ਸਿਆਣੇ ਕਹਿੰਦੇ ਨੇ ਕਿ ਭਾਨ ਜੋੜਦੇ ਰਹੋ ਤਾਂ ਵੱਡੀ ਰਕਮ ਵੀ ਜੁੜ ਜਾਵੇਗੀ ,ਨਿੱਕੀਆਂ ਨਿੱਕੀਆਂ ਗੱਲਾਂ ਜ਼ਿੰਦਗੀ ਨੂੰ ਸੋਹਣਾ ਬਣਾਉਂਦੀਆਂ ਨੇ ,ਖੁਸ਼ ਹੋਣ ਲਈ ਕਿਸੇ ਵੱਡੀ ਗੱਲ ਦੇ ਵਾਪਰਨ ਦੀ ਉਡੀਕ ਵਿੱਚ ਦੁਖੀ ਮਨੁੱਖ ਖੁਸ਼ ਕਿਵੇ ਰਹਿ ਸਕਦਾ ਏ !
ਅੰਦਰੋ ਭਰਪੂਰ ਇਨਸਾਨ ਜੋ ਅਨਹਦ ਨਾਦ ਨਾਲ ਜੁੜ ਗਿਆ ਤਾਂ ਇਹ ਨਹੀ ਸੋਚਦਾ ਕਿ ਪਹਾੜ ਦੀ ਚੋਟੀ ਤੇ ਪਹੁੰਚ ਕੇ ਖੁਸ਼ ਹੋਵੇਗਾ, ਉਹ ਤਾਂ ਓਥੇ ਪਹੁੰਚਣ ਲਈ ਕੀਤੇ ਸਫਰ ਦੌਰਾਨ ਵੀ ਵਜਦ ਵਿੱਚ ਰਹੇਗਾ , ਨੱਚਦਾ ਗਾਉਂਦਾ ਈ ਜਾਵੇਗਾ ,ਆਪਣਾ ਸਫਰ ਤਾਂ ਸੁਹਾਵਣਾ ਕਰੇਗਾ ਈ , ਨਾਲ ਦੂਜਿਆਂ ਦੀ ਥਕਾਣ ਵੀ ਲਾਹ ਦੇਵੇਗਾ ।
ਖੁਦਾ ਦੇ ਰੰਗ ਵਿੱਚ ਰੰਗੇ ਮਨੁੱਖ ਨੇ ਇੱਕ ਦਿਨ ਬੈਂਗਣ ਲੱਗਾ ਤੱਕਿਆ ਬੂਟੇ ਨੂੰ, ਸਵੇਰ ਦੀ ਧੁੱਪ ਵਿੱਚ ਜੋ ਬੇਹੱਦ ਸੋਹਣਾ ਦਿਸ ਰਿਹਾ ਸੀ। ਨਿਰਮਲ ਰੂਹ ਇਨਸਾਨ ਹੱਥ ਜੋੜ ਕੇ ਵਜਦ ਵਿੱਚ ਆ ਗਿਆ , ਅੱਖਾਂ ਛਲ਼ਕ ਪਈਆਂ ਤੇ ਬੋਲਿਆ,”ਹੇ ਪ੍ਰਭੂ !ਤੁਸੀਂ ਬੈਂਗਣ ਦੇ ਰੂਪ ਵਿੱਚ ਕਿੰਨੇ ਸੋਹਣੇ ਲੱਗ ਰਹੇ ਓ, ਵਾਹ “
ਇੱਕ ਪ੍ਰੇਮ ਵਿੱਚ ਭਿੱਜੇ ਹਿਰਦੇ ਵਾਲੀ ਮੁਟਿਆਰ ਸਵੇਰੇ।ਸਵੇਰੇ ਖੂਹ ਤੋ ਪਾਣੀ ਭਰਨ ਗਈ ਜੋ ਘਰ ਦੇ ਨੇੜੇ ਸੀ , ਜਦ ਵੇਖਿਆ ਤਾਂ ਬਾਲਟੀ ਖਿੱਚਣ ਵਾਲੀ ਰੱਸੀ ਨੂੰ ਇਸ਼ਕ ਪੇਚੇ ਦੀ ਵੇਲ ਨੇ ਵਲ ਪਾਏ ਹੋਏ ਸਨ ਤੇ ਬੜੇ ਈ ਸੋਹਣੇ ਫੁੱਲ ਵੀ ਖਿੜ ਗਏ ਸਨ ਰਾਤੋ ਰਾਤ , ਵੇਖਕੇ ਮੁਟਿਆਰ ਦੀ ਤਾੜੀ ਲੱਗ ਗਈ , ਫਿਰ ਕਿਸੇ ਦੂਰ ਦੇ ਖੂਹ ਤੋ ਪਾਣੀ ਭਰ ਲਿਆਈ, ਰੱਸੀ ਨੂੰ ਲਿਪਟੀ ਵੇਲ ਨੂੰ ਲਾਹ ਕੇ ਵਗਾਹ ਮਾਰਨ ਦਾ ਹੀਆ ਨਾ ਕਰ ਸਕੀ ।
ਘਰ ਸੁਖ ਵੱਸਿਆ ਬਾਹਰਿ ਸੁਖ ਪਾਇਆ ।
ਤੇ ਘਰ ਵਾਲਾ ਸੁਖ ਸੰਗਮਰਮਰੀ ਇਮਾਰਤ ਦੇ ਅੰਦਰ ਲੱਗੀ ਮਖਮਲੀ ਸੇਜ ਤੇ ਪੈ ਕੇ ਈ ਨਸੀਬ ਹੋਵੇ , ਇਹ ਜਰੂਰੀ ਨਹੀਂ , ਓਹ ਘਰ ਤਾਂ ਇਹ ਸਰੀਰ ਏ, ਜਿਸ ਵਿੱਚ ਰਹਿਣ ਵਾਲੀ ਜੀਵ ਆਤਮਾ ਨੀਲੇ ਅਸਮਾਨ ਹੇਠਾਂ ਰਹਿ ਕੇ ਵੀ ਖੁਸ਼ ਰਹਿ ਸਕਦੀ ਏ, ਪੱਥਰਾਂ ਤੇ ਸੌ ਕੇ ਵੀ ਯਾਰੜੇ ਦੇ ਸੱਥਰ ਨੂੰ ਚੰਗਾ ਕਹਿ ਸਕਦੀ ਏ ।ਅਗਰ ਜਿਊਣ ਦਾ ਵੱਲ ਆ ਜਾਵੇ ਤਾਂ , ਖੁਦ ਨੂੰ ਪਿਆਰ ਕਰਨ ਵਾਲਾ ਮਨੁੱਖ ਦੂਜਿਆਂ ਲਈ ਵੀ ਪਿਆਰ ਨਾਲ ਭਰਪੂਰ ਰਹਿ ਸਕਦਾ ਏ, ਦੁੱਖ ਵਿੱਚ ਸੁੱਖ ਮਨਾ ਸਕਦਾ ਏ ।ਛੋਟੀਆਂ ਛੋਟੀਆਂ ਗੱਲਾਂ ਤੋ ਖੁਸ਼ੀ ਇਕੱਠੀ ਕਰ ਸਕਦਾ ਏ ।ਹਰ ਹਾਲ ਖੁਸ਼ ਰਹਿ ਸਕਦਾ ਏ ।
486
previous post