ਪੇਕੇ ਹੁੰਦੇ ਮਾਵਾਂ ਨਾਲ

by admin

ਮਾਂ ਬੜੇ ਹੀ ਠੰਡੇ ਸੁਬਾਹ ਦੀ ਹੋਇਆ ਕਰਦੀ ਪਰ ਉਸ ਤੋਂ ਪੇਕਿਆਂ ਖਿਲਾਫ ਕੋਈ ਵੀ ਗੱਲ ਜਰੀ ਨਾ ਜਾਂਦੀ..! ਅਸੀ ਕਿੰਨੀਆਂ ਸਾਰੀਆਂ ਕੁੜੀਆਂ ਦਾ ਜੁੱਟ..ਸਾਰੀ ਦਿਹਾੜੀ ਬੱਸ ਲੋਕਾਂ ਦੇ ਕੰਧਾਂ-ਕੋਠੇ ਟੱਪਦਿਆਂ ਹੀ ਲੰਘ ਜਾਇਆ ਕਰਦੀ..ਸਾਉਣ-ਭਾਦਰੋਂ ਦੀਆਂ ਲੰਮੀਆਂ ਸਿਖਰ ਦੁਪਹਿਰਾਂ ਵਿਚ ਕਦੇ ਲੁਕਣ-ਮੀਚੀ ਤੇ ਕਦੀ ਗੁੱਡੀਆਂ ਪਟੋਲੇ..ਘਰੇ ਸਿਰਫ ਖਾਣ ਪੀਣ ਨੂੰ ਹੀ ਆਉਂਦੀਆਂ!
ਮਾਂ ਨੇ ਚੋਪੜੇ ਹੋਏ ਫੁਲਕੇ ਪੋਣੇ ਵਿਚ ਲਪੇਟ ਕੇ ਰੱਖੇ ਹੁੰਦੇ..
ਆਪ ਹਰ ਵੇਲੇ ਮਿੱਟੀ ਨਾਲ ਮਿੱਟੀ ਹੋਈ ਉਹ ਕਦੇ ਵੇਹੜੇ ਵਿਚ ਗੋਹਾ ਫੇਰ ਰਹੀ ਹੁੰਦੀ..ਕਦੀ ਚੁੱਲ੍ਹਾ ਲਿੱਪ ਰਹੀ ਹੁੰਦੀ..ਤੇ ਕਦੀ ਬਾਹਰ ਪਾਥੀਆਂ ਪੱਥਣ ਗਈ ਹੁੰਦੀ..!
ਅਸੀਂ ਖਾਣੇ ਵਿਚ ਕਿੰਨੇ ਸਾਰੇ ਨੁਕਸ ਕੱਢ ਦਿੰਦੇ..
ਸਬਜੀ ਵਿਚ ਲੂਣ ਮਿਰਚ ਜਿਆਦਾ..ਰੋਟੀ ਦੇ ਕੰਢੇ ਕੱਚੇ..ਖਾਣ ਨੂੰ ਮਿੱਠਾ ਕਿਓਂ ਨਹੀਂ ਬਣਾਇਆ?..ਉਹ ਆਖਦੀ “ਪਹਿਲਾਂ ਰੋਟੀ ਖਾਓ ਫੇਰ ਮਿਲੂ ਖੀਰ”..ਉਸ ਨੇ ਕਿਧਰੇ ਲੂਕਾ ਕੇ ਜੂ ਰੱਖੀ ਹੁੰਦੀ..ਚੋਵੀ ਘੰਟੇ ਬਸ ਮਸ਼ੀਨ ਬਣ ਤੁਰਿਆ ਫਿਰਦਾ ਵਜੂਦ..!
ਸੌਂਦੀ ਦਾ ਪਤਾ ਨਹੀਂ ਪਰ ਹਮੇਸ਼ਾਂ ਸਾਡੇ ਮਗਰੋਂ ਲੰਮੇ ਪੈਂਦੀ ਤੇ ਸਾਥੋਂ ਪਹਿਲਾਂ ਹੀ ਉੱਠ ਜਾਂਦੀ..!
ਉਸ ਨੂੰ ਖਰਚੇ ਚਲਾਉਣ ਲਈ ਬੱਝੇ ਰੁਪਈਏ ਮਿਲਿਆ ਕਰਦੇ..
ਵਿਚੋਂ ਕੁਝ ਬਚਾ ਲਿਆ ਕਰਦੀ..ਕਦੀ ਮੇਰੇ ਨਵੇਂ ਸੂਟ ਤੇ ਕਦੀ ਵੀਰ ਦੀ ਕਮੀਜ ਲਿਆ ਦਿੰਦੀ..ਆਪ ਵਿਆਹਾਂ ਸ਼ਾਦੀਆਂ ਵੇਲੇ ਹੀ ਨਵਾਂ ਸੂਟ ਸਵਾਇਆ ਕਰਦੀ..!
ਕਈ ਵਾਰ ਮਾਂ-ਬਾਪ ਦੋਵੇਂ ਆਪੋ ਵਿਚ ਲੜ ਪਿਆ ਕਰਦੇ..
ਅਸੀਂ ਵਿਚ ਨਾ ਪਿਆ ਕਰਦੇ..ਸਾਨੂੰ ਸਿਰਫ ਏਨਾ ਮਤਲਬ ਹੀ ਹੁੰਦਾ ਕੇ ਖਾਣ ਨੂੰ ਰੋਟੀ,ਖਰਚਣ ਨੂੰ ਪੈਸੇ ਅਤੇ ਪਾਉਣ ਲਈ ਲੀੜਾ-ਕੱਪੜਾ ਮਿਲਦਾ ਰਹੇ..ਬਸ!
ਆਥਣ ਵੇਲੇ ਜਦੋਂ ਘਰ ਪਰਤਦੇ ਤਾਂ ਉਹ ਕਈ ਵਾਰ ਨੁੱਕਰੇ ਬੈਠੀ ਕਾਗਤ ਤੇ ਕੁਝ ਲਿਖ ਰਹੀ ਹੁੰਦੀ..ਸਾਨੂੰ ਵੇਖ ਛੇਤੀ ਨਾਲ ਲੁਕਾ ਲਿਆ ਕਰਦੀ ਪਰ ਸਾਨੂੰ ਪਤਾ ਹੁੰਦਾ ਕੇ ਉਹ ਕੀ ਤੇ ਕਿਸਨੂੰ ਲਿਖ ਰਹੀ ਏ..ਵੱਡੇ ਮਾਮੇ ਨੂੰ ਤੇ ਜਾਂ ਫੇਰ ਨਾਨੇ ਨੂੰ..!
ਅਗਲੀ ਸਵੇਰ ਜਦੋਂ ਗੁੱਸਾ ਠੰਡਾ ਹੁੰਦਾ ਤਾਂ ਉਹ ਰਾਤੀਂ ਲਿਖਿਆ ਰੁੱਕਾ ਪਾੜ ਦਿਆ ਕਰਦੀ..!
ਨਾਨੀ ਨਿੱਕੇ ਹੁੰਦਿਆਂ ਹੀ ਪੂਰੀ ਹੋ ਗਈ ਸੀ ਤੇ ਨਾਨਾ ਜੀ ਪੱਕਾ ਅਕਾਲੀ..ਮੰਜੀ ਸਾਬ ਸੰਤਾਂ ਦੇ ਭਾਸ਼ਣ ਸੁਣਨ ਜਾਇਆ ਕਰਦਾ..!
ਹਰੇਕ ਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਹੋਕਾ ਦਿੰਦਾ ਜਦੋਂ ਵੀ ਪਿੰਡ ਦੀ ਜੂਹ ਵਿਚ ਵੜਿਆ ਕਰਦਾ ਤਾਂ ਚਾਰੇ ਪਾਸੇ ਦੁਹਾਈ ਮੱਚ ਜਾਂਦੀ..ਅਸੀਂ ਸਾਰੀਆਂ ਜਿਥੇ ਵੀ ਖੇਡ ਰਹੀਆਂ ਹੁੰਦੀਆਂ ਓਧਰ ਨੂੰ ਨੱਸ ਤੁਰਦੀਆਂ..!
ਉਸਦੇ ਸਾਈਕਲ ਦੇ ਹੈਂਡਲ ਨਾਲ ਹਮੇਸ਼ਾਂ ਹੀ ਕੁਝ ਨਾ ਕੁਝ ਟੰਗਿਆ ਹੁੰਦਾ..
ਕਦੀ ਗੁੜ ਅਤੇ ਤਿੱਲਾਂ ਵਾਲੇ ਲੱਡੂ..ਕਦੀ ਵੇਸਣ..ਕਦੀ ਟਿੱਕੀ ਵਾਲਾ ਗੁੜ..ਤੇ ਕਦੀ ਅਲਸੀ ਦੀਆਂ ਕਿੰਨੀਆਂ ਸਾਰੀਆਂ ਪਿੰਨੀਆਂ..!
ਉਹ ਇੱਕ ਪੈਰ ਥੱਲੇ ਲਾ ਕਿਸੇ ਨਾਲ ਗੱਲੀਂ ਲੱਗਾ ਹੁੰਦਾ ਤੇ ਅਸੀ ਹੌਲੀ ਜਿਹੀ ਟੰਗੇ ਹੋਏ ਝੋਲੇ ਵਿਚੋਂ ਕਿੰਨਾ ਕੁਝ ਕੱਢ ਵਾਪਿਸ ਦੂਰ ਉੱਡ ਜਾਂਦੀਆਂ..!
ਫੇਰ ਇੱਕ ਦਿਨ ਨਾਨਾ ਮੁੱਕ ਗਿਆ..
ਤੇ ਨਾਲ ਹੀ ਮੁੱਕ ਗਈ ਮਾਂ ਦੇ ਚੇਹਰੇ ਦੀ ਰਹਿੰਦੀ ਖੂੰਹਦੀ ਰੌਣਕ..
ਹੁਣ ਉਹ ਅਕਸਰ ਹੀ ਚੁੱਪ ਰਹਿੰਦੀ..ਕਦੇ ਕਦਾਈਂ ਸਪੀਕਰ ਤੇ ਬਿੰਦਰਖੀਏ ਦਾ ਇਹ ਗੀਤ ਸੁਣਦੀ ਕੇ “ਮਾਂ ਨੀ ਮੈਂ ਹੁਣ ਪੇਕੇ ਆਉਣਾ..ਪੇਕੇ ਹੁੰਦੇ ਮਾਵਾਂ ਨਾਲ”..ਤਾਂ ਅੱਖਾਂ ਪੂੰਝਦੀ ਛੇਤੀ ਨਾਲ ਅੰਦਰ ਵੜ ਜਾਇਆ ਕਰਦੀ!ਫੇਰ ਜਦੋਂ ਦਸਵੀਂ ਦੇ ਪੇਪਰਾਂ ਵੇਲੇ ਇੱਕ ਦਿਨ ਝੋਨਾ ਝੰਬਦੇ ਡੈਡ ਨੂੰ ਪੁਲਸ ਨੇ ਚੁੱਕ ਲਿਆ ਤਾਂ ਅਸੀਂ ਦੋਹਾਂ ਨੇ ਚੱਪਾ ਚੱਪਾ ਛਾਣ ਮਾਰਿਆ..ਪਰ ਡੈਡ ਨਾ ਲੱਭਿਆ..ਉਸਦੀ ਯਾਦ ਅਜੇ ਵੀ ਸੂਲ ਬਣ ਚੁੱਭਦੀ ਰਹਿੰਦੀ ਏ..! ਅੱਜ ਵਿਆਹ ਤੋਂ ਕਿੰਨੇ ਵਰ੍ਹਿਆਂ ਬਾਅਦ ਜਦੋਂ ਤੁਰ ਗਈ ਨੂੰ ਯਾਦ ਕਰਦੀ ਹਾਂ ਤਾਂ ਇਹ ਆਖਦੀ ਮਹਿਸੂਸ ਹੁੰਦੀ ਕੇ ਧੀਏ ਕੋਈ ਗੱਲ ਹੋ ਜੇ ਤਾਂ ਰੁੱਕਾ ਜਰੂਰ ਲਿਖ ਦੇਵੀਂ..
ਤਦੇ ਹੀ ਸ਼ਾਇਦ ਸੱਤ ਸਮੁੰਦਰ ਪਾਰ ਬੈਠੀ ਨੂੰ ਜਦੋਂ ਕੋਈ ਮਾੜਾ ਮੋਟਾ ਸੇਕ ਜਿਹਾ ਲੱਗਦਾ ਏ ਤਾਂ ਸੈੱਲ ਫੋਨ ਤੇ ਵੀਰ ਦਾ ਨੰਬਰ ਦੱਬ ਕਿੰਨਾਂ ਚਿਰ ਹਰੇ ਬਟਨ ਵੱਲ ਤੱਕਦੀ ਰਹਿੰਦੀ ਹਾਂ..ਸੋਚਦੀ ਹਾਂ ਕੇ ਜੇ ਮਾਂ ਵਾਂਙ ਕੋਈ “ਰੁੱਕਾ” ਲਿਖ ਕੇ ਰਖਿਆ ਹੁੰਦਾ ਤਾਂ ਅਗਲੇ ਦਿਨ ਪਾੜ ਵੀ ਦਿਆ ਕਰਦੀ..ਪਰ ਇਸ ਚੰਦਰੇ ਨੇ ਤਾਂ ਸਿਧੀ ਜਾ ਤਾਰ ਹੀ ਖੜਕਾ ਦੇਣੀ ਏ..ਅਗਲੇ ਦੀ ਵੀ ਹੁਣ ਆਪਣੀ ਜਿੰਦਗੀ ਤੇ ਆਪਣੇ ਮਸਲੇ ਨੇ..!
ਅੱਜ ਵੀ ਜਦੋਂ ਕਦੇ ਬਿੰਦਰਖੀਏ ਵਾਲਾ ਓਹੀ “ਪੇਕੇ ਹੁੰਦੇ ਮਾਵਾਂ ਨਾਲ” ਗੀਤ ਕੰਨੀ ਪੈ ਜਾਂਦਾ ਏ ਤਾਂ ਪਿੰਡ ਵਾਲੇ ਸੁੰਞੇ ਹੋ ਗਏ ਵੇਹੜੇ ਨੂੰ ਚੇਤੇ ਕਰ ਕਾਲਜੇ ਦਾ ਰੁਗ ਜਿਹਾ ਭਰਿਆ ਜਾਂਦਾ ਏ!

ਹਰਪ੍ਰੀਤ ਸਿੰਘ ਜਵੰਦਾ

Harpreet Singh Jawanda

You may also like