Best punjabi stories
ਸਾਡੇ ਪਿੰਡ ਇੱਕ ਟੂ ਵ੍ਹੀਲਰ ਮਕੈਨਿਕ ਦੀ ਦੁਕਾਨ ਸੀ.. ! ਹੌਲ਼ੀ ਹੌਲ਼ੀ ਦੋਸਤ ਬਣ ਗਏ.. ! ਕੇਰਾਂ ਕਿਸੇ ਦੀ ਲੂਨਾ ਦਾ ਇੰਜਣ ਹੋਣ ਆਲ਼ਾ ਸੀ.. ! ਸਿਆਲ਼ਾਂ ਦੇ ਦਿਨਾਂ ਚ ਅਸੀਂ ਸ਼ਾਮ ਨੂੰ ਲੂਨਾਂ ਦਾ ਸਮਾਨ ਲੈਣ ..ਸਹਿਕਦੀ ਲੂਨਾ ਤੇ ਹੀ ਲੁਧਿਆਣੇ ਨੂੰ ਚਾਲੇ ਪਾਤੇ..! ਡਰ ਪ੍ਰਤੱਖ ਹੋ ਕੇ ਸੱਚ ਹੋ ਨਿਬੜਿਆ.. ! ਦੋਲੋਂ ਕਲਾਂ ਕੋਲ ਪਹੁੰਚਦਿਆਂ ਇਜੰਣ ਸਰੀਰ ਤਿਆਗ ਗਿਆ..! ਨੇਰ੍ਹਾ ਹੋਣ ਨੂੰ ਸੀ ਤੇ ਸਾਧਨ ਕੋਈ ਮਿਲਣਾ ਨੀ ਸੀ..! ਬਾਈ ਮੈਨੂੰ ਉੱਥੇ ਖੜ੍ਹਾ ਕੇ ਇੱਕ ਮਿੰਟ ਦਾ ਆਇਆ ਕਹਿ ਕੇ ..ਕਿਸੇ ਸਕੂਟਰ ਆਲੇ ਨੂੰ ਹੱਥ ਦੇ ਕੇ ਚਲਿਆ ਗਿਆ.. ਤੇ ਅੱਧੇ ਕੁ ਘੰਟੇ ਬਾਅਦ ਇੱਕ ਵੱਡਾ ਲਿਫਾਫਾ ਜਿਹਾ ਲਈ ਆਵੇ.. ! ਮੇਰੇ ਬੋਲਣ ਤੋਂ ਪਹਿਲਾਂ ਹੀ ਆਸਾ ਪਾਸਾ ਦੇਖ ਲਿਫਾਫੇ ਚੋਂ ਦੋ ਮੀਟਰ ਦਾ ਲਾਲ ਕੱਪੜਾ ਲੂਨਾ ਦੇ ਹੈਂਡਲ਼ਾਂ ਤੇ ਪਿਛਲੇ ਮਰਗਾੜ ਨਾਲ਼ ਬੰਨ ਤੇ ਉੱਤੇ ਨਾਰੀਅਲ ਰੱਖਤਾ ..ਤੇ ਆਲ਼ੇ ਦੁਆਲ਼ੇ ਪਾਈਆ ਹਲ਼ਦੀ ਨਾਲ਼ ਗੋਲ਼ ਘਤਾਰਾ ਖਿੱਚਤਾ..ਤੇ ਮੈਨੂੰ ਕਹਿੰਦਾ ਛੇਤੀ ਛੇਤੀ ਪਿੱਛੇ ਤੁਰ ਪੈ..!ਮੈਂ ਤੇ ਬਾਈ ਦੀ ਸ਼ਰਤ ਵੀ ਲਾਗੀ ਕਿ ਜੇ ਸਵੇਰੇ ਲੂਨਾਂ ਗਾਇਬ ਹੋਈ ਤਾਂ ਬਾਈ ਮੈਨੂੰ ਸੌ ਦਾ ਨੋਟ ਪੂਜੂ ..ਨਹੀਂ ਤਾਂ ਮੇਰਾ ਗਿਆ..! ਇੱਕ ਗੱਡੀ ਵਾਲ਼ੇ ਨੂੰ ਹੱਥ ਦਿੱਤਾ ਤੇ ਕਿਵੇਂ ਨਾ ਕਿਵੇਂ ਕਰਕੇ ਪਿੰਡ ਪਹੁੰਚ ਗਏ.. !
ਅਗਲੇ ਦਿਨ ਸੁਵਖ਼ਤੇ ਹੀ ਦੋਧੀਆਂ ਦੇ 407 ਤੇ ਚੜ੍ਹ ਸ਼ਹਿਰ ਜਾ ਵੜ੍ਹੇ .. ਬੋਰੀ ਚ ਲੂਨਾ ਦਾ ਸਮਾਨ ਲੈ ਕੇ ਬੱਸ ਤੇ ਉੱਥੇ ਆ ਉੱਤਰੇ .. ਜਿੱਥੇ ਲੂਨਾਂ ਨੂੰ ਇੱਕਲੌਤੇ ਰਾਤ ਕੱਟਣ ਲਈ ਛੱਡ ਗਏ ਸੀ ..! ਬਾਈ ਨੇ ਜੈ ਕਾਲ਼ੀ ਮਾਤਾ ਰਾਣੀ ਕਹਿ ਨਾਰੀਅਲ ਭੰਨਿਆਂ ਤੇ ਅੱਧੋ ਅੱਧ ਕਰ.. ਕੱਪੜੇ ਦੀ ਤਹਿ ਮਾਰ ਲੀ ਤੇ .. ਹਲ਼ਦੀ ਪੈਰ ਨਾਲ਼ ਖਿੰਡਾ ਤੀ ..! ਮੈਨੂੰ ਸੌ ਦੀ ਸ਼ਰਤ ਹਾਰਨ ਦਾ ਉਨ੍ਹਾਂ ਦੁੱਖ ਨੀ ਹੋਇਆ .. ਜਿੰਨ੍ਹਾਂ ਨਿਆਣੀ ਕਣਕ ਨੂੰ ਮਿੱਧ .. ਕਿਆਰੇ ਚ ਪਾਈਆਂ ਗੱਡੀਆਂ ਦੇ ਟਾਇਰਾਂ ਦੀਆਂ ਲੀਹਾਂ ਤੇ ਲੋਕਾਂ ਦੀ ਡਰੂ ਮਾਨਸਿਕਤਾ ਕਰਕੇ ਹੋਇਆ..!
Sarab Pannu
ਪਹਿਲਾਂ ਰਿਸ਼ਤੇਦਾਰ ਕਈ ਕਈ ਦਿਨ ਰਹਿੰਦੇ ਸਨ ਤੇ ਉਹਨਾਂ ਦੇ ਜਾਣ ਲੱਗਿਆ ਘਰਦਿਆਂ ਨੂੰ ਬਹੁਤ ਦੁੱਖ ਹੁੰਦਾ ਸੀ ਤੇ ਰਿਸ਼ਤੇਦਾਰ ਹੁਣ ਇੱਕ ਦਿਨ ਲਈ ਆਉਂਦੇ ਨੇ ਤੇ ਘਰਦਿਆਂ ਦੀ ਜਾਨ ਤੇ ਬਣੀ ਹੁੰਦੀ ਹੈ ਸੋਚਦੇ ਨੇ ਕਦੋਂ ਜਾਣ ਤੇ ਕਦੋਂ ਸਾਡੀ ਜਾਨ ਛੁੱਟੇ।ਅਸਲ ਵਿੱਚ ਹੁਣ ਫਾਰਮੈਲਟੀਆਂ ਜਿਆਦਾ ਕਰਨੀਆਂ ਪੈਂਦੀਆਂ ਪਹਿਲਾਂ ਏਦਾਂ ਨਹੀਂ ਸੀ।ਸੋਚਣ ਵਾਲੀ ਗੱਲ ਤਾਂ ਇਹ ਹੈ ਅਸੀਂ ਕਿਸੇ ਘਰ ਜਾ ਕੇ ਉਹਨਾਂ ਨੂੰ ਖੁਸ਼ੀ ਦੇ ਰਹੇ ਹਾਂ ਜਾ ਉਹਨਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਾਂ।
ਮੇਰੇ ਸਾਹਮਣੇ ਦੀ ਗੱਲ ਹੈ ਹੁਣ ਕੁੱਝ ਸਮੇਂ ਪਹਿਲਾਂ ਦੀ ,ਸਾਡੇ ਗੁਆਂਢ ਵਿੱਚ ਦੋ ਭਰਾ ਸਨ।ਇੱਕ ਸ਼ਹਿਰ ਰਹਿੰਦਾ ਸੀ ਇੱਕ ਪਿੰਡ ।ਘਰ ਪਰਿਵਾਰ ਚੰਗਾ ਸੌਖਾ ਸੀ । ਅਪਣੇ ਘਰੀਂ ਦੋਵੇਂ ਵਧੀਆ ਜੀਵਨ ਜਿਉਂਦੇ ਨੇ । ਦੋਹਾਂ ਦੇ ਜਿਉਣ ਦਾ ਜ਼ਿੰਦਗੀ ਨੂੰ ਮਾਨਣ ਦਾ ਆਪਣਾ ਵੱਖਰਾ ਅੰਦਾਜ਼ ਹੈ।
ਇੱਕ ਵਾਰ ਸ਼ਹਿਰੀ ਭਰਾ ਪਿੰਡ ਵਾਲੇ ਭਰਾ ਦੇ ਘਰ ਆਇਆ। ਉਹ ਭਰਾ ਵੱਡਾ ਅਫ਼ਸਰ ਤਹਿਸੀਲਦਾਰ ਸੀ ਖੌਰੇ ਦੂਜੇ ਭਰਾ ਭਾਬੀ ਨੂੰ ਚਾਅ ਚੜ ਗਿਆ ਦੋਵੇਂ ਸਿੱਧੇ ਸਾਦੇ ਜਿਹੇ ਸੀ,ਪਿੰਡ ਰਹਿੰਦੇ ਸੀ ।ਭਾਬੀ ਵੀ ਅੱਡੀਆਂ ਭਾਰ ਤੁਰੀ ਫਿਰੇ ।ਦਿਉਰ ਦਰਾਣੀ ਆਉਣਗੇ ਇੱਕਠੇ ਬੈਠਾਂਗੇ ਗੱਲਾਂ ਕਰਾਂਗੇ ਸੁੱਖ ਦੁੱਖ ਸੁਣਾਂਗੇ ਕਰਾਂਗੇ। ਨਵੀਂਆ ਚਾਦਰਾਂ ਵਿਛਾਵੇ । ਨਵੇ ਭਾਂਡੇ ਕੱਢੇ ਵੰਨ ਸੁਵੰਨੇ ਪਕਵਾਨ ਬਣਾਏ। ਵੀਰ ਨੌਕਰਾਂ ਕੋਲੋਂ ਕੰਧਾ ਸ਼ੀਸ਼ੇ ਸਾਫ ਕਰਵਾਏ ਕੋਈ ਕਮੀਂ ਨਾ ਰਹੇ। ਚਲੋ ਜੀ ਆ ਗਿਆ ਵੀਰ ਪਰਿਵਾਰ ਸਮੇਤ।
ਹੁਣ ਅਫਸਰਾਂ ਨੂੰ ਹੁਕਮ ਕਰਨ ਦੀ ਆਦਤ ਹੁੰਦੀ ਏ ਜਿਵੇਂ ਦੀ ਰਹਿਣੀ-ਬਹਿਣੀ ਹੁੰਦੀ ਏ ਸੁਭਾਅ ਵੀ ਓਸੇ ਤਰ੍ਹਾਂ ਦਾ ਹੋ ਜਾਦਾ ।ਗੱਡੀ ਭਰ ਆ ਗੲੇ ।ਚਾਰ ਜੀਅ ਆਪ ਇੱਕ ਡਰਾਈਵਰ ਇੱਕ ਖਿਡਾਵੀ ਤੇ ਇੱਕ ਉਹਨਾਂ ਦਾ ਹੈਲਪਰ। ਇਹਨਾਂ ਦੇ ਰਹਿਣ ਦਾ ਕਰੋ ਇੰਤਜ਼ਾਮ ,ਕਮੀ ਕੋਈ ਨਾ ਰਹੇ ਇਹਨਾਂ ਜਾ ਕੇ ਵੀਹਾਂ ਜਣਿਆਂ ਕੋਲ ਗੱਲ ਕਰਨੀ ਏ ਸਾਬ ਦੇ ਪਿੰਡ ਗੲੇ ਸੀ ।
ਏਧਰ ਭਾਬੀ ਇੱਕਲੀ ।ਡਰਾਇਵਰ ਗੱਡੀ ਲਾ ਕੇ ਪੈ ਗਿਆ ਤੇ ਚਾਹ ਦਾ ਹੁਕਮ ਦੇ ਦਿੱਤਾ। ਖਿਡਾਵੀ ਨਿਆਣਿਆਂ ਦੇ ਨਾਲ ਨਾਲ ਕਦੀ ਨਿਆਣੇ ਜੂਸ ਮੰਗਣ ਉਹ ਵੀ ਫਰੈਛ ,ਕਦੀ ਮੈਂਗੀ ,ਕਦੀ ਬਰਗਰ ।ਤਾਇਆ ਏਸੇ ਚੱਕਰ ਚ ਰਿਹਾ ਕਦੀ ਕੁਝ ਲਿਆਵੇ ਕਦੀ ਕੁੱਝ ।ਕਦੀ ਡਰਾਈਵਰ ਚਾਹ ਮੰਗ ਲਵੇ ਕਦੀ ਹੈਲਪਰ ਦੀ ,ਕਦੀ ਦਰਾਣੀ ਦੀ ਚਾਹ ਦਾ ਟਾਇਮ ਕਦੀ, ਦਿਉਰ ਦੀ ਚਾਹ ,ਕਦੀ ਮਿੱਠੀ ਕਦੀ ਫਿੱਕੀ ,ਭਾਬੀ ਵਿਚਾਰੀ ਦਾ ਚਾਅ ਤਾਂ ਦੋ ਘੰਟੇ ਚ ਮੁੱਕਣਾ ਸੁਰੂ ਹੋ ਗਿਆ।ਕਦੀ ਪ੍ਰਹੁਣਿਆ ਨੂੰ ਰੋਟੀ ਠੰਡੀ ਲੱਗੇ ਕਦੀ ਲੂਣ ਘੱਟ ਆਖਣ ਕਦੀ ਸਲਾਦ ਵਿਚ ਪਿਆਜ ਹੋਰ ਲਿਆਓ ।ਕਦੀ ਅਸੀ ਆਹ ਦਾਲ ਨਹੀਂ ਖਾਂਦੇ ਕਦੀ ਹੁਣ ਪਕੋੜਿਆਂ ਨੂੰ ਦਿਲ ਕਰਦਾ ।ਕਾਫੀ ਵੀ ਹੋ ਜਾਏ ਕੱਪ ਕੱਪ । ਗੱਲ ਕੀ ਜੀ ਸ਼ਾਮ ਪੈਦੇ ਪੈਦੇ ਭਾਬੋ ਦੇ ਤਾਂ ਬੰਬ ਬੋਲ ਗਏ ।ਸੱਤ ਜਣੇ ਉਹ ਤੇ ਬਾਕੀ ਛੇ ਸੱਤ ਅਪਣੇ ਪਰਿਵਾਰ ਦੇ । ਵੀਰ ਭਾਬੋ ਦੋਂਨੇਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ । ਪ੍ਰਾਹੁਣੇ ਏ ਸੀ ਲਾ ਕੇ ਅੰਦਰ ਜਾ ਵੜੇ ਗਰਮੀਂ ਦਾ ਬਹਾਨਾ ਲਾ ਕੇ ਨਾ ਕੋਈ ਬਾਹਰ ਨਿਕਲੇ ਨਾ ਕੋਈ ਗੱਲ ਹੋਵੇ । ਬਾਹਰ ਵਿਹੜੇ ਵਿੱਚ ਬੈਠੇ ਬੀਬੀ ਬਾਪੂ ਏ ਸੀ ਕਰਕੇ ਬਿਲ ਆਉਣ ਦਾ ਝੋਰਾ ਲਾਈ ਜਾਣ।
ਕਹਿ ਸਕਣ ਨਾ ਕੁਝ ।ਪੁੱਤ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਨ ਮੁੜ ਮੁੜ ਬੰਦ ਬੂਹੇ ਨੂੰ ਵੇਖਣ। ਬਾਹਰ ਆਵੇ ਕੋਈ ਗੱਲ ਬਾਤ ਕਰੇ।ਦੁੱਖ ਸੁੱਖ ਸਾਂਝਾ ਕਰੇ।
ਦੂਜੇ ਬੰਨੇ ਭਾਬੋ ਹੁਣ ਫਿਰ ਰਾਤ ਦੀ ਰੋਟੀ ਦੀ ਤਿਆਰੀ ਚ ਲਗ ਪਈ। ਦਾਲਾਂ ਸਬਜ਼ੀਆਂ ਨੂੰ ਤੜਕੇ ਲਗਾ ਲਗਾ ਭਾਬੋ ਦਾ ਬੁਰਾ ਹਾਲ ਗਰਮੀ ਦੇ ਦਿਨ ਕਦੀ ਕੋਈ ਪਾਣੀ ਮੰਗੇ ਕਦੀ ਠੰਡਾ । ਚਲੋ ਜੀ ਰੋਟੀ ਵੀ ਕਿਸੇ ਤਰ੍ਹਾਂ ਖਵਾ ਲੀ ,ਫਿਰ ਸੌਣ ਵੇਲੇ ਉਹਨਾਂ ਦੇ ਨਖਰੇ ਗੱਦਾ ਸਖਤ ਹੈ । ਸਿਰਹਾਣਾ ਜਿਆਦਾ ਮੋਟਾ ,ਚਾਦਰ ਲਾਇਟ ਕਲਰ ਦੀ ਵਿਛਾਓ ,ਉਪਰ ਲੈਣ ਨੂੰ ਖੇਸ ਨਹੀਂ ,ਇਹ ਕਿਹੜਾ ਜਮਾਨਾ ਹੁਣ ਭਾਈ ਜੈ ਪੁਰੀ ਰਜਾਈਆਂ ਨਹੀਂ ਰੱਖੀਆਂ ਤੁਸੀਂ ।ਕਰੋਕਰੀ ਚੈਜ ਕਰੋ ਇਹ ਪੁਰਾਣੇ ਜ਼ਮਾਨੇ ਦੀ ਹੈ।ਗੁੱਸਲਖਾਨੇ ਚ ਈਅਰ ਫਰੈਸ਼ਨਰ ਤਾਂ ਲਾਉਣਾ ਸੀ ।ਚਾਰ ਤੋਲੀਏ ਘੱਟ ਨੇ ਐਕਸਟਰਾ ਰੱਖੋ, ਹੋਰ ਦੇਵੋ ਤੇ ਸਵੇਰੇ ਨਵੇਂ ਦੇ ਦਿਓ । ਹੁਣ ਸਿੱਧੇ ਜੱਟ ਭਰਾ ਤੇ ਭਾਬੋ ਤਾਂ ਇੱਕ ਤੋਲੀਏ ਨਾਲ ਹੀ ਪੂੰਝ ਲੈਦੇ ਸੀ ਨਹਾ ਕੇ। ਹੁਣ ਘਰ ਤਾਂ ਦੋ ਚਾਰ ਤੋਲੀਏ ਤੋਂ ਜ਼ਿਆਦਾ ਹੈ ਨਹੀਂ ਸੀ ਜੋ ਪ੍ਰਹੁਣਿਆ ਲਈ ਰੱਖੇ ਸਨ।ਵਿਚਾਰੇ ਵੀਰ ਨੂੰ ਚੰਗਾ ਵਖ਼ਤ । ਓਸੇ ਵੇਲੇ ਬਜਾਰ ਗਿਆ ਤੇ ਅੱਧੀ ਰਾਤੀਂ ਅੱਧੀ ਦਰਜਨ ਤੋਲੀਏ ਹੋਰ ਲਿਆਂਦੇ। ਇਹ ਸਭ ਵਾਧੂ ਖਰਚ ਸਨ ,ਜੋ ਅਣਮੰਨੇ ਮਨ ਨਾਲ ਉਹ ਕਰ ਰਹੇ ਸਨ।ਫਿਰ ਡਰਾਈਵਰਾਂ ,ਹੈਲਪਰਾਂ ਦੇ ਲਈ ਬਿਸਤਰੇ ਮੰਜੇ ,ਡਾਹਡੇ ਦੁੱਖੀ ਦੋਨੋਂ। ਪੇਟੀਆਂ ਖੋਲ ਖੋਲ ਬਿਸਤਰੇ ਕੱਢਦੀ ਨੂੰ ਜਿਓਂ ਛਿੱਕਾਂ ਸ਼ੁਰੂ ਹੋਈਆਂ , ਜ਼ੁਕਾਮ ਨੇ ਜੋਰ ਫੜ ਲਿਆ।ਹੁਣ ਚਾਅ ਨਹੀ ਸੀ ਹੁਣ ਤੇ ਸਿਰ ਪਿਆ ਢੋਲ ਵਜਾਉਣਾ ਪੈਣਾ ਸੀ। ਭਾਬੋ ਰਸੋਈ ਚ ਤੇ ਵੀਰਾ ਸਰਵਿਸ ਕਰਦਾ ਫਿਰੇ ਕਦੀ ਕੁੱਝ ਫੜਾਏ ਕਦੀ ਕੁੱਝ ।
ਦੋਹਾਂ ਜੀਆਂ ਨੂੰ ਮੰਜੇ ਤੇ ਪਿਆ ਨੂੰ ਪਤਾ ਹੀ ਨਾ ਲੱਗਿਆ ਦਿਨ ਕਦੋਂ ਚੜ ਗਿਆ ।ਚਲੋ ਭਾਈ ਰਾਤ ਕੱਟੀ ਸਵੇਰੇ ਫਿਰ ਓਹੀ ਕੰਮ ਅਪਣੀਆਂ ਰੋਟੀਆਂ ਨਾਲੋ ਜਿਆਦਾ ਪ੍ਰਹੁਣਿਆ ਦੇ ਹੈਲਪਰਾਂ ਦੀਆਂ ਰੋਟੀਆਂ ਦਾ ਫ਼ਿਕਰ। ਉਹ ਆਏ ਹੋਏ ਪ੍ਰਾਹੁਣੇ ਤਾਂ ਪੂਰੇ ਆਨੰਦ ਚ ਤੇ ਭਾਬੋ ਵੀਰਾਂ ਫਿਕਰਾਂ ਚ ਜੇ ਇੱਕ ਦਿਨ ਹੋਰ ਰਹੇ ਤਾਂ ਕੀ ਬਣੂੰਗਾ । ਚਾਹ ਪਾਣੀ ਸ਼ਾਹ ਵੇਲਾ , ਕਰਦੀ ਕਰਦੀ ਦੁਪਹਿਰ ਚੜ ਆਈ ਫੇਰ ਉਹੀ ਕੰਮ ਦਾਲ ਸਬਜੀ ਦਹੀ ਚੌਲ ਸਲਾਦ ਪਾਪੜ ਖੀਰ , ਹੁਣ ਤਾਂ ਹਸੋ ਹਸੋ ਕਰਦੀ ਦੀ ਸਮਾਇਲ ਵੀ ਕਾਗਜੀ ਜਿਹੀ ਹੋ ਗਈ ਸੀ । ਨਾ ਘਰ ਦੀ ਸਫ਼ਾਈ ਹੋਈ ਨਾ ਕਪੜਾ ਲੀੜਾ ਸੰਭਾਲ ਹੋਇਆ , ਪ੍ਰਹੁਣਿਆਂ ਨੇ ਤਾਂ ਸਿਰ ਖੁਰਕਣ ਦਾ ਵੇਲ ਨਾ ਦਿੱਤਾ ।ਜਿਸ ਦਿਉਰ ਦੇ ਆਉਣ ਦਾ ਗੋਡੇ ਗੋਡੇ ਚਾਅ ਚਾਅ ਸੀ ਹੁਣ ਜਾਣ ਨੂੰ ਉਡੀਕੇ।
ਹੁਣ ਤਾਂ ਇਸ ਭਾਬੋ ਦੀ ਕੰਮ ਵਾਲੀ ਵੀ ਆਖੇ ਅਖੇ ਹਮਨੇ ਕਲ ਛੁੱਟੀ ਕਰਨੀ ਅੱਜ ਥੱਕ ਗੲੀ ਮੈਂ ਤਾਂ ਭਾਂਡੇ ਮਾਂਜਤੇ ਮਾਂਜਤੇ….. । ਭਾਬੋ ਨੂੰ ਉਸ ਦਾ ਵੱਖਰਾ ਝੋਰਾ ਖਾਈ ਜਾਵੇ।ਕੰਮ ਕਰ ਉਹ ਤਾਂ ਚਲੀ ਗਈ ਪਰ ਪ੍ਰਹੁਣੇ ਏਥੇ ਹੀ ਸਨ । ਸਾਮ ਢਲੀ ਨੂੰ ਤਿਆਰੀ ਸਿਰੇ ਚੜੀ ਪ੍ਰਹੁਣਿਆਂ ਦੀ।
ਅਫ਼ਸਰ ਭਾਈ ਨਾ ਨਹੀਂ ਕਰਦੇ ਕਿਸੇ ਚੀਜ਼ ਨੂੰ ਸੋ ਜਾਣ ਲੱਗਿਆ ਘਰ ਦੀਆਂ ਦਾਲਾ ਘਿਓ ਆਚਾਰ ਚੌਲ ਸਬਜ਼ੀਆਂ ਸਭ ਬੰਨ ਲਏ। ਫਿਰ ਬਣਦਾ ਸਰਦਾ ਪਿਆਰ ਵੀ ਦਿੱਤਾ , ਨਾਲ ਆਏ ਡਰਾਈਵਰ ਹੈਲਪਰਾ ਨੂੰ ਦੋ ਦੋ ਸੌਂ ਰੁਪਇਆ ਜਰੂਰ ਦੇਣਾ ਦਰਾਣੀ ਨੇ ਸਵੇਰੇ ਹੀ ਚਾਹ ਫੜਾਉਣ ਗੲੀ ਨੂੰ ਸੁਣਾ ਦਿੱਤਾ ਸੀ ।
ਉਹਨਾਂ ਮਸਾਂ ਤੋਰਿਆ ਤੇ ਕੰਨਾਂ ਨੂੰ ਹੱਥ ਲਾਏ। ਦੋਵੇਂ ਅੰਦਰ ਵੜੇ ਤਾਂ ਚੇਤਾ ਆਇਆ ਅਸੀਂ ਦੋਹਾਂ ਤਾਂ ਰੋਟੀ ਨਹੀਂ ਖਾਦੀ ਸਵੇਰ ਦੀ ।ਭਾਬੋ ਨੇ ਥਾਲ ਚ ਪਾਈ ਰੋਟੀ ਤੇ ਉੱਤੇ ਰੱਖਿਆ ਅਚਾਰ ਨਾਲ ਬਣਾਈ ਚਾਹ ਤੇ ਵੱਡੇ ਕੱਪ ਭਰ ਦੋਵੇਂ ਜੀਅ ਬਜ਼ੁਰਗਾਂ ਕੋਲ ਬਹਿ ਖਾਣ ਲੱਗੇ । ਬਜ਼ੁਰਗਾਂ ਨੇ ਵੀ ਸ਼ੁਕਰ ਮਨਾਇਆ ਬਈ ਸਾਡੇ ਲਾਗੇ ਬੈਠੇ ਨੇ ਦੋਵੇਂ ਕਲ ਦੇ ਉਹ ਵੀ ਰੁਲੇ ਹੋਏ ਸਨ ਪੁੱਛ ਪੜਤਾਲ ਨਹੀਂ ਹੋ ਰਹੀ ਸੀ ਉਹਨਾਂ ਦੀ।ਵੀਰ ਭਾਬੋ ਨੂੰ ਚੇਤਾ ਆਇਆ ਮਾਲ ਡੰਗਰ ਨੂੰ ਤਾਂ ਸਵੇਰ ਦਾ ਪਾਣੀ ਨਹੀ ਡਾਹਿਆ ਪੱਠੇ ਪਾਉਣ ਦਾ ਟੈਮ ਹੋ ਗਿਆ ਨੌਕਰ ਵੀ ਰੁੱਸ ਗਿਆ ਸੀ ਰਾਤ ਦਾ ਬਈ ਰੋਟੀ ਲੇਟ ਹੋ ਗਈ ਸੀ ਉਹ ਅੱਜ ਘਰੋਂ ਹੀ ਨਹੀਂ ਸੀ ਆਇਆ ਸਵੇਰੇ ਦਾ।ਵੀਰ ਨੇ ਫੜਿਆ ਮੋਟਰਸਾਈਕਲ ਤੇ ਸ਼ੀਰੀਂ ਨੂੰ ਮਨਾਉਣ ਤੁਰ ਪਿਆ ਤੇ ਭਾਬੋ ਢੇਰ ਭਾਂਡਿਆਂ ਦਾ ਮਾਂਝੀ ਜਾਵੇ ਤੇ ਬੁੜ ਬੁੜ ਕਰੀ ਜਾਵੇ । ਮੈਨੂੰ ਘਰ ਗਈ ਨੂੰ ਸੁਣਾਵੇ ਅਪਣੀ ਵਿਥਿਆ ਮੈਂ ਸੁਣ ਹੱਸਾ ਉਹ ਰੋਂਵੇ।
ਫਿਰ ਕਦੀ ਜਦੋਂ ਉਹਨਾਂ ਆਉਣਾ ਹੁੰਦਾ ਵੀਰ ਭਾਬੋ ਬਹਾਨਾ ਬਣਾ ਲੈਂਦੇ। ਵੀਰ ਆਖਦਾ ਚੰਗਾ ਤਾਂ ਲੱਗਣਾ ਸੀ ਤੁਸੀਂ ਆਉਂਦੇ ਪਰ ਭਾਬੋ ਤੇਰੀ ਨੇ ਆਨੰਦਪੁਰ ਸਾਹਿਬ ਜਾਣਾ ਮੱਥਾ ਟੇਕਣ ਇਸ ਵਾਰ ,ਕਦੀ ਦਵਾਈ ਲੈਣ ਜਾਣਾ ਪਾਪਾ ਜੀ ਦੀ । ਹੁਣ ਇਸ ਤਰ੍ਹਾਂ ਦੇ ਪ੍ਰਹੁਣਿਆ ਤੋਂ ਤਾਂ ਸਾਰੇ ਤੋਬਾ ਤੋਬਾ ਹੀ ਕਰਨਗੇ। ਬਹਾਨੇ ਹੀ ਬਣਾਉਣਗੇ ।
Naturedeep kahlon
ਸਟੋਰ ‘ਚ ਕੰਮ ਕਰਨ ਵਾਲ਼ੇ ਬਾਕੀ ਸਹਿਕਰਮੀਆਂ ਦੇ ਮੁਕਾਬਲੇ ਉਸਦੀ ਉਮਰ ਕੁਛ ਜਿਆਦਾ ਹੀ ਵੱਡੀ ਸੀ। ਭਲਾ ਇਸ ਔਰਤ ਨੂੰ ਇਸ ਉਮਰੇ ਕੰਮ ਕਰਨ ਦੀ ਕੀ ਲੋੜ? ਕਈਆਂ ਦੇ ਮਨ ‘ਚ ਸਵਾਲ ਆਏ। ਮੈਨੇਜਰ ਨੇ ਸੰਖੇਪ ‘ਚ ਸਭਨੂੰ ਬੱਸ ਐਨਾ ਹੀ ਦੱਸਿਆ ਸੀ ਕਿ ਉਹ ਰਿਟਾਇਰਡ ਹੈ, ਪਰ ਕੰਮ ਕਰਨ ਦੀ ਇੱਛੁਕ ਹੈ।
ਰਿਟਾਇਰਮੈਂਟ ਤੋਂ ਬਾਅਦ ਵੀ ਕਿਉਂ ਕੰਮ ਕਰ ਰਹੀ ਹੈ? ਕੀ ਮਜਬੂਰੀ ਹੋਵੇਗੀ? ਮਨ ‘ਚ ਕਈ ਗੱਲਾਂ ਆਉਂਦੀਆਂ।
ਮਰੀਅਮ ਨਾਂ ਸੀ ਉਸਦਾ, ਵਿਅਕਤੀਤਵ ਬੜਾ ਸੁਹਿਰਦ, ਸਮੇਂ ਦੀ ਪਾਬੰਦ, ਆਤਮ ਸਨਮਾਨ ਨਾਲ਼ ਭਰਿਆ ਮੁਸਕੁਰਾਉਂਦਾ ਚਿਹਰਾ, ਉਸਦੇ ਬੋਲਣ, ਉੱਠਣ ਬੈਠਣ ਵਿੱਚ ਇਕ ਠਹਿਰਾਓ ਜਿਹਾ, ਕੋਈ ਕਾਹਲ਼ ਨਹੀਂ। ਕੱਪੜੇ ਉਸਨੇ ਬੜੇ ਸਲੀਕੇ ਨਾਲ਼, ਢੁਕਵੇਂ ਰੰਗਾਂ ਵਾਲ਼ੇ ਤੇ ਫੱਬਵੇਂ ਜਿਹੇ ਪਾਏ ਹੁੰਦੇ, ਪੈਰੀਂ ਪਾਈ ਜੁੱਤੀ ਤੋਂ ਲੈਕੇ ਵਾਲ਼ ਵਾਹੁਣ ਦੇ ਤਰੀਕੇ, ਤੇ ਗਹਿਣੇ ਵਗੈਰਾ ਸਭ ਕੁਛ ਜਿਵੇਂ ਇਕ ਵਿਉਂਤਬੰਦੀ ‘ਚ ਹੁੰਦਾ। ਕਿੰਨੀ ਕੁ ਉਮਰ ਹੋਵੇਗੀ ਭਲਾ ਮਰੀਅਮ ਦੀ, ਕੋਈ ਅੰਦਾਜ਼ਾ ਜਿਹਾ ਨਾ ਲਾ ਪਾਉਂਦਾ।
ਮਰੀਅਮ ਕਾਫ਼ੀ ਮਿਲਣਸਾਰ ਤੇ ਨਿੱਘੇ ਸੁਭਾਅ ਦੀ ਹੋਣ ਕਰਕੇ ਛੇਤੀ ਹੀ ਸਭ ਨਾਲ਼ ਘੁਲ਼ਮਿਲ ਗਈ ਸੀ। ਉਤਸੁਕਤਾ ਤਾਂ ਹੈ ਹੀ ਸੀ ਸੋ ਗੱਲਾਂ ਗੱਲਾਂ ‘ਚ ਇਕ ਦਿਨ ਉਸਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਹੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਈ ਸੀ। ਉਹ ਰਾਜ ਸਰਕਾਰ ਦੇ ਕਿਸੇ ਮਹਿਕਮੇ ‘ਚ ਬਤੌਰ ਇਕ ਕੇਸ ਵਰਕਰ ਭਰਤੀ ਹੋਈ ਸੀ, ਫਿਰ ਆਪਣੀ ਮਿਹਨਤ ਸਦਕਾ ਸੁਪਰਵਾਈਜਰ ਰਹੀ ਤੇ ਬਤੌਰ ਇਕ ਸੀਨੀਅਰ ਅਧਿਕਾਰੀ ਰਿਟਾਇਰ ਹੋਈ ਸੀ। ਉਸਦਾ ਸਾਡੇ ਦਰਮਿਆਨ ਹੋਣਾ ਹੀ ਸਾਡੇ ਵਾਸਤੇ ਬੜੇ ਮਾਣ ਵਾਲ਼ੀ ਗੱਲ ਸੀ। ਆਖਣ ਲੱਗੀ ਕਿ ਦੋ ਸਾਲ ਰਿਟਾਇਰਮੈਂਟ ਦੇ ਬੜੇ ਵਧੀਆ ਲੰਘੇ ਪਰ ਹੁਣ ਘਰਵਾਲ਼ਾ ਵੀ ਘਰ ਹੀ ਹੁੰਦਾ ਤਾਂ ਦੋਵੇਂ ਲੜ ਪੈਂਦੇ ਹਾਂ, ਇਸੇ ਲਈ ਮੈਂ ਆਹ ਨੌਕਰੀ ਲੱਭ ਲਈ।
ਉਸ ਨੌਕਰੀ ਦੇ ਮੁਕਾਬਲੇ ਐਥੇ ਸਟੋਰ ‘ਚ ਕੰਮ ਕਰਨਾ ਕਿਵੇਂ ਲੱਗ ਰਿਹਾ?…ਤਾਂ ਆਖਣ ਲੱਗੀ, “ਹਾਂ ਸਾਰੇ ਕਹਿੰਦੇ ਸੀ ਕਿ ਤੇਰੇ ਕੋਲ਼ੋਂ ਐਥੇ ਕੰਮ ਨੀ ਹੋਣਾ, ਤੂੰ ਤਾਂ ਸਾਰੀ ਉਮਰ ਬੌਸ ਬਣਕੇ ਰਹੀ ਐਂ। ਇਥੇ ਕਿਵੇਂ ਕੰਮ ਕਰੇਂਗੀ, ਪਰ ਅਸਲ ‘ਚ ਮੈਂ ਤਜੁਰਬਾ ਕਰ ਲਿਆ ਏ, ਮੈਂ ਜ਼ਿੰਦਗੀ ‘ਚ ਐਨਾ ਕੁ ਛ ਦੇਖ ਲਿਆ ਏ ਤੇ ਜਾਣ ਲਿਆ ਏ ਕਿ ਜੇ ਕੋਈ ਚੀਜ਼ ਮਾਅਨੇ ਰੱਖਦੀ ਏ ਤਾਂ ਉਹ ਤੁਹਾਡਾ ਖ਼ੁਦ ਦਾ ਹੋਣਾ, ਆਪਣਾ ਅੰਤਰੀਵ ਆਨੰਦ ਹੈ, ਜੇ ਤੁਹਾਡੇ ਕੋਲ਼ ਆਪਣਾ ਆਪਾ ਹੀ ਸਕੂਨ ਭਰਿਆ ਨਹੀਂ ਤਾਂ ਅਹੁਦੇ, ਪੈਸਾ, ਸ਼ੋਹਰਤ ਹੋਰ ਕੋਈ ਚੀਜ਼ ਤੁਹਾਨੂੰ ਚੈਨ ਨਹੀਂ ਦੇ ਸਕਦੀ। ਮੈਂ ਕੋਈ ਬਰਾਂਡਨੇਮ ਨਹੀਂ ਛੱਡਿਆ ਜਿਸਦੇ ਕਿ ਮੇਰੇ ਕੋਲ ਕੱਪੜੇ, ਜੁੱਤੀਆਂ, ਪਰਸ ਨਾ ਹੋਣ, ਪਰ ਹੁਣ ਮੈਨੂੰ ਇਹ ਸਭ ਬੇ ਮਾਅਨੇ ਲੱਗਦੇ ਨੇ। ਪਿਛਲੇ ਹਫ਼ਤੇ ਹੀ ਗੁੱਡਵਿੱਲ ਵਾਲ਼ਿਆਂ ਨੂੰ ਕਿੰਨਾ ਸਾਮਾਨ ਦਾਨ ‘ਚ ਦੇ ਆਈ ਹਾਂ……..ਮੇਰੀ ਪੁਰਾਣੀ ਨੌਕਰੀ ਸਭਨੂੰ ਲੁਭਾਉਂਦੀ ਹੈ, ਪਰ ਮੈਨੂੰ ਹੀ ਪਤਾ ਹੈ ਕਿ ਮੇਰੇ ਸਹਿਕਰਮੀ, ਤੇ ਕਲਾਇੰਟ ਦੋਵੇਂ ਧਿਰਾਂ ਮੈਨੂੰ ਕਿੰਨੀ ਨਫ਼ਰਤ ਕਰਦੀਆਂ ਸਨ। ਮੈਂ ਤਾਂ ਆਪਣੀ ਜਿੰਮੇਵਾਰੀ ਨਿਭਾਉਣੀ ਹੁੰਦੀ ਸੀ ਪਰ ਲੋਕਾਂ ਨੂ ਲੱਗਦਾ ਸੀ ਕਿ ਮੈਂ ਉਹਨਾਂ ਲਈ ਅੱਣਚਨ ਖੜੀ ਕਰ ਰਹੀ ਹਾਂ।” ਉਸਦੇ ਚਿਹਰੇ ‘ਤੇ ਆਉਂਦੇ ਹਾਵ ਭਾਵ ਉਸਦੇ ਬੋਲਾਂ ਦੀ ਹਾਮੀ ਭਰ ਰਹੇ ਸੀ।
ਮਰੀਅਮ ਬੱਚੇ ਵੀ ਤਾਂ ਤੈਨੂੰ ਮਸਰੂਫ ਰੱਖਦੇ ਹੋਣਗੇ? ਤਾਂ ਆਖਣ ਲੱਗੀ ਕਿ ਮੇਰੇ ਮੁੰਡੇ ਯੂਨੀਵਰਸਿਟੀ ਪੜ੍ਹਦੇ ਨੇ, ਉਹ ਆਪਣੀ ਜ਼ਿੰਦਗੀ ਜੀ ਰਹੇ ਨੇ, ਤੇ ਬੜੇ ਖਿੜੇ ਜਿਹੇ ਲਹਿਜੇ ‘ਚ ਮਾਣ ਨਾਲ਼ ਉਸਨੇ ਆਪਣੇ ਇਕ ਦਾਦੀ ਹੋਣ ਦੀ ਗੱਲ ਦੱਸੀ, “ਮੇਰੀ ਇਕ ਪੋਤੀ ਵੀ ਹੈ, 14-15 ਸਾਲ ਦੀ। “…..”ਹੈਂ ਮਰੀਅਮ ਤੂੰ ਦਾਦੀ ਮਾਂ ਵੀ ਹੈਂ?” …..,”ਹਾਂ, ਮੈਂ ਦਾਦੀ ਵੀ ਹਾਂ….” ਉਹ ਮੁਸਕਰਾ ਵੀ ਰਹੀ ਸੀ ਤੇ ਕੁਛ ਸੋਚੀਂ ਵੀ ਪੈ ਗਈ, ਕਹਿਣ ਲੱਗੀ,” ਪਰ ਹੁਣ ਮੇਰੀ ਪੋਤੀ ਸਾਡੇ ਕੋਲ਼ ਘੱਟ ਹੀ ਆਉਂਦੀ ਹੈ, ਉਸਦਾ ਕਮਰਾ ਤਾਂ ਮੈਂ ਸਜਾ ਸੰਵਾਰਕੇ ਰੱਖਦੀ ਹਾਂ ਕਿ ਜੇ ਕਦੇ ਆਵੇ ਤਾਂ ਉਹ ਆਕੇ ਰਹਿ ਲਵੇ, ਪਰ ਹੁਣ ਉਹ ਕਾਫ਼ੀ ਸਮੇਂ ਤੋਂ ਆਈ ਨਹੀਂ।”…..ਮੈਂ ਝਿਜਕਦਿਆਂ ਜਿਹੇ ਪੁੱਛ ਲਿਆ, “ਉਹ ਕਿਉਂ ਭਲਾ?”….,”ਮੇਰੇ ਪੁੱਤਰ ਦੀ ਮੌਤ ਤੋਂ ਬਾਅਦ ਬੱਸ ਮੇਰੀ ਨੂੰਹ ਨੂੰ ਬੱਚੀ ਦੀ ਪੂਰੀ ਕਸਟਡੀ ਮਿਲ ਗਈ, ਉਹਨਾਂ ਦਾ ਤਲਾਕ ਹੋ ਗਿਆ ਸੀ ਨਾ, ਇਸ ਕਰਕੇ।”……
ਪੁੱਤਰ ਦੀ ਮੌਤ? ਇਹ ਮੇਰੇ ਕੋਲੋਂ ਕੀ ਪੁੱਛ ਹੋ ਗਿਆ ਸੀ! ਮਰੀਅਮ ਦੀਆਂ ਅੱਖਾਂ ਨਮ ਹੋ ਗਈਆਂ ਸਨ। ….,”30 ਸਾਲ ਦਾ ਸੀ ਮੇਰਾ ਬੇਟਾ। ਦਿਲ ਦਾ ਦੌਰਾ ਪਿਆ ਸੀ, ਪੂਰਾ ਹੋਣ ਤੋਂ ਇਕ ਦਿਨ ਪਹਿਲਾਂ ਉਸਨੇ ਮੈਨੂੰ ਦੱਸਿਆ ਵੀ ਸੀ ਕਿ ਮਾਂ ਮੇਰੀ ਛਾਤੀ ਬਹੁਤ ਭਾਰ ਜਿਹਾ ਮਹਿਸੂਸ ਕਰ ਰਹੀ ਹੈ, ਮੈਂ ਉਸਨੂੰ ਕਿਹਾ ਵੀ ਕਿ ਚੱਲ ਹਸਪਤਾਲ ਚੱਲਦੇ ਹਾਂ, ਪਰ ਉਹ ਪਾਰਟੀ ਦੀਆਂ ਤਿਆਰੀਆਂ ਕਰ ਰਿਹਾ ਸੀ, ਬਹੁਤ ਰੁੱਝਿਆ ਹੋਇਆ ਸੀ, 31ਦਸੰਬਰ ਨੂੰ ਉਸਨੇ ਆਪਣੇ ਘਰ ਪਾਰਟੀ ਰੱਖੀ ਸੀ ਨਵੇਂ ਸਾਲ ਦੀ ਤੇ 30 ਨੂੰ ………!” ਉਸਤੋਂ ਗੱਲ ਪੂਰੀ ਨਾ ਕਰ ਹੋਈ। ….,”ਮੈਨੂੰ ਜ਼ਿੰਦਗੀ ‘ਚ ਐਨਾ ਕਿਸੇ ਚੀਜ਼ ਨੇ ਨਹੀਂ ਤੋੜਿਆ ਜਿੰਨਾ ਮੇਰੇ ਪੁੱਤਰ ਦੇ ਤੁਰ ਜਾਣ ਨੇ ਮੈਨੂੰ ਸੱਖਣਾ ਕਰ ਦਿੱਤਾ ਹੈ, ਮੇਰਾ ਇਕ ਭਰਾ ਤੁਰ ਗਿਆ, ਮਾਂ-ਪਿਓ ਤੁਰ ਗਏ, ਪਰ ਮੈਂ ਸੰਭਲ਼ ਗਈ ਸੀ, ਪਰ ਮੇਰੇ ਪੁੱਤਰ ਦਾ ਜਾਣਾ ਜੋ ਚੀਸ ਦਿੰਦਾ ਏ ਉਹ ਝੱਲ ਨਹੀਂ ਹੁੰਦੀ।” ਉਸਦੀਆਂ ਅੱਖਾਂ ਦੇ ਕੋਏ ਸੁਰਖ਼ ਹੋ ਗਏ ਸਨ, ਹੰਝੂ ਉਸਨੇ ਰੋਕੀ ਰੱਖੇ। ……..,” ਦਰਅਸਲ ਇਸੇ ਲਈ ਮੈਂ ਰਿਟਾੲਰਮੈਂਟ ਤੋਂ ਬਾਅਦ ਵੀ ਕੰਮ ਲੱਭਿਆ ਏ, ਘਰ ਰਹਿਕੇ ਉਸਦੀ ਹੋਰ ਵੀ ਯਾਦ ਆਉਂਦੀ ਏ, ਮਨ ਰੋਗੀ ਹੋ ਰਿਹਾ ਵਿਹਲੇ ਰਹਿ ਕੇ, ਇਸੇ ਲਈ ਕੰਮ ‘ਤੇ ਆਉਂਦੀ ਹਾਂ। ਖ਼ੁਦ ਨੂੰ ਮਸਰੂਫ ਰੱਖਦੀ ਹਾਂ, ਦਿਲ ਤਾਂ ਹਿੰਮਤ ਛੱਡ ਜਾਂਦਾ ਏ ਕਦੇ ਕਦੇ, ਦਿਲ ਕਰਦਾ ਹੈ ਕਿ ਬੱਸ ਉਸਦੀ ਯਾਦ ‘ਚ ਹੀ ਬੈਠੀ ਰਹਾਂ ਸਾਰੀ ਉਮਰ, ਉਹ ਕਿਧਰੋ ਮੁੜ ਆਵੇ! ਪਰ ਜੇ ਮੈਂ ਇਸਤਰਾਂ ਦਿਲ ਛੱਡਣ ਵਾਲ਼ੀਆਂ ਗੱਲਾਂ ਕਰੂੰਗੀ ਤਾਂ ਮੇਰੇ ਦੂਜੇ ਦੋ ਪੁੱਤਰਾਂ ਨਾਲ਼ ਬੇਇਨਸਾਫੀ ਕਰ ਰਹੀ ਹੋਵਾਂਗੀ। ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ! ਇਸ ਕਰਕੇ ਮੈਂ ਹੁਣ ਪਹਿਲਾਂ ਵਾਂਗ ਹੀ ਜਿਮ ਜਾਂਦੀ ਹਾਂ, ਆਪਣਾ ਖਿਆਲ ਰੱਖਦੀ ਹਾਂ, ਆਪਣੇ ਬੱਚਿਆਂ ਦਾ ਪਤੀ ਦਾ ਖਿਆਲ ਰੱਖਦੀ ਹਾਂ।”ਕਹਿਕੇ ਉਸਨੇ ਆਪਣਾ ਮੇਜ਼ ਸਾਫ਼ ਕਰ ਸਾਮਾਨ ਲੌਕਰ ‘ਚ ਰੱਖਣਾ ਸ਼ੁਰੂ ਕਰ ਦਿੱਤਾ, ਸਾਡੀ ਲੰਚ ਬਰੇਕ ਖਤਮ ਹੋ ਚੁੱਕੀ ਸੀ।
ਕੰਮ ‘ਤੇ ਵਾਪਸ ਜਾਂਦੀ ਜਾਂਦੀ ਬੋਲੀ, “ਮੇਰਾ ਘਰਵਾਲ਼ਾ ਵੀ ਹਰ ਵੇਲ਼ੇ ਆਪਣੇ ਹੀ ਰੋਣੇ ਰੋਂਦਾ ਰਹਿੰਦਾ ਏ,ਬੁੱਢਾ ਜੋ ਹੋ ਗਿਆ ਏ।”, ਕਹਿਕੇ ਉਹ ਹੱਸ ਪਈ। ਉਸਦਾ ਮੂਡ ਠੀਕ ਹੋਇਆ ਦੇਖ ਮੈਂ ਹਲਕੀ ਜਿਹੀ ਟਕੋਰ ਮਾਰੀ,” ਅੱਛਾ ਮਰੀਅਮ ਤੂੰ ਬੜੀ ਜਵਾਨ ਜਹਾਨ ਤੇ ਵਿਆਹੀ ਬੁੱਢੇ ਨਾਲ਼?”……ਉਹ ਫਿਰ ਗੰਭੀਰ ਹੋਕੇ ਕਹਿੰਦੀ, “ਹਾਂਅ!! ਮੇਰਾ ਘਰਵਾਲ਼ਾ ਬੁੱਢਾ ਮੇਰੇ ਨਾਲ਼ੋਂ, ਮੈਂ ਸੋਲ਼ਾਂ ਸਾਲਾਂ ਦੀ ਸੀ ਜਦੋਂ ਵਿਆਹੀ ਗਈ ਤੇ ਘਰਵਾਲ਼ਾ 31 ਦਾ ਸੀ। ਮੈਨੂੰ ਪਤਾ ਹੀ ਨਹੀਂ ਸੀ ਉਦੋਂ ਉਮਰ ਦਾ।, ਬੱਸ ਉਹ ਦੇਖਣ ਨੂੰ ਠੀਕ ਲੱਗਦਾ ਸੀ।”…………”ਪਰ ਸਾਡਾ ਵਿਆਹ ਸਫਲ ਰਿਹਾ ਸੀ, ਹਾਲੇ ਤੱਕ ਇਕੱਠੇ ਹਾਂ।” ਕਹਿ ਮੁਸਕੁਰਾਉਂਦੀ ਹੋਈ ਉਹ ਗਾਹਕਾਂ ਦਾ ਸਵਾਗਤ ਕਰਦੀ ਮਸਰੂਫ ਹੋ ਗਈ। (ਦੋਵਾਂ ਦੀ ਉਮਰ ਦਾ ਫਰਕ ਜਾਣ ਕੇ ਮੈਂ ਸੋਚਾਂ ‘ਚ ਪੈ ਗਈ, ਕਿਉਂਕਿ ਕਈ ਲੋਕ ਇਹੋ ਜਿਹੀਆਂ ਗੱਲਾਂ ਦਾ ਝੋਰਾ ਲਾ ਉਮਰਾਂ ਗਵਾ ਦਿੰਦੇ ਤੇ ਕਈ ਮਰੀਅਮ ਵਰਗੇ ਜਿਨ੍ਹਾਂ ਨੂੰ ਸਹਿਜਤਾ ਨਾਲ ਰਹਿਣਾ ਆ ਗਿਆ ਹਰ ਮੁਸ਼ਕਲ ਨੂੰ ਹੱਲ ‘ਚ ਬਦਲ ਦਿੰਦੇ ਨੇ।)
ਸੱਚਮੁੱਚ ਮਰੀਅਮ ਦੀ ਸ਼ਖ਼ਸੀਅਤ, ਉਸਦਾ ਹੋਣਾ, ਉਸਦਾ ਜ਼ਿੰਦਗੀ ਪ੍ਰਤੀ ਰਵੱਈਆ, ਮਹਿਸੂਸ ਕਰਵਾਉਂਦਾ ਸੀ ਕਿ ਜ਼ਿੰਦਗੀ ‘ਚ ਅਸੀਂ ਜਿਨ੍ਹਾਂ ਲੋਕਾਂ ਦੇ ਸੰਪਰਕ ‘ਚ ਆਉਂਦੇ ਹਾਂ ਇਹ ਕੋਈ ਅਚਾਨਕ ਨਹੀਂ ਹੁੰਦਾ, ਇਹ ਜਿਵੇਂ ਕੋਈ ਇਸ਼ਾਰੇ ਹੀ ਹੁੰਦੇ ਨੇ, ਪੈਗ਼ਾਮ ਹੁੰਦੇ ਨੇ, ਕੋਈ ਸੇਧ ਮਿਲਣੀ ਹੁੰਦੀ ਹੈ, ਕੋਈ ਦੇਣੇ ਲੈਣੇ ਹੁੰਦੇ ਨੇ ਸ਼ਾਇਦ ਕਰਮਾਂ ਦੇ……ਮਰੀਅਮ ਚਾਹੁੰਦੀ ਤਾਂ ਡਿਪਰੈਸ਼ਨ ਨੂੰ ਫੜਕੇ ਬਹਿ ਜਾਂਦੀ, ਹਾਲ ਬੇਹਾਲ ਕਰ ਲੈਂਦੀ ਖ਼ੁਦ ਨੂੰ, ਪਰ ਨਹੀਂ ਉਸਨੇ ਕੱਢਿਆ ਖ਼ੁਦ ਨੂੰ ਡਿਪ੍ਰੇਸ਼ਨ ‘ਚੋ ਬਾਹਰ, ਇਕ ਵਾਰ ਨਹੀਂ , ਵਾਰ ਵਾਰ, ਅਣਗਿਣਤ ਵਾਰ। ਅਸੀਂ ਨਿਰਾਸ਼ਾ ਵੱਲ ਧੱਕੇ ਚਲੇ ਜਾਂਦੇ ਹਾਂ ਤੇ ਜ਼ਿੰਦਗੀ ਤਾਂ ਉਸੇ ਨੂੰ ਕਹਿੰਦੇ ਨੇ ਸ਼ਾਇਦ ਜੋ ਦਰਿਆ ਦੀ ਰਵਾਨਗੀ ਵਾਲ਼ੀ ਹੋਵੇ ‘ਤੇ ਰਸਤੇ ਬਣਾਉਂਦੀ ਵਹਿੰਦੀ ਚਲੀ ਜਾਵੇ ਮਰੀਅਮ ਵਾਂਗ।
✍🏼ਸੰਦੀਪ ਔਲਖ
ਰਾਤ ਨੂਡਲਜ਼ ਬਣਾਏ ਸੀ, ਕਾਫੀ ਜ਼ਿਆਦਾ ਬਣ ਗਏ ਸੀ ਤਾਂ ਬਚ ਗਏ।ਸਵੇਰੇ ਮੈਨੂੰ ਉਠਦੇ ਸਾਰ ਮੇਰੀ ਹਮਸਫਰ ਆਨਹਦੀ ਵੀ ਨੂਡਲਜ਼ ਕਿਸੇ ਲੋੜਵੰਦ ਨੂੰ ਦੇ ਆਉ, ਕੋਈ ਖਾ ਲਵੇਗਾ…
ਚਲੋ ਉਸਨੇ ਨੂਡਲਜ਼ ਦੀ ਅਲਗ ਅਲਗ ਪੈਕਿੰਗ ਬਣਾ ਕੇ ਦੇ ਦਿਤੀ, ਜਦ ਮੈਂ ਘਰੋਂ ਲੈ ਕੇ ਨਿਕਲਣ ਲੱਗਾ ਤਾਂ ਆਖਣ ਲੱਗੀ ਵੀ ਕਿਸੇ ਲੋੜਵੰਦ ਨੂੰ ਹੀ ਦੇ ਕੇ ਆਣਾ ਐਵੇ ਨਾ ਕਿਸੇ ਜਾਨਵਰ ਨੂੰ ਪਾ ਆਉਣਾ। ਨਿਕਲਦੇ ਨਿਕਲਦੇ ਵੀ ਉਸਨੂੰ ਮੇਰੇ ਤੇ ਯਕੀਨ ਨਹੀਂ ਸੀ ਕਿ ਮੈਂ ਕਿਸੇ ਲੋੜਵੰਦ ਨੂੰ ਦੇਣ ਦੀ ਬਜਾਏ ਜਾਨਵਰ ਨੂੰ ਪਾ ਆਊਂਗਾ, ਤਾਂ ਕਹਿੰਦੀ ਰੁਕੋ ਮੈਂ ਵੀ ਨਾਲ ਚਲਦੀ ਹੈ
ਚਲੋ ਦੋਨੋ ਜਾਣੇ ਨਿਕਲ ਗਏ, ਅੱਜ ਐਤਵਾਰ ਹੋਣ ਕਰਕੇ ਸੜਕ ਉੱਤੇ ਟਾਂਵਾਂ ਟਾਂਵਾਂ ਹੀ ਬੰਦਾ ਦਿਖ ਰਿਹਾ ਸੀ। ਇਕ ਚੌਂਕ ਵਿਚ ਕਾਫੀ ਬੱਚੇ ਕੂੜਾ ਚੱਕ ਰਹੇ ਸੀ, ਤਾਂ ਮੇਰੇ ਹਮਸਫਰ ਨੇ ਕਿਹਾ ਕਿ ਜਾਓ ਉਹ ਬੱਚਿਆਂ ਨੂੰ ਦੇ ਦਿਓ,
ਮੈਂ ਮੋਟਰਸਾਈਕਲ ਖੜਾ ਕਰਕੇ ਜਿਵੇ ਹੀ ਬੱਚਿਆਂ ਵਲ ਵਧਿਆ ਤਾਂ ਆਖਣ ਲੱਗੀ ਵੀ ਸਬ ਨੂੰ ਅਲਗ ਅਲਗ ਦੇਣਾ ਪੂਰਾ ਲਿਫ਼ਾਫ਼ਾ ਨਾ ਫੜਾਉਣਾ ਨਹੀਂ ਆਪਸ ਵਿੱਚ ਲੜਨਗੇ। ਖੈਰ ਮੈਂ ਓਹਦੀ ਗੱਲ ਸੁਣ ਕੇ ਇਕ ਬੱਚੇ ਕੋਲ ਗਿਆ, ਉਮਰ ਤਕਰੀਬਨ 12 ਕੁ ਸਾਲ ਦੀ ਹੋਣੀ ਹੈ, ਮੈਂ ਕਿਹਾ ਵੀ ਬੇਟਾ ਆਹ ਲੈ ਸਬ ਨੂੰ ਵੰਡ ਦੇ ਨਾਲੇ ਆਪ ਵੀ ਖਾ ਲਈ
ਮੈਂ ਵਾਪਿਸ ਆ ਕੇ ਆਪਣੀ ਘਰਵਾਲੀ ਨਾਲ ਖੜ ਕੇ ਦੇਖ ਰਿਹਾ ਸੀ ਵੀ ਦੇਖਾ ਵੀ ਉਹ ਸਬ ਵਿਚ ਵੰਡਦਾ ਹੈ ਜਾਂ ਨਹੀਂ, ਪਰ ਉਸਨੇ ਸਬ ਨੂੰ ਵੰਡਣ ਤੋਂ ਬਾਅਦ ਆਪ ਲਿਆ
ਮੈਂ ਤੇ ਮੇਰੀ ਘਰਵਾਲੀ ਗੱਲ ਕਰ ਰਹੇ ਸੀ ਵੀ ਦੇਖੋ ਪੇਟ ਦੀ ਭੁੱਖ ਨੂੰ ਸਿਰਫ ਖਾਣ ਲਈ ਰੋਟੀ ਚਾਹਿਦੀ ਹੈ ਫਿਰ ਉਹ ਚਾਹੇ ਕੋਈ ਵੀ ਜਾਤ ਧਰਮ ਦਾ ਬੰਦਾ ਦੇਵੇ, ਗਰੀਬ ਦੇ ਬੱਚਿਆਂ ਨੂੰ ਵੀ ਵੰਡ ਕੇ ਖਾਣ ਦੀ ਆਦਤ ਹੈ ਅਤੇ ਇਥੇ ਵੱਡੇ ਤੋਂ ਵੱਡੇ ਅਮੀਰ ਲੋਕਾਂ, ਨੇਤਾ, ਸਾਂਸਦ ਨੂੰ ਸਿਰਫ ਆਪਣਾ ਪਿਆ ਰਹਿੰਦਾ ਹੈ ਵੀ ਜਿਨ੍ਹਾਂ ਹੋ ਸਕੇ ਲੋਕਾਂ ਦਾ ਪੈਸਾ ਖਾ ਲਵੋ।
ਅੰਕਿਤ ਦੁਬੇ
“ਹੋਰ ਬਈ ਧਰਮਿਆਂ ਕੀ ਹਾਲ ਐ?”
ਖੇਤਾਂ ਵੱਲ੍ਹੋਂ ਆਉਂਦੇ ਹੋਏ ਕਾਂਤੇ ਨੇ ਡੰਗਰਾਂ ਵਾਲ਼ੇ ਵਾੜੇ ‘ਚ ਕੰਮ ਕਰਦੇ ਧਰਮੇ ਨੂੰ ਦੂਰੋਂ ਹੱਥ ਖੜ੍ਹਾ ਕਰਦੇ ਹੋਏ ਹਾਲ-ਚਾਲ ਪੁੱਛਿਆ ਤੇ ਉਹਦੇ ਕੋਲ਼ ਕੁੱਝ ਚਿਰ ਦੁੱਖ-ਸੁੱਖ ਫਰੋਲਣ ਲਈ ਰੁੱਕ ਗਿਆ।
“ਵਧੀਆ ਭਈ ਤੂੰ ਸਣਾ,ਨਬੇੜ ਆਇਐਂ ਖੇਤਾਂ ਦਾ” ਧਰਮੇ ਨੇ ਜੁਆਬ ਦਿੱਤਾ ਤੇ ਪੱਠਿਆਂ ਵਾਲ਼ੀ ਪੱਲੀ ਕੀਲੇ ਤੇ ਟੰਗ ਕੇ ਕਾਂਤੇ ਕੋਲ ਆ ਕੇ ਖੜ੍ਹ ਗਿਆ।
“ਖੇਤਾਂ ਦੇ ਕੰਮ ਦਾ ਤਾਂ ਬਾਈ ਸਾਹਾਂ ਨਾਲ਼ ਹੀ ਨਿਪਟਾਰਾ ਹੋਊਗਾ” ਕਾਂਤੇ ਥੋੜ੍ਹਾ ਹੱਸਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ।
ਅਸਲ ‘ਚ ਕਾਂਤਾ ਗਰੀਬ ਜੱਟ ਸਿੱਖ ਜਿੰਮੀਦਾਰ ਸੀ । ਜਿਸਦੀ ਉਮਰ ਕਰੀਬ ਚਾਲੀਆਂ ਸਾਲਾਂ ਦੀ ਸੀ । ਉਹ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਉਸ ਨੂੰ ਆਪਣੇ ਉੱਚੀ ਜਾਤੀ ਦਾ ਹੋਣ ਤੇ ਮਾਣ ਸੀ ।
ਇਸਦੇ ਉਲਟ ਧਰਮਾ ਹਰੀਜਨ ਬਰਾਦਰੀ ਵਿੱਚੋਂ ਸੀ ਜਿਸਨੂੰ ਸਾਡੇ ਸਮਾਜ ਵਿੱਚ ਨੀਵਾਂ ਦਰਜਾ ਹਾਸਲ ਹੈ। ਘਰੋਂ ਗਰੀਬ ਹੋਣ ਕਰਕੇ ਉਹ ਦਿਹਾੜੀ-ਜੋਤਾ ਕਰਕੇ ਆਪਣਾ ਚੱਲ੍ਹਾ ਬਲ਼ਦਾ ਰੱਖਦਾ ਸੀ। ਧਰਮਾ ਬਚਪਨ ਤੋਂ ਹੀ ਊਚ-ਨੀਚ ਦੇ ਗੇੜ ਵਿੱਚ ਐਸਾ ਗੇੜਿਆ ਗਿਆ ਕਿ ਜੇਕਰ ਉਸਦੇ ਸਾਹਮਣੇ ਕੋਈ ਵੀ ਉੱਚੀ ਨੀਵੀਂ ਜਾਤੀ ਦੀ ਗੱਲ ਕਰਦਾ ਤਾਂ ਉਸਦਾ ਖੂਨ ਉਬਾਲ਼ੇ ਮਾਰਨ ਲੱਗ ਜਾਂਦਾ।
ਅੰਨਪੜ੍ਹ ਹੋਣ ਕਰਕੇ ਉਸਨੂੰ ਤਰਕਾਂ ਦੀ ਘਾਟ ਮਹਿਸੂਸ ਹੁੰਦੀ ਜਿਸ ਕਰਕੇ ਉਹ ਕਿਸੇ ਨਾਲ਼ ਵੀ(ਖਾਸ ਕਰਕੇ ਉੱਚੀ ਜਾਤੀ ਦੇ ਲੋਕਾਂ ਨਾਲ਼) ਧਰਮ ਜਾਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਬਹਿਸ ਕਰਨ ਤੋਂ ਪਾਸਾ ਹੀ ਵੱਟਦਾ ਸੀ ।
ਪਰ ਉਸ ਦਿਨ ਅਜਿਹਾ ਨਾਂ ਹੋਇਆ। ਕਾਂਤਾ ਤੇ ਧਰਮਾ ਗੱਲਾਂ ਕਰਦੇ ਕਰਦੇ ਗੱਲ ਦੀ ਕੰਨੀ ਫੜ ਕੇ ਕਿਸੇ ਹੋਰ ਈ ਪਾਸੇ ਲੈ ਗਏ । ਉਦੋਂ ਕਾਂਤੇ ਨੇ ਧਰਮੇ ਦੇ ਨੀਵੀਂ ਜਾਤੀ ਦੇ ਹੋਣ ਤੇ ਕੋਈ ਟਿੱਪਣੀ ਕਰ ਦਿੱਤੀ ਜਿਸ ਉੱਪਰ ਧਰਮੇ ਨੇ ਬਹੁਤ ਗਰਮ ਲਹਿਜ਼ੇ ਵਿੱਚ ਆ ਕੇ ਉਸਨੂੰ ਕਿਹਾ “ਤੂੰ ਆਪਣੀ ਮੋਹਰ ਦਖਾ ਜਿਹੜੀ ਉੱਪਰੋਂ ਲਵਾ ਕੇ ਲਿਆਇਐਂ ਜਿਹੜੀ ਇਹ ਨਿਸ਼ਚਾ ਕਰੇ ਕਿ ਤੂੰ ਉੱਚ ਜਾਤੀ ਦਾ ਏਂ ਤੇ ਮੈਂ ਨੀਵਾਂ”।
ਧਰਮੇ ਦੀ ਇਸ ਗੱਲ ਦਾ ਕਾਂਤੇ ਕੋਲ਼ ਕੋਈ ਜੁਆਬ ਨਹੀਂ ਸੀ। ਉਸਨੇ ਧਰਮੇ ਕੋਲ਼ੋਂ ਕਿਨਾਰਾ ਕਰਨਾ ਹੀ ਚੰਗਾ ਸਮਝਿਆ।
ਧਰਮੇ ਨੇ ਭਾਵੇਂ ਹੀ ਕਾਂਤੇ ਨੂੰ ਅੱਜ ਦਲੀਲਬਾਜੀ’ਚ ਚਿੱਤ ਕਰਕੇ ਤੋਰਿਆ ਸੀ ਪਰ ਉਸਦੇ ਦਿਲ ਦਾ ਗੁਬਾਰ ਹਾਲੇ ਨਿੱਕਲ਼ਿਆ ਨਹੀਂ ਸੀ ਕਿ ਕਾਂਤਾ ਘਰ ਵੱਲ੍ਹ ਨੂੰ ਤੁਰ ਪਿਆ।
“ਸਭ ਤੋਂ ਵੱਧ ਸ਼ਹੀਦੀਆਂ ਸਾਡੀ ਬਰਾਦਰੀ ਦੇ ਲੋਕਾਂ ਦੀਆਂ ਨੇ,ਨਾਲ਼ੇ ਥੋਡੇ ਵਾਂਗ ਫਾਹੇ ਲੈ ਲੈ ਕੇ ਨੀਂ ਮਰਦੇ ਅਸੀਂ,ਥੋਡੇ ਜੱਟਾਂ ਕੋਲ਼ ਤਾਂ ਗੱਲਾਂ ਈ ਦੋ ਨੇਂ ਜਾਂ ਦਵਾਈ ਪੀ ਕੇ ਮਰਜੋ ਜਾਂ ਫਾਹਾ ਲੈਕੇ” ਤੁਰੇ ਜਾਂਦੇ ਕਾਂਤੇ ਨੂੰ ਧਰਮੇ ਨੇ ਬਹੁਤ ਉੱਚੀ ਅਵਾਜ਼ ਵਿੱਚ ਕਿਹਾ ਤੇ ਆਪਣੇ ਆਪ ਨੂੰ ਨੀਵਾਂ ਦੱਸ ਕੇ ਮਾਣ ਮਹਿਸੂਸ ਕਰਨ ਲੱਗਾ।।
ਧਰਮੇ ਦੀਆਂ ਗੱਲਾਂ ਕਾਂਤੇ ਦੇ ਮਨ ਉੱਪਰ ਬਿਜਲੀ ਵਾਂਗ ਆ ਡਿੱਗੀਆਂ ਜੀਹਨਾਂ ਦਾ ਉਸਦੇ ਮਨ ਉੱਤੇ ਡੂੰਘਾਂ ਅਸਰ ਹੋਇਆ। ਉਸਨੂੰ ਧਰਮੇ ਦੀਆਂ ਗੱਲਾਂ ਵਿੱਚ ਸੱਚਾਈ ਜਾਪਦੀ ਸੀ। ਉਹ ਸੋਚਣ ਲੱਗਾ ਕਿ “ਧਰਮੇ ਨੇ ਕਿਹਾ ਤਾਂ ਸੱਚ ਹੀ ਐ,ਇਹ ਸਭ ਢੋਂਗ ਨੇ ਊਚ ਨੀਚ ਕੁੱਝ ਨੀਂ ਹੁੰਦੀ, ਇਹ ਸਭ ਆਪਾਂ ਨੇ ਹੀ ਬਣਾਏ ਨੇ ਫੋਕਾ ਮਾਣ ਕਰਨ ਦਾ ਕੀ ਫਾਈਦਾ ਜਦ ਆਪਾਂ ਨੂੰ ਆਪਣੇ ਹਾਲਾਤਾਂ ਬਾਰੇ ਪਤਾ ਈ ਐ” ਇਹ ਸਭ ਸੋਚਦਾ ਸੋਚਦਾ ਉਹ ਘਰਨੂੰ ਪਰਤ ਰਿਹਾ ਸੀ ਤੇ ਆਪਣੇ ਵਤੀਰੇ ਤੇ ਸ਼ਰਮਿੰਦਾ ਹੋ ਰਿਹਾ ਸੀ।
ਧਰਮੇਂ ਦੇ ਉੱਚੇ ਬੋਲ ਜੋ ਉਸਨੇ ਕਾਂਤੇ ਨੂੰ ਕਹੇ ਗੁਰਦਿਆਲ ਨੇ ਸੁਣੇ ।
ਗੁਰਦਿਆਲ ਪੜ੍ਹਿਆ ਲਿਖਿਆ ੧੯ ਸਾਲਾਂ ਦਾ ਨੌਜਵਾਨ ਸੀ। ਉਹ ਆਪਣੇ ਆਪ ਨੂੰ ਨਾਂ ਤਾਂ ਕਿਸੇ ਧਰਮ ਨਾਲ਼ ਤੇ ਨਾਂ ਹੀ ਕਿਸੇ ਜਾਤੀ ਨਾਲ਼ ਜੋੜਦਾ ਸਗੋਂ ਇਹ ਸਭ ਗੱਲਾਂ ਕਰਨ ਵਾਲ਼ਿਆਂ ਨੂੰ ਮੂਰਖ ਦੱਸਦਾ ਸੀ।
“ ਕੀ ਗੱਲ ਹੋ ਗਈ ਚਾਚਾ,ਕਿਉਂ ਇੰਨੇ ਕੌੜੇ ਬੋਲ ਬੋਲੀ ਜਾਨੈਂ? ਬੁੱਧੀ ਤਾਂ ਨੀਂ ਫਿਰਗੀ ਤੇਰੀ?” ਗੁਰਦਿਆਲ ਨੇ ਕਸੀਸ ਵੱਟ ਕੇ ਧਰਮੇ ਨੂੰ ਪੁੱਛਿਆ।
“ਕੀ ਦੱਸਾਂ ਤੈਨੂੰ ਦਿਆਲਿਆ, ਆਹ ਜਾਤਾਂ ਦਾ ਰੌਲ਼ਾ ਈ ਨੀਂ ਮੁੱਕਦਾ। ਕਾਂਤੇ ਨੂੰ ਅੱਜ ਖਰੀਆਂ ਖਰੀਆਂ ਸੁਣਾਈਆਂ ਨੇ ਹੁਣ ਲੋਟ ਆ ਜੂ ਅੱਜ ਤੋਂ ਬਾਅਦ ਨੀਂ ਊਚਾ ਨੀਵਾਂ ਕਰਦਾ “ ਧਰਮੇ ਨੇ ਆਪਣੀਆਂ ਦਲੀਲਾਂ ਤੇ ਮਾਣ ਪ੍ਰਗਟਾਉਂਦਿਆਂ ਕਿਹਾ।
“ਚਾਚਾ ਜਾਤਾਂ ਦਾ ਰੌਲ਼ਾ ਉੱਚਿਆਂ ਨੇ ਘੱਟ ਤੇ ਤੇਰੇ ਵਰਗੇ ਮੰਦਬੁੱਧੀ ਲੋਕਾਂ ਨੇ ਵੱਧ ਪਾਇਆ ਵੈ” ਗੁਰਦਿਆਲ ਨੇ ਥੋੜ੍ਹਾ ਹੱਸ ਕੇ ਤੇ ਨਿਰਾਂਸ਼ਾ ਜ਼ਾਹਿਰ ਕਰਦਿਆਂ ਕਿਹਾ।
ਧਰਮੇ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਅੰਦਰੋ ਅੰਦਰੀ ਪੀ ਗਿਆ ਤੇ ਉਸਨੇ ਪੁੱਛਿਆ “ਉਹ ਕਿਉਂ ਦਿਆਲੇ?”।
“ਤੇਰੇ ਤਾਂ ਆਪਦੇ ਮਨ ਵਿੱਚ ਹੀ ਤੂੰ ਨੀਵਾਂ ਏ, ਜੇਕਰ ਤੂੰ ਜਾਤ ਪਾਤ ਤੋਂ ਦੁੱਖੀ ਹੁੰਦਾ ਤਾਂ ਕਾਂਤੇ ਤਾਏ ਨੂੰ ਆਏਂ ਨਾ ਕਹਿੰਦਾ ਵੀ ਸਾਡੀ ਬਰਾਦਰੀ ‘ਚ ਸ਼ਹੀਦੀਆਂ ਵੱਧ ਨੇ ਤੇ ਤੁਸੀਂ ਜੱਟ ਤਾਂ ਫਾਹੇ ਲੈ ਲੈ ਮਰੀ ਜਾਨੇ ਓਂ । ਤੂੰ ਤਾਂ ਆਪ ਹੀ ਆਪਣੇ ਆਪ ਨੂੰ ਕਾਂਤੇ ਤਾਏ ਹੁਰਾਂ ਤੋਂ ਅਲੱਗ ਦੱਸੀ ਜਾਨੈੰ ਪਰ ਜੇ ਉਹ ਤੈਨੂੰ ਅਲੱਗ ਕਹਿੰਦੈ ਤਾਂ ਤੈਨੂੰ ਗੱਸਾ ਲੱਗਦੈ। ਜਦ ਤੱਕ ਤੂੰ ਖੁਦ ਨੂੰ ਉਹਨਾਂ ਤੋਂ ਅਲੱਗ ਸਮਝਣਾ ਬੰਦ ਨਹੀਂ ਕਰਦਾ ਉਦੋਂ ਤੱਕ ਉਹ ਤੈਨੂੰ ਅਲੱਗ ਸਮਝਣਾ ਬੰਦ ਕਿਵੇ ਕਰਨਗੇ?
ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲ ਆਪਣੀ ਸੋਚ ਨੂੰ ਬਦਲ ਫੇਰ ਕਿਤੇ ਜਾ ਕੇ ਕਿਸੇ ਦੂਸਰੇ ਦੀ ਸੋਚ ਨੂੰ ਬਦਲਣ ਬਾਰੇ ਸੋਚੀਂ “
ਇਹ ਕਹਿ ਕੇ ਗੁਰਦਿਆਲ ਜਿਹੜਾ ਗੂਰੂਘਰ ਜਾ ਰਿਹਾ ਸੀ ਉਸਨੇ ਆਪਣਾ ਰਾਹ ਮੁੜ ਫੜ ਲਿਆ ਤੇ ਗੁਰੂਘਰ ਵੱਲ੍ਹ ਨੂੰ ਤੁਰ ਪਿਆ।
ਧਰਮੇ ਦੇ ਦਿਲ ਤੇ ਦਿਮਾਗ ਵਿੱਚ ਦਿਆਲੇ ਦੀ ਇੱਕ-ਇੱਕ ਗੱਲ ਘਰ ਕਰ ਗਈ ਤੇ ਉਹ ਆਪਣੀਆਂ ਕਹੀਆਂ ਗੱਲਾਂ ਤੇ ਸ਼ਰਮਿੰਦਾ ਹੋਇਆ। ਉਹ ਕਾਂਤੇ ਦੇ ਘਰ ਗਿਆ ਉਦੋਂ ਕਾਂਤੇ ਦੀ ਬੇਟੀ ਤੇ ਉਸਦੀ ਘਰਦੀ ਕਾਂਤੇ ਦੇ ਨਾਲ਼ ਹੀ ਵਿਹੜੇ ‘ਚ ਬੈਠੀਆਂ ਸਨ । ਉਹਨਾਂ ਦੇ ਸਾਹਮਣੇ ਧਰਮੇ ਨੇ ਕਾਂਤੇ ਤੋਂ ਮਾਫੀ ਮੰਗੀ । ਕਾਂਤੇ ਨੂੰ ਵੀ ਆਪਣੇ ਵਰਤਾਓ ਉੱਤੇ ਉਸੇ ਵੇਲ਼ੇ ਤੋਂ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਉਸ ਨੇ ਵੀ ਧਰਮੇ ਤੋਂ ਮਾਫੀ ਮੰਗੀ ਤੇ ਦੋਹਾਂ ਨੇ ਜੱਫੀ ਪਾ ਕੇ ਪਿਆਰ ਤੇ ਸਾਂਝੀਵਾਲਤਾ ਦਾ ਪ੍ਰਗਟਾਵਾ ਕੀਤਾ।
“ ਅਵਲ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।”
ਗੁਰਬਾਣੀ ਦੀਆਂ ਇਹ ਤੁਕਾਂ ਉਚਾਰਦੇ ਹੋਏ ਦੋਵਾਂ ਨੇ ਗੁਰੂਘਰ ਵੱਲ੍ਹ ਰੁੱਖ ਕੀਤਾ ਤੇ ਆਪਣੀਆਂ ਭੁੱਲਾਂ ਦੀ ਖਿਮਾਂ ਬਖਸ਼ਾਉਣ ਲਈ ਮਹਾਰਾਜ ਦੇ ਚਰਨਾਂ ‘ਚ ਜਾ ਬੈਠੇ।।
ਦਮਨਪ੍ਰੀਤ ਸਿੰਘ
ਨਿਮਰਤ ਦੂਜੀ ਕਲਾਸ ਵਿੱਚ ਪੜ੍ਹਦਾ ਸੀ । ਸਕੂਲ ਤੋਂ ਵੱਡੇ ਦਿੱਨਾਂ ਦੀਆ ਛੁੱਟੀਆਂ ਹੋ ਗੲੀਆਂ ਸਨ । ਨਿਮਰਤ ਨੇ ਘਰੇ ਖੇਡਦੇ ਰਹਿਣਾ । ਕਦੇ ਕਦੇ ਆਪਣੇ ਪਾਪੇ ਗੁਰਜੀਤੇ ਨਾਲ ਖੇਤਾਂ ਵਿਚ ਜਾਣ ਦੀ ਜ਼ਿੱਦ ਕਰਨਾ । ਕਹਿਣ ਲੱਗ ਜਾਣਾ ਪਾਪਾ ਮੈਂ ਵੀ ਨਾਲ ਜਾਣਾ । ਇੱਕ ਦਿਨ ਫਿਰ ਗੁਰਜੀਤਾ ਨਿਮਰਤ ਨੂੰ ਨਾਲ ਖੇਤਾਂ ਵਿੱਚ ਲੈ ਗਿਆ । ਗੁਰਜੀਤੇ ਨੇ ਖੇਤ ਜਾ ਕੇ ਥੋੜ੍ਹਾ ਬਹੁਤਾ ਕੰਮ ਕੀਤਾ । ਫਿਰ ਜਿਹੜੀ ਰੋਟੀ ਨਾਲ ਲੈ ਕੇ ਗਏ ਸਨ । ਦੋਨੋਂ ਬੈਠ ਕੇ ਖਾਣ ਲਗ ਪਏ ।
ਜਦ ਨਿਮਰਤ ਅਤੇ ਗੁਰਜੀਤਾ ਰੋਟੀ ਖਾਣ ਲੱਗੇ । ਤਾਂ ਉਹਨਾਂ ਕੋਲ ਆ ਕੇ ਜਾਨਵਰ ਬੈਠ ਗਏ । ਨਿਮਰਤ ਅਤੇ ਗੁਰਜੀਤੇ ਨੇ ਕੁਝ ਰੋਟੀ ਖਾ ਲਈ । ਕੁਝ ਰੋਟੀ ਗੁਰਜੀਤੇ ਨੇ ਕੋਲ ਬੈਠੇ ਜਾਨਵਰਾਂ ਨੂੰ ਪਾ ਦਿੱਤੀ ।
ਇਹ ਦੇਖ ਕੇ ਨਿਮਰਤ ਨੇ ਕਿਹਾ , “ਇਹ ਪਾਪਾ ਆਪਦਾ ਚੋਗਾ ਆਪ ਨਹੀਂ ਚੁਗਦੇ ?”
ਗੁਰਜੀਤੇ ਨੇ ਕਿਹਾ , ” ਨਹੀਂ ਬੇਟਾ ! ਇਹ ਜਾਨਵਰ ਬਹੁਤ ਸਿਆਣੇ ਹੁੰਦੇ ਹਨ । ਅੱਜ ਤੋਂ ਕੁਝ ਸਮਾਂ ਪਹਿਲਾਂ ਇਹ ਆਪਣਾ ਚੋਗਾ ਆਪ ਹੀ ਚੁਗ ਲੈਂਦੇ ਸੀ । ਹੁਣ ਅਸੀਂ ਇਹਨਾਂ ਦੇ ਚੋਗਾ ਚੁਗਣ ਵਾਲਾ ਸਾਰਾ ਚੋਗਾ ਕੀੜੇ ਮਾਰ ਦਵਾਈਆਂ ਛਿੜਕ ਛਿੜਕ ਕੇ ਜ਼ਹਿਰੀਲਾ ਕਰ ਦਿੱਤਾ ਹੈ । ਫਿਰ ਇਹ ਆਪਣੀ ਮਰਜ਼ੀ ਨਾਲ ਚੋਗਾ ਚੁਗ ਕੇ ਮਰਨ ਲਗ ਗਏ ਸੀ । ਫਿਰ ਇਨ੍ਹਾਂ ਨੇ ਚੋਗਾ ਚੁਗਣਾ ਬੰਦ ਕਰ ਦਿੱਤਾ ।
ਹੁਣ ਇਹ ਉਹੀ ਖਾਂਦੇ ਹਨ । ਜੋ ਅਸੀਂ ਖਾਂਦੇ ਹਾਂ ।” ਨਿਮਰਤ ਨੇ ਫਿਰ ਕਿਹਾ , ” ਪਾਪਾ ਇਹ ਰਾਤ ਨੂੰ ਕਿੱਥੇ ਰਹਿੰਦੇ ਹਨ ? ” ਗੁਰਜੀਤੇ ਨੇ ਕਿਹਾ , ” ਪੁੱਤ ਇਹ ਅਜ਼ਾਦ ਪੰਛੀ ਹਨ । ਪਹਿਲਾਂ ਤਾਂ ਇਹ ਦਰੱਖਤਾਂ ਤੇ ਆਲ੍ਹਣੇ ਬਣਾ ਕੇ ਰਹਿੰਦੇ ਸਨ । ਹੁਣ ਦਰੱਖਤ ਤਾਂ ਅਸੀਂ ਸਾਰੇ ਪੱਟ ਦਿੱਤੇ ਹਨ ।
ਹੁਣ ਅਸੀਂ ਇਹਨਾਂ ਨੂੰ ਘਰਾਂ ਵਿੱਚ ਆਲ੍ਹਣੇ ਬਣਾ ਕੇ ਦਿੱਤੇ ਹਨ ।
ਜਦ ਘਰੇ ਚਲੇ ਗਏ ਤਾਂ ਨਿਮਰਤ ਨੇ ਆਲ੍ਹਣਾਂ ਦਿਖਾਉਣ ਲਈ ਕਿਹਾ । ਤਾਂ ਗੁਰਜੀਤਾ, ਬੇਟੇ ਨੂੰ ਡੰਗਰਾਂ ਦੇ ਨਾਲ ਵਾਲੇ ਪੁਰਾਣੇ ਜਿਹੇ ਕਮਰੇ ਵਿਚ ਲੈ ਗਿਆ । ਉਥੇ ਛੱਤ ਕੋਲ ਖੂੰਜੇ ਤੇ ਟੰਗਿਆ ਆਲ੍ਹਣਾਂ ਵਿਖਾ ਦਿੱਤਾ । ਨਿਮਰਤ ਨੇ ਫਿਰ ਕਿਹਾ , ” ਪਾਪਾ ! ਆਹ ਆਲ੍ਹਣੇਂ ਥੱਲੇ ਖਾਲੀ ਮੰਜੇ ਤੇ ਇਕ ਬਾਬਾ ਬੈਠਾ ਹੁੰਦਾ ਸੀ ।
ਹੁਣ ਕਦੇ ਦੇਖਿਆ ਨਹੀਂ ।
ਕਿੱਧਰ ਚਲਿਆ ਗਿਆ ? ”
ਗੁਰਜੀਤੇ ਨੇ ਕਿਹਾ , ” ਉਹ ਮੇਰਾ ਪਾਪਾ ਸੀ । ਉਸ ਨੂੰ ਉਸ ਦੇ ਆਲ੍ਹਣੇਂ ਛੱਡ ਆਂਦਾ । ਪਾਪਾ! ਉਸ ਦਾ ਆਲਣਾਂ ਕਿਥੇ ਹੈ ? ਗੁਰਜੀਤੇ ਨੇ ਕਿਹਾ, “ਬਿਰਧ ਆਸ਼ਰਮ।”
ਫਿਰ ਗੁਰਜੀਤੇ ਨੇ ਟਾਲਾ ਲਾ ਕੇ ਨਿਮਰਤ ਨੂੰ ਬਾਹਰ ਗਲੀ ਵਿਚ ਖੇਡਣ ਲਈ ਭੇਜ ਦਿੱਤਾ । ਅਤੇ ਆਪ ਸੋਚਣ ਲਗ ਪਿਆ । ਆਹ ਚਾਰ ਸਵਾਲਾਂ ਦੇ ਜਵਾਬ ਤਾਂ
ਮੈਨੂੰ ਆਏ ਨਹੀਂ । ਆਉਣ ਵਾਲੀਆਂ ਨਸਲਾਂ ਨੂੰ ਕੀ ਜਵਾਬ ਦੇ ਕੇ ਛੁਟਾਂਗੇ ।
ਸੁਖਵਿੰਦਰ ਸਿੰਘ ਗਿੱਲ
ਮੁੱਲਾਂਪੁਰ (ਲੁਧਿਆਣਾ )
ਛੋਟਿਆਂ ਹੁੰਦਿਆਂ ਤੋਂ ਹੀ ਸਾਡੇ ਘਰ ਦਾ ਮਾਹੌਲ ਗੁਰਬਾਣੀ ਵਾਲਾ ਸੀ। ਦਾਦਾ ਜੀ ਸਾਰਾ ਦਿਨ ਟੈਲੀਵਿਜ਼ਨ ‘ਤੇ ਕੀਰਤਨ ਲਾਉਂਦੇ ਸੀ ਪਰ ਮੇਰਾ ਮਨ ਤਾਂ ਸਾਖੀਆਂ ਸੁਣਨ ਨੂੰ ਕਰਦਾ ਸੀ। ਸ਼ਾਇਦ ਉਸ ਸਮੇਂ ਸ਼ਬਦ ਕੀਰਤਨ ਦੀ ਸਮਝ ਮੈਨੂੰ ਘੱਟ ਹੀ ਸੀ। ਮਾਂ ਤੋਂ ਸਾਖੀਆਂ ਸੁਣਨਾ ਮੈਨੂੰ ਬਹੁਤ ਚੰਗਾ ਲੱਗਣਾ। ਸਾਡੇ ਕੋਲ ਇੱਕ ਤਸਵੀਰ ਸੀ..ਹਰੇ ਫਰੇਮ ਵਿੱਚ(ਜੋ ਅੱਜ ਵੀ ਹੈ) … ਗੁਰੂ ਗੋਬਿੰਦ ਸਿੰਘ ਜੀ ਦੀ …ਨੀਲਾ ਜਾਮਾ ਪਹਿਨਿਆ ਹੋਇਆ ਜੋ ਪਾਟਿਆ ਹੋਇਆ ਸੀ ਸਿਰ ਉੱਤੇ ਕੇਸਰੀ ਰੰਗ ਦੀ ਦਸਤਾਰ ਪੱਥਰ ਦਾ ਸਿਰਾਣਾ ਬਣਾ ਕੇ…ਨੰਗੇ ਪੈਰੀ ਸੁੱਤੇ ਪਏ ..ਪੈਰਾਂ ‘ਚੋਂ ਲਹੂ ਵਗ ਰਿਹਾ ਸੀ ।ਮੈਨੂੰ ਇਕ ਸ਼ਬਦ ਅੱਜ ਵੀ ਧੁੰਦਲਾ ਜਿਹਾ ਯਾਦ ਹੈ ..
“ਰੋੜਾਂ ਉੱਤੇ ਸੁੱਤਾ ਪਿਆ ਸ਼ਹਿਨਸ਼ਾਹ ਜਹਾਨ ਦਾ …
ਬੱਦਲਾਂ ‘ਚ ਚਮਕੇ ਚਿਹਰਾ ਚੰਨ ਅਸਮਾਨ ਦਾ.. ”
ਮੈਂ ਮਾਂ ਨੂੰ ਪੁੱਛਿਆ ਇਹ ਕਿਥੋਂ ਦੀ ਤਸਵੀਰ ਹੈ ਤਾਂ ਮਾਂ ਨੇ ਦੱਸਿਆ ..ਕਿ ਜਿਹੜੀ ਮੈਂ ਤੈਨੂੰ ਮਾਛੀਵਾੜੇ ਦੇ ਜੰਗਲਾਂ ਵਾਲੀ ਸਾਖੀ ਸੁਣਾਈ ਸੀ ਇਹ ਉਥੇ ਦੀ ਤਸਵੀਰ ਹੈ ਤਾਂ ਮੈਂ ਮਾਂ ਨੂੰ ਕਿਹਾ ਕਿ ਬਾਬਾ ਜੀ ਦੇ ਕੋਲ ਤਾਂ ਚੱਪਲਾਂ ਵੀ ਨਹੀਂ ਹਨ…ਪੈਰਾਂ ‘ਚੋਂ ਲਹੂ ਵੀ ਵਗ ਰਿਹਾ ..ਉਤੋਂ ਇੰਨੀ ਠੰਢ …. ਮੈਂ ਮਾਂ ਨੂੰ ਕਿਹਾ ਕਿ ਮੈਂ ਬਾਬਾ ਜੀ ਨੂੰ ਵੱਡੀ ਹੋ ਕੇ ਚੱਪਲਾਂ ਲੈ ਕੇ ਦੇਵਾਂਗੀ ..। ਮਾਂ ਨੇ ਕਿਹਾ ..ਬਾਬਾ ਜੀ ਕੋਲ ਕੋਈ ਕਮੀ ਨਹੀਂ ਸੀ ਪੁੱਤਰ ..ਇਹ ਤਾਂ ਬਾਬਾ ਜੀ ਸਾਨੂੰ ਸਮਝਾ ਰਹੇ ਹਨ ਕਿ ਸਾਨੂੰ ਰੱਬ ਦੀ ਰਜ਼ਾ ਵਿੱਚ ਕਿੰਝ ਰਾਜ਼ੀ ਰਹਿਣਾ ਚਾਹੀਦਾ ਹੈ ਭਾਵੇਂ ਹਾਲਾਤ ਕਿਸੇ ਤਰ੍ਹਾਂ ਦੇ ਕਿਉਂ ਨਾ ਹੋਣ… ।ਪਰ ਮੈਂ ਉਸ ਸਮੇਂ ਸਿਰਫ ਚਾਰ-ਪੰਜ ਵਰ੍ਹਿਆਂ ਦੀ ਹੋਵਾਂਗੀ ਇਸ ਲਈ ਆਪਣੀ ਜ਼ਿੱਦ ਉੱਤੇ ਕਾਇਮ ਰਹੀ ।ਤਾਂ ਮਾਂ ਨੇ ਵੀ ਹਾਮੀ ਭਰ ਦਿੱਤੀ ਜਦੋਂ ਵੱਡੀ ਹੋਵੇਗੀ ਤਾਂ ਲੈ ਕੇ ਦੇਵੀ ।ਸਮਾਂ ਬੀਤਦਾ ਗਿਆ …ਅੱਜ ਵੀ ਯਾਦ ਹੈ ਉਹ ਦਿਨ ਮੈਂ ਉਸ ਸਮੇਂ ਛੇਵੀਂ ਜਮਾਤ ‘ਚ ਹੋਵਾਂਗੀ ..। ਸਾਡੀ ਆਪਣੀ ਦੁਕਾਨ ਹੈ ਕਰਿਆਨੇ ਦੀ …ਬਾਪੂ ਜੀ ਨੂੰ ਕੋਈ ਕੰਮ ਸੀ ਉਸ ਦਿਨ ਮੈਨੂੰ ਆਖਿਆ ਕਿ ਤੂੰ ਦਸ ਕੁ ਮਿੰਟ ਬੈਠੀ ਮੈਂ ਆਉਂਦਾ ..ਧਿਆਨ ਰੱਖੀ ਅਤੇ ਗੋਲਕ ਨੂੰ ਤਾਲਾ ਲਗਾ ਕੇ ਚਲੇ ਗਏ । ਦੋ ਕੁ ਮਿੰਟ ਬਾਅਦ ਇਕ ਬਜੁਰਗ ਮੇਰੇ ਸਾਹਮਣੇ ਆ ਕੇ ਖਲੋ ਗਿਆ …ਚਿਹਰੇ ‘ਤੇ ਨੂਰ ..ਚਿੱਟੇ ਰੰਗ ਦਾ ਜਾਮਾ ਪਹਿਨਿਆ ਅਤੇ ਕੇਸਰੀ ਦਸਤਾਰ ਤੇ ਨੰਗੇ ਪੈਰੀਂ ..ਮੇਰੇ ਅੱਗੇ ਹੱਥ ਅੱਡਿਆ..ਤਾਂ ਮੈਂ ਦੋ ਕੁ ਟੌਫੀਆਂ ਦੇਣ ਲਈ ਡੱਬਾ ਚੁੱਕਣ ਲੱਗੀ ਤਾਂ ਉਹਨਾਂ ਨਾ ਵਿੱਚ ਸਿਰ ਹਿਲਾਇਆ ਮੈਂ ਕਿਹਾ ਬਾਬਾ ਜੀ ਬਿਸਕੁਟ ਦੇ ਦੇਵਾਂ ?? ਤਾਂ ਉਹਨਾਂ ਕਿਹਾ ਨਾ ਪੁੱਤਰ ਮੈਨੂੰ ਭੁੱਖ ਨਹੀਂ । ਮੈਨੂੰ ਲੱਗਿਆ ਉਹਨਾਂ ਨੂੰ ਪੈਸੇ ਚਾਹੀਦੇ ਨੇ ..ਮੈਂ ਕਿਹਾ ਮੇਰੇ ਬਾਪੂ ਜੀ ਤਾਂ ਗਏ ਹੋਏ ਨੇ ..ਅਤੇ ਮੇਰੇ ਕੋਲ ਤਾਂ ਪੈਸੇ ਨਹੀਂ ਹਨ। ਉਹਨਾਂ ਮੈਨੂੰ ਆਪਣੇ ਨੰਗੇ ਪੈਰਾਂ ਨੂੰ ਵਿਖਾਉਂਦਿਆਂ ਆਖਿਆ ਕਿ ਮੈਨੂੰ ਤਾਂ ਚੱਪਲਾਂ ਹੀ ਚਾਹੀਦੀਆਂ ਹਨ ..। ਮੈਂ ਉਨ੍ਹਾਂ ਨੂੰ ਆਖਿਆ ਕਿ ਮੇਰੇ ਬਾਪੂ ਜੀ ਆਉਣ ਵਾਲੇ ਹੋਣਗੇ ਤਾਂ ਉਹਨਾਂ ਆਖਿਆ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ .ਅਤੇ ਮੇਰੇ ਰੋਕਣ ਦੇ ਬਾਵਜੂਦ ਵੀ ਉਹ ਬਾਹਰ ਵੱਲ ਨੂੰ ਤੁਰ ਪਏ ।ਦੋ ਕੁ ਮਿੰਟ ਬਾਅਦ ਬਾਪੂ ਜੀ ਆ ਗਏ ..ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਤਾਂ ਬਾਪੂ ਜੀ ਸਕੂਟਰ ਲੈ ਕੇ ਉਸ ਦਿਸ਼ਾ ਵੱਲ ਗਏ ਜਿੱਧਰ ਮੈਂ ਉਨ੍ਹਾਂ ਨੂੰ ਜਾਂਦੇ ਵੇਖਿਆ ..ਪਰ ਉਹ ਬਾਪੂ ਜੀ ਨੂੰ ਕਿਧਰੇ ਨਾ ਮਿਲੇ। ਘਰ ਜਾ ਕੇ ਜਦੋਂ ਸਾਰੀ ਗੱਲ ਮਾਂ ਨੂੰ ਦੱਸੀ ਤਾਂ ਅਗਲੇ ਦਿਨ ਮਾਂ ਨੂੰ ਯਾਦ ਆਇਆ ਤੂੰ ਛੋਟਿਆਂ ਹੁੰਦਿਆਂ ਜ਼ਿੱਦ ਕਰਿਆ ਕਰਦੀ ਸੀ ਕਿ ਬਾਬਾ ਜੀ ਨੂੰ ਚੱਪਲਾਂ ਲੈ ਕੇ ਦੇਵਾਂਗੀ … ਸ਼ਾਇਦ ਉਹੀ ਲੈਣ ਆਏ ਸਨ ।ਮੈਂਨੂੰ ਸਮਝ ਨਹੀਂ ਆ ਰਹੀ ਸੀ ਕਿ ਖੁਸ਼ ਹੋਵਾਂ ਜਾਂ ਦੁਖੀ । ਕਿ ਜੇ ਇਹ ਬਾਬਾ ਜੀ ਸੀ ਤਾਂ ਮੈਂ ਖਾਲੀ ਹੱਥੀਂ ਤੋਰ ਦਿੱਤਾ ।ਪਰ ਜੋ ਵੀ ਸੀ ਇਉਂ ਮਹਿਸੂਸ ਹੋਇਆ ਕਿ ਰੱਬ ਜਰੂਰ ਸੁਣਦਾ ਤੁਹਾਡੀ ਅਰਦਾਸ ਵਿੱਚ ਬਹੁਤ ਤਾਕਤ ਹੁੰਦੀ ਹੈ । ਅਗਲੇ ਦਿਨ ਹੀ ਮਾਂ ਅਤੇ ਮੈਂ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਅਤੇ ਬਾਹਰ ਕਿਸੇ ਲੋੜਵੰਦ ਨੂੰ ਚੱਪਲਾਂ ਦੇ ਆਏ।
~ਗੁਰਦੀਪ ਕੌਰ
ਹਰ ਸਾਲ ਦੀ ਤਰ੍ਹਾਂ, ਪਿਛਲੇ ਸਾਲ ਵੀ ਜਦ ਮੈਂ ਸਰਦੀ ਦੇ ਸ਼ੁਰੁ ਵਿੱਚ ਆਪਣੇ ਵਤਨ ਪਰਤੀ ਤਾਂ ਘਰ ਦੀ ਹਾਲਤ ਕਾਫੀ ਉੱਖੜੀ ਹੋਈ ਸੀ। ਘਰ ਦੀ ਦੀਵਾਰ ਦੇ ਦੋਹੀਂ ਪਾਸੀਂ ਲਾਏ, ਅਸ਼ੋਕਾ ਟਰੀ, ਫਾਈਕਸ ਤੇ ਚਾਂਦਨੀ ਦੇ ਪੌਦੇ ਇੱਕ ਜੰਗਲ ਬਣ ਚੁੱਕੇ ਸਨ। ਸੰਘਣੀ ਛਾਂ ਲਈ ਲਾਏ ਸੱਤ ਪੱਤਰੀ ਦੇ ਰੁੱਖ ਦੇ ਟਾਹਣ ਛੱਤ ਤੇ ਵਿਹੜੇ ਵਿੱਚ ਝੁਕੇ ਪਏ ਸਨ, ਜਿਹਨਾਂ ਨੇ ਸਰਦ ਰੁੱਤ ਵਿੱਚ ਵਿਹੜੇ ਵਿੱਚ ਆਉਣ ਵਾਲੀਆਂ ਸੂਰਜ ਦੀਆਂ ਕਿਰਨਾਂ ਨੂੰ ਰੋਕ ਰੱਖਿਆ ਸੀ। ਫਾਈਕਸ ਵੀ ਇੰਨੇ ਫੈਲ ਗਏ ਸਨ ਕਿ- ਮੈਂ ਆਪਣੇ ਦੇਸ ਦੀ, ਸਰਦੀ ਦੀ ਕੋਸੀ ਕੋਸੀ ਧੁੱਪ ਦਾ ਨਿੱਘ ਮਾਨਣ ਤੋਂ ਵੀ ਵਾਂਝੀ ਹੋ ਗਈ ਸਾਂ। ਜਿਸ ਦਾ ਕਾਰਨ ਮਾਲੀ ਆਪਣੇ ਪਿੰਡ ਚਲਾ ਗਿਆ ਸੀ, ਤੇ ਪਿਛਲੇ ਛੇ ਮਹੀਨੇ ਤੋਂ ਪੌਦਿਆਂ ਦੀ ਕਾਂਟ ਛਾਂਟ ਨਹੀਂ ਸੀ ਹੋਈ।
ਭਾਵੇਂ ਮੈਂ, ਆਪਣੀ ਕੰਮ ਵਾਲੀ ਨੂੰ, ਛੱਤ ਤੇ ਇੱਕ ਕਮਰਾ ਦੇ ਕੇ ਘਰ ਦੀ ਸਾਂਭ ਸਫਾਈ ਦੀ ਜ਼ਿੰਮੇਵਾਰੀ ਸੌਂਪ ਕੇ, ਵਿਦੇਸ਼ ਬੱਚਿਆਂ ਕੋਲ ਗਈ ਸਾਂ- ਪਰ ਫਿਰ ਵੀ ਵਿਹੜੇ ਦਾ ਪੱਥਰ ਪੂਰੀ ਸਫਾਈ ਨਾ ਹੋਣ ਕਾਰਨ ਕਾਲਾ ਪੈ ਗਿਆ ਸੀ, ਅਲਮਾਰੀਆਂ ਵਿੱਚ ਧੂੜ ਜੰਮੀ ਪਈ ਸੀ। ਕੋਠੀ ਪੁਰਾਣੀ ਹੋਣ ਕਾਰਨ, ਕਈ ਥਾਵਾਂ ਤੋਂ ਰਿਪੇਅਰ ਦੀ ਮੰਗ ਕਰਦੀ ਸੀ, ਕੋਈ ਟੂਟੀ ਖਰਾਬ ਹੋਈ ਪਈ ਸੀ, ਤੇ ਕੋਈ ਲਾਈਟ। ਇੱਕ ਅਲਮਾਰੀ ਸਿਉਂਕ ਨੇ ਖਾ ਲਈ ਸੀ। ਸੋ ਮੈਂ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ- ਬਿਜਲੀ ਵਾਲਾ, ਲੱਕੜ ਵਾਲਾ ਤੇ ਰਾਜ ਮਿਸਤਰੀ ਬੁਲਾਇਆ, ਤੇ ਰਿਪੇਅਰ ਸ਼ੁਰੂ ਕਰਵਾਈ। ਇਸ ਵਾਰ ਤਾਂ ਮੈਂ, ਸਾਰੀ ਕੋਠੀ ਰੰਗ ਰੋਗਨ ਕਰਵਾਉਣ ਦਾ ਮਨ ਵੀ ਬਣਾ ਲਿਆ।
ਮਾਲੀ, ਪੌਦਿਆਂ ਦੀ ਕਾਂਟ ਛਾਂਟ ਕਰਦਾ ਹੋਇਆ ਕਹਿਣ ਲੱਗਾ-“ਯੇ ਗ02ਰ ਵੀ ਬਿਨਾਂ ਮਾਲਕ ਕੇ, ਉਦਾਸ ਹੋ ਜਾਤੇ ਹੈਂ ਬੀਬੀ ਜੀ!”
“ਹਾਂ ਮਾਲੀ..” ਮੈਂ ਹਉਕਾ ਭਰਿਆ।
ਅੱਜ ਮੇਰੀ ਮੰੰਜੂ ਵੀ ਕੰਮ ਮੁਕਾ, ਮੇਰੇ ਕੋਲ ਬੈਠ ਗਈ ਤੇ ਕਹਿਣ ਲੱਗੀ- “ਬੀਬੀ ਜੀ, ਜੋ ਕਾਮ ਕਰਵਾਨਾ, ਇਸੀ ਮਹੀਨੇ ਕਰਵਾ ਲੋ, ਹਮ ਅਗਲੇ ਮਹੀਨੇ ਅਪਨੇ ਗਾਓਂ ਜਾ ਰਹੇ ਹਂੈ।”
“ਤੂੰ ਇੰਨੀ ਜਲਦੀ ਗਾਓਂ ਕੀ ਕਰਨ ਜਾਣਾ, ਮੰਜੂ?” ਉਸ ਹੈਰਾਨ ਹੋ ਕੇ ਪੁੱਛਿਆ।
“ਕੁੱਛ ਪੈਸੇ ਜੋੜੇ ਹੈਂ.. ਉੱਧਰ ਆਪਣਾ ਘਰ ਬਨਵਾਨਾ ਹੈ.. ਔਰ ਫਿਰ ਪੋਤੇ ਕੇ ਮੁੰਡਨ ਵੀ ਤੋ ਕਰਵਾਨੇ ਹੈਂ” ਉਸ ਨੇ ਜਵਾਬ ਦਿੱਤਾ।
“ਤੁਸੀ ਲੋਕਾਂ ਨੇ ਰਹਿਣਾ ਤਾਂ ਪੰਜਾਬ ਹੁੰਦਾ ਹੈ ਤੇ ਇੱਧਰ ਜੰਮੇ ਪਲੇ ਤੁਹਾਡੇ ਬੱਚਿਆਂ ਦਾ ਵੀ ਉੱਧਰ ਦਿਲ ਨਹੀਂ ਲਗਦਾ, ਫਿਰ ਘਰ ਉੱਧਰ ਕਿਸ ਲਈ ਬਣਾਉਂਦੇ ਹੋ..?” ਮੈਂ ਆਪਣੀ ਸਿਆਣਪ ਝਾੜੀ।
“ਇੱਧਰ ਤੋ ਕਾਮ ਕੇ ਲੀਏ ਆਏ ਹੈਂ ਬੀਵੀ ਜੀ.. ਉੱਧਰ ਅਪਨਾ ਗਾਓਂ ਹੈ.. ਰਿਸ਼ਤੇਦਾਰ ਹੈਂ.. ਫਿਰ ਬੱਚੋਂ ਕੇ ਸ਼ਾਦੀ ਵਿਆਹ ਵੀ ਤੋ ਉੱਧਰ ਹੀ ਕਰੇਂਗੇ ਨਾ!”
ਮੇਰਾ ਜਵਾਬ ਉਡੀਕੇ ਬਿਨਾ ਹੀ, ਮੇਰੇ ਵੱਲ ਵੇਖ ਫਿਰ ਕਹਿਣ ਲੱਗੀ- “ਆਪ ਲੋਗ ਵੀ ਤੋ ਇੱਧਰ ਆਕੇ ਅਪਨੇ ਘਰੋਂ ਕੋ ਬਨਾਤੇ ਸੰਵਾਰਤੇ ਹੀ ਹੋ ਨਾ..ਰਹਤੇ ਤੋ ਆਪ ਵੀ ਕਿਤਨਾ ਕੁ ਹੈਂ…?”
ਇਹ ਸੁਣ ਮੈਂ ਚੁੱਪ ਹੋ ਗਈ ਤੇ ਮਨ ਹੀ ਮਨ ਆਪਣੇ ਤੇ ਉਸਦੇ ਹਾਲਾਤ ਦੀ ਤੁਲਨਾ ਕਰਨ ਲੱਗੀ।
ਗੁਰਦੀਸ਼ ਕੌਰ ਗਰੇਵਾਲ
ਅਜੇ ਵੀ ਯਾਦ ਏ ਜਦੋਂ ਅਮ੍ਰਿਤਸਰ ਏਅਰਪੋਰਟ ਤੇ ਡੈਡ ਨੇ ਸਮਾਨ ਵਾਲੀ ਰੇਹੜੀ ਆਖਰੀ ਸਟੋਪ ਤੇ ਮੇਰੇ ਹਵਾਲੇ ਕੀਤੀ ਤਾਂ ਨਾਲ ਆਈ ਭੂਆ ਉਚੀ ਸਾਰੀ ਬੋਲ ਪਈ…
“ਵੇ ਗੁਰਮੁਖ ਸਿਆਂ ਅਜੇ ਵੀ ਸੋਚ ਵਿਚਾਰ ਕਰ ਲੈ..ਕੱਲੀ ਕਾਰੀ ਨੂੰ ਸੱਤ ਸਮੁੰਦਰ ਪਾਰ ਘੱਲਣ ਲੱਗਾ ਏ..ਕੋਈ ਉਚੀ ਨਵੀਂ ਹੋ ਗਈ ਤਾਂ…ਕਿਥੇ ਕਿਥੇ ਸਫਾਈਆਂ ਦਿੰਦਾ ਫਿਰੇਂਗਾ”
ਉਸਦੀ ਗੱਲ ਸੁਣ ਡੈਡ ਨੇ ਭੂਆ ਵਾਲਾ ਸੁਆਲ ਮੇਰੇ ਤੁਰੀ ਜਾਂਦੀ ਵੱਲ ਨੂੰ ਤੋਰ ਦਿੱਤਾ ਸੀ
ਮੈਂ ਅੱਗੋਂ ਅੱਖਾਂ ਮੀਚ ਇੱਕ ਆਖਰੀ ਤਸੱਲੀ ਜਿਹੀ ਦਿੱਤੀ ਤਾਂ ਉਹ ਬੇਫਿਕਰ ਜਿਹਾ ਹੋ ਗਿਆ ਪਰ ਉਸਦੀਆਂ ਅੱਖਾਂ ਅਜੇ ਵੀ ਗਿੱਲੀਆਂ ਸਨ!
ਫੇਰ ਕਨੇਡਾ ਦੀ ਧਰਤੀ ਤੇ ਉੱਤਰਦਿਆਂ ਹੀ ਕਿਰਾਏ ਵਾਲੀ ਡੂੰਘੀ ਜਿਹੀ ਬੇਸਮੇਂਟ…ਪਹਿਲਾਂ-ਪਹਿਲ ਇੰਝ ਲਗਿਆ ਕਰੇ ਕੇ ਸਾਹ ਘੁੱਟ ਕੇ ਮਰ ਜਾਵਾਂਗੀ..
ਫੇਰ ਗੱਲ ਗੱਲ ਤੇ ਨੁਕਸ ਕੱਢਦੀ ਮਾਲਕਣ ਆਂਟੀ…ਫੋਨ ਤੇ ਗੱਲ ਕਰਦੀ ਦੀਆਂ ਬਿੜਕਾਂ ਰੱਖਦੀ ਓਹਨਾ ਦੀ ਬੇਬੇ…ਅੱਤ ਦੀ ਠੰਡ ਵਿਚ ਕਈ ਵਾਰ ਮਿੱਸ ਹੋ ਜਾਂਦੀ ਬੱਸ….ਤੇ ਫੇਰ ਸ਼ੀਸ਼ਾ ਬਣੀ ਬਰਫ ਤੇ ਤਿਲਕ ਕੇ ਡਿੱਗਦੀ ਹੋਈ ਦੀ ਅਕਸਰ ਹੀ ਨਿੱਕਲ ਜਾਂਦੀ ਚੀਕ…ਠੰਡ ਨਾਲ ਸੁੰਨ ਹੋ ਜਾਂਦੇ ਹੱਥ ਪੈਰ..ਤੇ ਹੋਰ ਵੀ ਬਹੁਤ ਕੁਝ!
ਫੇਰ ਇੱਕ ਦਿਨ ਤਾਂ ਦਿਮਾਗ ਵੀ ਸੁੰਨ ਜਿਹਾ ਹੋ ਗਿਆ ਜਦੋਂ ਬੱਸ ਵਿਚ ਨਾਲਦੀ ਸੀਟ ਤੇ ਬੈਠੇ ਡੈਡ ਦੀ ਉਮਰ ਦੇ ਪੱਗ ਵਾਲੇ ਅੰਕਲ ਨੇ ਸੁਆਲ ਪੁੱਛਣੇ ਸ਼ੁਰੂ ਕਰ ਦਿਤੇ.
“ਵਿਆਹ ਹੋ ਗਿਆ ਤੇਰਾ?..ਬਵਾਏ ਫ੍ਰੇਂਡ ਤੋਂ ਬਗੈਰ ਤੇਰਾ ਗੁਜਾਰਾ ਕਿੱਦਾਂ ਹੁੰਦਾ?
ਫੇਰ ਉਸ ਦਿਨ ਆਪਣੇ ਸਟੋਪ ਤੋਂ ਪਹਿਲਾਂ ਹੀ ਉੱਤਰ ਗਈ…ਫੇਰ ਸ਼ੁਦੈਣਾਂ ਵਾਂਙ ਕਿੰਨਾ ਚਿਰ ਹੀ ਬਿਨਾ ਮੰਜਿਲ ਦੇ ਤੁਰਦੀ ਗਈ..ਕੰਮ ਤੇ ਚੇਂਜਿੰਗ ਰੂਮ ਵਿਚ ਪੁੱਜ ਨਾਲਦੀ ਦੇ ਮੋਢੇ ਤੇ ਸਿਰ ਰੱਖ ਮਨ ਦਾ ਬੋਝ ਹਲਕਾ ਕੀਤਾ!
ਉਸ ਦਿਨ ਮਗਰੋਂ ਹਰੇਕ ਅਗਿਓਂ ਤੁਰੇ ਆਉਂਦੇ ਕਿਸੇ ਆਪਣੇ ਨੂੰ ਦੇਖ ਰਾਹ ਬਦਲ ਲਿਆ ਕਰਦੀ “..
ਕਦੇ ਕਦੇ ਮਾਂ ਬੜੀ ਹੀ ਚੇਤੇ ਆਇਆ ਕਰਦੀ..ਲੱਖ ਕੋਸ਼ਿਸ਼ ਕਰਨ ਤੇ ਵੀ ਡੈਡ ਨਾਲ ਤੇ ਇਹ ਗੱਲਾਂ ਸ਼ੇਅਰ ਨਹੀਂ ਸੀ ਕਰ ਹੁੰਦੀਆਂ..!
ਪਤਾ ਨੀ ਅੱਜ ਪੀ.ਆਰ ਹੋਣ ਮਗਰੋਂ ਪੰਜਾਬ ਵਾਪਿਸ ਮੁੜਦੀ ਨੂੰ ਜਹਾਜੇ ਬੈਠਿਆਂ ਇਹ ਗੱਲਾਂ ਕਿਓਂ ਚੇਤੇ ਆ ਰਹੀਆਂ ਸਨ?
ਘਰੇ ਪਹੁੰਚੀ ਤਾਂ ਅਗਿਓਂ ਸਾਰੀ ਰਿਸ਼ਤੇਦਾਰੀ ਕੱਠੀ ਹੋਈ ਸੀ..ਭੂਆ ਦੀਆਂ ਨਜਰਾਂ ਮੇਰੇ ਵਜੂਦ ਅੰਦਰੋਂ ਕੁਝ ਹੋਰ ਹੀ ਚੀਜ ਟਟੋਲ ਰਹੀਆਂ ਸਨ…ਲਾਂਭੇ ਜਿਹੇ ਕਰ ਕੇ ਉੱਪਰੋਂ ਥੱਲੇ ਤੱਕ ਮੈਨੂੰ ਨਿਹਾਰਦੀ ਹੋਈ ਪੁੱਛਣ ਲੱਗੀ ਕੇ ਕੋਈ ਬਵਾਏ ਫ੍ਰੇਂਡ ਤੇ ਨਹੀਂ ਬਣਾਇਆ…ਮੈਂ ਅੱਗੋਂ ਕੁਝ ਨਾ ਬੋਲੀ ਪਰ ਮੈਨੂੰ ਕਨੇਡਾ ਵਾਲੀ ਬੱਸ ਵਾਲਾ ਓਹੋ ਭਾਈ ਚੇਤੇ ਆ ਗਿਆ!
ਅਗਲੇ ਦਿਨ ਜਿਸਦੇ ਵਾਸਤੇ ਜੋ ਜੋ ਤੋਹਫੇ ਲੈ ਕੇ ਆਈ ਸਾਂ..ਹਵਾਲੇ ਕਰ ਦਿੱਤੇ..!
ਫੇਰ ਜਦੋਂ ਖਾਲੀ ਬੈਗ ਕਿੱਲੀ ਟੰਗਣ ਲੱਗੀ ਤਾਂ ਡੈਡ ਨੂੰ ਆਖ ਦਿੱਤਾ ਕੇ ਹੁਣ ਇਸਨੂੰ ਭਰਨਾ ਵੀ ਹੋਵੇਗਾ..ਨਹੀਂ ਤਾਂ ਵਾਪਿਸ ਗਈ ਨੂੰ ਕਈਆਂ ਨੇ ਪੁੱਛਣਾ ਕੇ ਸਾਡੇ ਵਾਸਤੇ ਓਧਰੋਂ ਕੀ ਲੈ ਕੇ ਆਈਂ ਹੈਂ..!
ਇਸ ਦੁਨੀਆਂ ਵਿਚ ਹਰੇਕ ਨੂੰ ਹਰ ਲਈ ਹੋਈ ਚੀਜ ਬਦਲੇ ਕੁਝ ਨਾ ਕੁਝ ਦੇਣਾ ਪੈਂਦਾ..ਸਿਵਾਏ ਮਾਂ ਤੋਂ..ਫੇਰ ਉਸ ਰਾਤ ਕੰਧ ਤੇ ਟੰਗੀ ਮਾਂ ਦੀ ਫੋਟੋ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ…ਬਹੁਤ ਸਾਰੇ ਦੁੱਖ ਫਰੋਲੇ..ਬੇਸ਼ੁਮਾਰ ਉਲਾਹਮੇਂ ਵੀ ਦਿੱਤੇ..ਤੇ ਫੇਰ ਸੁਫ਼ਨੇ ਵਿਚ ਨਾਲ ਸੁੱਤੀ ਹੋਈ ਕੋਲੋਂ ਇੱਕ ਇਜਾਜਤ ਵੀ ਲੈ ਲਈ..!
ਅਗਲੇ ਦਿਨ ਆਪਣੇ ਦਿਉਰ ਦੇ ਮੁੰਡੇ ਦਾ ਰਿਸ਼ਤਾ ਲੈ ਕੇ ਆਈ ਭੂਆ ਨੂੰ ਸਪਸ਼ਟ ਆਖ ਦਿੱਤਾ ਕੇ ਮੈਂ ਆਪਣੇ ਰੂਹਾਂ ਦਾ ਹਾਣ ਲੱਭ ਲਿਆ ਏ…ਅੱਗੋਂ ਬਾਪ ਨੂੰ ਸੰਬੋਦਨ ਹੁੰਦੀ ਆਖਣ ਲੱਗੀ…”ਦੇਖ ਲੈ ਗੁਰਮੁਖ ਸਿਹਾਂ..ਓਹੋ ਗੱਲ ਹੋਈ ਜਿਸਦਾ ਡਰ ਸੀ..”
ਪਿਓ ਚੁੱਪ ਸੀ ਪਰ ਮਾਂ ਦੀ ਤਸਵੀਰ ਨਿੰਮਾ-ਨਿੰਮਾ ਮੁਸਕੁਰਾ ਰਹੀ ਸੀ..ਸ਼ਾਇਦ ਜਿਸਨੂੰ ਇੱਕ ਦਿਨ ਦੁੱਧ ਪੀਂਦੀ ਨੂੰ ਚੁੱਪ ਚੁਪੀਤੇ ਮਗਰ ਛੱਡ ਆਈ ਸੀ..ਉਹ ਅੱਜ ਜਿੰਦਗੀ ਦੇ ਵੱਡੇ ਫੈਸਲੇ ਲੈਣ ਦੇ ਕਾਬਲ ਜੂ ਹੋ ਗਈ ਸੀ!
(ਸੱਚੇ ਬਿਰਤਾਂਤ ਤੇ ਅਧਾਰਿਤ)
ਹਰਪ੍ਰੀਤ ਸਿੰਘ ਜਵੰਦਾ
ਉਹ ਦੁਕਾਨਦਾਰ ਅਕਸਰ ਆਪਣੇ ਪੁੱਤ ਨੂੰ ਆਪਣੇ ਨਾਲ ਕੰਮ ਵਿੱਚ ਲਗਾ ਲੈਂਦਾ ਸੀ। ਕਈ ਵਾਰ ਗਾਹਕਾਂ ਨੇ ਆਉਣਾ ਤੇ ਦੁਕਾਨਦਾਰ ਦਾ ਟਾਈਮ ਲਗਾ ਦੇਣਾ ਤੇ ਫੇਰ ਚੀਜ ਕੋਈ ਵੀ ਪਸੰਦ ਨਾ ਕਰਨੀ। ਇਹ ਦੇਖ ਮੁੰਡੇ ਨੂੰ ਗੁੱਸਾ ਆ ਜਾਣਾ ਤੇ ਇੱਕ ਦਿਨ ਉਹ ਉਹਨਾ ਸਮਾਨ ਦੇਖ ਕੇ ਗਏ ਗਾਹਕਾਂ ਨੂੰ ਬੁਰਾ ਭਲਾ ਬੋਲਣ ਲੱਗ ਗਿਆ ਕਿ ਜੇ ਕੁਝ ਲੈਣਾ ਹੀ ਨਹੀਂ ਤਾਂ ਟਾਈਮ ਕਿਉਂ ਖਰਾਬ ਕਰਦੇ ਹਨ । ਉਸ ਦੁਕਾਨਦਾਰ ਨੇ ਉਸੇ ਵਕਤ ਆਪਣੇ ਪੁੱਤ ਨੂੰ ਪਿਆਰ ਨਾਲ ਟੋਕਿਆ ਤੇ ਪੁੱਛਿਆ , “ਪੁੱਤ ਉਹਨਾਂ ਨੇ ਮੇਰਾ ਟਾਈਮ ਲਿਆ , ਕੀ ਤੈਨੂੰ ਮੇਰੇ ਮੱਥੇ ਤੇ ਕੋਈ ਤਿਊੜੀ ਦਿਖ ਰਹੀ ਹੈ ?
” ਨਹੀਂ ” ਪੁੱਤ ਨੇ ਨੀਵੀ ਪਾਉਂਦੇ ਹੋਏ ਨੇ ਜਵਾਬ ਦਿੱਤਾ।
“ਪੁੱਤ ਇਹ ਗਾਹਕ ਹੀ ਆਪਣਾ ਰੱਬ ਹੈ , ਜੇ ਇਹ ਗਾਹਕ ਹਨ ਤਾਂ ਹੀ ਆਪਣੀ ਰੋਜ਼ੀ ਰੋਟੀ ਹੈ। ਨਾਲੇ ਜੇ ਉਹਨਾਂ ਨੇ ਮੇਰਾ ਟਾਈਮ ਲਿਆ ਹੈ ਤਾਂ ਉਸ ਬਦਲੇ ਮੈਨੂੰ ਬਹੁਤ ਕੁਝ ਸਿਖਾ ਕਿ ਵੀ ਗਏ ਨੇ। ”
“ਪੁੱਤ ਨੇ ਇੱਕ ਦਮ ਉੱਪਰ ਮੂੰਹ ਚੁੱਕਿਆ ਤੇ ਪੁੱਛਿਆ , ਡੈਡੀ ਜੀ ਉਹ ਕੀ ਸਿਖਾ ਕਿ ਗਏ ਨੇ ? ਮੈਨੂੰ ਤਾਂ ਕੁਝ ਪਤਾ ਨਹੀਂ ਲੱਗਾ ਮੈਂ ਵੀ ਇਥੇ ਹੀ ਸੀ। ”
ਦੁਕਾਨਦਾਰ ਨੇ ਆਪਣੇ ਬੇਟੇ ਨੂੰ ਜਵਾਬ ਦਿੱਤਾ , “ਉਹਨਾਂ ਮੈਨੂੰ ਸਿਖਾਇਆ ਹੈ ਕਿ ਸਦਾ ਆਪਣੀ ਚੀਜ ਨੂੰ ਸਭ ਤੋਂ ਵਧੀਆ ਮੰਨਣ ਦੀ ਜਿੱਦ ਨਾ ਕਰੋ ਤੇ ਸਿੱਖੋ ਕਿ ਤੁਹਾਡੀ ਚੀਜ ਵਿੱਚ ਹੋਰ ਵੀ ਬਹਿਤਰੀ ਦੀ ਗੁੰਜਾਇਸ਼ ਹੈ , ਜੇ ਅਸੀਂ ਇਹ ਗੁੰਜਾਇਸ਼ ਪੂਰੀ ਕਰ ਦਿੱਤੀ ਤਾਂ ਸਾਡਾ ਸਮਾਨ ਸਭ ਤੋਂ ਵੱਧ ਵਿਖੇਗਾ। ਇਸੇ ਤਰ੍ਹਾਂ ਸਾਨੂੰ ਜਿੰਦਗੀ ਵਿੱਚ ਵੀ ਸਦਾ ਆਪਣੇ ਆਪ ਵਿੱਚ ਬਹਿਤਰੀ ਕਰਨੀ ਚਾਹੀਦੀ ਹੈ ਤੇ ਕਮੀ ਦੱਸਣ ਵਾਲੇ ਦਾ ਧੰਨਵਾਦ ਕਰਨਾ ਚਾਹੀਦਾ ਹੈ। ਫੇਰ ਦੇਖਣਾ ਜਿੰਦਗੀ ਕਿਵੇਂ ਸੋਹਣੀ ਹੁੰਦੀ ਹੈ। ”
ਉਸ ਲੜਕੇ ਨੇ ਆਪਣੇ ਪਿਤਾ ਦੀਆਂ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ ਧਾਰ ਲਿਆ ਤੇ ਅੱਜ 30 ਸਾਲ ਬਾਅਦ ਉਹ ਆਪਣੇ ਮੌਲ ਜੋ ਦੇਸ਼ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਵੱਡਾ ਮੌਲ ਸੀ ਦੇ ਆਫਿਸ ਵਿੱਚ ਆਪਣੇ ਪਿਤਾ ਸੀ ਤਸਵੀਰ ਵੱਲ ਦੇਖਦਾ ਹੋਇਆ ਆਪਣੇ ਪੁੱਤਰ ਨੂੰ ਸਮਝਾ ਰਿਹਾ ਸੀ ਕਿ ” ਜਿੰਦਗੀ ਚ ਉਹਨਾਂ ਲੋਕਾਂ ਨੂੰ ਸਦਾ ਸਨਮਾਨ ਦੇਵੋ ਜਿੰਨਾ ਕਰਕੇ ਤੁਸੀਂ ਹੋ। ਜਿੰਦਗੀ ਵਿੱਚ ਕਿਸੇ ਵੀ ਅਹੁਦੇ ਤੇ ਪਹੁੰਚ ਜਾਵੋ ਪਰ , ਜਿੰਨਾ ਕਰਕੇ ਉਥੇ ਪਹੁੰਚੇ ਹੋ ਉਹਨਾਂ ਨੂੰ ਕਦੇ ਨਾ ਭੁੱਲੋ। ਅਸੀਂ ਦੁਕਾਨ ਤੋਂ ਮੌਲ ਤੱਕ ਆਪਣੇ ਗਾਹਕਾਂ ਕਰਕੇ ਪਹੁੰਚੇ ਹਾਂ ਇਸ ਲਈ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ, ਪਰ ਇਹ ਅਸੂਲ ਜਿੰਦਗੀ ਤੇ ਬਿਜਨਸ (ਵਪਾਰ ) ਦੋਵਾਂ ਵਿੱਚ ਲਾਗੂ ਹੁੰਦਾ ਹੈ।
ਜਗਮੀਤ ਸਿੰਘ ਹਠੂਰ
” ਗੱਲ ਉਦੋਂ ਦੀ ਹੈ ਜਦੋਂ ਮੋਬਾਈਲ ਫੋਨ ਨਹੀਂ ਸੀ ਹੁੰਦੇ।”
ਹੁਣ ਉਹ ਇੱਕ ਡੇਰੇ ਤੇ ਜਾਣ ਲੱਗ ਪਿਆ ਸੀ। ਡੇਰੇ ਦੇ ਮੁਖੀ ਨਾਲ ਆਪਣੀ ਜਾਣ-ਪਹਿਚਾਣ ਵਧਾਉਣ ਲਈ ਉਹ ਇੱਕ ਡੇਰੇ ਦੇ ਸੇਵਦਾਰ ਨੂੰ ਮਿਲਿਆ ਤੇ ਆਖਿਆ, “ਵੈਸੇ ਤਾਂ ਮੈਨੂੰ ਵੀ ਪਤਾ ਆਪਣੇ ਡੇਰੇ ਪੈਸਿਆਂ ਦਾ ਚੜਾਵਾ ਨਹੀਂ ਚੜਦਾ, ਪਰ ਜੇ ਸ਼ਰਧਾ ਭਾਵਨਾ ਨਾਲ ਕੁਝ ਪੈਸੇ ਦੇਣੇ ਹੋਣ ਤਾਂ ਕਿਸਨੂੰ ਮਿਲੀਏ?”
“ਆ ਜਾਓ ਤੁਹਾਨੂੰ ਕੈਸ਼ੀਅਰ ਸਾਬ ਮਿਲਾ ਦਿੰਦਾ ਹਾਂ”! ਸੇਵਾਦਾਰ ਨੇ ਕਿਹਾ।
11000 ਦੀ ਪਰਚੀ ਕੱਟਦੇ ਖਜਾਨਚੀ ਉਸਨੂੰ ਪੈਰਾਂ ਤੋਂ ਮੂੰਹ ਤੱਕ ਦੇਖ ਰਿਹਾ ਸੀ।ਧੰਨਵਾਦ ਤੋਂ ਇਲਾਵਾ ਖਜਾਨਚੀ ਹੋਰ ਕੁੱਝ ਨਾ ਬੋਲਿਆ।
ਤਿੰਨ – ਚਾਰ ਹਫਤਿਆਂ ਬਾਅਦ ਹੁਣ ਉਹ ਸਿੱਧੇ ਹੀ ਖਜਾਨਚੀ ਨੂੰ ਮਿਲ ਪਿਆ ਤੇ 21000 ਦੀ ਪਰਚੀ ਕਟਵਾ ਲਈ। ਖਜਾਨਚੀ ਉਸ ਦਿਨ ਵੀ ਧੰਨਵਾਦ ਤੋਂ ਇਲਾਵਾ ਕੁਝ ਨਾ ਬੋਲਿਆ।ਉਸ ਤੋਂ ਫਿਰ ਤਿੰਨ-ਚਾਰ ਹਫਤੇ ਬਾਅਦ 51000 ਦੀ ਪਰਚੀ ਕੱਟਦੇ ਖਜਾਨਚੀ ਵੀ ਕੰਬ ਰਿਹਾ ਸੀ। ਅਚਾਨਕ ਉਹ ਬੋਲਿਆਂ, “ਕੀ ਮੈਂ ਸੰਤ ਜੀ ਦੇ ਦਰਸ਼ਨ ਕਰ ਸਕਦਾ” ?
“ਹਾਂਜੀ! ਜਰੂਰ” , ਕੰਬਦਾ ਹੋਇਆ ਖਜਾਨਚੀ ਬੋਲਿਆ।
ਕਮਰੇ ਵਿਚ ਜਾ ਕੇ ਉਸਨੇ ਸੰਤ ਦੇ ਪੈਰ ਛੂਹੇ ਮੱਥਾ ਟੇਕਿਆ। ਇਸ ਤੋਂ ਪਹਿਲਾਂ ਸੰਤ ਤੇ ਉਹ ਆਪਸ ਵਿੱਚ ਕੋਈ ਗੱਲ ਕਰਦੇ ਖਜਾਨਚੀ ਨੇ ਉਸਦੇ ਵੱਡੇ ਦਿਲ ਦੀਆਂ ਸਿਫਤਾਂ ਦੈ ਪੁੱਲ ਬੰਨ ਦਿੱਤੇ।
“ਭਾਈ ਕੀ ਕੰਮ ਕਾਰ ਹੈ ਆਪਣਾ”? ਸੰਤ ਨੇ ਆਖਿਆ।
” ਕੁਝ ਖਾਸ ਨਹੀਂ ਜੀ, ਇੰਮੀਗਰੇਸ਼ਨ ਦਾ ਕੰਮ ਹੈ! ਬੰਦੇ ਬਾਹਰਲੇ
ਮੁਲਕਾਂ ਵਿਚ ਭੇਜੀ ਦੇ ਨੇ, ਜਦੋਂ ਦੇ ਤੁਹਾਡੇ ਨਾਲ ਨਾਲ ਜੁੜੇ ਹਾਂ ਉਦੋ ਦੀ ਕੋਈ ਘਾਟ ਨਹੀਂ।” ਉਹ ਬੋਲਿਆ।
“ਮਹਾਰਾਜ ਤਰੱਕੀਆਂ ਬਖਸ਼ੇ” ਸੰਤ ਨੇ ਉਸਦੇ ਸਿਰ ਤੇ ਹੱਥ ਰੱਖਦਿਆਂ ਕਿਹਾ।
ਹੁਣ ਉਹ ਕਮਰੇ ਵਿੱਚੋਂ ਬਾਹਰ ਆ ਕੇ ਸੋਚ ਰਿਹਾ ਸੀ ਕਿ ਉਸਨੂੰ ਹੁਣ ਆਪਣਾ ਆਖਰੀ ਦਾਅ ਕਦੋਂ ਖੇਡਣਾ ਚਾਹੀਦਾ ਹੈ। ਬਿਲਕੁਲ ਸੰਤ ਵੀ ਖਜਾਨਚੀ ਨਾਲ ਗੱਲ ਕਰ ਰਿਹਾ ਸੀ ਕਿ ਜਦੋਂ ਇਹ ਅਗਲੀ ਵਾਰ ਆਵੇ ਤਾਂ ਮੇਰੇ ਨਾਲ ਜਰੂਰ ਮਿਲਾਉਣਾ। ਆਪਣੇ ਕੀਰਤਨੀਏ ਜੱਥੇ ਨੂੰ ਮੇਰੇ ਕੋਲ ਭੇਜੋ।
ਮਹੀਨੇ – ਦੋ ਮਹੀਨੇ ਬਾਅਦ ਉਹ ਨਵੀਂ ਨੌਂ ਸਵਾਰੀ ਗੱਡੀ ਲੈ ਕੇ ਡੇਰੇ ਤੇ ਚਲਾ ਗਿਆ। ਸੰਤ ਨੂੰ ਚਾਬੀ ਦੀ ਪੇਸ਼ਕਸ਼ ਕਰਦਾ ਹੋਇਆ ਕਹਿੰਦਾ, ” ਦਾਸ ਵੱਲੋਂ ਭੇਟਾ ਸਵੀਕਾਰ ਕਰੋ, ਬਸ ਜਦੋਂ ਦੇ ਤੁਹਾਡੇ ਲੜ ਲੱਗੇ ਹਾਂ ਮੇਰੇ ਤਾਂ ਭਾਗ ਖੁੱਲ ਗਏ”।
ਸੰਤ ਨੇ ਵੀ ਚਾਬੀ ਫੜਦਿਆਂ ਆਖਿਆ, ” ਮਹਾਰਾਜ ਤੁਹਾਨੂੰ ਬਹੁਤਾ ਬਹੁਤਾ ਦੇਵੇ”। ਇਸ ਤੋਂ ਅੱਗੇ ਸੰਤ ਬੋਲਿਆ ਇੱਕ ਕੰਮ ਹੈ, “ਆਪਣੇ ਅੱਠ ਬੱਚੇ ਨੇ ਇੰਗਲੈਂਡ ਭੇਜਣੇ ਨੇ” ਕੀ ਸੇਵਾ ਲਵੋਗੇ?
“ਪਹਿਲਾਂ ਉਨ੍ਹਾਂ ਦੇ ਪਾਸਪੋਰਟ ਪੜ੍ਹਾਈ ਦੇ ਦਸਤਾਵੇਜ਼ ਮੰਗਵਾ ਲਵੋ। ਫਿਰ ਪਤਾ ਲੱਗੇਗਾ ਕਿ ਉਹਨਾ ਦਾ ਕੰਮ ਬਣੇਗਾ ਜਾਂ ਨਹੀਂ। ਰਹੀ ਗੱਲ ਪੈਸਿਆਂ ਦੀ ਤੁਹਾਡਾ ਕੰਮ ਮੈਂ ਬਿਨਾਂ ਪੈਸਿਆਂ ਕਰਾਂਗਾ।”
” ਨਹੀਂ ਭਾਈ ਜੀ, ਇਹ ਗਲਤ ਹੈ। ਤੁਸੀਂ ਇੱਕ ਸ਼ਰਧਾਲੂ ਵਜੋਂ ਡੇਰੇ ਲਈ ਬਹੁਤ ਕੁੱਝ ਕੀਤਾ ਹੈ। ਪਰ ਇਹ ਤੁਹਾਡਾ ਕੰਮ ਹੈ।
ਦਸ ਮਿੰਟ ਵਿਚ ਸੰਤ ਨੇ ਸਭ ਦੇ ਦਸਤਾਵੇਜ਼ ਮੰਗਵਾ ਲਏ।”
ਉਸਨੇ ਐਨਕ ਲਗਾ ਕੇ ਸਾਰੇ ਦਸਤਾਵੇਜ਼ਾਂ ਨੂੰ ਇੱਕ ਘੰਟਾ ਦੇਖਿਆ ਤੇ ਕਿਹਾ, ਸਭ ਦਾ ਕੰਮ ਬਣ ਜਾਵੇਗਾ “।
ਪੈਸੇ ਕਿੰਨੇ ਲੱਗਣਗੇ, ਸੰਤ ਨੇ ਕਿਹਾ
” ਪੈਸੇ ਦੇ ਮਾਮਲੇ ਵਿਚ ਤੁਸੀਂ ਮੇਰੇ ਨਾਲ ਧੱਕਾ ਕਰ ਰਹੇ ਹੋ”। ਉਸਨੇ ਹੱਸਦਿਆਂ ਆਖਿਆ।
32 ਲੱਖ ਰੁਪਏ ਲੱਗ ਜਾਣਗੇ। ਜਿਹੜੇ ਕੋਈ ਉੱਪਰਲੇ ਹਜਾਰਾਂ ਦੇ ਖਰਚੇ ਉਹ ਮੈ ਆਪ ਦੇਵਾਂਗਾ। ਹੁਣ ਮੈਨੂੰ ਇੰਨੀ ਕੁ ਸੇਵਾ ਤਾਂ ਲਾਓ।
ਸੰਤ ਨੇ ਹਾਂ ਕਰ ਦਿੱਤੀ ਤੇ ਪ੍ਰਕਿਰਿਆ ਸ਼ੁਰੂ ਕਰਨ ਲਈ ਕਹਿ ਕੇ ਉਹ ਸਭ ਦੇ ਪਾਸਪੋਰਟ ਤੇ ਦਸਤਾਵੇਜ਼ ਲੈ ਲੈਂਦਾ ਹੈ। ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗਾ।
ਸਾਰੇ ਉਸ ਦੇ ਇਸ ਵਤੀਰੇ ਤੇ ਇਮਾਨਦਾਰੀ ਤੋਂ ਬਹੁਤ ਖੁਸ਼ ਸਨ।
ਸਵਾ-ਡੇਢ ਮਹੀਨੇ ਬਾਅਦ ਉਹ ਡੇਰੇ ਮਠਿਆਈ ਲੈ ਕੇ ਆਇਆ ਤੇ ਸੰਤ ਦਾ ਮੂੰਹ ਮਿੱਠਾ ਕਰਾਉਂਦਿਆਂ ਕਹਿਣ ਲੱਗਿਆ, “ਮੁਬਾਰਕਾਂ ਆਪਣੇ ਸਾਰਿਆ ਮੁੰਡਿਆਂ ਦੇ ਵੀਜੇ ਲੱਗ ਗਏ ਹਨ “। ਮੁੰਡਿਆਂ ਨੂੰ ਬੋਲ ਦਿਓ ਜਲਦੀ ਜਾਣ ਦੀ ਤਿਆਰੀ ਕਰ ਲੈਣ।
ਸੰਤ ਨੇ ਵੀ ਉਸਦਾ ਮੂੰਹ ਮਿੱਠਾ ਕਰਵਾਇਆ ਤੇ ਉਸਨੂੰ ਵਧਾਈ ਦਿੱਤੀ। ਸਭ ਨੂੰ ਬੁਲਾ ਕੇ ਵਧਾਈ ਦਿੱਤੀ ਗਈ। ਤੇ ਦੋ ਤਿੰਨ ਦਿਨਾਂ ਵਿੱਚ ਤਿਆਰੀ ਕਰਕੇ ਜਾਣ ਲਈ ਕਿਹਾ ਗਿਆ।
ਸੰਤ ਨੇ ਪੈਸਿਆਂ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ,” ਆਹ ਸ਼ੁੱਕਰਵਾਰ ਅਸੀਂ ਤੁਹਾਡਾ ਆਸ਼ੀਰਵਾਦ ਲੈ ਕੇ ਦਿੱਲੀ ਨਿਕਲਾਂਗੇ! ਉਸ ਦਿਨ ਮੈਂਨੂੰ ਪੈਸਿਆਂ ਦੀ ਜਰੂਰਤ ਹੈ ਜਿਹੜੇ ਆਪਾਂ ਅੱਗੇ ਦੇਣੇ ਨੇ।”
ਸ਼ੁੱਕਰਵਾਰ ਦਾ ਦਿਨ ਚੜ ਗਿਆ ਸੀ। ਕੀਰਤਨੀ ਜੱਥਾ ਲਿਸ਼ਕਿਆ ਫਿਰਦਾ ਸੀ। ਜਦੋਂ ਸੰਤਾਂ ਤੋਂ ਆਸ਼ੀਰਵਾਦ ਲੈਣ ਲੱਗੇ ਤਾਂ ਉਸਨੇ ਕਿਹਾ, “ਸੰਤ ਜੀ ਸਾਨੂੰ ਡੇਰੇ ਦੀ ਕੋਈ ਗੱਡੀ ਦੇ ਦਿਓ, ਜਿਸਦੇ ਵਿੱਚ ਆਸਾਨੀ ਨਾਲ ਬੈਠ ਕੇ ਜਾ ਸਕੀਏ”।
ਸੰਤ ਨੇ ਗੱਡੀ ਦੀ ਚਾਬੀ ਅੱਗੇ ਕਰਦੇ ਹੋਏ ਕਿਹਾ ਕਿ ਆਹ ਲੈ ਜਾਓ, ਇਹ ਤੁਸੀਂ ਹੀ ਭੇਟ ਕੀਤੀ ਸੀ।
ਉਸਨੇ ਪੈਸਿਆਂ ਦਾ ਬੈਗ ਵੀ ਨਾਲ ਲੈ ਲਿਆ ਸੀ।
ਸ਼ਾਮ ਨੂੰ ਉਹ ਸਾਰੇ ਦਿੱਲੀ ਇੱਕ ਹੋਟਲ ਵਿੱਚ ਠਹਿਰ ਗਏ। ਉਸਨੇ ਕੀਰਤਨੀ ਜਥੇ ਨੂੰ ਕਿਹਾ,” ਤੁਸੀਂ ਆਰਾਮ ਕਰੋ ਮੈਂ ਆਹ ਪੈਸੇ ਦੇ ਕੇ ਤੁਹਾਡੇ ਪਾਸਪੋਰਟ ਤੇ ਟਿਕਟਾਂ ਲੈ ਆਵਾ, ਦਿੱਲੀ ਟ੍ਰੈਫਿਕ ਬਹੁਤ ਜਾਮ ਰਹਿੰਦੀ ਹੈ ਅਗਰ ਮੈਂਨੂੰ ਦੇਰ ਹੋ ਗਈ ਤਾਂ ਖਾਣਾ ਮੰਗਵਾ ਕੇ ਖਾ ਲੈਣਾ।”
ਰਾਤ ਦਾ ਖਾਣਾ ਖਾਣ ਤੋਂ ਬਾਅਦ ਤੇ ਅਗਲੇ ਦਿਨ ਦੇ ਨਾਸ਼ਤੇ ਤੋਂ ਬਾਅਦ ਵੀ ਉਹ ਆਪਣੇ ਪਾਸਪੋਰਟ, ਟਿਕਟਾਂ ਉਡੀਕੀ ਜਾ ਰਹੇ ਸਨ ਤੇ ਡੇਰੇ ਵਿੱਚ ਸੰਤ ਗੱਡੀ ਨੂੰ ਜਿਹੜੀ ਉਸਨੂੰ ਹੁਣ ਆ ਗਈ, ਹੁਣ ਆ ਗਈ ਲੱਗਦੀ ਰਹਿੰਦੀ।
ਨਾਂ ਪਾਸਪੋਰਟ, ਟਿਕਟਾਂ ਆਈਆਂ ਤੇ ਨਾਂ ਗੱਡੀ।
ਸ਼ਰਨਦੀਪ ਸਿੰਘ