ਬਹੁਤ ਸਬਰਾਂ ਵਾਲੀ ਸੀ ਮੇਰੀ ਅੰਮੀਂ

by Lakhwinder Singh
ਤਪਦੀਆਂ ਦੁਪਾਹਿਰਾਂ ਚ ਉੱਚੇ – ਉੱਚੇ ਟਿੱਬਿਆਂ ਵਾਲੇ ਰਾਹ ਖੇਤ ਚ ਕੰਮ ਕਰਦੇ ਬਾਪੂ ਦੀ ਰੋਟੀ ਦੇਣ ਜਾਂਦੀ ਸਾਂ ਨਿਆਣੀਂ ਹੁੰਦੀ । ਅੰਮੀਂ ਆਖਿਆ ਕਰਦੀ ਸੀ ਸਕੂਲੋਂ ਆਉਂਦੀ ਨੂੰ ਹੀ ” ਜਾ ਮੇਰੀ ਧੀ ਰੋਟੀ ਬਾਅਦ ਚ ਖਾ ਲਵੀਂ , ਪਹਿਲਾਂ ਆਪਣੇਂ ਬਾਪੂ ਦੀ ਰੋਟੀ ਫੜਾਕੇ ਆ ਖੇਤ, ਉਹ ਵੇਖ ਪਰਛਾਵਾਂ ਤੂੜੀ ਵਾਲੇ ਕੋਠੇ ਦੀ ਕੰਧ ਨਾਲ ਆ ਗਿਆ ਏ , ਰੋਟੀ ਵੇਲੇ ਸਿਰ ਨਾਂ ਪਹੁੰਚੀ ਤਾਂ ਬਾਪੂ ਤੇਰੇ ਡਾਢਾ ਗੁੱਸਾ ਕਰਨਾਂ ਏ ।
ਮੈਨੂੰ ਬੜਾ ਗੁੱਸਾ ਆਉਣਾਂ , ਕਈ ਵਾਰ ਆਖਣਾਂ ਮੈਂ , ” ਅੰਮੀਂ ਇੰਨੇਂ ਗਰਮ ਮਿਜਾਜ਼ ਬੰਦੇ ਨਾਲ ਵਿਆਹ ਕਿਓਂ ਕਰਾਇਆ ਤੂੰ?
ਜਦੋਂ ਬਾਪੂ ਨੂੰ ਰੋਟੀ ਫੜਾ ਖੇਤੋਂ ਪਿੰਡ ਵੱਲ ਨੂੰ ਮੁੜਨਾਂ ਤਾਂ ਬਾਪੂ ਨੇਂ ਸਦਾ ਖਰਵੇ ਜਿਹੇ ਬੋਲਾਂ ਚ ਕਹਿਣਾਂ, ” ਵੀਰਾਂ ਸਿੱਧੀ ਪਿੰਡ ਨੂੰ ਜਾਈਂ , ਰਾਹ ਚ ‘ ਬਖਤਾਵਰ ‘ ਹੁਣਾਂ ਦੀ ਢਾਣੀਂ ਤੇ ਨਿਆਣਿਆਂ ਨਾਲ ਨਾਂ ਖੇਡ ਪੈ ਜਾਵੀਂ , ਤੇਰੀ ਅੰਮੀਂ ਉਡੀਕਦੀ ਰਹੇ ਕਿੱਧਰੇ।
ਮੈਂ ਸਿਰ ਹਿਲਾ ਘਰ ਨੂੰ ਤੁਰ ਪੈਂਦੀ ।
ਮੇਰੀ ਅੰਮੀਂ ਹਵੇਲੀ ਵਾਲੇ ਸਰਦਾਰਾਂ ਦੀ ਧੀ ਸੀ , ਤੇ ਮੇਰੀ ਮਾਸੀ ਕਿਸੇ ਵੱਡੇ ਅਹੁਦੇਦਾਰ ਨੂੰ ਵਿਆਹੀ ਹੋਈ, ਜਦੋਂ ਨਾਨਾ ਮੋਟਰ ਗੱਡੀ ਤੇ ਮੇਰੀ ਅੰਮੀਂ ਨੂੰ ਮਿਲਣ ਆਉਂਦਾ ਤਾਂ ਅੰਮੀਂ ਲਈ ਮਹਿੰਗੇ ਸੂਟ ਤੇ ਮਖਮਲੀ ਦਪੁੱਟਿਆਂ ਦੇ ਕਿੰਨੇਂ ਜੋੜੇ ਨਾਨੀ ਘੱਲਦੀ ਤੇ ਸਾਨੂੰ ਚਾਰਾਂ ਭੈਣਾਂ ਨੂੰ ਕਿੰਨੀਆਂ ਸੁਗਾਤਾਂ।
ਕਦੀ ਕਦੀ ਮੈਂ ਅੰਮੀਂ ਨੂੰ ਪੁੱਛਦੀ , ” ਬੀਬੀ ਤੇਰਾ ਬਾਪੂ ਮੋਟਰ ਗੱਡੀਆਂ ਵਾਲਾ ਤੇ ਸਾਡੀ ਮਾਸੀ ਵੀ ਵੱਡੇ ਸ਼ਹਿਰ ਰਹਿੰਦੀ ਏ , ਡਾਢੀ ਰਸੂਖ ਵਾਲੀ ਏ , ਤੂੰ ਕਿਓਂ ਬਾਪੂ ਨਾਲ ਵਿਆਹ ਕਰਾਇਆ?
ਤਾਂ ਅੰਮੀਂ ਝੱਟ ਆਖਦੀ , ” ਬੀਬੀਆਂ ਧੀਆਂ ਇਹੋ ਜਿਹੀਆਂ ਗੱਲਾਂ ਨੀਂ ਕਰਦੀਆਂ ਹੁੰਦੀਆਂ, ਤੇਰਾ ਬਾਪੂ ਵੀ ਜੈਲਦਾਰਾਂ ਦਾ ਪੁੱਤਰ ਏ , ਬਸ ਤੇਰੇ ਵੱਡੇ ਬਾਪੂ ਨੇਂ ਤੇਰੇ ਦੋਵੇਂ ਤਾਇਆਂ ਨਾਲੋਂ ਅੱਧੀ ਪੈਲੀ ਦਿੱਤੀ ਏ ਤੇਰੇ ਬਾਪੂ ਨੂੰ , ਕਹਿੰਦਾ ਧੀਆਂ ਦਾ ਪਿਓ ਏਂ ਤੂੰ , ਕੋਈ ਪੁੱਤਰ ਤਾਂ ਹੈ ਨਈਂ , ਬੇਗਾਨੇ ਪੁੱਤਰਾਂ ਹੀ ਵਾਹੁਣੀ ਏ, ਉਂਝ ਤੇਰਾ ਬਾਪੂ ਬੜਾ ਚੰਗਾ ਏ । ਦੁਨੀਆਂ ਦੀ ਹਰ ਸ਼ੈਅ ਨਾਲੋਂ ਸੋਹਣੀ ਏ ਤੇਰੇ ਬਾਪੂ ਦੀ ਰੂਹ । ਪਰ ਮੈਂ ਕਹਿਣਾਂ ” ਮੈਨੂੰ ਤਾਂ ਕਦੀ ਨਹੀਂ ਇੰਝ ਲੱਗਿਆ ।
ਤਾਂ ਉਹਨੇਂ ਕਹਿਣਾਂ , ” ਮੈਨੂੰ ਪਤਾ ਏ । ਧੀਆਂ ਨਾਲ ਪਿਓ ਇੰਝ ਹੀ ਹੁੰਦੇ ਨੇਂ।
ਮੈਂ ਕਹਿਣਾ , “ਪਰ ਤੇਰਾ ਬਾਪੂ ਤਾਂ ਇੰਝ ਨੀਂ ਤੇਰੇ ਨਾਲ ।
ਤਾਂ ਅੰਮੀਂ ਕਹਿਣਾਂ , ” ਜਦੋਂ ਤੁਸੀਂ ਵਿਆਹੀਆਂ ਗਈਆਂ , ਤਾਂ ਤੁਹਾਡੇ ਬਾਪੂ ਨੇਂ ਵੀ ਮੇਰੇ ਬਾਪੂ ਵਰਗੇ ਹੋ ਜਾਣਾਂ। ਮੈਂ ਸ਼ੋਚਦੀ ਸਾਂ ਇਹ ਝੂਠ ਬੋਲਦੀ ਏ ।
ਮੈਨੂੰ ਮੇਰੀ ਅੰਮੀਂ ਦੀ ਸਮਝ ਨਹੀਂ ਸੀ ਆਉਂਦੀ , ਬਹੁਤੇ ਸਬਰ ਵਾਲੀ ਸੀ ਮੇਰੀ ਅੰਮੀਂ । ਉਹਦੀ ਮਾਂ ਉਹਨੂੰ ਮੁੱਠੀ ਚ ਚੋਰੀ ਕੁੱਝ ਪੈਸੇ ਦਿੰਦੀ ਪੇਕੇ ਗਈ ਨੂੰ ਤਾਂ ਉਹ ਸਾਰੇ ਦੇ ਸਾਰੇ ਉਹ ਵੀ ਬਾਪੂ ਨੂੰ ਫੜਾ ਛੱਡਦੀ । ਕਦੀ ਕਦੀ ਵੱਡੀ ਬੀਬੀ ( ਮੇਰੀ ਦਾਦੀ ) ਮੇਰੇ ਬਾਪੂ ਨੂੰ ਆਖਿਆ ਕਰਦੀ ਸੀ , “ਗਠੀਏ ਨਾਲ ਖੁਰੀ ਇਸ ਗਿੱਲੀ ਦੇਹੀ ਚੋਂ ਹੁਣ ਪੁੱਤਰ ਦੀ ਆਸ ਛੱਡ ਅਮਰ ਸਿਹੁੰ , ਲੋਕੀ ਬਥੇਰੇ ਹੋਰ ਜੁਗਾੜ ਕਰਦੇ ਨੇਂ। ਉਦੋਂ ਮੈਨੂੰ ਇਨ੍ਹਾਂ ਹੋਰ ਜੁਗਾੜਾਂ ਦੀ ਸਮਝ ਕੋਈ ਨਹੀਂ ਸੀ । ਪਰ ਅੰਮੀਂ ਪਤਾ ਨਹੀਂ ਕਿਓਂ ਇਹੋ ਜਿਹੀਆਂ ਗੱਲਾਂ 
ਸੁਣਕੇ ਲੁਕ -ਲੁਕ ਕੇ ਅੱਖਾਂ ਦੇ ਕੋਏ ਪੂੰਝਦੀ ਰਹਿੰਦੀ ਸੀ। ਤੇ ਕਦੀ ਕਦੀ ਨਾਨਾ ਆਉਂਦਾ ਤਾਂ ਮੈਂ ਆਪ ਆਖਦਾ ਸੁਣਦੀ ਸਾਂ ਕਈ ਵਾਰ ਨਾਨੇ ਨੂੰ , ” ਬੀਬੀ ਧੀ ਬਸੰਤ ਸਿਹੁੰ ਸਰਦਾਰ ਦੀ ਧੀ ਏਂ ਤੂੰ , ਸਾਰੀ ਉਮਰ ਖਵਾ ਸਕਦਾ ਤੇਰਾ ਪਿਓ ਤੈਨੂੰ , ਇੰਨਾਂ ਨਿਆਣੀਂਆਂ ਦਾ ਸੋਚਕੇ ਜੇਰਾ ਰੱਖਿਆ ਕਰ ।
ਅੰਮੀਂ ਨੂੰ ਇੰਝ ਵੇਖ ਮੈਂ ਸੋਚਦੀ ਸਾਂ ਕਿ ਮੈਂ ਜਿਹੋ ਘਰ ਕਦੀ ਨਹੀਂ ਜਾਣਾਂ ਜਿਹੋ ਜਿਹਾ ਘਰ ਮੇਰੀ ਅੰਮੀਂ ਨੂੰ ਮਿਲਿਆ ।
ਪਰ ਕਈ ਵਾਰ ਆਥਣ ਵੇਲੇ ਦੀ ਚਾਹ ਵੇਲੇ ਜਦੋਂ ਬਾਪੂ ਖੇਤੋਂ ਆਉਂਦਾ ਤਾਂ ਵਿਹੜੇ ਚ ਨਿੰਮ ਥੱਲੇ ਚੌਂਕੇ ਚ ਉਹ ਅੰਮੀਂ ਕੋਲ ਬੈਠ ਚਾਹ ਪੀਂਦਾ ਤਾਂ ਦੋਵਾਂ ਦੇ ਹੌਲੇ – ਹੌਲੇ ਜਿਹੇ ਹਾਸੇ ਦੀ ਅਵਾਜ਼ ਕੰਨੀਂ ਪੈਂਦੀ ਤਾਂ ਮੈਨੂੰ ਲੱਗਦਾ ਜਿਓਂ ਮੇਰੀ ਅੰਮੀਂ ਨੂੰ ਕੋਈ ਦੁੱਖ ਨੀਂ ਦੁਨੀਆਂ ਦਾ।
ਜਦੋਂ ਵੱਡੀਆਂ ਦੋ ਭੈਣਾਂ ਹੀ ਵਿਆਹੀਆਂ ਸੀ ਹਲੇ , ਅੰਮੀਂ ਕੁੱਝ ਸਮਾਂ ਮੰਜੇ ਤੇ ਪੈ ਇਸ ਦੁਨੀਆਂ ਤੋਂ ਰੁਖਸਤ ਹੋ ਗਈ।
ਅਖੀਰੀ ਵੇਲਿਆਂ ਚ ਬਾਪੂ ਨੂੰ ਕੁੱਝ ਸਮਝਾਉਂਦੀ ਰਹਿੰਦੀ ਸੀ ਜਿਵੇਂ। ਅੰਮੀਂ ਦੇ ਮੁੱਕਣ ਤੋਂ ਅੱਠਾਂ ਕੁ ਵਰ੍ਹਿਆਂ ਬਾਅਦ ਮੇਰਾ ਵਿਆਹ ਹੋਇਆ ਤਾਂ ਵਿਆਹ ਤੋਂ ਵੀਹਾਂ ਕੁ ਦਿਨਾਂ ਬਾਅਦ ਮੇਰਾ ਬਾਪੂ ਮੇਰੇ ਸਹੁਰੀਂ ਆਇਆਂ ਤਾਂ ਵੱਡੀ ਸਵਾਤ ਚ ਸਾਰਿਆਂ ਤੋਂ ਪਾਸੇ ਪੁੱਛਿਆ , ” ਤੇਰੀ ਮਾਂ ਹੁੰਦੀ ਤਾਂ ਉਹ ਪੁੱਛਦੀ ਪੁੱਤਰ , ਕੋਈ ਦੁੱਖ -ਸੁੱਖ ਹੋਵੇ ਤਾਂ ਦੱਸਦੀਂ ਮੇਰੀ ਧੀ , ਤੇਰਾ ਬਾਪੂ ਬੈਠਾ ਏ।
ਗੱਲ ਸੁਣਦਿਆਂ ਹੀ ਮੇਰੀ ਭੁੱਬ ਨਿੱਕਲ ਗਈ । ਬਾਪੂ ਹੁਣ ਜਾ ਚੁੱਕਿਆ ਸੀ , ਤੇ ਉਹਦੇ ਵੱਲੋਂ ਮੇਰੀ ਮੁੱਠੀ ਚ ਦਿੱਤੇ ਪੈਸੇ ਮੇਰੇ ਹੰਝੂਆਂ ਨਾਲ ਗਿੱਲੇ ਹੋ ਗਏ ਸੈਣ , ਤੇ ਮੈਂ ਸੋਚ ਰਹੀ ਸਾਂ ,” ਸੱਚੀਂ ਦੁਨੀਆਂ ਦੀ ਹਰ ਸ਼ੈਅ ਨਾਲੋਂ ਸੋਹਣੀਂ ਸੀ ਮੇਰੇ ਬਾਪੂ ਦੀ ਰੂਹ , ਜੋ ਮੈਂ ਅੱਜ ਪਹਿਲੀ ਵਾਰ ਵੇਖੀ ਸੀ ।

unknown

You may also like