ਤਰਾਸ਼ਿਆ ਪੱਥਰ

by Jasmeet Kaur

ਡਾ. ਮਲਹੋਤਰਾ ਸਵੇਰੇ ਮੰਦਿਰੋਂ ਪਰਤੇ ਤਾਂ ਉਹਨਾਂ ਦੇ ਮਾਤਾ ਜੀ ਦਹਿਲੀਜ਼ ‘ਤੇ ਖੜ੍ਹੇ ਸੀ। ਹੱਥ ਵਿਚ ਅਖਬਾਰ, ਦਮਕਦਾ ਚਿਹਰਾ ਤੇ ਪੂਰੇ ਖੁਸ਼। ਉਹਨਾਂ ਮਾਂ ਨੂੰ ਏਨਾ ਖੁਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ, ਝਟਪਟ ਕਾਰ ਖੜੀ ਕਰਕੇ ਉਸ ਵੱਲ ਵਧੇ।
ਵੇ ਪੁੱਤ! ਵਧਾਈਆਂ, ਭਗਵਾਨ ਨੇ ਮੇਰੀ ਝੋਲੀ ‘ਚ ਬਹੁਤ ਵੱਡੀ ਖੁਸ਼ੀ ਪਾਈ ਐ, ਵੇ ਜਿਉਂਦਾ ਰਹੁ ਬੱਚਿਆ!
“ਕੁਝ ਦੱਸੋਂ ਵੀ, ਕਿਹੜੀ ਖੁਸ਼ੀ ਨੇ ਮੇਰੀ ਮਾਂ ਨੂੰ”
“ਲੈ ਜਿਵੇਂ ਪਤਾ ਈ ਨੀ ਆਪਣੀ ਕਮਲ” ਸਾਹੋ-ਸਾਹ ਹੋਈ ਮਾਂ ਨੇ ਪੁੱਤ ਨੂੰ ਫਿਰ ਜੱਫੀ ਵਿੱਚ ਲੈ ਲਿਆ, ਆਪਣੀ ਕਮਲ ਆਈ.ਏ.ਐਸ. ਵਿਚ ਸੈਕਿੰਡ ਆਈ ਐ` ਪੋਤੀ ਦੀ ਪ੍ਰਾਪਤੀ ਉੱਤੇ ਦਾਦੀ ਲਗਭਗ ਚਣ ਹੀ ਲੱਗ ਪਈ।
ਬੀ ਜੀ! ਤੁਹਾਨੂੰ ਵੀ ਬਹੁਤ ਵਧਾਈਆਂ..ਸਭ ਤੁਹਾਡੀਆਂ ਅਸੀਸਾਂ ਦਾ ਫਲ ਐ? ਡਾਕਟਰ ਤੇ ਮਿਸਿਜ਼ ਮਲਹੋਤਰਾ ਮਾਂ ਦੇ ਪੈਰਾਂ ਉਤੇ ਝੁਕ ਗਏ।
ਮਾਂ ਨੇ ਫਿਰ ਪੁੱਤਰ ਨੂੰ ਜੱਫੀ ਪਾ ਲਈ, ਪੁੱਤਰ ਨੇ ਹੌਲੀ ਜਿਹੀ ਮਾਂ ਦੇ ਕੰਨ ਵਿਚ ਕਿਹਾ, ਜਿਸ ਦਿਨ ਕਮਲ ਜੰਮੀ ਸੀ, ਉਸ ਦਿਨ ਤਾਂ ਬੀ ਜੀ! ਤੁਸੀਂ ਕਿਹਾ ਸੀ ਕਿ ਬਹੂ ਨੇ ਪੱਥਰ ਜੰਮ ਦਿੱਤਾ ਯਾਦ ਐ?
ਪਰ ਮਾਂ ਉਸੇ ਲੋਰ ਵਿਚ ਬੋਲੀ, ਭਗਵਾਨ ਵੀ ਪਹਿਲਾਂ ਪੱਥਰ ਹੀ ਹੁੰਦੈ, ਉਸ ਨੂੰ ਘੜਤਰਾਸ਼ ਕੇ ਪੂਜਣਯੋਗ ਬਣਾ ਲਿਆ ਜਾਂਦੈ।

ਡਾ. ਬਲਦੇਵ ਸਿੰਘ ਖਹਿਰਾ

You may also like