ਅਸਲ ਮੁਹੱਬਤ ਦਾ ਕਿੱਸਾ

by admin

ਸਟੇਟਸ ਪਾ ਦਿੱਤੇ,ਸਟੋਰੀਆੰ ਪਾ ਦਿੱਤੀਆਂ ਤੇ ਪ੍ਰੀਵੈਡਿੰਗ ਚ ਪੋਜ਼ ਐਂਵੇ ਦੇ ਪਾ ਦਿੱਤੇ ਕਿ ਬਈ ਦੇਖਣ ਆਲੇ ਨੂੰ ਲੱਗੇ ਕਿ ਇਹਨਾਂ ਤੋਂ ਪਿਆਰਾ ਕਪਲ ਕੋਈ ਨਹੀਂ ਏ । ਇਹ ਸਭ ਅਸਲ ਚ ਲੋਕਾਂ ਲਈ ਜਿਉਣਾ ਹੁੰਦਾ ਏ ਪਰ ਪੁਰਾਣੇ ਬਜ਼ੁਰਗ ਜੋੜਿਆਂ ਨੂੰ ਇੱਕ ਦੂਜੇ ਲਈ ਜਿਉੰਦੇ ਦੇਖਿਆ ਮੈਂ । ਮਾਂ ਦੀ ਜਿੰਨੀ ਪ੍ਰਵਾਹ ਪਾਪਾ ਕਰਦੇ ਆ ਉਹਨੀ ਸ਼ਾਇਦ ਸਾਡੇ ਤੋਂ ਵੀ ਨਹੀਂ ਹੁੰਦੀ । ਮਾਂ ਜਿਸ ਦਿਨ ਬਿਮਾਰ ਹੋਈ ਤੇ ਪਾਪਾ ਉਹਨਾਂ ਨੂੰ ਕਿੰਨਾ ਚਿਰ ਮੰਡ੍ਹੀ ਗਏ । ਸਾਨੂੰ ਨਹੀਂ ਉਠਾਇਆ ਕਿ ਜੁਆਕ ਨਾ ਔਖੇ ਹੋਣ । ਮਾਂ ਦੇ ਬਿਮਾਰ ਹੋਣ ਤੇ ਖੁਦ ਵੀ ਬਿਮਾਰ ਜੇਹਾ ਮਹਿਸੂਸ ਕੀਤਾ ਉਹਨਾਂ । ਰੋਟੀ ਵੀ ਅੱਧੀ ਕਰ ਦਿੱਤੀ ਤੇ ਆਖਣਾ ਕਿ ਭੁੱਖ ਨਹੀਂ ਲੱਗੀ ਚਾਹ ਪੀ ਲਈ ਜਿਆਦਾ । ਮਾਂ ਠੀਕ ਹੋ ਕੇ ਘਰ ਆਈ ਤਾਂ ਰੋਟੀ ਪਹਿਲਾਂ ਵਾਂਗ ਖਾਣ ਲੱਗ ਗਏ ।
ਪਾਪਾ ਨੂੰ ਮਾਂ ਬਿਨਾਂ ਕਹੇ ਪਾਣੀ ਦਾ ਗਲਾਸ ਲਿਆ ਦਿੰਦੀ ਸੀ ਜਦੋਂ ਵੀ ਖੇਤੋਂ ਆਉਂਦੇ । ਹੁਣ ਮਾਂ ਮੰਜੇ ਤੇ ਆ ਤੇ ਪਾਪਾ ਵੀ ਬਿਨਾਂ ਕਹੇ ਪਾਣੀ ਦਾ ਗਿਲਾਸ ਭਰ ਕੇ ਦੇ ਦਿੰਦੇ ਆ ।
ਮੁਹੱਬਤ ਦੇ ਕਿੰਨੇ ਕਿੱਸੇ ਲਿਖੇ ਨੇ ਪਰ ਮਾਂ ਪਾਪਾ ਦੀ ਮੁਹੱਬਤ ਦਾ ਕਿੱਸਾ ਮੇਰਾ ਪਸੰਦੀਦਾ ਏ । ਲੁਧਿਆਣੇ ਤੋਂ ਦਵਾਈ ਲੈਣ ਜਦ ਮਾਂ ਤੇ ਵੀਰ ਜਾਂਦੇ ਨੇ ਤਾਂ ਪਾਪਾ ਕਿੰਨੀ ਵਾਰ ਯਾਦ ਕਰਾ ਦਿੰਦੇ ਆ ਕਿ ਫੋਨ ਕਰਲੈ ਜੱਸੇ ਨੂੰ ਠੀਕ ਠਾਕ ਪੁੱਜ ਗਏ ਪਰ ਅਸਲ ਚ ਉਹ ਮਾਂ ਦੀ ਫ਼ਿਕਰ ਕਰਦੇ ਹੁੰਦੇ ਨੇ ਕਿ ਉਹ ਠੀਕ ਏ ।
ਮਾਂ ਦੇ ਬਿਮਾਰ ਹੋਣ ਤੇ ਪਾਪਾ ਤੇ ਮੈਂ ਗੁਰਦੁਆਰੇ ਅਰਦਾਸ ਕਰਵਾਉਣ ਗਏ ਤੇ ਅਰਦਾਸ ਕਰਵਾਉਣ ਵੇਲੇ ਪਾਠੀ ਨੂੰ ਦੱਸਣਾ ਸੀ ਕਿ ਬਈ ਕੀ ਨਾਂ ਏ ਤੇ ਕਾਹਤੋਂ ਅਰਦਾਸ ਕਰਨੀ ਏ । ਮਾਂ ਦਾ ਨਾਂ ਤੇ ਤੰਦਰੁਸਤੀ ਦੀ ਅਰਦਾਸ ਬਾਰੇ ਦੱਸਦਿਆਂ ਪਾਪਾ ਦਾ ਗੱਚ ਭਰ ਗਿਆ ਤੇ ਜੁਬਾਨ ਥਥਲਾਉਣ ਲੱਗੀ । ਪਾਪਾ ਤੋਂ ਨਾ ਦੱਸਿਆ ਗਿਆ ਤੇ ਫੇਰ ਮੈਨੂੰ ਦੱਸਣਾ ਪਿਆ । ਐਨਾ ਕੁ ਫ਼ਰਕ ਏ ਕਿ ਉਹ ਸਾਡੇ ਸਾਹਮਣੇ ਰੋਂਦੇ ਨਹੀਂ ਪਰ ਅੰਦਰੋਂ ਰੋ ਲੈਂਦੇ ਨੇ ਤੇ ਏਹ ਮੁਹੱਬਤ ਈ ਹੈ ਕਿ ਉਹ ਇੱਕ ਦੂਜੇ ਦੇ ਦਰਦ ਨੂੰ ਬਿਨਾਂ ਕਿਸੇ ਦਿਖਾਵੇ ਦੇ ਮਹਿਸੂਸ ਕਰਦੇ ਨੇ । ਕਿੰਨੀ ਪ੍ਰਵਾਹ ਕਿੰਨਾ ਫ਼ਿਕਰ ਇਸ ਔਖੀ ਘੜੀ ਚ ਦੇਖਿਆ ਏ । ਰੱਬ ਅੱਗੇ ਅਰਦਾਸ ਏ ਕਿ ਏਹ ਮੁਹੱਬਤ ਜਨਮਾਂ ਤੀਕ ਨਿਭੇ ।

ਬਰਾੜ ਜੱਸੀ

Brar Jessy

You may also like