ਇਲਾਜ ਨਾਲੋਂ ਪਰਹੇਜ ਬੇਹਤਰ ਹੁੰਦਾ..

by Manpreet Singh

ਗੈਸ ਸਟੇਸ਼ਨ ਤੇ ਗੱਡੀ ਰੋਕ ਲਈ….ਮੈਥੋਂ ਅੱਗੇ ਦੋ ਹੋਰ ਕਾਰਾਂ ਸਨ !
ਸਭ ਤੋਂ ਅੱਗੇ ਵਾਲਾ ਗੋਰਾ ਗੈਸ ਵਾਲੀ ਨੋਜ਼ਲ ਕਾਰ ਦੇ ਟੈਂਕ ਵਿਚ ਫਸਾ ਕੇ ਲਾਗੇ ਰੱਖੇ ਵਾਈਪਰ ਨਾਲ ਕਾਰ ਦੇ ਡਰਾਈਵਰ ਵਾਲੇ ਪਾਸੇ ਦਾ ਸ਼ੀਸ਼ਾ ਸਾਫ ਕਰਨ ਲੱਗ ਪਿਆ…

ਟੈਂਕੀ ਫੁੱਲ ਹੋਣ ਤੇ ਪੇਮੈਂਟ ਕਰਕੇ ਤੁਰਨ ਹੀ ਲੱਗਾ ਸੀ ਕੇ ਨਾਲ ਬੈਠੀ ਗੋਰੀ (ਪਤਾ ਨਹੀਂ ਵਹੁਟੀ ਸੀ ਕੇ ਗਰਲ ਫ੍ਰੇਂਡ) ਇੱਕ ਦਮ ਹਨੇਰੀ ਵਾੰਗ ਬਾਹਰ ਆਈ ਤੇ ਗੋਰੇ ਤੇ ਸੁਆਰ ਹੁੰਦੀ ਆਖਣ ਲੱਗੀ “ਆਪਣੇ ਵਾਲਾ ਤੇ ਲਿਸ਼ਕਾ ਲਿਆ ਈ, ਮੇਰੇ ਪਾਸੇ ਚੰਬੜੇ ਹੋਏ ਮਰੇ ਕੀੜੇ ਪਤੰਗੇ ਕੌਣ ਸਾਫ ਕਰੂ…ਤੇਰਾ ਪਿਓ..ਅੰਨੀ ਕਰਨਾ ਤੂੰ ਮੈਨੂੰ?

ਲੱਗਦਾ ਸੀ ਸ਼ਾਇਦ ਪਿੱਛੋਂ ਹੀ ਕਿਸੇ ਗੱਲ ਤੋਂ ਬਹਿਸਦੇ ਆ ਰਹੇ ਸਨ…

ਇੱਕ ਵਾਰ ਤਾਂ ਸਾਰਿਆਂ ਦੇ ਸਾਹ ਸੂਤੇ ਗਏ ਅਤੇ ਵਿਚਾਰਾ ਨਮੋਸ਼ੀ ਜਿਹੀ ਵਿਚ ਨਾਲਦੀ ਦਾ ਸ਼ੀਸ਼ਾ ਵੀ ਚੰਗੀ ਤਰਾਂ ਲਿਸ਼ਕਾ ਕੇ ਬਿਨਾ ਕਿਸੇ ਨਾਲ ਨਜਰਾਂ ਮਿਲਾਏ ਮਿੰਟਾ ਸਕਿੰਟਾਂ ਵਿਚ ਹਨੇਰੀ ਹੋ ਗਿਆ !

ਫੇਰ ਮੇਰੇ ਤੋਂ ਅਗਲਾ ਹੇਠਾਂ ਉੱਤਰਿਆ…
ਸ਼ਰੀਫ ਜਿਹਾ ਦਿਸਦਾ ਕੋਈ ਫਿਲਪੀਨੋ ਸੀ…ਅਗਲੇ ਨੇ ਗੈਸ ਵਾਲੀ ਨੋਜ਼ਲ ਟੈਂਕ ਵਿਚ ਫਸਾਈ…ਫੇਰ ਬੜੇ ਧਿਆਨ ਨਾਲ ਵਾਈਪਰ ਗਿੱਲਾ ਕੀਤਾ ਅਤੇ ਸਭ ਤੋਂ ਪਹਿਲਾਂ ਵਹੁਟੀ ਵੱਲ ਦੇ ਸ਼ੀਸ਼ੇ ਨੂੰ ਚੰਗੀ ਤਰਾਂ ਸਾਫ ਕੀਤਾ ਤੇ ਫੇਰ ਆਪਣੇ ਵਾਲੇ ਪਾਸੇ ਦੇ ਸ਼ੀਸ਼ੇ ਵੱਲ ਨੂੰ ਹੋਇਆ…
ਮੈਂ ਬੈਠਾਂ ਸੋਚੀ ਜਾਵਾਂ ਕੇ ਸਿਆਣਪ ਕਰ ਗਿਆ ਤਾਂ ਹੀ ਸੋ-ਫ਼ੀਸਦੀ ਨੰਬਰ ਲੈ ਕੇ ਪਾਸ ਹੋਇਆ

ਫੇਰ ਵਾਰੀ ਆਈ ਮੇਰੀ…ਸ਼ੀਸ਼ਾ ਤੇ ਮੇਰਾ ਵੀ ਵਾਹਵਾ ਗੰਦਾ ਸੀ ਪਰ ਵਾਈਪਰ ਚੁੱਕਣ ਨੂੰ ਜੀ ਜਿਹਾ ਨਾ ਕਰੇ..ਫੇਰ ਵੀ ਆਸਾ ਪਾਸਾ ਦੇਖ ਹੌਲੀ ਜਿਹੀ ਚੁੱਕ ਹੀ ਲਿਆ!
ਸਬ ਤੋਂ ਪਹਿਲਾਂ ਪੈਸੇੰਜਰ ਸਾਈਡ ਵੱਲ ਦਾ ਸ਼ੀਸ਼ਾ ਸਾਫ ਕਰਨ ਵਿਚ ਹੀ ਭਲਾਈ ਸਮਝੀ ਹਾਲਾਂਕਿ ਨਾਲਦੀ ਸੀਟ ਖਾਲੀ ਸੀ ਅਤੇ ਕਾਰ ਵਿਚ ਮੇਰੇ ਤੋਂ ਸਿਵਾਇ ਹੋਰ ਕੋਈ ਵੀ ਨਹੀਂ ਸੀ !

ਸਿਆਣਿਆਂ ਦੀ ਆਖੀ ਐਨ ਮੌਕੇ ਤੇ ਚੇਤੇ ਜੂ ਆ ਗਈ ਸੀ ਕੇ..ਇਲਾਜ ਨਾਲੋਂ ਪਰਹੇਜ ਕਰ ਲੈਣਾ ਸੋ ਦਰਜੇ ਬੇਹਤਰ ਹੁੰਦਾ..

You may also like