ਗੁਰੂ ਦੀ ਬਚਪਨ ਤੋਂ ਹੀ ਆਪਣੇ ਨਾਨਕਿਆ ਨਾਲ ਕਾਫੀ ਨੇੜਤਾ ਸੀ । ਮਾਮੇ ਦੀਆਂ ਦੋ ਕੁੜੀਆਂ ਹੋਣ ਕਾਰਨ ਨਾਨੇ ਨਛੱਤਰ ਸਿੰਘ ਦਾ ਮੋਹ ਵੀ ਗੁਰੂ ਨਾਲ ਕਾਫੀ ਸੀ । ਗੁਰੂ ਦਾ ਛੋਟਾ ਭਾਈ ਜੱਸੀ ਆਪਣੇ ਪਿੰਡ ਹੀ ਰਹਿੰਦਾ ਪਰ ਗੁਰੂ ਜ਼ਿਆਦਾਤਰ ਨਾਨਕੇ ਹੀ ਰਿਹਾ ਕਰਦਾ । ਉਸਨੇ ਨਾਨਕੇ ਸਕੂਲ ਵਿੱਚ ਦਾਖਲਾ ਲਿਆ ਹੋਇਆ ਸੀ । ਨਾਮ ਕਰਕੇ ਗੁਰੂ ਨੂੰ ਘੱਟ ਜਾਣਦੇ ਸਨ ਪਰ ਭਾਣਜੇ ਕਰਕੇ ਹਰ ਕੋਈ ਜਾਣਦਾ ਸੀ । ਵਡੇਰੀ ਉਮਰ ਦੇ ਉਸਨੂੰ ਨਛੱਤਰ ਸਿੰਹੁ ਦੇ ਦੋਹਤੇ ਕਰਕੇ ਸੱਦਦੇ ਸਨ ।
ਗੁਰੂ ਦੇ ਬਾਰਵੇ ਜਨਮ ਦਿਨ ਤੇ ਪਰਿਵਾਰ ਨੇ ਪਾਰਟੀ ਕਰਨੀ ਸੀ ਤੇ ਕੇਕ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ । ਅਚਾਨਕ ਇੱਕ ਅਵਾਰਾ ਗਊ ਉਹਨਾਂ ਦੇ ਦਰਾਂ ਅੱਗੇ ਆਣ ਖਲੋਈ । ਗਰਦਨ ਵਿੱਚੋਂ ਤੇ ਪਿੱਠ ਵਿੱਚੋਂ ਲਹੂ ਸਿੰਮ ਰਿਹਾ ਸੀ । ਉਸਦੇ ਪਿੱਛੇ ਪਿੰਡ ਦੇ ਬੰਦੇ ਉਸਨੂੰ ਮਾਰਨ ਲਈ ਆ ਰਹੇ ਸਨ । ਨਛੱਤਰ ਸਿੰਘ ਨੇ ਗਊ ਨੂੰ ਲੋਕਾਂ ਤੋਂ ਬਚਾਇਆ ਤੇ ਉਸਨੂੰ ਪਾਣੀ ਪਿਲਾਇਆ । ਗੁਰੂ ਇਹ ਸਭ ਕੁਝ ਵੇਖ ਰਿਹਾ ਸੀ । ਗਊ ਪਾਣੀ ਪੀ ਕੇ ਉਹਨਾਂ ਦੇ ਦਰਾਂ ਅੱਗੇ ਹੀ ਬੈਠ ਗਈ । ਰਿਸ਼ਤੇਦਾਰ ਆਏ ਸਾਰਿਆਂ ਨੂੰ ਜਨਮ ਦਿਨ ਦੀ ਪਾਰਟੀ ਦਿੱਤੀ ਗਈ । ਫਿਰ ਤੋਹਫਿਆ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਅਖੀਰ ਵਿੱਚ ਨਾਨੇ ਨਛੱਤਰ ਸਿੰਘ ਨੇ ਗੁਰੂ ਤੋਂ ਪੁੱਛਿਆ ਤੈਨੂੰ ਕੀ ਤੋਹਫ਼ਾ ਚਾਹੀਦਾ ਹੈ ਤਾਂ ਗੁਰੂ ਨੇ ਦਰਾਂ ਅੱਗੇ ਬੈਠੀ ਗਊ ਵੱਲ ਉਂਗਲ ਕਰ ਦਿੱਤੀ ਮੈਨੂੰ ਇਹ ਗਾਂ ਚਾਹੀਦੀ ਹੈ । ਸਾਰੇ ਰਿਸ਼ਤੇਦਾਰ ਤੇ ਲੋਕੀ ਹੈਰਾਨ ਹੋਣ ਕਿ ਇਸ ਮੁੰਡੇ ਨੇ ਗਾਂ ਕੀ ਕਰਨੀ ਹੈ ਜਦਕਿ ਘਰ ਵਿੱਚ ਐਨੇ ਪਸ਼ੂ ਪਹਿਲਾਂ ਹੀ ਮੌਜੂਦ ਨੇ । ਜਦਕਿ ਇਹ ਗਾਂ ਦੁੱਧ ਵੀ ਨਹੀਂ ਦਿੰਦੀ ਪਰ ਗੁਰੂ ਦੀ ਜ਼ਿੱਦ ਕਰਕੇ ਸਾਰਿਆਂ ਨੂੰ ਝੁਕਣਾ ਪਿਆ । ਗੁਰੂ ਨੇ ਉਸਦਾ ਨਾਮ ਲੱਛਮੀ ਰੱਖ ਲਿਆ ।
ਨਛੱਤਰ ਸਿੰਘ ਨੇ ਉਸਦਾ ਇਲਾਜ਼ ਕਰਵਾ ਦਿੱਤਾ ਤੇ ਉਸਦੀ ਸੇਵਾ ਕਰਨ ਲੱਗ ਪਿਆ । ਲੱਛਮੀ ਦੇ ਆਉਣ ਦੀ ਦੇਰ ਸੀ ਤੇ ਉਹਨਾਂ ਦੀ ਜੱਦੀ ਜ਼ਮੀਨ ਦਾ ਕੋਈ ਪੁਰਾਣਾ ਕੇਸ ਚੱਲਦਾ ਸੀ ਉਹ ਇਹਨਾਂ ਦੇ ਹੱਕ ਵਿੱਚ ਭੁਗਤ ਗਿਆ । ਉਸ ਦਿਨ ਤੋਂ ਬਾਅਦ ਲੱਛਮੀ ਤੇ ਗੁਰੂ ਦੀ ਘਰ ਵਿੱਚ ਪੂਰੀ ਬੱਲੇ ਬੱਲੇ ਹੋਣ ਲੱਗ ਪਈ । ਕੁਦਰਤੀ ਜਿਸ ਦੀ ਉਮੀਦ ਨਹੀਂ ਸੀ । ਲੱਛਮੀ ਨੇ ਇੱਕ ਵੱਛੇ ਨੂੰ ਜਨਮ ਦੇ ਦਿੱਤਾ ਤੇ ਉਹ ਨਵੇਂ ਦੁੱਧ ਨੂੰ ਹੋ ਗਈ । ਉਸਦਾ ਨਾਮ ਗੁਰੂ ਨੇ ਪਿਆਰਾ ਰੱਖਿਆ । ਉਹ ਹੈ ਵੀ ਬਹੁਤ ਪਿਆਰਾ ਸੀ । ਚਿੱਟਾ ਦੁੱਧ ਰੰਗਾ ਪਰ ਵਿੱਚ ਇੱਕ ਧਾਰ ਕਾਲੇ ਰੰਗ ਦੀ ਗਰਦਨ ਤੋਂ ਲੈ ਕੇ ਪੂੰਛ ਤੱਕ ਉਸਨੂੰ ਹੋਰ ਵੀ ਆਕਰਸ਼ਿਤ ਕਰਦੀ ਸੀ । ਉਸਦੀ ਪਾਲਣ ਪੋਸ਼ਣ ਦੀ ਜਿੰਮੇਵਾਰੀ ਗੁਰੂ ਨੇ ਆਪਣੇ ਹਿੱਸੇ ਲੈ ਲਈ । ਸਕੂਲ ਤੋਂ ਆਉਣ ਸਾਰ ਗੁਰੂ ਨੇ ਆਪ ਪਿਆਰੇ ਨੂੰ ਚਾਰਾ ਪਾਉਣਾ । ਪਿਆਰੇ ਦਾ ਵੀ ਐਨਾ ਮੋਹ ਗੁਰੂ ਨਾਲ ਸੀ ਕਿ ਸਿਰਫ਼ ਉਹ ਗੁਰੂ ਦੇ ਹੱਥ ਨਾਲ ਹੀ ਚਾਰਾ ਖਾਂਦਾ । ਸਵੇਰੇ ਸਵੇਰੇ ਤਮਾਸ਼ਾ ਵੇਖਣ ਵਾਲਾ ਹੁੰਦਾ ਸੀ ਉੱਧਰ ਗੁਰੂ ਨੇ ਸਕੂਲ ਲਈ ਨਿਕਲਣਾ ਤੇ ਇੱਧਰ ਪਿਆਰੇ ਨੇ ਉੱਚੀ ਉੱਚੀ ਬੋਲਣਾ ਜਿਸ ਤਰਾਂ ਕਹਿੰਦਾ ਹੋਵੇ ਮੈਂ ਵੀ ਤੇਰੇ ਨਾਲ ਸਕੂਲ ਜਾਣਾ । ਇਹ ਵੇਖ ਕੇ ਮਾਮੀ ਟਿੱਚਰਾਂ ਕਰਦੀ ਕੇ ਐਸ ਨੂੰ ਵੀ ਨਾਲ ਲੈ ਜਾ ਤੇਰੇ ਬਹਾਨੇ ਇਹ ਵੀ ਦੋ ਅੱਖਰ ਪੜ੍ਹ ਜਾਉ ।
ਖੁੱਲੀ ਖੁਰਾਕ ਮਿਲਣ ਕਰਕੇ ਪਿਆਰਾ ਦਿਨਾਂ ਵਿੱਚ ਹੀ ਚੰਗਾ ਬਲਦ ਨਿਕਲਿਆ ਤੇ ਗੱਡੇ ਨੂੰ ਜੁੜ ਗਿਆ । ਡੰਗਰਾਂ ਦੇ ਸਾਰੇ ਕੱਖ ਉਸ ਤੇ ਹੀ ਢੋਏ ਜਾਂਦੇ । ਕੱਖਾ ਦੀ ਜਿੰਮੇਵਾਰੀ ਗੁਰੂ ਦੇ ਸਿਰ ਸੀ ਸਕੂਲ ਤੋਂ ਬਾਅਦ ਇਹ ਹੀ ਉਸਦਾ ਪਹਿਲਾਂ ਕੰਮ ਹੁੰਦਾ ਸੀ । ਪਿਆਰਾ ਐਨਾ ਸਿਆਣਾ ਬਲਦ ਸੀ ਕਿ ਉਸਨੂੰ ਖੇਤਾਂ ਵਿੱਚ ਖੁੱਲਾ ਛੱਡ ਦਿੱਤਾ ਜਾਂਦਾ ਪਰ ਜਦੋ ਉੱਚੀ ਪਿਆਰਾ ਕਹਿ ਕੇ ਸੱਦਦੇ ਤਾਂ ਇੱਕਦਮ ਉਹ ਭੱਜ ਕੇ ਆ ਜਾਂਦਾ । ਉਸਦੀ ਇਸ ਖ਼ਾਸੀਅਤ ਕਰਕੇ ਪੂਰੇ ਪਿੰਡ ਵਿੱਚ ਚੜ੍ਹਾਈ ਸੀ । ਉਸਨੂੰ ਗੁਰੂ ਦੇ ਬੁਲਾਉਣ ਤੇ ਉਸਦਾ ਇਕਦਮ ਭੱਜ ਕੇ ਆਉਣ ਤੇ ਜਦੋਂ ਕੋਈ ਵੇਖਦਾ ਤਾਂ ਅਸ਼ ਅਸ਼ ਕਰ ਉੱਠਦਾ । ਗੁਰੂ ਵੀ ਉਸਦਾ ਇੱਕ ਪਲ ਦਾ ਵਿਸਾਹ ਨਹੀਂ ਸੀ ਖਾਂਦਾ । ਉਸਨੂੰ ਖਰੀਦਣ ਦੀਆਂ ਕਈ ਲੋਕਾਂ ਨੇ ਸਿਫਾਰਸ਼ਾਂ ਕੀਤੀਆਂ ਪਰ ਪਿਆਰਾ ਤਾਂ ਸਾਨੂੰ ਜਾਨ ਤੋਂ ਵੱਧ ਪਿਆਰਾ ਸੀ ।
ਇੱਕ ਦਿਨ ਅਚਾਨਕ ਪਿਆਰੇ ਨੇ ਇਕਦਮ ਖਾਣਾ ਘਟ ਕਰ ਦਿੱਤਾ । ਉਸਦੇ ਮੂੰਹ ਵਿੱਚੋਂ ਖੂਨ ਟਪਕਣਾ ਸ਼ੁਰੂ ਹੋ ਗਿਆ ਸੀ । ਡੰਗਰਾਂ ਦੇ ਡਾਕਟਰ ਨੂੰ ਦਿਖਾਇਆ ਗਿਆ । ਪਿਆਰੇ ਦਾ ਇਲਾਜ਼ ਕੀਤਾ ਗਿਆ ਟੀਕੇ ਤੇ ਦਵਾਈਆਂ ਦਿੱਤੀਆਂ ਪਰ ਆਰਾਮ ਨਹੀਂ ਆਇਆ । ਡਾਕਟਰ ਨੇ ਬਹੁਤ ਵਾਅ ਲਾਈ ਪਰ ਉਸਨੂੰ ਬਚਾ ਨਾ ਸਕੇ । ਅਖ਼ੀਰ ਪਿਆਰੇ ਨੇ ਪ੍ਰਾਣ ਤਿਆਗ ਦਿੱਤੇ । ਗੁਰੂ ਨੂੰ ਦੱਸਿਆ ਕਿ ਇਸ ਨੂੰ ਕੋਈ ਜਹਿਰੀਲੀ ਚੀਜ਼ ਖੁਵਾਈ ਗਈ ਹੈ ਇਸ ਦਾ ਪੋਸਟਮਾਰਟਮ ਕਰਵਾ ਲਵੋ । ਡਾਕਟਰ ਨੇ ਪੋਸਟਮਾਰਟਮ ਕੀਤਾ ਤੇ ਫਿਰ ਪਤਾ ਲੱਗਿਆ ਕਿ ਪਿਆਰੇ ਨੂੰ ਪੇੜੇ ਵਿੱਚ ਕਿੱਲਾਂ ਮਿਲਾ ਕੇ ਖੁਆਈਆਂ ਗਈਆ ਸੀ ਤੇ ਉਸਦੇ ਢਿੱਡ ਵਿੱਚ ਤਕਰੀਬਨ ਅੱਧਾ ਕਿੱਲੋ ਦੇ ਕਰੀਬ ਕਿੱਲਾਂ ਨਿਕਲਿਆ ਨੇ । ਕਿੱਲਾਂ ਨੇ ਉਸਦਾ ਪੇਟ ਅੰਦਰੋਂ ਲਹੂ ਲੁਹਾਨ ਕਰ ਦਿੱਤਾ ਸੀ । ਕਿੰਨੀ ਪੀੜ ਉਹ ਬੇਜ਼ੁਬਾਨ ਸਹਿ ਰਿਹਾ ਸੀ ਜਿਸਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ । ਗੁਰੂ ਦੀ ਭੁਬ ਨਿੱਕਲ ਆਈ । ਉਸਦਾ ਪੂਰੇ ਰੀਤੀ ਰਿਵਾਜ਼ ਨਾਲ ਦਾਹ ਸੰਸਕਾਰ ਕੀਤਾ ਗਿਆ । ਸਾਰਿਆਂ ਦੇ ਚਲੇ ਜਾਣ ਤੋਂ ਬਾਅਦ ਗੁਰੂ ਨੇ ਭਰੇ ਮਨ ਨਾਲ ਕਿਹਾ ਕਿ ਇਹ ਦੁਨੀਆਂ ਬਹੁਤ ਜ਼ਾਲਿਮ ਹੈ । ਮੈਂ ਤੇਰਾ ਇੰਨਸਾਫ ਨਹੀਂ ਕਰ ਸਕਦਾ ਪਰ ਜਿਸਨੇ ਵੀ ਇਹ ਕਾਰਾ ਕੀਤਾ ਹੈ । ਉਹ ਆਪਣੇ ਕੀਤੇ ਦੀ ਜ਼ਰੂਰ ਭੋਗੇਗਾ । ਪਿਆਰੇ ਦੇ ਗ਼ਮ ਨੇ ਗੁਰੂ ਨੂੰ ਉਦਾਸ ਕਰ ਦਿੱਤਾ ਤੇ ਉਹ ਸਦਾ ਲਈ ਆਪਣੇ ਪਿੰਡ ਆ ਗਿਆ ।
ਗੁਰੂ ਦੇ ਘਰ ਜਾਣ ਤੋਂ ਛੇ ਕੁ ਮਹੀਨੇ ਬਾਅਦ ਉਹਨਾਂ ਦੇ ਨਾਨੇ ਦੇ ਗੁਆਂਢੀ ਦੀ ਵਿਆਹ ਵਿੱਚ ਗ਼ੋਲੀ ਚੱਲਣ ਕਰਕੇ ਮੌਤ ਹੋ ਗਈ ਤੇ ਜਿਸ ਨੇ ਗ਼ੋਲੀ ਚਲਾਈ ਸੀ ਉਹ ਉਸ ਦਾ ਹੀ ਸਾਥੀ ਸੀ । ਸੰਸਕਾਰ ਤੇ ਲੋਕੀ ਹੋਲੀ ਹੋਲੀ ਗੱਲਾਂ ਕਰ ਰਹੇ ਸੀ ਕਿ ਇਹ ਦੋਵੇਂ ਪਿਆਰੇ ਦੇ ਬਿਮਾਰ ਹੋਣ ਤੋਂ ਪਹਿਲਾਂ ਉਸਦੇ ਨੇੜੇ ਵੇਖੇ ਗਏ ਸਨ । ਇਹ ਪਿਆਰੇ ਨੂੰ ਵੇਚਣ ਦੀ ਸਿਫਾਰਸ਼ ਵੀ ਕਈ ਵਾਰ ਨਛੱਤਰ ਸਿੰਘ ਕੋਲ ਲੈ ਕੇ ਗਏ ਪਰ ਉਹ ਹਰ ਵਾਰੀ ਇਹਨਾਂ ਨੂੰ ਵੇਚਣ ਤੋਂ ਮਨ੍ਹਾਂ ਕਰ ਦਿੰਦਾ ਸੀ ਸ਼ਾਇਦ ਇਹ ਓਸੀ ਪਾਪ ਦਾ ਨਤੀਜਾ ਹੋਵੇ ।
ਲੇਖਕ :-ਨਿਰਲੇਪ ਸਿੰਘ