ਆਟਾ

by admin
ਨਰਮਾ ਚੁੱਗ ਕੇ ਥੱਕੀ ਹਾਰੀ ਤੁਰੀ ਆਉਂਦੀ ਰਾਮੀ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ , ਜਦੋਂ ਉਸ ਨੇ ਦੇਖਿਆ ਕਿ ਗੁਆਂਢ ਘਰ ਵਾਲਿਆ ਦਾ ਦੀਪਾ ਕੋਠੇ ਤੇ ਖੜਾ ਭਾਡੇ ਮਾਂਜ ਰਹੀ ਕਰਮੀ ਵੱਲ ਦੇਖ ਕੇ ਮੁੱਛਾਂ ਨੁੰ ਵੱਟ ਚਾੜ ਰਿਹਾ ਸੀ।ਸਿਰੇ ਦਾ ਨਸ਼ਈ ਦੀਪਾ ਸਾਰਾ ਦਿਨ ਆਸ਼ਕੀ ਤੇ ਗਲੀਆਂ ਕਛਣ ਤੋ ਬਿਨਾ ਹੋਰ ਕੁਝ ਕਰਦਾ ਵੀ ਨਹੀਂ ਸੀ।।ਕਰਮੀ ਵੀ ਉਸ ਨੂੰ ਮੁਸਕਰਾਉਂਦੀ ਪ੍ਰਤੀਤ ਹੋਈ । ਰਾਮੀ ਦਾ ਮੱਥਾ ਠਨਕਿਆ,ਪੂਰੀ ਰਾਤ ਨੀਂਦ ਨਾ ਆਈ।ਮਾ ਦਾ ਦਿਲ ਸੀ।ਉਸ ਨੇ ਸੋਚਿਆ ਚਾਰੇ ਪਾਸੇ ਅੱਗ ਲੱਗੀ ਪਈ ਹੈ,ਇਸ ਦਾ ਪਿਊ ਜਿਉਂਦਾ ਹੁੰਦਾ ਤਾ ਕਦੋ ਦੀ ਆਪਣੇ ਘਰ ਪਹੁੰਚ ਚੁੱਕੀ ਹੁੰਦੀ।ਜੇ ਕੋਈ ਉੱਨੀ ਇੱਕੀ ਹੋ ਗਈ, ਫੇਰ ਕੀ ਬਣੂ।ਉਸ ਨੇ ਆਪਣੇ ਭਾਈਆ ਨਾਲ ਗੱਲ ਕਰਕੇ ਜਲਦੀ ਕਰਮੀ ਦੇ ਹੱਥ ਪੀਲੇ ਕਰਨ ਦਾ ਵੀ ਸੋਚ ਲਿਆ । ਦੂਜੇ ਦਿਨ ਦਿਹਾੜੀ ਤੇ ਜਾਣ ਲੱਗੀ ਤਾਂ ਕਰਮੀ ਨੂੰ ਵੀ ਨਾਲ ਹੀ ਲੈ ਗਈ । ਜਵਾਨ ਕੁੜੀ ਦਾ ਘਰੇ ਕੀ ਬਣਦਾ? ਰਾਮੀ ਨੇ ਸੋਚਿਆ । ਖੇਤ ਨਰਮਾ ਚੁਗਦੀਆ ਕੋਲ ਅੱਜ ਖੇਤ ਵਾਲਿਆ ਦਾ ਛੋਟਾ ਕਾਲਜੀਏਟ ਮੁੰਡਾ ਬਿਨਾਂ ਕਿਸੇ ਕੰਮ ਦੇ ਚੱਕਰ ਕੱਢ ਰਿਹਾ ਸੀ ।ਦਿਨ ਢਲੇ ਜਦੋਂ ਗੀਤ ਜੇ ਗਾਉਦੇ ਤੇ ਕਰਮੀ ਨੂੰ ਪੈਸੇ ਦਿਖਾਂਉਦੇ ਪਾਹੜੇ ਨੂੰ ਦੇਖ ਲਿਆ ਤਾਂ ਰਾਮੀ ਦੇ ਹੱਥ ਪੈਰ ਹੀ ਫੁੱਲ ਗਏ।ਉਹ ਕੁੜੀ ਨੂੰ ਲੈ ਕੇ ਘਰ ਨੂੰ ਤੁਰ ਪਈ। ਅੱਜ ਉਸਨੂੰ ਆਪਣੀ ਮਰ ਚੁੱਕੀ ਮਾਂ ਦੀ ਗੱਲ ਵਾਰ ਵਾਰ ਯਾਦ ਆਈ, “ ਪੁੱਤ ਗਰੀਬਾਂ ਦੀ ਇੱਜਤ ਤਾਂ ਆਟਾ ਹੈ, ਜਿਹਨੂੰ ਘਰੇ ਚੂਹੇ ਪੈਂਦੇ ਨੇ ਤੇ ਬਾਹਰ ਕਾਂ।”
ਭੁਪਿੰਦਰ ਸਿੰਘ ਮਾਨ

You may also like