ਠੱਗੀ 

by admin

” ਗੱਲ ਉਦੋਂ ਦੀ ਹੈ ਜਦੋਂ ਮੋਬਾਈਲ ਫੋਨ ਨਹੀਂ ਸੀ ਹੁੰਦੇ।”

ਹੁਣ ਉਹ ਇੱਕ ਡੇਰੇ ਤੇ ਜਾਣ ਲੱਗ ਪਿਆ ਸੀ। ਡੇਰੇ ਦੇ ਮੁਖੀ ਨਾਲ ਆਪਣੀ ਜਾਣ-ਪਹਿਚਾਣ ਵਧਾਉਣ ਲਈ ਉਹ ਇੱਕ ਡੇਰੇ ਦੇ ਸੇਵਦਾਰ ਨੂੰ ਮਿਲਿਆ ਤੇ ਆਖਿਆ, “ਵੈਸੇ ਤਾਂ ਮੈਨੂੰ ਵੀ ਪਤਾ ਆਪਣੇ ਡੇਰੇ ਪੈਸਿਆਂ ਦਾ ਚੜਾਵਾ ਨਹੀਂ ਚੜਦਾ, ਪਰ ਜੇ ਸ਼ਰਧਾ ਭਾਵਨਾ ਨਾਲ ਕੁਝ ਪੈਸੇ ਦੇਣੇ ਹੋਣ ਤਾਂ ਕਿਸਨੂੰ ਮਿਲੀਏ?”
“ਆ ਜਾਓ ਤੁਹਾਨੂੰ ਕੈਸ਼ੀਅਰ ਸਾਬ ਮਿਲਾ ਦਿੰਦਾ ਹਾਂ”! ਸੇਵਾਦਾਰ ਨੇ ਕਿਹਾ।
11000 ਦੀ ਪਰਚੀ ਕੱਟਦੇ ਖਜਾਨਚੀ ਉਸਨੂੰ ਪੈਰਾਂ ਤੋਂ ਮੂੰਹ ਤੱਕ ਦੇਖ ਰਿਹਾ ਸੀ।ਧੰਨਵਾਦ ਤੋਂ ਇਲਾਵਾ ਖਜਾਨਚੀ ਹੋਰ ਕੁੱਝ ਨਾ ਬੋਲਿਆ।
ਤਿੰਨ – ਚਾਰ ਹਫਤਿਆਂ ਬਾਅਦ ਹੁਣ ਉਹ ਸਿੱਧੇ ਹੀ ਖਜਾਨਚੀ ਨੂੰ ਮਿਲ ਪਿਆ ਤੇ 21000 ਦੀ ਪਰਚੀ ਕਟਵਾ ਲਈ। ਖਜਾਨਚੀ ਉਸ ਦਿਨ ਵੀ ਧੰਨਵਾਦ ਤੋਂ ਇਲਾਵਾ ਕੁਝ ਨਾ ਬੋਲਿਆ।ਉਸ ਤੋਂ ਫਿਰ ਤਿੰਨ-ਚਾਰ ਹਫਤੇ ਬਾਅਦ 51000 ਦੀ ਪਰਚੀ ਕੱਟਦੇ ਖਜਾਨਚੀ ਵੀ ਕੰਬ ਰਿਹਾ ਸੀ। ਅਚਾਨਕ ਉਹ ਬੋਲਿਆਂ, “ਕੀ ਮੈਂ ਸੰਤ ਜੀ ਦੇ ਦਰਸ਼ਨ ਕਰ ਸਕਦਾ” ?

“ਹਾਂਜੀ! ਜਰੂਰ” , ਕੰਬਦਾ ਹੋਇਆ ਖਜਾਨਚੀ ਬੋਲਿਆ।

ਕਮਰੇ ਵਿਚ ਜਾ ਕੇ ਉਸਨੇ ਸੰਤ ਦੇ ਪੈਰ ਛੂਹੇ ਮੱਥਾ ਟੇਕਿਆ। ਇਸ ਤੋਂ ਪਹਿਲਾਂ ਸੰਤ ਤੇ ਉਹ ਆਪਸ ਵਿੱਚ ਕੋਈ ਗੱਲ ਕਰਦੇ ਖਜਾਨਚੀ ਨੇ ਉਸਦੇ ਵੱਡੇ ਦਿਲ ਦੀਆਂ ਸਿਫਤਾਂ ਦੈ ਪੁੱਲ ਬੰਨ ਦਿੱਤੇ।

“ਭਾਈ ਕੀ ਕੰਮ ਕਾਰ ਹੈ ਆਪਣਾ”? ਸੰਤ ਨੇ ਆਖਿਆ।
” ਕੁਝ ਖਾਸ ਨਹੀਂ ਜੀ, ਇੰਮੀਗਰੇਸ਼ਨ ਦਾ ਕੰਮ ਹੈ! ਬੰਦੇ ਬਾਹਰਲੇ
ਮੁਲਕਾਂ ਵਿਚ ਭੇਜੀ ਦੇ ਨੇ, ਜਦੋਂ ਦੇ ਤੁਹਾਡੇ ਨਾਲ ਨਾਲ ਜੁੜੇ ਹਾਂ ਉਦੋ ਦੀ ਕੋਈ ਘਾਟ ਨਹੀਂ।” ਉਹ ਬੋਲਿਆ।
“ਮਹਾਰਾਜ ਤਰੱਕੀਆਂ ਬਖਸ਼ੇ” ਸੰਤ ਨੇ ਉਸਦੇ ਸਿਰ ਤੇ ਹੱਥ ਰੱਖਦਿਆਂ ਕਿਹਾ।

ਹੁਣ ਉਹ ਕਮਰੇ ਵਿੱਚੋਂ ਬਾਹਰ ਆ ਕੇ ਸੋਚ ਰਿਹਾ ਸੀ ਕਿ ਉਸਨੂੰ ਹੁਣ ਆਪਣਾ ਆਖਰੀ ਦਾਅ ਕਦੋਂ ਖੇਡਣਾ ਚਾਹੀਦਾ ਹੈ। ਬਿਲਕੁਲ ਸੰਤ ਵੀ ਖਜਾਨਚੀ ਨਾਲ ਗੱਲ ਕਰ ਰਿਹਾ ਸੀ ਕਿ ਜਦੋਂ ਇਹ ਅਗਲੀ ਵਾਰ ਆਵੇ ਤਾਂ ਮੇਰੇ ਨਾਲ ਜਰੂਰ ਮਿਲਾਉਣਾ। ਆਪਣੇ ਕੀਰਤਨੀਏ ਜੱਥੇ ਨੂੰ ਮੇਰੇ ਕੋਲ ਭੇਜੋ।

ਮਹੀਨੇ – ਦੋ ਮਹੀਨੇ ਬਾਅਦ ਉਹ ਨਵੀਂ ਨੌਂ ਸਵਾਰੀ ਗੱਡੀ ਲੈ ਕੇ ਡੇਰੇ ਤੇ ਚਲਾ ਗਿਆ। ਸੰਤ ਨੂੰ ਚਾਬੀ ਦੀ ਪੇਸ਼ਕਸ਼ ਕਰਦਾ ਹੋਇਆ ਕਹਿੰਦਾ, ” ਦਾਸ ਵੱਲੋਂ ਭੇਟਾ ਸਵੀਕਾਰ ਕਰੋ, ਬਸ ਜਦੋਂ ਦੇ ਤੁਹਾਡੇ ਲੜ ਲੱਗੇ ਹਾਂ ਮੇਰੇ ਤਾਂ ਭਾਗ ਖੁੱਲ ਗਏ”।
ਸੰਤ ਨੇ ਵੀ ਚਾਬੀ ਫੜਦਿਆਂ ਆਖਿਆ, ” ਮਹਾਰਾਜ ਤੁਹਾਨੂੰ ਬਹੁਤਾ ਬਹੁਤਾ ਦੇਵੇ”। ਇਸ ਤੋਂ ਅੱਗੇ ਸੰਤ ਬੋਲਿਆ ਇੱਕ ਕੰਮ ਹੈ, “ਆਪਣੇ ਅੱਠ ਬੱਚੇ ਨੇ ਇੰਗਲੈਂਡ ਭੇਜਣੇ ਨੇ” ਕੀ ਸੇਵਾ ਲਵੋਗੇ?

“ਪਹਿਲਾਂ ਉਨ੍ਹਾਂ ਦੇ ਪਾਸਪੋਰਟ ਪੜ੍ਹਾਈ ਦੇ ਦਸਤਾਵੇਜ਼ ਮੰਗਵਾ ਲਵੋ। ਫਿਰ ਪਤਾ ਲੱਗੇਗਾ ਕਿ ਉਹਨਾ ਦਾ ਕੰਮ ਬਣੇਗਾ ਜਾਂ ਨਹੀਂ। ਰਹੀ ਗੱਲ ਪੈਸਿਆਂ ਦੀ ਤੁਹਾਡਾ ਕੰਮ ਮੈਂ ਬਿਨਾਂ ਪੈਸਿਆਂ ਕਰਾਂਗਾ।”

” ਨਹੀਂ ਭਾਈ ਜੀ, ਇਹ ਗਲਤ ਹੈ। ਤੁਸੀਂ ਇੱਕ ਸ਼ਰਧਾਲੂ ਵਜੋਂ ਡੇਰੇ ਲਈ ਬਹੁਤ ਕੁੱਝ ਕੀਤਾ ਹੈ। ਪਰ ਇਹ ਤੁਹਾਡਾ ਕੰਮ ਹੈ।
ਦਸ ਮਿੰਟ ਵਿਚ ਸੰਤ ਨੇ ਸਭ ਦੇ ਦਸਤਾਵੇਜ਼ ਮੰਗਵਾ ਲਏ।”

ਉਸਨੇ ਐਨਕ ਲਗਾ ਕੇ ਸਾਰੇ ਦਸਤਾਵੇਜ਼ਾਂ ਨੂੰ ਇੱਕ ਘੰਟਾ ਦੇਖਿਆ ਤੇ ਕਿਹਾ, ਸਭ ਦਾ ਕੰਮ ਬਣ ਜਾਵੇਗਾ “।
ਪੈਸੇ ਕਿੰਨੇ ਲੱਗਣਗੇ, ਸੰਤ ਨੇ ਕਿਹਾ
” ਪੈਸੇ ਦੇ ਮਾਮਲੇ ਵਿਚ ਤੁਸੀਂ ਮੇਰੇ ਨਾਲ ਧੱਕਾ ਕਰ ਰਹੇ ਹੋ”। ਉਸਨੇ ਹੱਸਦਿਆਂ ਆਖਿਆ।
32 ਲੱਖ ਰੁਪਏ ਲੱਗ ਜਾਣਗੇ। ਜਿਹੜੇ ਕੋਈ ਉੱਪਰਲੇ ਹਜਾਰਾਂ ਦੇ ਖਰਚੇ ਉਹ ਮੈ ਆਪ ਦੇਵਾਂਗਾ। ਹੁਣ ਮੈਨੂੰ ਇੰਨੀ ਕੁ ਸੇਵਾ ਤਾਂ ਲਾਓ।

ਸੰਤ ਨੇ ਹਾਂ ਕਰ ਦਿੱਤੀ ਤੇ ਪ੍ਰਕਿਰਿਆ ਸ਼ੁਰੂ ਕਰਨ ਲਈ ਕਹਿ ਕੇ ਉਹ ਸਭ ਦੇ ਪਾਸਪੋਰਟ ਤੇ ਦਸਤਾਵੇਜ਼ ਲੈ ਲੈਂਦਾ ਹੈ। ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗਾ।
ਸਾਰੇ ਉਸ ਦੇ ਇਸ ਵਤੀਰੇ ਤੇ ਇਮਾਨਦਾਰੀ ਤੋਂ ਬਹੁਤ ਖੁਸ਼ ਸਨ।

ਸਵਾ-ਡੇਢ ਮਹੀਨੇ ਬਾਅਦ ਉਹ ਡੇਰੇ ਮਠਿਆਈ ਲੈ ਕੇ ਆਇਆ ਤੇ ਸੰਤ ਦਾ ਮੂੰਹ ਮਿੱਠਾ ਕਰਾਉਂਦਿਆਂ ਕਹਿਣ ਲੱਗਿਆ, “ਮੁਬਾਰਕਾਂ ਆਪਣੇ ਸਾਰਿਆ ਮੁੰਡਿਆਂ ਦੇ ਵੀਜੇ ਲੱਗ ਗਏ ਹਨ “। ਮੁੰਡਿਆਂ ਨੂੰ ਬੋਲ ਦਿਓ ਜਲਦੀ ਜਾਣ ਦੀ ਤਿਆਰੀ ਕਰ ਲੈਣ।
ਸੰਤ ਨੇ ਵੀ ਉਸਦਾ ਮੂੰਹ ਮਿੱਠਾ ਕਰਵਾਇਆ ਤੇ ਉਸਨੂੰ ਵਧਾਈ ਦਿੱਤੀ। ਸਭ ਨੂੰ ਬੁਲਾ ਕੇ ਵਧਾਈ ਦਿੱਤੀ ਗਈ। ਤੇ ਦੋ ਤਿੰਨ ਦਿਨਾਂ ਵਿੱਚ ਤਿਆਰੀ ਕਰਕੇ ਜਾਣ ਲਈ ਕਿਹਾ ਗਿਆ।

ਸੰਤ ਨੇ ਪੈਸਿਆਂ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ,” ਆਹ ਸ਼ੁੱਕਰਵਾਰ ਅਸੀਂ ਤੁਹਾਡਾ ਆਸ਼ੀਰਵਾਦ ਲੈ ਕੇ ਦਿੱਲੀ ਨਿਕਲਾਂਗੇ! ਉਸ ਦਿਨ ਮੈਂਨੂੰ ਪੈਸਿਆਂ ਦੀ ਜਰੂਰਤ ਹੈ ਜਿਹੜੇ ਆਪਾਂ ਅੱਗੇ ਦੇਣੇ ਨੇ।”

ਸ਼ੁੱਕਰਵਾਰ ਦਾ ਦਿਨ ਚੜ ਗਿਆ ਸੀ। ਕੀਰਤਨੀ ਜੱਥਾ ਲਿਸ਼ਕਿਆ ਫਿਰਦਾ ਸੀ। ਜਦੋਂ ਸੰਤਾਂ ਤੋਂ ਆਸ਼ੀਰਵਾਦ ਲੈਣ ਲੱਗੇ ਤਾਂ ਉਸਨੇ ਕਿਹਾ, “ਸੰਤ ਜੀ ਸਾਨੂੰ ਡੇਰੇ ਦੀ ਕੋਈ ਗੱਡੀ ਦੇ ਦਿਓ, ਜਿਸਦੇ ਵਿੱਚ ਆਸਾਨੀ ਨਾਲ ਬੈਠ ਕੇ ਜਾ ਸਕੀਏ”।
ਸੰਤ ਨੇ ਗੱਡੀ ਦੀ ਚਾਬੀ ਅੱਗੇ ਕਰਦੇ ਹੋਏ ਕਿਹਾ ਕਿ ਆਹ ਲੈ ਜਾਓ, ਇਹ ਤੁਸੀਂ ਹੀ ਭੇਟ ਕੀਤੀ ਸੀ।
ਉਸਨੇ ਪੈਸਿਆਂ ਦਾ ਬੈਗ ਵੀ ਨਾਲ ਲੈ ਲਿਆ ਸੀ।

ਸ਼ਾਮ ਨੂੰ ਉਹ ਸਾਰੇ ਦਿੱਲੀ ਇੱਕ ਹੋਟਲ ਵਿੱਚ ਠਹਿਰ ਗਏ। ਉਸਨੇ ਕੀਰਤਨੀ ਜਥੇ ਨੂੰ ਕਿਹਾ,” ਤੁਸੀਂ ਆਰਾਮ ਕਰੋ ਮੈਂ ਆਹ ਪੈਸੇ ਦੇ ਕੇ ਤੁਹਾਡੇ ਪਾਸਪੋਰਟ ਤੇ ਟਿਕਟਾਂ ਲੈ ਆਵਾ, ਦਿੱਲੀ ਟ੍ਰੈਫਿਕ ਬਹੁਤ ਜਾਮ ਰਹਿੰਦੀ ਹੈ ਅਗਰ ਮੈਂਨੂੰ ਦੇਰ ਹੋ ਗਈ ਤਾਂ ਖਾਣਾ ਮੰਗਵਾ ਕੇ ਖਾ ਲੈਣਾ।”
ਰਾਤ ਦਾ ਖਾਣਾ ਖਾਣ ਤੋਂ ਬਾਅਦ ਤੇ ਅਗਲੇ ਦਿਨ ਦੇ ਨਾਸ਼ਤੇ ਤੋਂ ਬਾਅਦ ਵੀ ਉਹ ਆਪਣੇ ਪਾਸਪੋਰਟ, ਟਿਕਟਾਂ ਉਡੀਕੀ ਜਾ ਰਹੇ ਸਨ ਤੇ ਡੇਰੇ ਵਿੱਚ ਸੰਤ ਗੱਡੀ ਨੂੰ ਜਿਹੜੀ ਉਸਨੂੰ ਹੁਣ ਆ ਗਈ, ਹੁਣ ਆ ਗਈ ਲੱਗਦੀ ਰਹਿੰਦੀ।
ਨਾਂ ਪਾਸਪੋਰਟ, ਟਿਕਟਾਂ ਆਈਆਂ ਤੇ ਨਾਂ ਗੱਡੀ।

ਸ਼ਰਨਦੀਪ ਸਿੰਘ

You may also like