544
ਸੀਰਤ ਦੇ ਵਿਆਹ ਨੂੰ ਬਾਰਾਂ ਸਾਲ ਹੋ ਚੁੱਕੇ ਸਨ। ਵਿਆਹ ਦੇ ਛੇ ਸਾਲਾਂ ਅੰਦਰ ਕੁਦਰਤ ਨੇ ਦੋ ਹੱਸਦੇ ਖੇਡਦੇ ਧੀ- ਪੁੱਤ ਉਹਦੀ ਝੋਲੀ ਪਾਏ ਸਨ। ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉੰਦੀ ਹੋਈ ਉਹ ਆਪਣੀ ਛੋਟੀ ਜਿਹੀ ਦੁਨੀਆਂ ਵਿੱਚ ਬਹੁਤ ਖੁਸ਼ ਸੀ।
ਸਾਰੀਆਂ ਸਾਵਧਾਨੀਆਂ ਰੱਖਣ ਦੇ ਬਾਵਜੂਦ ਪਿਛਲੇ ਮਹੀਨੇ ਵੇਗ ਵਿੱਚ ਆਕੇ ਹੋਈ ਕਿਸੇ ਗਲਤੀ ਦੇ ਨਤੀਜੇ ਵਜੋਂ ਉਸਦੇ ਦਿਨ ਟਲ ਗਏ ਸਨ।
ਟੈਸਟ ਕਰਨ ਲਈ ਬਾਥਰੂਮ ਚੋਂ ਬਾਹਰ ਨਿਕਲਦੀ ਦਾ ਉਤਰਿਆ ਹੋਇਆ ਮੂੰਹ ਦੇਖਕੇ ਉਹਦਾ ਪਤੀ ਹਰਜੀਤ ਸਭ ਕੁੱਝ ਸਮਝ ਗਿਆ ਸੀ।
” ਫੇਰ ਕੀ ਹੋ ਗਿਆ? ਪੰਜ ਸੌ ਦੀਆਂ ਗੋਲੀਆਂ ਈ ਨੇ, ਠੀਕ ਹੋ ਜਊ ਸਭ”। ਅਖਬਾਰ ਪੜਦਾ ਹੋਇਆ ਬੋਲਿਆ ।
“ਗੱਲ ਪੈਸਿਆਂ ਦੀ ਨਹੀਂ ਮੇਰੀ ਮਮਤਾ ਦੀ ਐ ਸਰਦਾਰ ਸਾਬ, ਮੈਂ ਆਪਣੇ ਅੰਦਰ ਦੀ ਆਂਦਰ ਦਾ ਕਤਲ ਕਿਵੇਂ ਕਰ ਦਿਆਂ, ਆਪਣੇ ਹੱਥੀਂ ?” ਕਹਿੰਦੇ ਹੋਏ ਮੋਟੇ ਮੋਟੇ ਹੰਝੂ ਉਹਦੀਆਂ ਗੱਲਾਂ ਤੇ ਉੱਭਰ ਆਏ।
ਨਾ ਹੋਰ, ਕਹਿਣਾ ਕੀ ਚਾਹੁਣੀਂ ਐਂ ਤੂੰ , ਜਵਾਕਾਂ ਨਾਲ ਘਰ ਭਰ ਲਈਏ? ਇਸ ਬਾਰ ਉਹਦੇ ਬੋਲਾਂ ਚ ਤਲਖੀ ਭਰੀ ਹੋਈ ਸੀ।
ਉਹ ਆਪ ਵੀ ਤਾਂ ਤੀਜਾ ਬੱਚਾ ਨਹੀਂ ਚਾਹੁੰਦੀ ਸੀ,ਪਰ ਫੇਰ ਵੀ ਕਿਸੇ ਅਜੀਬ ਜਿਹੀ ਕਸ਼ਮਕਸ਼ ਨੇ ਉਹਨੂੰ ਘੇਰ ਲਿਆ ਸੀ…
“ਨਹੀਂ” ਇਸਤੋਂ ਅੱਗੇ ਉਹ ਬੋਲ ਨਾ ਸਕੀ।
ਅਗਲੇ ਦਿਨ ਹਰਜੀਤ ਨੇ ਗੋਲੀਆਂ ਦਾ ਪੱਤਾ ਲਿਆ,ਉਹਦੇ ਹੱਥ ਤੇ ਧਰ ਦਿੱਤਾ ਸੀ।
ਪੰਦਰਾਂ ਦਿਨਾਂ ਦੀ ਤਕਲੀਫ ਭਰੀ ਜੱਦੋਜਹਿਦ ਤੋਂ ਬਾਅਦ ਇਸ ਅਨਚਾਹੇ ਗਰਭ ਤੋਂ ਤਾਂ ਭਾਵੇਂ ਉਸਨੇ ਛੁਟਕਾਰਾ ਪਾ ਲਿਆ ਸੀ, ਪਰ ਆਪਣੀ ਮਮਤਾ ਨੂੰ ਕਲੰਕਿਤ ਹੋਇਆ ਮਹਿਸੂਸ ਕਰਦੀ ਹੋਈ ਸੋਚ ਰਹੀ ਸੀ ਮੇਰੀਆਂ ਭਾਵਨਾਵਾਂ ਦੀ ਕੀਮਤ ….ਬੱਸ…..ਪੰਜ ਸੌ ਰੁਪਏ ਈ ਆ??
ਹਰਿੰਦਰ ਕੌਰ ਸਿੱਧੂੂ