੁਸਕਾ ਕੇ ਮੁੰਡੇ ਦਾ ਹੱਥ ਫੜ ਲਿਆ। “ਮੈਂ ਜਸਬੀਰ, ਤੁਹਾਡੇ ਸਕੂਲ ਦਾ ਨਵਾਂ ਮਾਸਟਰ; ਤੁਹਾਡੀ ਦੋਸਤੀ ਤੇ ਮਿਲਵਰਤਣ ਦੀ ਮੈਨੂੰ ਬੜੀ ਲੋੜ ਏ। ਪਿੰਡ ਬਾਰੇ ਮੋਟੀ ਮੋਟੀ ਵਾਕਫ਼ੀ ਵੀ ਦਿਓ?”
ਮੁੰਡੇ ਨੇ ਅੱਗਾ ਪਿੱਛਾ ਵੇਖਦਿਆਂ ਆਖਿਆ,”ਬੰਦਾ ਤੂੰ ਵਧੀਆ ਲਗਦਾ ਏਂ; ਪਰ ਸਾਲ ਛਿਮਾਂਹ ਤੋਂ ਵੱਧ ਏਥੇ ਕੋਈ ਟਿਕਿਆ ਨਹੀਂ। ਪੰਚਾਇਤ ਨੂੰ ਫੋਕਾ ਰੰਘੜਊ ਚਤਾਰਨ ਬਿਨਾ ਕੱਖ ਨਹੀਂ ਆਉਂਦਾ। ਬਾਕੀ ਸਾਰਾ ਲਾਣਾ ਹੱਕ ਕੇ ਕਾਂਜੀ-ਹਾਉਸ ਦੇਣ ਵਾਲਾ ਏ। ਤੂੰ ਗਊ-ਗਰੀਬ ਕਿਵੇਂ ਫਸ ਗਿਆ?” ਮੁੰਡੇ ਦੀਆਂ ਸਾਫ਼ ਸਾਫ਼ ਗੱਲਾਂ ਉੱਤੇ ਜਸਬੀਰ ਹੱਸ ਪਿਆ।
“ਤੁਹਾਡਾ ਨਾਂ ਬਾਈ ਜੀ?”
“ਨਾਂ ਤਾਂ ਕਰਤਾਰ ਸਿੰਘ ਮਾਪਿਆਂ ਰੱਖਿਆ ਸੀ, ਪਰ ਲੋਕੀਂ ਜੱਗੋਂ-ਜਾਣੇ ਕਾਰਾ ਆਖਣੋ ਨਹੀਂ ਹਟਦੇ। ਕੁਝ ਮੇਰੇ ਕੋਲੋਂ ਕਾਰੇ ਕਰੇ ਬਿਨਾ ਵੀ ਨਹੀਂ ਰਿਹਾ ਜਾਂਦਾ। ਤਿੰਨ ਸਾਲ ਮਿਲਟਰੀ ‘ਚ ਲਾਏ ਐ। ਉੱਥੇ ਇੱਕ ਆਕੜ-ਖਾਂ ਸੂਬੇਦਾਰ ਕੁੱਟ ਹੋ ਗਿਆ; ਉਹਨੇ ਆਹ ਦਾਤੀ ਰੱਸਾ ਹੱਥ ਫੜਾ ਦਿੱਤਾ।” ਬੇਪਰਵਾਹ ਕਾਰੇ ਨੂੰ ਆਪਣੀ ਨੌਕਰੀ ਦੇ ਜਾਣ ਦਾ ਭੋਰਾ ਅਫ਼ਸੋਸ ਨਹੀਂ ਸੀ।
“ਗੱਲ ਇਹ ਹੈ ਦੋਸਤਾ! ਤੂੰ ਈ ਪਹਿਲਾ ਆਦਮੀ ਏਂ ਪਿੰਡ ਦਾ, ਜਿਸ ਨਾਲ ਮੈਂ ਹੱਥ ਮਿਲਾਇਆ ਏ। ਕੋਈ ਮੈਨੂੰ ਕੁਝ ਸਮਝੇ, ਘਟ ਤੋਂ ਘਟ ਤੂੰ ਲਾਜ ਰਖੀ।” ਮਾਸਟਰ ਨੂੰ ਆਪਣੇ ਕਾਰੇ ਉੱਤੇ ਭਰੋਸਾ ਜਾਗ ਪਿਆ।
“ਮੈਂ ਆਂ ਥੋੜਾ ਖਰਾ, ਪਰ ਪੜ੍ਹੇ ਲਿਖੇ ਯਾਰੀ ਦੇ ਨਾਂ ਤੇ ਠੱਗੀ ਮਾਰ ਜਾਂਦੇ ਅੇਂ, ਇਹ ਸੋਚ ਲੈ?” ਕਾਰੇ ਦੇ ਪੱਧਰੇ ਬੋਲਾਂ ਨੇ ਜਸਬੀਰ ਦੀ ਧੜਕਣ ਨੂੰ ਹਲੂਣਾ ਦੇ ਦਿੱਤਾ।
“ਬਸ ਮਿੱਤਰਾ, ਮੈਨੂੰ ਤੇਰੇ ਵਰਗਾ ਖੁਬੀ-ਕੱਢ ਹੀ ਚਾਹੀਦਾ ਸੀ।” ਜਸਬੀਰ ਉਸ ਦਾ ਹੱਥ ਫੜ ਕੇ ਨਾਲ ਤੁਰ ਪਿਆ। ਕਾਰੇ ਨੇ ਛੇਤੀ ਛੇਤੀ ਬਰਸੇਮ ਵੱਢੀ ਤੇ ਜਸਬੀਰ ਨੇ ਭਰੀ ਪਾਈ।
ਭਰੀ ਚੁੱਕੀ ਜਾਂਦੇ ਕਾਰੇ ਨੇ ਸੋਚਿਆ, ਜਸਬੀਰ ਵਿਚ ਭੋਰਾ ਬੂ ਨਹੀਂ। ਪਹਿਲੇ ਮਾਸਟਰ ਤਾਂ ਸਾਡੇ ਨਾਲ ਗੱਲਾਂ ਕਰਨਾ ਵੀ ਹੱਤਕ ਸਮਝਦੇ ਸੀ। ਉਸ ਘਰ ਆ ਕੇ ਭਰੀ ਸੁਟਦਿਆਂ ਮੂੰਹ ਅੱਡੀ ਖੜ੍ਹੀ ਰਤਨੋ ਬਰਜਾਈ ਨੂੰ ਚਤਾਰਿਆ, “ਭੂਤਰੀ ਵਿਹੜ ਵਾਂਗੂੰ ਕੀ ਵਿਹੰਦੀ ਏਂ, ਚਾਹ ਧਰ; ਇਹ ਮੇਰਾ ਨਵਾਂ ਯਾਰ ਏ, ਨਵਾਂ ਸਕੂਲ ਮਾਸਟਰ।”
ਨਵਾਂ ਯਾਰ ਸੁਣ ਕੇ ਤੀਹਾਂ ਨੂੰ ਢੁਕੀ ਭਰਜਾਈ ਦਾ ਹਾਸਾ ਨਿਕਲ ਗਿਆ। ਉਹ ਕਹਿਣਾ ਚਾਹੁੰਦੀ ਸੀ, ਅੰਨ੍ਹੀਆਂ ਦੇ ਗੰਜੇ ਯਾਰ; ਪਰ ਉਸ ਨੂੰ ਜਸਬੀਰ ਦਾ ਸਾਊ ਮੂੰਹ ਮਾਰ ਗਿਆ।
ਚਾਹ ਪੀ ਕੇ ਜਸਬੀਰ ਕਾਰੇ ਨਾਲ ਪੰਚਾਇਤ ਮੈਂਬਰਾਂ ਨੂੰ ਮਿਲਿਆ, ਸਕੂਲ ਦਾ ਮੂਹ-ਮੱਥਾ ਬਨਾਉਣ ਦੀ ਪ੍ਰੇਰਨਾ ਦਿੱਤੀ। ਪੰਚਾਇਤ ਵਾਲਿਆਂ ਉਸ ਦੀ ਗੱਲ ਗੌਲੀ ਨਾ ਅਤੇ ਨਾ ਹੀ ਤੋੜ ਕੇ ਜਵਾਬ ਦਿੱਤਾ। ਇਮਤਿਹਾਨਾਂ ਪਿਛੋਂ ਥੋੜੀਆਂ ਛੁੱਟੀਆਂ ਹੋ ਗਈਆਂ ਸਨ। ਫਿਰ ਕੋਈ ਮਾਸਟਰ ਨਾ ਆਇਆ ਤੇ ਪਿੰਡ ਦੇ ਮੁੰਡਿਆਂ ਖੇਤਾਂ ਨੂੰ ਡੰਗਰ ਛੇੜ ਲਏ। ਹੁਣ ਮੁੜ ਸਕੂਲ ਆਉਣ ਲਈ ਚੌਕੀਦਾਰ ਨੇ ਹੋਕਾ ਫੇਰਿਆ।
ਮਾਸਟਰ ਸਕੂਲ ਜਾਂਦਾ ਗੁਰਦਵਾਰੇ ਮੱਥਾ ਟੇਕਣ ਵੜ ਗਿਆ; ਜਿਸ ਨੂੰ ਪਿੰਡ ਵਾਲੇ ਪੁਰਾਣੀ ਅੱਲ ਨਾਲ ਡੇਰਾ ਵੀ ਆਕਦੇ ਸਨ। ਕਾਰੇ ਨੇ ਉਸ ਨੂੰ ਸਮਝਾਇਆ, “ਡੇਰੇ ਦਾ ਭਾਈ ਨਿਹਾਲਾ, ਥੋੜਾ ਠਰਕੀ ਕਿਸਮ ਦਾ ਲੰਗਾ ਏ, ਵਾਹ ਲਗਦੀ ਕਿਸੇ ਮਾਸਟਰ ਦੇ ਪੈਰ ਨਹੀਂ ਲਗਣ ਦੇਂਦਾ। ਹਰ ਮਾਸਟਰ ਨੂੰ ਡੇਰੇ ਦੀ ਇਕ ਕੋਠੜੀ ਵਿਚ ਰਹਿਣਾ ਪੈਂਦਾ ਏ; ਤੇ ਇਹ ਆਪਣੀ ਲੰਗੀ ਲੱਤ ਦੀ ਧੌਂਸ ਚਾੜ੍ਹੀ ਰੱਖਦਾ ਏ।”
ਮੱਥਾ ਟੇਕਣ ਪਿਛੋਂ ਭਾਈ ਨੇ ਫੁਲੀਆਂ ਪਤਾਸਿਆਂ ਦਾ ਪਰਸ਼ਾਦ ਦਿੱਤਾ ਅਤੇ ਗੁਰਮੁਖਾਂ ਵਾਂਗ ਮਿਲਿਆ। ਮਾਸਟਰ ਨੂੰ ਉਸ ਦੀ ਕੋਨੇ ਵਿਚ ਕੋਠੜੀ ਵਖਾਈ, ਜਿਸ ਦੀ ਪਿੰਡ ਵਾਲੇ ਪਾਸੇ ਇੱਕ ਬਾਰੀ ਵੀ ਖੁੱਲ੍ਹਦੀ ਸੀ। ਜਸਬੀਰ ਨੇ ਕਾਰੇ ਦੀ ਮਦਦ ਨਾਲ ਬੈਠਕ ਸਾਫ਼ ਕੀਤੀ, ਛਿੜਕੀ ਤੇ ਡੇਰੇ ਦਾ ਮੰਜਾ ਡਾਹ ਕੇ ਥੋੜ੍ਹਾ ਦਮ ਮਾਰਿਆ।
“ਬਸ ਜੇ ਤੂੰ ਜੱਗੋਂ-ਜਾਣੇ ਲੰਗੇ ਨੂੰ ਵਸ ਕਰ ਲਿਆ, ਤੇਰੀਆਂ ਪੌ ਬਾਰਾਂ, ਨਹੀਂ ਤਿੰਨ ਕਾਣੇ ਤਾਂ ਵੱਟ ਤੇ ਈ ਪਏ ਐ। ਇਹਦੇ ਬੀਬੇ ਬੋਲਾਂ ਵੱਲ ਨਾ ਜਾਈਂ, ਕੱਛ ਦੇ ਵਾਲਾਂ ਦਾ ਖਿਆਲ ਰੱਖੀਂ।” ਕਾਰੇ ਦੀਆਂ ਸਮਝੌਤੀਆਂ ਉੱਤੇ ਜਸਬੀਰ ਖੁੱਲ੍ਹ ਕੇ ਹੱਸ ਪਿਆ। ਉਹ ਇਸ ਤਰ੍ਹਾਂ ਗੱਲਾਂ ਕਰ ਰਹੇ ਸਨ, ਜਿਵੇਂ ਜੁੱਗੜਿਆਂ ਦੇ ਯਾਰ ਸਨ।
ਆਪਣੇ ਟਿਕਾਣੇ ਵੱਲੋਂ ਵਿਹਲਾ ਹੋ ਕੇ, ਮਾਸਟਰ ਨੇ ਰੁੱਖੇ ਰੁੱਖੇ ਸਕੂਲ ਵੱਲ ਪੂਰਾ ਧਿਆਨ ਦਿੱਤਾ। ਬੱਚਿਆਂ ਨੂੰ ਖੇਡ, ਗੀਤਾਂ ਤੇ ਕਹਾਣੀਆਂ ਦੀ ਖਿੱਚ ਨਾਲ ਸਕੂਲ ਦੇ ਆਸ਼ਕ ਬਣਾ ਲਿਆ। ਮਾਰ ਕੁੱਟ ਦਾ ਪੁਰਾਣਾ ਸਹਿਮ ਉਨ੍ਹਾਂ ਦੇ ਦਿਲੋਂ ਪੁੱਟਣਾ ਹੀ ਓਸ ਕਾਮਯਾਬੀ ਦਾ ਰਾਜ਼ ਜਾਣਿਆ। ਬੱਚੇ ਉਸ ਨੂੰ ਆੜੀ ਮਾਸਟਰ ਆਖਣ ਲਗ ਪਏ। ਮੁੰਡਿਆਂ ਦੀ ਮਦਦ ਨਾਲ ਉਸ ਸਕੂਲ ਵਿਚ ਕਿਆਰੀਆਂ ਬਣਾਈਆਂ। ਨਹਿਰ ਦੀ ਕੋਠੀ ਓਥੋਂ ਤਿੰਨ ਮੀਲ ਦੂਰ ਸੀ; ਮਾਸਟਰ ਸ਼ਹਿਰ ਵਿਚੋਂ ਟਿਊਬਵੈਲ ਨਾਲ ਪਾਣੀ ਚੁੱਕ ਲੈਣ ਬਾਰੇ ਜ਼ਿਲ੍ਹੇਦਾਰ ਸਾਹਿਬ ਨੂੰ ਪੁੱਛ ਆਇਆ। ਫੇਰ ਉਹ ਕੋਠੀ ਵਿਚੋਂ ਝਾੜਾਂ ਦੇ ਝਾੜ ਬਣ ਚੁੱਕਾ ਸਦਾਬਹਾਰ ਗੁਲਾਬ ਖੁੱਗ ਲਿਆਇਆ। ਹਿੰਮਤ ਕਰ ਕੇ ਉਸ ਚੜ੍ਹਦੀ ਗਰਮੀ ਵਿਚ ਵੀ ਸਕੂਲ ਨੂੰ ਹਰਿਆਵਲ ਨਾਲ ਭਰ ਦਿੱਤਾ। ਪੰਚਾਂ ਤੋਂ ਚੰਦਾ ਮੰਗ ਕੇ ਅਤੇ ਕੁਝ ਆਪਣੀ ਪਹਿਲੀ ਤਨਖਾਹ ਵਿਚੋਂ ਪੈਸੇ ਕੱਢ ਕੇ ਸਕੂਲ ਦੇ ਦੋਵੇਂ ਕਮਰੇ ਕਲੀ ਕਰਵਾ ਲਏ। ਹੁਣ ਲੋਕ ਵਲ਼ ਪਾ ਕੇ ਸਕੂਲ ਅੱਗੋਂ ਦੀ ਲੰਘਣ ਲੱਗੇ। ਇਕ ਸੁਗੰਧ, ਇਕ ਖਿਚ ਮਾਸਟਰ ਤੇ ਉਸ ਦੇ ਸਕੂਲ ਵਿਚਕਾਰ ਤਣ ਖਲੋਤੀਆਂ। ਜਸਬੀਰ ਪਿੰਡ ਦੀ ਹਰ ਨਜ਼ਰ ਵਿਚ ਲਿਸ਼ਕ ਖਲੋਤਾ। ਕਾਰੇ ਨੂੰ ਯਾਰ ਦੇ ਕਾਰਨਾਮਿਆਂ ਦੀ ਮਸਤੀ ਚੜ੍ਹੀ ਰਹਿੰਦੀ, ਜਿਵੇਂ ਉਹ ਆਪ ਜਸਬੀਰ ਨੂੰ ਕਿਤੋਂ ਖੁੱਗ ਕੇ ਲਿਆਇਆ ਸੀ।
ਬਾਰਸ਼ਾਂ ਦੀ ਰੁੱਤ ਵਿਚ ਗੁਰਦਵਾਰੇ ਨੂੰ ਅੰਦਰੋਂ ਫੁੱਲਾਂ ਵਾਲੇ ਬੁਟਿਆਂ ਨਾਲ ਸ਼ਿੰਗਾਰ ਲਿਆ। ਮੱਥਾ ਰਗੜਨ ਆਉਂਦੀਆਂ ਜਨਾਨੀਆਂ ਨੂੰ ਮਾਸਟਰ ਗੁਰੂ ਭੇਜੀ ਧਰਮ ਆਤਮਾ ਲਗਦਾ। ਉਹ ਵਿਹਲੇ ਸਮੇਂ ਰੰਬਾ ਫੜੀ ਗੋਡੀ ਕਰੀ ਜਾਂਦਾ। ਨਿਹਾਲਾ ਮਾਸਟਰ ਤੇ ਬਾਗੋ ਬਾਗ ਸੀ; ਲੋਕਾਂ ਦੀ ਰੌਣਕ ਨਾਲ ਗੁਰਦਵਾਰੇ ਚੜ੍ਹਾਵਾ ਵਧ ਗਿਆ ਸੀ।
ਇਕ ਸ਼ਾਮ ਉਹ ਗੁਰਦਵਾਰੇ ਦੇ ਬੂਟਿਆਂ ਦੀਆਂ ਜੜ੍ਹਾਂ ਨੂੰ ਮਿੱਟੀ ਚਾੜ੍ਹ ਕੇ ਆਪਣੀ ਕੋਠੀ ਅੰਦਰ ਆਇਆ, ਤਾਂ ਫਾਕੜ ਲੱਦੀ ਵਾਲੇ ਸਟੂਲ ਉੱਤੇ ਕੌਲੀ ਨਾਲ ਢਕੀ ਗੜਵੀ ਲਿਸ਼ਕੋਰ ਮਾਰ ਰਹੀ ਸੀ, ਮਿੱਟੀ ਬਿੜੇ ਹੱਥਾਂ ਨਾਲ ਉਸ ਕੌਲੀ ਚੁੱਕੀ, ਗੜਵੀ ਦਿਨ ਦੇ ਕੜ੍ਹੇ ਦੁੱਧ ਨਾਲ ਹੱਸ ਰਹੀ ਸੀ। ‘ਇਹ ਕੌਣ?’ ਉਸ ਦੀ ਨਿਗਾਹ ਗੜਵੀ ਦੀ ਵੱਖੀ ਉੱਤੇ ਉਖਣੇ ਨਾਂ ‘ਅਵਤਾਰ ਸਿੰਘ ਕਾਰੀਗਰ’ ਤੇ ਜਾ ਪਈ ਝਟ ਉਸ ਦੀ ਯਾਦ ਵਿਚ ਕਾਰੀਗਰ ਦੀ ਜਵਾਨ ਲੜਕੀ ਜਗਿੰਦਰੋ ਤਣ ਖਲੋਤੀ। ਤਿਖੇ ਸੰਦਾਂ ਵਰਗੇ ਨਕਸ਼, ਤੇ ਚਾਲ ਵਾਟ ਨੂੰ ਆਰੀ, ਉਹਦਾ ਹਉਕਾ ਦੁੱਧ ਦੀ ਮਲਾਈ ਵਾਂਗ ਬੁੱਲ੍ਹਾਂ ਉੱਤੇ ਜੰਮ ਗਿਆ। ਉਹਦੀਆਂ ਪਿਛਲੀਆਂ ਛੇ ਮਹੀਨਿਆਂ ਦੀਆਂ ਮਿਹਨਤਾਂ ਦਾ ਮੁੱਲ ਦੁੱਧ ਦੀ ਗੜਵੀ ਵਿਚ ਧੜਕਦੇ ਸਾਹ ਬਣਿਆ ਹੋਇਆ ਸੀ। ਕੋਈ ਨਸ਼ਾ ਉਹਦੇ ਅੰਦਰੋਂ ਆਪਣੇ ਆਪ ਮਹਿਕਾਂ ਖਿਲਾਰਨ ਲੱਗਾ।
ਉਹ ਭਰਿਆ ਭਰਿਆ ਸੋਚ ਹੀ ਰਿਹਾ ਸੀ ਕਿ ਜਗਿੰਦਰੋ ਰਹਿਰਾਸ ਦਾ ਪਾਠ ਵਿਚਾਲੇ ਛਡ ਕੇ ਅੰਦਰ ਆ ਗਈ।
“ਗੜਵੀ ਮਾਸਟਰ ਜੀ?” ਉਹ ਜਾਣ ਕੇ ਅਣਝਾਕੀ ਖਲੋਤੀ ਰਹੀ।
ਜਸਬੀਰ ਨੇ ਭਰੀ ਭਰਾਈ ਗੜਵੀ ਅਗੇ ਕਰ ਦਿਤੀ। ਦੋਹਾਂ ਇਕ ਦੂਜੇ ਨੂੰ ਤਕਿਆ, ਫਿਰ ਤੱਕਾਂ ਵਿਚ ਦਿਲ ਹਲੂਣਵੀਂ ਡੂੰਘਾਈ ਜਾਗ ਪਈ। ਕੁੜੀ ਦੇ ਪਤਲੇ ਬੁੱਲ੍ਹ ਹਿੱਲੇ।
“ਮੋੜ ਨਾ, ਫਿੱਕਾ ਨਹੀਂ, ਵਿਚ ਖੰਡ ਵੀ ਪਾਈ ਐ।”
“ਫੇਰ ਅਜ ਦੀ ਰਾਤ ਗੜਵੀ ਉਧਾਰੀ ਦੇ ਛੱਡ।” ਮੁੰਡੇ ਦੀ ਖੁਸ਼ੀ ਖੰਡ ਖੀਰ ਹੋਈ ਪਈ
“ਉਧਾਰਾਂ ਦੇ ਸੌਦੇ ਨਹੀਂ ਪੁਗਣੇ, ਦੁੱਧ ਪਤੀਲੀ ਪਾ ਲੈ।” ਕੁੜੀ ਦੇ ਹੱਥ-ਇਸ਼ਾਰੇ ਵਿਚ ਕਾਹਲੀ ਸੀ।
ਮੁੰਡੇ ਨੇ ਥੋੜਾ ਜਿੰਨਾ ਦੁੱਧ ਪਾ ਕੇ ਕੌਲੀ ਜੱਗੋ ਦੇ ਹੱਥ ਰੱਖ ਦਿੱਤੀ।
“ਦੋ ਘੁੱਟਾਂ ਤਾਂ ਸਾਂਝੀਆਂ ਕਰ ਨਾ।”
ਕੁੜੀ ਨੇ ਝੱਟ ਵਿਚ ਕੌਲੀ ਖ਼ਾਲੀ ਕਰ ਲਈ
ਤੇ ਗੜਵੀ ਉਸ ਦੇ ਹੱਥੋਂ ਖੋਹ ਕੇ ਜਾਂਦੀ ਜਾਂਦੀ ਬੋਲੀ, “ਤੇਰੇ ਤੇ ਹਾਲੇ ਰੰਦਾ ਫਿਰਨ ਵਾਲਾ ਏ।”
ਉਹ ਜਸਬੀਰ ਨੂੰ ਬੁੱਧੂ ਸਮਝਦੀ ਸੀ, ਕਿਉਂਕਿ ਉਸ ਵਿਚ ਤੱਤ ਫੱਟ ਦੀ ਘਾਟ ਸੀ। ਦੂਜੇ ਬੰਨੇ ਮਾਸਟਰ ਹੈਰਾਨ ਤੇ ਅਸਚਰਜ ਹੋਇਆ ਖਲੋਤਾ ਸੀ ਕਿ ਕੁਦਰਤ ਦੀ ਸਾਰੀ ਮਿਹਰਬਾਨੀ ਮੇਰੇ ਉੱਤੇ ਅਚਾਨਕ ਕਿਵੇਂ ਉਲਰ ਪਈ। ਉਸ ਜੱਗੋ ਦੇ ਭਰਾ ਨੂੰ ਮਿਹਰਬਾਨ ਨਜ਼ਰਾਂ ਨਾਲ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਅਜ ਹੋਰ, ਕਲ੍ਹ ਹੋਰ, ਪਿੰਡ ਦੀਆਂ ਕੁੜੀਆਂ ਉਸ ਨੂੰ ਝੀਥਾਂ ਵਿਚੋਂ, ਗਲੀ ਦੇ ਮੋੜਾਂ ਤੋਂ ਤਕਦੀਆਂ, ਸਾਗ ਦੇ ਬਹਾਨੇ ਸਕੂਲ ਅਗੋਂ ਦੀ ਲੰਘਦੀਆਂ, ਨਹਿਰ ਦੀ ਪਾਂਧੀ ਉੱਤੇ ਸੈਰ ਕਰਦੇ ਦਾ ਰਾਹ ਕਟਦੀਆਂ। ਪਰ ਜੇਰਾ ਕਰ ਕੇ ਕਿਸੇ ਤੋਂ ਬੁਲਾਇਆ ਨਾ ਗਿਆ। ਉਹ ਕਾਰੇ ਦੇ ਘਰ ਬਿਨਾ ਕਿਸੇ ਦੇ ਨਾ ਜਾਂਦਾ। ਪਿੰਡ ਵਿਚ ਲੰਘਦਿਆਂ ਉਸ ਨਜ਼ਰ ਜ਼ਮੀਨ ਵਿਚ ਗੱਡੀ ਰੱਖੀ ਸੀ। ਉਹਦੀ ਚੁਪ ਤੇ ਨੀਵੀਂ ਕੁੜੀਆਂ ਨੂੰ ਨਹੁੰ ਨਹੁੰ ਚੁਭਦੀਆਂ ਪਰ ਉਹ ਮਸਤ ਮਗਨ ਆਪਣੇ ਆਹਰੇ ਲੱਗਾ ਰਿਹਾ। ਪਿੰਡ ਦੇ ਪਤਵੰਤੇ ਤੇ ਜ਼ਨਾਨਆਂ ਉਹਦੇ ਚਲਣ ਦੇ ਕਾਇਲ ਸਨ, ਪ੍ਰਸੰਸਕ ਸਨ। ਪੜ੍ਹਨਾ, ਪੜ੍ਹਾਉਣਾ, ਫੁੱਲ ਬੂਟੇ ਸ਼ਿੰਗਾਰਨਾ ਤੇ ਲੋਕਾਂ ਦੇ ਕੰਮ ਆਉਣਾ ਉਹਦੇ ਵਧੀਆ ਸ਼ੋਕ ਸਨ। ਬਹਾਰ ਮੁੜ ਮੋੜਾ ਪਾ ਆਈ। ਸਕੂਲ ਤੇ ਡੇਰੇ ਵਿਚ ਫੁੱਲਾਂ ਦੀਆਂ ਕਿਸਮਾਂ ਨੇ ਰੰਗ ਬੰਨ੍ਹ ਦਿੱਤੇ ਸਨ।
“ਮਾਸਟਰ!” ਕਾਰੇ ਫੌਜੀ ਨੇ ਲਾਚੜ ਕੇ ਆਖਿਆ,”ਭਾਬੀ ਆਂਹਦੀ ਸੀ, ਤੇਰੇ ‘ਤੇ ਬਲਾ ਮਰਦੀਆਂ ਏਂ?”
“ਭਾਬੀ ਆਪ ਮਰਦੀ ਹੋਣੀ ਏ।” ਜਸਬੀਰ ਨੇ ਪ੍ਰਤੀਚੋਟ ਕੀਤੀ।
“ਹਾਂ, ਇਉਂ ਵੀ ਹੋ ਸਕਦਾ ਏ।”
“ਤਾਂ ਤੂੰ ਨਹੀਂ ਅੱਧ ਵੰਡਾਉਣ ਨੂੰ ਫਿਰਦਾ?”
“ਨਾ ਆੜੀ, ਆਪਾਂ ਇਸ ਗੱਡੀ ਦੇ ਬੈਲ ਨਹੀਂ। ਅਗਲੇ ਤੋਂ ਅਗਲੇ ਬੁਧਵਾਰ ਨੂੰ ਤਿਆਰ ਰਹੀਂ ਜੰਜ ਵਾਸਤੇ, ਪਟੋਲੇ ਵਰਗੀ ਰੰਨ ਲਈ ਏ ਛਾਂਟ ਕੇ। ਤੂੰ ਉਹਦੇ ਵਰਗੀ ਕਿਤੇ ਮੂਰਤ ਵੀ ਨਹੀਂ ਵੇਖੀ ਹੋਣੀ।” ਸ਼ਰਾਬੀਆਂ ਵਰਗੇ ਕਾਰੇ ਨੇ ਮਾਸਟਰ ਦੇ ਪਿਆਰ ਦੀ ਧੌਲ ਜੜ ਦਿਤੀ।
ਜਸਬੀਰ ਨੂੰ ਚਿਤਵਣੀ ਚੰਬੜ ਗਈ, ਮਤਾਂ ਜਗਿੰਦਰੋ ਦੀ ਭਿਣਕ ਨਿਕਲ ਗਈ ਹੋਵੇ। ਜੱਗੋ ਥੋੜਾ ਅੰਨ੍ਹੇਰਾ ਪਏ ਤੋਂ ਬਾਰੀ ਵਿਚ ਠੋਲਾ ਮਾਰਦੀ ਤੇ ਦੁੱਧ ਦਾ ਗਲਾਸ ਰੱਖ ਕੇ ਅਗਾਂਹ ਲੰਘ ਜਾਂਦੀ। ਵੇਲਾ ਕੁਵੇਲਾ ਤਾੜ ਕੇ ਬੈਠਕ ਵਿਚ ਵੀ ਆ ਜਾਂਦੀ। ਇਕ ਵਾਰ ਜਸਬੀਰ ਨੇ ਜੱਗੋ ਦੀ ਬਾਂਹ ਫੜ ਲਈ।
“ਬਾਂਹ ਨੂੰ ਤਾਂ ਹੱਥ ਪਾ ਲਿਆ ਏ, ਤਖਾਣਾਂ ਦੇ ਆਰੇ ਕੁਹਾੜੇ ਵੇਖੇ ਐ?” ਜੱਗੋ ਨੇ ਮੁੰਡੇ ਦਾ ਦਿਲ ਟੋਹਣ ਲਈ ਠਕੋਰਿਆ। ਉਂਜ ਉਸ ਆਪਣੇ ਹਾਸੇ ਨੂੰ ਰੋਕ ਸਵਾਰ ਰੱਖਿਆ ਸੀ।
“ਡੱਕਰੇ ਕਰ ਕੇ ਖਰਾਦ ਵੀ ਚਾੜ੍ਹੋਗੇ?”
“ਪਿਛੋਂ ਸੁਆਣ ਦਾ ਰਗੜਾ ਵੀ ਲਾਵਾਂਗੇ।”
“ਜਦੋਂ ਉਖਲੀ ਵਿਚ ਸਿਰ ਆਣ ਦਿਤਾ, ਫਿਰ ਉਸਦੇ ਧਸਕਾਰ ਤੋਂ ਕਿਹਾ ਡਰਨਾ।” ਮੁੰਡੇ ਨੇ ਛਾਤੀ ਭਰ ਕੇ ਵਢੇ ਟੁਕੇ ਜਾਣ ਲਈ ਆਪਾ ਉਲਾਰ ਦਿੱਤਾ।
“ਹਾਇ। ਮੈਂ ਤੇਰੀ ਥਾਂ ਸਾਰੀ ਚੀਰੀ ਜਾਵਾਂ।” ਕੁੜੀ ਨੇ ਉਸ ਨੂੰ ਚੁਫੇਰਿਉਂ ਘੁੱਟ ਲਿਆ। ਜਸਬੀਰ ਨੇ ਉਸ ਨੂੰ ਮੰਜੇ ਵੱਲ ਧੱਕਣਾ ਚਾਹਿਆ। “ਦੇਖ, ਬੰਦਾ ਬਣ। ਜੇ ਜਬਰਦਸਤੀ ਕਰਨੀ ਏਂ, ਤੇਰੇ ਡੇਰੇ ਪੈਰ ਨਹੀਂ ਪਾਉਣਾ।”
ਜੱਗੋ ਦੀ ਧਮਕੀ ਨਾਲ ਜਸਬੀਰ ਦੀਆਂ ਬਾਹਾਂ ਢਿੱਲੀਆਂ ਪੈ ਗਈਆਂ। ਉਹ ਉਸ ਦੇ ਇਕ ਠੋਕ ਕੇ ਪਤਰਾ ਵਾਚ ਗਈ। ਮਾਸਟਰ ਤੇ ਜੱਗੋ ਬਾਰੇ ਕੁਦਰਤੀ ਭਾਈ ਨਿਹਾਲੇ ਨੂੰ ਪਹਿਲੋਂ ਪਤਾ ਲਗਣਾ ਸੀ। ਕਿਉਂਕਿ ਉਹ ਤਿੱਤਰਾਂ ਦੀਆਂ ਪੈੜਾਂ ਕਢ ਲੈਣ ਵਾਲਾ ਘੁਣਤਰੀ ਸੀ। ਉਹ ਤਸੱਲੀ ਨਾਲ ਕਿਸੇ ਮੌਕੇ ਦੀ ਉਡੀਕ ਵਿਚ ਸੀ। ਕੁੜੀ ਦੇ ਚਲੀ ਜਾਣ ਪਿਛੋਂ ਉਹ ਲੰਗ ਮਾਰਦਾ ਕੋਠੜੀ ਵਿਚ ਆ ਬਰਾਜਿਆ।
“ਗੁਰੂ ਕਿਆਂ ਨੇ ਫਰਮਾਇਆ ਏ,
ਗੁਰਮੁਖਾ, ਵੰਡ ਕੇ ਛਕੀਏ ਤਾਂ ਤੋਟ ਨਹੀਂ ਆਉਂਦੀ। ਮੈਨੂੰ ਤਾਂ ਦੁੱਧ ਦੀ ਇਕ ਚੁਲੀ ਈ ਲੱਖ ਮਣਾਂ ਏ।” ਚਾਲ੍ਹੀਆ ਭਾਈ ਇਕ ਲੱਤ ਦੇ ਭਾਰ ਕਲੋਤਾ ਮੁੱਛਾਂ ਸਵਾਰ ਰਿਹਾ ਸੀ।
ਭੇਤ ਖੁੱਲ੍ਹ ਜਾਣ ਵਾਲਾ ਤੀਰ ਜਸਬੀਰ ਦੇ ਮੱਥੇ ਵਿੱਚੋਂ ਦੀ ਨਿਕਲ ਗਿਆ। ਹਕਲਾਈ ਹਾਲਤ ਵਿਚ ਉਸ ਨੂੰ ਕੋਈ ਮੋੜ ਨਾ ਅਹੁੜਿਆ। ਅਸਲ ਵਿਚ ਉਹ ਚਲਾਕ ਘੱਟ ਤੇ ਅਨਾੜੀ ਬਹੁਤਾ ਸੀ।
“ਕੋਈ ਗੱਲ ਨਹੀਂ, ਕਰ ਲੈ ਐਸ਼ ਭਾਈ ਨਿਹਾਲ ਸਿੰਘ ਦੇ ਸਿਰ ‘ਤੇ।” ਕੈਦੋ ਮੁੰਡੇ ਨੂੰ ਥਾਪੀ ਦੇ ਕੇ ਉਸ ਦੀ ਰਹੀ ਖਹੀ ਜਿੰਦ ਵੀ ਮਿੱਟੀ ਕਰ ਗਿਆ।
ਮਾਸਟਰ ਨੇ ਪੈਂਦੀ ਸੱਟੇ ਜੱਗੋ ਨੂੰ ਸਾਵਧਾਨ ਕੀਤਾ ਕਿ ਨਿਹਾਲੇ ਨੂੰ ਪਤਾ ਲੱਗ ਗਿਆ ਹੈ। ਕਾਰੇ ਦੀ ਬਰਾਤ ਵਿਚ ਵੀ ਉਹ ਉਦਾਸ ਰਿਹਾ। ਸ਼ਰਾਬ ਦੀਆਂ ਢਾਣੀਆਂ ਤੋਂ ਦੂਰ ਉਹ ਸੋਚਾਂ ਵਿਚ ਨਿੱਘਰਦਾ ਰਿਹਾ। ਜੰਜੋਂ ਵਾਪਸ ਆਏ ਨੂੰ ਦੋ ਦਿਨ ਹੀ ਹੋਏ ਸਨ ਕਿ ਸਰਪੰਚ ਨੇ ਉਸ ਨੂੰ ਘਰ ਸੱਦ ਲਿਆ। ਮੁੰਡੇ ਦਾ ਹੋਰ ਵੀ ਮੂੰਹ ਉਡ ਗਿਆ। ਸਰਪੰਚ ਘਰ ਨਹੀਂ ਸੀ। ਉਸ ਦੀ ਕੁੜੀ ਸੀਤੋ ਨੇ ਦੁੱਧ ਦਾ ਛੰਨਾ ਉਸ ਅੱਗੇ ਕਰ ਦਿਤਾ। ਮਾਸਟਰ ਨੇ ਆਪਣੀ ਨੀਵੀਂ ਵਿਚੋਂ ਸਿਰ ਫੇਰ ਦਿਤਾ। ਸੀਤੋ ਨੇ ਨਾਸਾਂ ਭਰਦਿਆਂ ਆਖਿਆ।
“ਮੂੰਹ ਉਤਾਂਹ ਚੁੱਕ, ਕਿਉਂ, ਤਖਾਣੀ ਦੀ ਮਹਿੰ ਵੜੇਵੇਂ ਖਾਂਦੀ ਏ?” ਕੁੜੀ ਦੀ ਚੋਟ ਵਿਚ ਸਰਪੰਚੀ ਦਾ ਟੌਅਰ ਭਾਰੂ ਸੀ।
“ਕਿਹੜੀ ਤਖਾਣੀ?” ਅੰਦਰੋਂ ਜਰ ਕੇ ਜਸਬੀਰ ਨੇ ਗੁੱਸਾ ਵਖਾਇਆ।
“ਸਾਰੀਆਂ ਪੁਛਣੀਆਂ ਏਂ? ਉਹ ਖਸਮਣ ਪਿੱਟੀ ਤਾਂ ਰੋਂ ਦੀ ਗਈ ਏ ਮੇਰੇ ਕੋਲੋਂ?” ਚੋਰ ਦੇ ਪੈਰ ਨਹੀਂ ਹੁੰਦੇ, ਮੁੰਡਾ ਥਿੜਕ ਗਿਆ। ਕੁੜੀ ਦੀਆਂ ਹੋਰ ਚੜ੍ਹ ਮਚੀਆਂ।
“ਦੁੱਧ ਪੀ ਲੈ, ਮਿੱਟੀ ਫੇਰ ਖਰਲ ਲਈਂ। ਬਥੇਰੀ ‘ਲਾਅਲਾ ਲਾਅਲਾ’ ਹੋ ਗਈ ਏ। ਮੈਂ ਹੋਵਾਂ ਨਾ ਤਾਂ ਗੱਲ ਨੂੰ ਸਾਂਭਾਂ ਨਾ।”
ਝੇਪਰੇ ਜਸਬੀਰ ਨੇ ਛੰਨਾ ਫੜ ਲਿਆ। ਸੀਤੋ ਮਨ ਹੀ ਮਨ ਮੁਸਕਾਈ। ਮੁੰਡਾ ਉਸ ਦੇ ਦਬਕਾੜਿਆਂ ਵਿਚ ਆ ਗਿਆ ਸੀ। ਉਸ ਬਿਨਾ ਲੋੜੋਂ ਦੁੱਧ ਪੀ ਕੇ ਭਾਂਡਾ ਕੁੜੀ ਦੇ ਹੱਥਾਂ ਵਿਚ ਦੇ ਮਾਰਿਆ। ਉਹ ਵਿਚਲੀ ਗੱਲ ਸਮਝ ਗਿਆ, ਮੈਨੂੰ ਕਿਸੇ ਸਰਪੰਚ ਨੇ ਨਹੀਂ ਬੁਲਾਇਆ।
“ਠਹਿਰ?” ਸੀਤੋ ਨੇ ਹਾਕਮਾਂ ਵਾਂਗ ਬੋਲ ਕੇ ਜਸਬੀਰ ਨੂੰ ਹੱਥਾਂ ਪੈਰਾਂ ਦੀ ਪਾ ਦਿਤੀ। “ਦੁੱਧ ਡੇਰੇ ਆਇਆ ਕਰੇ ਕਿ ਘਰ ਆ ਕੇ ਪੀਣਾ ਏਂ?” ਉਹਦੇ ਬੁੱਲ੍ਹਾਂ ਉੱਤੇ ਮੁਸਕਣੀ ਦਾ ਸੇਕ ਤੇ ਅੱਖਾਂ ਵਿਚ ਚੰਗਿਆੜੇ ਦਗ ਰਹੇ ਸਨ।
“ਐਵੇਂ ਭਕਾਈ ਨਾ ਮਾਰ,” ਉਸ ਗੱਲ ਨੂੰ ਟਾਲਾ ਦੇਣ ਦਾ ਜਤਨ ਕੀਤਾ।
“ਹੁਣ ਤਖਾਣੀ ਦੀ ਮਲਾਈ ਨਹੀਂ ਡੇਰੇ ਪਹੁੰਚਣੀ।” ਸੀਤੋ ਨੂੰ ਪਿੰਡ ਦੀ ਸਰਦਾਰੀ ਦਾ ਮਾਣ ਸੀ।
ਸੀਤੋ ਤੋਂ ਖੁੰਬ ਠਪਾ ਕੇ ਉਹ ਢਿੱਲਾ ਢਿੱਲਾ ਕਾਰੇ ਦੇ ਘਰ ਆ ਗਿਆ। ਕਾਰਾ ਲਾਲੜੀ ਵਰਗੀ ਵਹੁਟੀ ਲੈ ਆਇਆ ਸੀ। ਉਸ ਵਿਹੜੇ ਵੜਦੇ ਮਾਸਟਰ ਨੂੰ ਲੰਮੇ ਹੱਥੀਂ ਲੈ ਲਿਆ।
“ਕਿਉਂ ਬਈ ਮਸ਼ਟਰਾ, ਆਪਣੀ ਭਾਬੀ ਨੂੰ ਰੁਪੱਈਆ?”
ਅਸਲ ਵਿਚ ਫੌਜੀ ਆਪਣੀ ਵਹੁਟੀ ਨੂੰ ਜਤਾਉਣਾ ਚਾਹੁੰਦਾ ਸੀ, ਜਸਬੀਰ ਮੇਰਾ ਗੂੜ੍ਹਾ ਯਾਰ ਹੈ।
“ਤੇਰੀ ਤਨਖਾਹ ਨਹੀਂ ਆਈ ਹੋਣੀ, ਰੁਪੱਈਆ ਮੈਥੋਂ ਉਧਾਰਾ ਲੈ ਲੈ।” ਕਾਰੇ ਦੀ ਭਰਜਾਈ ਨੇ ਵਿਚੋਂ ਹੀ ਇਕ ਧਰ ਕੇ ਜੀਭ ਦੰਦਾਂ ਹੇਠਾਂ ਲੈ ਲਈ।
“ਪਤਾ ਨਹੀਂ ਅਜ ਕੀਹਦਾ ਮੂੰਹ ਵੇਖ ਹੋ ਗਿਆ, ਚੌਫੇਰਿਉਂ ਮਾਰੋ ਮਾਰ ਈ ਹੁੰਦੀ ਐ।” ਜਸਬੀਰ ਜਾਣੀ ਪਛਾਣੀ ਥਾਂ ਦੇਖ ਕੇ ਵੀ ਪੈਰਾਂ ਸਿਰ ਰਿਹਾ। ਫਿਰ ਉਸ ਨਵੀਂ ਭਾਬੀ ਵੱਲ ਰੁਖ਼ ਕੀਤਾ। “ਏਸ ਪਿੰਡ ਮੇਰੀ ਵਾਹਰ ਕਰਾਉਣ ਵਾਲਾ ਕੋਈ ਨਹੀਂ, ਗੁਲਾਬ ਕੌਰੇ ਤੂੰ ਤਾਂ ਮਿਹਰ ਰਖੇਂਗੀ?”
ਗੁਲਾਬ ਕੌਰ ਹਰੇ ਪੱਲੇ ਵਿਚੋਂ ਮੁਸਕਾ ਪਈ। ਵਾਅਕਈ ਕਾਰੇ ਦੇ ਆਖਣ ਵਾਂਗ ਉਸ ਨਵੀਂ ਭਾਬੀ ਵਰਗੀ ਨਾ ਮੂਰਤ ਨਾ ਸੂਰਤ ਵੇਖੀ ਸੀ।
“ਚਰਨੀਂ ਲਗਿਆਂ ਬਿਨਾ ਬੇੜੇ ਪਾਰ ਨਹੀਂ ਹੋਣੇ।” ਲਗਰ ਵਰਗਾ ਮੁੰਡਾ ਦੇਖ ਕੇ ਤੇ ਚਲਦੀਆਂ ਚੋਟਾਂ ਵਿਚ ਗੁਲਾਬ ਕੌਰ ਖੁੱਲ੍ਹ ਖਿੜੀ ਸੀ।
“ਲੈ ਬਈ ਭਰਾਵਾ!” ਜਸਬੀਰ ਨੇ ਫ਼ੌਜੀ ਵਿਚ ਦੀ ਕਾਨੀ ਮਾਰੀ,”ਦੁਨੀਆ ਠੋਕ ਵਜਾ ਕੇ ਵੇਖ ਲਈ, ਜਿਹੜਾ ਮਿਲਿਆ, ਗੁਰੂ ਈ ਮਿਲਿਆ। ਸਿਰ ਪਹਿਲੋਂ ਮੁੰਨਦੇ ਐ, ਪਿੱਛੋਂ ਖਾਲੀ ਖੱਪਰ ਹੱਥ ਫੜਾਉਂਦੇ ਐ।”
“ਮਸ਼ਟਰਾ, ਇਹ ਸਾਲਾ ਜਮਾਨਾ ਵੀ ਜੱਗੋਂ ਜਾਣਾ ਏ।” ਕਾਰੇ ਨੂੰ ਆਪਣੇ ਯਾਰ ਨਾਲ ਹਮਦਰਦੀ ਸੀ।
“ਮੂੰਹ ਮਾਰਿਆ, ਤੇਰੇ ਕੋਲੋਂ ਕਿਹੜਾ ਕੁਝ ਖਾਧਾ ਪੀਤਾ ਜਾਂਦਾ ਏ। ਲੈ ਫੜ ਚਾਹ ਦੀ ਘੁੱਟ।” ਰਤਨੋ ਨੇ ਗਲਾਸ ਜਸਬਰਿ ਦੀਆਂ ਨਾਸਾਂ ਨਾਲ ਲਿਆ ਮਾਰਿਆ।
“ਕਿਥੇ ਗੁਜ਼ਾਰਾਂ ਝੱਟ ਸਾਈਆਂ, ਵਾਲੀ ਗੱਲ ਹੋਈ ਏ। ਤੂੰ ਬਸ ਕਰ ਵਡੀ ਹੇਜ ਵਾਲੀ, ਮੈਂ ਤੇਰੀ ਚਾਹ ਤੋਂ ਐਵੇਂ ਈ ਚੰਗਾ ਹਾਂ।” ਮੁੰਡਾ ਦੋ ਕਦਮ ਪਿਛਾਂਹ ਹਟ ਗਿਆ।
“ਕੋਈ ਪਿੰਨੀ ਪੁੰਨੀ ਵੀ ਦਿਓ ਨਾਲ।” ਕਾਰੇ ਨੇ ਨਵੀਂ ਨਵੇਲ ਨੂੰ ਚਤਾਰਿਆ।
ਗੁਲਾਬ ਕੌਰ ਛੰਨੀ ਵਿਚ ਦੋ ਪਿੰਨੀਆਂ ਰੱਖ ਲਿਆਈ। ਜਸਬੀਰ ਨੇ ਆਪਣਾ ਟੌਅਰ ਕੱਢਣ ਲਈ ਮਹਿਕਦੀ ਗੁਲਾਬ ਕੌਰ ਦੇ ਚਰਨੀਂ ਹੱਥ ਲਾ ਦਿੱਤੇ। ਫਿਰ ਕੀ ਸੀ, ਵਿਹੜੇ ਵਿਚ ਹਾਸੇ ਦਾ ਛਰ੍ਹਾਟਾ ਵਰ੍ਹ ਪਿਆ। ਜਸਬੀਰ ਨੇ ਅਗਲੀਆਂ ਪਿਛਲੀਆਂ ਚੋਟਾਂ ਦਾ ਲੇਖਾ ਬਰਾਬਰ ਕਰ ਲਿਆ। ਇਹ ਹਾਸਾ ਠੱਠਾ ਲਗਾਤਾਰ ਚਲਦਾ ਰਿਹਾ। ਗੁਲਾਬ ਕੌਰ ਵੀ ਜਸਬੀਰ ਦੀ ਉਡੀਕ ਕਰਨ ਲਗ ਲਈ। ਅਜਿਹੇ ਦਿਉਰ ਦੀ ਭਾਬੀ ਬਣਨਾ, ਉਹਨੂੰ ਮਾਣ ਦਾ ਇਕ ਵਾਰ ਹੋਰ ਦੇ ਗਿਆ। ਰਤਨੋ ਵਿਚੇ ਵਿਚ ਸੜਦੀ ਰਹੀ। ਫ਼ੌਜੀ ਦੇ ਨਾਲ ਉਹ ਗੁਲਾਬ ਕੌਰ ਨੂੰ ਉਸ ਦੇ ਪੇਕੀਂ ਵੀ ਇਕ ਦੋ ਵਾਰ ਮਿਲ ਆਇਆ। ਇਸ ਦਿਲਚਸਪੀ ਦੀ ਕਣਸੋਅ ਜੁਗਿੰਦਰੋ ਦੇ ਕੰਨੀਂ ਵੀ ਜਾ ਪਈ। ਭਾਵੇਂ ਉਹ ਥੋੜੀ ਘੁਟ ਵੱਟ ਗਈ ਸੀ ਪਰ ਉਹਦਾ ਪਰਛਾਵਾਂ ਜਸਬੀਰ ਦਾ ਪਿੱਛਾ ਕਰਦਾ ਰਿਹਾ ਸੀ। ਇਕ ਰਾਤ ਉਸਦੀ ਬਾਰੀ ਨੂੰ ਠੋਲਾ ਆ ਵੱਜਾ। ਉਸ ਪਤਲੇ ਕੰਨਾਂ ਨਾਲ ਦੋਹਰੇ ਠੋਲੇ ਦੀ ਵਾਜ ਮੁੜ ਸੁਣੀ। ਉਹ ਬਾਰੀ ਅੱਗੇ ਆ ਗਿਆ।
“ਬੁੱਕਲ ਮਾਰ ਕੇ ਨਹਿਰ ‘ਤੇ ਆ ਜਾ?” ਬੋਲ ਜੱਗੋ ਦਾ ਸੀ ਪਰ ਉਸ ਵਿਚ ਅਪਣੱਤ ਭੋਰਾ ਨਹੀਂ ਸੀ।
ਉਸ ਲੋਈ ਦੀ ਬੁੱਕਲ ਮਾਰ ਕੇ ਨਿਹਾਲੇ ਦਾ ਸ਼ੂਕਦਾ ਸਾਹ ਸੁਣਿਆ; ਮੁੜ ਗੁਰਦਵਾਰੇ ਦੀ ਪਿਛਲੀ ਕੰਧ ਟੱਪ ਗਿਆ। ਸਕੂਲ ਦੇ ਬਰਾਬਰ ਕਾਲੀ ਕਿਕਰ ਹੇਠਾਂ ਜੁਗਿੰਦਰੋ ਖਲੋਤੀ ਸੀ। ਚਿੜਚੋਲਾ ਪਾਉਂਦੇ ਚੁਗ਼ਲਾਂ ਦਾ ਜੋੜਾ ਨਹਿਰ ਦੇ ਪਾਰ ਬੇਰੀ ਉੱਤੇ ਜਾ ਬੈਠਾ। ਸ਼ਾਂਤ ਵਗਦੀ ਨਹਿਰ ਵਿਚ ਤਾਰੇ ਆਪਣਾ ਘਸਮੈਲਾ ਮੂੰਹ ਵੇਖਣ ਨੂੰ ਤਰਸ ਰਹੇ ਸਨ। ਜਸਬੀਰ ਨੇ ਦੋਵ੍ਹੇਂ ਹੱਥ ਜੱਗੋ ਦੇ ਮੋਢਿਆਂ ਉੱਤੇ ਰੱਖ ਕੇ ਉਸ ਨੂੰ ਝੰਜੋੜਿਆ। ਉਹ ਉਸ ਦੇ ਦੋਵ੍ਹੇਂ ਹੱਥ ਝਾੜ ਕੇ ਪਿਛਾਂਹ ਹਟ ਗਈ।
“ਕਿਉਂ ਕੁਹਾੜਾ ਚੁੱਕਿਆ ਏ, ਜੱਟ ਤਾਂ ਪਹਿਲਾਂ ਈ ਫਾਕੜਾਂ ਫਾਕੜਾਂ ਹੋਇਆ ਪਿਆ ਏ।” ਉਸ ਥੋੜਾ ਛਿੱਥਾ ਪੈ ਕੇ ਆਖਿਆ।
“ਹੁਣ ਤੂੰ ਭਾਂਤ ਭਾਂਤ ਦੇ ਫੁੱਲ ਸੁੰਘ ਕੇ ਹੰਭ ਲੈ।” ਜੱਗੋ ਭਰੀ ਪੀਤੀ ਖਲੋਤੀ ਸੀ।
“ਤੂੰ ਫੁੱਲ ਆਖਦੀ ਏਂ, ਮੈਂ ਥਾਂ ਥਾਂ ਤੋਂ ਕੰਡਿਆਂ ਦਾ ਪਾੜਿਆ ਪਿਆ ਹਾਂ।”
“ਉਹ ਕੰਡੇ ਤਾਂ ਜੱਟਾ ਮੇਰੀ ਛਾਤੀ ਖੁਭੇ ਪਏ ਐ, ਤੈਨੂੰ ਕਿਧਰੋਂ ਝਰੀਟ ਆ ਗਈ?”
“ਲੜਨ ਈ ਆਈ ਏਂ?” ਮੁੰਡੇ ਨੇ ਥੋੜਾ ਗੁੱਸਾ ਵਧਾਇਆ।
“ਲੜਦੇ ਤਾਂ ਜ਼ੋਰ ਆਲੇ ਐ, ਮੇਰਾ ਕਿਹੜਾ ਤੇਰੇ ‘ਤੇ ਜ਼ੋਰ ਐ।” ਕੁੜੀ ਨੇ ਸਬਰ ਹੱਥ ਰਖਦਿਆਂ ਪੂਰੀ ਤਾਕਤ ਨਾਲ ਵਾਰ ਕੀਤਾ।
“ਤੂੰ ਅਜਿਹੀਆਂ ਗੱਲਾਂ ਕਿਉਂ ਕਰਦੀ ਏਂ, ਨਹਿਰ ‘ਚ ਧੱਕਾ ਦੇ ਕੇ ਸਾਰੇ ਸਿਆਪੇ ਕਿਉਂ ਨਹੀਂ ਮੁਕਾਉਂਦੀ।” ਉਹ ਆਪਣੀ ਥਾਂ ਸਤਿਆ ਪਿਆ ਸੀ। ਕੁੜੀ ਹਉਕਾ ਭਰ ਕੇ ਆਪਣੇ ਕੱਦੋਂ ਛੋਟੀ ਹੋ ਗਈ। “ਦੇਖ ਪਿਆਰ ਮੈਂ ਤੈਨੂੰ ਹੀ ਕੀਤਾ ਏ, ਹੋਰ ਕਿਸੇ ਦਾ ਸੁਪਨਾ ਵੀ ਲਿਆ ਹੋਵੇ, ਮੈਨੂੰ ਦੂਜਾ ਸਾਹ ਨਾ ਆਵੇ।”
ਕੁੜੀ ਛੇਤੀ ਪੰਘਰ ਖਲੋਤੀ। ਉਸ ਹੱਥ ਮੁੰਡੇ ਦੇ ਮੂੰਹ ਉੱਤੇ ਰੱਖ ਦਿੱਤਾ। ਐਤਕੀਂ ਜਸਬੀਰ ਨੇ ਹੱਥ ਰੋਕ ਦਿੱਤਾ।
“ਤੂੰ ਮੇਰਿਆ ਭੋਲਿਆ ਪੰਛੀਆ ਕੀ ਜਾਣੇਂ, ਤੈਨੂੰ ਫਾਹੁਣ ਲਈ ਸ਼ਿਕਾਰੀਆਂ ਕਿਹੋ ਜਿਹੀਆਂ ਬੌਰਾਂ ਲਾਈਆਂ ਏਂ।”
ਜਸਬੀਰ ਦੇ ਮਨ ਆਈ: ‘ਤੂੰ ਨਾਲ ਨਾ ਤੁਰੇਂ, ਤੇ ਹੋਰਨਾਂ ਦੇ ਰਾਹ ਵੀ ਰੋਕ ਰੱਖੇਂ; ਇਹਨੂੰ ਪਿਆਰ ਆਂਹਦੇ ਐ।’ ਪਰ ਉਹ ਗੱਲ ਆਖ ਕੇ ਹਮੇਸ਼ਾ ਲਈ ਸ਼ੱਕੀ ਤੇ ਦਾਗ਼ੀ ਨਹੀਂ ਸੀ ਹੋਣਾ ਚਾਹੁੰਦਾ। ਭਾਵੇਂ ਉਸ ਨੂੰ ਹੋਰ ਕੁੜੀਆਂ ਵੀ ਮੋਂਹਦੀਆਂ ਸਨ, ਪਰ ਮਨ ਡੋਲਣ ਦੇ ਬਾਵਜੂਦ ਉਹ ਜੱਗੋ ਦਾ ਇਸ਼ਕ ਸਾਬਤ ਲਈ ਬੈਠਾ ਸੀ। ਉਹਦੇ ਅੰਦਰੋਂ ਪਿਆਰ ਦੀ ਇੱਕ ਛੱਲ ਉਠੀ ਤੇ ਪੋਲੀ ਜਿਹੀ ਚਪਤ ਮਾਰਦਿਆਂ ਉਸ ਜੱਗੋ ਨੂੰ ਘੁੱਟ ਲਿਆ। ਚੁਗ਼ਲਾਂ ਦੇ ਜੋੜੇ ਨੇ ਹੋਰ ਰੌਲਾ ਪਾਉਣਾ ਸ਼ੁਰੂ ਕਰ ਦਿਤਾ। ਜਸਬੀਰ ਕੁੜੀ ਨੂੰ ਕਲਾਵੈ ‘ਚ ਲਈ ਸਕੂਲ ਵਾਲੀ ਡੰਡੀ ਉਤਰ ਆਇਆ। ਸਕੂਲ ਵਿਚੋਂ ਫੁੱਲ ਤੋੜ ਕੇ ਉਸ ਜੱਗੋ ਦੇ ਹੱਥ ਭਰ ਦਿੱਤੇ।
“ਇਹ ਗੁਲਾਬ ਮੇਰੇ ਦਿਲ ਦਾ ਪਿਆਰ ਐ, ਕਦੇ ਇਨ੍ਹਾਂ ਦੀ ਗੱਲ ਸੁਣੇਂ?”
“ਆਹੋ…..,” ਕੁੜੀ ਨੇ ਮੋਢਾ ਮਾਰ ਕੇ ਫੁੱਲ ਮੂੰਹ ਨਾਲ ਜੋੜ ਲਏ। ਉਹ ਮਹਿਕ ਦੀ ਮਸਤੀ ਵਿਚ ਫੈਲਦੀ ਹੀ ਗਈ। ਫਿਰ ਉਸ ਨੂੰ ਸ਼ਰਾਰਤ ਸੁੱਝੀ, “ਛੀਂਬਿਆਂ ਦੀ ਗੁਰਮੇਲੋ ਮੈਨੂੰ ਸੂਟ ਦੇਂਦੀ ਸੀ।”
“ਲੈ ਲੈਂਦੀ,” ਜਸਬੀਰ ਨੇ ਘੋੜੇ ਕੰਨ ਬਰਾਬਰ ਕਰ ਲਏ।
“ਉਹ ਕਹਿੰਦੀ ਸੀ, ਮਾਸਟਰ ਨਾਲ ਗੱਲ ਕਰਾ ਦੇ।”
ਮੁੰਡੇ ਨੇ ਪਿੱਠ ਪਿੱਛੇ ਇਕ ਧਰ ਦਿਤੀ।
ਕੁੜੀ ਹੱਥੋਂ ਅੱਧੇ ਫੁੱਲ ਕਿਰ ਗਏ।
“ਬਸ ਏਹੋ ਆਖਣ ਨੂੰ ਫਿਰਦੀ ਸੀ ਕਦੇ ਦੀ।”
“ਨਹੀਂ, ਇਕ ਤਾਂ ਇਹ, ਮੈਨੂੰ ਆਥਣ ਨੂੰ ਆਪਣਾ ਮੂੰਹ ਵਿਖਾ ਕੇ ਲੰਘਿਆ ਕਰ।”
“ਦੂਜਾ?”
“ਮੈਂ ਤੈਨੂੰ ਕਿਸੇ ਦੇ ਘਰ ਨਹੀਂ ਜਾਣ ਦੇਣਾ। ਜਿਦਣ ਸੀਤੋ ਨਾਲ ਕੋਈ ਗੱਲ ਹੋਈ ਮੈਂ ਸੁਣ ਲਈ, ਉਦਣ ਕੋਈ ਪੁਆੜਾ ਪਿਆ ਵੀ ਵੇਖ ਲਈਂ।”
“ਛੁੱਟ ਕਾਰੇ ਦੇ ਮੈਂ ਕਿਸੇ ਦੇ ਗਿਆ ਈ ਨਹੀਂ।”
“ਇਕ ਹੋਰ, ਕਾਰੇ ਨਾਲ ਨਾਈ ਬਣ ਕੇ ਸਹੁਰੀਂ ਕਾਹਤੋਂ ਜਾਣਾ ਏ?” ਮਾਸਟਰ ਦੇ ਮਾਰਨ ਤੋਂ ਪਹਿਲਾਂ ਹੀ ਉਸ ਕਦਮਾਂ ਕਾਹਲੀਆਂ ਕਰ ਲਈਆਂ। ਉਹ ਉਸ ਦੇ ਮਗਰ ਨੱਠਾ, ਕੁੜੀ ਮੋੜ ਕੱਟ ਗਈ।
ਜਦੋਂ ਜਸਬੀਰ ਸਵੇਰੇ ਉੱਠਿਆ, ਬਾਰੀ ਵਿਚ ਰਾਤ ਦੇ ਫੁੱਲ ਕੁਮਲਾਏ ਪਏ ਸਨ।
ਉਸ ਨੂੰ ਨਿਹਾਲੇ ਭਾਈ ਨੇ ਆਖਿਆ, ” ਰਾਤੀਂ ਯਾਨੀਂ ਗੁਰਮੁਖਾ! ਤੈਨੂੰ ਕੋਈ ਸੱਦਣ ਆਇਆ ਸੀ?”
“ਨਹੀਂ। ਮੇਰੇ ਪੇਟ ‘ਚ ਗੜਬੜ ਸੀ।
ਪਹਿਲਾਂ ਮੈਂ ਤੈਨੂੰ ਜਗਾਉਣ ਲੱਗਾ ਸੀ, ਫਿਰ ਸੋਚਿਆ ਕਾਹਨੂੰ ਨੀਂਦ ਖਰਾਬ ਕਰਨੀ ਏਂ। ਹੁਣ ਠੀਕ ਆਂ।” ਮਾਸਟਰ ਨੇ ਬਿਮਾਰ ਮੂੰਹ ਬਣਾ ਕੇ ਗੱਲ ਸੰਭਾਲ ਲਈ।
ਜਸਬੀਰ ਨੇ ਅਨੁਭਵ ਕੀਤਾ, ਨਿਹਾਲਾ ਤਾਂ ਹੁਣ ਬੁਰੇ ਦੇ ਬਾਰ ਤੱਕ ਜਾਵੇਗਾ। ਓਧਰ ਭਾਈ ਆਪਣੇ ਸਾਰੇ ਗੁਰਮੁਖੀ ਹਥਿਆਰ ਵਰਤ ਚੁੱਕਾ ਸੀ ਤੇ ਮੁੰਡਾ ਕਿਵੇਂ ਵੀ ਉਸਦੀ ਛਤਰੀ ਦਾ ਚੀਨਾ ਕਬੂਤਰ ਨਹੀਂ ਬਣਿਆ ਸੀ। ਫਿਰ ਕੀ ਸੀ, ਊਜਾਂ ਨੰਗੇ ਮੂੰਹ ਥੱਪੀਆਂ ਜਾਣ ਲੱਗੀਆਂ। ਜਦ ਕਾਰੇ ਨੂੰ ਭਾਈ ਦੀ ਕਰਤੂਤ ਦਾ ਪਤਾ ਲੱਗਾ, ਉਸ ਸ਼ਰਾਬ ਪੀ ਕੇ ਨਿਹਾਲਾ ਕੁੱਟ ਕੱਢਿਆ। ਡਰਦਾ ਨਿਹਾਲਾ ਡੇਰਾ ਛੱਡ ਗਿਆ ਤੇ ਸਰਪੰਚ ਦੇ ਘਰ ਜਾ ਡਿੱਗਾ। ਉਹ ਸਾਰੀ ਰਾਤ ‘ਵਾਹਿਗੁਰੂ ਵਾਹਿਗੁਰੂ’ ਕਰਦਾ ਰਿਹਾ। ਸੀਤੋ ਨੇ ਚੁੱਲ੍ਹੇ ਵਿਚ ਰੋੜੇ ਤੱਤੇ ਕੀਤੇ ਤੇ ਸਰਪੰਚ ਨੇ ਭਾਈ ਦੇ ਸੇਕ ਦਿੱਤਾ। ਅਗਲੇ ਦਿਨ ਕਾਰੇ ਨੇ ਜਸਬੀਰ ਦੇ ਜ਼ੋਰ ਦੇਣ ‘ਤੇ ਨਿਹਾਲੇ ਤੋਂ ਮਾਫ਼ੀ ਮੰਗ ਲਈ। ਭਾਈ ਆਪਣੀ ਹੋਈ ਹੱਤਕ ਨਾਲ ਵਿਚੇ ਵਿਚ ਵੱਟ ਖਾ ਗਿਆ। ਭਾਵੇਂ ਜਸਬੀਰ ਨੇ ਚੌਫੇਰਿਓਂ ਗੱਲ ਸੰਕੋਚਣ ਦਾ ਹਰ ਸੰਭਵ ਜਤਨ ਕੀਤਾ, ਪਰ ਬਦੋ ਬਦੀ ਸਭ ਕੁਝ ਹੀ ਉਸਦੇ ਵੱਸੋਂ ਬਾਹਰਾ ਹੁੰਦਾ ਜਾ ਰਿਹਾ ਸੀ। ਉਸ ਦਾ ਧਿਆਨ ਮਾਖੋਂ-ਮੱਖੀਆਂ ਭਰੇ ਗੁਲਾਬ ਦੇ ਬੂਟੇ ਵੱਲ ਚਲਾ ਜਾਂਦਾ, ਜਿਹੜਾ ਹੱਥ-ਪੰਪ ਦੇ ਮੁੱਢ ਵਿਚ ਖਿੜਿਆ ਰਹਿੰਦਾ ਸੀ। ਮੱਖੀਆਂ ਦੇ ਅਮੁੱਕ ਗੀਤ ਵਿਚ ਉਸ ਦੀ ਆਪਣੀ ਮਗਨਤਾ ਹੇਲ-ਮੇਲ ਹੋ ਜਾਂਦੀ। ਉਹ ਗੀਤ ਲੈਅ ਵਿਚ ਗਵਾਚਿਆ, ਗੁਰਦਵਾਰਿਓਂ ਤੇ ਨਹਿਰੋਂ ਪਾਰ, ਪਤਾ ਨਹੀਂ ਕਿੱਥੇ ਕਿੱਥੇ ਵਿਚਰਦਾ ਰਹਿੰਦਾ, ਪਰ ਟਿਕਾਣਾ ਉਸ ਨੂੰ ਕਿਤੇ ਨਾ ਜੁੜਦਾ। ਇਕ ਸੁਖ ਉਸ ਦੀ ਗੱਲ ਪਿੰਡ ਵਿਚ ਦਬੀ ਘੁਟੀ ਗਈ ਸੀ।
ਸਭ ਤੋਂ ਵੱਧ ਉਸ ਨੂੰ ਸੀਤੋ ਨੇ ਯਰਕਾਇਆ; ਏਥੋਂ ਤੱਕ ਕਿ ਬਦਲੀ ਕਰਵਾ ਦੇਣ ਦੀ ਧਮਕੀ ਵੀ ਚਾੜ੍ਹੀ; ਪਰ ਜੱਟ ਮਚਲਾ ਬਣਿਆ ਰਿਹਾ। ਛੀਂਬਿਆਂ ਦੀ ਮੇਲੋ ਡਰਾਵਾ ਦੇਣ ਜੋਗੀ ਨਹੀਂ ਸੀ, ਮਿੰਨਤਾਂ, ਤਰਲੇ ਤੇ ਵਾਸਤੇ ਪਾਉਂਦੀ ਰਹੀ, ਪਰ ਉਹ ਹਉਕਾ ਲੈ ਕੇ ਕੋਲ ਦੀ ਲੰਘ ਜਾਂਦਾ। ਪਿੰਡ ਵਿਚ ਆਏ ਨੂੰ ਉਸਨੂੰ ਤਿੰਨ ਸਾਲ ਬੀਤ ਚਲੇ ਸਨ; ਉਹ ਪਿਆਰ ਦਾ ਬਾਦਸ਼ਾਹ ਹੋ ਕੇ ਵੀ ਨਿਰਾ ਕੰਗਾਲ ਰਿਹਾ ਸੀ। ਜੁੱਗੋ ਨੇ ਉਸਨੂੰ ਦੋਹਾਂ ਕੰਨਾਂ ਤੋਂ ਖਿੱਚ ਕੇ ਬੰਨ੍ਹ ਰੱਖਿਆ ਸੀ; ਪਰ ਆਪ ਉਹਦੀ ਪਕੜ ਤੋਂ ਆਜ਼ਾਦ ਹਰਨੀ ਰਹੀ ਸੀ। ਉਤਰਾਵਾਂ ਚੜ੍ਹਾਵਾਂ ਦੀਆਂ ਗਿਣਤੀਆਂ ਕਰਦਾ, ਉਹ ਜੁੱਗੋ ਦੀ ਗਲੀ ਕਈ ਕਈ ਦਿਨ ਨਾ ਜਾਂਦਾ। ਫਿਰ ਕਿਸੇ ਰਾਤ ਆਰੀ ਦਿਲ ਨੂੰ ਵਾਢ ਪਾਂਦੀ ਤਾਂ ਉਹ ਮੰਨੇ ਕਾ ਸਿੱਧ ਬਣਿਆ ਜਾ ਹਾਜ਼ਰ ਹੁੰਦਾ।
ਹਾੜਾਂ ਦੀ ਤਿਖੜ ਦੁਪਹਿਰ ਸੀ। ਜੱਗੋ ਉਹਦੇ ਗਲ ਲੱਗੀ ਬੁਸ ਬੁਸ ਰੋ ਰਹੀ ਸੀ। ਨਿਹਾਲਾ ਦੋ ਦਿਨਾਂ ਤੋਂ ਕਿਸੇ ਸਾਧ ਦਾ ਮੋਅਛਾ ਖਾਣ ਗਿਆ ਸੀ। ਜਸਬੀਰ ਨੂੰ ਉਹਦਾ ਦਿਲ ਪਾਟਵਾਂ ਰੋਣਾ ਇਕ ਬਹਾਨਾ ਜਾਪਿਆ। ਉਂਜ ਕਣਸੋਅ ਉਸ ਨੂੰ ਵੀ ਮਿਲ ਗਈ ਸੀ। ਫਿਰ ਵੀ ਉਸ ਹਮਦਰਦੀ ਨਾਲ ਪੁੱਛਿਆ, “ਕਿਓਂ ਅੱਖਾਂ ਸੁਜਾਈਆਂ ਏਂ?
ਉਸ ਤੋਂ ਦੱਸ ਨਾ ਹੋਇਆ ਕਿ ਮੇਰਾ ਵਿਆਹ ਆ ਗਿਆ ਹੈ। ਭਰੀਆਂ ਅੱਖਾਂ ਨਾਲ ਉਸ ਮੁੰਡੇ ਨੂੰ ਤੱਕਿਆ, ਜਿਵੇਂ ਜੋਹ ਰਹੀ ਸੀ, ਤੂੰ ਕਿੰਨਾ ਕੁ ਮੇਰਾ ਏਂ। ਉਸ ਸਿਰ ਮਾਸਟਰ ਦੀ ਹਿੱਕ ਨਾਲ ਜੋੜ ਲਿਆ।
“ਭਾਣਾ ਤਾਂ….,” ਉਹ ਅਗਾਂਹ ਮੁੜ ਫਿਸ ਪਈ।
“ਜੇ ਤੂੰ ਘੁੰਗਣੀ ਮਾਰੀ ਰੱਖਣੀ ਏਂ, ਭਾਣੇ ਨੇ ਤਾਂ ਨਹੀਂ ਅਟਕਣਾ।” ਮੁੰਡੇ ਨੇ ਨਿਹੋਰੇ ਦਾ ਮਰੋੜਾ ਚਾੜ੍ਹਿਆ।
“ਕੁਝ ਕਰਨ ਬਾਰੇ ਬੜਾ ਸੋਚਿਆ ਏ,
ਪਰ…” ਉਸ ਰੁਕ ਕੇ ਆਖਿਆ, ਮਰ ਸਕਦੀ ਆਂ–ਨਹਿਰ ਪੈ ਸਕਦੀ ਆਂ।”
“ਕਾਹਦੇ ਲਈ?”
“ਤੇਰੇ ਪਿਆਰ ਲਈ।”
“ਮੈਂ ਤੇ ਮੇਰੇ ਪਿਆਰ ਨੇ ਕੀ ਪਾਪ ਕੀਤਾ ਏ?”
”ਨਹੀਂ, ਉਹ ਪਾਪ ਮੈਂ ਤੈਨੂੰ ਦਿੱਤਾ ਏ, ਜਸਬੀਰ! ਮੈਨੂੰ ਮਾਫ਼ ਕਰ ਦੇ; ਮੈਂ ਤੇਰੇ ਪੈਰ ਫੜਦੀ ਆਂ੩ਤੇਰੇ ਨਾਲ ਨਹੀਂ ਜਾ ਸਕਦੀ।” ਉਸ ਮਜਬੂਰੀ ਵਿਚ ਬਾਰ ਬਾਰ ਸਿਰ ਮਾਰਿਆ।
”ਮੈਂ ਤੈਨੂੰ ਸੰਗਲ ਪਾਏ, ਤੂੰ ਮੇਰਾ ਬਣ ਕੇ ਰਿਹਾ, ਪਰ ਮੈਂ ਨਿਤਾਣੀ ਮਿੱਟੀ ਤੇਰੇ ਕਿਸੇ ਕੰਮ ਨਾ ਆ ਸਕੀ।” ਉਹ ਮੁੰਡੇ ਨੂੰ ਘੁੱਟ ਕੇ ਚੰਬੜ ਗਈ।
ਜਸਬੀਰ ਨੇ ਉਸਨੂੰ ਮਸਾਂ ਗਲੋਂ ਲਾਹਿਆ।
”ਹੁਣ ਤੂੰ ਘਰ ਨੂੰ ਜਾਹ, ਇਸ ਵਿਚ ਈ ਤੇਰਾ ਭਲਾ ਏ, ਐਵੇਂ ਭਜਨੀਕ ਪਿਉ ਦੀ ਪੱਗ ਨੂੰ ਦਾਗ਼ ਲੁਆਏਂਗੀ।” ਉਸ ਬੜੀ ਔਖ ਨਾਲ ਲਹੂ ਚੜ੍ਹੀ ਛਾਤੀ ਨੂੰ ਘੁੱਟਿਆ ਹੋਇਆ ਸੀ। ਜੱਗੋ ਹਮਦਰਦੀ ਲੈਣ ਤੇ ਦੇਣ ਆਈ ਸੀ, ਪਰ ਜ਼ਖ਼ਮ ਹੋਰ ਡੂੰਘੇ ਪਾ ਕੇ ਤੁਰ ਗਈ।
ਜਿਸ ਰਾਤ ਜੁਗਿੰਦਰੋ ਦੀ ਜੰਝ ਆਈ, ਭਾਈ ਨਿਹਾਲਾ ਜਾਣ ਕੇ ਪਿੰਡੋਂ ਖਿਸਕ ਗਿਆ।
ੁਸ ਨੂੰ ਪੱਕਾ ਵਿਸ਼ਵਾਸ ਸੀ ਕਿ ਮੇਰੇ ਬਿਨਾ ਅਨੰਦ ਨਹੀਂ ਪੜ੍ਹੇ ਜਾਣੇ। ਉਹ ਮਾਸਟਰ ਨੂੰ ਏਥੋਂ ਕਢਵਾਊ ਸੀ। ਲੋਕ ਪਹਿਲਾਂ ਵਾਂਗ ਉਸਦਾ ਮਾਣ ਤਾਣ ਨਹੀਂ ਮੰਨਦੇ ਸਨ। ਉਹ ਕਿਸੇ ਯਾਰ ਦੇ ਘਰ ਲੁਕਿਆ ਰਿਹਾ। ਸਵੇਰੇ ਡੇਰੇ ਅਵਾਜ਼ਾਂ ਮਾਰੀਆਂ, ਨਿਹਾਲਾ ਕਿੱਥੋਂ ਮਿਲਣਾ ਸੀ। ਘਰਦਿਆਂ ਤੇ ਪਿੰਡ ਵਾਲਿਆਂ ਨੂੰ ਬੂਹੇ ਬੈਠੀ ਜੰਝ ਕਾਰਨ ਭਾਈ ‘ਤੇ ਗਿੱਠ ਗਿੱਠ ਗੁੱਸਾ ਚੜ੍ਹ ਆਇਆ। ਪਿੰਡ ਛੋਟਾ ਹੋਣ ਦੇ ਨਾਲ ਅਨਪੜ੍ਹ ਵੀ ਸੀ। ਅਖੀਰ ਨਿਹਾਲੇ ਦੀ ਭਾਲ ਛੱਡ ਕੇ ਅਨੰਦ ਪੜ੍ਹਾਉਣ ਦਾ ਗੁਣਾ ਜਸਬੀਰ ਉੱਤੇ ਆ ਪਿਆ। ਉਹ ਅੰਦਰੋਂ ਸਾਰਾ ਕੰਬ ਗਿਆ। ਲਾਵਾਂ ਤੇ ਅਨੰਦ ਸਾਹਿਬ ਦਾ ਪਾਠ ਉਹਦੇ ਲਈ ਮੁਸ਼ਕਿਲ ਨਹੀਂ ਸੀ। ਔਖ ਸੀ ਤਾਂ ਇਹ, ਕਿ ਜਿਸ ਨੂੰ ਉਹ ਹੁਣ ਤੱਕ ਆਪਣੀ ਸਮਝਦਾ ਰਿਹਾ ਸੀ, ਹੱਥੀਂ ਉਸ ਦਾ ਗੰਢ ਜੋੜਾ ਕਿਸੇ ਹੋਰ ਨਾਲ ਕਿਵੇਂ ਕਰਵਾਏਗਾ! ਉਸ ਨਾਂਹ ਕਰ ਦਿੱਤੀ ਕਿ ਮੈਂ ਕਦੇ ਅਨੰਦ ਨਹੀਂ ਪੜ੍ਹਾਏ। ਪਰ ਉਸ ਦੀ ਸੁਣੀ ਕਿਸੇ ਨਾ। ਧੱਕਿਆ ਧਕਾਇਆ, ਉਹ ਗੁਰੁ ਗ੍ਰੰਥ ਸਾਹਿਬ ਦੀ ਤਾਅਬਿਆ ਆ ਬੈਠਾ। ਲਾਵਾਂ ਪਿੱਛੋਂ ਅਨੰਦ ਸਾਹਿਬ ਦਾ ਪਾਠ ਵੀ ਕਸੀਸ ਵੱਟ ਕੇ ਕਰ ਲਿਆ। ਜਿਵੇਂ ਜਿਵੇਂ ਉਹ ਥਿੜਕਦਾ ਸੀ, ਲੋਕ ਸਮਝਦੇ ਸਨ ਅਣਜਾਣ ਏ, ਪਰ ਉਹਦਾ ਅੰਦਰ ਕੱਦੂ-ਕਸ ਹੋ ਰਿਹਾ ਸੀ। ਅਰਦਾਸ ਕਰਨ ਵੇਲੇ ਉਹਦਾ ਸਾਰਾ ਢਾਂਚਾ ਡੋਲਾ ਖਾ ਗਿਆ। ਉਸ ਜੱਗੋ ਬਾਰੇ ਇਕ ਪਲ ਵੀ ਨਹੀਂ ਸੋਚਿਆ ਸੀ, ਵਿਚੇ ਵਿਚ ਮੁੱਕਦੀ ਜਾ ਰਹੀ ਹੈ। ਫਿਰ ਉਸ ਦੀਵਾਨੇ ਮਨ ਨੂੰ ਸੰਜਾਇਆ ਤੇ ਦ੍ਰਿੜਤਾ ਨਾਲ ‘ਜੋੜੀ ਚਰੰਜੀਵ ਹੋਵੇ’ ਦੀ ਅਸ਼ੀਰਵਾਦ ਕਹਿ ਗਿਆ। ਉਹਦੇ ਲਈ ਇਹ ਸਾਰਾ ਕਾਰਜ ਇੱਕ ਭੌਜਲ ਸੀ; ਜਿਸ ਵਿਚੋਂ ਮਸੀਂ ਪਾਰ ਲੱਗਾ ਸੀ। ਮੱਥਾ ਟੇਕਣ ਪਿੱਛੋਂ ਲੋਕਾਂ ਆਖਣਾ ਸ਼ੁਰੂ ਕਰ ਦਿੱਤਾ, ”ਮਾਸਟਰ ਜੀ ਤਾਂ ਵਾਹਵਾ ਹਾਲ਼ੀ ਨਿੱਕਲ ਆਇਆ; ਹੁਣ ਲੰਡੇ ਰਿੱਛ ਤੋਂ ਕੀ ਕਰਵਾਉਣਾ ਏਂ”।
ਭਾਵੇਂ ਕਾਰਜ ਨਿਰਵਿਘਨ ਸੰਪੂਰਨ ਹੋ ਗਿਆ ਸੀ, ਪਰ ਜਸਬੀਰ ਆਪਣੀ ਕੋਠੜੀ ਆ ਕੇ ਡਿੱਗ ਹੀ ਪਿਆ; ਜਿਵੇਂ ਰੱਤਹੀਣ ਹੋ ਚੁੱਕਾ ਸੀ। ਡੇਰੇ ਆ ਕੇ ਪਹਿਲਾ ਕੰਮ ਉਸ ਨੌਕਰੀ ਤੋਂ ਅਸਤੀਫ਼ਾ ਲਿਖਣ ਦਾ ਕੀਤਾ। ਉਸ ਤਿਆਗ ਪੱਤਰ ਲਿਖ ਕੇ ਤਹਿ ਕੀਤਾ ਹੀ ਸੀ ਕਿ ਜੱਗੋ ਦਾ ਪ੍ਰਾਹੁਣਾ ਸ਼ਰਾਬ ਦੀ ਬੋਤਲ ਲੈ ਕੇ ਪਹੁੰਚ ਗਿਆ। ਜਸਬੀਰ ਨੇ ਮਨ ਵਿਚ ਆਖਿਆ,
”ਤਖਾਣਾ, ਤੈਨੂੰ ਕੀਹਨੇ ਦੱਸ ਦਿੱਤਾ, ਮੈਨੂੰ ਅੱਜ ਜ਼ਮਾਨੇ ਭਰ ਦੀ ਸ਼ਰਾਬ ਚਾਹੀਦੀ ਹੈ!” ਪ੍ਰਾਹੁਣਾ ਮਾਸਟਰ ਨੂੰ ਪੀਣ ਲਈ ਜ਼ੋਰ ਲਾਵੇ, ਪਰ ਉਸ ਵਿਚਾਰੇ ਦੇ ਗਲ਼ ਦਾ ਥੁੱਕ ਨਹੀਂ ਲੰਘਦਾ ਸੀ। ਦੋ ਦਿਨ ਉਸ ਸਕੂਲ ਨਾ ਲਾਇਆ। ਤੇ ਦੋਵੇਂ ਰਾਤਾਂ ਨਹਿਰ ਦੀ ਕਾਲੀ ਕਿੱਕਰ ਹੇਠਾਂ ਸਮਾਧੀ ਸਿੱਧ ਬੈਠਾ ਰਿਹਾ। ਇੱਕ ਦੁਪਹਿਰੇ ਸੀਤੋ ਡੇਰੇ ਆ ਵੱਜੀ। ”ਕਿਉਂ ਹੁਣ ਮਰੇ ਕੁੱਤੇ ਆਂਗੂੰ ਪਿਆ ਏਂ?” ਸੀਤੋ ਨੂੰ ਟਕੋਰਾਂ ਲਾਉਣ ਦਾ ਮਸੀਂ ਮੌਕਾ ਹੱਥ ਆਇਆ ਸੀ।
”ਜਿਹੜਾ ਦੁੱਖ ਕਿਸੇ ਦੇ ਦੇਣੋਂ ਰਹਿ ਗਿਆ ਏ, ਉਹਦੀ ਕਸਰ ਤੂੰ ਵੀ ਕੱਢ ਲੈ।”
”ਡਿੱਗੇ ਪਏ ਦੇ ਕਮੀਨੇ ਮਾਰਦੇ ਐ। ਬਦਲਾ ਲੈਣਾਂ ਏਂ ਤਾਂ ਗੱਲ ਕਰ?” ਜੱਟੀ ਨੇ ਹਿੱਕ ਨੂੰ ਹੱਥ ਲਾ ਕੇ ਵੰਗਾਰਿਆ।
”ਆਪਣਿਆਂ ਤੋਂ ਬਦਲੇ ਨਹੀਂ ਲਈਦੇ ਹੁੰਦੇ,” ਉਸ ਆਪਣੇ ਗ਼ਮ ਨੂੰ ਪਾਸਾ ਦੇ ਲਿਆ।
”ਸੀਤੋ ਤੈਥੋਂ ਭੀਖ ਮੰਗਦਾ ਹਾਂ, ਮੈਨੂੰ ਇਕੱਲਿਆਂ ਛੱਡ ਦੇ?”
”ਜੇ ਤੈਨੂੰ ਮਰਨਾ ਈ ਚੰਗਾ ਲਗਦਾ ਏ ਤਾਂ ਮਰ।” ਸੀਤੋ ਬਦਦੁਆ ਦੀ ਨਫ਼ਰਤ ਛੱਡ ਗਈ।
ਅਗਲੀ ਸਵੇਰ ਜੱਗੋ ਦੇ ਛੋਟੇ ਭਰਾ ਨੇ ਉਸ ਨੂੰ ਸੁੱਤੇ ਨੂੰ ਜਗਾਇਆ ਕਿ ਸੀਤੋ ਸਕੂਲ ਦੇ ਸਾਰੇ ਫੁੱਲ ਤੋੜ ਕੇ ਲੈ ਗਈ ਹੈ। ਉਸ ਨੂੰ ਜਾਪਿਆ, ਕਿਸੇ ਦਿਲ ਦਾ ਰੁਗ਼ ਭਰ ਲਿਆ ਹੈ। ਉਸ ਸਕੂਲ ਦਾ ਵਿਹੜਾ ਦੇਖਿਆ। ਓਥੇ ਮੁਰਦੇਹਾਣੀ ਛਾਈ ਹੋਈ ਸੀ। ਫੁੱਲਾਂ ਦੀਆਂ ਟੁੱਟੀਆਂ ਧੌਣਾਂ ਵਿਚੋਂ ਸੱਜਰਾ ਪਾਣੀ ਸਿੰਮ ਰਿਹਾ ਸੀ। ਮਾਸਟਰ ਦਾ ਪਿੰਡਾ ਸੇਕ ਮਾਰ ਉਠਿਆ। ਉਹ ਹੌਂਕਦਾ ਹੌਂਕਦਾ ਕਾਰੇ ਦੇ ਘਰ ਨੂੰ ਪਰਤ ਪਿਆ। ਉਸ ਨੂੰ ਇਹ ਵੀ ਪਤਾ ਸੀ, ਕਾਰਾ ਗੁਲਾਬ ਕੌਰ ਨੂੰ ਲੈ ਕੇ ਸਹੁਰਿਆਂ ਨੂੰ ਗਿਆ ਹੋਇਆ ਹੈ। ਰਤਨੋ ਬਿਨਾ ਕੁਦਰਤੀ ਘਰ ਕੋਈ ਨਹੀਂ ਸੀ।
ਮਾਸਟਰ ਨੇ ਧਾਹ ਮਾਰਦਿਆ ਵਾਂਗ ਆਖਿਆ,”ਮੇਰਾ ਇਕ ਕੰਮ ਕਰ, ਤੇਰਾ ਅਹਿਸਾਨ ਸਾਰੀ ਉਮਰ ਨਹੀਂ ਭੁਲਦਾ।” ਕਾਰੇ ਦੀ ਭਰਜਾਈ ਨੇ ਸਿਰ ਹਿਲਾ ਕੇ ਹਾਮੀ ਭਰੀ, ਤਾਂ ਉਸ ਗੱਲ ਅੱਗੇ ਵਧਾਈ। “ਜੱਗੋ ਨੂੰ ਸਿਰਫ਼ ਦੋ ਮਿੰਟ ਬੁਲਾ ਦੇ?”
ਰਤਨੋ ਭਾਬੀ ਨੂੰ ਜਸਬੀਰ ਦਾ ਸੂਤਿਆ ਮੂੰਹ ਦੇਖ ਕੇ ਤਰਸ ਆ ਗਿਆ। “ਹੱਛਾ, ਮੈਂ ਵਾਹ ਲਾ ਕੇ ਵੇਖਦੀ ਆਂ।”
ਉਸ ਮਨ ‘ਚ ਕੋਈ ਬਹਾਨਾ ਸੋਚਿਆ ਤੇ ਘਰੋਂ ਨਿਕਲ ਗਈ।
ਜਸਬੀਰ ਨੇ ਨਲਕੇ ਨੂੰ ਮੂੰਹ ਲਾ ਲਿਆ। ਉਹ ਪੂਰੇ ਜਨਮ ਦਾ ਤਿਹਾਇਆ ਸੀ। ਫਿਰ ਉਸ ਤਰ੍ਹਾਂ ਹੀ ਉਹ ਸਵਾਤ ਵਿਚ ਆਪਣੀ ਮੰਜੀ ਉੱਤੇ ਆ ਡਿੱਗਾ। ਰੱਤੋ ਝੱਟ ਪਿੱਛੋਂ ਹੀ ਵਾਪਸ ਆ ਗਈ।
“ਉਹ ਮੈਨੂੰ ਰਾਹ ਵਿਚ ਹੀ ਥਾਲੀ ਫੇਰਦੀ ਮਿਲ ਪਈ। ਉਸ ਤਗੀਦ ਕੀਤੀ ਏ, ਜਾਵੇ ਨਾ, ਮੈਂ ਹੁਣੇ ਆਈ।” ਏਨੀ ਆਖ ਕੇ ਉਸ ਚਾਹ ਧਰ ਦਿੱਤੀ।
ਜਸਬੀਰ ਅੱਖਾਂ ਮੀਟੀ ਝੂਰਦਾ ਰਿਹਾ। ‘ਜੇ ਮੈਂ ਮਾਂ ਬਾਪ ਦੇ ਆਖੇ ਲੱਗ ਵਿਆਹ ਕਰਵਾ ਲੈਂਦਾ, ਇਸ ਜਾਨ ਖਾਣੀ ਬਿਪਤਾ ਦਾ ਮੂੰਹ ਕਿਉਂ ਵੇਖਦਾ? ਵਿਆਹ ਤਾਂ ਹੁਣ ਵੀ ਹੋ ਜੂ, ਪਰ ਇਸ ਉਮਰਾਂ ਦੇ ਦੁੱਖ ਨੂੰ ਕੀ ਕਰਾਂਗਾ।’
ਵਿਹੜੇ ਵਿਚ ਖੜਕਦੀ ਗੁਰਗਾਬੀ ਨੇ ਉਸ ਦੀਆਂ ਸੋਚਾਂ ਦਾ ਆਲ੍ਹਣਾ ਤੀਲ੍ਹਾ ਤੀਲ੍ਹਾ ਕਰ ਦਿੱਤਾ। ਜੱਗੋ ਨੇ ਦੋ ਲੱਡੂ ਤੇ ਪਕੌੜੇ ਰੱਤੋ ਦੇ ਛੰਨੇ ਵਿਚ ਪਾ ਦਿੱਤੇ ਤੇ ਸੈਨਤ ਦੇ ਕੇ ਅੰਦਰ ਲੰਘ ਗਈ। ਨਾ-ਮੰਨੇ ਦਿਲ ਨਾਲ ਉਹ ਉੱਠਿਆ, ਅੱਗੇ ਜੱਗੋ ਹੱਥ ਬੰਨ੍ਹੀ ਖਲੋਤੀ ਸੀ।
“ਤੂੰ ਮੈਨੂੰ ਬਖ਼ਸ਼ ਦੇ; ਮੈਂ ਤੇਰੀ ਉਮਰ ਭਰ ਦੀ ਦੇਣਦਾਰ ਹਾਂ।” ਵੱਟਾਂ ਭਰੀ ਵਰੀ ਵਿਚ ਖਿੜੀ ਮਹਿਕੀ ਵੇਲ ਵਾਂਗ, ਉਹ ਜਸਬੀਰ ਦੇ ਗਲ ਲੱਗਣ ਲਈ ਔਹਲੀ।
ਜਸਬੀਰ ਨੇ ਹੱਥ ਚੁੱਕ ਕੇ ਉਸ ਨੂੰ ਠੱਲ੍ਹ ਪਾਈ।
“ਦੇਖ ਹੁਣ ਮੈਂ ਤੇਰਾ ਕੋਈ ਨਹੀਂ ਰਿਹਾ, ਇਕ ਅਛੂਤ। ਤੂੰ ਕਿਸੇ ਲਈ ਤਾਂ ਸੁੱਚੀ ਰਹਿ। ਪਾਗਲ ਮਨ ਵੱਸੋਂ-ਬਾਹਰਾ ਤੈਨੂੰ ਹਾਕ ਮਾਰ ਬੈਠਾ। ਮੈਂ ਕੱਲ੍ਹ ਨੌਕਰੀ ਛੱਡ ਕੇ ਜਾ ਰਿਹਾ ਹਾਂ।” ਕੁੜੀ ਦੇ ਕਜਲਾਏ ਨੈਣ ਤ੍ਰਿਪ ਤ੍ਰਿਪ ਚੋ ਪਏ।
“ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਏ; ਮੇਰੇ ਇੱਥੇ ਰਹਿਣ ਨਾਲ ਤੇਰੀ ਬਦਨਾਮੀ ਹੋ ਸਕਦੀ ਏ।” ਉਸ ਆਪਣੀ ਮਾਰੂ ਪੀੜ ਦੀਆਂ ਸਾਰੀਆਂ ਕੰਨੀਆਂ ਦੱਬੀਆਂ ਹੋਈਆਂ ਸਨ।
ਰਤਨੋ ਦੋਹਾਂ ਨੂੰ ਗਲਾਸਾਂ ਵਿਚ ਚਾਹ ਰੱਖ ਗਈ। ਜੱਗੋ ਨੇ ਲੱਡੂਆਂ ਵਾਲੀ ਥਾਲੀ ਅੱਗੇ ਕਰ ਦੱਤੀ।
“ਤੇਰੀ ਮਿਹਰਬਾਨੀ, ਜ਼ਹਿਰ ਬਜ਼ਾਰਾਂ ਵਿਚ ਬਹੁਤ ਏ;ਪਰ ਖਾਵਾਂਗਾ ਨਹੀਂ, ਬੁੱਢੇ ਮਾਂ ਬਾਪ ਦੀ ਸੇਵਾ ਵੀ ਕਰਨੀ ਏ।” ਉਸ ਆਪਣੇ ਦਿਲ ਨੂੰ ਪੁਛਿਆ, ‘ਆਖਰ ਮੇਰਾ ਕਸੂਰ ਕੀ ਸੀ? ਮੈਂ ਇਥੇ ਰਿਹਾ ਕਾਹਦੇ ਆਸਰੇ?’ ਬੁਖਾਰ ਵਿਚ ਉਸ ਦੀ ਸੁਰਤੀ ਮਸੀਂ ਕਾਬੂ ਆਉਂਦੀ ਸੀ।
ਜੱਗੋ ਪਹਿਲੋਂ ਨਾਲੋਂ ਕਿਤੇ ਸੁਹਣੀ ਹੋ ਗਈ ਸੀ। ਪਰ ਉਸ ਦੇ ਸਾਹਮਣੇ ਸੋਨੇ ਵਰਗਾ ਮੁੰਡਾ ਪਿੱਤਲ ਪੀਲਾ ਹੋਇਆ ਪਿਆ ਸੀ। ਉਹ ਪੁੱਛਣਾ ਚਾਹੁੰਦਾ ਸੀ, “ਯਾਦ ਕਰੇਂਗੀ?’ ਪਰ ਇਹ ਸਭ ਕਿੰਨੀ ਬਕਵਾਸ ਹੈ।’
“ਜੱਗੋ ਹੁਣ ਤੂੰ ਜਾਹ, ਰੁਕ ਨਾ। ਇਕ ਵਾਰ ਤੇਰਾ ਮੂੰਹ ਵੇਖਣਾ ਸੀ, ਸੋ ਤੇਰਾ ਬਹੁਤ ਬਹੁਤ ਧੰਨਵਾਦ।”
ਕੁੜੀ ਲਈ ਚਾਹ ਦੀਆਂ ਦੋ ਘੁੱਟਾਂ ਵੀ ਦੂੱਭਰ ਹੋ ਗਈਆਂ। ਉਹ ਬੁੱਕੀਂ ਹੰਝੂ ਡੋਲ੍ਹਦੀ ਰਹੀ। ਪਰ ਸਿਵਾਏ ਰੋਣ ਝੂਰਨ ਦੇ ਹੋ ਤਾਂ ਕੁਝ ਵੀ ਨਹੀਂ ਸਕਦਾ ਸੀ। ਜਸਬੀਰ ਦੇ ਜ਼ੋਰ ਦੇਣ ਤੇ ਉਹ ਹਾਰੀਆਂ ਲੱਤਾਂ ਨਾਲ ਮੁੜ ਮੁੜ ਵੇਖਦੀ ਤੁਰ ਗਈ। ਉਸ ਦੀਆਂ ਪੰਜੇਬਾਂ ਗੁੰਗੀਆਂ ਹੋ ਗਈਆਂ ਸਨ। ਮੰਡਾ ਏਨਾ ਨਿਢਾਲ ਪੈ ਚੁੱਕਾ ਸੀ ਕਿ ਖਲੋਣ ਦੀ ਸ਼ਕਤੀ ਨਹੀਂ ਰਹੀ ਸੀ। ਰੱਤੋ ਭਾਬੀ ਨੇ ਉਸ ਨੂੰ ਬਾਹੋਂ ਫੜ ਕੇ ਉਠਾ ਲਿਆ।
“ਕਿਉਂ ਵੇਖ ਲਿਆ ਸੁਆਦ?” ਭਾਬੀ ਨੇ ਆਪਣੇ ਵਲੋਂ ਭਰਪੂਰ ਨਿਹੋਰਾ ਜਣਾਇਆ।
“ਭਾਬੀ ਹੁਣ ਗੱਲ ਨਾ ਕਰ, ਫੁੱਲ ਸੁਆਹ ਤੇ ਜਿੰਦ ਤਬਾਹ।”
“ਤੂੰ ਮੂੰਹੋਂ ਮੰਗ, ਤੈਨੂੰ ਉਹ ਚੀਜ਼ ਹਾਜ਼ਰ।” ਰੱਤੋ ਨੇ ਬਾਂਹ ਕੱਢ ਕੇ ਜਸਬੀਰ ਨੂੰ ਕਲਾਵੇ ‘ਚ ਲੈ ਲਿਆ। ਉਹ ਸਮਝਦੀ ਸੀ ਲੋਹਾ ਗਰਮ ਹੈ।
“ਤੂੰ ਵੀ ਮਰੇ ਦਾ ਪੋਸ਼ ਲਾਹੁਣ ਲੱਗੀ ਏਂ।”
ਉਸ ਨੂੰ ਕਰੋਧ ਆ ਗਿਆ।
“ਤਾਂਹੀਏ ਧੱਕੇ ਖਾਂਦਾ ਫਿਰਦਾ ਏਂ।”
ਭਾਬੀ ਨੇ ਆਸ ਲਾਹ ਕੇ ਮਿਹਣਾ ਮਾਰਿਆ।
“ਭਾਬੀਏ, ਮੈਂ ਦੁਨੀਆਂ ਵੇਖ ਲਈ, ਜਿਸ ਨੂੰ ਦਰਗਾਹੋਂ ਧੱਕੇ ਮਿਲਣ ਉਹਨੂੰ ਹਾਰ ਕਿੱਥੋਂ।” ਉਸ ਪੈਰ ਪੁਟਦਿਆਂ ਆਖਿਆ, “ਫਿਰ ਵੀ ਤੇਰਾ ਅਹਿਸਾਨ ਚੇਤੇ ਰੱਖਾਂਗਾ।”
ਅਗਲੇ ਦਿਨ ਮੂੰਹ ਅੰਨ੍ਹੇਰੇ ਹੀ ਉਹ ਬਿਸਤਰਾ ਬੰਨ੍ਹ ਕੇ ਆਪਣੇ ਪਿੰਡ ਨੂੰ ਤੁਰ ਗਿਆ। ਕਰਤਾਰ ਉਸ ਨੂੰ ਪਿੰਡ ਮਿਲਣ ਆਇਆ ਤੇ ਮੁੜ ਲੈ ਚੱਲਣ ਲਈ ਯਾਰੀ ਦਾ ਸਾਰਾ ਤਾਣ ਲਾਇਆ। ਪਰ ਉਸ ਇੱਕੋ ਨਾਂਹ ਫੜੀ ਰੱਖੀ। ਮਾਂ ਬਾਪ ਨੇ ਵਿਆਹ ਲਈ ਜ਼ੋਰ ਪਾਇਆ, ਉਸ ਸਿਰ ਫੇਰ ਦਿੱਤਾ। ਉਸ ਨੂੰ ਸਾਰਾ ਦੇਸ ਚੰਦਰਾ ਚੰਦਰਾ ਲੱਗ ਰਿਹਾ ਸੀ। ਕਿਸੇ ਦੋਸਤ ਦੀ ਸਹਾਇਤਾ ਨਾਲ ਇੰਗਲੈਂਡ ਪੁਜਦਾ ਹੋ ਗਿਆ। ਪੂਰੇ ਪੰਜ ਸਾਲ ਫ਼ੈਕਟਰੀਆਂ ਦੇ ਦੇਹ ਤੋੜਵੇਂ ਕੰਮ ਵਿਚ ਵੀ ਜੱਗੋ ਨੂੰ ਭੁਲਾ ਨਾ ਸਕਿਆ। ਫੁੱਲਾਂ ਦੀ ਖਿੱਚ ਨੇ ਉਸ ਨੂੰ ਬੌਰਾ ਕਰੀ ਰਖਿਆ।
ਅੱਜ ਫੇਰ ਉਹ ਉਸੇ ਪਾਂਧੀ ਤੇ ਖਲੋਤਾ ਓਪਰਾ ਓਪਰਾ ਝਾਕ ਰਿਹਾ ਸੀ। ਸਕੂਲ ਵਿਚ ਫੁੱਲਾਂ ਦੀਆਂ ਖ਼ੁਸ਼ਬੋਆਂ ਨਹੀਂ ਸਨ। ਵਿਦਿਆਰਥੀਆਂ ਦੇ ਧਮੱਚੜ ਵਿਚ ਧੂੜ ਦੇ ਵਰੋਲੇ ਉਠ ਰਹੇ ਸਨ। ਮਾਸਟਰ ਮੁੰਡਿਆਂ ਨੂੰ ਗੰਦੀਆਂ ਗਾਲ੍ਹਾਂ ਦੇ ਰਿਹਾ ਸੀ। ਗੁਰਦਵਾਰੇ ਦੇ ਨਿਸ਼ਾਨ ਸਾਹਿਬ ਦਾ ਫਰੇਰਾ ਹਨੇਰੀਆਂ ਵਿਚ ਲੀਰੋ ਲੀਰ ਹੋ ਚੁਕਾ ਸੀ। ਸਭ ਕੁਝ ਹੀ ਅੱਠ ਸਾਲ ਵਰਗਾ ਪੁਰਾਣਾ ਸੀ। ਉਹਦੇ ਸਮੇਂ ਦੀ ਤਬਦੀਲੀ ਦੇ ਚਿੰਨ੍ਹ ਮਿਟ ਚੁਕੇ ਸਨ। ਡੇਰੇ ਦਾ ਨਵਾਂ ਭਾਈ ਟੋਕਰੀ ਚੁੱਕੀ ਰੋਟੀਆਂ ਮੰਗਣ ਜਾ ਰਿਹਾ ਸੀ। ਕੋਟ, ਪੈਂਟ, ਟਾਈ ਤੇ ਸ਼ੇਵ ਕਾਰਨ ਉਸਨੂੰ ਕਿਸੇ ਨਹੀਂ ਪਛਾਣਿਆ ਸੀ।
‘ਕਾਸ਼! ਮੈਂ ਇਸ ਧਰਤੀ ਦਾ ਦੂਜਾ ਆਦਮ ਨਾ ਸਹੀ, ਮਾਲੀ ਹੀ ਹੋ ਸਕਾਂ।’ ਫਿਰ ਉਹ ਰਵਾਂ ਰਵੀਂ ਕਾਰੇ ਦੇ ਘਰ ਜਾ ਵੜਿਆ। ਵਿਹੜੇ ਵਿਚ ਖੇਡਦੇ ਖ਼ੂਬਸੂਰਤ ਪਰ ਲਿਬੜੇ ਬਾਲ ਨੂੰ ਚੁਕ ਲਿਆ। ਉਸ ਨੂੰ ਯਕੀਨ ਸੀ, ਮੁੰਡਾ ਕਾਰੇ ਤੇ ਗੁਲਾਬ ਕੌਰ ਦਾ ਹੀ ਹੈ। ਹੈਰਾਨ ਹੋਈ ਗੁਲਾਬ ਕੌਰ, ਬਾਬੂ ਨੂੰ ਮੂੰਹ ਅੱਡੀ ਤੱਕ ਰਹੀ ਸੀ।
“ਭਾਬੀ ਜੀ, ਸਤਿ ਸ੍ਰੀ ਅਕਾਲ!! ਮੈਂ ਜਸਬੀਰ, ਮਾਸਟਰ।” ਏਨੀ ਆਖ ਕੇ ਉਸ ਮੁੰਡੇ ਦਾ ਖਿੜਿਆ ਮੱਥਾ ਚੁੰਮ ਲਿਆ।
“ਵੇ ਜੱਸੂ!….ਤੂੰ!?” ਗੁਲਾਬੋ ਖ਼ੁਸ਼ੀ ਵਿਚ ਇਕਦਮ ਸਾਰੀ ਟਹਿਕ ਪਈ।
ਜਸਵੰਤ ਸਿੰਘ ਕੰਵਲ
ਕੱਲ੍ਹ ਇੱਕ ਸਾਇੰਸ ਨਾਲ ਸਬੰਧਿਤ ਨਵੀਂ ਗੱਲ ਪਤਾ ਲੱਗੀ ਤੇ ਅੱਜ ਪੜ੍ਹਿਆ ਓਹਦੇ ਬਾਰੇ — ਕੇ ਨਵਜੰਮੇ ਬੱਚੇ ਦਾ ਨਾੜੂਆ ਬੇਹੱਦ ਮਹੱਤਵਪੂਰਨ ਹੁੰਦਾ ਹੈ ਅਤੇ ਮਾਂ ਬਾਪ ਦੁਨੀਆ ਦੇ ਜਿਹੜੇ ਵੀ ਕੋਨੇ ਵਿੱਚ ਹੋਣ ਉਹਨਾਂ ਨੂੰ ਬੱਚੇ ਦੇ ਜਨਮ ਤੋਂ ਪਹਿਲਾਂ ਨਾੜੂਆ ਬੈਂਕ ਵਿੱਚ ਰਜਿਸਟਰ ਕਰਵਾ ਲੈਣਾ ਚਾਹੀਦਾ, ਖਰਚਾ ਜਰੂਰ ਹੈਗਾ ਪਰ ਆਵਦੀ ਅਤੇ ਬੱਚੇ ਅਤੇ ਓਹਦੇ ਭੈਣ ਭਰਾਵਾਂ ਦੀ ਜਿੰਦਗੀ ਤੋਂ ਕੁੱਝ ਵੀ ਕੀਮਤੀ ਨਹੀਂ ਹੁੰਦਾ
ਅਸਲ ਵਿੱਚ ਨਾੜੂਆ ਸਟੈੱਮ ਸੈੱਲ ਨਾਲ ਭਰਪੂਰ ਹੁੰਦਾ ਅਤੇ ਸਟੈੱਮ ਸੈੱਲ ਹੀ ਕਿਸੇ ਵੀ ਥਣਧਾਰੀ ਜੀਵ ਸਣੇ ਮਨੁੱਖ ਦੇ ਸਾਰੇ ਅੰਗਾਂ ਦੀ ਮੁਢਲੀ ਜੜ੍ਹ ਹੁੰਦੇ ਨੇਂ, ਸੋ ਤੁਹਾਡੇ ਬੱਚੇ ਦਾ ਸਾਂਭਿਆ ਹੋਇਆ ਨਾੜੂਆ ਬੱਚੇ ਨੂੰ ਖੁਦ ਉਸਦੇ ਮਾਂ ਬਾਪ ਅਤੇ ਸਕੇ ਭੈਣ ਭਰਾ ਨੂੰ ਭਵਿੱਖ ਵਿੱਚ ਹੋਣ ਵਾਲੀ ਕਿਸੇ ਵੀ ਗੰਭੀਰ ਬਿਮਾਰੀ ਮਸਲਨ ਬਲ੍ਹੱਡ ਕੈਂਸਰ ਜਾਂ ਹੋਰ ਕਈ ਜਾਨਲੇਵਾ ਬਿਮਾਰੀਆਂ ਦਾ ਇਲਾਜ ਕਰਨ ਵਾਸਤੇ ਬਹੁਤ ਕਾਰਗਰ ਤਰੀਕੇ ਨਾਲ ਕੰਮ ਆ ਸਕਦੇ ਨੇਂ ਅਤੇ ਆਉਂਦੇ ਨੇਂ!
ਸਾਡੇ ਅਲਬਰਟਾ ਵਿੱਚ ਮੈਂ ਅੱਜ ਚੈੱਕ ਕੀਤਾ ਕੇ ਨਾੜੂਆ ਜਮਾਂ ਕਰਾਉਣ ਦਾ ਖਰਚਾ ਸਿਰਫ ਤਕਰੀਬਨ ਪੌਣੇ ਕੁ ਅਠਾਰਾਂ ਸੌ ਡਾਲਰ ਹੈ ਅਤੇ ਬਾਅਦ ਵਿੱਚ ਸਵਾ ਕੁ ਦੋ ਸੌ ਸਾਲ ਦਾ ਹੈ, ਆਪਾਂ ਅਕਸਰ ਦੇਖਦੇ ਹਾਂ ਕੇ ਅਪੀਲ ਹੁੰਦੀ ਹੈ ਕੇ ” ਜੀ ਐਸ ਇਨਸਾਨ ਨੂੰ ਬਲ੍ਹੱਡ ਕੈਂਸਰ ਹੋ ਗਿਆ ਅਤੇ ਬੋਨਮੇਰੋ ਦੀ ਲੋੜ ਹੈ ਫਲਾਣੇ ਥਾਂ ਤੇ ਆ ਕੇ ਆਪਣਾ ਟੈਸਟ ਕਰਵਾਓ, ਅਤੇ ਬੋਨਮੈਰੋ ਦਾਨ ਕਰੋ ਅਤੇ ਇੱਕ ਜਾਨ ਬਚਾਓ”
ਪਰ ਜੇ ਤੁਸੀਂ ਆਪਣੇ ਬੱਚੇ ਦਾ ਨਾੜੂਆ ਸਾਂਭਿਆ ਤਾਂ ਜੇ ਪਰਿਵਾਰ ਵਿੱਚ ਕਿਸੇ ਨੂੰ ਵੀ ਬਲ੍ਹੱਡ ਕੈਂਸਰ ਹੋ ਗਿਆ ਤਾਂ ਉਹ ਸਾਰਾ ਇਲਾਜ ਪੂਰੀ ਕਾਮਯਾਬੀ ਨਾਲ ਨਾੜੂਏ ਵਿਚੋਂ ਹੋ ਸਕਦਾ, ਇਸ ਵਿਸ਼ੇ ਉੱਪਰ ਬਹੁਤ ਵੱਡੀਆਂ ਅਤੇ ਨਵੀਆਂ ਖੋਜਾਂ ਹੋ ਰਹੀਆਂ ਨੇਂ ਅਤੇ ਉਮੀਦ ਹੈ ਕੇ ਛੇਤੀ ਬਹੁਤ ਕੁੱਝ ਨਵਾਂ ਸਾਹਮਣੇ ਆਵੇਗਾ
ਸੋ ਭਾਈ ਸਾਡੇ ਜੁਆਕਾਂ ਵੇਲੇ ਸਾਨੂੰ ਤਾਂ ਪਤਾ ਨਹੀਂ ਸੀ ਪਰ ਹੁਣ ਇਹ ਗੱਲ ਹਰਿੱਕ ਨੂੰ ਦੱਸੋ ਅਤੇ ਬੱਚਿਆਂ ਦਾ ਨਾੜੂਆ ਸਾਂਭੋ, ਤੁਹਾਡੀਆਂ ਭਵਿੱਖੀ ਬਿਮਾਰੀਆਂ ਦਾ ਬਚਾ ਇਸੇ ਵਿੱਚ ਹੈ।
ਦੀਪ ਗਿੱਲ