ਧਾਗਾ

by Jasmeet Kaur

 

ਉਸ ਧਾਰਮਿਕ ਸਥਾਨ ਤੇ ਮੱਥਾ ਟੇਕਣ ਮਗਰੋਂ, ਉਹ ਵੀ ਪਰਕਰਮਾ ਪੂਰੀ ਕਰਦੀ ਪਈ ਸੀ ਕਿ ਉਸ ਧਾਰਮਿਕ ਥਾਂ ਦੇ ਪਿਛਵਾੜੇ ਇਕ ਦਰੱਖਤ ਦੀਆਂ ਨੀਵੀਆਂ ਟਾਹਣੀਆਂ ਤੇ ਕੁਝ ਔਰਤਾਂ ਨੂੰ ਧਾਗੇ ਬੰਦੇ ਵੇਖ ਉਸ ਨੇ ਪੁਜਾਰੀ ਨੂੰ ਪੁੱਛਿਆ, “ਇਹ ਧਾਗੇ ਬੰਨ੍ਹਣ ਨਾਲ ਕੀ ਹੁੰਦੈ?”

“ਕੋਈ ਮੰਨਤ ਮੰਨ ਕੇ ਇੱਥੇ ਧਾਗਾ ਬੰਨ੍ਹ ਦਿਓ ਤਾਂ ਇਸ ਥਾਂ ਦੀ ਸ਼ਕਤੀ ਨਾਲ ਮੰਨਤ ਜਰੂਰ ਪੂਰੀ ਹੁੰਦੀ ਹੈ। ਮੰਨਤ ਪੂਰੀ ਹੋਣ ਤੇ ਇੱਥੇ ਆ ਕੇ ਧਾਗਾ ਖੋਲ ਦੇਈਦਾ ਹੈ।”

“ਪਰ ਸਾਨੂੰ ਆਪਣੇ ਧਾਗੇ ਦੀ ਪਛਾਣ ਕਿਵੇਂ ਹੋਵੇਗੀ, ਰੋਜ਼ ਬੱਝਦੇ ਇੰਨੇ ਧਾਗਿਆਂ ‘ਚੋਂ।”

‘ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਜਿਹੜਾ ਮਰਜ਼ੀ ਖੋਲ੍ਹ ਦਿਓ। ਮਤਲਬ ਤਾਂ ਇੱਥੇ ਹਾਜ਼ਰੀ ਲਵਾਉਣ ਨਾਲ ਐ।’

“ਅੱਛਾ, ਇਹ ਸਾਰੇ ਧਾਗੇ ਅੱਜ ਹੀ ਬੰਨੇ ਨੇ ਲੋਕਾਂ ਨੇ??? ਉਸ ਨੇ ਉਸ ਸਥਾਨ ਤੇ ਜੁੜੀ ਸ਼ਰਧਾਲੂਆਂ ਦੀ ਭੀੜ ਵੱਲ ਤੇ ਧਾਗਿਆਂ ਨਾਲ ਭਰੀਆਂ ਟਾਹਣੀਆਂ ਵੇਖਦਿਆਂ ਪੁੱਛਿਆ।

ਨਹੀਂ…..ਨਹੀਂ….ਅੱਜ ਹੀ ਨਹੀਂ… ਕਈ ਸਾਲਾਂ ਤੋਂ…।”

“ਠੀਕ ਹੈ’’ ਕਹਿ ਕੇ ਉਸ ਨੇ ਹੱਥਲਾ ਧਾਗਾ ਆਪਣੀ ਵੀਣੀ ਤੇ ਵਲੇਟਿਆ। ਫਿਰ ਪੁਜਾਰੀ ਤੇ ਗੁੱਝਾ ਜਿਹੀ ਮੁਸਕਰਾਹਟ ਛੱਡਦੀ ਉਹ ਧਾਰਮਿਕ ਸਥਾਨ ਦੀਆਂ ਪੌੜੀਆਂ ਉੱਤਰ ਆਈ।

ਧਰਮਪਾਲ ਸਾਹਿਲ 

You may also like