ਪਲਾਸਿਟਕ ਦੀਆਂ ਗੁੱਡੀਆਂ

by Jasmeet Kaur

ਮੈਂ ਤੇ ਰਾਜੀ ਹਮੇਸ਼ਾ ਗੁੱਡੀਆਂ ਨਾਲ ਖੇਡਦੀਆਂ ਹੁੰਦੀਆਂ ਸੀ ਗੁੱਡੀਆਂ ਪਲਾਸਟਿਕ ਦੀਆਂ ਰਾਜੀ ਨੂੰ ਹਮੇਸ਼ਾ ਸ਼ੋਖ ਰੰਗ ਪਸੰਦ ਸੀ, ਮੈਂ ਕਈ ਵਾਰ ਜੇ ਕਿਸੇ ਗੁੱਡੀ ਨੂੰ ਫਿੱਕੇ ਰੰਗ ਦੇ ਕੱਪੜੇ ਪਾ ਦੇਣੇ ਤਾਂ ਉਸਨੇ ਝੱਟ ਹੀ ਬਦਲ ਦੇਣੇ ਤੇ ਗੁੱਡੀ ਨੂੰ ਫੇਰ ਦੁਲਹਨ ਵਾਂਗ ਸਜਾ ਦੇਣਾ ਮੈਨੂੰ ਕਹਿੰਦੀ ਹੁੰਦੀ ਸੀ, ਕਿਉਂ, ਗੁੱਡੀਆਂ ਦਾ ਦਿਲ ਨੀ ਹੁੰਦਾ?
ਇੰਝ ਉਹਨਾਂ ਪਲਾਸਟਿਕ ਦੀਆਂ ਗੁੱਡੀਆਂ ਦਾ ਵਿਆਹ ਰਚਾਉਂਦੇ ਕਦੋਂ ਸਾਡੀ ਉਮਰ ਵੀ ਵਿਆਹ ਲਾਇਕ ਹੋ ਗਈ ਪਤਾ ਹੀ ਨਹੀਂ ਲੱਗਾ ਮੇਰਾ ਵਿਆਹ ਪਹਿਲਾਂ ਹੋ ਗਿਆ ਤੇ ਰਾਜੀ ਦਾ ਕੁਝ ਚਿਰ ਬਾਅਦ ਤੇ ਮੈਂ ਕੁਝ ਕੁ ਮਹੀਨਿਆਂ ਬਾਅਦ ਜਦ ਆਪਣੇ ਘਰ ਗਈ ਤਾਂ ਪਤਾ ਲੱਗਾ ਕੇ ਰਾਜੀ ਵੀ ਘਰ ਆਈ ਹੋਈ ਹੈ ਮੈਂ ਭੱਜ ਕੇ ਉਸਨੂੰ ਮਿਲਣ ਗਈ ਪਰ ਰਾਜੀ ਦਾ ਰੰਗ ਰੂਪ ਤੇ ਪਹਿਰਾਵਾ ਵੇਖ ਕੇ ਮੈਥੋਂ ਦਹਿਲੀਜ਼ ਮਸਾਂ ਹੀ ਟੱਪ ਹੋਈ!
ਉਸਨੇ ਮੈਨੂੰ ਦੱਸਿਆ ਕਿ ਇੱਕ ਐਕਸੀਡੈਂਟ ਵਿਚ ਉਸਦੇ ਪਤੀ ਦੀ ਮੌਤ ਹੋ ਗਈ ਤੇ ਸਹੁਰੇ ਵਾਲਿਆਂ ਨੇ ਉਸਨੂੰ ਪੇਕੇ ਘਰ ਦਾ ਰਾਹ ਵਿਖਾ ਦਿੱਤਾ ਮੈਂ ਸਾਰਾ ਦਿਨ ਉਸ ਨਾਲ ਬੈਠੀ ਗੱਲਾਂ ਕਰਦੀ ਰਹੀ ਤੇ ਝਿਜਕਦੇ ਝਿਜਕਦੇ ਮੈਂ ਕਹਿ ਹੀ ਬੈਠੀ ਰਾਜੀ ਜਿੰਦਗੀ ਐਥੇ ਰੁਕ ਤਾਂ ਨਹੀਂ ਜਾਂਦੀ ਮੈਂ ਤੇਰੇ ਘਰ ਵਾਲਿਆਂ ਨਾਲ ਗੱਲ ਕਰ ਕੇ ਸਮਝਾਂਦੀ ਹਾਂ ਕੇ ਉਹ ਤੈਨੂੰ ਤੇ ਰੀ ਖੁਸ਼ੀਆਂ ਮੋੜਨ ਦਾ ਯਤਨ ਕਰਨ!
ਪਰ ਉਸਨੇ ਮੇਰੀ ਬਾਂਹ ਫੜ ਮੈਨੂੰ ਰੋਕ ਲਿਆ ਕਿ ਨਹੀਂ ਇਹ ਮੈਥੋਂ ਨਹੀਂ ਹੋਣਾ ਮੈਂ ਉਸਨੂੰ ਸਿਰਫ ਇੱਕੋ ਸਵਾਲ ਪੁੱਛਿਆ, “ਪਲਾਸਟਿਕ ਦੀਆਂ ਗੁੱਡੀਆਂ ਦਾ ਦਿਲ ਹੁੰਦਾ ਹੈ ਤੇ ਲਹੂ ਮਾਸ ਵਾਲੀਆਂ ਦਾ ਨਹੀਂ?”
ਉਸਨੇ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਸ਼ੋਖ ਰੰਗ ਉਸਦੇ ਚਿਹਰੇ ਤੇ ਸਾਫ ਦਿਖਾਈ ਦੇਣ ਲੱਗਾ।

ਰੇਣੂ

You may also like