ਪਿੰਡਾਂ ਵਿੱਚੋ ਪਿੰਡ ਸੁਣੀਦਾ , ਪਿੰਡ ਸੁਣੀਦਾ ਕੈਰੇ …
ਏਸੇ ਪਿੰਡ ਦੇ ਮੁੰਡੇ ਸੁਣੀਦੇ ਹਧੋ ਵਧ ਨੇ ਭੈੜ੍ਹੇ ….
ਹਾਂ! ਕਰਵਾ ਕੇ ਹਟਦੇ ਮੇਲਣੇ, ਪੈ ਜਾਂਦੇ ਜੇ ਖਹਿੜੇ…
ਕਿਹੜੇ ਪਿੰਡ ਦੀ ,ਘਰ ਲਭ ਲਾਂਗੇ ਮਾਰ ਮਾਰ ਕੇ ਗੇੜੇ…
ਬਚ ਕੇ ਰਹਿ ਬੀਬਾ ਬੜੇ ਜਮਾਨੇ ਭੈੜ੍ਹੇ
ਬਚ ਕੇ ਰਹਿ ਬੀਬਾ ਬੜੇ ਜਮਾਨੇ ਭੈੜ੍ਹੇ | 2
Jasmeet Kaur
ਗੁਰਨਾਮ ਸਮੇਂ ਤੋਂ ਬਾਅਦ ਖੇਤ ਗਿਆ ਸੀ ਕਿਉਂਕਿ ਮੁੰਡਿਆਂ ਨੇ ਕਈ ਸਾਲ ਪਹਿਲਾਂ ਉਸ ਨੂੰ ਖੇਤੀ ਤੋਂ ਵਿਹਲਾ ਕਰ ਦਿੱਤਾ ਸੀ ।ਬੀਜ ਬਿਜਾਈ ਵੇਚਣਾ ਵਟਣਾ ਸਭ ਉਨ੍ਹਾਂ ਦੇ ਹੱਥ ਵਿਚ ਸੀ।ਗੁਰਨਾਮ ਤਾ ਸਵੇਰੇ ਗੁਰਦੁਆਰੇ ,ਦੁਪਿਹਰੇ ਤਾਸ ਅਤੇ ਸ਼ਾਮ ਨੂੰ ਪੋਤੇ ਪੋਤੀਆਂ ਨਾਲ ਰੁਝਿਆ ਰਹਿੰਦਾ ਸੀ।
ਇਸ ਵਾਰੀ ਛੋਟਾ ਮੁੰਡਾ ਥੋੜ੍ਹਾ ਜ਼ਿਆਦਾ ਬਿਮਾਰ ਹੋ ਗਿਆ ਸੀ ।ਕਣਕ ਦੀ ਬਿਜਾਈ ਵੀ ਜ਼ਰੂਰੀ ਸੀ। ਉਨ੍ਹਾਂ ਨੂੰ ਮਜਦੂਰ ਲੈ ਕੇ ਜਾਣਾ ਮਹਿੰਗਾ ਪੈਂਦਾ ਸੀ ਕਿਉਂਕਿ ਘਰ ਦੀ ਆਰਥਿਕਤਾ ਪਿਛਲੇ ਸਮੇਂ ਵਿੱਚ ਡਾਵਾਂਡੋਲ ਹੋ ਗਈ ਸੀ। ਖੇਤੀ ਵਿੱਚੋਂ ਹੁਣ ਕੁਝ ਬਚਦਾ ਹੀ ਨਹੀਂ ਸੀ ।
ਮੁੰਡੇ ਨੇ ਕਿਹਾ,” ਭਾਪਾ ਅੱਜ ਤੂੰ ਮੇਰੇ ਨਾਲ ਚੱਲੀਂ ਬਿਜਾਈ ਕਰਾਂਗੇ,ਤੂੰ ਮਸ਼ੀਨ ਦੇ ਪਿੱਛੇ ਦੇਖਦਾ ਰਹੀ ਅਜਿਹਾ ਨਾ ਹੋਵੇ ਕੋਈ ਪੋਰ ਬੰਦ ਹੋ ਜਾਵੇ ।”
ਦੋਵੇਂ ਖ਼ੇਤ ਜਾ ਪੁੱਜੇ ਸਨ ।ਮੁੰਡੇ ਨੇ ਬੀਜ ਵਾਲੇ ਗੱਟੇ ਵਿੱਚੋਂ ਕਣਕ ਮਸ਼ੀਨ ਵਿੱਚ ਪਾ ਲਈ ਤੇ ਟਰੈਕਟਰ ਤੇ ਜਾ ਬੈਠਾ ।ਗੁਰਨਾਮ ਨੇ ਪੁਰਾਣੇ ਸਮਿਆਂ ਵਾਗੂ ਆਪਣੇ ਜੋੜੇ ਉਤਾਰੇ ਪਰਨਾ ਠੀਕ ਕੀਤਾ ਤੇ ਆਪਣੇ ਬਾਪੂ ਤੋ ਸਿੱਖਿਆ ਬਿਜਾਈ ਦਾ ਮੰਗਲਾਚਰਨ ਹੱਥ ਜੋੜ ਕੇ ਬੋਲਣਾ ਸੁਰੂ ਕੀਤਾ ,”ਹਾਲੀ ਪਾਲੀ ਦੇ ਭਾਗੀ,ਰਾਹੀਂ ਪਾਂਧੀ ਦੇ ਭਾਗੀ,ਗਰੀਬ ਗੁਰਬੇ ਦੇ ਭਾਗੀ,ਚਿੜੀ ਜਨੌਰ ਦੇ ਭਾਗੀ..,”
ਬੋਲ ਹਾਲੇ ਉਸ ਦੇ ਮੂੰਹ ਵਿੱਚ ਹੀ ਸਨ ਕਿ ਮੁੰਡਾ ਟਰੈਕਟਰ ਉੱਤੋਂ ਬੈਠਿਆ ਖਿਝਿਆ ਤੇ ਬੋਲਿਆ ,”ਉਹ ਛੱਡ ਭਾਪਾ ਰਹਿਣ ਦੇ ਇਸਨੂੰ, ਨਾ ਹੁਣ ਕੋਈ ਹਾਲੀ ਪਾਲੀ ਹੈ ਤੇ ਨਾ ਹੀ ਇੱਥੇ ਕੋਈ ਜਾਨਵਰ ਜਨੌਰ ਬਚਿਆ ,ਜੇ ਤੂੰ ਅਰਦਾਸ ਹੀ ਕਰਨੀ ਹੈ ਤਾਂ ਇਹ ਕਰ ਕਿ ਪ੍ਰਮਾਤਮਾ ਸਾਡੇ ਖਾਣ ਜੋਗੀ ਜ਼ਰੂਰ ਬਚ ਜਾਵੇ ,ਕਿਉਂਕਿ ਆਪਣੇ ਸਿਰ ਕਰਜਾ ਹੀ ਏਨਾ ਹੈ ਮੈਨੂੰ ਤਾਂ ਲੱਗਦੈ ਆਪਾਂ ਇਹ ਫ਼ਸਲ ਆੜ੍ਹਤੀਏ ਲਈ ਹੀ ਬੀਜ ਰਹੇ ਹੋਈਏ,”ਇਹ ਸੁਣ ਉਸ ਦੇ ਮੰਗਲਾਚਰਨ ਲਈ ਜੁੜੇ ਹੱਥ ਆਪਣੇ ਆਪ ਹੇਠਾਂ ਡਿੱਗ ਪਏ।
ਭੁਪਿੰਦਰ ਸਿੰਘ ਮਾਨ
ਫੋਟੋ – ਰਵਨ ਖੋਸਾ ( Ravan Khosa )
ਕੈਨੇਡਾ ਦੀਆਂ ਗਰਮੀਆਂ ਦਾ ਮੌਸਮ, ਰੇਸ਼ਮੀ ਜਿਹੀ ਧੁੱਪ,ਸਰਦਾਰ ਹਰਿੰਦਰ ਸਿੰਘ ਕੰਜ਼ਰਵਟਰੀ ਚ ਬੈਠਾ ਧੁੱਪ ਦਾ ਆਨੰਦ ਮਾਣ ਰਿਹਾ ਸੀ , ਸਿਰ ਤੇ ਸੋਹਣੀ ਜਿਹੀ ਫਿੱਕੀ ਪੀਲੀ ਗੋਲ ਦਸਤਾਰ , ਦੁੱਧ ਚਿੱਟਾ ਦਾਹੜਾ ਤੇ ਦਗ ਦਗ ਕਰਦਾ ਨੂਰਾਨੀ ਚਿਹਰਾ , ਉਮਰ ਦੇ ਅੱਠ ਦਹਾਕੇ ਬੀਤ ਜਾਣ ਤੇ ਵੀ ਸੋਹਣੀ ਸਿਹਤ , ਸੋਹਣੇ ਤੇ ਸਾਫ ਸੁਥਰੇ ਲਿਬਾਸ ਵਿੱਚ ਬੈਠਾ ਪਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਸੀ । ਦੋਵੇਂ ਪੁੱਤਰ ਕੰਮਾਂ ਕਾਰਾਂ ਵਿੱਚ ਸੈੱਟ ਸਨ ਪੋਤਰੇ ਪੋਤਰੀਆਂ ਚੰਗੀ ਪੜ੍ਹਾਈ ਕਰਕੇ ਉਡਾਰੂ ਹੋ ਗਏ ਨੇ , ਲਾਡਲੀ ਬੇਟੀ ਵੀ ਬਾਹਰ ਈ ਏ, ਆਪਣੇ ਪਰਿਵਾਰ ਵਿੱਚ ਸੁੱਖੀਂ ਵੱਸਦੀ ਰੱਸਦੀ।
ਉਹ ਬੈਠਾ ਬੈਠਾ ਇੱਕ ਫਕੀਰ ਸਾਈਂ ਦਾ ਬਿਰਤਾਂਤ ਪੜ੍ਹ ਰਿਹਾ ਸੀ ,ਜਦੋਂ ਇੱਕ ਵੇਸਵਾ ਨੇ ਉਸ ਸਾਂਈਂ ਨੂੰ ਸਵਾਲ ਕੀਤਾ ਸੀ ਕਿ ਮੇਰੇ ਕੁੱਤੇ ਦੀ ਪੂਛ ਵੀ ਚਿੱਟੀ ਏ ਤੇ ਤੇਰੀ ਦਾਹੜੀ ਵੀ ਚਿੱਟੀ ,ਫਰਕ ਕੀ ਹੋਇਆ , ਚੰਗੀ ਕੌਣ ਹੋਈ, ਪੂਛ ਕੇ ਦਾਹੜੀ ?
ਤਾਂ ਸਾਈਂ ਨੇ ਜਵਾਬ ਦਿੱਤਾ ਕਿ ਇਸ ਗੱਲ ਦਾ ਜਵਾਬ ਮੈ ਠਹਿਰ ਕੇ ਦਿਆਂਗਾ ।
ਤੇ ਆਖਰ ਜਵਾਬ ਓਸ ਦਿਨ ਦਿੱਤਾ , ਜਦੋਂ ਫਕੀਰ ਦਾ ਅੰਤ ਵੇਲਾ ਆ ਗਿਆ ।ਫਕੀਰ ਨੇ ਕਿਹਾ ਕਿ ਮੈਂ ਅੱਜ ਇਹ ਗੱਲ ਦਾਅਵੇ ਨਾਲ ਕਹਿ ਸਕਦਾਂ ਕਿ ਮੇਰੀ ਦਾਹੜੀ ਤੇਰੇ ਕੁੱਤੇ ਦੀ ਪੂਛ ਨਾਲ਼ੋਂ ਬਿਹਤਰ ਏ, ਮੈ ਜਿਉਂਦੇ ਜੀਅ ਇਸਦੀ ਪਾਕੀਜਗੀ ਨੂੰ ਦਾਗ ਨਹੀ ਲੱਗਣ ਦਿੱਤਾ ।ਅਗਰ ਕਿਤੇ ਡੋਲ ਜਾਂਦਾ ਤਾਂ ਕੋਈ ਫਰਕ ਨਹੀ ਸੀ ਰਹਿਣਾ ।
ਤੇ ਉਹ ਬੈਠਾ ਬੈਠਾ ਪਹੁੰਚ ਗਿਆ 92/93 ਦੇ ਉਸ ਵਕਤ ਵਿੱਚ , ਜਦੋਂ ਉਹ ਪੁਲੀਸ ਵਿੱਚ ਇੰਸਪੈਕਟਰ ਦੇ ਰੈਂਕ ਤੇ ਸਰਹੱਦੀ ਜਿਲੇ ਦੇ ਸਰਹੱਦੀ ਥਾਣੇ ਵਿੱਚ ਮੁੱਖ ਅਫਸਰ ਤਾਇਨਾਤ ਸੀ । ਅੱਗ ਵਰ੍ਹਦੀ ਸੀ ਹਰ ਪਾਸੇ , ਕਿਤੇ ਮੁਕਾਬਲਾ , ਕਿਤੇ ਫਿਰੌਤੀਆਂ ਤੇ ਕਿਤੇ ਤਸ਼ੱਦਦ ਦਾ ਦੌਰ ,ਪਰ ਉਹਦਾ ਪ੍ਰਭਾਵ ਈ ਅਜਿਹਾ ਸੀ ਕਿ ਉਹਦੇ ਇਲਾਕੇ ਵਿੱਚ ਕੋਈ ਵਾਰਦਾਤ ਈ ਨਹੀ ਸੀ ਹੋ ਰਹੀ, ਬਾਬਾ ਕਹਿੰਦੇ ਸਨ ਸਾਰੇ ਮਹਿਕਮੇ ਵਿੱਚ ਲੋਕ ਉਹਨੂੰ , ਤੇ ਸਹਿਜੇ ਸਹਿਜੇ ਲੋਕ ਵੀ ਬਾਬਾ ਈ ਕਹਿਣ ਲੱਗ ਪਏ । ਸਿਪਾਹੀ ਤੋਂ ਇੰਸਪੈਕਟਰ ਪਦ ਤੇ ਪਹੁੰਚਦਿਆਂ ਲੱਗਦੀ ਵਾਹ ਇਮਾਨਦਾਰੀ ਦਾ ਦਾਮਨ ਨਹੀ ਸੀ ਛੱਡਿਆ ਓਹਨੇ , ਕਈ ਵਾਰ ਅਵਾਰਡ ਵੀ ਮਿਲੇ ਸਨ ਸਰਵਿਸ ਦੌਰਾਨ ।ਉਹ ਚੜ੍ਹਦੀ ਉਮਰੇ ਈ ਨਿੱਤ-ਨੇਮ ਦਾ ਪੱਕਾ ਧਾਰਨੀ ਬਣ ਗਿਆ ਸੀ ਜੋ ਸਰਵਿਸ ਦੇ ਅਖੀਰਲੇ ਸਾਲਾਂ ਵਿੱਚ ਵੀ ਹੋਰ ਪਰਿਪੱਕਤਾ ਨਾਲ ਨਿਭਾਅ ਰਿਹਾ ਸੀ । ਪਰ ਹਾਲਾਤ ਬਦਲ ਗਏ ਸਨ , ਜਿਵੇਂ ਜੰਗ ਲੱਗ ਗਈ ਹੋਵੇ , ਅਣ ਐਲਾਨੀ। ਤੇ ਉਹ ਵੀ ਆਪਣਿਆਂ ਦਰਮਿਆਨ । ਉਹਨਾਂ ਈ ਘਰਾਂ ਚੋ ਮੁੰਡੇ ਪੁਲੀਸ ਚ ਭਰਤੀ ਹੋ ਰਹੇ ਸਨ ਤੇ ਉਹਨਾਂ ਵਰਗੇ ਕੁਝ ਹੋਰ ਖਾੜਕੂ ਬਣ ਘਰਾਂ ਤੋਂ ਤੁਰ ਗਏ ਸਨ । ਰੁੱਖਾਂ ਤੇ ਆਸ਼ੀਆਨੇ ਬਣਾ ਕੇ ਰੈਣ ਬਸੇਰਾ ਕਰਨ ਵਾਲੇ ਪਰਿੰਦੇ ਵੀ ਤ੍ਰਾਹ ਕੇ ਜਿੱਧਰ ਮੂੰਹ ਹੁੰਦਾ , ਉੱਡ ਜਾਂਦੇ, ਜਦ ਅੱਧੀ ਰਾਤ ਨੂੰ ਤਾੜ੍ਹ ਤਾੜ੍ਹ ਗੋਲੀਂਆਂ ਵਰ੍ਹਨ ਲੱਗਦੀਆਂ ।
ਹਰਿੰਦਰ ਸਿੰਘ ਨੂੰ ਬੜਾ ਗਰੂਰ ਸੀ ਆਪਣੀ ਬੇਦਾਗ਼ ਸੇਵਾ ਤੇ, ਲਗਾਤਾਰ ਥਾਣਾ ਮੁਖੀ ਈ ਲੱਗਦਾ ਆ ਰਿਹਾ ਸੀ ਉਹ , ਜਦ ਤੋ ਸਬ ਇੰਸਪੈਕਟਰ ਬਣਿਆਂ ਸੀ । ਕਦੀ ਕਿਸੇ ਜ਼ਿਲ੍ਹਾ ਮੁਖੀ ਨੇ ਉਸਨੂੰ ਨਜ਼ਰ ਅੰਦਾਜ਼ ਨਹੀ ਸੀ ਕੀਤਾ । ਪਰ ਹੁਣ ਹਵਾ ਬਦਲ ਗਈ ਸੀ । ਇੱਕ ਪਾਸੇ ਸੱਥਰ ਵਿਛ ਰਹੇ ਸਨ ਜਦ ਕਿ ਦੂਜੇ ਪਾਸੇ ਨਵੇਂ ਭਰਤੀ ਹੋਏ ਕੁਝ ਛਲਾਰੂ ਤਰੱਕੀਆਂ ਹਾਸਲ ਕਰਨ ਲਈ ਖ਼ੂਨ ਵਿੱਚ ਹੱਥ ਰੰਗਣ ਲਈ ਤਿਆਰ ਸਨ ।
ਇਕਨਾਂ ਦੇ ਮਨ ਖੁਸ਼ੀਆਂ
ਗੋਸ਼ਤ ਖਾਵਾਂਗੇ ।
ਇਕਨਾਂ ਦੇ ਮਨ ਗ਼ਮੀਆਂ
ਜਹਾਨੋਂ ਜਾਵਾਂਗੇ ।
ਸੁੱਕੀ ਨਾਲ ਗਿੱਲੀ ਵੀ ਬਲਣ ਲੱਗੀ, ਜਾਇਜ਼ ਨਾਜਾਇਜ਼ ਇੱਕੋ ਰੱਸੇ ਬੱਝਣ ਲੱਗੇ । ਪਰ ਹਰਿੰਦਰ ਸਿੰਘ ਰੱਬ ਦੇ ਸ਼ੁਕਰਾਨੇ ਚ ਰਹਿ ਕੇ ਸੇਵਾ ਨਿਭਾ ਰਿਹਾ ਸੀ ਕਿ
ਤੂੰ ਆਪਣੀ ਸੰਭਾਲ਼ , ਤੈਨੂੰ ਕਿਸੇ ਨਾਲ ਕੀ ।
ਪਰ ਇਹ ਖੁਸ਼ਫਹਿਮੀ ਬਹੁਤੀ ਦੇਰ ਨਾ ਚੱਲ ਸਕੀ, ਨਵੇਂ ਆਏ ਜ਼ਿਲ੍ਹਾ ਮੁਖੀ ਨੇ ਸਾਰੇ ਥਾਣਾ ਮੁਖੀਆਂ ਦੀ ਮੀਟਿੰਗ ਸੱਦੀ ਤੇ ਧੜੱਲੇਦਾਰ ਲੜਾਈ ਲੜਨ ਲਈ ਵੰਗਾਰਿਆ , ਹਰਿੰਦਰ ਸਿੰਘ ਸਭ ਕੁਝ ਸੁਣਦਾ ਰਿਹਾ , ਪਰ ਹੈਰਾਨ ਹੋ ਗਿਆ ਜਦੋਂ ਹੁਕਮ ਮਿਲਿਆ ਕਿ ਪੁੱਛ-ਗਿੱਛ ਸੈਂਟਰ ਤੋਂ ਚਾਰ ਚਾਰ ਮੁੰਡੇ ਲੈ ਕੇ ਜਾਓ ਤੇ ਅਗਲੇ ਕੁਝ ਦਿਨਾਂ ਵਿੱਚ ਮੁਕਾਬਲੇ ਬਣਾ ਕੇ ਗੱਡੀ ਚੜ੍ਹਾ ਦਿਓ। ਹਰਿੰਦਰ ਸਿੰਘ ਆਦਰ ਸਹਿਤ ਖੜਾ ਹੋ ਗਿਆ ਕਿ ਇਹ ਕੰਮ ਉਸਤੋਂ ਨਹੀ ਹੋਣਾ, ਅਸਲ ਮੁਕਾਬਲਾ ਹੋਵੇ ਤਾਂ ਇੰਚ ਪਿੱਛੇ ਨਹੀ ਹਟਾਂਗਾ ਪਰ ਨਿਹੱਥੇ ਨੂੰ ਬੰਨ੍ਹ ਕੇ ਮਾਰਨਾ ਮੇਰੇ ਵੱਸ ਦਾ ਰੋਗ ਨਹੀਂ। ਭਾਵਕ ਹੋਏ ਹਰਿੰਦਰ ਸਿੰਹੁੰ ਨੇ ਭਾਈ ਘਨਈਆ ਦਾ ਹਵਾਲਾ ਦੇਣਾ ਚਾਹਿਆ ਪਰ ਹੰਕਾਰ ਦੇ ਘੋੜੇ ਤੇ ਸਵਾਰ ਜ਼ਿਲ੍ਹਾ ਮੁਖੀ ਨੇ ਟੋਕ ਦਿੱਤਾ,”ਠੀਕ ਆ , ਤੈਨੂੰ ਬਾਬਾ ਕਹਿੰਦੇ ਨੇ, ਪਰ ਮੈ ਤੇਰੇ ਉਪਦੇਸ਼ ਨਹੀ ਸੁਣਨਾ ਚਾਹੁੰਦਾ , ਹੰਨੇ ਜਾਂ ਬੰਨੇ !ਮੈਨੂੰ ਥਾਣੇਦਾਰਾਂ ਦਾ ਘਾਟਾ ਨਹੀਂ”
ਭਰੀ ਮੀਟਿੰਗ ਵਿੱਚ ਸੰਨਾਟਾ ਛਾ ਗਿਆ , ਪਰ ਹਰਿੰਦਰ ਸਿੰਘ ਅਡੋਲ ਰਿਹਾ,ਨਤੀਜੇ ਵਜੋਂ ,ਹਰਿੰਦਰ ਸਿੰਘ ਲਾਈਨ ਹਾਜ਼ਰ ਕਰ ਦਿੱਤਾ ਗਿਆ , ਪਰ ਸਿਤਮ ਦੀ ਗੱਲ ਇਹ ਹੋਈ ਕਿ ਉਸਦੀ ਯਗਾ ਮੁਖੀ ਲੱਗਣ ਵਾਲਾ ਥਾਣੇਦਾਰ ਇੱਕ ਚਾਰ ਸਾਲ ਦੀ ਸੇਵਾ ਵਾਲਾ ਸਿਪਾਹੀ ਸੀ, ਜਿਸਨੇ ਹਵਾਲਦਾਰੀ ਦਾ ਕੋਰਸ ਵੀ ਨਹੀ ਸੀ ਕੀਤਾ ਹਾਲੇ , ਮੂੰਹ ਐਸਾ ਲਹੂ ਲੱਗਾ , ਐਡਹਾਕ ਪ੍ਰਮੋਟ ਹੋ ਕੇ ਰੈਂਕ ਤੇ ਰੈੰਕ ਲੈਂਦਾ ਹੋਇਆ ਉਹ ਥਾਣਾ ਮੁਖੀ ਜਾ ਲੱਗਿਆ। ਅਗਲੇ ਦਿਨ ਅਖ਼ਬਾਰਾਂ ਲਾਲੋ ਲਾਲ ਸਨ, ਇੱਕ ਈ ਜਿਲੇ ਵਿੱਚ ਪੰਜ ਛੇ ਮੁਕਾਬਲੇ , ਪਰ ਹਰਿੰਦਰ ਸਿੰਘ ਇਸ ਸਭ ਕਾਸੇ ਤੋਂ ਦੂਰ , ਜ਼ਲਾਲਤ ਦੇ ਹੰਝੂ ਕੇਰ ਰਿਹਾ ਸੀ । ਮਨ ਉਚਾਟ ਹੋ ਗਿਆ ਉਹਦਾ ਇਸ ਨੌਕਰੀ ਤੋਂ, ਜਿਸਨੂੰ ਕਦੀ ਪਿਆਰ ਕਰਦਾ ਸੀ ਉਹ । ਮਨ ਲੱਗਣੋ ਹਟ ਗਿਆ ਨੌਕਰੀ ਵਿੱਚ ਉਹਦਾ, ਬਸ ਦਿਨ ਕਟੀ ਹੀ ਰਹਿ ਗਈ ।
ਫਿਰ ,ਕੁਝ ਵਕਤ ਪਾ ਕੇ , ਹਰਿੰਦਰ ਸਿੰਘ ਡੀ ਐਸ ਪੀ ਪਦ ਉੱਨਤ ਹੋ ਕੇ ਪੈਨਸ਼ਨ ਆ ਗਿਆ । ਬੇਟੇ ਜੋ ਪਹਿਲਾਂ ਈ ਕੈਨੇਡਾ ਜਾ ਚੁੱਕੇ ਸਨ , ਉਹਨਾਂ ਕੋਲ ਜਾ ਵੱਸਿਆ , ਤੇ ਬੱਸ ਓਥੇ ਦਾ ਈ ਹੋ ਕੇ ਰਹਿ ਗਿਆ , ਬਸ ਦੋ ਤਿੰਨ ਸਾਲ ਬਾਅਦ ਗੇੜਾ ਮਾਰਦਾ ਏ ਵਤਨਾਂ ਨੂੰ ।
ਹੁਣ ਸੋਸ਼ਲ ਮੀਡੀਆ ਦਾ ਯੁਗ ਏ, ਹਰ ਖ਼ਬਰ ਕੁਝ ਸੈਕਿੰਡ ਵਿੱਚ ਈ ਸਾਰੀ ਦੁਨੀਆਂ ਵਿੱਚ ਫੈਲ ਜਾਂਦੀ ਏ , ਏਥੋ ਈ ਅੱਜ ਉਹਨੂੰ ਪਤਾ ਲੱਗਾ ਕਿ ਓਹ ਕਮਾਦੀ ਥਾਣੇਦਾਰ ਜੋ ਉਹਦੀ ਯਗਾ ਮੁੱਖ ਅਫਸਰ ਲੱਗਿਆ ਸੀ ਓਸ ਵਕਤ , ਬਾਅਦ ਵਿੱਚ ਸੀ ਬੀ ਆਈ ਇਨਕੁਆਰੀਆਂ ਚ ਉਲਝ ਗਿਆ ਸੀ , ਨੀਮ ਪਾਗਲ ਹੋ ਕੇ ਆਤਮ ਹੱਤਿਆ ਕਰ ਗਿਆ ਏ।
ਸੋਚ ਕੇ ਉਹਨੂੰ ਆਪਣੀ ਓਸ ਵੇਲੇ ਵਿਖਾਈ ਜੁਅਰਤ ਤੇ ਮਾਣ ਮਹਿਸੂਸ ਹੋਇਆ ਕਿ ਪਾਪਾਂ ਦਾ ਭਾਗੀ ਨਾ ਬਣਨ ਕਰਕੇ ਅੱਜ ਕਿੰਨਾ ਸਕੂਨ ਏ ਓਹਦੀ ਜਿੰਦਗੀ ਚ ।
ਤੇ ਉਹ ਉੱਠਕੇ ਟਹਿਲਦਾ ਹੋਇਆ ਆਦਮਕੱਦ ਸ਼ੀਸ਼ੇ ਮੂਹਰੇ ਜਾ ਖਲੋਤਾ । ਆਪਣੀ ਸੋਹਣੀ ਚਿੱਟੀ ਦਾਹੜੀ ਵੇਖਕੇ ਖ਼ੁਦ ਤੇ ਰਸ਼ਕ ਜਿਹਾ ਹੋਇਆ, ਸ਼ੁਕਰਾਨੇ ਚ ਹੱਥ ਜੁੜ ਗਏ , ਬੁੱਲ੍ਹ ਫਰਕੇ ,”ਹੇ ਵਾਹਿਗੁਰੂ , ਤੇਰਾ ਲੱਖ ਸ਼ੁਕਰ ਏ, ਇਸ ਚਿੱਟੀ ਦਾਹੜੀ ਨੂੰ ਅੱਜ ਤੱਕ ਕੋਈ ਦਾਗ ਨਹੀ ਲੱਗਾ , ਜੋ ਮੈਨੂੰ ਅੰਤ ਵੇਲੇ ਸ਼ਰਮਿੰਦਾ ਕਰ ਸਕੇ , ਰਹਿੰਦੀ ਜਿੰਦਗੀ ਵੀ ਕਿਰਪਾ ਕਰੀਂ, ਇਹ ਪ੍ਰੀਤ ਓੜਕ ਨਿਭ ਜਾਵੇ “
ਹਲਕੇ ਬੱਦਲ਼ਾਂ ਵਿੱਚੋਂ ਛਣ ਕੇ ਆ ਰਹੀ ਧੁੱਪ ਉਸਦੇ ਚਿਹਰੇ ਨੂੰ ਨੂਰੋ ਨੂਰ ਕਰ ਰਹੀ ਸੀ ।
ਫੋਟੋ – ਰਵਨ ਖੋਸਾ ( Ravan Khosa )
ਪੁਰਾਣੇ ਸਮਿਆਂ ਦੀ ਗੱਲ ਏ, ਕਿਸੇ ਪਿੰਡ ਸਾਂਹਸੀਆਂ ਦੇ ਪਰਿਵਾਰ ਨੇ ਇੱਕ ਔਰਤ ਵਿਆਹ ਕੇ ਲਿਆਂਦੀ , ਨਾਮ ਸੀ ਬੀਬੋ ।ਮੂੰਹ ਮੱਥੇ ਲੱਗਦੀ ਸੀ , ਤੇ ਸੀ ਥੋੜ੍ਹੀ ਨੱਕ ਚੜ੍ਹੀ । ਸਹੁਰਾ ਪਰਿਵਾਰ ਬੜੀ ਕਦਰ ਕਰਦਾ ਸੀ ਓਹਦੀ ਪਰ ਓਹਨੇ ਗੱਲ ਗੱਲ ਤੇ ਗ਼ੁੱਸੇ ਹੋਣਾ, ਪੇਕੇ ਤੁਰ ਜਾਣ ਦੀਆਂ ਧਮਕੀਆਂ ਦੇਣਾ ਓਹਦਾ ਨਿੱਤ ਦਾ ਵਿਹਾਰ ਬਣ ਗਿਆ ।ਹਰ ਗੱਲ ਤੇ ਜਿਦ ਪੁਗੌਣੀ ਕਿ ਆਹ ਕੰਮ ਏਦਾਂ ਈ ਹੋਣਾ ਚਾਹੀਦਾ ਏ ਨਹੀ ਤੇ ਮੈਂ ਚੱਲੀ । ਓਹਦਾ ਖ਼ਾਵੰਦ ਤਾਂ ਭਲਾਮਾਣਸ ਸੀ ਹੀ, ਬਾਕੀ ਸਹੁਰਾ ਪਰਿਵਾਰ ਵੀ ਬਹੁਤ ਸ਼ਰੀਫ ਸੀ । ਕੁਝ ਸਮਾਂ ਇਵੇਂ ਈ ਚੱਲਦਾ ਰਿਹਾ, ਪਰ ਆਖਰ ਨੂੰ ਸਭ ਦਾ ਸਬਰ ਜਵਾਬ ਦੇ ਗਿਆ , ਓਹਦੇ ਪੇਕਿਆਂ ਤੋੰ ਵੀ ਪਤਾ ਚੱਲ ਗਿਆ ਕਿ ਬੀਬਾ ਦਾ ਸੁਭਾਅ ਬਾਹਲ਼ਾ ਈ ਕੁਪੱਤਾ ਸੀ ਪਹਿਲੇ ਦਿਨ ਤੋਂ ਈ ।
ਤੇ ਬੀਬੋ ਜੀ ਵਿੱਟਰ ਬੈਠੇ ਇੱਕ ਦਿਨ, ਅਖੇ ਮੈਂ ਤਾਂ ਚੱਲੀ , ਹੁਣ ਨਾ ਰੁਕੀ । ਪੈਰ ਪਟਕਦੀ ਵਾਹੋ-ਦਾਹੀ ਬਾਹਰ ਨੂੰ ਤੁਰ ਪਈ ਕਿ ਹੁਣ ਵੀ ਕੋਈ ਰੋਕੇਗਾ , ਤਰਲੇ ਮਿੰਨਤਾਂ ਕਰੇਗਾ , ਪਰ ਏਹ ਕੀ? ਕੋਈ ਆਇਆ ਈ ਨਾ ਰੋਕਣ, ਤਰਲੇ ਤਾਂ ਦੂਰ ਦੀ ਗੱਲ, ਮੂੰਹ ਵੀ ਫੇਰ ਲਏ ਓਸ ਤੋਂ । ਓਹ ਪਿੱਛੇ ਮੁੜ ਮੁੜ ਵੇਖਦੀ ਪਿੰਡੋਂ ਕਾਫੀ ਦੂਰ ਚਲੀ ਗਈ। ਭੁੱਖੀ ਪਿਆਸੀ ਸਾਰਾ ਦਿਨ ਬੈਠੀ ਰਹੀ ਸੁੰਨੇ ਜਿਹੇ ਬੋਹੜ ਥੱਲੇ , ਪਰ ਕੋਈ ਨਾ ਬਹੁੜਿਆ । ਉਹਦਾ ਪਤੀ ਵੀ ਭੇਡਾਂ ਚਾਰਨ ਤੁਰ ਗਿਆ, ਬਿਨਾ ਕੋਈ ਤਵੱਜੋਂ ਦਿੱਤਿਆਂ ਲੰਘ ਗਿਆ ਓਹਦੇ ਕੋਲ ਦੀ। ਪੇਕਿਆਂ ਦਾ ਖਿਆਲ ਕੀਤਾ ਤਾਂ ਯਾਦ ਆਇਆ ਕਿ ਓਥੋਂ ਵੀ ਸਵਾਗਤੀ ਹਾਰ ਕੋਈ ਨਹੀ ਪੈਣੇ , ਸੋ ਮਨ ਮਸੋਸ ਕੇ ਸਾਰਾ ਦਿਨ ਉਡੀਕਦੀ ਰਹੀ ਕਿ ਆਖਰ ਸ਼ਾਮ ਨੂੰ ਤਾਂ ਕੋਈ ਆਵੇਗਾ ਈੰ ਨਾ ।
ਪਰ ਸਭ ਕਿਆਫ਼ੇ ਧਰੇ ਧਰਾਏ ਰਹਿ ਗਏ , ਭੁੱਖ ਨਾਲ ਬੁਰਾ ਹਾਲ ਹੋ ਗਿਆ ਓਹਦਾ , ਪਾਣੀ ਤਾਂ ਸਿਰਫ ਪਿਆਸ ਈ ਬੁਝਾ ਸਕਦਾ ਏ, ਰੋਟੀ ਦੀ ਥਾਂ ਨਹੀ ਲੈ ਸਕਦਾ । ਜਿਉਂ ਜਿਉਂ ਸ਼ਾਮ ਢਲਣ ਲੱਗੀ , ਬੀਬੋ ਦਾ ਦਿਲ ਘਾਊਂ ਮਾਊਂ ਕਰਨ ਲੱਗਾ । ਭੈੜੇ ਭੈੜੇ ਖਿਆਲ ਮਨ ਚ ਆਉਣ ਲੱਗੇ । ਆਖਰ ਨਜ਼ਰਾਂ ਤੋ ਬਚਦੀ ਬਚਦੀ ਘਰ ਵੱਲ ਨੂੰ ਪੈਰ ਘੜੀਸਦੀ ਤੁਰ ਪਈ ਕਿ ਵੇਖਾਂ ਤੇ ਸਹੀ , ਸ਼ਾਇਦ ਕੋਈ ਘਰ ਦਾ ਜੀਅ ਲੈਣ ਆ ਈ ਰਿਹਾ ਹੋਵੇ , ਪਰ ਓਹਨਾ ਸਾਰਿਆਂ ਨੇ ਵੀ ਜਿਵੇਂ ਗੰਢ ਈ ਦੇ ਲਈ ਸੀ ਕਿ ਜਾਣਾ ਏ ਤਾਂ ਜਾਹ, ਗ਼ਲੋਂ ਲੱਥ , ਕਿਹੜਾ ਨਿੱਤ ਮਿੰਨਤਾਂ ਕਰੇ।
ਓਹ ਘਰ ਕੋਲੇ ਆ ਕੇ ਲੁਕ ਕੇ ਬੈਠ ਗਈ , ਅਚਾਨਕ ਓਹਨੂੰ ਆਪਣਾ ਭੇਡਾਂ ਦਾ ਇੱਜੜ ਆਉਂਦਾ ਦਿਖਾਈ ਦਿੱਤਾ , ਓਹਦੇ ਪਤੀ ਨੇ ਓਹਨੂੰ ਤੱਕ ਤਾਂ ਲਿਆ ਪਰ ਵੇਖ ਕੇ ਅਣਡਿੱਠ ਕਰ ਦਿੱਤਾ । ਬੀਬੋ ਦੀ ਤਾਂ ਧਾਅ ਨਿਕਲਣ ਵਾਲੀ ਹੋ ਗਈ, ਫਿਰ ਅਚਾਨਕ ਓਹਦੀ ਨਿਗਾ ਇੱਕ ਲੰਗੜੇ ਲੇਲੇ ਤੇ ਪਈ ਜੋ ਇੱਜੜ ਤੋਂ ਪਛੜ ਕੇ ਤੁਰ ਰਿਹਾ ਸੀ ।ਬੀਬੋ ਨੇ ਜੁਗਾੜ ਲਾ ਲਿਆ ਹਾਰਕੇ , ਭੱਜਕੇ ਲੇਲੇ ਦੀ ਪੂਛ ਫੜ੍ਹ ਲਈ ਦੋਹਾਂ ਹੱਥਾਂ ਨਾਲ ਘੁੱਟ ਕੇ । ਲੇਲਾ ਘਰ ਜਾਣ ਨੂੰ ਲੇਰਾਂ ਦੇਣ ਲੱਗਾ ਤੇ ਸ਼ਰਮਿੰਦੀ ਹੋਈ ਬੀਬੋ ਨੇ ਆਪਣਾ ਰਾਗ ਛੋਹ ਲਿਆ,” ਵੇ ਲੇਲਿਆ, ਮਰ ਜਾਣਿਆਂ ਕਿਉਂ ਜਿਦ ਕਰਦਾਂ, ਮੈਂ ਨਹੀਂ ਘਰ ਨੂੰ ਜਾਣਾ ਵੇ,
ਤੂੰ ਕਾਹਤੋਂ ਖਹਿੜਾ ਕਰਦਾਂ ਕਮਲਿਆ ,
ਏਸ ਘਰ ਚ ਮੇਰੀ ਨਖੱਤੀ ਦੀ ਕੋਈ ਲੋੜ ਨਹੀਂ ਵੇ ਕਿਸੇ ਨੂੰ,”
ਤੇ ਲੇਲੇ ਦੀ ਪੂਛ ਫੜ੍ਹ ਕੇ ਵਿਹੜਾ ਲੰਘ ਆਈ , ਓਹਦੇ ਭਲੇ ਮਾਣਸ ਸਹੁਰੇ ਨੇ ਲੇਲੇ ਨੂੰ ਥਾਪੀ ਦਿੱਤੀ ਤੇ ਕਿਹਾ,” ਸ਼ਾਬਾਸ਼ੇ ਲੇਲਿਆ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਮੁੜ ਆਵੇ ਤਾਂ ਓਹਨੂੰ ਭੁੱਲਿਆ ਨਹੀਂ ਕਹਿੰਦੇ, ਬੀਬੋ ਨੂੰ ਕਹਿ, ਮੂੰਹ ਹੱਥ ਧੋ ਕੇ ਰੋਟੀ ਪਾਣੀ ਛਕੇ, ਪਰਿਵਾਰਾਂ ਚ ਜਿਦਾਂ ਸ਼ਰੀਕੇ ਨਹੀਂ ਸੋਭਦੇ, ਸਿਆਣੇ ਬਣਕੇ ਰਹੀਦਾ ਹੁੰਦਾ,” ਤੇ ਬੀਬੋ ਚੁੱਪ-ਚਾਪ ਨੀਵੀਂ ਪਾ ਕੇ ਚੌਂਕੇ ਵੱਲ ਨੂੰ ਹੋ ਤੁਰੀ ।
ਦੋਸਤੋ , ਅਗਰ ਇੱਜਤ ਮਾਣ ਮਿਲਦਾ ਹੋਵੇ ਤਾਂ ਨਿਮਰਤਾ ਨਾਲ ਸਵੀਕਾਰ ਕਰਨਾ ਬਣਦਾ ਏ, ਹਾਰ ਪਵੌਣ ਲਈ ਗਰਦਨ ਝੁਕੌਣੀ ਲਾਜ਼ਮੀ ਏ । ਲਚਕਦਾਰ ਹੋਣਾ ਜ਼ਿੰਦਾ ਤੇ ਨਰਮ-ਦਿਲ ਹੋਣ ਦੀ ਨਿਸ਼ਾਨੀ ਏ, ਆਕੜ ਤਾਂ ਮੁਰਦੇ ਦੀ ਪਹਿਚਾਣ ਏ । ਆਓ,ਓਹਨਾ ਨੂੰ ਗਲ ਲੱਗ ਮਿਲੀਏ ਜੋ ਬਾਹਾਂ ਖੋਲ੍ਹ ਕੇ ਰਾਹਾਂ ਚ ਖੜੇ ਨੇ , ਇਸਤੋ ਪਹਿਲਾਂ ਕਿ ਓਹ ਥੱਕ ਕੇ ਦਰ ਭੇੜ ਲੈਣ ਤੇ ਫਿਰ ਸ਼ਾਇਦ ਸਾਨੂੰ ਵੀ ਲੰਗੜਾ ਲੇਲਾ ਲੱਭਣਾ ਪਵੇ । ਕਿਸੇ ਮਿੱਤਰ ਪਿਆਰੇ ਨੂੰ ਏਨਾ ਜ਼ਲੀਲ ਨਾ ਕਰ ਦੇਈਏ ਕਿ ਓਹ ਸਦਾ ਲਈ ਬੇਮੁਖ ਹੋ ਜਾਵੇ । ਦੁਨੀਆਂ ਦੇ ਕੰਮ ਉਦੋ ਵੀ ਚੱਲਦੇ ਸਨ ਜਦੋਂ ਅਸੀਂ ਜਨਮੇ ਵੀ ਨਹੀ ਸਾਂ, ਤੇ ਬਾਅਦ ਵਿੱਚ ਵੀ ਚੱਲਦੇ ਰਹਿਣਗੇ , ਪਰ ਜਿਉਂਦੇ ਜੀਅ ਹਉਮੈ ਦੀਆਂ ਦੀਵਾਰਾਂ ਉੱਚੀਆਂ ਕਰਕੇ ਅਸੀਂ ਪਿਆਰੀ ਤੇ ਅਨਮੋਲ ਜਿੰਦਗੀ ਨੂੰ ਦੁਸ਼ਵਾਰ ਕਿਉਂ ਕਰੀਏ । ਪਿਆਰ ਮੁਹੱਬਤ ਜਿੰਦਗੀ ਦੀ ਗੱਡੀ ਵਿੱਚ ਮੋਬਿਲਆਇਲ ਜਿੰਨੇ ਜ਼ਰੂਰੀ ਨੇ ਦੋਸਤੋ, ਰੁਕ ਜਾਂਦੀ ਏ ਜਿੰਦਗੀ । ਨਹੀ ਤੇ ਰਫਤਾਰ ਤਾਂ ਜ਼ਰੂਰ ਈ ਘਟ ਜਾਂਦੀ ਏ, ਪਛੜ ਜ਼ਰੂਰ ਜਾਂਦੇ ਆਂ ਆਪਣੇ ਸਫਰ ਵਿੱਚ । ਅਖੀਰ ਇੱਕ ਹਿੰਦੀ ਲੜੀਵਾਰ ਦੇ ਸ਼ੁਰੂਆਤੀ ਬੋਲ ਦੁਹਰਾ ਰਿਹਾਂ ..ਕਿ
ਜਿੰਦਗੀ ਕੇ ਸਫਰ ਹੋਂ ਆਸਾਂ
ਕੁਛ ਸਾਥ ਚਲ ਕਰ ਦੇਖੋ।
ਕੁਛ ਹਮ ਭੀ ਬਦਲ ਕਰ ਦੇਖੇਂ
ਕੁਛ ਤੁਮ ਭੀ ਬਦਲ ਕਰ ਦੇਖੋ ।
ਦਵਿੰਦਰ ਜੌਹਲ
ਫਿਲਮ ‘ਰੱਬ ਦਾ ਰੇਡੀਓ’ ‘ਚ ਕੁੜੀ ਦੇ ਭਰਾ ਦਾ ਵਿਆਹ ਹੋ ਜਾਂਦਾ ਤੇ ਭਰਜਾਈ ਚੱਤੋਪੈਰ ਘੁੰਡ ਕੱਢੀ ਰੱਖਦੀ ਆ। ਨਨਾਣ ਨੂੰ ਖਿੱਚ ਰਹਿੰਦੀ ਕਿ ਕਿਸੇ ਲੋਟ ਭਰਜਾਈ ਦਾ ਮੂੰਹ ਵੇਖੇ ਤੇ ਓਹ ਕਿਆਸ ਲਾਓਂਦੀ ਆ ਕਿ ਭਾਬੀ ਕਿੰਨੀ ਕ ਸੁਨੱਖੀ ਹੋਣੀ ਆ।
ਅਸਲ ‘ਚ ਇਹ ਸਾਰੀ ਖੇਡ ਹੀ ਪਰਦੇ ਦੀ ਆ, ਪਰਦਾ ਹੀ ਖਿੱਚ ਦਾ ਕਾਰਨ ਹੁੰਦਾ। ਜਦੋਂ ਪਰਦਾ ਚੱਕਿਆ ਗਿਆ ਓਹਤੋਂ ਅੱਗੇ ਕੁਛ ਨਹੀਂ ਰਹਿੰਦਾ। ਸਾਰਾ ਕੁਛ ਜਾਣ ਲੈਣਾ ਹੀ ਬੜੀ ਵੱਡੀ ਬਿਮਾਰੀ ਆ।
ਨਿੱਕੇ ਹੁੰਦੇ ਤਾਂ ਪਿੰਡ ‘ਚ ਮਦਾਰੀ ਆਓਣਾ। ਓਹਨੇ ਖਾਲੀ ਟੋਕਰੇ ਉੱਤੇ ਚਾਦਰ ਵਿਛਾਕੇ ਮਾੜਾ ਮੋਟ ਟੂਣਾ ਮਾਨਾ ਕਰਕੇ ਟੋਕਰੇ ਹੇਠੋਂ ਸੂਟ, ਰੇਡੀਓ ਤੇ ਹੋਰ ਨਿੱਕ ਸੁੱਕ ਕੱਢ ਕੱਢ ਰੱਖ ਦੇਣਾ। ਪਿੰਡਾਂ ‘ਚ ਸਾਇਕਲ ਕਲਾਕਾਰ ਆਓਂਦੇ। ਗੋਲਘੁੰਡਲ ਵਾਹਕੇ ਦਸ ਦਸ ਦਿਨ ਦਿਨਪੁਰ ਰਾਤ ਸਾਇਕਲ ਚਲਾੳਂਦੇ। ਫੇਰ ਦਸਵੇਂ ਦਿਨ ਸਰਪੰਚ ਕੰਬਲ਼ ਖੇਸ ਦੇਕੇ ਓਹਨੂੰ ਸਾਈਕਲ ਤੋਂ ਲਾਹੁੰਦਾ। ਮਹੀਨਾ ਮਹੀਨਾ ਪਿੰਡ ‘ਚ ਇਨ੍ਹਾਂ ਦੀਆਂ ਗੱਲਾਂ ਹੁੰਦੀਆਂ। ਬੜਾ ਸਵਾਦ ਸੀ ਕਿਓਂਕਿ ਓਦੋਂ ਲੋਕ ਭੋਲੇ ਤੇ ਸਿਧ ਪਧਰੇ ਸੀ। ਤਰਕਾਂ ਤੋਂ ਦੂਰ ਰਹਿਕੇ ਅਨੰਦ ਮਾਣਦੇ ਸੀ।
ਨਿੱਕੇ ਹੁੰਦੇ ਬਠਿੰਡੇ ਜੰਬੋ ਸਰਕਸ ਦੇਖੀ ਤਾਂ ਰੱਸਿਆਂ ਤੇ ਲਮਕਦੇ ਝੂਟਦੇ ਬੰਦੇ ਦੇਖਕੇ ਬੜੇ ਹੈਰਾਨ ਹੁੰਦੇ। ਹੁਣ ਅੱਜ ਬਠਿੰਡੇ ਸਰਕਸ ਲੱਗੀ ਆ ਪਰ ਕਿਸੇ ਨੇ ਓਧਰ ਮੂੰਹ ਨਹੀਂ ਕੀਤਾ ਕਿਓਂਕਿ ਹੁਣ ਨੈੱਟ ਤੇ ਤਕੜੇ ਲੈਵਲ ਦੇ ਕਰਤੱਬ ਦੇਖਕੇ ਇਹ ਕੁਛ ਵੀ ਨਹੀਂ ਲੱਗਦੇ। ਪੂਰਾ ਹਫ਼ਤਾ ਉਡੀਕ ਕੇ ਐਤਵਾਰ ਨੂੰ ਆਥਣੇ ਚਿੱਟੇ ਕਾਲੇ ਟੀਵੀ ਤੇ ਭੁੰਜੇ ਚੌਕੜੀਆਂ ਮਾਰਕੇ ਚਾਰ ਵਜੇ ਦੇਖੀ ਫਿਲਮ ਦਾ ਸਵਾਦ ਵੱਖਰਾ ਸੀ ਬਸ਼ੱਕ ਹੁਣ ਨੈੱਟਫਲਿਕਸ, ਐਮਾਜੋਨ ਫਿਲਮਾਂ ਨਾਲ ਭਰੇ ਪਏ ਨੇ। ਜਦੋਂ ਖੰਡ ਨਵੀਂ ਨਵੀਂ ਜੀ ਚੱਲੀ ਆ ਓਦੋਂ ਪਿੰਡਾਂ ‘ਚ ਖ਼ਾਸ ਰਿਸ਼ਤੇਦਾਰ ਦੇ ਆਏ ਤੋਂ ਖੰਡ ਦੀ ਚਾਹ ਬਣਾਓਂਦੇ ਨਹੀਂ ਆਮ ਗੁੜ ਦੀ ਹੀ ਬਣਦੀ। ਬੀਚ੍ਹਰੇ ਜਵਾਕ ਨੂੰ ਬੁੜ੍ਹੀਆਂ ਚੂੰਡੀ ਖੰਡ ਦੇਕੇ ਬਰਿਆ ਲੈਂਦੀਆਂ। ਜਦੋਂ ਖੰਡ ਆਮ ਹੋਗੀ ਓਦੋਂ ਇਹ ਬਿਮਾਰੀ ਬਣਗੀ ਤੇ ਹੁਣ ਹਾਨੀਸਾਰ ਨੂੰ ਕਈ ਬੰਦੇ ਹੁਣ ਆਪੇ ਈ ਧੁੰਨੀ ਕੋਲ ਜ਼ਰਕ ਦਿਨੇ ਇੰਸੋਲਿਨ ਲਾ ਲੈਂਦੇ ਆ।
ਜਦੋਂ ਕੋਈ ਨਵੀਂ ਗੱਲ ਦੱਸਣ ਲੱਗਦਾ ਤਾਂ ਅਸੀਂ ਕਹਿ ਦਿੰਨੇ ਆ, ਇਹ ਤਾਂ ਪਤਾ ਈ ਆ। ਇਹ ਤਾਂ ਇਓਂ ਆਂ ਜਿਵੇਂ ਸੂਟਾਂ ਦੀ ਦੁਕਾਨ ਤੇ ਬੈਠੀ ਜਨਾਨੀ ਮੂਹਰੇ ਬਾਣੀਆ ਸੂਟਾਂ ਦੇ ਥਾਨ ਖੋਲ੍ਹ ਖੋਲ੍ਹ ਸੁੱਟੇ ਤੇ ਅੱਗੋਂ ਜਨਾਨੀ ਆਖੇ ਇਹ ਤਾਂ ਹੰਢਾ ਲਿਆ, ਹੋਰ ਦਿਖਾ।
ਸਿਧ ਪਧਰੇ ਰਹਿਕੇ ਜਿਓਣ ਦਾ ਸਵਾਦ ਵੱਖਰਾ। ਤਰਕਾਂ ਤੋਂ ਪਾਸੇ ਮੌਜ ‘ਚ ਰਹਿਣਾ ਵੀ ਕਲਾ। ਨੀਵੇਂ ਹੋਕੇ ਈ ਸਿੱਖਿਆ ਜਾਂਦਾ ਜਿਵੇਂ ਸਰਤਾਜ ਕਹਿੰਦਾ ‘ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਰਹੀਏ….
ਲਿਖਤ- ਘੁੱਦਾ
ਲੋਕਾਂ ਦੇ ਮਾਹੀਏ ਲੰਮ ਸਲੰਮੇ
ਮੇਰਾ ਮਾਹੀਆ ਗਿਠ ਮੁਠੀਆ
ਨੀ ਜਿਵੇ ਸੜਕ ਤੇ ਜਾਂਦਾ ਫਿਟਫਿਟਿਆਂ
ਪੁਰਾਣੀਆਂ ਚੀਜਾਂ ਦੀ ਕਬਾੜ ਦਾ ਕੰਮ.. ਇੱਕ ਦਿਨ ਉਹ ਦੁਕਾਨ ਤੇ ਆਇਆ ਤੇ ਸਾਰੀਆਂ ਚੀਜਾਂ ਕਾਊਂਟਰ ਤੇ ਢੇਰੀ ਕਰ ਦਿੱਤੀਆਂ! ਮੈ ਪੈਸਿਆਂ ਦਾ ਜੋੜ ਲਾਉਣ “ਕੈਲਕੁਲੇਟਰ” ਕੱਢਿਆ ਹੀ ਸੀ ਕੇ ਉਸਨੇ ਝੱਟ-ਪੱਟ ਆਖ ਦਿੱਤਾ “ਉੱਨੀ ਸੌ ਬਾਹਟ..” ਸ਼ਰਾਬੀ ਬੰਦਾ..ਏਨਾ ਵਧੀਆ ਹਿਸਾਬ..ਸਕਿੰਟਾਂ ਵਿਚ ਮੂੰਹ ਜ਼ੁਬਾਨੀ ਹੀ ਜੋੜ ਕੱਢ ਕੇ ਅਹੁ ਮਾਰਿਆ..! ਹੈਰਾਂਨ ਹੁੰਦੇ ਨੇ ਪੈਸੇ ਫੜਾਏ ਤੇ ਆਖ ਦਿੱਤਾ “ਅੰਕਲ ਹੁਣ ਬਾਹਰ ਬੇਂਚ ਤੇ ਬੈਠ ਕੇ ਸ਼ਰਾਬ ਨਾ ਪੀਵਿਓ..” ਪਰ ਉਹ ਨਾਲਦੇ ਠੇਕੇ ਤੋਂ ਬੋਤਲ ਖਰੀਦ ਬੇਂਚ ਤੇ ਆਣ ਬੈਠਾ! ਬੜਾ ਗੁੱਸਾ ਚੜਿਆ..ਉਸਨੂੰ ਉਠਾਉਣ ਅਜੇ ਬਾਹਰ ਨਿੱਕਲਿਆਂ ਹੀ ਸਾਂ ਕੇ ਇੱਕ ਤੁਰੀ ਜਾਂਦੀ ਕੁੜੀ ਉਸਨੂੰ ਓਥੇ ਬੈਠਾ ਦੇਖ ਖਲੋ ਗਈ! “ਬਲਬੀਰ ਸਰ”..ਤੁਸੀਂ ਬਲਬੀਰ ਸਿੰਘ ਪੂੰਨੀ ਹੀ ਹੋ ਨਾ..ਗੌਰਮਿੰਟ ਕਾਲਜ ਹਿਸਾਬ ਦੇ ਪ੍ਰੋਫੈਸਰ ਹੁੰਦੇ ਸੋ..ਆਹ ਕੀ ਹਾਲ ਬਣਾ ਲਿਆ ਆਪਣਾ..ਨਵਜੋਤ ਮੈਡਮ ਤੇ ਸਿਮਰਨ..ਕਿਥੇ ਨੇ ਉਹ ਹੁਣ?
ਉਸਨੇ ਬੋਤਲ ਚੁੱਕੀ..ਸਾਰੇ ਸਵਾਲ ਅਣਸੁਣੇ ਜਿਹੇ ਕਰਕੇ ਨਜਰਾਂ ਬਚਾਉਂਦਾ ਹੋਇਆ ਅਗਾਂਹ ਨੂੰ ਜਾਣ ਹੀ ਲੱਗਾ ਸੀ ਕੇ ਕੁੜੀ ਨੇ ਅਗਾਂਹ ਹੋ ਕੇ ਰਾਹ ਰੋਕ ਲਿਆ..! “ਇੰਝ ਨੀ ਜਾਣ ਦੇਣਾ..ਪਹਿਲਾਂ ਜੁਆਬ ਦੇ ਕੇ ਜਾਵੋ” “ਕਿਹੜਾ ਗੌਰਮੈਂਟ ਕਾਲਜ ਤੇ ਕਿਹੜੀ ਨਵਜੋਤ..ਮੈਂ ਕਿਸੇ ਨੂੰ ਨਹੀਂ ਜਾਣਦਾ..” “ਤੇ ਓਹ ਸਿਮਰਨ..ਸੋਹਣੀ ਜਿਹੀ ਪੱਗ ਤੇ ਘੁੰਗਰਾਲੀ ਦਾਹੜੀ ਵਾਲਾ ਉਚਾ ਲੰਮਾ ਮੁੰਡਾ..ਤੁਹਾਡਾ ਆਪਣਾ ਖੂਨ..ਆਖ ਦਿਓ ਉਸਨੂੰ ਵੀ ਨਹੀਂ ਜਾਣਦੇ”? “ਇਸ ਵਾਰ ਸ਼ਾਇਦ ਉਹ ਡੁੱਲ ਪਿਆ..ਫੇਰ ਕੁੜੀ ਨੂੰ ਕਲਾਵੇ ਵਿਚ ਲੈਂਦਾ ਹੋਇਆ ਆਖਣ ਲੱਗਾ “ਧੀਏ ਆਪਣੀਆਂ ਅੱਖਾਂ ਸਾਮਣੇ ਹੋਈ ਟਰੱਕ ਦੀ ਟੱਕਰ..ਕਿੱਦਾਂ ਭੁੱਲ ਸਕਦਾ ਹਾਂ ਇਹ ਸਾਰਾ ਕੁਝ..ਪਲਾਂ ਛਿਣਾਂ ਵਿਚ ਸਭ ਕੁਝ ਮੁੱਕ ਗਿਆ ਸੀ..” ਉਸਨੇ ਇੱਕ ਪਲ ਲਈ ਕੁਝ ਸੋਚਿਆ ਤੇ ਫੇਰ ਆਖਣ ਲੱਗੀ..”ਇੰਝ ਕਰੋ ਮੇਰੀ ਸੰਸਥਾ ਵਿਚ ਆ ਜਾਓ..ਝੁੱਗੀ ਝੋਂਪੜੀ ਅਤੇ ਗਰੀਬ ਗੁਰਬਿਆਂ ਦੇ ਬੱਚਿਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਵਾਸਤੇ ਤਿਆਰ ਕਰਵਾਉਂਦੀ ਹਾਂ..ਬਿਨਾ ਕਿਸੇ ਫੀਸ ਦੇ..ਕਿਸੇ ਵਾਸਤੇ ਉਮੀਦ ਦੀ ਕਿਰਨ ਬਣੋ..ਤੁਹਾਨੂੰ ਇੰਝ ਸ਼ਰਾਬ ਦੇ ਘੁੱਟਾਂ ਵਿਚ ਖਤਮ ਹੁੰਦਿਆਂ ਦੇਖ ਤਾਰਿਆਂ ਵਿਚ ਕਿਧਰੇ ਲੁਕ ਕੇ ਬੈਠ ਤੁਹਾਨੂੰ ਤੱਕਦੇ ਹੋਏ ਤੁਹਾਡੇ ਟੱਬਰ ਦੇ ਦਿਲ ਤੇ ਕੀ ਬੀਤਦੀ ਹੋਵੇਗੀ..” ਉਹ ਕੋਲ ਬੈਠੀ ਉਸਨੂੰ ਕਿੰਨਾ ਚਿਰ ਹੋਰ ਵੀ ਬੜਾ ਕੁਝ ਸਮਝਾਉਂਦੀ ਰਹੀ..ਪਰ ਹੌਲੀ ਅਵਾਜ ਵਿਚ.. ਅਖੀਰ ਨੂੰ ਉਹ ਉੱਠ ਖਲੋਤਾ..ਫੇਰ ਉਸਨੇ ਆਪਣੇ ਹੱਥੀਂ ਫੜੀ ਪੂਰੀ ਦੀ ਪੂਰੀ ਬੋਤਲ ਕੋਲੋਂ ਲੰਘਦੀ ਨਾਲੀ ਵਿਚ ਖਾਲੀ ਕਰ ਦਿੱਤੀ ਤੇ ਮੁੜ ਆਵਦੀਆਂ ਅੱਖੀਆਂ ਪੂੰਝ ਉਸ ਕਿਸਮਤ ਪੂੜੀ ਦੇ ਨਾਲ ਹੋ ਤੁਰਿਆ..ਕਿਸੇ ਦੀ ਹਨੇਰੀ ਜਿੰਦਗੀ ਲਈ ਨਵਾਂ ਸੂਰਜ ਬਣ ਉੱਗਣ ਲਈ!
ਅਕਸਰ ਹੀ ਉਸਦੀਆਂ ਆਂਦਰਾਂ ਨੂੰ ਸਾੜ ਉਸਨੂੰ “ਸੁਕੂਨ” ਪਹੁੰਚਾਉਣ ਦਾ ਢੋਂਗ ਰਚਾਉਂਦੀ ਹੋਈ ਕਿੰਨੀ ਸਾਰੀ ਦੁਨਿਆਵੀ “ਸ਼ਰਾਬ” ਅੱਜ ਦੁਨੀਆਦਾਰੀ ਦੇ ਗੰਦ ਦੇ ਨਾਲ ਹੀ ਕਿਧਰੇ ਦੂਰ ਵਹਿ ਤੁਰੀ ਸੀ ਤੇ ਨਾਲ ਹੀ ਵਹਿ ਤੁਰੇ “ਕਬਾੜ” ਦੇ ਇਸ ਕਾਰੋਬਾਰੀ ਦੀਆਂ ਅੱਖਾਂ ਵਿਚ ਰੋਕ ਕੇ ਰੱਖੇ ਹੋਏ ਖਾਰੇ ਪਾਣੀ ਦੇ ਕਿੰਨੇ ਸਾਰੇ ਨਮਕੀਨ ਹੰਜੂ..ਤੇ ਇਹ ਓਦੋਂ ਤੱਕ ਵਗ-ਵਗ ਕੇ ਮਨ ਹਲਕਾ ਕਰਦੇ ਰਹੇ ਜਦੋਂ ਤੱਕ ਉਹ ਦੋਵੇਂ ਅੱਖਾਂ ਤੋਂ ਓਹਲੇ ਨਹੀਂ ਹੋ ਗਏ…!
ਲਿਖਤ- ਜੱਸਾ ਜੱਟ
ਵੇਖ ਮੇਰਾ ਗਿੱਧਾ ਲੋਕੀ ਹੋਏ ਮਗਰੂਰ ਵੇ,
ਜਟਾਂ ਦੀਆਂ ਢਾਣੀਆਂ ਨੂੰ ਆ ਗਿਆ ਸਰੂਰ ਵੇ,
ਜਦੋਂ ਨੈਣਾਂ ਵਿੱਚੋਂ ਥੋੜੀ ਜੀ ਪਿਲਾਈ ਰਾਤ ਨੂੰ,
ਵੇ ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ
-ਰਮਨ ਕਲੇਰ
ਕੀ ਲਿਖਾ ਮੈ ਤੇਰੇ ਬਾਰੇ
ਲਫਜ ਹੀ ਮੇਰੇ ਕੋਲ ਨਹੀ
ਲੱਖ ਸੋਹਣੇ ਨੇ ਇਸ ਦੁਨੀਆ ਤੇ
ਪਰ ਤੇਰੇ ਜਿਹਾ ਕੋਈ ਹੋਰ ਨਹੀ
ਕਹਿੰਦੇ ਹੁੰਦੀ ਸਭ ਤੋ ਮਿੱਠੀ ਮਿਸ਼ਰੀ
ਤੇਰੇ ਤੋ ਜਿਆਦਾ ਮਿੱਠੇ ਕੋਈ ਬੋਲ ਨਹੀ
ਵੈਸੇ ਤਾਂ ਹਰ ਪਲ ਤੂੰ ਕੋਲ ਐ ਮੇਰੇ
ਮੈ ਕੀਤੀ ਕਦੇ ਗੌਰ ਨਹੀ
ਤੇਰੇ ਪਿਆਰ ਚ ਦਿਲ ਮੇਰਾ ਇੰਝ ਨੱਚਦਾ
ਜਿਵੇ ਬਾਗਾ ਚ ਨੱਚਦੇ ਫਿਰਦੇ ਮੋਰ ਨੀ
ਯਾਦਾ ਤੇਰੀਆ ਦਿਲ ਚ ਵਸਦੀਆ ਨੇ
ਜਿਸ ਤੇ ਚਲਦਾ ਮੇਰਾ ਕੋਈ ਜੋਰ ਨਹੀ
ਖੋਹ ਬੈਠੇ ਦਿਲ ਤੈਨੂੰ ਤੱਕ ਕੇ
ਦਿਲ ਜੱਟ ਦਾ ਕਮਜੋਰ ਹੀ ਸੀ
ਲਿਖਤ- K.D
ਦੱਸੀਏ ਕੀ ਲੁੱਟਿਆ ਸਾਡਾ ਵਾਹਘੇ ਦੀਆਂ ਤਾਰਾਂ ਨੂੰ
ਛੱਡਣ ਨੂੰ ਦਿਲ ਨਈਂ ਕਰਦਾ ਵੱਸਦੇ ਘਰ ਬਾਰਾਂ ਨੂੰ
ਕਿਹੜੇ ਸੀ ਜਿਹੜੇ ਨਕਸ਼ੇ ਵਾਹ ਗਏ ਬਰਬਾਦੀ ਦੇ
ਅੱਧਮੋਇਆ ਪੰਜਾਬ ਪਿਆ ਏ ਓਹਲੇ ਆਜ਼ਾਦੀ ਦੇ!
ਅੱਜ ਭਾਈਆਂ ਦੇ ਭਾਈ ਵੈਰੀ ਹੋਏ ਕਿਉਂ ਫਿਰਦੇ ਨੇ
ਰਿਸਦੇ ਨੇ ਜਖਮ ਅਜੇ ਤੱਕ, ਹੈਗੇ ਉਂਜ ਚਿਰ ਦੇ ਨੇ
ਪਿੱਛੇ ਤੁਸੀਂ ਪੈ ਗਏ ਬੱਲਿਓ ਕਿਹੜੀ ਉਪਾਧੀ ਦੇ
ਅੱਧਮੋਇਆ ਪੰਜਾਬ ਪਿਆ ਏ ਓਹਲੇ ਆਜ਼ਾਦੀ ਦੇ!
ਆਈਆਂ ਨੇ ਅੰਮ੍ਰਿਤਸਰ ਨੂੰ ਲੋਥਾਂ ਨਾਲ ਭਰਕੇ ਗੱਡੀਆਂ
ਲੇਖਾਂ ਵਿੱਚ ਭਟਕਣ ਸਾਡੇ, ਭੁੰਜੇ ਨਾ ਲੱਗਣ ਅੱਡੀਆਂ
ਕਿਉਂ ਮਖਮਲ ਦੇ ਚੋਲੇ ਲੂਹਤੇ ਪਿੱਛੇ ਲੱਗ ਖਾਦੀ ਦੇ
ਅੱਧਮੋਇਆ ਪੰਜਾਬ ਪਿਆ ਏ ਓਹਲੇ ਆਜ਼ਾਦੀ ਦੇ!
ਪੁੱਟ ਕੇ ਰੱਖ ਦਿੱਤਾ ਜੜ੍ਹ ਤੋਂ ਹੋਰਾਂ ਦੀ ਚੌਧਰ ਨੇ
ਸਾਡੇ ਉਹ ਕਹਿਣ ਟਿਕਾਣੇ ਐਧਰ ਨਾ ਓਧਰ ਨੇ
ਸੋਹਿਲੇ ਨਾ ਗਾਇਓ ਐਂਵੇ ਸਾਡੇ ਅਪਰਾਧੀ ਦੇ
ਅੱਧਮੋਇਆ ਪੰਜਾਬ ਪਿਆ ਏ ਓਹਲੇ ਆਜ਼ਾਦੀ ਦੇ!
ਸਮਿਆਂ ਤੋਂ ਭਰ ਨਈਂ ਹੋਣੇ, ਡੂੰਘੇ ਫੱਟ ਦਿਲ ਦੇ ਨੇ
ਦੇਖਾਂਗੇ ਵਿਛੜੇ ਭਾਈ, ਆਖਰ ਕਦ ਮਿਲ ਦੇ ਨੇ
ਪਰ ਭੁੱਲੇ ਨਾ ਜਾਣੇ ਸੰਧੂ ਇਹ ਕਿੱਸੇ ਬਰਬਾਦੀ ਦੇ
ਅੱਧਮੋਇਆ ਪੰਜਾਬ ਪਿਆ ਏ ਓਹਲੇ ਆਜ਼ਾਦੀ ਦੇ!
-ਜੁਗਰਾਜ ਸਿੰਘ
ਸਾਂਝ
ਸਭਨਾਂ ਨਾਲ ਮੇਲ ਸਾਡਾ ਯਾਰੋ ਏਦਾਂ ਹੋਣਾ ਚਾਹੀਦਾ, ਜਿਵੇਂ ਹਵਾ ਦੀ ਸਾਂਝ ਹੁੰਦੀ ਏ ਰੁੱਖ ਦੇ ਫਲ ਤੇ ਪੱਤਿਆਂ ਨਾਲ ।
ਮੁਰਾਰੀ,ਸੁਦਾਮੇ ਦੇ ਮੋਹ ਪਿਆਰ ਨੂੰ ਜੇਕਰ ਦੁਨੀਆ ਸਮਝ ਲਵੇ,
ਗੂੜ੍ਹੀ ਸਾਂਝ ਫਿਰ ਕੱਚਿਆਂ ਦੀ ਪੈ ਜਾਣੀ ਹੈ ਪੱਕਿਆਂ ਨਾਲ।
ਆਬਾਦੀ ਕਰਕੇ ਮਸ਼ੀਨੀ ਯੁੱਗ ਦਾ ਆਉਣਾ ਬੜਾ ਹੀ ਲਾਜ਼ਮੀ ਸੀ, ਤਨ ਨਹੀਂ ਕੱਜੇ ਜਾਣੇ,ਕਦੇ ਵੀ ਚਰਖ਼ੇ ਕੱਤਿਆਂ ਨਾਲ ।
ਕਦੇ ‘ਨਾ ਵਿਸਰਿਓ ਵਿਰਸਾ ‘ਤੇ ਨਾ ਹੀ ਪੁਰਾਤਨ ਰੀਤਾਂ ਨੂੰ, ਆਏ ਗਏ ਦਾ ਸਵਾਗਤ ਸੀ ਹੁੰਦਾ ਮੱਠੀਆਂ,ਲੱਡੂਆਂ ਬੱਤਿਆਂ ਨਾਲ ।
ਬੀਜ਼ ਨਫ਼ਰਤ ਦਾ ਪੁੰਗਰ ਨੀਂ ਸਕਦਾ ਦਿਲਾਂ ਦੀਆਂ ਸਰਹੱਦਾਂ ਤੇ,
ਜ਼ਿਦੰਗੀ ਦੇ ਪੰਧ ਨਬੇੜ ਲੲੀੲੇ,ਰਲ ਮਿਲ ਕੇ ਹਾਸੇ ਠੱਠਿਆਂ ਨਾਲ ।
ਸਬਰ ਸੰਤੋਖ ਦੇ ਨਾਲ ਲੰਘਾਈਏ ਮਿਲ ਕੇ ਘੜੀਆਂ ਔਖੀਆਂ ਨੂੰ,
ਗੱਲ ਹੱਦੋਂ ਵੱਧ,ਬਿਗੜ ਜਾਂਵਦੀ,ਸਦਾ ਦਿਮਾਗਾਂ ਤੱਤਿਆਂ ਨਾਲ । ‘ਜੱਸੇ” ਜੜਾਂ ਨਾਲ ਜੁੜਿਆ ਨੂੰ ਹਲਾਉਣਾ ਖਾਲਾ ਜੀ ਦਾ ਵਾੜਾ ਨਹੀਂ,
ਉਹੀ ਮੱਖੀਆਂ ਸੁਰੱਖਿਅਤ ਨੇ ਜੁੜੀਆਂ ਰਹਿਣ ਜੋ ਛੱਤਿਆਂ ਨਾਲ।
ਜੱਸਾ ਜੱਟ
ਰਤਨ ਟਾਟਾ ਇੰਡੀਆ ਦਾ ਇੱਕ ਸਫਲ ਬਿਜਨਸ ਮੈਨ ਹੈ । ਅਕਸਰ ਹੀ ਪਾਣੀ ਦੇ ਵਹਾਅ ਦੇ ਵਿਪਰੀਤ ਤਾਰੀ ਲਾਉਣ ਵਾਲਾ ਇਹ ਦਲੇਰ ਤੇ ਹੱਸਮੁੱਖ ਇਨਸਾਨ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਤੇ ਬੇਖੌਫ ਟਿੱਪਣੀਆਂ ਕਰ ਦਿੰਦਾ ਹੈ !
ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਵਿਚ ਲੈਕਚਰ ਦੇ ਰਿਹਾ ਸੀ । ਸਹਿ ਸੁਭਾ ਹੀ ਦਸ ਐਸੀਆਂ ਗੱਲਾਂ ਦੱਸ ਗਿਆ ਜਿਹੜੀਆਂ ਕਿਸੇ ਵੀ ਮੁਕਾਮ ਤੇ ਪਹੁੰਚੇ ਹੋਏ ਕਿਸੇ ਵੀ ਇਨਸਾਨ ਦੀ ਜਿੰਦਗੀ ਵਿਚ ਬਦਲਾਅ ਲਿਆ ਸਕਦੀਆਂ ਹਨ । ਆਓ ਉਹ ਦਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ ।
1. ਜਿੰਦਗੀ ਉਤਰਾਵਾਂ ਚੜਾਵਾਂ ਨਾਲ ਭਰੀ ਪਈ ਹੈ ..ਇਨਸਾਨ ਨੂੰ ਇਹਨਾਂ ਦੀ ਆਦਤ ਪਾ ਲੈਣੀ ਚਾਹੀਦੀ ਹੈ ।
2.ਲੋਕ ਤੁਹਾਡੀ ਸੇਲ੍ਫ਼-ਰਿਸਪੈਕਟ (ਸਵੈ-ਮਾਣ) ਦੀ ਬਿਲਕੁਲ ਪ੍ਰਵਾਹ ਨਹੀਂ ਕਰਦੇ ਸੋ ਪਹਿਲਾਂ ਆਪਣੇ ਆਪ ਨੂੰ ਓਹਨਾ ਸਾਮਣੇ ਸਾਬਿਤ ਕਰੋ ।
3. ਕਾਲਜ ਦੀ ਪੜਾਈ ਮੁਕਾਉਣ ਤੋਂ ਇਕਦਮ ਬਾਅਦ ਪੰਜ ਸਿਫਰਾਂ ਵਾਲੀ ਕਮਾਈ ਦੀ ਆਸ ਨਾ ਰੱਖੋ ।ਕੋਈ ਵੀ ਰਾਤੋ ਰਾਤੋ-ਰਾਤ ਸ਼ੋਰਟ -ਕੱਟ ਮਾਰ ਕੇ ਕੰਪਨੀ ਦਾ ਸੀ ਈ ਓ ਨਹੀਂ ਬਣ ਜਾਂਦਾ ।
4. ਤੁਹਾਨੂੰ ਆਪਣੇ ਮਾਸਟਰ ,ਪ੍ਰੋਫੈਸਰ ਤੇ ਮੱਤ ਦਿੰਦੇ ਮਾਪੇ ਉਦੋਂ ਤੱਕ ਡਰਾਵਣੇ ਤੇ ਭੱਦੇ ਲੱਗਦੇ ਹਨ ਜਦੋਂ ਤੱਕ ਤੁਹਾਡਾ ਵਾਸਤਾ “ਬੌਸ” ਨਾਮ ਦੇ ਪ੍ਰਾਣੀ ਨਾਲ ਨਹੀਂ ਪੈਂਦਾ ।
5. ਤੁਹਾਡੀ ਗਲਤੀ ਸਿਰਫ ਤੁਹਾਡੀ ਹੈ ਇਸ ਵਿਚ ਕਿਸੇ ਹੋਰ ਦਾ ਕੋਈ ਯੋਗਦਾਨ ਨਹੀਂ ਹੈ ।
6. ਕੰਮਪਾਰਟਮੈਂਟ ਆਉਣ ਤੇ ਫੇਰ ਪ੍ਰੀਖਿਆ ਵਿਚ ਬੈਠਣਾ ਸਿਰਫ ਸਕੂਲ ਵਿਚ ਨਸੀਬ ਹੁੰਦਾ । ਅਸਲ ਜਿੰਦਗੀ ਗਲਤੀ ਸੁਧਾਰਨ ਦਾ ਦੋਬਾਰਾ ਮੌਕਾ ਬਹੁਤ ਥੋੜੇ ਖੁਸ਼ਕਿਸਮਤਾਂ ਨੂੰ ਦਿੰਦੀ ਹੈ ।
7. ਜਿੰਦਗੀ ਦੇ ਅਸਲ ਸਕੂਲ ਵਿਚ ਕੋਈ ਕਲਾਸ ਜਾਂ ਸੈਕਸ਼ਨ ਨਹੀਂ ਹੁੰਦਾ । ਇਥੇ ਤੁਸੀਂ ਹੀ ਕਲਾਸ ਹੋ ਤੁਸੀਂ ਹੀ ਪ੍ਰੋਫੈਸਰ ਹੋ ਤੇ ਆਪਣੇ ਪੇਪਰ ਵੀ ਤੁਸੀਂ ਖੁਦ ਹੀ ਚੈਕ ਕਰਨੇ ਹਨ ਤੇ ਆਪਣੇ ਆਪ ਨੂੰ ਕਿਹੜਾ ਗ੍ਰੇਡ ਦੇਣਾ ਇਹ ਵੀ ਤੁਸੀਂ ਆਪ ਹੀ ਤਹਿ ਕਰਨਾ ।
8. ਟੇਲੀਵਿਜਨ ਵਿਚ ਦਿਖਾਏ ਜਾਂਦੇ ਸਿਰਿਆਲਾਂ ਵਿਚਲੀ ਜਿੰਦਗੀ ਅਸਲੀਅਤ ਤੋਂ ਕੋਹਾਂ ਦੂਰ ਹੁੰਦੀ ਹੈ ਉਸਨੂੰ ਆਪਣੇ ਜੀਵਨ ਸ਼ੈਲੀ ਦਾ ਹਿੱਸਾ ਨਾ ਬਣਨ ਦਿਓ ।
9. ਮੁਸ਼ਕਿਲ ਹਲਾਤਾਂ ਵਿਚ ਗਰੀਬੀ ਨਾਲ ਜੂਝਦੇ ਹੋਏ ਕਿਸੇ ਵੀ ਇਨਸਾਨ ਦਾ ਕਦੀ ਮਜਾਕ ਨਾ ਉਡਾਓ । ਹੋ ਸਕਦਾ ਜਿੰਦਗੀ ਦੇ ਕਿਸੇ ਮੋੜ ਤੇ ਤੁਹਾਨੂੰ ਉਸ ਇਨਸਾਨ ਦੇ ਥੱਲੇ ਕੰਮ ਕਰਨਾ ਪੈ ਜਾਵੇ ।
10. ਤੁਹਾਡੇ ਮਾਤਾ ਪਿਤਾ ਤੁਹਾਡੇ ਜਨਮ ਤੋਂ ਪਹਿਲਾਂ ਏਨੇ ਨੀਰਸ ,ਬਦਸੂਰਤ,ਬੋਰਿਗ ਤੇ ਚਿੜਚਿੜੇ ਨਹੀਂ ਹੁੰਦੇ ਸਨ । ਤੁਹਾਡੇ ਪਾਲਣ ਪੋਸ਼ਣ ਤੇ ਤੁਹਾਨੂੰ ਖ਼ੂਬਸੂਰਤ ਜਿੰਦਗੀ ਦੇਣ ਦੇ ਲਗਾਤਾਰ ਸੰਘਰਸ਼ ਨੇ ਸ਼ਾਇਦ ਓਹਨਾ ਦਾ ਸੁਬਾਹ ਤੇ ਸ਼ਕਲ ਬਦਲ ਦਿੱਤੀ ਹੈ
ਦੋਸਤੋ ਹੋ ਸਕੇ ਤਾਂ ਆਪਣੇ ਬੱਚਿਆਂ ਨਾਲ ਇਹ ਦਸ ਗੱਲਾਂ ਜਰੂਰ ਸਾਂਝੀਆਂ ਕਰਿਓ ..।