ਆਪਣੀ ਮੇਹਨਤ ਦੀ ਕਮਾਈ

by Lakhwinder Singh

ਪੰਝੀ ਕੂ ਸਾਲ ਪਹਿਲਾਂ ਦੀ ਗੱਲ ਏ.. ਵਿਆਹ ਵੇਲੇ ਜਦੋਂ ਲਾਵਾਂ ਫੇਰਿਆਂ ਮਗਰੋਂ ਨਾਲਦੀਆਂ ਨੇ ਜੁੱਤੀ ਲੁਕਾਈ ਦੇ ਹਜਾਰ ਰੁਪਈਏ ਮੰਗ ਲਏ ਤਾਂ ਇਹ ਆਪਣੇ ਪਿਤਾ ਜੀ ਵੱਲ ਵੇਖਣ ਲਗ ਗਏ..! ਥੋੜਾ ਅਜੀਬ ਜਿਹਾ ਲੱਗਾ.. ਕਿਓੰਕੇ ਮੈਨੂੰ ਦੱਸਿਆ ਗਿਆ ਸੀ ਕੇ ਇਹਨਾਂ ਦਾ ਆਪਣਾ ਕੰਮ..ਵੱਡਾ ਕਾਰੋਬਾਰ..ਨੌਕਰ ਚਾਕਰ..ਕੋਠੀਆਂ ਕਾਰਾਂ ਅਤੇ ਹੋਰ ਵੀ ਬਹੁਤ ਕੁਝ ਏ..! ਖੈਰ ਵਿਆਹ ਦੇ ਦੋ ਮਹੀਨੇ ਮਗਰੋਂ ਵੀ ਜਦੋਂ ਇਹ ਅਕਸਰ ਘਰੇ ਹੀ ਰਿਹਾ ਕਰਦੇ ਤਾਂ ਇੱਕ ਦਿਨ ਪੁੱਛ ਲਿਆ ਕੇ ਤੁਸੀਂ ਕੰਮ ਤੇ ਜਾਣਾ ਕਦੋਂ ਸ਼ੁਰੂ ਕਰਨਾ ਏ?

ਅੱਗੋਂ ਹੱਸਦਿਆਂ ਹੋਇਆ ਆਖਣ ਲੱਗੇ ਕੇ ਬਿੱਲੋ ਅਜੇ ਤਾਂ ਆਪਣਾ ਹਨੀਮੂਨ ਸੈਸ਼ਨ ਹੀ ਨਹੀਂ ਮੁੱਕਿਆ..ਸਾਨੂੰ ਕਾਹਦੀ ਕਾਹਲ..ਹਰ ਚੀਜ ਤੇ ਮਿਲ਼ੀ ਹੀ ਜਾਂਦੀ ਏ..! ਫੇਰ ਵੀ ਨਿੱਕੇ-ਨਿੱਕੇ ਖ਼ਰਚਿਆਂ ਲਈ ਵੀ ਇਹਨਾਂ ਦਾ ਘਰਦਿਆਂ ਅੱਗੇ ਹੱਥ ਅੱਡਣਾ ਮੈਨੂੰ ਜਰਾ ਜਿੰਨਾ ਵੀ ਚੰਗਾ ਨਾ ਲੱਗਿਆ ਕਰਦਾ..! ਅਖੀਰ ਇਹਨਾਂ ਦਾ ਲਗਾਤਾਰ ਇਸੇ ਤਰਾਂ ਘਰੇ ਰਹਿਣਾ ਮੈਨੂੰ ਖਿਝ ਜਿਹੀ ਚੜਾਉਣ ਲੱਗਾ..! ਫੇਰ ਪਹਿਲਾ ਸਾਉਣ ਕੱਟਣ ਘਰੇ ਆਈ ਤਾਂ ਸਾਰੀ ਗੱਲ ਮਾਂ ਨਾਲ ਕਰ ਕੀਤੀ.. ਉਸਨੇ ਵੀ ਆਪਣੀ ਪ੍ਰੇਸ਼ਾਨੀ ਲੁਕਾਉਂਦੀ ਹੋਈ ਨੇ ਸਾਰੀ ਗੱਲ ਮੇਰੇ ਡੈਡ ਤੇ ਪਾ ਦਿੱਤੀ..! ਫੇਰ ਜਦੋਂ ਮੈਨੂੰ ਲੈਣ ਆਏ ਤਾਂ ਨਾਲ ਲਿਆਂਦੀਆਂ ਕਿੰਨੀਆਂ ਸਾਰੀਆਂ ਚੀਜਾਂ ਨਾਲ ਸਾਡਾ ਸਾਰਾ ਵੇਹੜਾ ਭਰ ਗਿਆ.. ਨਾਲ ਹੀ ਗੱਲਾਂ ਗੱਲਾਂ ਵਿਚ ਹੀ ਮੇਰੀ ਸੱਸ ਮੇਰੀ ਮਾਂ ਨੂੰ ਸੰਬੋਧਨ ਹੁੰਦੀ ਆਖਣ ਲੱਗੀ ਕੇ ਭੈਣ ਜੀ ਬੜੀ ਕਿਸਮਤ ਵਾਲੀ ਏ ਤੁਹਾਡੀ ਧੀ..ਓਥੇ ਕੋਠੀਆਂ,ਕਾਰਾਂ,ਧੰਨ ਦੌਲਤ ਤੇ ਹੋਰ ਕਿਸੇ ਚੀਜ ਦੀ ਕੋਈ ਕਮੀਂ ਨਹੀਂ ਏ ਜਿਥੇ ਤੁਹਾਡੀ ਧੀ ਨੇ ਪੈਰ ਪਾਇਆ..! ਇਸ ਵਾਰ ਮੈਥੋਂ ਨਾ ਹੀ ਰਿਹਾ.. ਤੇ ਇਸਤੋਂ ਪਹਿਲਾਂ ਕੇ ਮੇਰੀ ਮਾਤਾ ਜੀ ਕੋਈ ਜੁਆਬ ਦੇ ਪਾਉਂਦੀ ਮੈਂ ਨਿਸ਼ੰਗ ਹੋ ਕੇ ਆਖ ਦਿੱਤਾ “ਬੀਜੀ ਮੈਂ ਵਿਆਹ ਕੋਠੀਆਂ ਕਾਰਾਂ ਧੰਨ ਦੌਲਤ ਨਾਲ ਨਹੀਂ ਸੀ ਕਰਾਇਆ..ਮੈਂ ਤਾਂ ਕਰਵਾਇਆ ਸੀ ਹੱਡ-ਮਾਸ ਦੇ ਬਣੇ ਜਿਉਂਦੇ ਜਾਗਦੇ ਇਕ ਉਸ ਇਨਸਾਨ ਨਾਲ ਜੋ ਸਵੈ-ਮਾਣ ਦਾ ਮੁੱਜਸਮਾ ਹੁੰਦਾ ਹੋਇਆ ਇਹ ਸਾਰਾ ਕੁਝ ਆਪਣੇ ਹੱਥੀਂ ਬਣਾਉਣ ਦੇ ਕਾਬਿਲ ਵੀ ਹੋਵੇਗਾ”..! ਫੇਰ ਕੋਲ ਹੀ ਬੈਠੇ ਹਰਜੀਤ ਦੀਆਂ ਅੱਖਾਂ ਵਿਚ ਅੱਖਾਂ ਪਾਉਂਦੀ ਹੋਈ ਨੇ ਨਾਲ ਜਾਣ ਨਾਂਹ ਕਰਦਿਆਂ ਏਨੀ ਗੱਲ ਵੀ ਆਖ ਦਿੱਤੀ ਕੇ ਮੈਨੂੰ ਉਸ ਦਿੰਨ ਦਾ ਇੰਤਜਾਰ ਰਹੇਗਾ ਜਿਸ ਦਿਨ ਮੈਨੂੰ ਲੈਣ ਆਇਆਂ ਦੀ ਤੁਹਾਡੀ ਗੱਡੀ ਵਿਚ ਪੈਟਰੋਲ ਤੁਹਾਡੇ ਆਪਣੇ ਕਮਾਏ ਹੋਏ ਪੈਸਿਆਂ ਦਾ ਪਵਾਇਆ ਹੋਵੇਗਾ..” ਚਾਰੇ ਪਾਸੇ ਇੱਕਦਮ ਹੀ ਚੁੱਪੀ ਜਿਹੀ ਛਾ ਗਈ ਅਤੇ ਮੈਨੂੰ ਮੇਰਾ ਗੁਜਰ ਗਿਆ ਦਾਦਾ ਜੀ ਚੇਤੇ ਆ ਗਿਆ.. ਅਕਸਰ ਹੀ ਆਖਿਆ ਕਰਦੇ ਸਨ..”ਪੁੱਤਰ ਸੰਘਣੇ ਬੋਹੜ ਦੀ ਛਾਂ ਹੇਠ ਕਦੀ ਵੀ ਦੂਜਾ ਬੋਹੜ ਨਹੀਂ ਉੱਗਿਆ ਕਰਦਾ..ਉਸਨੂੰ ਉੱਗਣ ਲਈ ਪਹਿਲਾਂ ਧਰਤੀ ਦਾ ਸੀਨਾ ਪਾੜ ਬਾਹਰ ਆਉਣਾ ਪੈਂਦਾ ਏ ਤੇ ਮਗਰੋਂ ਜੇਠ ਹਾੜ ਦੀਆਂ ਤਪਦੀਆਂ ਧੁੱਪਾਂ,ਤੇਜ ਮੀਂਹ ਦੇ ਛਰਾਹਟੇ ਅਤੇ ਤੇਜ ਹਵਾਵਾਂ ਵਾਲੇ ਜ਼ੋਰਦਾਰ ਤੂਫ਼ਾਨ ਆਪਣੇ ਵਜੂਦ ਤੇ ਸਹਿਣੇ ਪੈਂਦੇ ਨੇ”!

ਦੋਸਤੋ ਇਹ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਬਾਹਰੀ ਦਿੱਖ ਨੂੰ ਹੀ ਸਭ ਕੁਝ ਮੰਨ ਲੈਣ ਵਾਲੇ ਅਜੋਕੇ ਪਦਾਰਥਵਾਦ ਦੀ ਪਤੰਗ ਅਜੇ ਉਤਲੀ ਹਵਾਇ ਨਹੀਂ ਸੀ ਚੜਨ ਦਿੱਤੀ ਗਈ ਤੇ ਕੁਝ ਜਾਗਦੀਆਂ ਜਮੀਰਾਂ ਵਾਲੇ ਅੰਬ ਖਾਂਦਿਆਂ ਕਦੀ ਕਦੀ ਰੁੱਖ ਗਿਣਨ ਦੀ ਦਲੇਰੀ ਵੀ ਕਰ ਹੀ ਲਿਆ ਕਰਦੇ ਸਨ!

ਹਰਪ੍ਰੀਤ ਸਿੰਘ ਜਵੰਦਾ

You may also like