ਟੂਣੇ ਮਾਣੇ

by admin

ਸਾਡੇ ਪਿੰਡ ਇੱਕ ਟੂ ਵ੍ਹੀਲਰ ਮਕੈਨਿਕ ਦੀ ਦੁਕਾਨ ਸੀ.. ! ਹੌਲ਼ੀ ਹੌਲ਼ੀ ਦੋਸਤ ਬਣ ਗਏ.. ! ਕੇਰਾਂ ਕਿਸੇ ਦੀ ਲੂਨਾ ਦਾ ਇੰਜਣ ਹੋਣ ਆਲ਼ਾ ਸੀ.. ! ਸਿਆਲ਼ਾਂ ਦੇ ਦਿਨਾਂ ਚ ਅਸੀਂ ਸ਼ਾਮ ਨੂੰ ਲੂਨਾਂ ਦਾ ਸਮਾਨ ਲੈਣ ..ਸਹਿਕਦੀ ਲੂਨਾ ਤੇ ਹੀ ਲੁਧਿਆਣੇ ਨੂੰ ਚਾਲੇ ਪਾਤੇ..! ਡਰ ਪ੍ਰਤੱਖ ਹੋ ਕੇ ਸੱਚ ਹੋ ਨਿਬੜਿਆ.. ! ਦੋਲੋਂ ਕਲਾਂ ਕੋਲ ਪਹੁੰਚਦਿਆਂ ਇਜੰਣ ਸਰੀਰ ਤਿਆਗ ਗਿਆ..! ਨੇਰ੍ਹਾ ਹੋਣ ਨੂੰ ਸੀ ਤੇ ਸਾਧਨ ਕੋਈ ਮਿਲਣਾ ਨੀ ਸੀ..! ਬਾਈ ਮੈਨੂੰ ਉੱਥੇ ਖੜ੍ਹਾ ਕੇ ਇੱਕ ਮਿੰਟ ਦਾ ਆਇਆ ਕਹਿ ਕੇ ..ਕਿਸੇ ਸਕੂਟਰ ਆਲੇ ਨੂੰ ਹੱਥ ਦੇ ਕੇ ਚਲਿਆ ਗਿਆ.. ਤੇ ਅੱਧੇ ਕੁ ਘੰਟੇ ਬਾਅਦ ਇੱਕ ਵੱਡਾ ਲਿਫਾਫਾ ਜਿਹਾ ਲਈ ਆਵੇ.. ! ਮੇਰੇ ਬੋਲਣ ਤੋਂ ਪਹਿਲਾਂ ਹੀ ਆਸਾ ਪਾਸਾ ਦੇਖ ਲਿਫਾਫੇ ਚੋਂ ਦੋ ਮੀਟਰ ਦਾ ਲਾਲ ਕੱਪੜਾ ਲੂਨਾ ਦੇ ਹੈਂਡਲ਼ਾਂ ਤੇ ਪਿਛਲੇ ਮਰਗਾੜ ਨਾਲ਼ ਬੰਨ ਤੇ ਉੱਤੇ ਨਾਰੀਅਲ ਰੱਖਤਾ ..ਤੇ ਆਲ਼ੇ ਦੁਆਲ਼ੇ ਪਾਈਆ ਹਲ਼ਦੀ ਨਾਲ਼ ਗੋਲ਼ ਘਤਾਰਾ ਖਿੱਚਤਾ..ਤੇ ਮੈਨੂੰ ਕਹਿੰਦਾ ਛੇਤੀ ਛੇਤੀ ਪਿੱਛੇ ਤੁਰ ਪੈ..!ਮੈਂ ਤੇ ਬਾਈ ਦੀ ਸ਼ਰਤ ਵੀ ਲਾਗੀ ਕਿ ਜੇ ਸਵੇਰੇ ਲੂਨਾਂ ਗਾਇਬ ਹੋਈ ਤਾਂ ਬਾਈ ਮੈਨੂੰ ਸੌ ਦਾ ਨੋਟ ਪੂਜੂ ..ਨਹੀਂ ਤਾਂ ਮੇਰਾ ਗਿਆ..! ਇੱਕ ਗੱਡੀ ਵਾਲ਼ੇ ਨੂੰ ਹੱਥ ਦਿੱਤਾ ਤੇ ਕਿਵੇਂ ਨਾ ਕਿਵੇਂ ਕਰਕੇ ਪਿੰਡ ਪਹੁੰਚ ਗਏ.. !
ਅਗਲੇ ਦਿਨ ਸੁਵਖ਼ਤੇ ਹੀ ਦੋਧੀਆਂ ਦੇ 407 ਤੇ ਚੜ੍ਹ ਸ਼ਹਿਰ ਜਾ ਵੜ੍ਹੇ .. ਬੋਰੀ ਚ ਲੂਨਾ ਦਾ ਸਮਾਨ ਲੈ ਕੇ ਬੱਸ ਤੇ ਉੱਥੇ ਆ ਉੱਤਰੇ .. ਜਿੱਥੇ ਲੂਨਾਂ ਨੂੰ ਇੱਕਲੌਤੇ ਰਾਤ ਕੱਟਣ ਲਈ ਛੱਡ ਗਏ ਸੀ ..! ਬਾਈ ਨੇ ਜੈ ਕਾਲ਼ੀ ਮਾਤਾ ਰਾਣੀ ਕਹਿ ਨਾਰੀਅਲ ਭੰਨਿਆਂ ਤੇ ਅੱਧੋ ਅੱਧ ਕਰ.. ਕੱਪੜੇ ਦੀ ਤਹਿ ਮਾਰ ਲੀ ਤੇ .. ਹਲ਼ਦੀ ਪੈਰ ਨਾਲ਼ ਖਿੰਡਾ ਤੀ ..! ਮੈਨੂੰ ਸੌ ਦੀ ਸ਼ਰਤ ਹਾਰਨ ਦਾ ਉਨ੍ਹਾਂ ਦੁੱਖ ਨੀ ਹੋਇਆ .. ਜਿੰਨ੍ਹਾਂ ਨਿਆਣੀ ਕਣਕ ਨੂੰ ਮਿੱਧ .. ਕਿਆਰੇ ਚ ਪਾਈਆਂ ਗੱਡੀਆਂ ਦੇ ਟਾਇਰਾਂ ਦੀਆਂ ਲੀਹਾਂ ਤੇ ਲੋਕਾਂ ਦੀ ਡਰੂ ਮਾਨਸਿਕਤਾ ਕਰਕੇ ਹੋਇਆ..!

Sarab Pannu

You may also like