ਉਦੋਂ ਉਹ ਸਕੂਲ ਪੜ੍ਹਦੀ ਸੀ…ਜਦੋਂ ਉਸ ਸਕੂਲ ਵਿੱਚ ਹਾਕੀ ਦੀ ਟੀਮ ਬਣੀ…ਜਦੋਂ ਮਾਸਟਰ ਜੀ ਦੀ ਕੁੜੀ ਪ੍ਰੈਕਟਸ ਕਰਦੀ ਤਾਂ ਉਸਦਾ ਵੀ ਖੇਡਣ ਨੂੰ ਜੀ ਕਰਦਾ…ਅੱਧੀ ਛੁੱਟੀ ਵੇਲੇ ਉਹ ਰੋਟੀ ਛੱਡ ਕੇ ਹਾਕੀ ਖੇਡਣ ਲੱਗ ਪੈਂਦੀ…ਉਸਦੀ ਮਿਹਨਤ ਤੇ ਰੁਚੀ ਵੇਖ ਕੇ ਆਖਿਰ ਉਸਨੂੰ ਵੀ ਟੀਮ ਵਿੱਚ ਲਿਆ ਗਿਆ..ਉਹ ਕਈ ਕਈ ਘੰਟੇ ਅਭਿਆਸ ਕਰਦੀ ਤੇ ਪਸੀਨਾ ਵਹਾਉਂਦੀ…ਉਹ ਇਸ ਗੇਮ ਵਿੱਚ ਏਨੀ ਮਾਹਿਰ ਹੋ ਗਈ ਕਿ ਉਹਨਾਂ ਦੀ ਟੀਮ ਨੇ ਕਈ ਫਰੈਂਡਲੀ ਮੈਚ…….ਤੇ ਕਈ ਜ਼ਿਲਾ ਪੱਧਰੀ ਮੈਚ ਜਿੱਤੇ..ਉਸਦੇ ਨਾਮ ਦੀ ਚਰਚਾ ਹੋਣ ਲੱਗੀ..ਪੜ੍ਹਾਈ ਦੇ ਨਾਲ ਨਾਲ ਉਸਦੀ ਖੇਡਣ ਦੀ ਕਲਾ ਇੱਕ ਨਾ ਇੱਕ ਦਿਨ ਘਰ ਦੀ ਜੂਨ ਬਦਲ ਦੇਵੇਗੀ..ਉਹ ਮਨ ਹੀ ਮਨ ਵਿੱਚ ਸੋਚਦੀ…ਪਰ ਦਿਲ ਉਦੋਂ ਟੁੱਟਿਆ ਜਦੋਂ ਅਗਾਂਹ ਖੇਡਣ ਲਈ ਇਕੱਲੀ ਮਾਸਟਰ ਜੀ ਦੀ ਲੜਕੀ ਹੀ ਚੁਣੀ ਗਈ..ਉਹ ਆਪਣੀ ਮਾਂ ਵੱਲ ਵੇਖਦੀ, ਬਾਪ ਵੱਲ ਵੇਖਦੀ…ਆਪਣੇ ਤੋਂ ਛੋਟੇ ਭਰਾ ਵੱਲ ਵੇਖਦੀ..ਅਸੀਂ ਮਹਾਤੜ ਲੋਕ !…ਭਾਵੇਂ ਮਿਹਨਤ ਕਰ ਕਰ ਕੇ….ਟੁੱਟ ਟੁੱਟ ਕੇ ਮਰ ਜਾਈਏ ਪਰ ਸਾਡੇ ਸੁਪਨੇ ਕਦੇ ਸੱਚ ਨਹੀਂ ਹੋ ਸਕਦੇ…ਉਹ ਆਪਣੇ ਆਪ ਨਾਲ ਗੱਲਾਂ ਕਰਦੀ……..ਤੇ ਠੰਡੇ ਹੌਕੇ ਭਰਦੀ…” ਮੈਂ ਬਾਹਰ ਜਾਉਂਗਾ…ਵੇਖਿਓ ਤੁਸੀਂ !…ਤੁਹਾਥੋਂ ਪੈਸੇ ਨਹੀਂ ਗਿਣੇ ਜਾਣੇ !…” ਆਪਣੀ ਉਦਾਸ ਭੈਣ ਨੂੰ ਉਹਦਾ ਭਰਾ ਹੌਂਸਲਾ ਦਿੰਦਾ…ਉਸ ਦਿਨ ਉਹਦੇ ਮਾਮੇ ਦੇ ਲੜਕੇ ਨੂੰ ਸ਼ਗਨ ਲੱਗਣਾ ਸੀ…ਵੇਲੇ ਨਾਲ ਮਾਂ ਨਾਲ ਜਲਦੀ ਜਲਦੀ ਸਾਰੇ ਕੰਮ ਕਰਾਏ…ਉਸਨੂੰ ਮਾਂ ਦੇ ਚਾਅ ਨਾਲ ਆਪ ਨੂੰ ਵੀ ਬੜਾ ਚਾਅ ਸੀ….ਪਾਉਣ ਲਈ ਤਹਿ ਕੀਤੇ ਕੱਪੜੇ ਕੱਢੇ…” ਇੱਕ ਦਿਨ ਮੇਰੇ ਵੀਰ ਨੂੰ ਵੀ ਸ਼ਗਨ ਲੱਗੂ…” ਉਹ ਆਪਣਾ ਆਪ ਭੁੱਲ ਕੇ ਆਪਣੇ ਵੀਰ ਦੇ ਸੁਪਨੇ ਵੇਖਣ ਲੱਗੀ…ਉਸਨੇ ਮਾਂ ਦੀ ਚੁੰਨੀ ਖਿਲਾਰ ਕੇ ਵੇਖੀ…ਕਈ ਥਾਂ ਤੋਂ ਟੁੱਕੀ ਚੁੰਨੀ ਨੂੰ ਮਾਂ ਨੇ ਬੜੇ ਸੋਹਣੇ ਤਰੀਕੇ ਨਾਲ ਗੋਟੇ ਦੀਆਂ ਟਿੱਕੀਆਂ ਲਾ ਕੇ ਸਜਾ ਲਈ ਸੀ…ਉਹਨੇ ਕੋਲ ਬੈਠੀ ਮਾਂ ਦੇ ਸਿਰ ਤੇ ਦੇਣੀ ਚਾਹੀ…ਪਤਾ ਨਾ ਕੀ ਹੋਇਆ….ਇੱਕ ਦਮ ਉਸਦੇ ਸੀਨੇ ਵਿੱਚੋਂ ਪੀੜ ਦੀ ਤੜਾਹਟ ਜਿਹੀ ਉੱਠੀ..” ਮਾਂ !…” ਬਸ ਏਨਾ ਹੀ ਕਿਹਾ…ਤੇ ਮਾਂ ਦੇ ਗੋਡੇ ਨਾਲੋਂ਼ ਹੱਟ ਕੇ ਮਾਂ ਦੀ ਝੋਲੀ ਵਿੱਚ ਢੇਰੀ ਹੋ ਗਈ…ਪਿੰਡ ਦੇ ਡਾਕਟਰ ਨੇ ਚੈੱਕ ਕਰਕੇ ਸਿਰ ਫੇਰ’ਤਾ..ਇਹਦੇ ਸਾਹ ਪੂਰੇ ਹੋ ਗਏ…ਇਸਨੂੰ ਕਿਤੇ ਲਿਜਾਣ ਦੀ ਲੋੜ ਨਹੀਂ….ਲਾਸ਼ ਵਿਹੜੇ ਵਿੱਚ ਪਈ ਸੀ…ਤੇ ਲੋਕਾਂ ਦੇ ਮੂੰਹ ਇੱਕ ਦੂਜੇ ਦੇ ਕੰਨਾਂ ਕੋਲ ਘੁਸਰ ਮੁਸਰ ਕਰ ਰਹੇ ਸਨ…..” ਲੈ !…ਹੁਣੇ ਤਾਂ ਚੰਗੀ ਭਲੀ ਸੀ ?…ਇਹ ਕੇਹੀ ਮੌਤ ?…ਏਥੇ ਵੇਖੀ, ਉੱਥੇ ਵੇਖੀ..ਆਹ ਕਰ ਰਹੀ ਸੀ..ਔਹ ਕਰ ਰਹੀ ਸੀ..” ਕੀ ਪਤਾ ਕੀ ਹੋਇਆ ? ਗੁੱਝੇ ਇਸ਼ਾਰੇ ਹੋ ਰਹੇ ਸਨ…..ਮੁੱਕਦੀ ਗੱਲ !……ਜਿੰਨੇ ਮੂੰਹ ਉਹਨੀਆਂ ਗੱਲਾਂ !…ਇੱਕ ਦਿਨ ਰਹਿੰਦੀ ਕਸਰ ਮਾਮੇ ਦੀ ਨਵੀਂ ਵਿਆਹੀ ਨੂੰਹ ਮੂੰਹ ਪਾੜ ਕੇ ਪੂਰੀ ਕਰ ਗਈ…” ਵੈਸੇ ਗੱਲ ਤਾਂ ਸੋਚਣ ਵਾਲੀ ਐ !….ਇਹਨੇ ਸ਼ਗਨ ਵਾਲੇ ਦਿਨ ਹੀ ਮਰਨਾ ਸੀ ? ਕੋਈ ਗੱਲ ਤਾਂ ਜ਼ਰੂਰ ਹੋਊ ? ਮੈਨੂੰ ਤੇ ਉਸੇ ਦਿਨ ਦਾਲ ਚ ਕੁਝ ਕਾਲਾ ਲੱਗਾ ਸੀ “ ਸ਼ਰੀਫ਼ ਕੁੜੀ ਦੇ ਨਾਲ, ਭਰਾ ਵਰਗੇ ਸ਼ਰੀਫ਼ ਮੁੰਡੇ ਦਾ ਰਿਸ਼ਤਾ ਵੀ ਦਾਗੋਦਾਗ ਹੋ ਗਿਆ….ਇਸ ਘਰ ਨਾਲ ਇੱਕੋ ਰਿਸ਼ਤਾ ਸੀ ਮਾਮੇ ਦਾ…..ਉਹ ਵੀ ਟੁੱਟ ਗਿਆ…ਮਹਾਤੜਾਂ ਕੋਲ ਇੱਜ਼ਤ ਦੇ ਸਿਵਾ ਹੁੰਦਾ ਵੀ ਕੀ ਹੈ ? ਮਾਂ-ਬਾਪ ਨੂੰ ਧੀ ਦੇ ਵਿਛੋੜੇ ਨੇ ਤੇ ਗ਼ਰੀਬੀ ਦੇ ਨਾਲ ਨਾਲ ਨਮੋਸ਼ੀ ਨੇ ਵੀ ਮਾਰ ਦਿੱਤਾ….ਬਾਹਰ ਮੂੰਹ ਕੱਢਣੋਂ ਵੀ ਰਹਿ ਗਏ….ਮੰਜੇ ਨਾਲ ਐਸੇ ਜੁੜੇ….ਆਖ਼ਿਰ ਮੜ੍ਹੀਆਂ ਚ ਪਹੁੰਚ ਗਏ…ਲੋਕਾਂ ਕਿਹਾ : “ ਮਰਨਾ ਹੀ ਸੀ…ਜਦੋਂ ਧੀ ਨਹੀਂ ਰਹੀ..ਕਮਾਈ ਕਿੱਥੋਂ ਆਉਣੀ ਸੀ ?…” ਮੋਏ ਸਿਰਾਂ ਚ ਵੀ ਰੱਜ ਕੇ ਘੱਟਾ ਪਿਆ….ਮਗਰ ਰਹਿ ਗਿਆ ਇਕੱਲਾ ਦੁਕੱਲਾ..ਸੌ ਸੁੱਖਣਾਂ ਦਾ ਉਸ ਘਰ ਦਾ ਚਿਰਾਗ਼ ! ਪਰ ਤੇਲ ਬਾਝੋਂ ਚਿਰਾਗ਼ ਵੀ ਕਾਹਦਾ ?….ਸਿਰ ਉੱਤੇ ਬਾਪ ਦੀ ਬੱਝੀ ਪੱਗ ਰੱਖੀ…ਗੱਲ ਵਿੱਚ ਮਾਂ ਦੀ ਚੁੰਨੀ ਪਾਈ ਤੇ ਹੱਥ ਵਿੱਚ ਭੈਣ ਦੀ ਹਾਕੀ ਫੜੀ…ਏਧਰ ਓਧਰ ਯੱਭਲੀਆਂ ਮਾਰਦਾ ਫਿਰਦਾ…ਉਹ ਸਦਮਿਆਂ ਨਾਲ ਸ਼ੁਦਾਈ ਹੋ ਗਿਆ ਤੇ ਲੋਕੀਂ ਕਹਿਣ ਇਹ ਨਸ਼ੇ ਕਰਦਾ…ਮੁੰਡਾ ਤਾਂ ਨਸ਼ੱਈ ਹੈ..ਜਿਧਰੋਂ ਲੰਘਦਾ ਲੋਕ ਬੂਹੇ ਢੋਹ ਲੈਂਦੇ…ਨਾ ਖਾਣ ਪੀਣ ਦੀ ਸੁਰਤ !…ਨਾ ਜੀਣ ਦੀ ਲਾਲਸਾ !…ਇੱਕ ਦਿਨ ਅੰਦਰ ਪਈ ਲਾਸ਼ ਦੀ ਬੋਅ ਆਪੇ ਬਾਹਰ ਆ ਗਈ……ਤੇ ਨਾਲ ਹੀ ਉਸ ਪਰਿਵਾਰ ਦੀ ਕਹਾਣੀ ਖਤਮ !…ਉਹ ਘਰ ਢਾਹਿਆ ਗਿਆ…ਥਾਂ ਦੀ ਸੁੱਚਮਤਾ ਹੋਈ….ਪਿੰਡ ਵੱਲੋਂ ਸਾਂਝਾ ਪਾਠ ਪੂਜਾ ਕਰਾਇਆ..ਲੈਕਚਰ ਹੋਏ…ਉਸ ਥਾਂ ਲਈ ਸਕੀਮਾਂ ਬਣੀਆਂ…ਲੰਗਰ ਲਾਇਆ…ਪਰ ਪਰਿਵਾਰ ਦੀ ਬਰਬਾਦੀ ਦਾ ਜ਼ਿੰਮੇਵਾਰ ਕੌਣ ? ਅਸੀਂ ਕਿੰਨੇ ਕਮੀਨੇ ਹੋ ਗਏ ਹਾਂ ?…ਕਿੰਨੇ ਲਾਲਚੀ, ਸਵਾਰਥੀ ਤੇ ਪਾਪੀ ਹੋ ਗਏ ਹਾਂ ? ਬਸ, ਹਾਂ ਵਿੱਚ ਹਾਂ !…ਪਿੱਛਲੱਗ ਹੋ ਗਏ ਹਾਂ….ਸਾਡਾ ਆਪਣਾ ਦਿਮਾਗ਼ ਹੈਨੀਂ….ਜੋ ਸੁਣਿਆ, ਜਿਧਰੋਂ ਸੁਣਿਆ ਓਧਰ ਹੋ ਤੁਰੇ !..ਸਾਡੀ ਸੋਚ ਜਮਾਂ ਭੇਡਾਂ ਵਰਗੀ ਹੈ
875
previous post