ਹਾਸਾ ਮਜ਼ਾਕ

by admin

ਪਿਛਲੀ ਸਦੀ ਦੇ ਲਗਭਗ ਅਠਵੇਂ ਦਹਾਕੇ ਦੀ ਗੱਲ , ਦੂਰ ਦਰਾਜ਼ , ਸਰਹੱਦੀ ਇਲਾਕੇ ਦਾ ਇੱਕ ਕਸਬਾ , ਓਥੇ ਬਣਿਆਂ ਸੈਕੰਡਰੀ ਸਕੂਲ , ਜਿੱਥੇ ਲਾਗਲੇ ਪਿੰਡਾਂ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਸਨ । ਸਰਕਾਰੀ ਸਕੂਲ ਜਿਸ ਵਿੱਚ ਸਿਰਫ ਗਰੀਬ ਘਰਾਂ ਦੇ ਬੱਚੇ ਈ ਪੜ੍ਹਦੇ ਸਨ , ਪਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਭਰਨ ਤੋਂ ਆਤੁਰ ਲੋਕ ਅਪਣੇ ਬੱਚੇ ਭੇਜਦੇ ਸਨ ਏਥੇ ,ਇਸ ਆਸ ਨਾਲ ਕਿ ਸ਼ਾਇਦ, ਘਾਹੀਆਂ ਦੇ ਪੁੱਤ ਵੀ ਕਿਸੇ ਮੁਕਾਮ ਤੇ ਪਹੁੰਚ ਜਾਣ , ਘਾਹ ਨਾ ਖੋਤਣ ।
ਸਕੂਲ ਵਿੱਚ ਇੱਕ ਪੀਟੀ ਅਧਿਆਪਕ ਸਨ ਮਾਸਟਰ ਸੂਬਾ ਸਿੰਘ ਜੀ, ਵਕਤ ਦੇ ਪਾਬੰਦ , ਸੁਭਾਅ ਦੇ ਸਖ਼ਤ ਪਰ ਕੁਝ ਮਜਾਕੀਆ ਵੀ , ਉਹਨਾਂ ਦੇ ਹੱਥ ਵਿਚਲੇ ਡੰਡੇ ਨਾਲ਼ੋਂ ਉਹਨਾਂ ਦੇ ਚਲਾਏ ਸ਼ਬਦ ਬਾਣ ਕਈ ਵਾਰ ਜਿਆਦਾ ਮਾਰੂ ਹੁੰਦੇ ਸਨ। ਸਕੂਲ ਦੇਰ ਨਾਲ ਆਉਣ ਵਾਲੇ ਵਿਦਿਆਰਥੀਆਂ ਨਾਲ ਬਹੁਤ ਸਖ਼ਤੀ ਨਾਲ ਪੇਸ਼ ਆਉਂਦੇ ਸਨ ਉਹ , ਕਦੀ ਕਦੀ ਵਿਦਿਆਰਥੀਆਂ ਦੀ ਵਰਦੀ , ਸਾਫ ਸਫਾਈ ਵੀ ਚੈੱਕ ਕਰਦੇ ਸਨ ਉਹ ,ਤੇ ਇਹ ਸਭ ਕਰਨ ਲਈ ਮੁੱਖ ਅਧਿਆਪਕ ਵੱਲੋਂ ਵੀ ਉਹਨਾਂ ਨੂੰ ਪੂਰੀ ਖੁੱਲ੍ਹ ਸੀ ਕਿ ਜਿਵੇਂ ਮਰਜ਼ੀ ਕਰੋ, ਅਨੁਸ਼ਾਸਨ ਕਾਇਮ ਰਹਿਣਾ ਚਾਹੀਦਾ ਏ ।
ਨਵਾਂ ਸੈਸ਼ਨ ਸ਼ੁਰੂ ਹੋਇਆ , ਕੁਝ ਨਵੇਂ ਬੱਚੇ ਦਾਖਲ ਹੋਏ, ਪੁਰਾਣੇ ਵਿਦਾ ਹੋਏ । ਨੌਵੀਂ ਜਮਾਤ ਵਿੱਚ ਇੱਕ ਲੜਕੇ ਨੇ ਦਾਖਲਾ ਲਿਆ , ਨਾਮ ਸੀ ਜੋਗਾ ਸਿੰਘ ।ਸਰੀਰ ਤੋ ਮਾੜੂਆ ਜਿਹਾ ਪਰ ਪੜ੍ਹਨ ਚ ਮਿਹਨਤੀ ।ਅਜੇ ਕੁਝ ਕੁ ਦਿਨ ਹੀ ਹੋਏ ਸਨ ਉਸਨੂੰ ਸਕੂਲ ਚ ਦਾਖਲ ਹੋਏ ਨੂੰ ।ਜੰਗਾਲ਼ੇ ਜਿਹੇ ਸਾਈਕਲ ਤੇ ਆਉਦਾ ਸੀ ਉਹ ਕਿਸੇ ਦੂਰ ਦੇ ਪਿੰਡ ਤੋਂ। ਇੱਕ ਦਿਨ ਸਕੂਲ ਆਉਂਦੇ ਵਕਤ ਉਸਦੇ ਸਾਈਕਲ ਦੀ ਚੇਨ ਉੱਤਰ ਕੇ ਗਰਾਰੀ ਚ ਫਸ ਗਈ, ਕਰਦੇ ਕਰਾਉਂ ਦੇ ਉਹ ਲੇਟ ਹੋ ਗਿਆ ਪੰਜ ਕੁ ਮਿੰਟ ਸਕੂਲ ਪਹੁੰਚਣ ਤੋਂ । ਜਦ ਤੱਕ ਪਹੁੰਚਾ ਤਾਂ ਸਵੇਰ ਦੀ ਪ੍ਰਾਰਥਨਾ ਸਭਾ ਚੱਲ ਰਹੀ ਸੀ । ਜੋਗੇ ਨੇ ਬਿਨਾ ਸਟੈਂਡ ਦੇ ਸਾਈਕਲ ਨੂੰ ਕੰਧ ਨਾਲ ਖੜਾ ਕੀਤਾ ਤੇ ਪਿੱਛੇ ਜਿਹੇ ਜਾ ਖੜਾ ਹੋਇਆ ਜਿੱਥੋਂ ਉਹ ਮਾਸਟਰ ਸੂਬਾ ਸਿੰਹੁੰ ਦੀ ਨਿਗਾ ਪੈ ਗਿਆ ।ਪ੍ਰਾਰਥਨਾ ਖਤਮ ਹੋਈ ਤਾਂ ਮਾਸਟਰ ਹੁਰੀਂ ਥੜ੍ਹੇ ਨੁਮਾ ਸਟੇਜ ਤੇ ਜਾ ਖਲੋਤੇ ਤੇ ਬੋਲੇ। ਪਿਆਰੇ ਵਿਦਿਆਰਥੀਓ, ਅੱਜ ਤੁਹਾਨੂੰ ਇੱਕ ਅਜਿਹੇ ਵਿਦਿਆਰਥੀ ਦੇ ਦਰਸ਼ਨ ਕਰਾ ਰਹੇ ਆਂ , ਜੋ ਇੱਕ ਰੋਲ ਮਾਡਲ ਏ, ਜਿਸਦੀ ਸਾਫ ਸਫਾਈ , ਜਿਸਦਾ ਵਰਦੀ ਪਹਿਨਣ ਦਾ ਤਰੀਕਾ ਤੇ ਸਮੇਂ ਦਾ ਪਾਬੰਦ ਹੋਣਾ ਉਸਨੂੰ ਸਭ ਤੋਂ ਵੱਖਰਾ ਖੜਾ ਕਰਦਾ ਏ । ਸਭ ਦੀਆਂ ਨਜ਼ਰਾਂ ਸਟੇਜ ਵੱਲ ਲੱਗ ਗਈਆਂ ਕਿ ਉਹ ਕੌਣ ਏ ਜੋ ਸ ਸੂਬਾ ਸਿੰਘ ਦੇ ਮੁਤਾਬਿਕ ਸਭ ਤੋਂ ਵਧੀਆ ਏ ।
ਤੁਰੰਤ ਸ ਸੂਬਾ ਸਿੰਘ ਹੁਰਾਂ ਜੋਗੇ ਦਾ ਨਾਮ ਲੈ ਆਵਾਜ ਮਾਰੀ, “ ਆ ਬਈ ਜੋਗਾ ਸਿੰਹਾਂ, ਆਜਾ ਜ਼ਰਾ ਉਤਾਂਹ ਨੂੰ’।
ਜੋਗਾ ਬੋਝਲ ਜਿਹੇ ਕਦਮੀ ਤੁਰਦਾ ਸਟੇਜ ਤੇ ਜਾ ਕੇ ਖੜਾ ਹੋਇਆ ਤਾਂ ਉਸਦਾ ਕੁਝ ਅਜੀਬੋ ਗਰੀਬ ਹੁਲੀਆ ਵੇਖਕੇ ਸਭ ਦਾ ਹਾਸਾ ਨਿੱਕਲ ਗਿਆ । ਪਤਾ ਲੱਗ ਗਿਆ ਕਿ ਸ. ਸੂਬਾ ਸਿੰਹੁੰ ਤਾਂ ਵਿਅੰਗ ਕਰ ਰਿਹਾ ਸੀ । ਸੂਬਾ ਸਿੰਘ ਨੇ ਉਸਦੇ ਬੂਟਾਂ ਤੋ ਸ਼ੁਰੂ ਕੀਤਾ , “ਇਸਦੇ ਬੂਟ ਵੇਖੋ, ਸਾਫ ਸੁਥਰੇ, ਪਾਲਿਸ਼ ਕੀਤੇ ਹੋਏ, ਖ਼ਾਕੀ
ਪੈਂਟ ਤੇ ਸ਼ਰਟ ਚਿੱਟੀ ਨਿਖਾਰ, ਵਾਹ,ਕਿਆ ਬਾਤਾਂ ਨੇ, “ਸਭ ਦੀ ਨਜਰ ਉਹਦੀ ਅਣਧੋਤੀ ਵਰਦੀ ਤੇ ਪੈ ਰਹੀ ਸੀ , ਬੂਟ ਵੀ ਕਿਤੇ ਕਈ ਦਿਨ ਪਹਿਲਾਂ ਪਾਲਿਸ਼ ਕੀਤੇ ਹੋਣਗੇ ।ਸਾਰੇ ਪਾਸੇ ਹਾਸੇ ਦੇ ਫੁਹਾਰੇ ਚੱਲ ਪਏ , ਪਰ ਇਹ ਸਭ ਹੁੰਦਾ ਵੇਖ ਜੋਗੇ ਦਾ ਬੁਰਾ ਹਾਲ ਹੋ ਗਿਆ , ਰੋਣਹਾਕਾ ਹੋ ਗਿਆ ਉਹ । ਫਿਰ ਅਚਾਨਕ ਮਾਸਟਰ ਸੂਬਾ ਸਿੰਘ ਦੀ ਨਜ਼ਰ ਉਸਦੇ ਲਿੱਬੜੇ ਹੱਥਾਂ ਤੇ ਜਾ ਪਈ , “ ਬਈ ਜੋਗੇ, ਆਪਣੇ ਹੱਥਾਂ ਦੀ ਖ਼ੂਬਸੂਰਤੀ ਦਾ ਰਾਜ਼ ਦੱਸ , ਕਿਵੇਂ ਰੱਖਦਾ ਏਂ ਏਨੀ ਸਫਾਈ ? ਤੇ ਹੱਥ ਤਾਂ ਵਾਕਈ ਤਰਸਯੋਗ ਹਾਲਤ ਵਿੱਚ ਸਨ ਜੋਗੇ ਦੇ, ਆਟਾ ਲੱਗਾ ਹੋਇਆ ਸੀ ਉਂਗਲਾਂ ਨਾਲ ਥੋੜਾ ਥੋੜਾ । ‘ਜੋਗੇ ਬੋਲ ਕੁਝ , ਕੀ ਕਰਦਾ ਏਂ ਇਹਨਾ ਹੱਥਾਂ ਨਾਲ ਸ਼ੇਰਾ? ਸਭ ਪਾਸੇ ਹਾਸਾ ਈ ਹਾਸਾ ਪੈ ਗਿਆ । ਜੋਗਾ ਆਖਰ ਹਿੰਮਤ ਕਰਕੇ ਬੋਲਿਆ, “ ਮਾਸਟਰ ਜੀ , ਮੇਰੀ ਮਾਂ ਨਹੀ ਏਂ ਇਸ ਦੁਨੀਆਂ ਚ, ਮੈ ਤੇ ਬਾਪੂ ਰਲਕੇ ਰੋਟੀ ਲਾਹੁਨੇ ਆਂ, ਸਵੇਰੇ ਹੱਥ ਧੋਂਦਿਆਂ ਨਲਕੇ ਦੀ ਬੋਕੀ ਡਿੱਗ ਪਈ ਸੀ, ਇਵੇਂ ਈ ਆ ਗਿਆ ਫਿਰ “ ਤੇ ਏਨਾ ਬੋਲ ਕੇ ਜੋਗਾ ਫਿੱਸ ਪਿਆ , ਹੰਝੂ ਵਹਿ ਤੁਰੇ ਆਪ ਮੁਹਾਰੇ ।
ਸਭ ਪਾਸੇ ਚੁੱਪ ਛਾ ਗਈ, ਬੁਲ਼੍ਹਾਂ ਨੂੰ ਜਿੰਦਰੇ ਲੱਗ ਗਏ । ਮਾਸਟਰ ਸੂਬਾ ਸਿੰਘ ਤਾਂ ਬੁੱਤ ਈ ਬਣ ਗਿਆ ਜਿਵੇਂ, ਕੁਝ ਦੇਰ ਵੇਖਣ ਤੋ ਬਾਅਦ ਹੈੱਡ ਮਾਸਟਰ ਸਾਹਬ ਨੇ ਸਾਰੇ ਬੱਚਿਆਂ ਨੂੰ ਜਮਾਤਾਂ ਵਿੱਚ ਜਾਣ ਲਈ ਕਹਿ ਦਿੱਤਾ । ਜਦੋਂ ਜੋਗਾ ਤੁਰਨ ਲੱਗਾ ਤਾਂ ਮਾਸਟਰ ਸੂਬਾ ਸਿੰਘ ਨੇ ਧੀਮੀ ਜਿਹੀ ਆਵਾਜ ਦੇ ਕੇ ਰੋਕ ਲਿਆ , “ ਜੋਗੇ, ਪੁੱਤਰਾ ਮਾਫ ਕਰਦੇ ਮੈਨੂੰ , ਮੈਥੋਂ ਪਾਪ ਹੋ ਗਿਆ ਸਵੇਰੇ ਸਵੇਰੇ “
ਜੋਗੇ ਦੇ ਹੱਥ ਆਪਣੇ ਹੱਥਾਂ ਚ ਲੈ ਲਏ ਸੂਬਾ ਸਿੰਘ ਨੇ, ਉਹਨੂੰ ਕਲਾਵੇ ਵਿੱਚ ਲੈ ਲਿਆ । ਕੁਝ ਪਲ ਪਹਿਲਾਂ ਹੱਥਾਂ ਦਾ ਮਜ਼ਾਕ ਉਡਾਉਣ ਵਾਲਾ ਮਾਸਟਰ ਹੁਣ ਆਪ ਰੋ ਰਿਹਾ ਸੀ ।
ਕਿਤਾਬ ਦੀ ਹਾਲਤ ਵੇਖਕੇ ਨਹੀਂ , ਉਸ ਵਿੱਚ ਲਿਖਿਆ ਹੋਇਆ ਪੜ੍ਹ ਕੇ ਈ ਉਸ ਬਾਰੇ ਕੋਈ ਧਾਰਨਾ ਬਣਾਉਣੀ ਚਾਹੀਦੀ ਏ । ਸਾਡਾ ਕੁਝ ਪਲ ਦਾ ਹਾਸਾ ਮਜ਼ਾਕ , ਕਿਸੇ ਇਨਸਾਨ ਲਈ ਜਿੰਦਗੀ ਭਰ ਦਾ ਦਰਦ ਬਣ ਸਕਦਾ ਏ , ਤੇ ਸ਼ਾਇਦ ਸਾਡੇ ਲਈ ਵੀ।

ਅਗਿਆਤ

Unknown

You may also like