ਅਵਲ ਅਲਹ ਨੂਰ ਉਪਾਇਆ।

by admin

“ਹੋਰ ਬਈ ਧਰਮਿਆਂ ਕੀ ਹਾਲ ਐ?”
ਖੇਤਾਂ ਵੱਲ੍ਹੋਂ ਆਉਂਦੇ ਹੋਏ ਕਾਂਤੇ ਨੇ ਡੰਗਰਾਂ ਵਾਲ਼ੇ ਵਾੜੇ ‘ਚ ਕੰਮ ਕਰਦੇ ਧਰਮੇ ਨੂੰ ਦੂਰੋਂ ਹੱਥ ਖੜ੍ਹਾ ਕਰਦੇ ਹੋਏ ਹਾਲ-ਚਾਲ ਪੁੱਛਿਆ ਤੇ ਉਹਦੇ ਕੋਲ਼ ਕੁੱਝ ਚਿਰ ਦੁੱਖ-ਸੁੱਖ ਫਰੋਲਣ ਲਈ ਰੁੱਕ ਗਿਆ।

“ਵਧੀਆ ਭਈ ਤੂੰ ਸਣਾ,ਨਬੇੜ ਆਇਐਂ ਖੇਤਾਂ ਦਾ” ਧਰਮੇ ਨੇ ਜੁਆਬ ਦਿੱਤਾ ਤੇ ਪੱਠਿਆਂ ਵਾਲ਼ੀ ਪੱਲੀ ਕੀਲੇ ਤੇ ਟੰਗ ਕੇ ਕਾਂਤੇ ਕੋਲ ਆ ਕੇ ਖੜ੍ਹ ਗਿਆ।

“ਖੇਤਾਂ ਦੇ ਕੰਮ ਦਾ ਤਾਂ ਬਾਈ ਸਾਹਾਂ ਨਾਲ਼ ਹੀ ਨਿਪਟਾਰਾ ਹੋਊਗਾ” ਕਾਂਤੇ ਥੋੜ੍ਹਾ ਹੱਸਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ।

ਅਸਲ ‘ਚ ਕਾਂਤਾ ਗਰੀਬ ਜੱਟ ਸਿੱਖ ਜਿੰਮੀਦਾਰ ਸੀ । ਜਿਸਦੀ ਉਮਰ ਕਰੀਬ ਚਾਲੀਆਂ ਸਾਲਾਂ ਦੀ ਸੀ । ਉਹ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਉਸ ਨੂੰ ਆਪਣੇ ਉੱਚੀ ਜਾਤੀ ਦਾ ਹੋਣ ਤੇ ਮਾਣ ਸੀ ।
ਇਸਦੇ ਉਲਟ ਧਰਮਾ ਹਰੀਜਨ ਬਰਾਦਰੀ ਵਿੱਚੋਂ ਸੀ ਜਿਸਨੂੰ ਸਾਡੇ ਸਮਾਜ ਵਿੱਚ ਨੀਵਾਂ ਦਰਜਾ ਹਾਸਲ ਹੈ। ਘਰੋਂ ਗਰੀਬ ਹੋਣ ਕਰਕੇ ਉਹ ਦਿਹਾੜੀ-ਜੋਤਾ ਕਰਕੇ ਆਪਣਾ ਚੱਲ੍ਹਾ ਬਲ਼ਦਾ ਰੱਖਦਾ ਸੀ। ਧਰਮਾ ਬਚਪਨ ਤੋਂ ਹੀ ਊਚ-ਨੀਚ ਦੇ ਗੇੜ ਵਿੱਚ ਐਸਾ ਗੇੜਿਆ ਗਿਆ ਕਿ ਜੇਕਰ ਉਸਦੇ ਸਾਹਮਣੇ ਕੋਈ ਵੀ ਉੱਚੀ ਨੀਵੀਂ ਜਾਤੀ ਦੀ ਗੱਲ ਕਰਦਾ ਤਾਂ ਉਸਦਾ ਖੂਨ ਉਬਾਲ਼ੇ ਮਾਰਨ ਲੱਗ ਜਾਂਦਾ।
ਅੰਨਪੜ੍ਹ ਹੋਣ ਕਰਕੇ ਉਸਨੂੰ ਤਰਕਾਂ ਦੀ ਘਾਟ ਮਹਿਸੂਸ ਹੁੰਦੀ ਜਿਸ ਕਰਕੇ ਉਹ ਕਿਸੇ ਨਾਲ਼ ਵੀ(ਖਾਸ ਕਰਕੇ ਉੱਚੀ ਜਾਤੀ ਦੇ ਲੋਕਾਂ ਨਾਲ਼) ਧਰਮ ਜਾਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਬਹਿਸ ਕਰਨ ਤੋਂ ਪਾਸਾ ਹੀ ਵੱਟਦਾ ਸੀ ।
ਪਰ ਉਸ ਦਿਨ ਅਜਿਹਾ ਨਾਂ ਹੋਇਆ। ਕਾਂਤਾ ਤੇ ਧਰਮਾ ਗੱਲਾਂ ਕਰਦੇ ਕਰਦੇ ਗੱਲ ਦੀ ਕੰਨੀ ਫੜ ਕੇ ਕਿਸੇ ਹੋਰ ਈ ਪਾਸੇ ਲੈ ਗਏ । ਉਦੋਂ ਕਾਂਤੇ ਨੇ ਧਰਮੇ ਦੇ ਨੀਵੀਂ ਜਾਤੀ ਦੇ ਹੋਣ ਤੇ ਕੋਈ ਟਿੱਪਣੀ ਕਰ ਦਿੱਤੀ ਜਿਸ ਉੱਪਰ ਧਰਮੇ ਨੇ ਬਹੁਤ ਗਰਮ ਲਹਿਜ਼ੇ ਵਿੱਚ ਆ ਕੇ ਉਸਨੂੰ ਕਿਹਾ “ਤੂੰ ਆਪਣੀ ਮੋਹਰ ਦਖਾ ਜਿਹੜੀ ਉੱਪਰੋਂ ਲਵਾ ਕੇ ਲਿਆਇਐਂ ਜਿਹੜੀ ਇਹ ਨਿਸ਼ਚਾ ਕਰੇ ਕਿ ਤੂੰ ਉੱਚ ਜਾਤੀ ਦਾ ਏਂ ਤੇ ਮੈਂ ਨੀਵਾਂ”।
ਧਰਮੇ ਦੀ ਇਸ ਗੱਲ ਦਾ ਕਾਂਤੇ ਕੋਲ਼ ਕੋਈ ਜੁਆਬ ਨਹੀਂ ਸੀ। ਉਸਨੇ ਧਰਮੇ ਕੋਲ਼ੋਂ ਕਿਨਾਰਾ ਕਰਨਾ ਹੀ ਚੰਗਾ ਸਮਝਿਆ।

ਧਰਮੇ ਨੇ ਭਾਵੇਂ ਹੀ ਕਾਂਤੇ ਨੂੰ ਅੱਜ ਦਲੀਲਬਾਜੀ’ਚ ਚਿੱਤ ਕਰਕੇ ਤੋਰਿਆ ਸੀ ਪਰ ਉਸਦੇ ਦਿਲ ਦਾ ਗੁਬਾਰ ਹਾਲੇ ਨਿੱਕਲ਼ਿਆ ਨਹੀਂ ਸੀ ਕਿ ਕਾਂਤਾ ਘਰ ਵੱਲ੍ਹ ਨੂੰ ਤੁਰ ਪਿਆ।

“ਸਭ ਤੋਂ ਵੱਧ ਸ਼ਹੀਦੀਆਂ ਸਾਡੀ ਬਰਾਦਰੀ ਦੇ ਲੋਕਾਂ ਦੀਆਂ ਨੇ,ਨਾਲ਼ੇ ਥੋਡੇ ਵਾਂਗ ਫਾਹੇ ਲੈ ਲੈ ਕੇ ਨੀਂ ਮਰਦੇ ਅਸੀਂ,ਥੋਡੇ ਜੱਟਾਂ ਕੋਲ਼ ਤਾਂ ਗੱਲਾਂ ਈ ਦੋ ਨੇਂ ਜਾਂ ਦਵਾਈ ਪੀ ਕੇ ਮਰਜੋ ਜਾਂ ਫਾਹਾ ਲੈਕੇ” ਤੁਰੇ ਜਾਂਦੇ ਕਾਂਤੇ ਨੂੰ ਧਰਮੇ ਨੇ ਬਹੁਤ ਉੱਚੀ ਅਵਾਜ਼ ਵਿੱਚ ਕਿਹਾ ਤੇ ਆਪਣੇ ਆਪ ਨੂੰ ਨੀਵਾਂ ਦੱਸ ਕੇ ਮਾਣ ਮਹਿਸੂਸ ਕਰਨ ਲੱਗਾ।।

ਧਰਮੇ ਦੀਆਂ ਗੱਲਾਂ ਕਾਂਤੇ ਦੇ ਮਨ ਉੱਪਰ ਬਿਜਲੀ ਵਾਂਗ ਆ ਡਿੱਗੀਆਂ ਜੀਹਨਾਂ ਦਾ ਉਸਦੇ ਮਨ ਉੱਤੇ ਡੂੰਘਾਂ ਅਸਰ ਹੋਇਆ। ਉਸਨੂੰ ਧਰਮੇ ਦੀਆਂ ਗੱਲਾਂ ਵਿੱਚ ਸੱਚਾਈ ਜਾਪਦੀ ਸੀ। ਉਹ ਸੋਚਣ ਲੱਗਾ ਕਿ “ਧਰਮੇ ਨੇ ਕਿਹਾ ਤਾਂ ਸੱਚ ਹੀ ਐ,ਇਹ ਸਭ ਢੋਂਗ ਨੇ ਊਚ ਨੀਚ ਕੁੱਝ ਨੀਂ ਹੁੰਦੀ, ਇਹ ਸਭ ਆਪਾਂ ਨੇ ਹੀ ਬਣਾਏ ਨੇ ਫੋਕਾ ਮਾਣ ਕਰਨ ਦਾ ਕੀ ਫਾਈਦਾ ਜਦ ਆਪਾਂ ਨੂੰ ਆਪਣੇ ਹਾਲਾਤਾਂ ਬਾਰੇ ਪਤਾ ਈ ਐ” ਇਹ ਸਭ ਸੋਚਦਾ ਸੋਚਦਾ ਉਹ ਘਰਨੂੰ ਪਰਤ ਰਿਹਾ ਸੀ ਤੇ ਆਪਣੇ ਵਤੀਰੇ ਤੇ ਸ਼ਰਮਿੰਦਾ ਹੋ ਰਿਹਾ ਸੀ।

ਧਰਮੇਂ ਦੇ ਉੱਚੇ ਬੋਲ ਜੋ ਉਸਨੇ ਕਾਂਤੇ ਨੂੰ ਕਹੇ ਗੁਰਦਿਆਲ ਨੇ ਸੁਣੇ ।
ਗੁਰਦਿਆਲ ਪੜ੍ਹਿਆ ਲਿਖਿਆ ੧੯ ਸਾਲਾਂ ਦਾ ਨੌਜਵਾਨ ਸੀ। ਉਹ ਆਪਣੇ ਆਪ ਨੂੰ ਨਾਂ ਤਾਂ ਕਿਸੇ ਧਰਮ ਨਾਲ਼ ਤੇ ਨਾਂ ਹੀ ਕਿਸੇ ਜਾਤੀ ਨਾਲ਼ ਜੋੜਦਾ ਸਗੋਂ ਇਹ ਸਭ ਗੱਲਾਂ ਕਰਨ ਵਾਲ਼ਿਆਂ ਨੂੰ ਮੂਰਖ ਦੱਸਦਾ ਸੀ।
“ ਕੀ ਗੱਲ ਹੋ ਗਈ ਚਾਚਾ,ਕਿਉਂ ਇੰਨੇ ਕੌੜੇ ਬੋਲ ਬੋਲੀ ਜਾਨੈਂ? ਬੁੱਧੀ ਤਾਂ ਨੀਂ ਫਿਰਗੀ ਤੇਰੀ?” ਗੁਰਦਿਆਲ ਨੇ ਕਸੀਸ ਵੱਟ ਕੇ ਧਰਮੇ ਨੂੰ ਪੁੱਛਿਆ।

“ਕੀ ਦੱਸਾਂ ਤੈਨੂੰ ਦਿਆਲਿਆ, ਆਹ ਜਾਤਾਂ ਦਾ ਰੌਲ਼ਾ ਈ ਨੀਂ ਮੁੱਕਦਾ। ਕਾਂਤੇ ਨੂੰ ਅੱਜ ਖਰੀਆਂ ਖਰੀਆਂ ਸੁਣਾਈਆਂ ਨੇ ਹੁਣ ਲੋਟ ਆ ਜੂ ਅੱਜ ਤੋਂ ਬਾਅਦ ਨੀਂ ਊਚਾ ਨੀਵਾਂ ਕਰਦਾ “ ਧਰਮੇ ਨੇ ਆਪਣੀਆਂ ਦਲੀਲਾਂ ਤੇ ਮਾਣ ਪ੍ਰਗਟਾਉਂਦਿਆਂ ਕਿਹਾ।

“ਚਾਚਾ ਜਾਤਾਂ ਦਾ ਰੌਲ਼ਾ ਉੱਚਿਆਂ ਨੇ ਘੱਟ ਤੇ ਤੇਰੇ ਵਰਗੇ ਮੰਦਬੁੱਧੀ ਲੋਕਾਂ ਨੇ ਵੱਧ ਪਾਇਆ ਵੈ” ਗੁਰਦਿਆਲ ਨੇ ਥੋੜ੍ਹਾ ਹੱਸ ਕੇ ਤੇ ਨਿਰਾਂਸ਼ਾ ਜ਼ਾਹਿਰ ਕਰਦਿਆਂ ਕਿਹਾ।
ਧਰਮੇ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਅੰਦਰੋ ਅੰਦਰੀ ਪੀ ਗਿਆ ਤੇ ਉਸਨੇ ਪੁੱਛਿਆ “ਉਹ ਕਿਉਂ ਦਿਆਲੇ?”।

“ਤੇਰੇ ਤਾਂ ਆਪਦੇ ਮਨ ਵਿੱਚ ਹੀ ਤੂੰ ਨੀਵਾਂ ਏ, ਜੇਕਰ ਤੂੰ ਜਾਤ ਪਾਤ ਤੋਂ ਦੁੱਖੀ ਹੁੰਦਾ ਤਾਂ ਕਾਂਤੇ ਤਾਏ ਨੂੰ ਆਏਂ ਨਾ ਕਹਿੰਦਾ ਵੀ ਸਾਡੀ ਬਰਾਦਰੀ ‘ਚ ਸ਼ਹੀਦੀਆਂ ਵੱਧ ਨੇ ਤੇ ਤੁਸੀਂ ਜੱਟ ਤਾਂ ਫਾਹੇ ਲੈ ਲੈ ਮਰੀ ਜਾਨੇ ਓਂ । ਤੂੰ ਤਾਂ ਆਪ ਹੀ ਆਪਣੇ ਆਪ ਨੂੰ ਕਾਂਤੇ ਤਾਏ ਹੁਰਾਂ ਤੋਂ ਅਲੱਗ ਦੱਸੀ ਜਾਨੈੰ ਪਰ ਜੇ ਉਹ ਤੈਨੂੰ ਅਲੱਗ ਕਹਿੰਦੈ ਤਾਂ ਤੈਨੂੰ ਗੱਸਾ ਲੱਗਦੈ। ਜਦ ਤੱਕ ਤੂੰ ਖੁਦ ਨੂੰ ਉਹਨਾਂ ਤੋਂ ਅਲੱਗ ਸਮਝਣਾ ਬੰਦ ਨਹੀਂ ਕਰਦਾ ਉਦੋਂ ਤੱਕ ਉਹ ਤੈਨੂੰ ਅਲੱਗ ਸਮਝਣਾ ਬੰਦ ਕਿਵੇ ਕਰਨਗੇ?
ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲ ਆਪਣੀ ਸੋਚ ਨੂੰ ਬਦਲ ਫੇਰ ਕਿਤੇ ਜਾ ਕੇ ਕਿਸੇ ਦੂਸਰੇ ਦੀ ਸੋਚ ਨੂੰ ਬਦਲਣ ਬਾਰੇ ਸੋਚੀਂ “
ਇਹ ਕਹਿ ਕੇ ਗੁਰਦਿਆਲ ਜਿਹੜਾ ਗੂਰੂਘਰ ਜਾ ਰਿਹਾ ਸੀ ਉਸਨੇ ਆਪਣਾ ਰਾਹ ਮੁੜ ਫੜ ਲਿਆ ਤੇ ਗੁਰੂਘਰ ਵੱਲ੍ਹ ਨੂੰ ਤੁਰ ਪਿਆ।

ਧਰਮੇ ਦੇ ਦਿਲ ਤੇ ਦਿਮਾਗ ਵਿੱਚ ਦਿਆਲੇ ਦੀ ਇੱਕ-ਇੱਕ ਗੱਲ ਘਰ ਕਰ ਗਈ ਤੇ ਉਹ ਆਪਣੀਆਂ ਕਹੀਆਂ ਗੱਲਾਂ ਤੇ ਸ਼ਰਮਿੰਦਾ ਹੋਇਆ। ਉਹ ਕਾਂਤੇ ਦੇ ਘਰ ਗਿਆ ਉਦੋਂ ਕਾਂਤੇ ਦੀ ਬੇਟੀ ਤੇ ਉਸਦੀ ਘਰਦੀ ਕਾਂਤੇ ਦੇ ਨਾਲ਼ ਹੀ ਵਿਹੜੇ ‘ਚ ਬੈਠੀਆਂ ਸਨ । ਉਹਨਾਂ ਦੇ ਸਾਹਮਣੇ ਧਰਮੇ ਨੇ ਕਾਂਤੇ ਤੋਂ ਮਾਫੀ ਮੰਗੀ । ਕਾਂਤੇ ਨੂੰ ਵੀ ਆਪਣੇ ਵਰਤਾਓ ਉੱਤੇ ਉਸੇ ਵੇਲ਼ੇ ਤੋਂ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਉਸ ਨੇ ਵੀ ਧਰਮੇ ਤੋਂ ਮਾਫੀ ਮੰਗੀ ਤੇ ਦੋਹਾਂ ਨੇ ਜੱਫੀ ਪਾ ਕੇ ਪਿਆਰ ਤੇ ਸਾਂਝੀਵਾਲਤਾ ਦਾ ਪ੍ਰਗਟਾਵਾ ਕੀਤਾ।

“ ਅਵਲ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।”

ਗੁਰਬਾਣੀ ਦੀਆਂ ਇਹ ਤੁਕਾਂ ਉਚਾਰਦੇ ਹੋਏ ਦੋਵਾਂ ਨੇ ਗੁਰੂਘਰ ਵੱਲ੍ਹ ਰੁੱਖ ਕੀਤਾ ਤੇ ਆਪਣੀਆਂ ਭੁੱਲਾਂ ਦੀ ਖਿਮਾਂ ਬਖਸ਼ਾਉਣ ਲਈ ਮਹਾਰਾਜ ਦੇ ਚਰਨਾਂ ‘ਚ ਜਾ ਬੈਠੇ।।

ਦਮਨਪ੍ਰੀਤ ਸਿੰਘ

You may also like