ਮਾਮੇ ਦੇ ਮੁੰਡੇ ਦੇ ਵਿਆਹ ‘ਤੇ ਜਾਣ ਵੇਲੇ ਬਾਪੂ ਨੂੰ ਆਖਿਆ ਸੀ,ਪਾਪਾ ਥੋਡੇ ਸਹੁਰਿਆਂ ‘ਚ ਪਹਿਲਾ ਵਿਆਹ ਏ, ਸਵਾ ਲਵੋ ਨਵੇਂ ਪੈਂਟ-ਕੋਟ, ਐਵੇਂ ਨਾ ਕੰਜੂਸੀਆਂ ਕਰੀ ਜਾਇਆ ਕਰੋ! “ਓਏ ਪੁੱਤਰਾ, ਇਹ ਸਜਣਾ-ਧਜਣਾ ਥੋਨੂੰ ਜਵਾਨਾਂ ਨੂੰ ਸੋਹਦਾ, ਸਾਡਾ ਕੀ ਏ ਬੁੱਢਿਆਂ-ਠੇਰਿਆਂ ਦਾ ਤੇ ਬਾਪੂ ਨੇ ਪੁਰਾਣੇ ਸਫਾਰੀ ਸੂਟ ‘ਚ ਈ ਵਿਆਹ ਭੁਗਤਾ ਦਿੱਤਾ। “ਤੁਸੀ ਤਾਂ ਲੁਧਿਆਣਾ ਨੀ ਟੱਪੇ ਹੋਣੇ !ਐਤਕੀ ਥੋਨੂੰ ਸ਼ਿਮਲੇ ਲੈ ਕੇ ਜਾਣਾ ਘੁਮਾਉਣ, ਯਾਰ ਬਾਪੂ!” ਮਜ਼ਾਕ ਕਰ ਲਈਦਾ ਸੀ ਉਹਨਾਂ ਨਾਲ। ਚੌੜ ਪਿਆਂ ਨੇ ਕਈ ਵਾਰ ‘ਤੂੰ-ਤਾਂ’ ਵੀ ਕਹਿ ਜਾਣਾ। ਜਦੋਂ ਪਾਪੇ ਨੇ ਕੋਈ ਚੀਜ਼ ਖਰੀਦਣੀ ਹੁੰਦੀ ਤਾਂ ਬੜੀ ਨਿਰਖ-ਪਰਖ ਕਰਨੀ। ਅਸੀਂ ਭੈਣਾਂ-ਭਰਾਵਾਂ ਨੇ ਕਹਿਣਾ” ਬਾਪੂ ਆਪਣਾ ਸੀ ਬੀ ਆਈ ‘ਚ ਹੋਣਾ ਚਾਹੀਦਾ ਸੀ।
ਕੰਮ ਤੋਂ ਘਰ ਅਤੇ ਘਰੇ ਕੰਮ ‘ਤੇ ਇਹੋ ਸੀ ਉਹਨਾਂ ਦਾ ਰੁਟੀਨ, ਸ਼ੁੱਧ ਸਾਕਾਹਾਰੀ, ਸ਼ਰਾਬ ਸਾਰੀ ਉਮਰ ਜੀਭ ‘ਤੇ ਨਹੀਂ ਧਰ ਕੇ ਦੇਖੀ ਹੋਣੀ।ਬੜੀ ਬਲੈਕ ਐਂਡ ਵਾਈਟ ਸੀ ਜ਼ਿੰਦਗੀ ਉਹਨਾਂ ਦੀ! ਛੋਟੀ ਉਮਰੇ ਕਬੀਲਦਾਰੀ ਮੋਢਿਆਂ ‘ਤੇ ਪੈ ਗਈ ਸੀ। ਤਿੰਨ ਭੈਣਾਂ ਦਾ ਵਿਆਹ ਕਰਕੇ ਫਿਰ ਆਪਣੇ ਬਾਰੇ ਸੋਚਿਆ ਸੀ। ਰਿਸ਼ਤੇਦਾਰੀਆਂ ‘ਚ ਕਿਵੇਂ ਨਿਭੀਦਾ ਕੋਈ ਉਹਨਾਂ ਤੋਂ ਸਿੱਖਦਾ।
ਕੁਝ ਹਵਾਵਾਂ ਵਗਦੀਆਂ ਨਹੀਂ ਪਰ ਹੁੰਝ ਕੇ ਸਭ ਕੁਝਲੈ ਜਾਂਦੀਆਂ ਨੇ।ਮੈਸਵ ਹਾਰਟ ਅਟੈਕ ਨੇ ਸਾਨੂੰ ਤਿੰਨ ਨਹੀਂ ਗਿਣਨ ਦਿੱਤੇ ਕਿ ਸਾਡੀ ਫੁੱਲਾਂ ਦੀ ਕਿਆਰੀ ‘ਤੇ ਹੋਣੀ ਨੇ ਤਵੀਆਂ ਫੇਰ ਦਿੱਤੀਆਂ। ਕਿਸੇ ਨੇ ਦੋ ਮਹੀਨਿਆਂਤੋ ਛੇੜਿਆ ਨਹੀਂ ਸੀ, ਕੱਲ ਨਿੱਕੀ ਵਿਹੜੇ ‘ਚ ਖੜ੍ਹਾ ਕੇ ਨਾਲੇ ਤਾਂਪਾਪੇ ਦਾ ਸੈਕਲ ਸਾਫ਼ ਕਰੀ ਜਾਵੇ ਤੇ ਨਾਲੇ ਰੋਈ ਜਾਵੇ।ਤੇ ਸ਼ਾਮੀ ਇੱਕ ਰਕਸ਼ੇ ਵਾਲਾ ਦੋ ਹਜ਼ਾਰ ਰੁਪਈਆ ਮੋੜਨ ਆਇਆ ਹੱਥ ਜੋੜ ਕੇ ਕਹਿੰਦਾ, ‘ਭਾਈ ਸਾਬ ਨੇ ਬੜੇ ਔਖੇ ਵੇਲੇ ਮਦਦ ਕੀਤੀ ਸੀ, ਮਸਾਂ-ਮਸਾਂ ਐਸੇ ਇਨਸਾਨ ਪੈਦਾ ਹੁੰਦੇ।
ਧਰਤੀ ਆਪਣੇ ਧੁਰੇ ਤੋਂ ਹਿੱਲ ਗਈ ਲੱਗਦੀ ਏ, ਡੇਢ ਸੌ ਦੀ ਸਪੀਡ ‘ਤੇ ਜਾਂਦੀ ਗੱਡੀ ਦਾ ਪਹੀਆ ਲਹਿ ਗਿਆ ਏ, ਪਤਾ ਈ ਨੀ ਲੱਗਦਾ ਪਿਆ ਬਾਪੁ ਬਿਨਾਂ ਹੁਣ ਚੱਲੂਗਾ ਕਿਵੇ ! ਨੌਜਵਾਨ ਪੀੜੀ ਨੂੰ ਇੱਕ ਬਿਮਾਰੀ ਏ, ਸਮਝ ਮੇਲਾ ਵਿੱਝੜਣ ਤੋਂ ਬਾਅਦ ਆਉਂਦੀ ਏ, ਉਦੋ ਨੂੰ ਮੌਕਾ ਹੱਥੋਂ ਖੁੰਝ ਚੁੱਕਿਆ ਹੁੰਦਾ ਏ।ਮਾਪੇ ਪੁਰਾਣੇ ਖਿਆਲਾਤ ਦੇ ਲੱਗਦੇ ਨੇ ਅਸਲ ਹਕੀਕਤ ਉਦੋ ਪਤਾ ਲੱਗਦੀ ਏ ਜਦੋਂ ਉਹਨਾਂ ਦੀ ਜੁੱਤੀ ‘ਚ ਪੈਰ ਪਾਉਣਾ ਪੈਂਦਾ ਏ।
ਸੌ ਹੱਥ ਰੱਸਾ ਤੇ ਸਿਰੇ ‘ਤੇ ਗੰਢ, ਬੱਸ, ਏਨਾ ਈ ਕਹਾਂਗਾ, ਜੀਹਦੇ ਹੈਗੇ ਆ ਕਦਰ ਕਰ ਲੋ। ਜਿਉਂਦਿਆਂ-ਜਾਗਦਿਆਂ ਦੀ, ਮਗਰੋ ਨਹੀਂ ਕੰਧਾਂ ‘ਚ ਟੱਕਰਾਂ ਮਾਰਨ ਦਾ ਕੋਈ ਫੈਦਾ ਨੀ!