ਸੰਜੋਗ ਵਿਯੋਗ

by admin
ਬਾਬੀਹਾ ਅਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ । ।
ਮੇਘੇ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ।।
ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਈ ਰੋਜ਼ ਅੰਮ੍ਰਿਤ ਵੇਲੇ ਗੁਰੂ ਘਰ ਦਾ ਗੇਟ ਖੜਕਦਾ । ਅੰਦਰੋਂ ਬਜ਼ੁਰਗ ਪਾਠੀ ਸਿੰਘ ਹਜੂਰੀਆ ਗਲ ਚ ਪਾਉਂਦਾ ਕਾਹਲੇ ਕਦਮੀਂ ਗੇਟ ਖੋਹਲਦਾ ਤੇ ਦੋਹੇ ਸਿੰਘ ਆਪਸ ਚ ਫਤਿਹ ਗਜਾਉਂਦੇ ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਿਆਰਾ ਸਿੰਘ ਬਜ਼ੁਰਗ ਗ੍ਰੰਥੀ ਸਿੰਘ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾ ਕੇ ਨਿਤਨੇਮ ਕਰਦਾ । ਬੜੇ ਸ਼ਾਂਤ ਤੇ ਸਹਿਜ ਤਰੀਕੇ ਨਾਲ ਓਹਦਾ ਮਿੱਠਾ ਬੋਲਣਾ ਮੰਨੋ ਹਵਾਵਾਂ ਚ ਮਹਿਕਾਂ ਖਿਲਾਰਦਾ ਸੀ । ਆਦਮ ਕੀ , ਪੰਛੀ ਜਾਨਵਰ , ਫਲ ਫੁੱਲ ਪੱਤੇ ਸਾਰੀ ਕਾਇਨਾਤ ਜਿਵੇਂ ਉਸ ਅਕਾਲ ਪੁਰਖ ਦੇ ਬੋਲਾਂ ਨੂੰ ਇੱਕ ਚਿੱਤ ਹੋ ਕੇ ਸੁਣਨ ਲੱਗ ਪੈਂਦੀ । ਗੁਰੂ ਕੀ ਹਜੂਰੀ ਚ ਬੈਠੇ ਗੁਰੂ ਕੇ ਲਾਲ ਦਾ ਚਿਹਰਾ ਬਾਣੀ ਪੜਦਿਆਂ ਸੂਰਜ ਦੇ ਤੇਜ ਨੂੰ ਵੀ ਫਿੱਕਾ ਪਾਉਂਦਾ ਸੀ । ਪਿਆਰੇ ਦਾ ਪਿਆਰ ਆਪਣੇ ਰੋਮ ਰੋਮ ਚ ਵਸਾਉਣ ਵਾਲਾ ਪਿਆਰਾ ਸਿੰਘ ਚੜ੍ਹਦੀ ਕਲਾ ਵਾਲਾ ਗੁਰਸਿੱਖ ਸੀ । ਘਰ ਦੀਆਂ ਮੰਦਹਾਲੀਆਂ ਨੇ ਮਾਪਿਆਂ ਦਾ ਸਵਾ ਲੱਖ ਪੁੱਤ ਚੜ੍ਹਦੀ ਉਮਰੇ ਕੰਮ ਧੰਦਿਆਂ ਚ ਉਲਝਾ ਕੇ ਰੱਖ ਦਿੱਤਾ ਸੀ । ਸਿਦਕੀ ਪਿਆਰਾ ਸਿੰਘ ਆਪਣੀ ਆਰਥਿਕ ਸਥਿਤੀ ਤੋਂ ਭੋਰਾ ਵੀ ਦੁਖੀ ਨਹੀਂ ਸੀ । ਕਿਉਂਕਿ ਕਲਗੀਧਰ ਪਾਤਸ਼ਾਹ ਦਾ ਲਾਡਲਾ ਪੁੱਤ ਗੁਰਬਾਣੀ ਤੇ ਗੁਰ ਇਤਿਹਾਸ ਪੜ੍ਹਦਾ ਐਸੇ ਦ੍ਰਿੜ ਨਿਸ਼ਚੇ ਵਾਲਾ ਬਣ ਚੁੱਕਾ ਸੀ , ਜਿੱਥੇ ਸੁਖ ਦੁਖ ਓਹਨੂੰ ਰੱਬੀ ਖੇਡ ਤੋਂ ਵੱਧ ਕੁਛ ਨੀ ਸੀ ਲੱਗਦੇ । ਹਮੇਸ਼ਾਂ ਇੱਕੋ ਅਰਦਾਸ ਸੀ ਕਿ ਗੁਜ਼ਾਰੇ ਜੋਗੀ ਮਾਇਆ ਆ ਜਾਏ , ਤਾਂ ਕਿ ਦੁਨਿਆਵੀ ਸੁਖ ਦੁਖ ਵੇਲੇ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ । ਉਹ ਕੱਲਾ ਨਹੀਂ , ਓਹਦੇ ਪਿੰਡਾਂ ਵਰਗੇ ਨਿੱਕੇ ਜਹੇ ਸ਼ਹਿਰ ਦਾ ਹਰੇਕ ਬਾਸ਼ਿੰਦਾ ਓਹਦੀ ਸੁਖ ਮੰਗਦਾ ਸੀ ।
ਕੱਲਾ ਕੱਲਾ ਹੋਣ ਕਰਕੇ ਘਰ ਦੇ ਜ਼ੋਰ ਪਾਉਂਦੇ ” ਪੁੱਤਰਾ ਵਿਆਹ ਕਰਾ ਕੇ ਸਾਨੂੰ ਵੀ ਬਹੂ ਦਾ ਸੁੱਖ ਦੇ ਦੇ ” ਪਰ ਹਮੇਸ਼ਾਂ ਪਿਆਰਾ ਸਿੰਘ ਆਮਦਨ ਦਾ ਕੋਈ ਯੋਗ ਸਾਧਨ ਨਾ ਹੋਣ ਦਾ ਬਹਾਨਾ ਲਾ ਕੇ ਉਹਨਾਂ ਨੂੰ ਚੁੱਪ ਕਰਾਉਣ ਦਾ ਯਤਨ ਕਰਦਾ । ਘਰ ਦਿਆਂ ਦੀਆਂ ਰੀਝਾਂ ਅੱਗੇ ਪਿਆਰਾ ਸਿੰਘ ਨੇ ਹਥਿਆਰ ਸੁੱਟ ਦਿੱਤੇ । ਆਨੰਦ ਕਾਰਜ ਹੋਇਆ , ਘਰ ਚ ਇੱਕ ਧੀ ਨੇ ਜਨਮ ਲਿਆ । ਜਿੱਮੇਵਾਰੀਆਂ ਵੱਧ ਹੋ ਗਈਆ । ਜਿਹੜੇ ਨਵੇਂ ਕੱਮ ਨੂੰ ਛੇੜਿਆ , ਓਹਨੇ ਉਲਝਾ ਕੇ ਰੱਖ ਦਿੱਤਾ । ਸਵੇਰੇ 6 ਵਜੇ ਤੁਰ ਜਾਂਦਾ ਤੇ ਰਾਤ 11 ਵੱਜਦੇ ਨੂੰ ਘਰ ਵੜਦਾ । ਕਰਤਾ , ਜਿਹੜਾ ਸਭ ਤੋਂ ਵੱਡਾ ਲਿਖਾਰੀ ਆ , ਉਹ ਬੰਦੇ ਦੀ ਕਹਾਣੀ ਚ ਐਸੇ ਮੋੜ ਲਿਆਉਂਦਾ ਏ ਕਿ ਬੰਦੇ ਦੀ ਸਮਝ ਤੋਂ ਬਾਹਰ ਦੀ ਗੱਲ ਹੋ ਜਾਂਦੀ ਐ । ਕੁਛ ਕੁ ਦਿਨ ਆਪਣੇ ਸਰੀਰ ਨਾਲ ਜਿਦ ਕਰਕੇ ਗੁਰੂ ਘਰ ਹਾਜਰੀ ਲਵਾਉਂਦਾ ਰਿਹਾ , ਰਹਿਰਾਸ ਵੀ ਰਾਤ ਘਰ ਆ ਕੇ ਕਰਦਾ ਰਿਹਾ । ਪਰ ਓਹਦੇ ਭਾਣੇ ਚ ਪਈਆਂ ਜਿੱਮੇਵਾਰੀਆਂ ਨੇ ਐਸਾ ਘੇਰਾ ਪਾਇਆ ਕਿ ਹੌਲੀ ਹੌਲੀ ਸਭ ਭੁੱਲ ਗਿਆ । ਬੱਸ ਇਹੀ ਖਿਆਲ ਰਹਿੰਦਾ ਸੀ ਕਿ ਅੱਜ ਸ਼ਾਮ ਤੱਕ ਏਨੇ ਪੈਸਿਆਂ ਦੀ ਲੋੜ ਆ । ਕਿਤੇ ਬੈਠਦਾ ਤਾਂ ਅੱਖਾਂ ਚ ਵੈਰਾਗ ਦੇ ਹੰਝੂ ਆ ਜਾਂਦੇ । ਪਿਆਰੇ ਨਾਲ ਪਿਆਰ ਚ ਕੋਈ ਕਮੀ ਨਹੀਂ ਸੀ ਆਈ । ਪਰ ਪਿਆਰੇ ਦੇ ਅਸੂਲਾਂ ਤੋਂ ਥਿੜਕਣਾ ਓਹਨੂੰ ਮੌਤ ਵਰਗਾ ਲੱਗਦਾ । ਜਿਹਨਾਂ ਨੂੰ ਓਹਦੀ ਮਿੱਠੀ ਬੋਲੀ ਚ ਰੱਬੀ ਬਾਣੀ ਸੁਣਨ ਦੀ ਆਦਤ ਪੈ ਗਈ ਸੀ , ਉਹ ਸਭ ਉਦਾਸ ਸਨ । ਹਵਾਵਾਂ ਚ ਮਹਿਕਾਂ ਘੁਲਣੀਆਂ ਬੰਦ ਹੋ ਗਈਆਂ ਸਨ ।
ਇੰਦਰਜੀਤ ਸਿੰਘ

You may also like