ਮਾਂ ਦੀਆਂ ਨਸੀਹਤਾਂ

by admin

ਅੱਜ ਚੌਥੀ ਜਗਾ ਇੰਟਰਵਿਊ ਸੀ
ਘਰੋਂ ਤੁਰਨ ਲੱਗਾ ਤਾਂ ਮਾਂ ਆਪਣੀ ਆਦਤ ਮੁਤਾਬਿਕ ਮੇਰੀਆਂ ਸੁਖਾਂ ਸੁੱਖਦੀ ਵਿਦਾ ਕਰਨ ਲੱਗੀ !
ਮੈਂ ਉਸਦਾ ਇਹ ਰੋਜ ਰੋਜ ਦਾ ਇਹ ਵਰਤਾਰਾ ਦੇਖ ਅੱਜ ਥੋੜਾ ਖਿਝ ਜਿਹਾ ਗਿਆ ਪਰ ਉਹ ਅੱਗੋਂ ਹੱਸਦੀ ਰਹੀ !
ਕੁਝ ਚਿਰ ਮਗਰੋਂ ਹੀ ਬਾਹਰਲੀ ਦੁਨੀਆ ਨਾਲ ਵਾਹ ਪਿਆ ਤਾਂ ਮਾਂ ਚੇਤੇ ਆ ਗਈ ਤੇ ਸੁਵੇਰ ਵਾਲੀ ਗੱਲ ਚੇਤੇ ਕਰ ਦਿਲ ਪਸੀਜ ਜਿਹਾ ਗਿਆ..ਫੇਰ ਸੋਚਣ ਲੱਗਾ ਕੇ ਆਥਣੇ ਮੁੜ ਕੇ ਆ ਕੇ ਸਭ ਤੋਂ ਪਹਿਲਾਂ ਉਸ ਨੂੰ ਸੌਰੀ ਆਖਾਂਗਾ !
ਮਿਥੀ ਜਗਾ ਤੇ ਪਹੁੰਚ ਅੰਦਰ ਵੜਨ ਲੱਗਾ ਤਾਂ ਗੇਟ ਤੇ ਖਲੋਤੇ ਬਜ਼ੁਰਗ ਦਰਬਾਨ ਨੂੰ ਦੇਖ ਮਾਂ ਦੀ ਕਿਸੇ ਵੇਲੇ ਦੀ ਕਹੀ ਗੱਲ ਚੇਤੇ ਆ ਗਈ ਕੇ ਪੁੱਤ ਜੇ ਹਰੇਕ ਮਿਲਦੇ ਗਿਲਦੇ ਨੂੰ ਪਹਿਲਾਂ ਫਤਹਿ ਬੁਲਾ ਦੇਈਏ ਤਾਂ ਵਾਹਿਗੁਰੂ ਬਰਕਤਾਂ ਦਾ ਮੀਂਹ ਵਰਾ ਦਿੰਦਾ ਏ !
ਉਸ ਨਾਲ ਫਤਹਿ ਦੀ ਸਾਂਝ ਪਾ ਅੰਦਰ ਲੰਘਣ ਲੱਗਾ ਤਾਂ ਥੱਲੇ ਪਏ ਫੁੱਟ-ਮੈਟ (ਪਾਏ-ਦਾਨ ) ਨੂੰ ਦੇਖ ਮਾਂ ਦੇ ਕਹੇ ਬੋਲ ਇੱਕ ਵਾਰ ਫੇਰ ਚੇਤੇ ਆ ਗਏ ਕੇ ਪੁੱਤ ਬਾਹਰੋਂ ਅੰਦਰ ਵੜੀਏ ਤਾਂ ਪੈਰ ਝਾੜ ਕੇ ਆਈਦਾ! ਪੈਰ ਝਾੜ ਲੈਣ ਮਗਰੋਂ ਜਦੋਂ ਅੰਦਰ ਵੜਨ ਲੱਗਾ ਤਾਂ ਪਤਾ ਨੀ ਦਿਲ ਵਿਚ ਕਿ ਆਇਆ ..ਇੱਕ ਪਾਸੇ ਟੇਢਾ ਜਿਹਾ ਹੋਇਆ ਪਿਆ ਫੁੱਲਾਂ ਦਾ ਗੁਲਦਸਤਾ ਵੀ ਸਿੱਧਾ ਕਰ ਕੇ ਰੱਖ ਦਿੱਤਾ !
ਰਿਸੈਪਸ਼ਨ ਤੇ ਬੈਠੀ ਕੁੜੀ ਦੇਖ ਫਿਰ ਮਾਂ ਦੀ ਕਹੀ ਚੇਤੇ ਆ ਗਈ ਕੇ ਪੁੱਤ ਬੇਗਾਨੀਆਂ ਨੂੰ ਇੱਜਤ ਦੇਵੀਏ ਤਾਂ ਕੁਦਰਤ ਮੇਹਰਬਾਨ ਹੁੰਦੀ ਏ !
ਉਸ ਨੂੰ ਬੜੀ ਨਿਮਰਤਾ ਨਾਲ ਸਤਿ ਸ੍ਰੀ ਅਕਾਲ ਆਖ ਆਪਣਾ ਇੰਟਰਵਿਊ ਲੈਟਰ ਦਿਖਾਇਆ ! ਮੇਰੀ ਅਪਣੱਤ ਦੇਖ ਉਹ ਬੜੀ ਖੁਸ਼ ਹੋਈ ਤੇ ਆਲ ਦਾ ਬੈਸਟ ਆਖਦੀ ਹੋਈ ਲਿਫਟ ਤੱਕ ਆਪ ਛੱਡਣ ਆਈ !
ਉੱਪਰ ਵਰਾਂਡੇ ਵਿਚ ਤੁਰੇ ਜਾਂਦੇ ਨੇ ਦੇਖਿਆ ਕੇ ਕੋਲ ਹੀ ਇੱਕ ਹੱਥ ਧੋਣ ਵਾਲੀ ਟੂਟੀ ਚੋਂ ਪਾਣੀ ਵਗੀ ਜਾ ਰਿਹਾ ਸੀ !
ਮਾਂ ਦੁਆਰਾ ਹਰ ਵੇਲੇ ਪੜਿਆ ਜਾਂਦਾ “ਪਵਨ ਗੁਰੂ ਪਾਣੀ ਪਿਤਾ ” ਵਾਲਾ ਮਹਾਂਵਾਕ ਚੇਤੇ ਕਰ ਇੱਕਦਮ ਖਲੋ ਗਿਆ ਤੇ ਚੱਲਦੀ ਹੋਈ ਟੂਟੀ ਚੰਗੀ ਤਰਾਂ ਬੰਦ ਕਰ ਦਿੱਤੀ !
ਇੰਟਰਵਿਊ ਵਾਲੇ ਕਮਰੇ ਦਾ ਦਰਵਾਜਾ ਖੜਕਾ ਕੇ ਅੰਦਰ ਦਾਖਿਲ ਹੋਇਆ ਤਾਂ ਅੰਦਰ ਬੈਠੇ ਸਰਦਾਰ ਜੀ ਨੇ ਸਾਮਣੇ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ !
ਕੁਝ ਚਿਰ ਮਗਰੋਂ ਉਹ ਆਪ ਹੀ ਉੱਠ ਕੇ ਮੇਰੇ ਕੋਲ ਆਏ ਤੇ ਆਖਣ ਲੱਗੇ ਕੇ ਇਹ ਲਵੋ ਆਪਣਾ ਨਿਯੁਕਤੀ ਪੱਤਰ ਤੇ ਹੁਣ ਦੱਸੋ ਜੋਇਨ ਕਦੋਂ ਕਰਨਾ ?
ਮੈਂ ਹੱਕਾ-ਬੱਕਾ ਹੋਇਆ ਆਪ ਮੁਹਾਰੇ ਹੀ ਪੁੱਛ ਬੈਠਾ ਕੇ ਸਰ ਜੀ ਮੇਰੀ ਇੰਟਰਵਿਊ ਤੇ ਹੋਈ ਹੀ ਨਹੀਂ ਤੇ ਫੇਰ ਇਹ ਨਿਯੁਕਤੀ ਪੱਤਰ ਕਾਹਦਾ?
ਆਖਣ ਲੱਗੇ ਕੇ ਸਾਡੀ ਕੰਪਨੀ ਦੀ ਇੰਟਰਵਿਊ ਗੇਟ ਤੋਂ ਹੀ ਚਾਲੂ ਹੋ ਜਾਂਦੀ ਹੈ ਤੇ ਮੇਰੇ ਕਮਰੇ ਤਕ ਆਉਂਦਿਆਂ ਆਉਂਦਿਆਂ ਤਕ ਇੰਟਰਵਿਊ ਦਾ ਆਖਰੀ ਸੁਆਲ ਵੀ ਪੁੱਛ ਲਿਆ ਜਾਂਦਾ ਹੈ !
ਫੇਰ ਦੱਸਣ ਲੱਗੇ ਕੇ ਜੇ ਤੂੰ ਅੱਜ ਗੇਟ ਤੇ ਖਲੋਤੇ ਖਲੋਤੇ ਸਰਦਾਰ ਜੀ ਅਤੇ ਕਾਊਂਟਰ ਤੇ ਬੈਠੀ ਕੁੜੀ ਨਾਲ ਠੀਕ ਢੰਗ ਨਾਲ ਪੇਸ਼ ਨਾ ਆਉਂਦਾ ਤਾਂ ਤੇਰੇ ੨੦ ਨੰਬਰ ਕੱਟੇ ਜਾਣੇ ਸਨ ! ਫੁੱਟਮੈਟ ਤੇ ਪੈਰ ਝਾੜਨ ਅਤੇ ਗੁਲਦਸਤੇ ਨੂੰ ਸਿੱਧਾ ਕਰ ਕੇ ਰੱਖਣ ਦੇ ਤੈਨੂੰ ਹੋਰ 20 ਨੰਬਰ ਮਿਲ ਗਏ ਤੇ ਬਾਕੀ ਦਾ ਕੰਮ ਤੂੰ ਚੱਲਦੀ ਹੋਈ ਟੂਟੀ ਬੰਦ ਕਰ ਕੇ ਕਰ ਦਿੱਤਾ!
ਦੱਸਣ ਲੱਗੇ ਕੇ ਸਾਡੀ ਕੰਪਨੀ ਵਿਚ ਕੈਂਡੀਡੇਟ ਸਰਟੀਫਿਕੇਟਾਂ ਤੇ ਲੱਗੀਆਂ ਪਹਿਲੀਆਂ ਦੂਜੀਆਂ ਪੁਜੀਸ਼ਨਾਂ ਦੇ ਹਿੱਸਾਬ ਨਾਲ ਹੀਂ ਚੁਣਿਆ ਜਾਂਦਾ !
ਨਿਯੁਕਤੀ ਪੱਤਰ ਫੜੀ ਘਰੇ ਆਉਂਦਾ ਸੋਚ ਰਿਹਾ ਸਾਂ ਕੇ ਜੋ ਕੁਝ ਸ਼ਹਿਰ ਦੇ ਵੱਡੇ ਵੱਡੇ ਕੋਚਿੰਗ ਸੈਂਟਰ ਨਾ ਕਰ ਸਕੇ ਉਹ ਅੱਜ ਦੁਨੀਆ ਦੀ ਨਜਰ ਵਿਚ ਅਨਪੜ ਮੰਨੀ ਜਾਂਦੀ ਸਧਾਰਨ ਜਿਹੀ ਘਰੇਲੂ ਔਰਤ ਕੋਲੋਂ ਨਿੱਤ ਦਿਹਾੜੇ ਮਿਲਦੀਆਂ ਮੁਫ਼ਤ ਦੀਆਂ ਨਸੀਹਤਾਂ ਨੇ ਕਰ ਵਿਖਾਇਆ।

Unknown

You may also like