ਦਫਤਰੋਂ ਆਉਂਦੇ ਨੇ ਦੇਖਿਆ ਅੱਗੋਂ ਫਾਟਕ ਬੰਦ ਸੀ..ਅੰਦਾਜਾ ਹੋ ਗਿਆ ਕੇ ਅਜੇ ਹੋਰ ਵੀਹ ਮਿੰਟ ਗੱਡੀ ਨਹੀਂ ਆਉਂਦੀ….!
ਕਾਰ ਦਾ ਇੰਜਣ ਬੰਦ ਕਰ ਲਾਗੇ ਬੋਹੜ ਹੇਠ ਬਣੇ ਥੜੇ ਤੇ ਆਣ ਬੈਠਾ..
ਲਾਗੇ ਇੱਕ ਬਜ਼ੁਰਗ ਮਹਾਤਮਾ ਧਰਤੀ ਤੇ ਪਰਣਾ ਵਿਛਾਈ ਆਪਣੀ ਮੌਜ ਵਿਚ ਬੈਠੇ ਹੋਏ ਸਨ…
ਪਤਾ ਨਹੀਂ ਮੈਨੂੰ ਕੀ ਸੁੱਝੀ….ਥੜੇ ਤੋਂ ਉੱਤਰ ਓਹਨਾ ਕੋਲ ਵਿਛੇ ਹੋਏ ਕੱਪੜੇ ਤੇ ਆਣ ਬੈਠਾ..
ਨਜਰਾਂ ਮਿਲੀਆਂ ਤੇ ਮੈਂ ਸਹਿ ਸੁਬਾਹ ਹੀ ਪੁੱਛ ਲਿਆ..”ਬਾਬਿਓ ਥੋੜਾ ਟਾਈਮ ਹੈ ਆਪਣੇ ਕੋਲ…ਆਪਣੇ ਤਜੁਰਬੇ ਦੇ ਅਧਾਰ ਤੇ ਜਿੰਦਗੀ ਦੀ ਕੋਈ ਢੁਕਵੀਂ ਜਿਹੀ ਕੰਮ ਆਉਂਦੀ ਨਸੀਹਤ ਹੀ ਦੇ ਦਿਓ”
ਓਹਨਾ ਮੈਨੂੰ ਦੇਖਿਆ ਫੇਰ ਚੁੱਪ ਹੋ ਗਏ ਤੇ ਫੇਰ ਅਚਾਨਕ ਹੀ ਪੁੱਛ ਲਿਆ…ਕਦੀ ਭਾਂਡੇ ਧੋਤੇ?
ਮੈਂ ਆਸੇ ਪਾਸੇ ਦੇਖਿਆ ਤੇ ਫੇਰ ਨੇੜੇ ਹੁੰਦਿਆਂ ਹੌਲੀ ਜਿਹੀ ਆਖ ਦਿੱਤਾ…”ਹਾਂਜੀ ਧੋਤੇ ਨੇ ਕਈ ਵਾਰ ਬਾਬਾ ਜੀ…ਨਾਲਦੀ ਥੋੜੀ ਤੱਤੇ ਸੁਬਾਹ ਦੀ ਜੂ ਹੋਈ”
“ਫੇਰ ਕੀ ਸਿਖਿਆ ਭਾਂਡੇ ਮਾਂਜ ਕੇ..?”
“ਸਮਝਿਆ ਨੀ ਬਾਬਾ ਜੀ” ਆਖ ਮੈਂ ਆਪਣੀਆਂ ਸੁਆਲੀਆਂ ਨਜਰਾਂ ਇੱਕ ਵਾਰ ਫੇਰ ਓਹਨਾ ਦੇ ਚੇਹਰੇ ਤੇ ਗੱਡ ਦਿੱਤੀਆਂ..
ਉਹ ਮੁਸਕੁਰਾਏ…ਫੇਰ ਆਖਣ ਲੱਗੇ..”ਤੈਨੂੰ ਪਤਾ ਜੂਠੇ ਨੂੰ ਬਾਹਰੋਂ ਘੱਟ ਤੇ ਅੰਦਰੋਂ ਜਿਆਦਾ ਮਾਂਜਣਾ ਪੈਂਦਾ ਏ”
“ਬੱਸ ਇਹੋ ਹੀ ਹੈ ਜਿੰਦਗੀ ਦਾ ਤੱਤ-ਸਾਰ”