ਸੀਰੀ

by Jasmeet Kaur

ਕੁੜੇ ਬਸੰਤ ਕੁਰੇ, ਸੁਣਿਐ ਕੁੱਛ? ਆਹ ਤਾਂ ਰੱਬ ਨੇ ਲੋਹੜਾ ਈ ਮਾਰਿਆ। ਅੰਦਰ ਵੜਦੀ ਗੁਆਂਢਣ ਨੇ ਗੱਲ ਸ਼ੁਰੂ ਕਰਦਿਆਂ ਕਿਹਾ।
ਕੀ ਹੋਇਆ ਭੈਣੇ?
ਬਸੰਤ ਕੌਰ ਦੇ ਗੱਲ ਸਮਝ ਨਾ ਆਈ ਤੇ ਉਸਨੇ ਅੱਗੋਂ ਜਾਨਣਾ ਚਾਹਿਆ।
ਹੋਣਾ ਕੀ ਸੀ, ਸਰਪੰਚ ਨੇ ਵੀਰੂ ਸਾਂਝੀ ਦੇ ਮੁੰਡੇ ਨੂੰ ਨਰਮੇ ਤੇ ਸਪਰੇ ਕਰਨ ਲਾਇਆ ਸੀ। ਉਸਨੂੰ ਦਵਾਈ ਚੜ੍ਹ ਗਈ ਤੇ ਉੱਥੇ ਹੀ ਬੇਹੋਸ਼ ਹੋ ਗਿਆ।
ਹਾਇ! ਹਾਇ! ਫੇਰ ਕੀ ਹੋਇਆ?
ਸਰਪੰਚ ਮੁੰਡੇ ਨੂੰ ਟਰਾਲੀ ‘ਚ ਪਾ ਕੇ ਸ਼ਹਿਰ ਲੈ ਗਿਆ। ਪਰ ਉਹ ਤਾਂ ਵਿਚਾਰਾ ਰਾਹ ਚ ਈ ਪੂਰਾ ਹੋ ਗਿਆ।
ਗੁਆਂਢਣ ਨੇ ਦਰਦ ਭਰੇ ਮਨ ਨਾਲ ਦੱਸਦਿਆਂ ਤੇ ਹਮਦਰਦੀ ਜਤਾਉਂਦਿਆਂ ਕਿਹਾ,
ਵਿਚਾਰੇ ਗਰੀਬ ਨਾਲ ਤਾਂ ਬਹੁਤਾ ਈ ਧੱਕਾ ਹੋਇਆ। ਕੱਲਾ ਕੱਲਾ ਜਵਾਕ ਸੀ ਵੀਰੁ ਦੇ।
ਤਾਂ ਈ ਤਾਂ ਮੈਂ ਨੀ ਅਪਣੇ ਗੁਰਿੰਦਰ ਨੂੰ ਸਪਰੇ ਤੇ ਲੱਗਣ ਦਿੰਦੀ, ਭਾਵੇਂ ਇਹਦਾ ਬਾਪੂ ਕਈ ਵਾਰ ਕਹਿੰਦਾ ਵੀ ਹੁੰਦਾ। ਮੈਂ ਖਹਿੜੇ ਪੈ ਜਾਂਦੀ ਆਂ ਬਈ ਭਈਏ ਥੋੜੇ ਨੇ ਸਪਰੇਆਂ ਨੂੰ। ਰੱਬ ਨਾ ਕਰੇ, ਜੇ ਮੈਂ ਚੰਗੀ ਮਾੜੀ ਹੋ ਜੇ। ਨਾਲੇ ਪੁੱਤ ਕਿਹੜਾ ਲੱਖੀ ਹਜ਼ਾਰੀ ਮਿਲਦੇ ਨੇ
ਬਸੰਤ ਕੌਰ ਨੇ ਆਪਣਾ ਪੱਖ ਦਰਸਾਉਂਦਿਆਂ ਕਿਹਾ।
ਇਨ੍ਹਾਂ ਦੋਹਾਂ ਦੀਆਂ ਗੱਲਾਂ ਸੁਣ ਵਿਹੜੇ ਵਾਲੀ ਕਰਮੋ ਗੋਹਾ ਕੂੜਾ ਕਰਨੋਂ ਰੁਕ ਗਈ। ਉਸਦੀਆਂ ਅੱਖਾਂ ਵਿੱਚੋਂ ਛਮ ਛਮ ਹੰਝੂ ਚੋਣ ਲੱਗੇ। ਕਈ ਸਾਲ ਪਹਿਲਾਂ ਦੀ ਘਟਨਾ ਫਿਰ ਤਾਜ਼ਾ ਹੋ ਗਈ। ਉਸਦਾ ਇਕਲੌਤਾ ਪੁੱਤਰ ਵੀ ਇੰਝ ਹੀ ਅਜਾਈਂ ਮੌਤ ਦੇ ਮੂੰਹ ਜਾ ਪਿਆ ਸੀ। ਘੱਟ ਕੇ ਕਲੇਜਾ ਫੜੀ ਕਰਮੋਂ, ਬਸੰਤ ਕੌਰ ਦੀਆਂ ਗੱਲਾਂ ਸੁਣ ਤੜਪ ਉੱਠੀ। ਉਸਦਾ ਰੋਹ ਆਪ ਮੁਹਾਰੇ ਫੁੱਟ ਪਿਆ
ਜਿਹੜਾ ਮਰ ਗਿਆ, ਉਹ ਕਿਹੜਾ ਕਿਸੇ ਮਾਂ ਦਾ ਪੁੱਤ ਸੀ, ਸੀਰੀ ਈ ਸੀ ਨਾ।

ਸੁਰਿੰਦਰ ਕੈਲੇ

You may also like