ਜੇ ਇੱਜਤ ਮਿਲਦੀ ਹੋਵੇ ਤਾਂ ਨਿਮਰਤਾ ਨਾਲ ਸਵੀਕਾਰ ਕਰੋ

by Jasmeet Kaur

ਪੁਰਾਣੇ ਸਮਿਆਂ ਦੀ ਗੱਲ ਏ, ਕਿਸੇ ਪਿੰਡ ਸਾਂਹਸੀਆਂ ਦੇ ਪਰਿਵਾਰ ਨੇ ਇੱਕ ਔਰਤ ਵਿਆਹ ਕੇ ਲਿਆਂਦੀ , ਨਾਮ ਸੀ ਬੀਬੋ ।ਮੂੰਹ ਮੱਥੇ ਲੱਗਦੀ ਸੀ , ਤੇ ਸੀ ਥੋੜ੍ਹੀ ਨੱਕ ਚੜ੍ਹੀ । ਸਹੁਰਾ ਪਰਿਵਾਰ ਬੜੀ ਕਦਰ ਕਰਦਾ ਸੀ ਓਹਦੀ ਪਰ ਓਹਨੇ ਗੱਲ ਗੱਲ ਤੇ ਗ਼ੁੱਸੇ ਹੋਣਾ, ਪੇਕੇ ਤੁਰ ਜਾਣ ਦੀਆਂ ਧਮਕੀਆਂ ਦੇਣਾ ਓਹਦਾ ਨਿੱਤ ਦਾ ਵਿਹਾਰ ਬਣ ਗਿਆ ।ਹਰ ਗੱਲ ਤੇ ਜਿਦ ਪੁਗੌਣੀ ਕਿ ਆਹ ਕੰਮ ਏਦਾਂ ਈ ਹੋਣਾ ਚਾਹੀਦਾ ਏ ਨਹੀ ਤੇ ਮੈਂ ਚੱਲੀ । ਓਹਦਾ ਖ਼ਾਵੰਦ ਤਾਂ ਭਲਾਮਾਣਸ ਸੀ ਹੀ, ਬਾਕੀ ਸਹੁਰਾ ਪਰਿਵਾਰ ਵੀ ਬਹੁਤ ਸ਼ਰੀਫ ਸੀ । ਕੁਝ ਸਮਾਂ ਇਵੇਂ ਈ ਚੱਲਦਾ ਰਿਹਾ, ਪਰ ਆਖਰ ਨੂੰ ਸਭ ਦਾ ਸਬਰ ਜਵਾਬ ਦੇ ਗਿਆ , ਓਹਦੇ ਪੇਕਿਆਂ ਤੋੰ ਵੀ ਪਤਾ ਚੱਲ ਗਿਆ ਕਿ ਬੀਬਾ ਦਾ ਸੁਭਾਅ ਬਾਹਲ਼ਾ ਈ ਕੁਪੱਤਾ ਸੀ ਪਹਿਲੇ ਦਿਨ ਤੋਂ ਈ ।
ਤੇ ਬੀਬੋ ਜੀ ਵਿੱਟਰ ਬੈਠੇ ਇੱਕ ਦਿਨ, ਅਖੇ ਮੈਂ ਤਾਂ ਚੱਲੀ , ਹੁਣ ਨਾ ਰੁਕੀ । ਪੈਰ ਪਟਕਦੀ ਵਾਹੋ-ਦਾਹੀ ਬਾਹਰ ਨੂੰ ਤੁਰ ਪਈ ਕਿ ਹੁਣ ਵੀ ਕੋਈ ਰੋਕੇਗਾ , ਤਰਲੇ ਮਿੰਨਤਾਂ ਕਰੇਗਾ , ਪਰ ਏਹ ਕੀ? ਕੋਈ ਆਇਆ ਈ ਨਾ ਰੋਕਣ, ਤਰਲੇ ਤਾਂ ਦੂਰ ਦੀ ਗੱਲ, ਮੂੰਹ ਵੀ ਫੇਰ ਲਏ ਓਸ ਤੋਂ । ਓਹ ਪਿੱਛੇ ਮੁੜ ਮੁੜ ਵੇਖਦੀ ਪਿੰਡੋਂ ਕਾਫੀ ਦੂਰ ਚਲੀ ਗਈ। ਭੁੱਖੀ ਪਿਆਸੀ ਸਾਰਾ ਦਿਨ ਬੈਠੀ ਰਹੀ ਸੁੰਨੇ ਜਿਹੇ ਬੋਹੜ ਥੱਲੇ , ਪਰ ਕੋਈ ਨਾ ਬਹੁੜਿਆ । ਉਹਦਾ ਪਤੀ ਵੀ ਭੇਡਾਂ ਚਾਰਨ ਤੁਰ ਗਿਆ, ਬਿਨਾ ਕੋਈ ਤਵੱਜੋਂ ਦਿੱਤਿਆਂ ਲੰਘ ਗਿਆ ਓਹਦੇ ਕੋਲ ਦੀ। ਪੇਕਿਆਂ ਦਾ ਖਿਆਲ ਕੀਤਾ ਤਾਂ ਯਾਦ ਆਇਆ ਕਿ ਓਥੋਂ ਵੀ ਸਵਾਗਤੀ ਹਾਰ ਕੋਈ ਨਹੀ ਪੈਣੇ , ਸੋ ਮਨ ਮਸੋਸ ਕੇ ਸਾਰਾ ਦਿਨ ਉਡੀਕਦੀ ਰਹੀ ਕਿ ਆਖਰ ਸ਼ਾਮ ਨੂੰ ਤਾਂ ਕੋਈ ਆਵੇਗਾ ਈੰ ਨਾ ।
ਪਰ ਸਭ ਕਿਆਫ਼ੇ ਧਰੇ ਧਰਾਏ ਰਹਿ ਗਏ , ਭੁੱਖ ਨਾਲ ਬੁਰਾ ਹਾਲ ਹੋ ਗਿਆ ਓਹਦਾ , ਪਾਣੀ ਤਾਂ ਸਿਰਫ ਪਿਆਸ ਈ ਬੁਝਾ ਸਕਦਾ ਏ, ਰੋਟੀ ਦੀ ਥਾਂ ਨਹੀ ਲੈ ਸਕਦਾ । ਜਿਉਂ ਜਿਉਂ ਸ਼ਾਮ ਢਲਣ ਲੱਗੀ , ਬੀਬੋ ਦਾ ਦਿਲ ਘਾਊਂ ਮਾਊਂ ਕਰਨ ਲੱਗਾ । ਭੈੜੇ ਭੈੜੇ ਖਿਆਲ ਮਨ ਚ ਆਉਣ ਲੱਗੇ । ਆਖਰ ਨਜ਼ਰਾਂ ਤੋ ਬਚਦੀ ਬਚਦੀ ਘਰ ਵੱਲ ਨੂੰ ਪੈਰ ਘੜੀਸਦੀ ਤੁਰ ਪਈ ਕਿ ਵੇਖਾਂ ਤੇ ਸਹੀ , ਸ਼ਾਇਦ ਕੋਈ ਘਰ ਦਾ ਜੀਅ ਲੈਣ ਆ ਈ ਰਿਹਾ ਹੋਵੇ , ਪਰ ਓਹਨਾ ਸਾਰਿਆਂ ਨੇ ਵੀ ਜਿਵੇਂ ਗੰਢ ਈ ਦੇ ਲਈ ਸੀ ਕਿ ਜਾਣਾ ਏ ਤਾਂ ਜਾਹ, ਗ਼ਲੋਂ ਲੱਥ , ਕਿਹੜਾ ਨਿੱਤ ਮਿੰਨਤਾਂ ਕਰੇ।
ਓਹ ਘਰ ਕੋਲੇ ਆ ਕੇ ਲੁਕ ਕੇ ਬੈਠ ਗਈ , ਅਚਾਨਕ ਓਹਨੂੰ ਆਪਣਾ ਭੇਡਾਂ ਦਾ ਇੱਜੜ ਆਉਂਦਾ ਦਿਖਾਈ ਦਿੱਤਾ , ਓਹਦੇ ਪਤੀ ਨੇ ਓਹਨੂੰ ਤੱਕ ਤਾਂ ਲਿਆ ਪਰ ਵੇਖ ਕੇ ਅਣਡਿੱਠ ਕਰ ਦਿੱਤਾ । ਬੀਬੋ ਦੀ ਤਾਂ ਧਾਅ ਨਿਕਲਣ ਵਾਲੀ ਹੋ ਗਈ, ਫਿਰ ਅਚਾਨਕ ਓਹਦੀ ਨਿਗਾ ਇੱਕ ਲੰਗੜੇ ਲੇਲੇ ਤੇ ਪਈ ਜੋ ਇੱਜੜ ਤੋਂ ਪਛੜ ਕੇ ਤੁਰ ਰਿਹਾ ਸੀ ।ਬੀਬੋ ਨੇ ਜੁਗਾੜ ਲਾ ਲਿਆ ਹਾਰਕੇ , ਭੱਜਕੇ ਲੇਲੇ ਦੀ ਪੂਛ ਫੜ੍ਹ ਲਈ ਦੋਹਾਂ ਹੱਥਾਂ ਨਾਲ ਘੁੱਟ ਕੇ । ਲੇਲਾ ਘਰ ਜਾਣ ਨੂੰ ਲੇਰਾਂ ਦੇਣ ਲੱਗਾ ਤੇ ਸ਼ਰਮਿੰਦੀ ਹੋਈ ਬੀਬੋ ਨੇ ਆਪਣਾ ਰਾਗ ਛੋਹ ਲਿਆ,” ਵੇ ਲੇਲਿਆ, ਮਰ ਜਾਣਿਆਂ ਕਿਉਂ ਜਿਦ ਕਰਦਾਂ, ਮੈਂ ਨਹੀਂ ਘਰ ਨੂੰ ਜਾਣਾ ਵੇ,
ਤੂੰ ਕਾਹਤੋਂ ਖਹਿੜਾ ਕਰਦਾਂ ਕਮਲਿਆ ,
ਏਸ ਘਰ ਚ ਮੇਰੀ ਨਖੱਤੀ ਦੀ ਕੋਈ ਲੋੜ ਨਹੀਂ ਵੇ ਕਿਸੇ ਨੂੰ,”
ਤੇ ਲੇਲੇ ਦੀ ਪੂਛ ਫੜ੍ਹ ਕੇ ਵਿਹੜਾ ਲੰਘ ਆਈ , ਓਹਦੇ ਭਲੇ ਮਾਣਸ ਸਹੁਰੇ ਨੇ ਲੇਲੇ ਨੂੰ ਥਾਪੀ ਦਿੱਤੀ ਤੇ ਕਿਹਾ,” ਸ਼ਾਬਾਸ਼ੇ ਲੇਲਿਆ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਮੁੜ ਆਵੇ ਤਾਂ ਓਹਨੂੰ ਭੁੱਲਿਆ ਨਹੀਂ ਕਹਿੰਦੇ, ਬੀਬੋ ਨੂੰ ਕਹਿ, ਮੂੰਹ ਹੱਥ ਧੋ ਕੇ ਰੋਟੀ ਪਾਣੀ ਛਕੇ, ਪਰਿਵਾਰਾਂ ਚ ਜਿਦਾਂ ਸ਼ਰੀਕੇ ਨਹੀਂ ਸੋਭਦੇ, ਸਿਆਣੇ ਬਣਕੇ ਰਹੀਦਾ ਹੁੰਦਾ,” ਤੇ ਬੀਬੋ ਚੁੱਪ-ਚਾਪ ਨੀਵੀਂ ਪਾ ਕੇ ਚੌਂਕੇ ਵੱਲ ਨੂੰ ਹੋ ਤੁਰੀ ।
ਦੋਸਤੋ , ਅਗਰ ਇੱਜਤ ਮਾਣ ਮਿਲਦਾ ਹੋਵੇ ਤਾਂ ਨਿਮਰਤਾ ਨਾਲ ਸਵੀਕਾਰ ਕਰਨਾ ਬਣਦਾ ਏ, ਹਾਰ ਪਵੌਣ ਲਈ ਗਰਦਨ ਝੁਕੌਣੀ ਲਾਜ਼ਮੀ ਏ । ਲਚਕਦਾਰ ਹੋਣਾ ਜ਼ਿੰਦਾ ਤੇ ਨਰਮ-ਦਿਲ ਹੋਣ ਦੀ ਨਿਸ਼ਾਨੀ ਏ, ਆਕੜ ਤਾਂ ਮੁਰਦੇ ਦੀ ਪਹਿਚਾਣ ਏ । ਆਓ,ਓਹਨਾ ਨੂੰ ਗਲ ਲੱਗ ਮਿਲੀਏ ਜੋ ਬਾਹਾਂ ਖੋਲ੍ਹ ਕੇ ਰਾਹਾਂ ਚ ਖੜੇ ਨੇ , ਇਸਤੋ ਪਹਿਲਾਂ ਕਿ ਓਹ ਥੱਕ ਕੇ ਦਰ ਭੇੜ ਲੈਣ ਤੇ ਫਿਰ ਸ਼ਾਇਦ ਸਾਨੂੰ ਵੀ ਲੰਗੜਾ ਲੇਲਾ ਲੱਭਣਾ ਪਵੇ । ਕਿਸੇ ਮਿੱਤਰ ਪਿਆਰੇ ਨੂੰ ਏਨਾ ਜ਼ਲੀਲ ਨਾ ਕਰ ਦੇਈਏ ਕਿ ਓਹ ਸਦਾ ਲਈ ਬੇਮੁਖ ਹੋ ਜਾਵੇ । ਦੁਨੀਆਂ ਦੇ ਕੰਮ ਉਦੋ ਵੀ ਚੱਲਦੇ ਸਨ ਜਦੋਂ ਅਸੀਂ ਜਨਮੇ ਵੀ ਨਹੀ ਸਾਂ, ਤੇ ਬਾਅਦ ਵਿੱਚ ਵੀ ਚੱਲਦੇ ਰਹਿਣਗੇ , ਪਰ ਜਿਉਂਦੇ ਜੀਅ ਹਉਮੈ ਦੀਆਂ ਦੀਵਾਰਾਂ ਉੱਚੀਆਂ ਕਰਕੇ ਅਸੀਂ ਪਿਆਰੀ ਤੇ ਅਨਮੋਲ ਜਿੰਦਗੀ ਨੂੰ ਦੁਸ਼ਵਾਰ ਕਿਉਂ ਕਰੀਏ । ਪਿਆਰ ਮੁਹੱਬਤ ਜਿੰਦਗੀ ਦੀ ਗੱਡੀ ਵਿੱਚ ਮੋਬਿਲਆਇਲ ਜਿੰਨੇ ਜ਼ਰੂਰੀ ਨੇ ਦੋਸਤੋ, ਰੁਕ ਜਾਂਦੀ ਏ ਜਿੰਦਗੀ । ਨਹੀ ਤੇ ਰਫਤਾਰ ਤਾਂ ਜ਼ਰੂਰ ਈ ਘਟ ਜਾਂਦੀ ਏ, ਪਛੜ ਜ਼ਰੂਰ ਜਾਂਦੇ ਆਂ ਆਪਣੇ ਸਫਰ ਵਿੱਚ । ਅਖੀਰ ਇੱਕ ਹਿੰਦੀ ਲੜੀਵਾਰ ਦੇ ਸ਼ੁਰੂਆਤੀ ਬੋਲ ਦੁਹਰਾ ਰਿਹਾਂ ..ਕਿ

ਜਿੰਦਗੀ ਕੇ ਸਫਰ ਹੋਂ ਆਸਾਂ
ਕੁਛ ਸਾਥ ਚਲ ਕਰ ਦੇਖੋ।

ਕੁਛ ਹਮ ਭੀ ਬਦਲ ਕਰ ਦੇਖੇਂ
ਕੁਛ ਤੁਮ ਭੀ ਬਦਲ ਕਰ ਦੇਖੋ ।
ਦਵਿੰਦਰ ਜੌਹਲ

Daviner Johl

You may also like