ਅੱਜ ਬੜੇ ਦਿਨਾਂ ਪਿੱਛੋਂ ਆਪਣੇ ਪਿੰਡ ਜਾਣ ਦਾ ਸਬੱਬ ਬਣਿਆ, ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਸੀ, ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਸਾਡੇ ਪਿੰਡ ਦਾ ਸੁਆ ਅਤੇ ਘੱਗਰ, ਦੋਵਾਂ ਦੇ ਵਿਚਕਾਰ ਸੀ ਸਾਡਾ ਛੋਟਾ ਜਿਹਾ ਪਿੰਡ, ਸੂਏ ਅਤੇ ਘੱਗਰ ਦੇ ਹਾਲਾਤ ਅਜਿਹੇ ਹੀ ਸਨ ਜੋ ਅੱਜ ਤੋਂ 10-15 ਸਾਲ ਪਹਿਲਾਂ। ਹੱਥਾਂ ਦੇ ਖਿਡਾਏ ਜਵਾਨ ਹੋ ਚੁੱਕੇ ਸੀ, ਅਤੇ ਜੋ ਜਵਾਨ ਸੀ, ਉਹਨਾਂ ਦੀ ਦਾੜੀ ਵਿੱਚੋਂ ਮੇਰੀ ਦਾੜੀ ਵਾਂਗੂ ਚਿਟੇ ਚਮਕਾਂ ਮਾਰਨ ਲੱਗੇ ਸੀ। ਪਿੰਡ ਵਿੱਚ ਯਾਰਾ ਦੋਸਤਾਂ ਅਤੇ ਕੁੱਝ ਬਜ਼ੁਰਗਾਂ ਨੂੰ ਮਿਲਿਆ, ਕੁੱਝ ਪੁਰਾਣੀਆਂ ਅਤੇ ਬੱਚਪਨ ਦੀਆਂ ਯਾਦਾਂ ਤਾਜਾ ਕੀਤੀਆਂ, ਸ਼ਹਿਰ ਦੀ ਭੱਜ- ਦੌੜ ਦੀ ਜਿੰਦਗੀ ਤੋਂ ਥੱਕੀ ਰੂਹ ਨੂੰ ਕੁੱਝ ਸਕੂਨ ਦਾ ਅਹਿਸਾਸ ਹੋਇਆ।
ਪਿੰਡ ਘੁੰਮਣ ਤੋਂ ਬਆਦ, ਜਦੋਂ ਅਪਣੇ ਜੱਦੀ ਘਰ ਵਾਲੀ ਗਲੀ ਨੂੰ ਮੁੜਿਆ ਤਾਂ ਸਾਡੇ ਪੁਰਾਣੇ ਗਵਾਂਢੀ, ਅਤੇ ਘਰ ਦੀਆਂ ਯਾਦਾਂ ਦਿਮਾਗ ਵਿੱਚ ਇੱਕ ਫ਼ਿਲਮ ਦੀ ਤਰ੍ਹਾਂ ਰਪੀਟ ਹੋਣ ਲੱਗੀਆਂ।
ਲੰਘਿਆ ਸਮਾਂ ਕਦੇ ਵਾਪਿਸ ਨਹੀਂ ਆਉਂਦਾ, ਇਹ ਗੱਲ ਸਾਰੇ ਭਲੀ- ਭਾਂਤੀ ਜਾਣਦੇ ਹਾਂ, ਪਰ ਜਿੰਦਗੀ ਦੇ ਕੁੱਝ ਅਜਿਹੇ ਪਲ ਵੀ ਹੁੰਦੇ ਹਨ ਜਿਨ੍ਹਾਂ ਨੂੰ ਯਾਦ ਕਰਕੇ ਬੰਦਾ ਭਾਵੁਕ ਹੋ ਜਾਂਦਾ ਹੈ।
ਰਾਤ ਦਾ ਸਮਾਂ ਜਦੋਂ ਅਸੀ ਰਲ੍ਹ ਕੇ ਸਮਾਨ ਵਗੈਰਾ ਇਕੱਠਾ ਕਰ ਰਹੇ ਸੀ, ਤਾਂ ਇੰਝ ਲੱਗ ਰਿਹਾ ਸੀ ਕਿ ਘਰ ਦੀਆਂ ਕੰਧਾਂ ਨੂੰ ਵੀ ਜਿਵੇਂ ਪਤਾ ਲੱਗ ਗਿਆ ਸੀ ਕਿ ਸਾਡੇ ਮਾਲਿਕ, ਸਾਡੇ ਤੋਂ ਕੁੱਝ ਛੁਪਾ ਰਹੇ ਹੋਣ,ਪਿੰਡ ਛੱਡਣ ਬਾਰੇ ਅਸੀਂ ਬਹੁਤਾ ਰੌਲਾ ਨਹੀਂ ਸੀ ਪਾਇਆ, ਸਾਨੂੰ ਡਰ ਸੀ ਕਿ ਜੇ ਗਵਾਂਢੀਆਂ ਨੂੰ ਦੱਸਿਆ ਤਾਂ ਪਿੰਡ ਨਾ ਛੱਡਣ ਲਈ ਜਰੂਰ ਕਹਿਣਗੇ, ਅਤੇ ਸਾਨੂੰ ਪਿੰਡ ਛੱਡਣਾ ਔਖਾ ਲੱਗੇਗਾ, ਇਸੇ ਲਈ ਮੈਂ ਬੇਬੇ ਬਾਪੂ ਨੂੰ ਵੀ ਦੋ ਦਿਨ ਪਹਿਲਾਂ ਸ਼ਹਿਰ ਰਿਸਤੇਦਾਰ ਘਰੇ ਛੱਡ ਦਿੱਤਾ ਸੀ, ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਜੇ ਉਹ ਭਾਵੁਕ ਹੋ ਗਏ ਤਾਂ ਸਾਂਭਣਾ ਔਖਾ ਹੋ ਜਾਵੇਗਾ।
ਪਰ ਸਾਡੇ ਗਵਾਂਢੀ ਦਿਆਲੇ ਬੁੜ੍ਹੇ ਅਤੇ ਓਹਦੇ ਘਰਵਾਲੀ ਸੀਤੋ ਨੂੰ ਪਤਾ ਨਹੀਂ ਕਿਥੋਂ ਸੂਹ ਮਿਲ ਗਈ, ਰਾਤ ਵੇਲ੍ਹੇ ਹੀ ਸਾਡੇ ਘਰ ਆ ਬੈਠੇ ਸੀਤੋ ਬੁੜੀ ਮੇਰੇ ਗਲ੍ਹ ਲੱਗ ਰੋਣ ਲੱਗ ਪਈ, ਅਸੀ ਦੋਵੇਂ ਜੀਅ ਥੋਡੇ ਸਹਾਰੇ ਦਿਨ ਕੱਟਦੇ ਸੀ, ਤੇਰੇ ਬੇਬੇ ਬਾਪੂ ਨਾਲ ਦੁਖ-ਸੁੱਖ ਸਾਂਝਾ ਕਰ ਲੈਂਦੇ ਸੀ, ਹੁਣ ਸਾਨੂੰ ਕਿਹਨੇ ਪੁੱਛਣਾ ਦਿਆਲੇ ਬੁੜ੍ਹੇ ਦੀਆਂ ਦੋ ਧੀਆਂ ਹੀ ਸਨ, ਜੋ ਵਿਆਹ ਪਿੱਛੋਂ ਆਪਣੇ-ਆਪਣੇ ਘਰ ਸੁੱਖੀ-ਸਾਂਦੀ ਰਹਿ ਰਹੀਆਂ ਸਨ ਜਿਸ ਕਰਕੇ ਉਹ ਦੋਵੇਂ ਜੀਅ ਇਕੱਲੇ ਰਹਿ ਗਏ ਸੀ, ਮੈਂ ਦਿਲਾਸਾ ਦਿੰਦਿਆਂ ਕਿਹਾ ਬੇਬੇ ਹੌਸਲਾ ਰੱਖ ਅਸੀ ਸਾਰੇ ਮਿਲਣ ਆਇਆ ਕਰਾਂਗੇ, ਨਾਲੇ ਪਿੰਡ ਛੱਡਣ ਨੂੰ ਕੀਹਦਾ ਦਿੱਲ ਕਰਦਾ, ਕੁੱਝ ਮਜਬੂਰੀਆਂ ਮਜਬੂਰ ਕਰ ਦਿੰਦੀਆਂ ਹਨ, ਮੈਂ ਲੰਮਾ ਹੋਕਾਂ ਲੈ ਕੇ ਕਿਹਾ ਸੀ, ਦਿਆਲੇ ਬੁੜ੍ਹੇ ਨੇ ਜਾਣ ਲੱਗਿਆ ਇੱਕ ਨਸੀਹਤ ਵੀ ਦਿੱਤੀ ਸੀ ਕਿ ਪੁੱਤਰਾ, ਸ਼ਹਿਰ ਵਿੱਚ ਚਾਦਰ ਦੇਖ ਕਿ ਪੈਰ ਪਸਾਰਿਓ ਪਿੰਡਾਂ ਵਿੱਚ ਸੌ ਪਰਦਾ ਹੁੰਦਾ, ਸੁਣਿਐ ਸ਼ਹਿਰ ਚ ਦੁੱਧ ਦੇ ਨਾਲ-ਨਾਲ ਪਾਣੀ ਵੀ ਮੁੱਲ ਮਿਲਦਾ। ਉਹ ਸਾਰੀ ਰਾਤ ਬੇਚੈਨੀ ਲੱਗੀ ਰਹੀ, ਨੀਂਦ ਨਾ ਆਈ, ਸਵੇਰੇ ਛੇ ਵੱਜਦੇ ਨੂੰ ਬੱਚੇ ਬੱਸ ਚ ਚੜ੍ਹਾਏ,ਸਮਾਨ ਕਿਰਾਏ ਦੀ ਟਰਾਲੀ ਚ ਲਦਿਆ, ਚੇਤਕ ਸਕੂਟਰ ਟਰਾਲੀ ਦੇ ਪਿੱਛੇ ਲਾਇਆ, ਪਿੰਡ ਤੋਂ ਬਾਹਰ ਨਿਕਲਦੇ ਇੱਕ ਪਲ ਲਈ ਲੱਗਿਆ ਜਿਵੇਂ ਕੋਈ ਗੁਨਾਹ ਕਰਕੇ ਜਾ ਰਿਹਾ ਹੋਵਾਂ, ਪਿੰਡ ਦੀਆਂ ਗਲੀਆਂ ਲਾਹਨਤਾਂ ਪਾ ਰਹੀਆਂ ਹੋਣ, ਕਿ ਸਾਡੇ ਵਿੱਚ ਖੇਡਣ ਦਾ ਮੁੱਲ ਤਾਂ ਮੋੜਦਾ ਜਾ।
ਇਹੋ ਸੋਚਾਂ ਸੋਚਦਾ ਹੋਇਆ ਅੱਜ ਫੇਰ ਮੈਂ ਆਪਣੇ ਘਰ ਮੁਹਰੇ ਖੜਾ ਸੀ, ਘਰ ਵੱਲ ਵੇਖਿਆ ਤਾਂ ਇੰਝ ਲੱਗਾ ਜਿਵੇਂ ਸਮੇਂ ਦੇ ਨਾਲ ਇਹ ਵੀ ਆਪਣਾ ਬੁਢਾਪਾ ਹੰਡਾ ਰਿਹਾ ਹੋਵੇ ਘਰ ਵਿੱਚ ਪਈਆਂ ਤਰੇੜਾਂ ਇੰਝ ਲੱਗ ਰਹੀਆਂ ਸਨ ਜਿਵੇਂ ਕਿਸੇ ਬਜ਼ੁਰਗ ਦੇ ਮੂੰਹ ਤੇ ਝੁਰੜੀਆਂ ਪਈਆਂ ਹੋਣ, ਇੱਕ ਪਲ ਲਈ ਮੈਨੂੰ ਲੱਗਿਆ ਜਿਵੇਂ ਮੇਰਾ ਘਰ ਕਹਿ ਰਿਹਾ ਹੋਵੇ ਕਿ ਤੂੰ ਸ਼ਹਿਰ ਜਾ ਕੇ ਮੈਂਨੂੰ ਭੁੱਲ ਹੀ ਗਿਆ ਸੀ, ਮੇਰਾ ਤਾਂ ਤੇਰੇ ਕੋਲ ਸ਼ਹਿਰ ਆਉਣਾ ਮਜਬੂਰੀ ਸੀ ਪਰ ਤੂੰ ਤਾਂ ਆ ਸਕਦਾ ਸੀ,ਅੱਜ ਪਹਿਲੀ ਵਾਰ ਲੱਗਿਆ ਜਿਵੇਂ ਕੋਈ ਬੇਜਾਨ ਚੀਜ ਗੱਲਾਂ ਕਰਦੀ ਹੋਵੇ, ਬਸ ਸਮਝਣ ਦੀ ਲੋੜ ਸੀ।ਘਰ ਵੱਲ ਵੇਖ ਮੇਰੀਆਂ ਅੱਖਾਂ ਭਰ ਆਈਆਂ ਮੈਂ ਕਿੰਨਾ ਚਿਰ ਹੀ ਉੱਥੇ ਖੜਾ ਸੋਚਦਾ ਰਿਹਾ, ਕਿ ਜੇ ਮੈਂ ਵੀ ਇਸ ਨੂੰ ਆਪਣਾ ਦਰਦ ਸਮਝਾ ਸਕਦਾ।
ਭਾਵੇਂ ਮਜਬੂਰੀਆਂ ਸਾਨੂੰ ਜਿੱਥੇ ਮਰਜੀ ਲੈ ਜਾਣ ਪਰ ਪਿੰਡਾ ਵਾਲਿਆਂ ਨੂੰ ਆਪਣੇ ਪਿੰਡ ਭਲਾਉਣੇ ਬਹੁਤ ਔਖੇ ਨੇ।
ਦਵਿੰਦਰ ਸਿੰਘ ਰਿੰਕੂ