ਖ਼ਬਰ

by Jasmeet Kaur

ਗਰਮੀ ਦੇ ਸਤਾਏ ਤੇ ਦਿਨ ਭਰ ਦੀ ਹੱਡ ਭੰਨਵੀਂ ਮਿਹਨਤ ਦੇ ਬਕਾਏ ਮਜ਼ਦੂਰ ਝੁੱਗੀਆਂ ਦੇ ਸਾਹਮਣੇ ਤੂਤ ਦੇ ਕੋਲ ਬੈਠੇ ਬੀੜੀਆਂ ਪੀ ਕੇ ਸਰੀਰ ‘ਚ ਥੋੜ੍ਹੀ ਤਾਕਤ ਇਕੱਠੀ ਕਰਨ ਦਾ ਯਤਨ ਕਰ ਰਹੇ ਸਨ। ਬੱਚੇ ਥੋੜਾ ਹੱਟ ਕੇ ਹੀ `ਚ ਖੇਲ ਰਹੇ ਸਨ ਜਿਨ੍ਹਾਂ ਦੇ ਨੰਗੇ ਸਰੀਰ ਭੱਠੇ ਦੀ ਧੂੜ ਨਾਲ ਭਰੇ ਪਏ ਸਨ। ਔਰਤਾਂ ਥਕਾਵਟ ਦੇ ਬਾਵਜੂਦ ਵੀ ਰੋਟੀਆਂ ਪਕਾਉਣ ਦੇ ਆਹਰ `ਚ ਜੁੱਟੀਆਂ ਹੋਈਆਂ ਸਨ।
ਉਨ੍ਹਾਂ ਸੜਕ ਵੱਲੋਂ ਆਉਂਦੀ ਮੋਟਰ ਸਾਈਕਲ ਦੀ ਅਵਾਜ਼ ਸੁਣੀ। ਹਾਲੇ ਉਨ੍ਹਾਂ ਨੇ ਆਉਣ ਵਾਲੇ ਦੋ ਮੋਟਰ ਸਾਈਕਲਾਂ ਤੇ ਬੈਠੇ ਚਾਰ ਸਵਾਰਾਂ ਨੂੰ ਦੇਖਿਆ ਹੀ ਸੀ ਕਿ ਤੜਾਤੜ ਗੋਲੀਆਂ ਚੱਲਣ ਲੱਗ ਪਈਆਂ। ਸਕਿੰਟਾਂ ਵਿਚ ਮਜ਼ਦੂਰਾਂ ਦੇ ਖੂਨ ਦਾ ਛੱਪੜ ਲੱਗ ਗਿਆ, ਸਵਾਰ ਜਿਵੇ ਤੂਫਾਨ ਵਾਂਗੂ ਆਏ ਸਨ, ਧੂੰਏ ਦੇ ਬੱਦਲਾਂ ਵਾਂਗ ਅਲੋਪ ਹੋ ਗਏ।
“ਸਾਰਾ ਕੰਮ ਠੀਕ ਠਾਕ ਹੋਇਆ ਕਿ ਨਹੀਂ!” ਨੇਤਾ ਨੇ ਬਾਹਰੋਂ ਆਏ ਦੋ ਬੰਦਿਆਂ ਕੋਲੋਂ ਪੁੱਛਿਆ।
“ਹਾਂ ਸਾਹਬ! ਬਿਲਕੁਲ। ਸਾਡੇ ਵਾਰੇ ਕਿਸੇ ਨੂੰ ਪਤਾ ਨਹੀਂ ਲੱਗਿਆ। ਅਸੀਂ ਮੁੜਣ ਲਗਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਗਾਏ ਤੇ ਇਕ ਚਿੱਠੀ ਛੱਡ ਆਏ।” ਇਕ ਨੇ ਵੇਰਵਾ ਦੱਸਿਆ।
‘‘ਸਾਹਬ, ਆਉਂਦਿਆਂ ਅਖ਼ਬਾਰ ਦੇ ਦਫਤਰ ਫੋਨ ਵੀ ਕਰ ਦਿੱਤਾ ਕਿ ਕਾਤਲਾਂ ਦੀ ਜ਼ਿੰਮੇ ਵਾਰੀ ਆਪਣੇ ਸਿਰ ਲੈਂਦੇ ਹਾਂ।”
“ਸ਼ਾਬਾਸ਼! ਮੇਰੇ ਸ਼ੇਰੋ। ਹੁਣ ਦੇਖਿਓ ਡਰਦਿਆਂ ਭਈਆਂ ਯੂ.ਪੀ. ਨੂੰ ਨੱਠ ਜਾਣਾ। ਕਾਰਖਾਨਿਆਂ ਤੇ ਖੇਤਾਂ ਲਈ ਮਜ਼ਦੂਰ ਲੱਭਣੇ ਨਹੀਂ ਤੇ ਲੋਕਾਂ ਇਨ੍ਹਾਂ ਦੇ ਵਿਰੁੱਧ ਹੋ ਜਾਣਾ। ਅਸੀਂ ਇਸਨੂੰ ਚੋਣ ਮੁਦਾ ਬਣਾਵਾਂਗੇ ਤੇ ਅਗਲੀਆਂ ਚੋਣਾਂ ‘ਚ ਆਪਣੀ ਪਾਰਟੀ ਦੀ ਜਿੱਤ ਯਕੀਨੀ ਹੈ। ਮੈਂ ਮੰਤਰੀ ਤਾਂ ਬਣ ਹੀ ਜਾਣਾ ਹੈ, ਤੁਹਾਨੂੰ ਵੀ ਕਾਰਪੋਰੇਸ਼ਨਾਂ ਦੀਆਂ ਚੇਅਰਮੈਨੀਆਂ ਜ਼ਰੂਰ ਦਿਵਾਵਾਂਗਾ। ਮੈਂ ਤੁਹਾਡੀ ਵਫਾਦਾਰੀ ਦੀ ਤਾਰਫੀ ਮਹਾਂ ਮੰਤਰੀ ਕੋਲ ਕਰਾਂਗਾ।” ਸਾਬਕਾ ਮੰਤਰੀ ਆਪਣੀ ਚਾਲ ਦੀ ਕਾਮਯਾਬੀ ‘ਚ ਫੁੱਲਿਆ ਨਹੀਂ ਸੀ ਸਮਾਉਂਦਾ।
ਅਗਲੀ ਸਵੇਰ ਅਖ਼ਬਾਰ ਦੀ ਸੁਰਖੀ ਸੀ, ਅਤਿਵਾਦੀਆਂ ਇਕ ਭੱਠੇ ਦੇ ਮਜ਼ਦੂਰਾਂ ‘ਤੇ ਅੰਧਾਧੁੰਧ ਗੋਲੀਆਂ ਚਲਾ ਕੇ ਬਾਰਾਂ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਅਤੇ ਛੇ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ਕੇ.ਐਲ.ਐਫ. ਨੇ ਆਪਣੇ ਸਿਰ ਲਈ ਹੈ।

ਸੁਰਿੰਦਰ ਕੈਲੇ

You may also like