ਜਦੋਂ ਕਾਸਿਮ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਸਿਰਫ਼ ਗੋਲੀ ਦੇ ਸਾੜ ਦਾ ਅਹਿਸਾਸ ਸੀ ਜੋ ਉਸ ਦੀ ਸੱਜੀ ਪਿੰਜਣੀ ਵਿਚ ਖੁਭ ਗਈ ਸੀ, ਪਰ ਅੰਦਰ ਜਾ ਜਦੋਂ ਉਸ ਆਪਣੀ ਬੀਵੀ ਦੀ ਲੋਥ ਦੇਖੀ ਤਾਂ ਉਸ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ। ਸ਼ਾਇਦ ਉਹ ਲੱਕੜਾਂ ਪਾੜਨ ਵਾਲਾ ਗੰਡਾਸਾ ਚੁੱਕ ਬਾਹਰ ਨਿਕਲ ਕਤਲੇਆਮ ਦਾ ਬਾਜ਼ਾਰ ਗਰਮ ਕਰ ਦਿੰਦਾ, ਪਰ ਉਸ ਨੂੰ ਆਪਣੀ ਬੇਟੀ ਸ਼ਰੀਫ਼ਨ ਦਾ ਖ਼ਿਆਲ ਆ ਗਿਆ।
“ਸ਼ਰੀਫ਼ਨ… ਸ਼ਰੀਫ਼ਨ…!” ਉਸ ਉੱਚੀ ਉੱਚੀ ਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਸਾਹਮਣੇ ਵਰਾਂਡੇ ਦੇ ਦੋਵੇਂ ਦਰਵਾਜ਼ੇ ਬੰਦ ਸਨ। ਕਾਸਿਮ ਨੇ ਸੋਚਿਆ, ਸ਼ਾਇਦ ਉਹ ਡਰ ਦੇ ਮਾਰੇ ਅੰਦਰ ਲੁਕ ਗਈ ਹੈ, ਉਹ ਓਧਰ ਵਧਿਆ ਤੇ ਦਰਵਾਜ਼ੇ ਨਾਲ ਮੂੰਹ ਲਾ ਉਸ ਨੇ ਕਿਹਾ,
“ਸ਼ਰੀਫ਼ਨ, ਸ਼ਰੀਫ਼ਨ… ਮੈਂ ਹਾਂ, ਤੇਰਾ ਬਾਪ।” ਪਰ ਅੰਦਰੋਂ ਕੋਈ ਜਵਾਬ ਨਾ ਆਇਆ।
ਕਾਸਿਮ ਨੇ ਦੋਹਾਂ ਹੱਥਾਂ ਨਾਲ ਦਰਵਾਜ਼ੇ ਨੂੰ ਧੱਕਾ ਦਿੱਤਾ ਜੋ ਇਕਦਮ ਖੁੱਲ੍ਹਿਆ ਅਤੇ ਉਹ ਮੂਧੇ ਮੂੰਹ ਡਿੱਗ ਪਿਆ, ਸੰਭਲ ਕੇ ਜਦੋਂ ਉਸ ਉਠਣਾ ਚਾਹਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਕਿਸੇ…।
ਕਾਸਿਮ ਚੀਕ ਕੇ ਉਠ ਬੈਠਾ।
ਇਕ ਗਜ਼ ਦੇ ਫ਼ਾਸਲੇ ਉਤੇ ਕਿਸੇ ਜਵਾਨ ਕੁੜੀ ਦੀ ਲਾਸ਼ ਪਈ ਸੀ, ਨੰਗੀ, ਬਿਲਕੁਲ ਨੰਗੀ, ਗੋਰਾ ਗੋਰਾ ਜਿਸਮ, ਛੱਤ ਵੱਲ ਉੱਠੀਆਂ ਹੋਈਆਂ ਛੋਟੀਆਂ ਛੋਟੀਆਂ ਛਾਤੀਆਂ…।
ਇਕਦਮ ਕਾਸਿਮ ਦਾ ਸਾਰਾ ਵਜੂਦ ਹਿੱਲ ਗਿਆ, ਉਸ ਦੀਆਂ ਗਹਿਰਾਈਆਂ ਵਿਚੋਂ ਇਕ ਅਸਮਾਨਾਂ ਨੂੰ ਚੀਰਨ ਵਾਲੀ ਚੀਕ ਉਠੀ ਪਰ ਉਸ ਦੇ ਬੁੱਲ੍ਹ ਇਸ ਤਰ੍ਹਾਂ ਜ਼ੋਰ ਨਾਲ ਚਿਪਕੇ ਸਨ ਕਿ ਬਾਹਰ ਨਾ ਨਿਕਲ ਸਕੀ। ਉਸ ਦੀਆਂ ਅੱਖਾਂ ਆਪੇ ਮੀਟੀਆਂ ਗਈਆਂ ਸਨ, ਫਿਰ ਵੀ ਉਸ ਨੇ ਦੋਵੇਂ ਹੱਥੀਂ ਆਪਣਾ ਚਿਹਰਾ ਢਕ ਲਿਆ। ਮਰੀ ਜਿਹੀ ਆਵਾਜ਼ ਉਸ ਦੇ ਮੂੰਹੋਂ ਨਿਕਲੀ,
“ਸ਼ਰੀਫ਼ਨ…।” ਅਤੇ ਉਸ ਅੱਖਾਂ ਬੰਦ ਕਰੀ ਏਧਰ ਉੱਧਰ ਹੱਥ ਮਾਰ ਕੱਪੜੇ ਚੁੱਕ ਸ਼ਰੀਫ਼ਨ ਦੀ ਲਾਸ਼ ਉਤੇ ਸਿੱਟ ਦਿੱਤੇ, ਅਤੇ ਇਹ ਦੇਖੇ ਬਿਨਾਂ ਬਾਹਰ ਨਿਕਲ ਗਿਆ ਕਿ ਕਪੜੇ ਲਾਸ਼ ਉਤੇ ਪਏ ਵੀ ਹਨ ਜਾਂ ਨਹੀਂ…?
ਬਾਹਰ ਆ ਉਸ ਆਪਣੀ ਬੀਵੀ ਦੀ ਲਾਸ਼ ਵੀ ਦੇਖੀ, ਉਂਝ ਭਾਵੇਂ, ਉਸ ਨੂੰ ਨਜ਼ਰ ਹੀ ਨਾ ਆਈ ਹੋਵੇ, ਇਸ ਲਈ ਕਿ ਉਸ ਦੀਆਂ ਅੱਖਾਂ ਸ਼ਰੀਫ਼ਨ ਦੀ ਨੰਗੀ ਲਾਸ਼ ਨਾਲ ਭਰੀਆਂ ਹੋਈਆਂ ਸਨ। ਉਸ ਖੂੰਜੇ ਪਿਆ ਲੱਕੜਾਂ ਪਾੜਣ ਵਾਲਾ ਗੰਡਾਸਾ ਚੁਕਿਆ ਅਤੇ ਘਰੋਂ ਬਾਹਰ ਨਿਕਲ ਗਿਆ।
ਕਾਸਿਮ ਦੀ ਸੱਜੀ ਪਿੰਜਣੀ ਵਿਚ ਗੋਲੀ ਖੁਭੀ ਹੋਈ ਸੀ, ਜਿਸ ਦਾ ਅਹਿਸਾਸ ਘਰ ਅੰਦਰ ਵੜਦਿਆਂ ਹੀ ਉਸ ਦੇ ਦਿਲੋ-ਦਿਮਾਗ਼ ਵਿਚੋਂ ਉਡ ਗਿਆ ਸੀ ਕਿਉਂਕਿ ਉਸ ਦੀ ਵਫ਼ਾਦਾਰ ਪਿਆਰੀ ਬੀਵੀ ਹਲਾਕ ਹੋ ਚੁੱਕੀ ਸੀ। ਹੁਣ ਇਹ ਸਦਮਾ ਵੀ ਉਸ ਦੇ ਜ਼ਿਹਨ ਦੇ ਕਿਸੇ ਕੋਨੇ ਵਿਚ ਮੌਜੂਦ ਨਹੀਂ ਸੀ, ਵਾਰ ਵਾਰ ਉਸ ਦੀਆਂ ਅੱਖਾਂ ਸਾਹਮਣੇ ਇਕੋ ਤਸਵੀਰ ਆਉਂਦੀ, ਸ਼ਰੀਫ਼ਨ ਦੀ, ਨੰਗੀ ਸ਼ਰੀਫ਼ਨ ਦੀ ਅਤੇ ਉਹ ਨੇਜ਼ੇ ਦੀ ਨੋਕ ਬਣ ਬਣ ਉਸ ਦੀਆਂ ਅੱਖਾਂ ਨੂੰ ਚੀਰਦੀ ਹੋਈ ਉਸ ਦੀ ਰੂਹ ਨੂੰ ਪਾੜ ਗਈ।
ਗੰਡਾਸਾ ਹੱਥ ਵਿਚ ਲਈ ਕਾਸਿਮ ਸੁੰਨਸਾਨ ਬਾਜ਼ਾਰਾਂ ਵਿਚ ਉਬਲਦੇ ਲਾਵੇ ਵਾਂਗ ਵਹਿੰਦਾ ਜਾ ਰਿਹਾ ਸੀ।
ਚੌਂਕ ਕੋਲ ਉਸ ਦੀ ਮੁੱਠਭੇੜ ਇਕ ਸਿੱਖ ਨਾਲ ਹੋ ਗਈ – ਸਿੱਖ ਤਕੜਾ ਜੁਆਨ ਸੀ, ਪਰ ਕਾਸਿਮ ਨੇ ਕੁਝ ਅਜਿਹੇ ਢੰਗ ਨਾਲ ਹਮਲਾ ਕੀਤਾ ਅਤੇ ਤਕੜਾ ਹੱਥ ਮਾਰਿਆ ਕਿ ਸਿੱਖ ਡਾਢੇ ਝੱਖੜ ਵਿਚ ਉਖੜੇ ਦਰਖ਼ਤ ਵਾਂਗ ਜ਼ਮੀਨ ਉਤੇ ਡਿਗ ਗਿਆ।
ਕਾਸਿਮ ਦੀਆਂ ਰਗਾਂ ਵਿਚ ਖੂਨ ਹੋਰ ਵਧੇਰੇ ਭਖ ਗਿਆ ਅਤੇ ਵੱਜਣ ਲੱਗਾ ਤੜ-ਤੜ-ਤੜ-ਤੜ, ਜਿਵੇਂ ਜੋਸ਼ ਖਾਂਦੇ ਤੇਲ ਉਤੇ ਪਾਣੀ ਦਾ ਹਲਕਾ ਜਿਹਾ ਛੱਟਾ ਪੈ ਗਿਆ ਹੋਵੇ।
ਦੂਰ ਸੜਕ ਦੇ ਉਸ ਪਾਰ, ਉਸ ਨੂੰ ਕੁਝ ਆਦਮੀ ਨਜ਼ਰ ਆਏ। ਤੀਰ ਵਾਂਗ ਉਹ ਉਨ੍ਹਾਂ ਵੱਲ ਵਧਿਆ। ਉਸ ਨੂੰ ਦੇਖ ਉਨ੍ਹਾਂ ਲੋਕਾਂ ‘ਹਰ-ਹਰ ਮਹਾਂਦੇਵ’ ਦੇ ਨਾਰ੍ਹੇ ਲਾਏ। ਕਾਸਿਮ ਨੇ ਜਵਾਬ ਵਿਚ ਨਾਰ੍ਹਾ ਲਾਉਣ ਦੀ ਥਾਂ ਉਨ੍ਹਾਂ ਨੂੰ ਮਾਂ-ਭੈਣ ਦੀਆਂ ਮੋਟੀਆਂ ਮੋਟੀਆਂ ਗਾਲ੍ਹਾਂ ਕੱਢੀਆਂ ਅਤੇ ਗੰਡਾਸਾ ਚੁੱਕੀ ਉਨ੍ਹਾਂ ਲੋਕਾਂ ਵਿਚ ਘੁਸ ਗਿਆ।
ਮਿੰਟੋ ਮਿੰਟੀ ਤਿੰਨ ਲਾਸ਼ਾਂ ਸੜਕ ਉਤੇ ਤੜਫ਼ ਰਹੀਆਂ ਸਨ, ਜੋ ਬਚੇ ਉਹ ਭੱਜ ਗਏ, ਪਰ ਕਾਸਿਮ ਦਾ ਗੰਡਾਸਾ ਦੇਰ ਤਕ ਹਵਾ ਵਿਚ ਚੱਲਦਾ ਰਿਹਾ। ਅਸਲ ਵਿਚ ਉਸ ਦੀਆਂ ਅੱਖਾਂ ਬੰਦ ਸਨ, ਗੰਡਾਸਾ ਘੁੰਮਾਉਂਦਾ-ਘੁੰਮਾਉਂਦਾ ਉਹ ਇਕ ਲੋਥ ਨਾਲ ਟਕਰਾਇਆ ਤੇ ਡਿੱਗ ਪਿਆ। ਉਸ ਨੇ ਸੋਚਿਆ ਸ਼ਾਇਦ ਉਸਨੂੰ ਡੇਗ ਲਿਆ ਗਿਆ ਹੈ, ਫਿਰ ਉਸ ਨੇ ਗਾਲ੍ਹਾਂ ਕੱਢ ਚੀਖਣਾ ਸ਼ੁਰੂ ਕਰ ਦਿੱਤਾ, “ਮਾਰ ਦੇ ਮੈਨੂੰ, ਮਾਰ ਦੇ ਮੈਨੂੰ…।”
ਜਦੋਂ ਕੋਈ ਹੱਥ ਉਸ ਦੀ ਧੌਣ ਉਤੇ ਮਹਿਸੂਸ ਨਾ ਹੋਇਆ ਅਤੇ ਕੋਈ ਜ਼ਰਬ ਉਸ ਦੇ ਸਰੀਰ ਉਤੇ ਨਾ ਪਈ ਤਾਂ ਉਸ ਆਪਣੀਆਂ ਅੱਖਾਂ ਖੋਲ੍ਹ ਦਿੱਤੀਆਂ। ਉਸ ਦੇਖਿਆ ਕਿ ਸੜਕ ਉਤੇ ਤਿੰਨ ਲਾਸ਼ਾਂ ਅਤੇ ਉਸ ਦੇ ਆਪਣੇ ਤੋਂ ਇਲਾਵਾ ਹੋਰ ਕੋਈ ਵੀ ਉਥੇ ਨਹੀਂ ਸੀ।
ਇਕ ਪਲ ਲਈ ਕਾਸਿਮ ਨੂੰ ਮਾਯੂਸੀ ਹੋਈ, ਸ਼ਾਇਦ ਉਹ ਮਰ ਜਾਣਾ ਚਾਹੁੰਦਾ ਸੀ, ਪਰ ਇਕਦਮ ਸ਼ਰੀਫ਼ਨ, ਨੰਗੀ ਸ਼ਰੀਫ਼ਨ ਦੀ ਤਸਵੀਰ ਉਸ ਦੀਆਂ ਅੱਖਾਂ ਵਿਚ ਪਿਘਲੇ ਹੋਏ ਸ਼ੀਸ਼ੇ ਵਾਂਗ ਉਤਰ ਗਈ ਅਤੇ ਉਸ ਦੇ ਵਜੂਦ ਨੂੰ ਬਾਰੂਦ ਦਾ ਬਲਦਾ ਹੋਇਆ ਪਲੀਤਾ ਬਣਾਅ ਗਈ। ਉਹ ਫੌਰਨ ਉਠਿਆ, ਗੰਡਾਸਾ ਹੱਥ ਵਿਚ ਲਿਆ ਅਤੇ ਖੌਲਦੇ ਲਾਵੇ ਵਾਂਗ ਸੜਕ ਉਤੇ ਵਹਿਣ ਲੱਗਾ।
ਜਿੰਨੇ ਬਾਜ਼ਾਰ ਕਾਸਿਮ ਨੇ ਤੈਅ ਕੀਤੇ, ਸਭ ਦੇ ਸਭ ਖਾਲੀ ਸਨ।
ਇਕ ਗਲੀ ਵਿਚ ਉਹ ਵੜਿਆ, ਪਰ ਉਸ ਵਿਚ ਸਭ ਮੁਸਲਮਾਨ ਸਨ। ਉਸ ਨੂੰ ਬਹੁਤ ਕੋਫ਼ਤ ਹੋਈ, ਉਸ ਆਪਣੇ ਲਾਵੇ ਦਾ ਰੁੱਖ ਦੂਜੇ ਪਾਸੇ ਫੇਰ ਲਿਆ।
ਇਕ ਬਾਜ਼ਾਰ ਵਿਚ ਪਹੁੰਚ ਉਸ ਗੰਡਾਸਾ ਉਚਾ ਕੀਤਾ, ਹਵਾ ਵਿਚ ਲਹਿਰਾਇਆ ਅਤੇ ਮਾਂ-ਭੈਣ ਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਝੱਟ ਉਸ ਨੂੰ ਬਹੁਤ ਹੀ ਤਕਲੀਫ਼ਦੇਹ ਅਹਿਸਾਸ ਹੋਇਆ ਕਿ ਅਜੇ ਤਕ ਉਹ ਮਾਂ-ਭੈਣ ਦੀਆਂ ਗਾਲ੍ਹਾਂ ਹੀ ਕੱਢ ਰਿਹਾ ਹੈ, ਫ਼ੌਰਨ ਕੁੜੀ ਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅਜਿਹੀਆਂ ਜਿੰਨੀਆਂ ਗਾਲ੍ਹਾਂ ਉਸ ਨੂੰ ਯਾਦ ਸਨ, ਸਾਰੀਆਂ ਦੀਆਂ ਸਾਰੀਆਂ ਇਕ ਹੀ ਸਾਹ ਵਿਚ ਉਲਟੀ ਕਰ ਦਿੱਤੀਆਂ, ਫਿਰ ਵੀ ਉਸ ਦੀ ਤਸੱਲੀ ਨਾ ਹੋਈ।
ਝੁੰਜਲਾ ਕੇ ਉਹ ਇਕ ਮਕਾਨ ਵੱਲ ਹੋਇਆ ਜਿਸ ਦੇ ਦਰਵਾਜ਼ੇ ਉਪਰ ਹਿੰਦੀ ਵਿਚ ਕੁਝ ਲਿਖਿਆ ਸੀ। ਦਰਵਾਜ਼ਾ ਅੰਦਰੋਂ ਬੰਦ ਸੀ। ਕਾਸਿਮ ਨੇ ਪਾਗਲਾਂ ਵਾਂਗ ਗੰਡਾਸਾ ਚਲਾਉਣਾ ਸ਼ੁਰੂਕਰ ਦਿੱਤਾ। ਕੁਝ ਹੀ ਚਿਰ ਵਿਚ ਦੋਵੇਂ ਕਵਾੜ ਟੋਟਾ ਟੋਟਾ ਹੋ ਗਏ।
ਉਹ ਅੰਦਰ ਵੜਿਆ। ਨਿੱਕਾ ਜਿਹਾ ਘਰ ਸੀ।
ਉਸ ਆਪਣੇ ਸੁੱਕੇ ਹੋਏ ਹਲਕ ਉਤੇ ਜ਼ੋਰ ਪਾ ਫਿਰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਚੀਖਿਆ, “ਬਾਹਰ ਨਿਕਲੋ…, ਬਾਹਰ ਨਿਕਲੋ…।”
ਸਾਹਮਣੇ ਵਰਾਂਡੇ ਦੇ ਦਰਵਾਜ਼ੇ ਵਿਚ ਚਰ ਚਰ ਹੋਈ।
ਕਾਸਿਮ ਆਪਣੇ ਸੁੱਕੇ ਹੋਏ ਹਲਕ ਉਤੇ ਜ਼ੋਰ ਪਾਈ ਗਾਲ੍ਹਾਂ ਕੱਢੀ ਗਿਆ।
ਦਰਵਾਜ਼ਾ ਖੁੱਲ੍ਹਿਆ ਅਤੇ ਇਕ ਕੁੜੀ ਸਾਮ੍ਹਣੇ ਸੀ।
ਕਾਸਿਮ ਦੇ ਬੁੱਲ੍ਹ ਚਿਪਕ ਗਏ, ਫਿਰ ਉਸ ਗਰਜ ਕੇ ਪੁੱਛਿਆ, “ਕੌਣ ਹੈ ਤੂੰ…?”
ਕੁੜੀ ਨੇ ਖੁਸ਼ਕ ਬੁੱਲ੍ਹਾਂ ਉਤੇ ਜੀਭ ਫੇਰੀ ਅਤੇ ਜਵਾਬ ਦਿਤਾ, “ਹਿੰਦੂ…।”
ਕਾਸਿਮ ਤਣ ਕੇ ਖੜ੍ਹਾ ਹੋ ਗਿਆ। ਅੰਗਿਆਰਿਆਂ ਭਰੀਆਂ ਅੱਖਾਂ ਨਾਲ ਉਸ ਕੁੜੀ ਨੂੰ ਤੱਕਿਆ, ਜਿਸ ਦੀ ਉਮਰ ਚੌਦਾਂ ਜਾਂ ਪੰਦਰਾਂ ਸਾਲਾਂ ਦੀ ਸੀ। ਉਸ ਹੱਥੋਂ ਗੰਡਾਸਾ ਸੁੱਟ ਦਿੱਤਾ, ਫਿਰ ਉਹ ਬਾਜ਼ ਵਾਂਗ ਝਪਟਿਆ ਅਤੇ ਕੁੜੀ ਨੂੰ ਧਕੇਲ ਅੰਦਰ ਲੈ ਗਿਆ। ਉਸ ਦੋਹਾਂ ਹੱਥਾਂ ਨਾਲ ਕੁੜੀ ਦੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ।
ਤਕਰੀਬਨ ਅੱਧਾ ਘੰਟਾ ਕਾਸਿਮ ਆਪਣਾ ਬਦਲਾ ਲੈਣ ਵਿਚ ਰੁੱਝਿਆ ਰਿਹਾ, ਕੁੜੀ ਕੋਈ ਵਿਰੋਧ ਨਾ ਕੀਤਾ, ਇਸ ਲਈ ਕਿ ਉਹ ਫ਼ਰਸ਼ ਉਤੇ ਡਿੱਗਦਿਆਂ ਹੀ ਬੇਹੋਸ਼ ਹੋ ਗਈ ਸੀ।
ਜਦੋਂ ਕਾਸਿਮ ਅੱਖਾਂ ਖੋਲ੍ਹੀਆਂ ਤਾਂ ਉਸ ਦੇਖਿਆ ਕਿ ਉਸ ਦੇ ਦੋਵੇਂ ਹੱਥ ਕੁੜੀ ਦੀ ਧੌਣ ਵਿਚ ਧਸੇ ਹੋਏ ਹਨ। ਇਕ ਝਟਕੇ ਨਾਲ ਹੱਥ ਪਰੇ ਹਟਾਅ ਉਹ ਉਠਿਆ, ਉਸ ਇਕ ਨਜ਼ਰ ਕੁੜੀ ਵੱਲ ਦੇਖਿਆ ਕਿ… ਕਿ ਉਸ ਦੀ ਹੋਰ ਤਸੱਲੀ ਹੋ ਸਕੇ।
ਇਕ ਗਜ਼ ਦੇ ਫਾਸਲੇ ਉਤੇ ਇਕ ਜਵਾਨ ਕੁੜੀ ਦੀ ਲੋਥ ਪਈ ਸੀ, ਨੰਗੀ, ਬਿਲਕੁਲ ਨੰਗੀ, ਗੋਰਾ ਗੋਰਾ ਜਿਸਮ, ਛੱਤ ਵੱਲ ਉੱਠੀਆਂ ਹੋਈਆਂ ਛੋਟੀਆਂ ਛੋਟੀਆਂ ਛਾਤੀਆਂ।
ਕਾਸਿਮ ਦੀਆਂ ਅੱਖਾਂ ਇਕਦਮ ਮੀਟੀਆਂ ਗਈਆਂ, ਦੋਏ ਹੱਥੀਂ ਉਸ ਆਪਣਾ ਚਿਹਰਾ ਢਕ ਲਿਆ, ਗਰਮ ਗਰਮ ਪਸੀਨਾ ਬਰਫ਼ ਹੋ ਗਿਆ ਅਤੇ ਉਸ ਦੀਆਂ ਰਗਾਂ ਵਿਚ ਖੌਲਦਾ ਲਾਵਾ ਪੱਥਰ ਵਾਂਗ ਜੰਮਣਾ ਸ਼ੁਰੂ ਹੋ ਗਿਆ।
ਥੋੜ੍ਹੇ ਚਿਰ ਪਿਛੋਂ ਇਕ ਹਥਿਆਰਬੰਦ ਆਦਮੀ ਮਕਾਨ ਵਿਚ ਵੜਿਆ। ਉਸ ਦੇਖਿਆ ਕਿ ਕੋਈ ਸ਼ਖ਼ਸ ਅੱਖਾਂ ਬੰਦ ਕਰੀ, ਲਰਜ਼ਦੇ ਹੱਥਾਂ ਨਾਲ ਫ਼ਰਸ਼ ਉਤੇ ਪਈ ਕਿਸੇ ਚੀਜ਼ ਉਤੇ ਕੰਬਲ ਪਾ ਰਿਹਾ ਹੈ। ਉਸ ਗਰਜ ਕੇ ਪੁੱਛਿਆ, “ਕੌਣ ਹੈਂ ਤੂੰ ਓਏ?”
ਕਾਸਿਮ ਚੌਂਕਿਆ, ਉਸ ਦੀਆ ਅੱਖਾਂ ਖੁੱਲ੍ਹ ਗਈਆਂ, ਪਰ ਉਸ ਨੂੰ ਕੁਝ ਨਜ਼ਰ ਨਾ ਆਇਆ। ਹਥਿਆਰਬੰਦ ਆਦਮੀ ਚੀਖਿਆ, “ਕਾਸਿਮ…”
ਕਾਸਿਮ ਇਕ ਵਾਰ ਫਿਰ ਚੌਂਕਿਆ, ਉਸ ਆਪਣੇ ਤੋਂ ਦੂਰ ਖੜ੍ਹੇ ਆਦਮੀ ਨੂੰ ਪਛਾਨਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਅੱਖਾਂ ਨੇ ਉਸ ਦੀ ਮਦਦ ਨਾ ਕੀਤੀ।
ਹਥਿਆਰਬੰਦ ਆਦਮੀ ਨੇ ਘਬਰਾਉਂਦਿਆਂ ਪੁੱਛਿਆ, “ਕੀ ਕਰ ਰਿਹਾ ਹੈਂ ਤੂੰ ਇੱਥੇ…?”
ਕਾਸਿਮ ਲਰਜ਼ਦੇ ਹੱਥਾਂ ਨਾਲ ਫ਼ਰਸ਼ ਉਤੇ ਪਈ ਅਤੇ ਕੰਬਲ ਨਾਲ ਢਕੀ ਚੀਜ਼ ਵੱਲ ਇਸ਼ਾਰਾ ਕੀਤਾ ਅਤੇ ਖੋਖਲੀ ਆਵਾਜ਼ ਵਿਚ ਸਿਰਫ਼ ਏਨਾ ਕਿਹਾ, “ਸ਼ਰੀਫ਼ਨ…।”
ਹਥਿਆਰਬੰਦ ਆਦਮੀ ਨੇ ਜਲਦੀ ਅੱਗੇ ਵਧ ਕੇ ਕੰਬਲ ਹਟਾਇਆ। ਨੰਗੀ ਲਾਸ਼ ਦੇਖ ਪਹਿਲਾਂ ਉਹ ਕੰਬਿਆ, ਫਿਰ ਇਕਦਮ ਉਸ ਆਪਣੀਆਂ ਅੱਖਾਂ ਮੀਟ ਲਈਆਂ । ਤਲਵਾਰ ਉਸ ਦੇ ਹੱਥੋਂ ਡਿੱਗ ਪਈ, ਫਿਰ ਉਹ ਅੱਖਾਂ ਉਤੇ ਹੱਥ ਰੱਖ “ਬਿਮਲਾ, ਬਿਮਲਾ…” ਕਹਿੰਦਾ ਲੜਖੜਾਉਂਦੇ ਪੈਰੀਂ ਬਾਹਰ ਨਿਕਲ ਗਿਆ।
438
previous post