ਮਜ਼ਦੂਰ ਦਿਨ

by Sandeep Kaur

ਧਰਮੀ ਆਪਣੇ ਮਜ਼ਦੂਰ ਪਤੀ ਦੀ ਉਡੀਕ ਕਰ ਰਹੀ ਸੀ ਤਾਂ ਜੋ ਉਹ ਅੱਜ ਦੀ ਮਜ਼ਦੂਰੀ ਵਿਚੋਂ ਆਟਾ ਲੈ ਆਵੇ ਅਤੇ ਬੱਚਿਆਂ ਦੇ ਭੁੱਖੇ ਪੇਟ ਵਿੱਚ ਕੁਝ ਪਾ ਸਕੇ।
ਉਸਦੀ ਵੱਡੀ ਨਨਾਣ ਕੱਲ ਸੌਹਰੀ ਤਾਂ ਚਲੀ ਗਈ ਸੀ। ਪਰ ਉਸਦਾ ਜਾਣਾ ਕਈ ਦਿਹਾੜੀਆਂ ਦੀ ਰਕਮ ਉੱਤੇ ਹੁੰਝਾ ਫੇਰ ਗਿਆ ਸੀ। ਅੱਜ ਕਿਸੇ ਵੀ ਘਰ ਤੋਂ ਉਧਾਰਾ ਆਟਾ ਨਹੀਂ ਮਿਲਿਆ ਸੀ। ਸਭ ਘਰ ਉਨ੍ਹਾਂ ਵਰਗੇ ਹੀ ਹਨ, ਰੋਜ਼ ਆਟਾ ਕੌਣ ਦੇ ਸਕਦਾ ਏ।
ਅੱਜ ਤੂੰ ਰਸੋਈ ਦਾ ਸਾਮਾਨ ਫਿਰ ਨਹੀਂ ਲਿਆਂਦਾ? ਧਰਮੀ ਪਤੀ ਦੇ ਗਲ ਹੀ ਤਾਂ ਪੈ ਗਈ ਸੀ।
ਅੱਜ ਤਾਂ ਮਈ ਦਿਨ ਸੀ। ਸਾਰੇ ਮਜ਼ਦੂਰਾਂ ਦਾ ਸਾਂਝਾ ਦਿਨ। ਅੱਜ ਕਿਸੇ । ਦਿਹਾੜੀ ਨਹੀਂ ਲਾਈ। ਸਾਰਾ ਦਿਨ ਰੈਲੀਆਂ ਹੁੰਦੀਆਂ ਰਹੀਆਂ, ਭਾਸ਼ਨ ਚੱਲਦੇ ਰਹੇ ਅਤੇ ਅਮੀਰਾਂ ਦੇ ਕੰਨ ਖੋਲਣ ਲਈ ਨਾਹਰੇ ਲੱਗਦੇ ਰਹੇ ਉਹ ਸ਼ਾਇਦ ਕੁਝ ਹੋਰ ਵੀ ਅੱਗੇ ਬੋਲਦਾ ਜਾਂਦਾ ਪਰ ਧਰਮੀ ਦੀ ਘੁਰਕੀ ਨੇ ਉਸ ਨੂੰ ਚੁੱਪ ਕਰਾ ਦਿੱਤਾ ਸੀ।
ਬੱਚਿਆਂ ਦੇ ਭੁੱਖੇ ਪੇਟਾਂ ਵਿੱਚ ਭਾਸ਼ਨ ਪਾ ਦੇ, ਜਾ ਫਿਰ ਉਨ੍ਹਾਂ ਨੂੰ ਨਾਹਰੇ ਖਵਾਦੇ, ਤੂੰ ਵੀ ਅੱਜ ਰੈਲੀਆਂ ਖਾਕੇ ਸੌ ਜਾਵੀਂ।
ਉਹ ਉੱਠ ਕੇ ਬਾਹਰ ਵੱਲ ਟੁਰ ਪਿਆ। “ਅੱਜ ਤਾਂ ਕੁਝ ਕਰਨਾ ਹੀ ਪਉ।” ਉਹ ਸੋਚਦਾ ਜਾ ਰਿਹਾ ਸੀ।

You may also like