ਆਲ੍ਹਣਾਂ

by admin

ਨਿਮਰਤ ਦੂਜੀ ਕਲਾਸ ਵਿੱਚ ਪੜ੍ਹਦਾ ਸੀ । ਸਕੂਲ ਤੋਂ ਵੱਡੇ ਦਿੱਨਾਂ ਦੀਆ ਛੁੱਟੀਆਂ ਹੋ ਗੲੀਆਂ ਸਨ । ਨਿਮਰਤ ਨੇ ਘਰੇ ਖੇਡਦੇ ਰਹਿਣਾ । ਕਦੇ ਕਦੇ ਆਪਣੇ ਪਾਪੇ ਗੁਰਜੀਤੇ ਨਾਲ ਖੇਤਾਂ ਵਿਚ ਜਾਣ ਦੀ ਜ਼ਿੱਦ ਕਰਨਾ । ਕਹਿਣ ਲੱਗ ਜਾਣਾ ਪਾਪਾ ਮੈਂ ਵੀ ਨਾਲ ਜਾਣਾ । ਇੱਕ ਦਿਨ ਫਿਰ ਗੁਰਜੀਤਾ ਨਿਮਰਤ ਨੂੰ ਨਾਲ ਖੇਤਾਂ ਵਿੱਚ ਲੈ ਗਿਆ । ਗੁਰਜੀਤੇ ਨੇ ਖੇਤ ਜਾ ਕੇ ਥੋੜ੍ਹਾ ਬਹੁਤਾ ਕੰਮ ਕੀਤਾ । ਫਿਰ ਜਿਹੜੀ ਰੋਟੀ ਨਾਲ ਲੈ ਕੇ ਗਏ ਸਨ । ਦੋਨੋਂ ਬੈਠ ਕੇ ਖਾਣ ਲਗ ਪਏ ।
ਜਦ ਨਿਮਰਤ ਅਤੇ ਗੁਰਜੀਤਾ ਰੋਟੀ ਖਾਣ ਲੱਗੇ । ਤਾਂ ਉਹਨਾਂ ਕੋਲ ਆ ਕੇ ਜਾਨਵਰ ਬੈਠ ਗਏ । ਨਿਮਰਤ ਅਤੇ ਗੁਰਜੀਤੇ ਨੇ ਕੁਝ ਰੋਟੀ ਖਾ ਲਈ । ਕੁਝ ਰੋਟੀ ਗੁਰਜੀਤੇ ਨੇ ਕੋਲ ਬੈਠੇ ਜਾਨਵਰਾਂ ਨੂੰ ਪਾ ਦਿੱਤੀ ।
ਇਹ ਦੇਖ ਕੇ ਨਿਮਰਤ ਨੇ ਕਿਹਾ , “ਇਹ ਪਾਪਾ ਆਪਦਾ ਚੋਗਾ ਆਪ ਨਹੀਂ ਚੁਗਦੇ ?”
ਗੁਰਜੀਤੇ ਨੇ ਕਿਹਾ , ” ਨਹੀਂ ਬੇਟਾ ! ਇਹ ਜਾਨਵਰ ਬਹੁਤ ਸਿਆਣੇ ਹੁੰਦੇ ਹਨ । ਅੱਜ ਤੋਂ ਕੁਝ ਸਮਾਂ ਪਹਿਲਾਂ ਇਹ ਆਪਣਾ ਚੋਗਾ ਆਪ ਹੀ ਚੁਗ ਲੈਂਦੇ ਸੀ । ਹੁਣ ਅਸੀਂ ਇਹਨਾਂ ਦੇ ਚੋਗਾ ਚੁਗਣ ਵਾਲਾ ਸਾਰਾ ਚੋਗਾ ਕੀੜੇ ਮਾਰ ਦਵਾਈਆਂ ਛਿੜਕ ਛਿੜਕ ਕੇ ਜ਼ਹਿਰੀਲਾ ਕਰ ਦਿੱਤਾ ਹੈ । ਫਿਰ ਇਹ ਆਪਣੀ ਮਰਜ਼ੀ ਨਾਲ ਚੋਗਾ ਚੁਗ ਕੇ ਮਰਨ ਲਗ ਗਏ ਸੀ । ਫਿਰ ਇਨ੍ਹਾਂ ਨੇ ਚੋਗਾ ਚੁਗਣਾ ਬੰਦ ਕਰ ਦਿੱਤਾ ।
ਹੁਣ ਇਹ ਉਹੀ ਖਾਂਦੇ ਹਨ । ਜੋ ਅਸੀਂ ਖਾਂਦੇ ਹਾਂ ।” ਨਿਮਰਤ ਨੇ ਫਿਰ ਕਿਹਾ , ” ਪਾਪਾ ਇਹ ਰਾਤ ਨੂੰ ਕਿੱਥੇ ਰਹਿੰਦੇ ਹਨ ? ” ਗੁਰਜੀਤੇ ਨੇ ਕਿਹਾ , ” ਪੁੱਤ ਇਹ ਅਜ਼ਾਦ ਪੰਛੀ ਹਨ । ਪਹਿਲਾਂ ਤਾਂ ਇਹ ਦਰੱਖਤਾਂ ਤੇ ਆਲ੍ਹਣੇ ਬਣਾ ਕੇ ਰਹਿੰਦੇ ਸਨ । ਹੁਣ ਦਰੱਖਤ ਤਾਂ ਅਸੀਂ ਸਾਰੇ ਪੱਟ ਦਿੱਤੇ ਹਨ ।
ਹੁਣ ਅਸੀਂ ਇਹਨਾਂ ਨੂੰ ਘਰਾਂ ਵਿੱਚ ਆਲ੍ਹਣੇ ਬਣਾ ਕੇ ਦਿੱਤੇ ਹਨ ।
ਜਦ ਘਰੇ ਚਲੇ ਗਏ ਤਾਂ ਨਿਮਰਤ ਨੇ ਆਲ੍ਹਣਾਂ ਦਿਖਾਉਣ ਲਈ ਕਿਹਾ । ਤਾਂ ਗੁਰਜੀਤਾ, ਬੇਟੇ ਨੂੰ ਡੰਗਰਾਂ ਦੇ ਨਾਲ ਵਾਲੇ ਪੁਰਾਣੇ ਜਿਹੇ ਕਮਰੇ ਵਿਚ ਲੈ ਗਿਆ । ਉਥੇ ਛੱਤ ਕੋਲ ਖੂੰਜੇ ਤੇ ਟੰਗਿਆ ਆਲ੍ਹਣਾਂ ਵਿਖਾ ਦਿੱਤਾ । ਨਿਮਰਤ ਨੇ ਫਿਰ ਕਿਹਾ , ” ਪਾਪਾ ! ਆਹ ਆਲ੍ਹਣੇਂ ਥੱਲੇ ਖਾਲੀ ਮੰਜੇ ਤੇ ਇਕ ਬਾਬਾ ਬੈਠਾ ਹੁੰਦਾ ਸੀ ।
ਹੁਣ ਕਦੇ ਦੇਖਿਆ ਨਹੀਂ ।
ਕਿੱਧਰ ਚਲਿਆ ਗਿਆ ? ”
ਗੁਰਜੀਤੇ ਨੇ ਕਿਹਾ , ” ਉਹ ਮੇਰਾ ਪਾਪਾ ਸੀ । ਉਸ ਨੂੰ ਉਸ ਦੇ ਆਲ੍ਹਣੇਂ ਛੱਡ ਆਂਦਾ । ਪਾਪਾ! ਉਸ ਦਾ ਆਲਣਾਂ ਕਿਥੇ ਹੈ ? ਗੁਰਜੀਤੇ ਨੇ ਕਿਹਾ, “ਬਿਰਧ ਆਸ਼ਰਮ।”
ਫਿਰ ਗੁਰਜੀਤੇ ਨੇ ਟਾਲਾ ਲਾ ਕੇ ਨਿਮਰਤ ਨੂੰ ਬਾਹਰ ਗਲੀ ਵਿਚ ਖੇਡਣ ਲਈ ਭੇਜ ਦਿੱਤਾ । ਅਤੇ ਆਪ ਸੋਚਣ ਲਗ ਪਿਆ । ਆਹ ਚਾਰ ਸਵਾਲਾਂ ਦੇ ਜਵਾਬ ਤਾਂ
ਮੈਨੂੰ ਆਏ ਨਹੀਂ । ਆਉਣ ਵਾਲੀਆਂ ਨਸਲਾਂ ਨੂੰ ਕੀ ਜਵਾਬ ਦੇ ਕੇ ਛੁਟਾਂਗੇ ।

ਸੁਖਵਿੰਦਰ ਸਿੰਘ ਗਿੱਲ
ਮੁੱਲਾਂਪੁਰ (ਲੁਧਿਆਣਾ )

You may also like