ਚੰਗਾ ਨਹੀਂ ਕੀਤਾ

by admin
ਕਰਮਜੀਤ ਦਾ ਮੂਡ ਅੱਜ ਬੜਾ ਵਧੀਆ ਸੀ । ਉਹ ਆਪਣਾ ਮਨਪਸੰਦ ਗੀਤ ਗੁਣ ਗੁਣਾ ਰਿਹਾ ਸੀ । ਮੋਰਚਾ ਹੀ ਵੱਡਾ ਫਤਿਹ ਕੀਤਾ ਸੀ । ਭਾਈ ਕੇ ਪਿੰਡ ਵਿੱਚ ਸ਼ਾਹੂਕਾਰ ਵੱਲੋਂ ਲਿਆਂਦੀ ਕੁਰਕੀ ਨੂੰ ਵੱਡੇ ਸੰਘਰਸ਼ ਬਾਅਦ ਨਾ ਕੇਵਲ ਅਸਫਲ ਬਣਾਇਆ ਸੀ , ਸਗੋਂ ਦੋਹਾਂ ਧਿਰਾਂ ਵਿੱਚ ਸਮਝੋਤਾ ਵੀ ਕਰਵਾ ਦਿੱਤਾ ਸੀ । ਨਹਾ ਕੇ ਉਹ ਟੀ.ਵੀ. ਮੂਹਰੇ ਆ ਬੈਠਿਆ ।ਕਾਕਾ ਗੀਤ ਸੁਣੀ ਜਾਂਦਾ ਸੀ । “ਕਦੇ ਪੜ ਵੀ ਲਿਆ ਕਰ ਸਾਰਾ ਦਿਨ ਆਹ ਲੜਨ ਲੜਾਉਣ ਵਾਲੇ ਗੀਤ ਸੁਣਦਾ ਰਹਿਣਾ” ਉਸਨੇ ਕਾਕੇ ਨੂੰ ਕੀਤਾ ਤਾਂ ਉਹ ਰੀਮੋਟ ਰੱਖ ਕੇ ਅੰਦਰ ਭੱਜ ਗਿਆ । ਉਸਨੇ ਆਪਣੀ ਘਰ ਵਾਲੀ ਨੂੰ ਆਵਾਜ ਮਾਰੀ, “ਲਿਆੳ ਵੀ ਰੋਟੀ, ਰਸੌਈ ਵਿੱਚ ਮੋੜਵਾ ਉੱਤਰ ਆਇਆ” ਆਈ ਜੀ । ਉਹਨੇ ਟਾਈਮ ਦੇਖਿਆ ਸੱਤ ਵੱਜ ਕੇ ਪੰਜ ਮਿੰਟ ਹੋਏ ਸੀ । ਚਲੋ ਸਾਢੇ ਸੱਤ ਵਾਲੀਆਂ ਖਬਰਾਂ ਦੇਖਦੇ ਹਾਂ । ਉਸਨੇ ਸੋਚਦੇ ਹੋਏ ਟੀ.ਵੀ. ਉਸਨੇ ਖਬਰਾਂ ਵਾਲੇ ਚੈਨਲ ਤੇ ਲਾ ਲਿਆ ।ਗੁੱਡੀ ਰੋਟੀ ਵਾਲੀ ਥਾਲੀ ਲੈ ਆਈ ।ਉਸ ਨੇ ਦਾਲ ਵਿੱਚ ਪਿ​_ਆ ਘਿਉ ਬੁਰਕੀ ਤੋੜ ਕੇ ਰਲਾਇਆ ਤੇ ਗਰਾਹੀ ਮੂੰਹ ਵਿੱਚ ਪਾਈ । ਉਹ ਆਨੰਦ ਨਾਲ ਸਰੋਬਰ ਹੋ ਗਿਆ । ਉਸ ਨੇ ਸੋਚਿਆ, “ ਕਿਰਤ ਦਾ ਫਲ ਕਿੰਨਾ ਮਿੱਠਾ ਹੁੰਦਾ।” ਉਸ ਨੇ ਹਾਲੇ ਇਕ ਰੋਟੀ ਹੀ ਖਾਦੀ ਸੀ ਕਿ ਖਬਰਾਂ ਦਾ ਬੁਲੇਟਿਨ ਸ਼ੁਰੂ ਹੋ ਗਿਆ । ਖੂਬਸੂਰਤ ਨਿਊਜ ਰੀਡਰ ਨੇ ਮੁੱਖ ਖਬਰਾਂ ਪੜਨੀਆਂ ਸ਼ੁਰੁ ਕਰ ਦਿੱਤੀਆਂ । ਕਰਮਜੀਤ ਬੇਧਿਆਨੀ ਨਾਲ ਉਨਾਂ ਨੂੰ ਸੁਣ ਰਿਹਾ ਸੀ । ਪ੍ਰਧਾਨ ਮੰਤਰੀ ਨੇ ਇਹ ਕਿਹਾ, ਮੁੱਖ ਮੰਤਰੀ ਨੇ ਉਹ ਕਿਹਾ, ਫਲਾਨੇ ਲੀਡਰ ਨੇ ਇਹ ਕਿਹਾ । ਉਸ ਨੇ ਸੋਚਿਆ ਉਹ ਰੋਜਾਨਾ ਦੀ ਨਾਟਕ ਬਾਜੀ । ਉਸ ਨੇ ਦੂਜੀ ਰੋਟੀ ਦੀ ਪਹਿਲੀ ਬੁਰਕੀ ਮੂੰਹ ਵਿੱਚ ਹੀ ਪਾਈ ਸੀ ਕਿ ਨੀਊਜ ਰੀਡਰ ਦੀ ਅਵਾਜ ਸੀਸੇ ਵਾਂਗ ਉਸਦੇ ਕੰਨਾਂ ਵਿੱਚ ਉੱਤਰ ਗਈ । ਪ੍ਰਸਿੱਧ ਗਾਇਕ ਸ਼ਿੰਦਾ ਸ਼ੋਕੀਨ ਦੀ ਭੇਦ ਭਰੇ ਹਾਲਤਾਂ ਵਿੱਚ ਮੌਤ । ਉਸਨੇ ਤ੍ਰਿਬਕ ਸਰ ਉੱਪਰ ਚੁੱਕਿਆ । ਉਹ ਟੀ.ਵੀ. ਦੀ ਸਕਰੀਨ ਵੱਲ ਇਸ ਤਰਾਂ ਝਾਕਿਆ ਜਿਵੇਂ ਨਿਊਜ ਰੀਡਰ ਦੁਬਾਰਾ ਕਹੇਗੀ ਕਿ ਇਹ ਗਲਤੀ ਨਾਲ ਬੋਲਿਆ ਗਿਆ ।
ਨਿਊਜ ਰੀਡਰ ਨੇ ਵਿਸਥਾਰ ਨਾਲ ਖਬਰਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਸੀ । ਪਰ ਉਹ ਭੋਚੱਕਾ ਬੈਠਾ ਟੀ.ਵੀ. ਵੱਲ ਇਉਂ ਦੇਖੀ ਜਾ ਰਿਹਾ ਸੀ । ਮੂੰਹ ਵਾਲੀ ਬੁਰਕੀ ਉਹ ਨਿਗਲਨੀ ਭੁੱਲ ਗਿਆ ਸੀ । ਉਸ ਨੇ ਮੁਸ਼ਕਲ ਨਾਲ ਗਰਾਹੀ ਸੰਘ ਹੇਠ ਲੰਘਾਈ । ਰੋਟੀ ਦੀ ਥਾਲੀ ਉਹਨੇ ਪਰੇ ਰੱਖ ਦਿੱਤੀ । ਅੰਤਰ ਰਾਸ਼ਟਰੀ ਖਬਰਾਂ ਤੋਂ ਬਾਅਦ ਛਿੰਦਾ ਸ਼ੌਕੀ ਦੀ ਖਬਰ ਉਸ ਨੇ ਧਿਆਨ ਨਾਲ ਸੁਣੀ । ਦੱਸਿਆ ਗਿਆ ਕਿ ਉਸ ਨੇ ਘਰ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ । ਪੁਲਿਸ ਕਾਰਨਾਂ ਦੀ ਜਾਂਚ ਕਰ ਰਹੀ ਹੈ । ਕਰਮਜੀਤ ਦੀਆਂ ਅੱਖਾਂ ਵਿੱਚੋਂ ਹੰਝੂ ਪਰਲ ਪਰਲ ਵਹਿ ਰਹੇ ਸੀ । । ਉਸ ਦਾ ਯਾਰ ਹਮੇਸ਼ਾ ਚੜ੍ਹਦੀ ਕਲਾ ਵਾਲਾ ਬੰਦਾ ਇਸ ਤਰਾਂ ਕਿਵੇਂ ਕਰ ਸਕਦਾ । ਪਿਛਲੇ ਸਾਲ ਜਦੋਂ ਉਸ ਦੇ ਜਵਾਨ ਪੁੱਤ ਰਵੀ ਦੀ ਮੌਤ ਹੋ ਗਈ ਸੀ ਤਾਂ ਉਸਨੇ ਉਸਦੀਆਂ ਅੱਖਾਂ ਤੇ ਸਰੀਰ ਦੇ ਅੰਗ ਦਾਨ ਕਰ ਦਿੱਤੇ ਸੀ । ਜਦੋਂ ਉਹ ਅਫਸੋਸ ਕਰਨ ਗਿਆ ਤਾਂ ਬੋਲਿਆ ਤਾਂ ਛਿੰਦੇ ਨੇ ਕਿਹਾ ਸੀ, “ ਭਰਾਵਾ ਆਪਣਾ ਰਵੀ ਹੁਣ ਪੰਜ ਸਰੀਰਾਂ ਵਿੱਚ ਜਿਉਂਦਾ।” ਹਮੇਸ਼ਾ ਸੰਘਰਸ਼ ਦੀ ਗੱਲ ਕਰਨ ਵਾਲਾ ਛਿੰਦਾ ਕਦੇ ਵੀ ਮਨ ਡਲਾਉਣ ਵਾਲੀ ਗੱਲ ਨਹੀ ਕਰਦਾ ਸੀ । ਭਾਵੇਂ ਕਰਮਜੀਤ ਜਾਣਦਾ ਸੀ ਕਿ ਬਹੁਤ ਸੰਵੇਦਨਸ਼ੀਲ ਹੈ । ਉਹ ਉਸ ਨੂੰ ਅਖਰੋਟ ਵਰਗਾ ਲੱਗਦਾ, ਬਾਹਰੋਂ ਸਖਤ ਪਰ ਅੰਦਰੋਂ ਬਹੁਤ ਨਰਮ । ਜਦੋਂ ਉਹ ਸਟੇਜਾਂ ਤੇ ਗਾਂਉਦਾ ਤਾਂ ਹਮੇਸ਼ਾ ਸੰਘਰਸ਼ ਤੇ ਕਿਰਤ ਦੀ ਗੱਲ ਕਰਦਾ ਸੀ । ਉਸਨੇ ਆਪਣੇ ਲਈ ਗਾਇਕੀ ਰਾਹੀਂ ਸਮਾਜ ਸੇਵਾ ਦਾ ਬੀੜਾ ਚੁੱਕਿਆ ਹੋਇਆ ਸੀ । ਆਪਣੇ ਆਦਰਸ਼ਾ ਲਈ ਉਸਨੇ ਕਦੇ ਲੱਚਰਤਾ ਵੱਲ ਮੂੰਹ ਨਹੀ ਕੀਤਾ ਸੀ । ਨਹੀ ਤਾਂ ਇੰਨੇ ਸੁਰੀਲੇ ਗਾਇਕ ਲਈ ਪੈਸਾ ਕਮਾਉਣਾ ਬਹੁਤੀ ਵੱਡੀ ਗੱਲ ਨਹੀ ਸੀ ।
ਉਸ ਨੂੰ ਯਾਦ ਆਇਆ ਜਦੋਂ ਛਿੰਦੇ ਨੇ ਉਸ ਦਾ ‘ਦੂਸਰੇ ਜਨਮ ਦੀ ਖੁਸ਼ੀ ਵਿੱਚ ਪਾਰਟੀ’ ਦਾ ਕਾਰਡ ਪੜਿਆ ਤਾਂ ਉਹਹ ਬਹੁਤ ਹੱਸਿਆ ਸੀ । ਉਸਨੇ ਉਸ ਸਮੇਂ ਕਰਮਜੀਤ ਨੂੰ ਫੌਨ ਕੀਤਾ । ਹੱਸਦੇ ਹੱਸਦੇ ਪੁੱਛਿਆ, “ ਫੇਰ ਪੈਗ ਸ਼ੇੱਗ ਦਾ ਕੀ ਪ੍ਰਬੰਧ ਹੈ।” ਤਾਂ ਕਰਮਜੀਤ ਨੇ ਕਿਹਾ ਸੀ, “ ਦੂਸਰੇ ਜਨਮ ਦੀ ਪਾਰਟੀ ਵਿੱਚ ਹਰ ਚੀਜ ਮਿਲੂ , ਬੱਸ ਤੇਰੇ ਗੀਤਾਂ ਦੀ ਛਹਿਬਰ ਲੱਗਣੀ ਚਾਹੀਦੀ ਹੈ।” ਜਦੋਂ ਉਸ ਨੇ ਕਰਮਜੀਤ ਨੂੰ ਪੁੱਛਿਆ, “ ਆਹ ਦੂਸਰੇ ਜਨਮ ਵਾਲਾ ਕੀ ਚੱਕਰ ਹੈ।ਕਿਵੇਂ ਪਿਛਲਾ ਜਨਮ ਯਾਦ ਆ ਗਿਆ।” ਉਸਦੀ ਗੱਲ ਸੁਣ ਕੇ ਕਰਮਜੀਤ ਪਹਿਲਾਂ ਤਾਂ ਜੋਰ ਦੀ ਹੱਸਿਆ, “ ਤੂੰ ਆਈ ਫੇਰ ਗੱਲ ਕਰਾਂਗਾ।” ਅਸਲ ਗੱਲ ਇਹ ਸੀ ਕਿ ਨੰਦਪੁਰੀ ਪਿੰਡ ਤਾਂ ਉਹਦੇ ਬੱਚਿਆਂ ਦਾ ਨਾਨਕਾ ਪਿੰਡ ਸੀ । ਯੂਨੀਅਨ ਵਿੱਚ ਕੰਮ ਕਰਨ ਕਰਕੇ ਇਹ ਨਾਮ ਉਸ ਨਾਲ ਜੁੜ ਗਿਆ ਸੀ। ਪਰ ਅਸਲ ਪਿੰਡ ਤਾਂ ਮੋੜ ਹੈ । ਬਾਪੂ ਨਾਲ ਸਬੰਧ ਠੀਕ ਨਹੀ ਰਹੇ ਤਾਂ ਉਹ ਉਸਨੂੰ ਹਿੱਸਾ ਦੇਣ ਤੋਂ ਮੁਨਕਰ ਹੋ ਗਿਆ । ਬੱਸ ਇਕ ਰੱਟ ਲਾਈ ਰੱਖੀ, “ ਮੇਰੇ ਮਰਨ ਤੋਂ ਬਾਅਦ ਹੀ ਹਿੱਸਾ ਮਿਲੂ, ਚੁੱਪ ਕਰਕੇ ਕੰਮ ਕਰੀ ਚੱਲ, ਨਹੀ ਤਾਂ ਡੰਡੀ ਰਗੜ।” ਅਸਲ ਵਿੱਚ ਬਾਪੂ ਪੜ ਕੇ ਨੌਕਰੀ ਨਾਂ ਕਰਨ ਤੋਂ ਔਖਾ ਸੀ । ਕਾਲਜ ਵਿੱਚ ਸਟੂਡੈਂਟ ਐਸੋਸੀਏਸਨ ਵਿੱਚ ਕੰਮ ਕਰਨ ਕਰਕੇ ਇਕ ਤਾਂ ਬਾਪੂ ਵੈਸੇ ਹੀ ਤੜਿੰਗ ਰਹਿੰਦਾ ਸੀ । ਉਪਰੋਂ ਬੀ.ਏ. ਵਿੱਚ ਨੰਬਰ ਘੱਟ ਆਏ । ਬਾਪੂ ਲਈ ਬੀ.ਏ. ਵੱਡੀ ਪੜਾਈ ਸੀ । ਪਰ ਉਹ ਨਹੀ ਜਾਣਦਾ ਸੀ ਕਿ ਇਹ ਪੜਾਈ ਕਿਸੇ ਨੌਕਰੀ ਲਈ ਯੋਗ ਨਹੀ ਸੀ । ਬਾਪੂ ਸਾਰਾ ਦਿਨ ਖਿਝੀਆ ਰਹਿੰਦਾ । ਭੂਆ ਨੇ ਬੁਰਜ ਤੋਂ ਸੁਖਵਿੰਦਰ ਦਾ ਰਿਸ਼ਤਾ ਕਰਵਾ ਦਿੱਤਾ । ਪੰਜ ਕਿਲਿਆਂ ਵਿੱਚ ਇਕੱਲੀ ਕੁੜੀ ਦਾ ਰਿਸ਼ਤਾ ਬਾਪੂ ਨੇ ਝੱਟ ਕਬੂਲ ਕਰ ਲਿਆ । ਬਾਰਾਂ ਸਾਲ ਲੰਘ ਗਏ ਉਹ ਖੇਤੀ ਦੇ ਕੰਮ ਵਿੱਚ ਖੁਬ ਗਿਆ । ਉਸਦੇ ਘਰ ਗੁੱਡੀ ਤੇ ਕਾਕੂ ਆ ਚੁੱਕੇ ਸਨ । ਜਦੋਂ ਉਸਨੇ ਦੇਖਿਆ ਵੀ ਸਾਂਝੇ ਘਰ ਵਿੱਚ ਬੱਚਿਆਂ ਦੀ ਪੜਾਈ ਲਿਖਾਈ ਠੀਕ ਨਹੀ ਹੋ ਰਹੀ ਤਾਂ ਉਸਨੇ ਬਾਪੂ ਨੂੰ ਅਰਜ ਕੀਤੀ ਵੀ ਉਸ ਨੂੰ ਹਿੱਸਾ ਦੇ ਕੇ ਅੱਡ ਕਰ ਦੇ । ਪਰ ਜਦੋਂ ਸਹੁਰਿਆਂ ਵਾਲਾ ਪੰਜ ਕਿਲੇ ਬਾਪੂ ਆਪਣੀ ਜਮੀਨ ਵਿੱਚ ਜੋੜ ਕੇ ਉਹਨਾਂ ਤਿੰਨਾਂ ਭਰਾਵਾਂ ਵਿੱਚ ਬਰਾਬਰ ਵੰਡਣ ਦੀ ਗੱਲ ਕੀਤੀ ਤਾਂ ਉਸਨੂੰ ਬੇਇਨਸਾਫੀ ਪ੍ਰਤੀਤ ਹੋਈ । ਕਰਮਜੀਤ ਨੂੰ ਇਹ ਸੁਖਵਿੰਦਰ ਨਾਲ ਧੱਕਾ ਲੱਗਦਾ । ਨਿੱਤ ਕਲੇਸ਼ ਹੋਣ ਲੱਗਾ । ਹੋਲੀ ਹੋਲੀ ਬਾਪੂ ਕੋਰੇ ਜਵਾਬ ਤੇ ਆ ਗਿਆ । ਬਾਪੂ ਤੇ ਉਸਦੇ ਰਿਸ਼ਤੇ ਉਸ ਮੌੜ ਤੇ ਪਹੁੰਚ ਗਏ ਕਿ ਕਈ ਵਾਰੀ ਉਸ ਨੂੰ ਲੱਗਦਾ ਘਰ ਦਾ ਕੋਈ ਜੀਅ ਨਾਂ ਨੁਕਸਾਨਿਆਂ ਜਾਵੇ । ਜਦੋਂ ਇਸ ਵਿਸ਼ੇ ਤੇ ਗੱਲ ਛਿੜਦੀ ਤਾਂ ਦੋਵੇਂ ਭਰਾ ਬਾਪੂ ਨਾਲ ਜਾ ਖੜਦੇ । ਉਸਨੇ ਮਾਮੇ , ਫੁੱਫੜ ਤੱਕ ਪਹੁੰਚ ਕੀਤੀ । ਪਰ ਬਾਪੂ ਦੇ ਕੱਬੇ ਸੁਭਾਅ ਸਾਹਮਣੇ ਕਿਸੇ ਨੇ ਗੱਲ ਕਹਿਣ ਦਾ ਹੀਆਂ ਹੀ ਨਹੀ ਕੀਤਾ । ਅੱਕ ਸੁਖਵਿੰਦਰ ਦੇ ਜੋਰ ਦੇਣ ਤੇ ਉਹ ਗੁੱਡੀ ਤੇ ਕਾਕੇ ਨੂੰ ਲੈ ਕੇ ਨੰਦਪੁਰੀ ਆ ਗਏ ।
ਨੰਦਪੁਰੀ ਵਾਲਿਆਂ ਨੇ ਜੁਆਈ ਭਾਈ ਵਜੋਂ ਪੂਰਾ ਮਾਣ ਦਿੱਤਾ । ਇੱਥੈ ਯੂਨੀਅਨ ਦਾ ਚੰਗਾ ਗਰੁੱਪ ਕੰਮ ਕਰਦਾ ਸੀ । ਉਹ ਵੀ ਉਹਨਾਂ ਨਾਲ ਜੁੜ ਗਿਆ । ਜਿੰਦਗੀ ਆਪਣੀ ਲੀਹ ਤੇ ਆ ਗਈ । ਅੱਠ ਸਾਲਾਂ ਵਿੱਚ ਉਸਨੇ ਯੂਨੀਅਨ ਦੀ ਸੰਘਰਸ਼ ਵਿੱਚ ਵਧ ਚੜ੍ਹ ਕੇ ਭਾਗ ਲਿਆ । ਪੜਿਆ ਲਿਖਿਆਂ ਹੋਣ ਕਰਕੇ ਉਹ ਜਲਦੀ ਤਰੱਕੀ ਕਰਦਾ ਜਿਲ੍ਹਾ ਸਕੱਤਰ ਬਣ ਗਿਆ । ਦੋਸਤਾਂ ਨਾਲ ਦੁਸ਼ਮਣ ਵੀ ਪੈਦਾ ਹੋ ਗਏ । ਇਸ ਸਮੇਂ ਹੀ ਉਸਦੀ ਤੇ ਛਿੰਦੇ ਦੀ ਦੋਸਤੀ ਪ੍ਰਵਾਣ ਚੜੀ ਸੀ । ਉਹ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪ੍ਰੌਗਰਾਮ ਕਰਦੇ । ਉਹ ਸਟੇਜ ਤੇ ਗੜਕਦਾ ਕਿਸਾਨਾਂ ਨੂੰ ਮਰਨ ਦੀ ਬਜਾਏ ਸੰਘਰਸ਼ ਲਈ ਲਲਕਾਰਦਾ ਤਾਂ ਛਿੰਦਾ ਆਪਣੇ ਗੀਤਾਂ ਤੇ ਕਵਿਤਾਵਾਂ ਰਾਹੀਂ ਉਹਨਾਂ ਨੂੰ ਹਲੂਣਦਾ । ਦੋਵੇਂ ਲੋਕ ਲਹਿਰ ਬਣਾਂਉਣ ਲਈ ਯਤਨ ਕਰਦੇ । ਪਰ ਖੀਸੇ ਉਹਨਾਂ ਦੇ ਵੀ ਖਾਲੀ ਸਨ । ਪਰ ਉਹ ਆਪਣੇ ਮਿਸ਼ਨ ੁਿਵੱਚ ਜੀ ਜਾਨ ਨਾਲ ਜੁਟੇ ਹੋਏ ਸਨ । ਉਧਰ ਘਰ ਵਿੱਚ ਤੰਗੀਆਂ ਤੁਰਸੀਆਂ ਵੀ ਉਸਨੂੰ ਨਹੀ ਡੁਲਾਂਉਦੀਆਂ ਸਨ । ਗੁੱਡੀ ਤਾਂ ਸੁੱਖ ਨਾਲ ਸੋਲਾਂ ਸਾਲ ਦੀ ਹੋ ਗਈ । ਬਾਰਵੀਂ ਪਾਸ ਕਰ ਲਈ ਸੀ । ਪੜਨ ਵਿੱਚ ਚੰਗੀ ਸੀ ਪਰ ਉਹ ਉਸਨੂੰ ਈ.ਟੀ.ਟੀ. ਦੀ ਫੀਸ ਨ੍ਹੀ ਭਰ ਸਕਿਆ ਸੀ । ਜਦੋਂ ਉਹ ਗੁੱਡੀ ਦਾ ਮਸੋਸਿਆ ਚਿਹਰਾ ਦੇਖਦਾ ਤਾਂ ਉਸਨੂੰ ਝਟਕਾ ਲੱਗਦਾ । ਕਾਕਾ ਵੀ ਦਸਵੀਂ ਵਿੱਚ ਪੜ੍ਹਦਾ ਸੀ । ਪਰ ਉਸ ਦੀ ਲੀਡਰੀ ਕਰਕੇ ਖੇਤੀ ਦਾ ਕੰਮ ਕਾਕੇ ਨੂੰ ਵੀ ਕਰਨਾ ਪੈਂਦਾ ਸੀ । ਪੰਜ ਕਿਲੇ ਪਰਿਵਾਰ ਦਾ ਭਾਰ ਚੁੱਕਣ ਤੋਂ ਅਸਮਰਥ ਸਨ । ਕਰਜੇ ਦੀ ਪੰਡ ਭਾਰੀ ਹੋਈ ਜਾਂਦੀ ਸੀ । ਬੈਂਕ ਦੀ ਲਿਮਿਟ, ਆੜ੍ਹਤੀਆਂ ਦਾ ਕਰਜਾ, ਰੇਹ ਸਪਰੇਅ ਦਾ ਕਰਜਾ, ਲੀੜਾ ਕੱਪੜਾ ਉਹਦੇ ਮੋਟਰ ਸਾਇਕਲ ਲਈ ਨਿੱਤ ਦਾ ਤੇਲ ਇਹ ਹਰ ਰੋਜ ਸੁਖਵਿੰਦਰ ਨੂੰ ਸੋਣ ਨਹੀ ਦਿੰਦੇ ਸਨ । ਸੁਖਵਿੰਦਰ ਉਸਨੂੰ ਵੀ ਅਕਸਰ ਹਲੂਣਦੀ । ਪਹਿਲਾਂ ਪਹਿਲਾਂ ਤਾਂ ਉਸਨੇ ਧਿਆਨ ਨਾ ਦਿੱਤਾ ਪਰ ਹੋਲੀ ਹੋਲੀ ਉਸ ਤੇ ਅਸਰ ਹੋਣ ਲੱਗਾ । ਉਸਨੇ ਦੇਖਿਆ ਕੀ ਆਈ ਚਲਾਈ ਪਤਾ ਨਹੀ ਕਿਵੇਂ ਚੱਲੀ ਜਾਂਦੀ ਹੈ । ਕਬੀਲਦਾਰੀ ਤਾਂ ਖੜੀ ਫਸਲ ਨੂੰ ਬੀਜਣ ਵੇਲੇ ਹੀ ਮੁਕਾ ਦਿੰਦੀ ਹੈ । ਰਾਤਾਂ ਦੀ ਨੀਂਦ ਉਸਦੀਆਂ ਅੱਖਾਂ ਵਿੱਚੋਂ ਗਾਇਬ ਹੋਣ ਲੱਗੀ । ਉਹ ਪਿਆ ਸੋਚਦਾ ਰਹਿੰਦਾ ਇਸ ਸੰਕਟ ਵਿੱਚੋਂ ਕਿਵੇਂ ਨਿੱਕਲੇ । ਉਹ ਸੋਚਦਾ ਕਦੇ ਮਾੜਾ ਕੰਮ ਨਹੀ ਕੀਤਾ, ਰੱਜ ਕੇ ਖਾਧਾ ਨਹੀ ਹੰਢਾਇਆ ਨਹੀ । ਇਹ ਕਰਜੇ ਦੀ ਪੰਡ ਫੇਰ ਵੀ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ । ਉਸਨੇ ਹੱਥ ਪੈਰ ਮਾਰਨੇ ਸ਼ੁਰੂ ਕੀਤੇ । ਬਾਪੂ ਤੱਕ ਫੇਰ ਰਿਸ਼ਤੇਦਾਰਾਂ ਰਾਹੀਂ ਦਬਾਅ ਪਾਉਣ ਲਈ ਯਤਨ ਕਰਨ ਲੱਗਾ । ਇਸ ਸਾਲ ਕਣਕ ਦੀ ਫਸਲ ਵੀ ਬੜੀ ਵਧੀਆਂ ਸੀ । ਉਸਨੇ ਸੋਚਿਆ ਜੇ ਬਾਪੂ ਦੇ ਮਨ ਮਿਹਰ ਪੈ ਜਾਵੇ ਤੇ ਫਸਲ ਚੰਗੀ ਲੱਗ ਜਾਵੇ ਤਾਂ ਅੱਧਾ ਭਾਰ ਤਾਂ ਹੋਲਾ ਹੋ ਹੀ ਜਾਊ । ਖੇਤ ਗੇੜਾ ਮਾਰਨ ਗਿਆ ਉਹ ਫਸਲ ਦੇਖ ਕੇ ਨਸ਼ਿਆ ਜਾਂਦਾ । ਬਾਪੂ ਵੱਲੋਂ ਤਾਂ ਕੋਈ ਸੁਨੇਹਾ ਨਹੀ ਮਿਲਿਆ ਸੀ । ਪਰ ਲਹਿਲਾਂਉਦੀ ਕਣਕ ਚੰਗਾ ਸੁਨੇਹਾ ਦਿੰਦੀ ਜਾਪਦੀ ਸੀ । ਇਕ ਦਿਨ ਆਥਣੇ ਉਹ ਸੋਚਦਾ ਘਰ ਗਿਆ ਲੈ ਵੀ ਅੱਧਾ ਚੇਤ ਤਾਂ ਲੰਘ ਗਿਆ ਬੱਸ ਮਹੀਨਾ ਹੋਰਸ ੁੱਖੀ ਸਾਂਦੀ ਲੰਘ ਜਾਵੇ । ਪਰ ਕੁਦਰਤ ਨੂੰ ਕਝ ਹੋਰ ਹੌ ਮਨਜੂਰ ਸੀ । ਪਤਾ ਨਹੀ ਕਿਧਰੋਂ ਬੱਦਲ ਆ ਜੁੜੇ । ਜਦੋਂ ਬੱਦਲ ਗਰਜਦੇ ਤਾਂ ਨਾਲ ਹੀ ਪੂਰੇ ਟੱਬਰ ਦਾ ਦਿਲ ਲਰਜਦਾ । ਤੇਜ ਹਵਾ ਨਾਲ ਗੜੇ ਪੂਰੇ ਜੋਰ ਨਾਲ ਵਰ ਪਏ । ਕਰਮਜੀਤ ਦਾ ਦਿਲ ਬੈਠ ਗਿਆ । ਪੂਰੀ ਰਾਤ ਮੀਂਹ ਪੈਂਦਾ ਰਿਹਾ ਤੇ ਉਹ ਮੰਜੇ ਦੀ ਵਾਹੀ ਫੜੀ ਬੈਠਾ ਰਿਹਾ । ਸਵੇਰੇ ਉਹ ਉੱਠਣ ਸਾਰ ਸਿੱਧਾ ਖੇਤ ਵੱਲ ਨੂੰ ਹੋ ਗਿਆ । ਸਾਰੇ ਪਿੰਡ ਦੀ ਫਸਲ ਖੇਤਾਂ ਵਿੱਚ ਵਿਛੀ ਪਈ ਸੀ । ਜਦੋਂ ਉਹ ਆਪਣੇ ਖੇਤ ਪਹੁੰਚਿਆ ਤਾਂ ਉਸ ਦਾ ਸਾਂਹ ਸੱਤ ਮੁੱਕ ਚੁੱਕਾ ਸੀ । ਉਹ ਕਿੰਨਾਂ ਚਿਰ ਧਰਤੀ ਤੇ ਬੈਠਾ ਮਿੱਟਿਆਂ ਨੂੰ ਸਹਿਲਾਂਉਦਾ ਰਿਹਾ । ਉਸ ਦੀਆਂ ਸੋਚਾਂ ਨੇ ਉਸਦੇ ਦਿਮਾਗ ਨੂੰ ਜਿਵੇਂ ਕੁੰਦ ਕਰ ਦਿੱਤਾ । ਉਸਨੂੰ ਲੱਗਿਆ ਜਿਵੇ ਸਾਰਾ ਖੁਨ ਉਸਦੇ ਦਿਮਾਗ ਨੂੰ ਚੜ ਗਿਆ । ਉਸ ਦੀਆਂ ਨਾੜਾ ਜਿਵੇਂ ਫੁੱਲ ਗਈਆਂ ਹੋਣ । ਉਹ ਭੱਜ ਕੇ ਕੋਠੇ ਵਿੱਚ ਗਿਆ । ਉਸ ਨੇ ਅਲਮਾਰੀ ਖੋਲੀ ਤਾਂ ਸਾਜਮਣੇ ਸਪਰੇਅ ਦਾ ਡੱਬਾ ਨਜਰ ਪਿਆ। ਉਸਨੇ ਭੱਜ ਕੇ ਉਸਨੂੰ ਚੁੱਕ ਲਿਆ । ਦੱਬਾ ਦਬ ਉਸਨੇ ਢੱਕਣ ਥੱਲੇ ਮਾਰਿਆ । ਹਾਲੇ ਉਸਨੇ ਡੱਬਾ ਮੂੰਹ ਕੋਲ ਹੀ ਕੀਤਾ ਸੀ ਕਿ ਫੌਨ ਦੀ ਘੰਟੀ ਖੜਕ ਪਈ । ਉਸਦੇ ਹੱਥ ਥਾਏ ਰੁੱਕ ਗਏ । ਉਸਨੇ ਜੇਬ ਵਿੱਚੋਂ ਫੌਨ ਕੱਢ ਕੇ ਦੇਖਿਆ ਤਾਂ ਸਵੀਟ ਹੋਮ ਦੇ ਨਾਂ ਤੇ ਫੀਡ ਕੀਤਾ ਘਰ ਦਾ ਨੰਬਰ ਫਲੈਸ਼ ਹੋ ਰਿਹਾ ਸੀ । ਜਰੂਰ ਸੁਖਵਿੰਦਰ ਹੋਵੇਗੀ । ਉਸਨੇ ਫੇਰ ਡੱਬੇ ਵੱਲ ਦੇਖਿਆ ਫਤੂਰ ਉਤਰਨਾ ਸ਼ੁਰੂ ਹੋ ਗਿਆ ਸੀ । ਉਸ ਨੇ ਸੋਚਿਆ ਜੇ ਉਹ ਮਰ ਗਿਆ ਤਾਂ ਕੀ ਹਾਲਾਤ ਠੀਕ ਹੋ ਜਾਣਗੇ । ਫੇਰ ਉਸਨੇ ਆਪ ਹੀ ਜਵਾਬ ਦਿੱਤਾ ‘ਨਹੀ’ । ਲੋਕ ਮੇਰੇ ਵਾਰੇ ਦਰਜਨਾਂ ਗੱਲਾਂ ਕਰਨਗੇ । ਗੁੱਡੀ ਦਾ ਵਿਆਹ ਮੁਸ਼ਕਿਲ ਹੋ ਜਾਵੇਗਾ । ਕਾਕਾ ਸਮੇਂ ਤੋਂ ਪਹਿਲਾਂ ਹੀ ਕਬੀਲਦਾਰੀ ਦੇ ਕੋਹਲੂ ਵਿੱਚ ਨਪੀੜਿਆਂ ਜਾਵੇਗਾ । ਸੁਖਵਿਦਰ ਤੇ ਦੁੱਖਾਂ ਦਾ ਪਹਾੜ ਟੁੱਟ ਜਾਵੇਗਾ । ਨਹੀ ਮਰਨਾਂ ਹੱਲ ਨਹੀ । ਸਭ ਤੋਂ ਵੱਡੀ ਗੱਲ ਤਾਂ ਇਹ ਹੋਵੇਗੀ ਕਿ ਜਦੋਂ ਕਿਸਾਨਾਂ ਨੂੰ ਪਤਾ ਲੱਗੂ ਕਿ ਉਹਨਾਂ ਦਾ ਲੀਡਰ ਆਤਮਘਾਤ ਕਰ ਗਿਆ ਤਾਂ ਉਹਨਾਂ ਲਈ ਇਹ ਸਭ ਤੋਂ ਵੱਡੀ ਨਮੋਸ਼ੀ ਹੋਵੇਗੀ । ਇੰਨਾਂ ਕੁਝ ਸੋਚ ਕੇ ਉਸਨੇ ਸਪਰੇ ਵਾਲਾ ਡੱਬਾ ਪਰੇ ਚਲਾ ਕੇ ਮਾਰਿਆ । ਫੌਨ ਲਗਾਤਾਰ ਵੱਜ ਰਿਹਾ ਸੀ । ਜਦੋਂ ਉਹ ਕੋਠੇ ਵਿੱਚੋਂ ਬਾਹਰ ਆਇਆ ਤਾਂ ਕਾਕਾ, ਗੁੱਡੀ ਤੇ ਸੁਖਵਿੰਦਰ ਵਾਹੋਦਾਰੀ ਖੇਤ ਵੱਲ ਭੱਜੇ ਆਂਉਦੇ ਨਜਰ ਆਏ । ਕਾਕਾ ਤੇ ਗੁੱਡੀ ਉਸਨੂੰ ਆ ਚਿੰਬੜੈ ਤੇ ਹੁੱਬਕੀ ਹੁੱਬਕੀ ਰੋਣ ਲੱਗੇ । ਬਿਨਾਂ ਚੁੰਨੀ ਤੋਂ ਖੜੀ ਸੁਖਵਿਦਰ ਪੁੱਛ ਰਹੀ ਸੀ, “ ਤੁਸੀ ਫੌਨ ਕਿੳਂ ਨਹੀ ਚੱਕ ਰਹੇ।” ਕਰਮਜੀਤ ਨੇ ਚੁੱਪ ਕਰਕੇ ਨੀਵੀਂ ਪਾ ਲਈ । ਉਸ ਘਟਨਾ ਤੋਂ ਬਾਅਦ ਉਸਨੇ ਯੂਨੀਅਨ ਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਬਾਪੂ ਨੂੰ ਮਨਾ ਹੀ ਲਿਆ । ਪਿੰਡ ਵਾਲੀ ਜਮੀਨ ਠੇਕੇ ਤੇ ਦੇ ਦਿੱਤੀ । ਕੁਝ ਦੋਸਤਾਂ ਮਿੱਤਰਾਂ ਦੀ ਮੱਦਦ ਨਾਲ ਬੈਂਕ ਤੋਂ ਬਿਨਾਂ ਸਾਰਾ ਲੈਣ ਦੇਣ ਨਬੇੜ ਲਿਆ । ਬੈਂਕ ਦੇ ਮੈਨੇਜਰ ਤੋਂ ਲਿਮਟ ਦੀਆਂ ਕਿਸ਼ਤਾਂ ਕਰਵਾ ਲਈਆਂ । ਫੇਰ ਉਸਨੇ ਸੋਚਿਆ ਇਸ ਘਟਨਾ ਨੂੰ ਵੀ ਇਕ ਉਦਾਹਰਣ ਬਣਾ ਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਰੋਕਣ ਲਈ ਵਰਤਿਆ ਜਾਵੇ । ਉਸਨੇ ‘ਦੂਸਰੇ ਜਨਮ ਦੀ ਖੁਸੀ ਵਿੱਚ ਪਾਰਟੀ ਦਾ ਪ੍ਰਬੰਧ ਕੀਤਾ।’ ਉਸਨੇ ਸਾਰੀ ਕਹਾਣੀ ਸਾਥੀਆਂ ਤੇ ਰਿਸ਼ਤੇਦਾਰਾਂ ਨੂੰ ਦੱਸ ਕੇ ਸੰਘਰਸ਼ ਕਰਨ ਲਈ ਪਰੇਰਿਆ । ਉਸ ਦਿਨ ਛਿੰਦੇ ਨੇ ਸਟੇਜ ਤੇ ਚੰਗਾ ਰੰਗ ਬੰਨਿਆ । ਖੁਦਕੁਸ਼ੀਆਂ ਨੂੰ ਰੋਕਣ ਲਈ ਆਪਣੀ ਨਵੀਂ ਕਵਿਤਾ ਪੜ੍ਹ ਕੇ ਸਾਰਿਆਂ ਦੇ ਲੂੰ ਕੰਡੇ ਖੜੇ ਕਰ ਦਿੱਤੇ । ਉਸ ਦਿਨ ਸ਼ਾਮ ਨੂੰ ਸਰੂਰ ਵਿੱਚ ਆਏ ਛਿੰਦੇ ਨੇ ਕਿਹਾ ਸੀ ਕਿ, “ ਦੇਖਲਾ ਬਾਈ ਮੇਰੀ ਇਕੱਲੀ ਕਵਿਤਾ ਹੀ ਆਪਣੇ ਸੰਘਰਸ਼ ਵਿੱਚ ਰੰਗ ਭਰ ਦਿੳ।”
ਫੌਨ ਦੀ ਖੜਕ ਰਹੀ ਘੰਟੀ ਨੇ ਕਰਮਜੀਤ ਨੂੰ ਸੋਚਾਂ ਦੇ ਸਾਗਰ ਤੋਂ ਬਾਹਰ ਕੱਢ ਲਿਆਂਦਾ । ਫੌਨ ਯੂਨੀਅਨ ਦੇ ਜੱਥੇਬੰਦਕ ਸਕੱਤਰ ਦਰਸ਼ਨ ਦਾ ਸੀ । ਉਸ ਨੇ ਫੋਨ ਦਾ ਸੁਣਨ ਵਾਲਾ ਬਟਨ ਨੱਪਿਆ, ਦਰਸ਼ਨ ਦੀ ਉਦਾਸ ਅਵਾਜ ਸੁਣਾਈ ਦਿੱਤੀ, “ ਤੂੰ ਆਹ ਛਿੰਦੇ ਵਾਲੀ ਮਨਹੂਸ ਖਬਰ ਸੁਣੀ।” ਕਰਮਜੀਤ ਨੇ ਜਵਾਬ ਦਿੱਤਾ, “ਹਾਂ ਹੁਣੇ ਟੀ.ਵੀ. ਤੇ ਦੇਖੀ ਹੈ।” ਦਰਸ਼ਨ ਦੀ ਅਵਾਜ ਫੇਰ ਸੁਣਾਈ ਦਿੱਤੀ, “ ਕੀ ਗੱਲ ਹੋ ਗਈ ਯਾਰ, ਛਿੰਦਾ ਰੰਗੀਲਾ ਬੰਦਾ ਸੀ, ਕੋਈ ਚੱਕਰ ਚੁੱਕਰ ਸੀ ਜਾਂ ਮੁੰਡੇ ਦਾ ਗਮ ਮਨ ਗਿਆ ਕਿ ਤੰਗੀਆਂ ਤੁਰਸੀਆਂ ਨੇ ਉਸਦੇ ਹੋਂਸਲੇ ਡੇਗ ਦਿੱਤੇ।” ਦਰਸ਼ਨ ਦੇ ਸ਼ਬਦਾਂ ਨੇ ਕਰਮਜੀਤ ਨੂੰ ਜਿਵੇਂ ਹਲੂਣ ਦਿੱਤਾ । ਉਹ ਆਪਣੀ ਹੀ ਧੁਨ ਵਿੱਚ ਬੋਲਿਆ, “ ਗੱਲ ਭਾਵੇਂ ਕੋਈ ਵੀ ਹੋਵੇ, ਕਾਰਣ ਭਾਵੇਂ ਕੋਈ ਵੀ ਹੋਣ, ਪਰ ਲੋਕਾਂ ਨੂੰ ਸੇਧ ਦੇਣ ਵਾਲੇ ਦਾ ਉਸ ਰਾਹ ਤੁਰ ਜਾਣਾ ਜਿਸ ਦੇ ਵਿਰੁੱਧ ਉਹ ਉਮਰ ਭਰ ਹੋਕਾ ਦਿੰਦਾ ਰਿਹਾ ਹੋਵੇ,ਇਹ ਚੰਗਾ ਨਹੀ ਕੀਤਾ।” ਇੰਨਾਂ ਕਹਿੰਦੇ ਉਸ ਨੇ ਫੌਨ ਬੰਦ ਕਰ ਦਿੱਤਾ ।
ਭੁਪਿੰਦਰ ਸਿੰਘ ਮਾਨ

You may also like