ਪ੍ਰੇਮ ਧੰਨ ਪਾਇਓ

by admin
“ਕ੍ਰਿਸ਼ਨ ਨੇ ਰਾਧਾ ਤੋਂ ਪੁੱਛਿਆ, “ਦਸੋ ਮੈਂ ਕਿੱਥੇ ਨਹੀਂ ਹਾਂ ….
ਰਾਧਾ ਨੇ ਕਿਹਾ, ਮੇਰੇ ਨਸੀਬਾਂ ਚ ਨਹੀਂ ਹੋ
ਉਹ ਕਿਵੇਂ …ਰਾਧਾ ?
ਪ੍ਰਭੂ ਨੇ ਅਨਜਾਣ ਬਣਦੇ ਹੋਏ ਪੁੱਛਿਆ ।
ਤੁਸੀਂ ਮੇਰੇ ਨਾਲ ਵਿਆਹ ਕਿਉਂ ਨਹੀਂ ਕੀਤਾ ।
ਕ੍ਰਿਸ਼ਨ ਮੁਸਕਰਾਉਂਦੇ ਬੋਲੇ…
ਵਿਆਹ ਤਾਂ ਦੋ ਲੋਕਾਂ ਦਾ ਜ਼ਰੂਰੀ ਹੁੰਦਾ ਹੈ, ਅਸੀਂ ਤਾਂ ਇੱਕ ਹਾਂ
….
.ਮੰਦਰ ਚ ਨਵੇਂ ਆਏ ਪੰਡਤ ਕਥਾ ਕਰ ਰਹੇ ਸਨ ।ਦੇਵ ਨਾਮ ਸੀ , ਵਾਰਾਨਸੀ ਯੂਨੀਵਾਰਸਿਟੀ ਤੋਂ ਧਰਮ ਸ਼ਾਸਤਰ ਦੀ ਪੜਾਈ ਕੀਤੀ ਹੋਈ ਸੀ …ਕੁੱਝ ਦਿਨਾਂ ਲਈ ਪ੍ਰਵਚਨ ਕਰਨ ਲਈ ਮੰਦਰ ਵਲੋਂ ਸੱਦਾ ਪੱਤਰ ਮਿਲਿਆ ਸੀ।…
ਦੇਵ ਨਾਮ ਵਜੋਂ ਹੀ ਨਹੀਂ ਚਿਹਰੇ ਮੋਹਰੇ ਵਲੋਂ ਵੀ ਦੇਵ ਦਿੱਖ ਰੱਖਦਾ ਸੀ। ਘੁੰਘਰਾਲੇ ਵਾਲ …. ਚੌੜਾ ਲਲਾਟ ਉਸ ਦੇ ਉਪਰ ਲਾਲ ਤਿਲਕ …..ਪ੍ਰਵਚਨ ਕਰਦਿਆਂ ਸਾਰਿਆਂ ਨੂੰ ਸਮਮੋਹਿਤ ਕਰ ਲੈ ਲੈਂਦਾ ਸੀ …
ਮੀਰਾ ਵੀ ਹਰ ਰੋਜ਼ ਮੰਦਰ ਜਾਂਦੀ ਸੀ , ਮੀਰਾ ਵਾਂਙ ਹੀ ਕ੍ਰਿਸ਼ਨ ਦੀ ਪੁਜਾਰੀ … ਅਜ ਦੇਵ ਦੀ ਕਥਾ ਸੁਣ ਕੇ ਉਸਦੀ ਸ਼ਖ਼ਸ਼ੀਅਤ ਅਤੇ ਅਵਾਜ਼ ਚ ਹੀ ਗੁੰਮ ਹੋ ਗਈ ।
ਉਸਦਾ ਉਥੋਂ ਉੱਠਣ ਦਾ ਮਨ ਹੀ ਨਹੀਂ ਕਰ ਰਿਹਾ ਸੀ । ਦੇਵ ਕਥਾ ਖ਼ਤਮ ਕਰਕੇ ਜਾਣ ਲਈ ਅੱਗੇ ਵਧੇ । ਜਿਉਂ ਹੀ ਉਸਦੇ ਕੋਲ ਪਹੁੰਚੇ ਤਾਂ ਮੀਰਾ ਨੇ ਉਸਦੇ ਚਰਣ ਸਪਰਸ਼ ਕਰਦੇ ਹੋਏ ਧੂੜ ਮਸਤਕ ਨੂੰ ਲਗਾ ਲਈ। ਉਸਦੇ ਹੱਥਾਂ ਦੀ ਛੋਹ ਨਾਲ ਦੇਵ ਚੋਂਕਿਆ ਅਤੇ ਬੋਲਿਆ , ਦੇਵੀ ਮੇਰੇ ਚਰਣ ਨਹੀ ਭਗਵਾਨ ਦੇ ਚਰਨ ਛੂਹੋ । ਸਵਾਮੀ ਤੁਸੀ ਮੇਰੇ ਕ੍ਰਿਸ਼ਨ ਹੋ ..
ਕਦੀ ਸਬਰ ਨਾਲ ਕਦੀ ਬੇਸਬਰੀ ਨਾਲ ਮੈਂ ਤੁਹਾਡਾ ਇੰਤਜ਼ਾਰ ਕਰਦੀ ਹਾਂ , ਥੋੜੇ ਸਮੇਂ ਨਾਲ ਮੇਰਾ ਮਨ ਨਹੀਂ ਭਰਦਾ , ਮੈਂ ਤੁਹਾਡਾ ਸਾਰਾ ਸਮਾਂ ਆਪਣੇ ਲਈ ਚਾਹੁੰਦੀ ਹਾਂ ।
ਦੇਵੀ …. ਹੋਸ਼ ਚ ਆਓ … ਦੇਵ ਨੇ ਆਪਣੇ ਆਪ ਨੂੰ ਕਾਬੂ ਚ ਰੱਖਦੇ ਹੋਏ ਕਿਹਾ …ਦੇਵ ਤੇਜ਼ੀ ਨਾਲ ਮੰਦਰ ਦੇ ਅੰਦਰ ਬਣੇ ਘਰ ਵਲ ਚਲਾ ਗਿਆ । ਘੜੇ ਚੋਂ ਪਾਣੀ ਲੈ ਮੰਜੇ ਤੇ ਬੈਠਕੇ ਪਾਣੀ ਪੀਂਦਿਆਂ ਵੀ ਉਸਦਾ ਸਾਹ ਤੇਜ਼ੀ ਨਾਲ ਚਲ ਰਿਹਾ ਸੀ, ਜਵਾਨ ਕੁੜੀ ਦੀ ਛੋਹ ਨਾਲ ਅਤੇ ਅੱਖਾਂ ਦੀ ਤੱਕਣੀ ਨਾਲ ਉਹ ਉਸ ਬਾਰੇ ਸੋਚਣ ਲਈ ਮਜ਼ਬੂਰ ਹੋ ਗਿਆ ਸੀ ਉਸਨੇ ਆਪਣੇ ਦਿਲ ਨੂੰ ਬਹਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਲੱਗਾ ਕਿ ਉਸ ਦਾ ਦਿਲ ਫ਼ਿਸਲਣ ਲੱਗਾ ਹੈ।
.
…ਮੀਰਾ ਨੇ ਘਰ ਪਹੁੰਚ ਕੇ ਰੋ ਰੋ ਬੁਰਾ ਹਾਲ ਕਰ ਲਿਆ … ਘਰ ਦੇ ਸਾਰੇ ਹੈਰਾਨ ਸਨ ਇਸ ਨੂੰ ਕੀ ਹੋ ਗਿਆ …ਮਾਂ ਦੇ ਪੁੱਛਣ ਤੇ ਦੱਸਿਆ ਕਿ ਮਾਂ! ਮੈਨੂੰ ਚਾਰੋਂ ਪਾਸੇ ਕ੍ਰਿਸ਼ਨ ਨਜ਼ਰ ਆਉਂਦਾ ਹੈ । ਔਹ ਦੇਖੋ ਬੰਨੇ ਤੇ ਬਨੇਰੇ ਤੇ … ਚਾਰੋਂ ਦਿਸ਼ਾਵਾਂ ਚ ਕ੍ਰਿਸ਼ਨ ਹੀ ਕ੍ਰਿਸ਼ਨ …
ਬੜੀ ਮੁਸ਼ਕਿਲ ਨਾਲ ਮਾਂ ਨੇ ਉਸਨੂੰ ਵਰਚਾਇਆ ਅਤੇ ਸਿਰ ਦੀ ਹਲਕੀ ਜਿਹੀ ਤੇਲ ਮਾਲਿਸ਼ ਕਰ ਸਵਾਂਇਆ ।
ਮੀਰਾ ਹਰ ਸਮੇਂ ਗੁੰਮ ਸੁੰਮ ਰਹਿੰਦੀ , ਨਾ ਖਾਂਦੀ ਪੀਂਦੀ ਨਾਹੀ ਕਾਲਜ ਵਿੱਚ ਪੜਾਈ ‘ਚ ਮਨ ਲੱਗਦਾ …ਉਸਦਾ ਜੀਅ ਕਰਦਾ ਕਿ ਹਰ ਸਮੇਂ ਮੰਦਰ ਚ ਬੈਠ ਕੇ ਦੇਵ ਦੇ ਪ੍ਰਵਚਨ ਸੁਣਦੀ ਰਹੇ…ਉਹ ਇੱਕ ਟੱਕ ਦੇਵ ਵਲ ਤੱਕਦੀ ਰਹਿੰਦੀ ।ਉਸਦੀ ਅੰਨੀ ਭਗਤੀ ਮੁਹੱਲੇ ‘ਚ ਦੰਦ ਕਥਾ ਬਣ ਗਈ । ਮਾਪਿਆਂ ਨੇ ਉਸਤੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ । ਤਾੜਨਾ, ਡੱਕਣਾ ਅਤੇ ਮਾਰਨਾ ਕੁੱਟਣਾ ਸਭ ਵਿਅਰਥ , ਬਸ ਉਸਨੇ ਇੱਕੋ ਹੀ ਰੱਟ ਲਗਾਈ ਹੋਈ ਸੀ ਦੇਵ ਹੀ ਉਸਦਾ ਕ੍ਰਿਸ਼ਨ ਹੈ । ਉਸ ਦੀ ਬੀ ਏ ਦੀ ਪੜਾਈ ਵੀ ਵਿੱਚੇ ਰਹਿ ਗਈ । ਮਾਪਿਆਂ ਨੇ ਮੀਰਾ ਦੇ ਹੱਥ ਪੀਲੇ ਕਰਨ ਲਈ ਵਰ ਖੋਜਣਾ ਸ਼ੁਰੂ ਕਰ ਦਿੱਤਾ ।
….
…ਉਧਰ ਦੇਵ ਵੀ ਕਿੰਨੀ ਦੇਰ ਕੰਟਰੋਲ ਕਰ ਸਕਦਾ ਸੀ, ਅੱਗ ਘਿਉ ਦਾ ਮੇਲ ਕਿੰਨੀਂ ਦੇਰ ਰੁੱਕ ਸਕਦਾ ਹੈ ।ਮੁਹੱਲੇ ਵਾਲੇ ਕਥਾਕਾਰ ਦਾ ਬੋਰੀ ਬਿਸਤਰਾ ਗੋਲ ਕਰਨ ਦੀ ਸੋਚ ਰਹੇ ਜਾਂ ਮਾਪੇ ਮੀਰਾ ਦੇ ਹੱਥ ਪੀਲੇ ਕਰਦੇ …. ਹਨੇਰੀ ਰਾਤ ‘ਚ ਦੋਵਾਂ ਨੇ ਘਰੋਂ ਭੱਜਣ ਦੀ ਤਿਆਰੀ ਕਰ ਲਈ । ਪਰ ਇਸ਼ਕ ਦਾ ਕੱਚਾ ਘੜਾ ਸੀ , ਭਾਵੇਂ ਦੋਵੇਂ ਜ਼ਜ਼ਬਾਤ ਦੇ ਸਮੁੰਦਰ ਚ ਰੁੜ ਗਏ ਸਨ ਪਰ ਮਾਂਪਿਆਂ ਦੇ ਮਜ਼ਬੂਤ ਹੱਥਾਂ ਨੇ ਮੀਰਾ ਨੂੰ ਘੇਰ ਲਿਆ। ਦੇਵ ਨੇ ਮਾਪਿਆਂ ਨੇ ਦੂਰੋਂ ਆਉਂਦਾ ਵੇਖਿਆ ਤਾਂ ਦੇਵ ਹੱਥ ਆਉਣ ਤੋਂ ਪਹਿਲਾਂ ਤਿੱਤਰ ਬਿੱਤਰ ਹੋ ਗਿਆ।
ਮਨਮੋਹਨ ਕੌਰ …

You may also like