• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

admin

admin

I am writer

ਗ੍ਰਾਮ ਸਭਾ ਅਤੇ ਇਸਦੀ ਤਾਕਤ

by admin January 13, 2019

ਆਖਿਰ ਕੀ ਹੈ ਗ੍ਰਾਮ ਸਭਾ ਅਤੇ ਇਸਦੀ ਤਾਕਤ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ

ਗ੍ਰਾਮ ਸਭਾ ਜਿਸਨੂੰ ਪਿੰਡ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ,ਇਸ ਪਾਰਲੀਮੈਂਟ ਵਿਚ ਪਿੰਡ ਦੇ ਆਂਮ ਲੋਕਾਂ ਨੇ ਸ਼ਮੂਲੀਅਤ ਕਰਕੇ ਪਿੰਡ ਦੀ ਤਕਦੀਰ ਆਪ ਲਿਖਣੀ ਹੁੰਦੀ ਹੈ,ਕਿ ਪਿੰਡ ਵਿਚ ਕਿਹੜੇ -ਕਿਹੜੇ ਕੰਮ ਹੋਣੇ ਚਾਹੀਦੇ ਹਨ।ਦੇਸ਼ ਦੀ ਪਾਰਲੀਮੈਂਟ ਵਿਚ ਲੋਕ ਚੁਣ ਕਿ ਜਾਂਦੇ ਹਨ,ਪਰ ਇਸ ਪਿੰਡ ਦੀ ਗ੍ਰਾਮ ਸਭਾ ਨਾਮਕ ਪਾਰਲੀਮੈਂਟ ਦੀ ਕੋਈ ਚੋਣ ਨਹੀ ਹੁੰਦੀ,ਬਲਕਿ ਜਿਸਦੀ ਵੀ ਵੋਟ ਬਣੀ ਹੁੰਦੀ ਹੈ ਉਹ ਇਸ ਪਾਰਲੀਮੈਂਟ ਦਾ ਮੈਂਬਰ ਹੁੰਦਾ ਹੈ ਅਤੇ ਉਹ ਪਿੰਡ ਦੀ ਹਰ ਵਿਕਾਸ ਰਣਨੀਤੀ ਬਣਾਉਣ ਵਿਚ ਬਰਾਬਰ ਦਾ ਹਿੱਸੇਦਾਰ ਹੁੰਦਾ ਹੈ।
73ਵੀ ਸੋਧ ਤੋਂ ਬਾਅਦ 21 ਅਪ੍ਰੈਲ 1994 ਨੂੰ ਨਵੇ ਪੰਚਾਇਤੀ ਰਾਜ ਕਨੂੰਨ ਦੇ ਹੋਂਦ ਵਿਚ ਆਉਣ ਤੇ ਵੋਟਰਾਂ ਨੂੰ ਗ੍ਰਾਮ ਸਭਾ ਤਹਿਤ ਬੇਤਹਾਸ਼ਾ ਤਾਕਤ ਦੇ ਦਿੱਤੀ ਗਈ,ਇੰਨੀ ਤਾਕਤ ਕਿ ਜੋ ਮੰਗ ਇਸ ਗ੍ਰਾਮ ਸਭਾ ਤਹਿਤ ਪਿੰਡ ਅਤੇ ਪਿੰਡ ਦੇ ਲੋਕਾਂ ਲਈ ਮੰਗ ਲਈ ਉਸਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀ ਸਕਦੀ।ਪਰ ਕਰੀਬ 25 ਸਾਲ ਬੀਤ ਜਾਣ ਤੇ ਵੀ ਇਸ ਕਨੂੰਨ ਬਾਰੇ ਨਾ ਤਾ ਪਿੰਡ ਦੇ ਪਾਰਲੀਮੈਂਟ ਮੈਬਰਾਂ(ਵੋਟਰਾਂ)ਨੂੰ ਇਸ ਬਾਬਤ ਕੋਈ ਜਾਣਕਾਰੀ ਹੈ ਅਤੇ ਨਾ ਹੀ ਗ੍ਰਾਮ ਸਭਾ ਦੇ ਚੇਅਰਮੈਨ(ਸਰਪੰਚ)ਨੂੰ।ਹੁਣ ਤੱਕ ਸਰਪੰਚੀ ਸਿਰਫ਼ ਚੋਣ ਲੜਨ ਅਤੇ ਲੋਕਾਂ ਨੂੰ ਆਪਸ ਵਿਚ ਉਲਝਾਉਣ ਚੌਂਕੀ ਠਾਣੇ ‘ਚ ਫੜਾਉਣ-ਛੁਡਾਉਣ ਤੱਕ ਸੀਮਤ ਹੈ ।ਜਿੰਨ੍ਹਾ ਸਰਪੰਚਾਂ ਨੇ ਇਸ ਤਾਕਤ ਦੀ ਵਰਤੋ ਕੀਤੀ ਹੈ ਉਹ ਆਪਣੇ ਪਿੰਡ ਅਤੇ ਪਿੰਡ ਵਾਸੀਆਂ ਦੀ ਜ਼ਿਦੰਗੀ ਬਦਲ ਕਿ ਰੱਖ ਦੇਣ ਵਿਚ ਕਾਮਯਾਬ ਵੀ ਹੋਏ ਹਨ,ਰਾਜਸਥਾਨ ਦਾ ਪਿਪਲਾਂਤਰੀ, ਮਹਾਰਾਸ਼ਟਰ ਦਾ ਹਿਵਰੇਬਜ਼ਾਰ ਅਤੇ ਪੰਜਾਬ ਦਾ ਤਾਮਕੋਟ ਪਿੰਡ ਇਸਦੀ ਮੂੰਹੋਂਬੋਲਦੀ ਮਿਸਾਲ ਹਨ।
ਗ੍ਰਾਮ ਸਭਾ ਦਾ ਭਾਵ ਹੈ ਪਿੰਡ ਦੇ ਆਂਮ ਲੋਕਾਂ ਦਾ ਉਹ ਇਕੱਠ ਜੋ ਸਰਪੰਚ ਵੱਲੋ ਪਿੰਡ ਵਿਚ ਸਾਲ ਵਿੱਚ ਦੋ ਵਾਰੀ ਕਰਨਾ ਲਾਜ਼ਮੀ ਹੈ।ਇਸ ਇਕੱਠ ਤੋਂ ਠੀਕ 15 ਦਿਨ ਪਹਿਲਾਂ ਸਰਪੰਚ ਪਿੰਡ ਦੇ ਵਿੱਚ ਸਪੀਕਰ ਰਾਹੀਂ ਮੁਨਾਦੀ ਕਰਵਾਉਦਾ ਹੈ,ਇਸ਼ਤਿਹਾਰ ਅਤੇ ਢੋਲੀ ਰਾਹੀਂ ਪਿੰਡ ਵਿਚ ਦੱਸਦਾ ਹੈ,ਕਿ ਅੱਜ ਤੋਂ ਠੀਕ 15 ਦਿਨ ਬਾਅਦ ਪਿੰਡ ਵਿਚ ਗ੍ਰਾਮ ਸਭਾ ਬੁਲਾਈ ਜਾਵੇਗੀ,ਜਿਸ ਵੀ ਪਿੰਡ ਵਾਸੀ ਦੀ ਕੋਈ ਵੀ ਮੁਸ਼ਕਿਲ ਹੈ ਉਹ ਸਰਪੰਚ ਨੂੰ ਪੰਜ ਦਿਨਾਂ ਦੇ ਅੰਦਰ-ਅੰਦਰ ਲਿਖਤੀ ਤੌਰ ਤੇ ਦੱਸੇ।ਲੋਕ ਆਪਣੀ ਕੋਈ ਵੀ ਮੁਸ਼ਕਿਲ ਭਾਵੇ ਉਹ ਪਿੰਡ ਨਾਲ ਸਬੰਧਿਤ ਕਿਸੇ ਵੀ ਮਹਿਕਮੇ ਨਾਲ ਹੋਵੇ,ਉਹ ਸਰਪੰਚ ਨੂੰ ਦੇ ਸਕਦਾ ਹੈ।ਸਰਪੰਚ ਉਸ ਸ਼ਿਕਾਇਤ ਦੀ ਕਾਪੀ ਤੇ ਸ਼ਿਕਾਇਤ ਨਾਲ ਸਬੰਧਿਤ ਮਹਿਕਮੇ ਨੂੰ ਇਹ ਲਿਖ ਕਿ ਭੇਜਦਾ ਹੈ ਕਿ 15 ਤਰੀਕ(ਮਿਸਾਲ)ਨੂੰ ਪਿੰਡ ਦੀ ਸੱਥ ਵਿਚ ਗ੍ਰਾਮ ਸਭਾ ਦੀ ਮੀਟਿੰਗ ਹੈ,ਇਸ ਸ਼ਿਕਾਇਤ ਨਾਲ ਸਬੰਧਿਤ ਅਫ਼ਸਰ ਗ੍ਰਾਮ ਸਭਾ ਵਿੱਚ ਆ ਕਿ ਜੁਆਬਦੇਹ ਹੋਵੇ।
ਗ੍ਰਾਮ ਸਭਾ ਵਾਲੇ ਦਿਨ ਪਿੰਡ ਦੀ ਸੱਥ ਵਿਚ ਸੱਜੀ ਗ੍ਰਾਮ ਸਭਾ ਵਿੱਚ ਸਰਪੰਚ ਬਤੌਰ ਚੇਅਰਮੈਨ ਇੱਕ ਰਾਜੇ ਦੀ ਤਰਾਂ ਕੰਮ ਕਰਦਾ ਹੈ ਅਤੇ ਸਾਰੇ ਪੰਚਾਇਤ ਮੈਂਬਰ ਉਸਦੇ ਨਾਲ ਗ੍ਰਾਮ ਸਭਾ ਦੀ ਨੁਮਾਇੰਦਗੀ ਕਰਦਿਆ ਸਭਾ ਵਿਚ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਹਾਂਮੀ ਭਰਦੇ ਹਨ।ਸਭ ਤੋਂ ਪਹਿਲਾਂ ਸਰਪੰਚ ਆਪਣਾ ਪੰਚਾਇਤੀ ਹਿਸਾਬ ਪੜ ਕਿ ਦੱਸਦਾ ਹੈ,ਕਿ ਕਿੰਨੀ ਗ੍ਰਾਂਟ ਆਈ ਕਿੱਥੇ-ਕਿੱਥੇ ਕਿੰਨੀ-ਕਿੰਨੀ ਲਗਾਈ ਅਤੇ ਬਕਾਇਆ ਕੀ ਹੈ,ਲੋਕ ਹਾਂਮੀ ਭਰਦੇ ਹਨ ਅਤੇ ਕਾਰਵਾੲੀ ਨੂੰ ਅੱਗੇ ਤੋਰਦਿਆ ਸਰਪੰਚ ਲੋਕਾਂ ਦੀਆ ਸ਼ਿਕਾਇਤਾ ਪੜਦਾ ਹੈ ਅਤੇ ਪ੍ਰੋਗਰਾਮ ਵਿੱਚ ਪਹੁੰਚੇ ਸਬੰਧਿਤ ਅਫ਼ਸਰ ਸ਼ਿਕਾਇਤ ਕਰਤਾ ਦੀ ਲਿਖਤੀ ਸ਼ਿਕਾਇਤ ਵਾਲੀ ਕਾਪੀ ਤੇ ਕੰਮ ਕਰਨ ਦਾ ਸਮਾਂ ਲਿਖਤੀ ਦਿੰਦੇ ਹਨ,ਕਿ ਮੈ ਇਸਦਾ ਕੰਮ ਇੰਨੇ ਸਮੇਂ ਦੇ ਅੰਦਰ-ਅੰਦਰ ਕਰਾਂਗਾ।ਜੇਕਰ ਅਫ਼ਸਰ ਬਾਅਦ ਵਿੱਚ ਦਿੱਤੇ ਸਮੇਂ ਅਨੁਸਾਰ ਕੰਮ ਨਹੀ ਕਰਦਾ ਤਾ ਉਸਨੂੰ ਫਿਰ ਸਰਪੰਚ ਵੱਲੋ ਇੱਕ ਯਾਦਪੱਤਰ ਭੇਜਿਆ ਜਾਦਾ ਹੈ ਅਤੇ ਜੇਕਰ ਫਿਰ ਵੀ ਅਧਿਕਾਰੀ ਕੰਮ ਨਹੀ ਕਰਦਾ ਤਾ ਗ੍ਰਾਮ ਸਭਾ ਕੋਲ ਇਹ ਅਧਿਕਾਰ ਹੈ ਕਿ ਉਹ ਉਸ ਅਧਿਕਾਰੀ ਨੂੰ ਸਸਪੈਂਡ ਕਰ ਸਕਦੀ ਹੈ ਉਹ ਚਾਹੇ ਕਿੰਨਾਂ ਵੀ ਵੱਡਾ ਅਫ਼ਸਰ ਕਿਉ ਨਾ ਹੋਵੇ।ਇਸ ਸਭਾ ਵਿੱਚ ਪਿੰਡ ਦੀ ਤਕਦੀਰ ਲੋਕ ਆਪ ਲਿਖਦੇ ਹਨ ਕਿ ਸਾਡੇ ਪਿੰਡ ਵਿਚ ਗਲੀਆ-ਨਾਲੀਆਂ,ਪਾਰਕਾਂ,ਸਿਹਤ ਸਹੂਲਤਾਂ ਆਦਿ ਕਿਹੋ ਜਿਹੀਆ ਹੋਣੀਆ ਚਾਹੀਦੀਆ ਹਨ ਅਤੇ ਉਹਨਾ ਦੇ ਲਈ ਫੰਡ ਦੀ ਮੰਗ ਕਰਦੇ ਹਨ ਅਤੇ ਉਸ ਫੰਡ ਨੂੰ ਹਰ ਹਾਲ ਵਿਚ ਸਰਕਾਰ ਨੂੰ ਜਾਰੀ ਕਰਨਾ ਪੈਂਦਾ ਹੈ।
ਗ੍ਰਾਮ ਸਭਾ ਵਿਚ ਲੋਕਾਂ ਦੀਆ ਪੈਨਸ਼ਨਾ,ਨੀਲੇ ਕਾਰਡ ਅਤੇ ਹਰ ਉਸ ਸਕੀਮ ਦਾ ਲਾਭ ਉਹਨਾ ਲੋਕਾਂ ਨੂੰ ਮਿਲਦਾ ਹੈ ਜੋ ਉਸਦੇ ਯੋਗ ਹੁੰਦੇ ਹਨ,ਕਿਉਕਿ ਲੋਕਾਂ ਦੇ ਇਕੱਠ ਵਿੱਚ ਦੋ ਮੰਜ਼ਲਾ ਕੋਠੀ ਵਾਲਾ ਆ ਕਿ ਨੀਲੇ ਕਾਰਡ ਦੀ ਮੰਗ ਨਹੀ ਕਰ ਸਕਦਾ ਅਤੇ ਲੋੜਵੰਦ ਦੀ ਮੰਗ ਨੂੰ ਕੋਈ ਵੀ ਸਰਕਾਰੀ ਨੌਕਰ ਠੁਕਰਾ ਕਿ ਆਪਣੀ ਨੌਕਰੀ ਨੂੰ ਖਤਰੇ ਵਿਚ ਨਹੀ ਪਾ ਸਕਦਾ।ਇਸ ਸਭਾ ਵਿੱਚ ਲੋਕਾਂ ਨੂੰ ਹਰ ਸਰਕਾਰੀ ਸਕੀਮ ਬਾਰੇ ਜਾਗਰੂਕ ਕਰਨ ਅਤੇ ਉਹਨਾ ਦਾ ਲਾਭ ਦੇਣ ਦਾ ਕੰਮ ਕਰਨਾ ਸਰਪੰਚ ਅਤੇ ਸਰਕਾਰੀ ਮੁਲਾਜ਼ਮਾ ਦੀ ਅਹਿਮ ਡਿਊਟੀ ਹੁੰਦੀ ਹੈ
ਕਨੂੰਨ ਤਾ ਬਣਾਇਆ ਸੀ ਕਿ ਲੋਕ ਆਪਣੀ ਕਿਸਮਤ ਆਪ ਲਿਖ ਸਕਣ ਪਰ ਸਿਆਸਤਦਾਨਾ ਅਤੇ ਅਧਿਕਾਰੀਆ ਨੇ ਕਨੂੰਨ ਬਣਾ ਕਿ ਉਸਨੂੰ ਬਕਸੇ ਵਿਚ ਬੰਦ ਕਰ ਦਿੱਤਾ ਅਤੇ ਹੁਣ ਤੱਕ ਵੱਧ ਤੋਂ ਵੱਧ ਇਹ ਵਾਹ ਲਗਾਈ ਜਾਂਦੀ ਰਹੀ ਹੈ ਕਿ ਲੋਕ ਇਸ ਕਨੂੰਨ ਬਾਰੇ ਜਾਗਰੂਕ ਨਾ ਹੋ ਸਕਣ,ਕਿਉਕਿ ਇਸ ਤਰਾਂ ਕਰਨ ਨਾਲ ਉਹਨਾ ਦੀ ਆਪਣੀ ਤਾਕਤ ਜ਼ੀਰੋ ਅਤੇ ਲੋਕ ਤਾਕਤ ਪੱਖੋ ਹੀਰੋ ਬਣ ਜਾਣਗੇ।ਕਿਸੇ ਵੀ ਕੰਮ ਅਤੇ ਗ੍ਰਾਂਟ ਲਈ ਲੋਕਾਂ ਨੂੰ ਉਹਨਾ ਦੀਆ ਲੇਲੜੀਆਂ ਨਹੀ ਕੱਢਣੀਆ ਪੈਣਗੀਆ ਅਤੇ ਸਰਪੰਚ ਨੂੰ ਵੀ ਇਹ ਸਮਝ ਪੈ ਜਾਊਗੀ ਕੀ ਮੇਰੀ ਤਾਕਤ ਬੀ.ਡੀ.ਓ ਜ਼ਾ ਵਿਧਾਇਕ ਨਹੀ ਮੇਰੀ ਤਾਕਤ ਤਾ ਮੇਰੇ ਪਿੰਡ ਦੇ ਲੋਕ ਹਨ।
ਇਸ ਵੇਲੇ ਕਨੂੰਨ ਸਿਰਫ਼ ਕਾਗਜ਼ਾਂ ਵਿਚ ਹੀ ਕੰਮ ਕਰ ਰਿਹਾ ਹੈ ਅਤੇ ਨਤੀਜ਼ੇ ਵਜੋ ਵਿਕਾਸ ਵੀ ਫਿਰ ਕਾਗਜ਼ਾਂ ਵਿਚ ਹੀ ਹੋ ਰਿਹਾ ਹੈ,ਸਰਪੰਚ ਨੂੰ ਸਰਕਾਰੀ ਸਕੀਮਾਂ ਸਮਝਾ ਕਿ ਕੰਮ ਕਰਵਾਉਣ ਲਈ ਮਿਲੇਆ ਨੌਕਰ ਸੈਕਟਰੀ ਸਰਪੰਚਾਂ ਲਈ ਇੱਕ ਵੱਡੇ ਅਫ਼ਸਰ ਤੋਂ ਘੱਟ ਨਹੀ,ਉਹ ਹੀ ਸਭ ਗ੍ਰਾਮ ਸਭਾ ਜਾਅਲੀ ਰੂਪ ਵਿਚ ਕਰਕੇ ਪਿੰਡ ਦੇ ਲੋਕਾਂ ਦੇ ਭੱਵਿਖ ਨਾਲ ਖੇਡ ਰਿਹਾ ਹੈ,ਉਸਨੂੰ ਅਤੇ ਬੀ.ਡੀ.ਉ ਨੂੰ ਹੀ ਇਸ ਸਾਰੀ ਧੋਖਾਧੜੀ ਦੀ ਖੇਡ ਦੇ ਮੁੱਖ ਖਿਡਾਰੀ ਕਿਹਾ ਜਾ ਸਕਦਾ ਹੈ।ਕਿਉਕਿ ਅਸੀ ਹਰ ਸਰਪੰਚੀ ਦੀਆ ਵੋਟਾਂ ਮੌਕੇ ਪੁਰਾਣੇ ਸਰਪੰਚ ਨੂੰ ਨਕਾਰਦੇਆ ਨਵੇ ਸਰਪੰਚ ਦੀ ਚੋਣ ਤਾ ਕਰ ਲੈਂਦੇ ਆ ਪਰ ਗਿਆਨ ਵਿਹੂਣਾ ਸਰਪੰਚ ਓਹਨਾਂ ਹੀ ਉਂਗਲਾ ਤੇ ਖੇਡ ਰਿਹਾ ਹੁਂਦਾ ਹੈ ਜਿਨ੍ਹਾ ਤੇ ਪਹਿਲੀ ਕੱਠਪੁਤਲੀ ਸਾਬਕਾ ਸਰਪੰਚ ਆਪਣਾ ਨਾਚ ਪੇਸ਼ ਕਰ ਚੁੱਕੀ ਹੁੰਦੀ ਹੈ।ਇਸ ਲਈ ਹਰ ਪਿੰਡ ਵਾਸੀ ਦਾ ਗ੍ਰਾਮ ਸਭਾ ਬਾਰੇ ਗਿਆਨਵਾਨ ਹੋਣਾ ਅਤਿ ਜ਼ਰੂਰੀ ਹੈ,ਜੇਕਰ ਪੰਚਾਇਤੀ ਐਕਟ,ਗ੍ਰਾਮ ਸਭਾ,ਅਤੇ ਮਨਰੇਗਾ ਵਰਗੀਆ ਸਕੀਮਾਂ ਪ੍ਰਤੀ ਜਾਗਰੂਕ ਹੋ ਜਾਂਦੇ ਹੋ ਤਾ ਆਂਮ ਲੋਕ ਅਤੇ ਅਨਪ੍ਹੜ ਸਰਪੰਚ ਵੀ ਆਪਣੇ ਪਿੰਡ ਅਤੇ ਪਿੰਡ ਦੇ ਲੋਕਾਂ ਦੀ ਤਕਦੀਰ ਬਦਲਣ ਵਿਚ ਆਪਣਾ ਅਹਿਮ ਰੋਲ ਅਦਾ ਕਰ ਸਕਦੇ ਹਨ।

ਲੇਖਕ-ਮਨਦੀਪ ਧਰਦਿਉ
ਪੱਤਰਕਾਰ ਜਗ ਬਾਣੀ ਅਖ਼ਬਾਰ(ਮਹਿਤਾ ਚੌਂਕ)

ਜਦੋ ਐੱਸ ਐੱਸ ਅਮੋਲ ਨੂੰ ਕੁੱਤੇ ਨੇ ਸਬਕ ਸਿਖਾਇਆ

by admin January 7, 2019

 

ਸਿੱਖ ਜਗਤ ਦਾ ਲਿਖਾਰੀ ਹੋਇਆ

ਹੈ – ਐਸ.ਐਸ.ਅਮੋਲ


ਬਾ-ਕਮਾਲ ਲਿਖਤਾਂ ਲਿੱਖੀਆਂ ਹਨ ਏਸ ਬੰਦੇ ਨੇ,
ਅਨਾਥ ਆਸ਼ਰਮ ਵਿਚ ਪੜ੍ਹਿਆ ਹੈ,
ਮਾਤਾ ਪਿਤਾ ਛੋਟੀ ਉਮਰੇ ਚੜ੍ਹਾਈ ਕਰ ਗਏ ਸਨ,
ਕੋਈ ਸਹਾਰਾ ਨਹੀਂ ਸੀ,

ਵੈਸੇ ਅਨਾਥਾਂ ਨੇ ਵੀ ਸਿੱਖੀ ਵਿਚ ਬੜ੍ਹਾ ਵੱਡਾ ਰੋਲ ਅਦਾ ਕੀਤਾ ਹੈ,

ਜੱਸਾਸਿੰਘਰਾਮਗੜੀਆ- ਇਸਦਾ ਵੀ ਪਿਤਾ ਨਹੀ ਸੀ,

ਬਘੇਲ_ਸਿੰਘ ਇਸਦਾ ਵੀ ਪਿਤਾ ਚੜ੍ਹਾਈ ਕਰ ਗਿਆ ਸੀ,

ਹਰੀਸਿੰਘਨਲੂਏ ਦਾ ਵੀ ਪਿਤਾ ਨਹੀ ਸੀ,

ਦੁਨਿਆਵੀ ਤੌਰ ਤੇ ਇਹ ਅਨਾਥ ਲੋਕ ਸਨ,
ਇਹਨ੍ਹਾਂ ਅਨਾਥਾਂ ਨੇ ਉੱਠ ਕੇ ਬੜ੍ਹੀਆਂ ਉੱਚੀਆਂ ਬੁਲੰਦੀਆਂ ਨੂੰ ਛੋਹਿਆ ਹੈ,

ਐਸ ਐਸ ਅਮੋਲ ਵਿਚਾਰਾ ਅਨਾਥ ਹੈ ਤੇ ਪੜ੍ਹਿਆ ਹੈ ਦਸਵੀ ਕੁ ਤੱਕ,
ਇੱਕ ਵਾਰੀ ਅਚਾਨਕ ਐਸਾ ਭਾਣਾ ਵਰਤਿਆ ਕਿ ਇਸਨੇ ਇੱਕ ਅਖਬਾਰ ਵਿੱਚ ਪੜ੍ਹਿਆ, ਇੱਕ ਬਹੁਤ ਅੱਛੀ ਕਨਵੈਂਨਸ਼ਨ ਹੋ ਰਹੀ ਸੀ,
ਉਮਰ ਛੋਟੀ ਸੀ, ਹੱਜੇ ਤੇ ਮੂੰਹ ਤੇ ਦਾਹੜ੍ਹਾ ਵੀ ਨਹੀ ਸੀ ਆਇਆ,
ਕਈ ਧਰਮਾਂ ਦੇ ਲੋਕ ਆਏ ਹੋਏ ਸਨ, ਇਹ ਵੀ ਗਿਆ ਤੇ ਬਾਕੀ ਧਰਮਾਂ ਦੇ ਲੋਕ ਬੜ੍ਹੇ ਪ੍ਰਭਾਵਿਤ ਹੋਏ, ਛੋਟੀ ਉਮਰ ਵਿਚ ਏਨਾ ਗਿਆਨ।

ਉਹਨ੍ਹਾਂ ਵਿਚ ਇੱਕ ਈਸਾਈ ਧਰਮ ਦਾ #ਪਾਦਰੀ ਸੀ,
ਸਾਡੀ ਕੌਮ ਦੇ ਵਿਚ ਜਿਹੜਾ ਕੋਈ ੪ ਚਾਰ ਅੱਖਰ ਜਿਆਦਾ ਪੜ੍ਹਦਾ ਹੈ ਉਹ ਹੰਕਾਰ ਵਿਚ ਮਰਦਾ ਹੈ ।

ਪਾਦਰੀ ਉਸ ਕੋਲ ਉਠ ਕੇ ਗਿਆ ਤੇ ਕਹਿਣ ਲੱਗਿਆ
ਬੱਚਿਆ, ਤੇਰਾ ਨਾਂ ਕੀ ਹੈ ? ਇਸਨੇ ਨਾਂ ਦਸਿਆ,
ਉਹ ਪੁੱਛਦਾ ਕਿਥੇ ਰਹਿੰਦਾ ਹੈ ?
ਕਹਿਣ ਲੱਗਿਆ- ਮੈ ਅਨਾਥ ਆਸ਼ਰਮ ਵਿਚ ਰਹਿੰਦਾ ਹਾਂ,
ਪਾਦਰੀ ਕਹਿੰਦਾ ਮੈਨੂੰ ਪਤਾ ਸੀ , ਪਰ ਫੇਰ ਵੀ ਮੈ ਸੋਚਿਅਾ ੲਿਕ ਵਾਰੀ ਤੈਨੂੰ ਖੁੱਦ ਨੂੰ ਪੁੱਛ ਲਵਾਂ ਤੇ ਪੁੱਤਰ , ਤੈਨੂੰ ਅਨਾਥ ਅਾਸ਼ਰਮ ਕਿਥੇ ਕੁ ਤੱਕ ਲਿਜਾ ਸਕਦਾ ਹੈ ?
ਤੂੰ ੲਿਓ ਕਰ, ਅਾਹ ਮੇਰਾ ੲਿਕ #ਕਾਰਡ (card) ਰੱਖ ਲੈ,
ਜੇ ਤੈਨੂੰ ਕਦੇ ਜ਼ਿੰਦਗੀ ਵਿਚ ਕੋੲੀ ਲੋੜ੍ਹ ਪੲੀ ਤੇ ਤੂੰ ਮੈਨੂੰ ੲਿਸ ਪਤੇ ਤੇ ਅਾ ਕੇ ਮਿਲੀ।
ਮੇਰਾ ਸ਼ੋਂਕ ਹੈ ਕਿ ਜਿਹੜ੍ਹੇ ਤੇਰੇ ਵਰਗੇ ਬੱਚੇ ਪੜ੍ਹਣ ਵਾਲੇ ਹੁੰਦੇ ਹਨ ਮੈ ੳੁਹਨ੍ਹਾਂ ਨੂੰ ਪੜ੍ਹਾੳੁਣਾ ਚਾਹੁੰਦਾ ਹਾਂ।

ੲਿਸਨੇ ਅਾਖਿਅਾ ਹਾਂਜੀ ਪੜ੍ਹਣ ਦਾ ਤੇ ਮੈਨੂੰ ਬੜ੍ਹਾ ਸ਼ੋਂਕ ਹੈ,
ੲਿਸਾੲੀ ਧਰਮ ਦਾ ਲਾਲਚ ਦਿੱਤਾ ੳੁਸ ਪਾਦਰੀ ਨੇ,
ਕਹਿਣ ਲੱਗਾ ਜੇ ਤੂੰ ਪੜ੍ਹਣਾ ਚਾਹੁੰਦਾ ਹੈ ਮੈ ਤੈਨੂੰ #ਵਲੈਤ ਪੜ੍ਹਾ ਸਕਦਾ,
(ੳੁਹਨ੍ਹਾਂ ਸਮਿਅਾਂ ਵਿਚ #ੲਿੰਗਲੈਂਡ ਨੂੰ ਵਲੈਤ ਕਹਿੰਦੇ ਸਨ)
ੲਿਸਨੇ ਅਾਖਿਅਾ ਕਿ ਮੇਰਾ ਖਰਚਾ ਦੇਣ ਵਾਲਾ ਕੋੲੀ ਨਹੀ,
ਪਾਦਰੀ ਕਹਿੰਦਾ ਖਰਚਾ ਮੈ ਦਿਅਾਂਗਾ,
ੲਿਹ ਕਹਿੰਦਾ, ਕੱਲ ਨੂੰ ਮੋੜ੍ਹਣਾ ਹੋਵੇਗਾ ?
ਪਾਦਰੀ ਕਹਿੰਦਾ ਅਾਹੋ ਮੋੜ੍ਹਣਾ ਤੇ ਹੈ ਪਰ ਪੈਸੇ ਨਹੀ ਕਿਸੇ ਦੂਜੇ ਰੂਪ ਵਿਚ ਮੋੜ੍ਹਣਾ ਹੈ,
ੲਿਸਨੇ ਪੁੱਛਿਅਾ ੳੁਹ ਕਿਵੇਂ ਮੇੜ੍ਹਨਾ ਹੈ ?
ਪਾਦਰੀ ਕਹਿੰਦਾ ਅਜੇ ਛੱਡ ਜਦੋਂ ਲੋੜ੍ਹ ਪੲੀ ੳੁਹਦੋਂ ਗੱਲ ਕਰਾਂਗੇ,
ਹਾਲੇ ਨਹੀ।

ਤੁਰ੍ਹੇ ਜਾਂਦਿਅਾਂ ਕੁੱਝ ੲਿਕ ਕਦਮ ਤੁਰ੍ਹਿਅਾ ਹੈ ਪਰ ਮਨ ਵਿਚ ਤੌਖਲਾ ਹੈ ਕਿਥੇ ਕੋੲੀ ੲਿਹੋ ਜਿਹੀ ਗਲਤੀ ਨ ਹੋ ਜਾੲੇ ।

ਅੈਸ ਅੈਸ ਅਮੋਲ ਨੇ ਫੇਰ ਪੁੱਛ ਲਿਅਾ,
ਕਹਿਣ ਲੱਗਿਅਾ ਮੇਰੇ ਤਾੲੇ-ਚਾਚੇ ਜਾ ਕਿਸੇ ਹੋਰ ਕੋਲ ਵੀ ੲਿਹੋ ਜਿਹੀ ਤਾਕਤ ਨਹੀ ਕਿ ਤੇਰਾ ਕਰਜ ਮੋੜ੍ਹ ਸਕਣ, ਪਹਿਲਾਂ ਤੂੰ ਮੈਨੂੰ ਦੱਸ ਦੇ ਕਰਜ ਮੋੜ੍ਹਨਾ ਕਿਵੇਂ ਹੈ ?

ਪਾਦਰੀ ਕਹਿਣ ਲੱਗਿਅਾ ਤੂੰ ੲਿਨ੍ਹੀ ਚਿੰਤਾ ਕਿਓ ਕਰਦਾ ਹੈ ?
ਤੂੰ #ਸਿੱਖ ਹੀ ਬਣਿਅਾ ਰਹਿ, #ਸਿੱਖੀ ਦਾ ਹੀ ਪ੍ਰਚਾਰ ਕਰ,
ਪਰ ਵਿਚੋਂ ਕਦੇ ਕਦਾੲੀ ਵਿਚੋਂ ੲਿਹ ਕਹਿ ਦਿਅਾਂ ਕਰੀ ਕਿ #ੲਿਸਾੲੀ_ਧਰਮ ਜਿਹੜ੍ਹਾ ਹੈ ੳੁਹ ਬਹੁਤ ਚੰਗਾ ਹੈ,
ੲਿਸਾੲੀ ਧਰਮ ਦੀ ਵੀ ਬਹੁਤ ਘਾਲਣਾਵਾਂ ਹਨ,
ਵਿਚੋਂ ਕਦੇ ਕਦਾੲੀ ਸਾਡੇ ਧਰਮ ਦੀ ਤਰੀਫ ਕਰ ਦਿਅਾਂ ਕਰੀ,
ੲਿਹਨ੍ਹੀ ਕੁ ਗੱਲ ਕਰ ਦਿਅਾਂ ਕਰੇਂਗਾ ਤੇ ਤੇਰਾ ਕਰਜ ੳੁਤਰ ਜਾੲੇਗਾ,
ਮੰਨ ਵਿਚ ੳੁਤਰਾ-ਚੜ੍ਹਾ ਬੜ੍ਹੇ ਅਾੲੇ ਪਰ ਘਰ ਜਾ ਕੇ ਸੋਚਣ ਲੱਗਿਅਾ ਮਨਾਂ ਵਿਗਾੜ੍ਹ ਵੀ ਕੀ ਹੈ ?
ਸਿੱਖ ਹੀ ਰਹਿਣਾ ਹੈ, ਮੈਂ ਕਿਹੜ੍ਹਾ ੲਿਸਾੲੀ ਬਨਣ ਲੱਗਾ ਹਾਂ,
ਸਿੱਖੀ ਦਾ ਪ੍ਰਚਾਰ ਕਰਦਿਅਾਂ ਕਰਦਿਅਾਂ ਕਦੇ ਕਦਾੲੀ ੨-੪ ਗੱਲਾਂ ਹੀ ਕਰਣੀਅਾਂ ਹਨ ੲਿਸਾੲੀ ਧਰਮ ਦੀਅਾਂ ਤੇ ੲਿਸ ‘ਚ ਹਰਜ ਹੀ ਕੀ ਹੈ ?

ਮਨ ਵਿਚ ਵਿਚਾਰ ਬਣਾ ਕੇ ਕੁੱਝ ਦਿਨਾਂ ਬਾਅਦ ੳੁਸ ਕਾਰਡ ਵਾਲੇ ਪਤੇ (address) ਤੇ ਪਹੁੰਚ ਗਿਅਾ ਕਿ ਹਾਂ ਮੈ ਪੜ੍ਹਣਾ ਚਾਹੁੰਦਾ ਹਾ ਵਲੈਤ ‘ਚ,
ਜਦੋਂ ਗਿਅਾ ਪਾਦਰੀ ਦੇ ਕੋਲ ਤੇ ਬਿਚਾਰਾ ਅਨਾਥ ਅਾਸ਼ਰਮ ‘ਚੋ ਦੋ ਪਰਸ਼ਾਦੇ ਰੁਮਾਲ ਵਿਚ ਬੰਨ ਕੇ ਨਾਲ ਹੀ ਲੈ ਗਿਅਾ ਬੲੀ ਮੈਨੂੰ ਕਿਸਨੇ ਰੋਟੀ ਅਗਿਓ ਖਵਾੳੁਣੀ ਹੈ ?
ਜਦੋਂ ਪਹੁੰਚਿਅਾ ਤੇ ਪਾਦਰੀ ਨੂੰ ਮਿਲਣ ਵਿਚ ਥੋੜ੍ਹਾ ਵਕਤ ਲੱਗਿਅਾ ਤੇ ਗੇਟ ਦੇ ਅੰਦਰ ਗਿਅਾ ਤੇ ਅੱਗੇ ਕੁੱਤਾ (dog) ਬੈਠਾ ਸੀ,
ਕੁੱਤਾ ੲਿਸਨੂੰ ਭੋਂਕ-ਭੋਂਕ ਕੇ ਬੜ੍ਹਾ ਪਰੇਸ਼ਾਨ ਕਰ ਰਿਹਾ ਸੀ ਤੇ ਪਾਦਰੀ ਦੇ ਮਿਲਣ ਵਿਚ ਹੱਜੇ ਵਕਤ ਹੋਰ ਲੱਗਣਾ ਸੀ ਤੇ ੲਿਹ ਜਿਹੜ੍ਹੀ ਅਪਨੀ ਰੋਟੀ ਲੈ ਕੇ ਅਾੲਿਅਾ ਸੀ ੳੁਸਦੇ ਵਿਚੋਂ ਅੱਧੀ ਰੋਟੀ ਤੋੜ੍ਹੀ ਤੇ ਕੁੱਤੇ ਨੂੰ ਪਾ ਦਿੱਤੀ ਤਾਂ ਜੋ ਕੁੱਤਾ ਮੇਰੇ ਤੇ ਭੋਂਕਨਾ ਬੰਦ ਕਰ ਦੇਵੇ।
ਕੁੱਤੇ ਨੇ ਰੋਟੀ ਸੁੰਘੀ ਪਰ ਖਾਧੀ ਨਹੀਂ ਛੱਡ ਦਿੱਤੀ,

ਕਾਫੀ ਸਮਾ ਪਰੇਸ਼ਾਨ ਕਰ ਕੇ ਕੁੱਤਾ ਹੱਟ ਗਿਅਾ।

ਏਨ੍ਹੇ ਨੂੰ ਪਾਦਰੀ ਅੰਦਰੋਂ ਅਾੲਿਅਾ ਤੇ ਅੈਸ ਅੈਸ ਅਮੋਲ ਨੂੰ ਕਹਿੰਦਾ ਅਾ ਪੁੱਤਰ ਅੰਦਰ ਚਲੀੲੇ, ਅੰਦਰ ਜਾਂਦਿਅਾਂ-ਜਾਂਦਿਅਾਂ ਪਾਦਰੀ ਪੁੱਛਦਾ ਹੈ ਕੁੱਤੇ ਨੂੰ ਰੋਟੀ ਕਿਸਨੇ ਪਾੲੀ ਹੈ ?
ੲਿਹ ਕਹਿੰਦਾ ਮੈ ਪਾੲੀ ਹੈ, ਕੁੱਤਾ ਪਰੇਸ਼ਾਨ ਕਰ ਰਿਹਾ ਸੀ ੲਿਸ ਲੲੀ ਪਰ ੲਿਸਨੇ ਸੁੰਘੀ ਤੇ ਖਾਧੀ ਨਹੀ,
ਪਾਦਰੀ ਕਹਿਣ ਲੱਗਿਅਾ ੲਿਹ ੲਿਵੇਂ ਨਹੀ ਖਾਂਦਾ, ਜਿਹੜ੍ਹੀ ਰੋਟੀ ੲਿਸਨੂੰ ਮੈ ਪਾਵਾਂ ੲਿਹ ੳੁਹੀਓ ਖਾਂਦਾ ਹੈ,
ੲਿਸ ਤਰ੍ਹਾਂ ੲਿਹ ਬੇਗਾਨੇ ਟੁੱਕੜ੍ਹਾਂ ਤੇ ਪੱਲ ਕੇ ਫੇਰ ੲਿਹ ਦੂਜੇ ਦੀ ਬੋਲੀ ਬੋਲੇਗਾ, ੲਿਹ ਸਿੱਖਾੲਿਅਾ (trained) ਹੋੲਿਅਾ ਹੈ।
ੲਿਹੋ ਰੋਟੀ ਤੇਰੇ ਵਾਲੀ ਮੈ ਅਪਨੇ ਹੱਥ ਨਾਲ ਪਾਵਾਂਗਾ ਤੇ ੲਿਸਨੇ ਖਾ ਲੈਣੀ ਹੈ, ਪਰ ਖਾੲੇਗਾ ਮੇਰੇ ਹੱਥ ਦੀ।

ੲਿਹ ਗੱਲ ਸੁਨਣ ਦੀ ਦੇਰੀ ਸੀ ਅਮੋਲ ਦੀਅਾਂ ਅੱਖਾਂ ‘ਚ ਪਾਣੀ ਅਾ ਗਿਅਾ, ਕਦਮ ਰੁੱਕ ਗੲੇ, ਅਪਨੇ ਮੋਢੇ ਤੇ ਰੱਖੀ ਹੋੲੀ ਪਾਦਰੀ ਦੀ ਬਾਹ ਚੁੱਕ ਦਿੱਤੀ, ਕਹਿਣ ਲੱਗਿਅਾ ਪਾਦਰੀ ਸਾਬ, ਖਿਮਾ ਕਰਣਾ ਲੱਤਾਂ ਭਾਰ ਨਹੀ ਝੱਲਦੀਅਾਂ ਹੁਣ ਮੈ ਹੋਰ ਅੱਗੇ ਨਹੀ ਜਾਣਾ।
ਪਾਦਰੀ ਪੁੱਛਦਾ ਕਿਹੜ੍ਹੀ ਗੱਲੋਂ ?
ਅਮੋਲ ਕਹਿੰਦਾ ਹੈ ਜਿਹੜ੍ਹੀਅਾਂ ਗੱਲਾਂ ਮੈਨੂੰ ਕਿਤਾਬਾਂ ਪੜ੍ਹ ਕੇ ਨ ਲੱਭੀਅਾਂ, ਚੰਗੇ ਲੋਕਾਂ ਕੋਲ ਬੈਠ ਕੇ ਨ ਲੱਭੀਅਾਂ,
ਮੇਰੀ ਅਕਲ ਨੇ ਵੀ ਸਾਥ ਦੇ ਕੇ ਨ ਲੱਭੀਅਾਂ ੳੁਹ ਗੱਲ ਮੈਨੂੰ ਅੱਜ ੲਿਸ ਕੁੱਤੇ ਕੋਲੋਂ ਲੱਭ ਗੲੀ ਹੈ,
ਤੇਰਾ ਕੁੱਤਾ ਕਿਨ੍ਹਾ ਚੰਗਾ/ਵਫਾਦਾਰ ਹੈ ੲਿਹ ਬੇਗਾਨਿਅਾ ਦਾ ਟੁੱਕੜ੍ਹ ਨਹੀ ਖਾਂਦਾ ਤੇ ਬੇਗਾਨਿਅਾਂ ਦੀ ਬੋਲੀ ਨਹੀ ਬੋਲਦਾ।
ਮੈ ਕਿੱਡਾ ਮੂਰਖ ਸਾਂ ਜਿਹੜ੍ਹੇ ਮਾਲਕ ਨੇ ਮੈਨੂੰ ਹੁਣ ਤੱਕ ਪੜ੍ਹਾੲਿਅਾ ਸੀ ਅੱਜ ਮੈ ੳੁਸਦਾ ਦਰ ਛੱਡ ਕੇ ਚੱਲਾ ਸਾਂ,
ਪਾਦਰੀ ਸਾਬ ਮੈ ਅਪਨੇ ਗੁਰੂ ਦੇ ਦਰ ਤੇ ਮੁੱੜ੍ਹ ਚਲਾ ਹਾਂ ਤੂੰ ਮੈਨੂੰ ਚੋਪੜ੍ਹੀਅਾਂ ਦੇ ਦੇਵੇਂਗਾ
ਪਰ #ਗੁਰੂਨਾਨਕਸਾਹਿਬਸੱਚੇਪਾਤਿਸ਼ਾਹ ਤੂੰ ਮੈਨੂੰ ਸੁੱਕੀਅਾਂ ਦੇੲੀ ਜਾਵੀਂ ਪਰ ਮੈਂ ਰਵਾਂਗਾ ਤੇਰੇ ਦਰ ਦਾ ਕੂਕਰ ਹੀ,
ਮੇਰੇ ਨਾਲੋਂ ਤਾਂ ਕੁੱਤਾ ਚੰਗਾ ਜਿਹੜ੍ਹਾ ਬੇਗਾਨੀ ਬੋਲੀ ਨਹੀ ਬੋਲਦਾ,
ਮੈ ਕਿੱਡਾ ਅਭਾਗਾ ਕੁੱਤੇ ਨਾਲੋਂ ਵੀ ਡਿੱਗਿਅਾ ਹੋੲਿਅਾ ਸਾਂ ਜਿਹੜ੍ਹਾ ਕਿਸੇ ਦੀ ਬੇਗਾਨੀ ਬੋਲੀ ਬੋਲਣ ਚੱਲਿਅਾ ਸਾਂ,
ਚੰਦ ਛਿਲੜ੍ਹਾਂ ਦੀ ਖਾਤਿਰ ਮੈ ਤੇਰੇ ਚਰਣਾਂ ਤੋਂ ਨਹੀ ਵਿੱਛੜ੍ਹਾਂਗਾ,
ਚੰਦ ਪੈਸਿਅਾਂ, ਅੋਹਦਿਅਾਂ, ਕੁਰਸੀਅਾਂ ਦੀ ਖਾਤਿਰ ਅਸੀਂ ਕਿੱਥੇ ਵੀ ਸਿਰ੍ਹ ਝੁਕਾੳੁਣ ਨੂੰ ਤਿਅਾਰ ਹੋ ਜਾਂਦੇ ਹਾਂ,
ਸਿਰਫ ੲਿਤਨੀ ਕੁ ਅਰਜ਼ ਕਿ ਸਾਨੂੰ ਅੱਜ ਸਿੱਖੀ ਕਮਾੳੁਣ ਦਾ ਸ਼ੋਂਕ ਨਹੀ ਰਿਹਾ,
ਜਿਹੜ੍ਹੀ ਚੀਜ਼ ਗੁਜਰਾਨ ਸੀ ੳੁਹ ਭਗਵਾਨ ਬਣਾ ਲੲੀ,
ਮਾੲਿਅਾ, ਧੰਨ-ਦੌਲਤ, ਅਹੁਦੇ ੲਿਹ ਗੁਜਰਾਨ ਸਨ ਤੇ ਜਿਹੜ੍ਹੀ ਚੀਜ਼ ਭਗਵਾਨ ਸੀ ੳੁਸਨੂੰ ਅਸੀਂ ਗੁਜਰਾਨ ਬਣਾ ਲਿਅਾ,
ਘਰ ਨਵਾਂ ਲਿਅਾ

ਬਾਬਾ ਤੇਰੇ ਬਿਨਾ ਨਹੀ ਸਰਦਾ ਚੱਲ ਤੂੰ ੲਿਕ ਵਾਰੀ ਚੱਲ ਕੇ ਘਰ ਚਰਣ ਪਾ ਅਾ,

ਮੇਰੇ ਬੇਟਾ ਬੇਟੀ ਦਾ ਅਨੰਦੁ ਕਾਰਜ ਹੈ ਨਹੀ ਸਰਦਾ ਤੇਰੇ ਬਿਨਾ ਤੂੰ ਚੱਲ ਕੇ ੲਿਕ ਵਾਰੀ ਲਾਵਾਂ ਕਰਵਾ ਅਾ,

ਜਿੱਥੇ ਤੇਰੇ ਬਿਨਾ ਗੁਜ਼ਾਰਾ ਨਹੀ ਚੱਲਦਾ ਮੈ ੳੁਥੇ ਤੈਨੂੰ ਲੈ ਜਾਂਦਾ ਹਾਂ, ਨਹੀ ਤੇ ਤੂੰ ਅਪਨੇ ਘਰ ਰਹਿ ਮੈ ਅਪਨੇ ਘਰ ਰਹਿੰਦਾ ਹਾਂ,
ਮੈਨੂੰ ਧੰਨ-ਦੌਲਤ ਚਾਹੀਦੀ ਹੈ ਮੈਨੂੰ ਤੇਰੇ ਨਾਲ ਕੋੲੀ ਵਾਸਤਾ ਨਹੀ ਹੈ, ਗੁਰੂ ਨਾਲ ਵੀ ਅਸੀਂ ਵਪਾਰ ਕਰਣ ਲੱਗ ਪੲੇ ਹਾਂ
·

ਸਦਾ ਪਿਆਰ ਨਾਲ ਰਹੋ

by admin December 15, 2018

ਇੱਕ ਜੰਗਲ ਵਿੱਚ ਬਹੁਤ ਸਾਰੇ ਸੇਹ (ਇੱਕ ਜੀਵ ਜਿਸਦੀ ਫੋਟੋ ਪੋਸਟ ਨਾਲ ਪਾਈ ਹੈ) ਰਹਿੰਦੇ ਸੀ। ਸਰਦੀਆਂ ਬਹੁਤ ਵਧ ਜਾਣ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਆਪਾ ਸਾਰੇ ਇੱਕ ਝੁੰਡ ਵਿੱਚ ਰਹਾਂਗੇ ਤੇ ਇਕੱਠੇ ਹੀ ਸੋਇਆ ਕਰਾਗੇ । ਸੇਹ ਦੇ ਸਰੀਰ ਤੇ ਬਹੁਤ ਸਾਰੇ ਕੰਡੇ ਹੁੰਦੇ ਨੇ । ਸੋ ਜਦੋ ਵੀ ਉਹ ਇਕੱਠੇ ਇੱਕ ਦੂਜੇ ਨਾਲ ਲਗਦੇ ਤਾਂ ਉਹਨਾਂ ਨੂੰ ਗਰਮੀ ਤਾਂ ਮਿਲਦੀ , ਉਹ ਠੰਡ ਤੋਂ ਵੀ ਬਚ ਜਾਂਦੇ । ਪਰ ਉਹਨਾ ਦੇ ਇੱਕ ਦੂਜੇ ਦੇ ਕੰਢੇ ਵੀ ਚੁੱਭਦੇ ।
ਉਹਨਾ ਵਿੱਚੋ ਇੱਕ ਸੇਹ ਕਹਿੰਦਾ ,”ਮੇਰੇ ਤੋਂ ਇਹ ਕੰਡੇ ਨਹੀ ਸਹਿ ਹੁੰਦੇ । ਇਸ ਲਈ ਮੈ ਚੱਲਾ ।” ਇੰਨਾ ਕਹਿ ਉਹ ਚਲਾ ਗਿਆ ਤੇ ਚਲਦਾ ਚਲਦਾ ਆਪਣੇ ਝੁੰਡ ਤੋਂ ਬਹੁਤ ਦੂਰ ਆ ਗਿਆ ।
ਰਾਤ ਸਮੇਂ ਠੰਡ ਬਹੁਤ ਜਿਆਦਾ ਪੈਂਦੀ ਸੀ , ਜੋਂ ਬਰਦਾਸ਼ਤ ਕਰਨੀ ਬਹੁਤ ਔਖੀ ਸੀ । ਰਾਤ ਆਈ ਤੇ ਇਹ ਸੇਹ ਵੀ ਉਹ ਠੰਡ ਬਰਦਾਸ਼ਤ ਕਰਨ ਤੋਂ ਅਸਮਰਥ ਹੋ ਗਿਆ । ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ , ਪਰ ਹੁਣ ਵਾਪਸ ਮੁੜਨਾ ਬਹੁਤ ਔਖਾ ਸੀ ਤੇ ਆਪਣੀ ਗਲਤੀ ਕਰਕੇ ਉਸਨੂੰ ਉਸ ਰਾਤ ਠੰਡ ਕਰਕੇ ਆਪਣੀ ਜਾਨ ਗਵਾਉਣੀ ਪਈ ।

ਸਾਡੇ ਸਭ ਵਿੱਚ ਵੀ ਕੁਝ ਕਮੀਆਂ ਹੁੰਦੀਆਂ ਹਨ ਜੋਂ ਮੈਨੂੰ ਇਹਨਾ ਸੇਹ ਦੀਆਂ ਸੂਲਾਂ ਵਾਂਗ ਲਗਦੀਆਂ ਨੇ । ਬਹੁਤ ਲੋਕ ਕਹਿੰਦੇ ਹਨ ਕਿ ਉਹਨਾਂ ਦੇ ਰਿਸ਼ਤੇ ਖਰਾਬ ਹਨ , ਚਾਹੇ ਇਹ ਰਿਸ਼ਤਾ ਪਤੀ ਪਤਨੀ ਦਾ ਹੋਵੇ ਚਾਹੇ ਸੱਸ ਨੂੰਹ ਦਾ , ਚਾਹੇ ਭੈਣ ਭਾਈ ਦਾ , ਚਾਹੇ ਮਾਤਾ ਪਿਤਾ ਦਾ ਆਪਣੇ ਬੱਚਿਆਂ ਨਾਲ ਜਾਂ ਫੇਰ ਕੋਈ ਵੀ ਹੋਰ ਰਿਸ਼ਤਾ । ਸਾਡੇ ਰਿਸ਼ਤਿਆਂ ਦੇ ਖਰਾਬ ਹੋਣ ਦੀ ਵਜ੍ਹਾ ਵੀ ਇਹੀ ਹੁੰਦੀ ਹੈ ਕਿ ਅਸੀਂ ਆਪਣੇ ਉਸ ਰਿਸ਼ਤੇਦਾਰ ਦੇ ਸਾਥ ਦਾ ਨਿੱਘ ਨਹੀਂ ਦੇਖਦੇ ਬਲਕਿ ਸਿਰਫ਼ ਉਸਦੀ ਕਿਸੇ ਕਮੀ ਕਰਕੇ ਉਸਨੂੰ ਮਾੜੇ ਪਾਸੇ ਤੋਂ ਦੇਖਦੇ ਹਾਂ ਤੇ ਕਮੀਆਂ ਤੇ ਹੀ ਧਿਆਨ ਦਿੰਦੇ ਹਾਂ । ਅਗਰ ਅਸੀਂ ਆਪਣੇ ਸਾਥੀ ਦੇ ਸਾਥ ਦੇ ਨਿੱਘ ਨੂੰ ਅਹਿਮੀਅਤ ਦੇਈਏ ਤੇ ਉਸਨੂੰ ਉਸੇ ਤਰ੍ਹਾਂ ਕਬੂਲ ਕਰੀਏ ਜਿਸ ਤਰ੍ਹਾਂ ਉਹ ਹੈ ਤਾਂ ਰਿਸ਼ਤਿਆਂ ਵਿੱਚ ਮਿਠਾਸ ਆਵੇਗਾ ਤੇ ਰਿਸ਼ਤਾ ਅਮਰ ਹੋ ਜਾਂਦਾ ਹੈ । ਵਰਨਾ ਟੁੱਟ ਜਾਣ ਅਤੇ ਰਿਸ਼ਤਿਆਂ ਤੋਂ ਦੂਰ ਜਾਕੇ ਇਕੱਲੇ ਹੋਣ ਤੇ ਤਾਂ ਹਰ ਇੰਨਸਾਨ ਦਾ ਹਾਲ ਸਭ ਨੂੰ ਛੱਡ ਕਿ ਗਏ ਸੇਹ ਵਰਗਾ ਹੀ ਹੁੰਦਾ ਹੈ ।
ਸੋ ਇਸੇ ਲਈ ਸਦਾ ਪਿਆਰ ਨਾਲ ਰਹੋ ਤੇ ਇੱਕ ਦੂਜੇ ਨਾਲ ਰਲਕੇ ਇੱਕ ਦੂਜੇ ਦੀਆਂ ਮੁਸ਼ਕਿਲਾਂ ਹੱਲ ਕਰੋ ।

ਕਹਾਣੀ ਸੋਰਸ : ਇੰਟਰਨੈੱਟ
ਪੰਜਾਬੀ ਅਨੁਵਾਦ : ਜਗਮੀਤ ਸਿੰਘ ਹਠੂਰ

ਬਹਿਤਰੀ ਦੀ ਗੁੰਜਾਇਸ਼

by admin December 14, 2018

ਉਹ ਦੁਕਾਨਦਾਰ ਅਕਸਰ ਆਪਣੇ ਪੁੱਤ ਨੂੰ ਆਪਣੇ ਨਾਲ ਕੰਮ ਵਿੱਚ ਲਗਾ ਲੈਂਦਾ ਸੀ। ਕਈ ਵਾਰ ਗਾਹਕਾਂ ਨੇ ਆਉਣਾ ਤੇ ਦੁਕਾਨਦਾਰ ਦਾ ਟਾਈਮ ਲਗਾ ਦੇਣਾ ਤੇ ਫੇਰ ਚੀਜ ਕੋਈ ਵੀ ਪਸੰਦ ਨਾ ਕਰਨੀ। ਇਹ ਦੇਖ ਮੁੰਡੇ ਨੂੰ ਗੁੱਸਾ ਆ ਜਾਣਾ ਤੇ ਇੱਕ ਦਿਨ ਉਹ ਉਹਨਾ ਸਮਾਨ ਦੇਖ ਕੇ ਗਏ ਗਾਹਕਾਂ ਨੂੰ ਬੁਰਾ ਭਲਾ ਬੋਲਣ ਲੱਗ ਗਿਆ ਕਿ ਜੇ ਕੁਝ ਲੈਣਾ ਹੀ ਨਹੀਂ ਤਾਂ ਟਾਈਮ ਕਿਉਂ ਖਰਾਬ ਕਰਦੇ ਹਨ । ਉਸ ਦੁਕਾਨਦਾਰ ਨੇ ਉਸੇ ਵਕਤ ਆਪਣੇ ਪੁੱਤ ਨੂੰ ਪਿਆਰ ਨਾਲ ਟੋਕਿਆ ਤੇ ਪੁੱਛਿਆ , “ਪੁੱਤ ਉਹਨਾਂ ਨੇ ਮੇਰਾ ਟਾਈਮ ਲਿਆ , ਕੀ ਤੈਨੂੰ ਮੇਰੇ ਮੱਥੇ ਤੇ ਕੋਈ ਤਿਊੜੀ ਦਿਖ ਰਹੀ ਹੈ ?
” ਨਹੀਂ ” ਪੁੱਤ ਨੇ ਨੀਵੀ ਪਾਉਂਦੇ ਹੋਏ ਨੇ ਜਵਾਬ ਦਿੱਤਾ।
“ਪੁੱਤ ਇਹ ਗਾਹਕ ਹੀ ਆਪਣਾ ਰੱਬ ਹੈ , ਜੇ ਇਹ ਗਾਹਕ ਹਨ ਤਾਂ ਹੀ ਆਪਣੀ ਰੋਜ਼ੀ ਰੋਟੀ ਹੈ। ਨਾਲੇ ਜੇ ਉਹਨਾਂ ਨੇ ਮੇਰਾ ਟਾਈਮ ਲਿਆ ਹੈ ਤਾਂ ਉਸ ਬਦਲੇ ਮੈਨੂੰ ਬਹੁਤ ਕੁਝ ਸਿਖਾ ਕਿ ਵੀ ਗਏ ਨੇ। ”
“ਪੁੱਤ ਨੇ ਇੱਕ ਦਮ ਉੱਪਰ ਮੂੰਹ ਚੁੱਕਿਆ ਤੇ ਪੁੱਛਿਆ , ਡੈਡੀ ਜੀ ਉਹ ਕੀ ਸਿਖਾ ਕਿ ਗਏ ਨੇ ? ਮੈਨੂੰ ਤਾਂ ਕੁਝ ਪਤਾ ਨਹੀਂ ਲੱਗਾ ਮੈਂ ਵੀ ਇਥੇ ਹੀ ਸੀ। ”
ਦੁਕਾਨਦਾਰ ਨੇ ਆਪਣੇ ਬੇਟੇ ਨੂੰ ਜਵਾਬ ਦਿੱਤਾ , “ਉਹਨਾਂ ਮੈਨੂੰ ਸਿਖਾਇਆ ਹੈ ਕਿ ਸਦਾ ਆਪਣੀ ਚੀਜ ਨੂੰ ਸਭ ਤੋਂ ਵਧੀਆ ਮੰਨਣ ਦੀ ਜਿੱਦ ਨਾ ਕਰੋ ਤੇ ਸਿੱਖੋ ਕਿ ਤੁਹਾਡੀ ਚੀਜ ਵਿੱਚ ਹੋਰ ਵੀ ਬਹਿਤਰੀ ਦੀ ਗੁੰਜਾਇਸ਼ ਹੈ , ਜੇ ਅਸੀਂ ਇਹ ਗੁੰਜਾਇਸ਼ ਪੂਰੀ ਕਰ ਦਿੱਤੀ ਤਾਂ ਸਾਡਾ ਸਮਾਨ ਸਭ ਤੋਂ ਵੱਧ ਵਿਖੇਗਾ। ਇਸੇ ਤਰ੍ਹਾਂ ਸਾਨੂੰ ਜਿੰਦਗੀ ਵਿੱਚ ਵੀ ਸਦਾ ਆਪਣੇ ਆਪ ਵਿੱਚ ਬਹਿਤਰੀ ਕਰਨੀ ਚਾਹੀਦੀ ਹੈ ਤੇ ਕਮੀ ਦੱਸਣ ਵਾਲੇ ਦਾ ਧੰਨਵਾਦ ਕਰਨਾ ਚਾਹੀਦਾ ਹੈ। ਫੇਰ ਦੇਖਣਾ ਜਿੰਦਗੀ ਕਿਵੇਂ ਸੋਹਣੀ ਹੁੰਦੀ ਹੈ। ”
ਉਸ ਲੜਕੇ ਨੇ ਆਪਣੇ ਪਿਤਾ ਦੀਆਂ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ ਧਾਰ ਲਿਆ ਤੇ ਅੱਜ 30 ਸਾਲ ਬਾਅਦ ਉਹ ਆਪਣੇ ਮੌਲ ਜੋ ਦੇਸ਼ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਵੱਡਾ ਮੌਲ ਸੀ ਦੇ ਆਫਿਸ ਵਿੱਚ ਆਪਣੇ ਪਿਤਾ ਸੀ ਤਸਵੀਰ ਵੱਲ ਦੇਖਦਾ ਹੋਇਆ ਆਪਣੇ ਪੁੱਤਰ ਨੂੰ ਸਮਝਾ ਰਿਹਾ ਸੀ ਕਿ ” ਜਿੰਦਗੀ ਚ ਉਹਨਾਂ ਲੋਕਾਂ ਨੂੰ ਸਦਾ ਸਨਮਾਨ ਦੇਵੋ ਜਿੰਨਾ ਕਰਕੇ ਤੁਸੀਂ ਹੋ। ਜਿੰਦਗੀ ਵਿੱਚ ਕਿਸੇ ਵੀ ਅਹੁਦੇ ਤੇ ਪਹੁੰਚ ਜਾਵੋ ਪਰ , ਜਿੰਨਾ ਕਰਕੇ ਉਥੇ ਪਹੁੰਚੇ ਹੋ ਉਹਨਾਂ ਨੂੰ ਕਦੇ ਨਾ ਭੁੱਲੋ। ਅਸੀਂ ਦੁਕਾਨ ਤੋਂ ਮੌਲ ਤੱਕ ਆਪਣੇ ਗਾਹਕਾਂ ਕਰਕੇ ਪਹੁੰਚੇ ਹਾਂ ਇਸ ਲਈ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ, ਪਰ ਇਹ ਅਸੂਲ ਜਿੰਦਗੀ ਤੇ ਬਿਜਨਸ (ਵਪਾਰ ) ਦੋਵਾਂ ਵਿੱਚ ਲਾਗੂ ਹੁੰਦਾ ਹੈ।

ਜਗਮੀਤ ਸਿੰਘ ਹਠੂਰ

ਕਾਲਜ ਦੀਆਂ ਸੁਨਹਿਰੀ ਯਾਦਾਂ

by admin December 12, 2018
ਕਾਲਜ ਦਾ ਗੇਟ ਲੰਘਦਿਆੰ ਈ ਸਾਹਮਣੇ ਅੰਬ ਦੀ ਛਾਵੇੰ ਤੁੱਕੇ ਖਾਣਾ ਚਿੱਟਾ ਕੁੜਤਾ ਪਜਾਮਾ ,ਤੋਤੇ ਰੰਗੀ ਪੱਗ ਬੰਨ੍ੀ ਟੌਹਰ ਕੱਢੀ ਖੜ੍ਾ ਦਿਖਿਆ . ਮੈਨੂੰ ਦੇਖਕੇ ਹਸਦਿਆੰ ਉੱਚੀ ਬੋਲਿਆ,” ਕਿੱਧਰ ਲੱਘ ਗਿਆ ਤਾ ਕਬੀਲਦਾਰਾ ? ਦੱਸਕੇ ਕੇ ਵੀ ਨੀ ਗਿਆ…
ਤੁੱਕੇ ਖਾਣੇ ਦਾ ਚਿਹਰਾ ਕਿਸੇ ਗੁੱਝੀ ਖੁਸ਼ੀ ਚ ਸੈਨਤਾੰ ਮਾਰਦਾ ਲਗਦਾ ਸੀ
ਚੰਡੀਗੜ੍ ਸੀ.. ਪੀ ਜੀ ਆਈ ਚ … ਬਾਬੇ ਦਾ ਬਲੱਡ ਫੇਰ ਉਪਰ ਥੱਲੇ ਹੋ ਗਿਆ ਤਾ…
ਕਿੱਕਣ ..? ਫੇਰ ਸ਼ੁਗਲ ਕਰ ਗਿਆ ਬਾਬਾ ?
ਆਹੋ.. ਅੰਗਲੈੰਡ ਆਲਾ ਤਾਇਆ ਲਿਆਇਆ ਤਾ ਬਾਹਰ ਤੇ …. ਬਾਬਾ ਰੋਕਦੇ ਰੋਕਦੇ ਪਿੱਤਲ੍ ਆਲੇ੍ 2-3 ਗਲਾਸ ਖਿੱਚ ਗਿਆ ਭਰਕੇ…
ਬੁੜਾ ਵੀ ਥੁਆਡਾ ਘੈੰਟ ਐ ਪੂਰਾ … ਚੰਡੀਗੜ੍ ਦੀ ਸੈਰ ਕਰਾਈਉ ਰੱਖਦੈ , ਬਾਕੀ ਦੇ ਟੱਬਰ ਦੀ ਵੀ ਨਾਲ ਏ..
ਤੂੰ ਤੁੱਕੇ ਖਾਣਿਆੰ ਕਿੱਕਣ ਮਖਾਣੇ ਡੋਲ੍ੀ ਜਾਨੈ ਅੱਜ ਸਵੇਰੇ ਸਵੇਰੇ ..?
ਕੁਸ਼ ਨੀ ਕੁਸ਼ ਨੀ..ਚੱਲ ਕਲਾਸ ਨੂੰ.. ਤੀਏ ਪੀਡ ਨੂੰ ਚਾਹ ਪਿਊੰਗੇ ਕੰਟੀਨ ਚ ਬੈਠਕੇ.. ਉੱਥੇ ਦੱਸੂੰ.
ਕਲਾਸ ਰੂਮ ਨੂੰ ਤੁਰੇ ਜਾੰਦੇ ਮੈੰ ਹੈਰਾਨ ਹੁੰਦਾ ਉਹਦੇ ਮੁਸਕੜੀਏੰ ਹਸਦੇ ਮੂੰਹ ਕੰਨੀ ਦੇਖਦਾ ਜਾ ਰਿਹਾ ਸੀ.
ਤੀਜਾ ਪੀਰਡ ਵੇਹਲਾ ਹੁੰਦਾ ਸੀ . ਕਲਾਸ ਰੂਮ ਚੋੰ ਨਿਕਲਦਿਆੰ ਈ ਸਾਹਮਣੇ ਵਰਾੰਡੇ ਚ ਬੀ ਏ ਫਾਈਨਲ ਆਲਾ੍ ਸਫਰੀ ਤੁਰਿਆ ਆਉੰਦਾ ਮਲਕ ਦੇਣੇ ਤੁੱਕੇ ਕੋਲ ਨੂੰ ਆ ਕੇ ਬੋਲਿਆ,” ਕੱਲ ਕਿੱਕਣ ਬਜਾਜ ਚੇਤਕ ਦੀ ਰੇਲ ਬਣਾਈ ਜਾੰਦਾ ਤਾ ਤੁੱਕੇ ਬਾਈ !!! ਨਾਲੇ੍ ਮਗਰ ਕੌਣ ਤੀ ?? ਸਫਰੀ ਵੀ ਰਹੱਸ ਭਰੀਆੰ ਅੱਖਾੰ ਨਾਲ ਗੁੱਝਾ ਹਸਦਾ ਲੱਗ ਰਿਹਾ ਸੀ
ਕੁਸ਼ ਨੀ ਸਫਰੀ ਕੁਸ਼ ਨੀ , ਬੈਠਕੇ ਕਰੂੰਗੇ ਗੱਲਾੰ ਕਿਸੇ ਦਿਨ ਆਖਦਿਆੰ ਤੁੱਕੇ ਖਾਣਾ ਕਾਹਲੀ ਨਾਲ ਮੈਨੂੰ ਖਿੱਚਕੇ ਕੰਟੀਨ ਵੱਲ ਲੈ ਤੁਰਿਆ..
ਕੰਟੀਨ ਕੋਲ ਅਲੀਅਰ ਦੀ ਵਾੜ ਉਹਲੇ ਪਏ ਬੈੰਚਾੰ ਉਪਰ ਸਾਡੇ ਮੰਡਲੀ ਮੈੰਬਰਾੰ ਵਿੱਚੋੰ 2-3 ਮੁੰਡੇ ਕੁੜੀਆੰ ਪਹਿਲਾੰ ਈ ਬੈਠੇ ਧੁੱਪ ਸੇਕ ਰਹੇ ਸੀ, ਸਾਨੂੰ ਆਉੰਦਿਆੰ ਦੇਖ ਮਿੱਠੀ ਮਿਸ਼ਰੀ ਸੁਭਾਅ ਮੁਤਾਬਕ ਖਿੱਲਾੰ ਡੋਹਲਦੀ ਬੋਲੀ,” ਕਬੀਲਦਾਰ ਵੀਰੇ ! ਕਿੱਥੇ ਤਾ ? ਦੋ ਦਿਨ ਦਿਖਿਆ ਏ ਨੀ .. ਤੇ ਮੇਰੇ ਕੁਛ ਬੋਲਣ ਤੋੰ ਪਹਿਲਾੰ ਈ ਫੇਰ ….
ਉ ਤੁੱਕੇ ਖਾਣੇ ਵੀਰੇ .. ਫਸਟ ਏਡ ਦਾ ਕੋਰਸ ਕਿੱਥੇ ਤੇ ਕਰਿਐ ਤੈੰ??
ਹੈੰ ?? …..ਫਸਟ ਏਡ ਦਾ ਕੋਰਸ ?? ਤੁੱਕੇ ਖਾਣੇ ਨੇ ?? ਮੈੰ ਹੈਰਾਨ ਹੁੰਦਿਆੰ ਤੁੱਕੇ ਖਾਣੇ ਵੱਲ ਤੇ ਫੇਰ ਮਿੱਠੀ ਮਿਸ਼ਰੀ ਵੱਲ ਦੇਖਿਆ ..
ਆਹੋ ਵੀਰੇ !! ਤੈਨੂੰ ਨੀ ਦੱਸਿਆ ਇਹਨੇ .. ਕਿਆ ਹੋਇਆ ਕੱਲ੍ ??
ਬਿਨਾ ਹੁੰਘਾਰਾ ਉਡੀਕੇ ਫਿਰ ਮਿੱਠੀ ਮਿਸ਼ਰੀ ਸ਼ੂਰੁ ਹੋ ਗਈ …. ਕੱਲ੍ ਨਾੰ ਵੀਰੇ ਆਹ ਜਰਾਬਾੰ ਆਲ੍ੀ ਫੁੜਕ ਚੱਲੀ ਤੀ … ਤੁੱਕੇ ਵੀਰੇ ਨੇ ਬਚਾਅ ਲੀ …
ਨਾਲ ਬੈਠੀ ਜਰਾਬਾੰ ਆਲੀ੍ ਨੀਵੀੰ ਪਾਈ ਹੱਸੀ ਜਾ ਰਹੀ ਸੀ , ਮਿੱਠੀ ਮਿਸ਼ਰੀ ਫੇਰ ਬੋਲੀ,”ਵੀਰੇ ! ਕੱਲ ਹਿਸਟਰੀ ਦਾ ਪੀਰਡ ਵਿਹਲਾ ਤਾ ! ਅਸੀੰ ਔਹ ਸਟੇਜ ਦੇ ਪਰਲੇ ਪਾਸੇ ਰਨਿੰਗ ਟਰੈਕ ਕੋਲ ਬੈਠੀਆੰ ਖੋਏ ਦੀਆੰ ਪਿੰਨੀਆੰ ਖਾੰਦੀਆੰ ਤੀਆੰ, ਆਹ ਜਰਾਬਾੰ ਆਲ੍ੀਉ ਲੈ ਕੇ ਆਈ ਤੀ, ਇਹਦੇ ਬੈਠੀ ਬੈਠੀ ਦੇ ਨਕਸੀਰ ਚੱਲ ਪੀ… ਦੇਖ ਲੈ ਕਬੀਲਦਾਰ ਵੀਰੇ … ਨਕਸੀਰ ” ਉਹ ਵੀ ਸਿਆਲ੍ ਚ….ਐਨੀ ਠੰਢ ਚ … ਇਹਨੇ ਰੁਮਾਲ ਨਾਲ ਅਪਣਾ ਨੱਕ ਘੁੱਟ ਲਿਆ, ਦੇਖਦੇ ਦੇਖਦੇ ਸਾਰਾ ਰੁਮਾਲ ਖੂੰਨ ਨਾਲ ਭਿੱਜਕੇ ਲਾਲ ਹੋ ਗਿਆ , ਇਹ ਤਾੰ ਦੇਖਕੇ ਐਨਾ ਖੂੰਨ ,, ਗਿਰਗੀ ਬੇਦਿਲ ਹੋਕੇ ਉੱਥੀ ਘਾਹ ਪਰ , ਅਸੀੰ ਵੀ ਡਰਗੀਆੰ ਬੀ ਪਤਾ ਨੀ ਕਿਆ ਹੋ ਗਿਆ ਇਹਨੂੰ, ਡਰਕੇ ਇਧਰ ਉਧਰ ਦੇਖਣ ਲੱਗੀਆੰ ਤਾੰ ਤੁੱਕਾ ਵੀਰਾ ਦੂਰ ਤੇ ਕੰਟੀਨ ਚ ਨੂੰ ਜਾੰਦਾ ਦਿਖਿਆ, ਮੈੰ ਉੱਚੀ ਦੇਣੇ ਹਾਕ ਮਾਰੀ ਇਹ ਆ ਗਿਆ ਭੱਜ ਕੇ ਫੇਰ ਸਾਹਮਣੇ ਟੂਟੀ ਤੋੰ ਅਪਣਾ ਰੁਮਾਲ ਪਾਣੀ ਨਾਲ ਭਿਉੰ ਲਿਆਇਆ, ਅਸੀੰ ਗਿੱਲੇ ਰੁਮਾਲ ਨਾਲ ਇਹਦਾ ਨੱਕ ਹੋਰ ਚੰਗੀ ਤਰਾੰ ਘੁੱਟ ਤਾ…
ਇਹ ਤਾੰ ਵੀਰੇ ਉੱਕਣੇ ਪਈ … ਨਾੰ ਕੁਸ਼ ਬੋਲੇ ਨਾੰ ਹਿੱਲੇ , ਮੈੰ ਇਹਦੇ ਹੱਥਾੰ ਦੀ ਮਾਲਸ਼ ਕਰਨ ਲੱਗ ਗੀ ਤੁੱਕੇ ਵੀਰੇ ਨੇ ਇਹਦੇ ਬੂਟ ਜਰਾਬਾੰ ਲਾਹ ਤੀਆੰ ਤੇ ਪੈਰਾੰ ਦੀਆੰ ਤਲੀ੍ਆੰ ਝੱਸਣ ਲੱਗ ਪਿਆ,, 2-3 ਮਿੰਟ ਬਾਅਦ ਇਹ ਸੁਰਤ ਫੜਿਆਈ , ਕਹਿੰਦੀ ਹੁਣ ਕੁਸ਼ ਠੀਕ ਐੰ ਮੈੰ, ਨੱਕ ਤੋੰ ਰੁਮਾਲ ਹਟਾਅ ਕੇ ਦੇਖਿਆ ਤਾੰ ਮਾੜਾ ਮਾੜਾ ਖੂੰਨ ਹਾਲੇ ਵੀ ਆਈ ਜਾੰਦਾ ਤਾ ..
ਤੁੱਕਾ ਵੀਰਾ ਕਹਿੰਦਾ ,” ਡਾਕਟਰ ਦੇ ਲੈ ਚੱਲੀਏ ਇਹਨੂੰ ?? ਮੈੰ ਪੁੱਛਿਆ,” ਠੀਕ ਐੰ ਜਰਾਬਾੰ ਆਲ੍ੀਏ ਹੁਣ? ਸਕੂਟਰ ਤੇ ਬੈਠ ਜੇੰਗੀ? ਇਹਨੇ ਮਾੜਾ ਜਿਆ ਸਿਰ ਹਿਲਾਇਆ ਤਾੰ ਤੁੱਕਾ ਵੀਰਾ ਭੱਜਕੇ ਅਪਣਾ ਬਜਾਜ ਸਕੂਟਰ ਲੈ ਆਇਆ, ਉਦੋੰ ਤੱਕ ਇਹ ਉੱਠਕੇ ਬੈਠਗੀ ਤੀ , ਕਹਿੰਦੀ ਹੁਣ ਠੀਕ ਐੰ ਮੈੰ … ਚਲੇ ਜਾੰਨੀ ਐੰ ਡਾਕਟਰ ਦੇ … ਤੇ ਬੈਠਗੀ ਤੁੱਕੇ ਖਾਣੇ ਵੀਰੇ ਦੇ ਮਗਰ ਸਕੂਟਰ ਤੇ … ਵੀਰੇ ਨੇ ਬਣਾਅ ਤਾ ਫੇਰ ਜਹਾਜ ਸਕੂਟਰ ਦਾ ….
ਅੱਛਿਆ, ਆਹ ਗੱਲ ਐ!! ਮੈੰ ਵੀ ਸਵੇਰ ਦਾ ਦੇਖੀ ਜਾਨੈ ਇਹਦੇ ਮੂੰਹ ਕੰਨੀ.. ਬੁੱਲ ਜੇ ਘੁੱਟ ਘੁੱਟਕੇ ਹੱਸੀ ਜਾੰਦੈ, ਦੱਸਦਾ ਕੁਸ਼ ਨੀ, ਪੱਗ ਵੀ ਤੋਤੇ ਰੰਗੀ ਬੰਨ੍ ਕੇ ਆਇਐ ਅੱਜ..ਤੇ ਸਵੈਟਰ ਦੇਖ ਇਹਦਾ .. ਪੀਲਾ੍ … ਭਰਿੰਡ ਦੇ ਰੰਗ ਵਰਗਾ….
ਤੇ ਤੂੰ ਜਰਾਬਾੰ ਆਲੀਏ… ਖੋਆ ਘੱਟ ਖਾ ਲਿਆ ਕਰ ….!!
ਮੈੰ ਦੋਹਾੰ ਨੂੰ ਹਸਦੇ ਹਸਦੇ ਛੇੜਿਆ …
ਲੈ… ਮੈੰ ਤਾੰ ਨੱਕ ਚੋੰ ਚੂਹਾ ਕੱਢਦੀ ਤੀ .. ਨਹੁੰ ਵੱਜ ਗਿਆ ਤਾ ਨੱਕ ਚ’ …. ਨਾਲੇ ਪਿੰਨੀਆੰ ਤਾੰ ਸਾਰੀਆੰ ਤੁਸੀੰ ਖਾ ਜਾਨੇ ਉੰ ਮੇਰੀਆੰ … ਮੈਨੂੰ ਤਾੰ ਇੱਕ ਅੱਧੀ ਮਸੀੰ ਬਚਦੀ ਐ .. ਉਹ ਵੀ ਕਦੇ ਕਦੇ …
ਦੇਖ ਲੈ, ਤੁੱਕੇ ਵੀਰੇ ਨੇ ਬਚਾਅ ਲੀ … ਹੁਣ ਗੱਲਾੰ ਮਾਰਦੀ ਐ.. ਨਾਲੇ ਮਾਲਸ਼ ਕਰੀ ਪੈਰਾੰ ਦੀ… ਕਰੀ ਐ ਕਿਸੇ ਨੇ ਐਕਣ ਸੇਵਾ ਤੇਰੀ ਕਦੇ? ਆ ਜਾਨੀ ਐੰ ਪਾ ਕੇ ਰੰਗ ਬਰੰਗੀਆੰ ਜਰਾਬਾੰ ਰੋਜ….!! ਮਿੱਠੀ ਮਿਸ਼ਰੀ ਨੇ ਛੇੜਿਆ..
ਲੈ ….ਸੇਵਾ ਕਾਹਦੀ? ਝਾੰਵੇੰ ਵਰਗੇ ਹੱਥਾੰ ਨਾਲ ਪੈਰ ਛਿੱਲਣੇ ਆਲੇ੍ ਕਰਤੇ ਮੇਰੇ….
ਹੁਣ ਗੱਲਾੰ ਆਉਨੀਐੰ ਇਹਨੂੰ… ਕੱਲ੍ ਦੇਖਿਆ ਕਿੱਕਣ ਟੱਚ ਮੀ ਨੌਟ ਆਲੇ੍ ਬੂਟੇ ਮੰਗਣ ਸੁੰਗੜੀ ਪਈ ਤੀ….. ਨੱਕ ਚੋੰ ਬੁਲਬੁਲੀਆੰ ਜਿਆੰ ਨਿਕਲਦੀਆੰ ਦੇਖਕੇ ਮੈੰ ਵੀ ਡਰ ਗਿਆ ਤਾ ਪਹਿਲਾੰ ਤਾੰ…. ਨਾਲੇ ਹੋਰ ਦੱਸਾੰ ਇੱਕ ਗੱਲ.. ਮੈੰ ਇਹਦੇ ਇੱਕ ਪੈਰਦੀ ਮਾਲਸ਼ ਕਰੀ ਜਾਵਾੰ ਦਬਾ ਦਬ …. ਦੋ ਕੁ ਮਿੰਟ ਮਗਰੋੰ ਉਹ ਪੈਰ ਪਰਾੰ ਨੂੰ ਖਿੱਚਕੇ ਦੂਆ ਪੈਰ ਕਰਤਾ ਮੇਰੇ ਕੋਲ ਨੂੰ …ਬੀ ਲੈ ਐਹਦੀ ਵੀ ਕਰ ਦੇਹ ਮਾਲਸ਼…. ਹੁਣ ਕਹਿੰਦੀ ਐ ਝਾੰਮੇ ਵਰਗੇ ਹੱਥ ਐੰ…
ਤੁੱਕੇ ਖਾਣੇ ਨੇ ਮੁੜਦਾ ਤੀਰ ਛੱਡਿਆ….
ਜਰਾਬਾੰ ਆਲੀ ਨੇ ਵਾਰ ਬੋਚਦਿਆੰ ਗੱਲ ਬਦਲੀ… ਉਹ ਤਾੰ ਛੱਡ !! ਤੂੰ ਸਕੂਟਰ ਬੜਾ ਘੈੰਟ ਚਲਾਉਨੈੰ ਬਜਾਰ ਚ’ ਐਨੀ ਭੀੜ ਚ… ਜਿਵੇੰ ਸਰਕਸ ਆਲ੍ੇ ਪਿੰਜਰੇ ਚ ਮੋਟਰ ਸੈਕਲ ਚਲਾਉੰਨੇ ਹੁੰਨੇ ਐੰ… ਕੰਮ ਕਰਿਆ ਲਗਦੈ ਸਰਕਸ ਚ ਵੀ….. ਨਾਲੇ ਹੋਰ ਗੱਲ ਦੱਸਾੰ ਥੁਆੰਨੂੰ ਇੱਕ …. ਜਦ ਅਸੀੰ ਡਾਕਟਰ ਦੀ ਕਲੀਨਿਕ ਪਹੁੰਚੇ, ਮੈੰ ਮਰੀਜਾੰ ਆਲੇ ਵਰਾੰਡੇ ਚ ਬੈੰਚ ਤੇ ਬੈਠ ਗੀ, ਇਹ ਸਾਹਮਣੇ ਕੁਰਸੀ ਤੇ ਬੈਠੀ ਨਰਸ ਕੋਲ ਜਾਕੇ ਦੱਸਣ ਲੱਗਿਆ, ਨਰਸ ਨੇ ਪੁਛਿਆ,” ਨਾਉੰ ਕੀ ਐ ਮਰੀਜ ਦਾ ?
ਫੱਟ ਦੇਕੇ ਕਹਿੰਦਾ, ” ਜੀ ਜਰਾਬਾੰ ਆਲ੍ੀ….. ਉ ਨਹੀੰ ਸੱਚ… ਰੁਕਿਉ ਜੀ…
ਕਹਿਕੇ ਛੇਤੀ ਦੇਣੇ ਮੁੜਕੇ ਮੇਰੇ ਕੋਲ ਆਕੇ ਹੌਲੀ ਕੁ ਦੇਣੇ ਬੋਲਿਆ,” ਜਰਾਬਾੰ ਆਲੀਏ! ਤੇਰਾ ਪੱਕਾ ਨਾੰਉੰ ਕੀ ਐ ਭਲਾੰ ??
ਮੇਰਾ ਤਾੰ ਭਾਈ ਹਾਸਾ ਨਾੰ ਰੁਕੇ ਤੇ ਨਰਸ ਸਾਡੇ ਕੰਨੀ ਸ਼ੱਕੀ ਨਜਰਾੰ ਨਾਲ ਦੇਖੇ ਮੁੜ ਮੁੜਕੇ … ਐਹਾ ਜਾੰ ਇਹ ਤੁੱਕੇ ਖਾਣੈੰ…
ਉ ਸੱਚ ਮੇਰੀਆੰ ਜਰਾਬਾੰ ਕਿੱਥੇ ਐੰ ?… ਉਹ ਤਾੰ ਮੋੜ ਦੇਹ ….
ਲੈ… ਮੈਨੂੰ ਕਿਆ ਪਤੈ ਕਿੱਥੇ ਐੰ .. ਉਦੋੰ ਜਰਾਬਾੰ ਸੁੱਝਦੀਆੰ ਤੀ..? ਵੀ ਲਾਹ ਕੇ ਤਹਿ ਲਾਕੇ ਰੱਖਦਾ ਤੇਰੀਆੰ ਰੇਸ਼ਮੀ ਜਰਾਬਾੰ ਨੂੰ…..
ਨਾੰ ਦੇਹ … ਕੋਈ ਨੀ ਰੱਖ ਲੈ .. ਰੱਖ ਲੈ….
🌼🌻🌹🌷
ਅੱਜ ਕਈ ਸਾਲ ਬਾਅਦ ਤੁੱਕੇ ਖਾਣੇ ਨਾਲ ਫੋਨ ਤੇ ਗੱਲਾੰ ਕਰਦਿਆੰ ਸਰਕਾਰੀ ਕਾਲਜ ਰੋਪੜ ਦੇ ਉਹ ਪੁਰਾਣੇ ਸੁਨਿਹਰੀ ਦਿਨ ਫੇਰ ਯਾਦ ਆ ਰਹੇ ਸੀ , ਬੀ ਏ ਸੈਕਿੰਡ ਯੀਅਰ ਚ ਅਸੀੰ ਅਪਣੇ ਗਰੁੱਪ ਚ ਸਭ ਮੁੰਡੇ ਕੁੜੀਆੰ ਦੇ ਵੰਨ ਸੁਵੰਨੇ ਨਾਉੰ ਰੱਖੇ ਹੋਏ ਸੀ…
ਤੁੱਕੇ ਖਾਣਾ ਮੇਰਾ ਪੱਕਾ ਬੇਲੀ ਸੀ, ਰੋਪੜ ਕੋਲ ਨਦੀ ਕੰਢੇ ਦੇ ਇੱਕ ਪਿੰਡ ਦਾ ਸੈਣੀਆੰ ਦਾ ਮੁੰਡਾ. ਪੂਰਾ ਨਾਉੰ ਸੀਤਲ ਸਿੰਘ ਸੈਣੀ ਸੀ, ਥੋੜੀ ਜੀ ਘਰ ਦੀ ਜਮੀਨ ਸੀ ,ਉਹਦਾ ਬਾਪੂ ਨਦੀ ਦੇ ਨਾਲ ਲਗਦੀ ਹੋਰ ਜਮੀਨ ਠੇਕੇ ਤੇ ਲੈਕੇ ਖੇਤੀ ਕਰਦਾ ਸੀ, ਸਬਜੀਆੰ ਬੀਜਦੇ, ਗਰਮੀਆੰ ਚ ਖਰਬੂਜੇ, ਤਰਬੂਜ, ਖੀਰੇ, ਕੱਕੜੀਆੰ ਦੀ ਫਸਲ ਉਗਾਉੰਦੇ, ਉਹਨਾੰ ਦੀ ਜਮੀਨ ਚ ਨਦੀ ਦੇ ਨਾਲ ਨਾਲ ਦੇਸੀ ਕਿੱਕਰਾੰ ਦਾ ਝੁੰਡ ਸੀ, ਤੁੱਕਿਆੰ ਦੇ ਸੀਜਨ ਚ ਸੀਤਲ ਕੱਚੇ ਤੁੱਕੇ ਤੋੜ ਤੋੜਕੇ ਬੋਰੀ ਭਰ ਲਿਆਉੰਦਾ, ਉਹਦੀ ਮਾਤਾ ਤੁੱਕਿਆੰ ਦਾ ਅਚਾਰ ਪਾ ਲੈੰਦੀ, ਹਫਤੇ ਚ ਦੋ ਕੁ ਦਿਨ ਸਾਡੀਆੰ ਕਲਾਸਾੰ ਦੁਪਿਹਰ ਮਗਰੋੰ ਵੀ ਲਗਦੀਆੰ, ਅਸੀੰ ਕਈ ਜਣੇ ਘਰਾੰ ਤੋੰ ਰੋਟੀ ਲੈ ਜਾੰਦੇ, ਸੀਤਲ ਕੋਲ ਹਮੇਸ਼ਾ ਰੋਟੀ ਨਾਲ ਤੁੱਕਿਆੰ ਦਾ ਅਚਾਰ ਹੁੰਦਾ ਸੀ, ਸਾਰੀ ਮੰਡਲੀ ਇਕੱਠੇ ਹੋਕੇ ਕੰਟੀਨ ਦੇ ਬਾਹਰ ਅੰਬਾੰ ਥੱਲੇ ਬੈਠਕੇ ਰੋਟੀ ਖਾੰਦੇ ਤੇ ਸੀਤਲ ਦੇ ਤੁੱਕਿਆੰ ਦੇ ਅਚਾਰ ਦੀ ਮੰਗ ਦੂਰ ਦੂਰ ਤੱਕ ਹੁੰਦੀ , ਸੀਤਲ ਦੇ ਤੁੱਕੇ ਖਾ ਕੇ ਉਹਦਾ ਨਾੰਉੰ ਵੀ ਤੁੱਕੇ ਖਾਣਾ ਰੱਖ ਲਿਆ ਸੀ
ਮਿੱਠੀ ਮਿਸ਼ਰੀ ਦਾ ਨਾਉੰ ਸੀ ਦਿਲਜੀਤ ਕੌਰ ਕੰਗ, ਬਹੁਤ ਮਿੱਠਾ ਬੋਲਦੀ, ਹਮੇਸ਼ਾ ਖਿੜੀ ਰਹਿੰਦੀ ,ਰੋਟੀ ਖਾੰਦਿਆੰ ਸੀਤਲ ਤੋੰ ਤੁੱਕੇ ਮੰਗਦਿਆੰ ਬੋਲਦੀ,” ਤੁੱਕੇ ਵੀਰੇ !!! ਦੋ ਕ ਤੁੱਕੇ ਦਈੰ ਵੀਰ ਬਣਕੇ…!
ਮੇਰੇ ਕੋਲ ਕਾਲਜ ਆਉੰਣ ਨੂੰ ਪੁਰਾਣੀ ਜੌੰਗਾ ਜੀਪ ਹੁੰਦੀ ਸੀ, ਸਾਡਾ ਬੜਾ ਟੱਬਰ ਸੀ, ਬਾਪੂ ਉਹਨੀ ਚਾਰ ਭਾਈ ਸਾਰੇ ਇਕੱਠੇ ਸੀ, ਮੇਰਾ ਬਾਬਾ ਵੀ ਹਾਲੇ ਤਕੜਾ ਸੀ, ਬਾਪੂ ਉਹਨਾੰ ਨਾਲ ਖੇਤੀ ਦਾ ਪੂਰਾ ਕੰਮ ਕਰਾਉੰਦਾ , ਮੇਰੇ ਤੋੰ ਛੋਟੀ ਭੈਣ ਤੇ ਇੱਕ ਭਾਈ ਅਤੇ 3-4 ਚਾਚੇ ਤਾਇਆੰ ਦੇ ਨਿਆਣੇ, 2-3 ਨਿਆਣੇ ਗੁਆੰਢੀਆੰ ਦੇ ਸਭ ਰੋਪੜ ਸਕੂਲ ਚ ਪੜ੍ਂਦੇ ਸੀ, ਸਵੇਰੇ ਮੇਰੇ ਨਾਲ ਈ ਜੌੰਗੇ ਤੇ ਆਉੰਦੇ, ਉਹਨਾੰ ਸਭਨਾੰ ਨੂੰ ਸਕੂਲ ਲਾਹਕੇ ਫੇਰ ਮੈੰ ਕਾਲਜ ਆਉੰਦਾ, ਮੇਰੇ ਜੌੰਗੇ ਚ ਮਿੰਨੀ ਬੱਸ ਜਿੰਨੀਆੰ ਘਰ ਦੀਆੰ ਸਵਾਰੀਆੰ ਹੋਣ ਕਰਕੇ ਮੇਰਾ ਨਾੰਉੰ ਕਬੀਲਦਾਰ ਪੈ ਗਿਆ ਸੀ, ਅਜਮੇਰ ਸਿੰਘ ਸੋਹੀ ਉਰਫ ਕਬੀਲਦਾਰ..
ਜਰਾਬਾੰ ਆਲੀ੍ ਖੱਤਰੀਆੰ ਦੀ ਕੁੜੀ ਸੀ ਰੋਪੜ ਤੋੰ, ਉਹਦੇ ਪਿਤਾ ਜੀ ਦੀਆੰ 2-3 ਮਨਿਆਰੀ ਦੀਆੰ ਦੁਕਾਨਾੰ ਸੀ, ਰੋਜ ਨਮੇ ਨਮੇ ਰੰਗਾੰ ਦੀਆੰ ਫੁੱਲਾੰ ਬੂਟੀਆੰ ਆਲ੍ੀਆੰ ਜਰਾਬਾੰ ਪਾ ਕੇ ਕਾਲਜ ਆੰਉੰਦੀ, ਗਰਮੀਆੰ ਚ’ ਵੀ ਸੈੰਡਲਾੰ ਨਾਲ ਜਰਾਬਾੰ ਪਾ ਕੇ ਰੱਖਦੀ, ਮਿੱਠੀ ਮਿਸ਼ਰੀ ਉਹਨੂੰ ਛੇੜਦੀ,”ਮੌਜਾੰ ਨੇ ਭੈਣੇ ਜਰਾਬਾੰ ਆਲੀਏ ਤੈਨੂੰ ਤਾੰ… ਨਾੰ ਤੈੰ ਕਦੇ ਪਾਥੀਆੰ ਪੱਥਣੀਐੰ, ਨਾੰ ਕਦੇ ਧਾਰਾੰ ਚੋਣੀਐੰ..ਡੈਡੀ ਦੀ ਦਕਾੰਨ ਤੋੰ ਰੋਜ ਨਮੇੰ ਨਮੇੰ ਡੱਬਿਆੰ ਚੋੰ ਕੱਢਕੇ ਰੰਗ ਬਰੰਗੀਆੰ ਜਰਾਬਾੰ ਪਾ ਕੇ ਆ ਜਾਨੀ ਐੰ…
ਉਹਦਾ ਨਾੰਉੰ ਸੀ ਦੀਪਿਕਾ ਅਰੋੜਾ ਉਰਫ ਜਰਾਬਾੰ ਆਲ੍ੀ ਪਰ ਖੁੱਲੇ੍ ਡੁੱਲੇ ਸੁਭਾਅ ਦੀ ਸ਼ਹਿਰਨ ਕੁੜੀ ਸੀ…
ਹੋਰ ਵੀ ਸੀਗੇ੍ ਕਈ… ਇੱਕ ਮਤਾਬੀ ਡੱਬੀ ਹੁੰਦੀ ਸੀ, ਇੱਕ “ਦੱਬ ਕੇ ਕੱਢਿਆ ” ਹੁੰਦਾ ਸੀ,ਇੱਕ ਹੋਰ ਹੁੰਦਾ ਸੀ ਬਾਈ ਦੁਖੀਆ ਯੂਨੀਅਨ ਦਾ ਪਰਧਾਨ.. ਪਰ ਇਹ ਸਾਡੀ ਮੰਡਲੀ ਚ ਕਦੇ ਕਦੇ ਈ ਸ਼ਾਮਲ ਹੁੰਦੇ…
🦋🦋🦋🦋🦋
ਤੁੱਕੇ ਦੀ ਕਾਰਗੁਜਾਰੀ ਸੁਣਕੇ ਮੈੰ ਉਹਨੂੰ ਛੇੜਿਆ,”ਤੁੱਕਿਆ ਤੂੰ ਕਿੱਧਰ ਕਾਗਜੀ ਪਤੰਗੀ ਤੇ ਗਾਟ੍ੀ ਪਾਉਣ ਲੱਗ ਪਿਆ….!!
ਕਬੀਲਦਾਰਾ ਬਾਈ ! ਕੁਛ ਨੀ ਬੱਸ ਐੰਵੇੰ ਈ…
ਤੁੱਕੇ ਖਾਣੇ ਨੂੰ ਕੋਈ ਜੁਆਬ ਨਾੰ ਆਉੜਿਆ, ਕਈ ਦਿਨ ਲੰਘਿਆੰ ਤੇ ਤੁੱਕਾ ਇੱਕ ਦਿਨ ਫੇਰ ਮੇਰੇ ਨੇੜੇ ਜੇ ਨੂੰ ਹੋ ਕੇ ਹੌਲੀ ਜੇ ਬੋਲਿਆ,”ਬਾਈ ਉਹਨੇ ਅਜੇ ਤੱਕ ਮੇਰਾ ਰੁਮਾਲ ਨੀ ਮੋੜਿਆ..
ਮੈਨੂੰ ਲਗਦੈ………
ਹਾੰ ਕੀ ਲਗਦੈ….??
ਬੱਸ ਬਾਈ… ਆਪੇ ਸਮਝ ਲੈ…
ਨਾਲੇ ਕੱਲ੍ ਦੇਖਿਐ ਤੈੰ !! ਦੁਪਿਹਰੇ ਮੇਰੇ ਕੋਲ ਬੈਠਕੇ ਰੋਟੀ ਖਾਧੀ ਐ ਉਹਨੇ… ਤੁੱਕਿਆੰ ਦਾ ਅਚਾਰ ਵੀ ਦੋ ਵਾਰੀ ਲਿਐ ਮੇਤੇ…. ਨਾਲੇ ਘਰ ਪਰਵਾਰ ਦੀਆੰ ਗੱਲਾੰ ਕਰੀਆੰ ਅਸੀੰ ਦੋਹਾੰ ਨੇ…
ਨਾਲੇ ਆਹ ਦੇਖ ਬਾਈ ਇੱਕ ਚੀਜੋ ਦਖਾੰਮਾ ਤੈਨੂੰ…ਬੁੱਲ ਘੁੱਟਕੇ ਹਸਦੇ ਤੁੱਕੇ ਨੇ ਪਰ੍ਾੰ ਜੇ ਨੂੰ ਹੋ ਕੇ ਇੱਕ ਫੁੱਲਾੰ ਆਲੇ ਰੁਮਾਲ ਦੀਆੰ ਚਾਰੇ ਤਹਿਆੰ ਹੌਲੀ ਹੌਲੀ ਕਰਕੇ ਖੋਲ੍ੀਆੰ, ਦੇਖਿਆ ਤਾੰ ਰੁਮਾਲ ਚ ਚਿੱਤਮ ਚਿੱਤੀਆੰ ਬੂਟੀਆੰ ਆਲੀਆੰ ਕੁੜੀਆੰ ਆਲੀਆੰ ਜਰਾਬਾੰ ਤਹਿ ਕਰਕੇ ਰੱਖੀਆੰ ਚਮਕੀਆੰ..
ਬੱਲੇ ਉਏ ਰਾੰਝੇ ਦਿਆ ਭਤੀਜਿਆ !!! ਹੱਦ ਏ ਕਰੀ ਜਾਨੈ… ਕਿਆ ਵਧੀਆ ਕੀਮਤੀ ਖਜਾਨਾ ਸਾੰਭਕੇ ਰੱਖਿਐ ਤੁੱਕਿਆ.. ਮੈੰ ਉੱਚੀ ਹਸਦਿਆੰ ਬੋਲਿਆ…
ਹੌਲੀ ਬਾਈ ਹੌਲੀ…. ਐਮੇ ਰੌਲਾ ਨਾੰ ਪਾ ਯਾਰ ਕਬੀਲਦਾਰਾ…
ਸਮਾੰ ਲੰਘਦਾ ਗਿਆ, ਤੁੱਕੇ ਤੇ ਜਰਾਬਾੰ ਆਲੀ ਦੇ ਪਿਆਰ ਦੀ ਚੰਗਿਆੜੀ ਮਾੜ੍ੀ ਮਾੜ੍ੀ ਸੁਲਘਦੀ ਰਹੀ ਪਰ ਲਟ ਲਟ ਨਾੰ ਬਲ੍ੀ ਤੇ ਨਾੰ ਈ ਬੁਝੀ,ਤੁੱਕੇ ਖਾਣਾ ਆਰਥਿਕ ਪੱਖੋੰ ਹੌਲ੍ਾ ਹੋਣ ਕਰਕੇ ਵੀ ਬਹੁਤਾ ਜੇਰਾ ਨਾੰ ਕੱਢ ਸਕਿਆ ਤੇ ਦੀਪਿਕਾ ਨੇ ਚਾਹੁੰਦੇ ਹੋਏ ਵੀ ਅੱਗੇ ਬਹੁਤਾ ਹੱਥ ਨਾੰ ਵਧਾਇਆ, ਸ਼ਾਇਦ ਉਹ ਵੀ ਜਾਣਦੀ ਸੀ ਕਿ ਉਹਦੇ ਸ਼ਹਿਰੀ ਪਰਿਵਾਰ ਨੇ ਇਹ ਰਿਸ਼ਤਾ ਕਦੇ ਮਨਜੂਰ ਨੀ ਸੀ ਕਰਨਾ
ਫੇਰ ਅਚਾਨਕ ਸਾਡੀਆੰ ਸਭ ਦੀਆੰ ਜਿੰਦਗੀਆੰ ਕਈ ਟੇਢੇ ਮੇਢੇ ਮੋੜ ਮੁੜਦੀਆੰ ਆਪੋ ਅਪਣੇ ਰਾਹ ਪੈ ਗਈਆੰ, ਬੀ ਏ ਫਾਇਨਲ ਸ਼ੁਰੂ ਹੁੰਦੇ ਸਾਰ ਏ ਜਰਾਬਾੰ ਆਲੀ ਦਾ ਵਿਆਹ ਆਸਟਰੇਲੀਆ ਤੋੰ ਆਏ ਮੁੰਡੇ ਨਾਲ ਹੋ ਗਿਆ, ਸ਼ਾਇਦ ਚੁੰਨੀ ਚੜ੍ਾਅ ਕੇ ਈ ਫੇਰੇ ਕਰ ਦਿੱਤੇ ਸੀ,ਤੁੱਕੇ ਖਾਣੇ ਦਾ ਬਾਪੂ ਅਚਾਨਕ ਚੱਲ ਵਸਿਆ, ਪਰਿਵਾਰ ਦੀ ਸਾਰੀ ਜੁੰਮੇਵਾਰੀ ਤੁੱਕੇ ਤੇ ਆ ਗਈ ਸੀ, ਉਹ ਬੀ ਏ ਫਾਈਨਲ ਸ਼ੁਰੂ ਈ ਨਾੰ ਕਰ ਸਕਿਆ, ਪੜ੍ਾਈ ਵਿੱਚੇ ਛੱਡਕੇ ਮਿੰਨੀ ਬੱਸ ਤੇ ਕੰਡਕਟਰ ਜਾ ਲੱਗਿਆ, ਤਿੰਨ ਕੁ ਮਹੀਨੇ ਬਾਅਦ ਮੈੰ ਵੀ ਕੋਈ ਜੁਗਾੜ ਲਾਕੇ ਕਨੇਡਾ ਆ ਗਿਆ, ਇੱਥੇ ਆਕੇ ਕਈ ਸਾਲਾੰ ਦੀ ਉਡੀਕ ਬਾਅਦ ਪੱਕਾ ਹੋਕੇ ਮੁੜਕੇ ਦੇਸ ਗਿਆ..
ਸੀਤਲ ਸਿੰਘ ਤੁੱਕਾ ਪੂਰਾ ਕਬੀਲਦਾਰ ਬਣ ਗਿਆ ਸੀ, ਵਿਆਹ ਹੋ ਗਿਆ ਸੀ, ਉਹਨੇ ਅਪਣੀ ਇਨੋਵਾ ਗੱਡੀ ਲੈਕੇ ਟੂਰਿਸਟ ਪਰਮਿਟ ਨਾਲ ਟੈਕਸੀ ਪਾਈ ਹੋਈ ਸੀ, ਮੈੰ ਸਭ ਦਾ ਹਾਲ ਪੁਛਿਆ, ਮਿੱਠੀ ਮਿਸ਼ਰੀ ਬੀ ਏ ਬੀ ਐਡ ਕਰਕੇ ਭਰਤਗੜ੍ ਸਕੂਲ ਚ ਟੀਚਰ ਲੱਗ ਗਈ ਸੀ, ਜਰਾਬਾੰ ਆਲੀ ਦੀ ਕੋਈ ਖਬਰ ਨੀ ਸੀ, ਪਰ ਉਹਦਾ ਡੈਡੀ ਮਨਿਆਰੀ ਵਾਲਾ ਚੱਲ ਵਸਿਆ ਸੀ, ਕੈਨੇਡਾ ਵਾਪਸ ਮੁੜਕੇ ਆਕੇ ਹੁਣ ਮੈੰ ਤੁੱਕੇ ਨਾਲ ਫੋਨ ਤੇ ਗੱਲ ਬਾਤ ਕਰਦਾ ਰਹਿੰਦਾ ..
ਇੱਕ ਦਿਨ ਸਵੇਰੇ ਸਾਝਰੇ ਈ ਫੋਨ ਖੜਕਿਆ, ਅੱਗਿਉੰ ਤੁੱਕੇ ਖਾਣਾ ਟਹਿਕਿਆ..
ਕਿੱਕਣ ਐੰ ਕਬੀਲਦਾਰਾ..!! ਕੈ ਦਿਨ ਹੋਗੇ ਫੋਨ ਏੰ ਨੀ ਕਰਿਆ !!! ਠੀਕ ਐੰ……??
ਕਿਆ ਗੱਲ ਤੁੱਕੇ !! ਕਿੱਕਣ ਪਤਾਸੇ ਭੋਰਨ ਲੱਗ ਪਿਆ ਸਵੇਰੇ ਸਵੇਰੇ… ਕਿਆ ਲੱਭ ਗਿਆ ਤੈਨੂੰ …??
ਬੁੱਝ ਤਾੰ ਬਾਈ ਭਲਾੰ ਕਿਆ ਲੱਭਿਆ ਹੋਊ.. ਫੇਰ ਆਪੇ ਈ ਬਿਨਾ ਹੁੰਘਾਰਾ ਉਡੀਕੇ ਉਧੜ ਪਿਆ….. ਬਾਈ ਇੱਕ ਵਾਰੀ ਤਾੰ ਪੂਰਨਮਾਸ਼ੀ ਆਲੇ ਦਿਆਲੇ ਆਲੀ ਫੀਲਿੰਗ ਆਗੀ ਤੀ, ਯਾਦ ਐ ਜਦ ਸ਼ਾਮੋ ਕਿੰਨੇ ਸਾਲਾੰ ਬਾਅਦ ਦਿਆਲੇ ਦੇ ਟਾੰਗੇ ਪਰ ਚੜਦ੍ੀ ਐ….
ਮਹੀਨਾ ਕੁ ਹੋਇਆ, ਦਿੱਲੀ ਆਇਆ ਮੈੰ ਏਅਰਪੋਟ ਤੋੰ ਸਵਾਰੀ ਲੈਣ, ਬੇਲੇ ਚੌੰਕ ਤੋੰ ਬੁੱਕ ਹੋਈ ਤੀ ਗੱਡੀ, ਇੱਕ 16-17 ਸਾਲ ਦਾ ਮੁੰਡਾ ਨਾਲ ਆਇਆ ਮੇਰੇ ਦਿੱਲੀ ਨੂੰ ਕਹਿੰਦਾ ਮੇਰੀ ਭੂਆ ਜੀ ਨੇ ਆਉਣੈ, ਪੰਜ ਨੰਬਰ ਗੇਟ ਦੇ ਬਾਹਰ ਜੰਗਲੇ ਨਾਲ ਲੱਗੇ ਖੜ੍ੇ ਅਸੀੰ ਦੋਏ ਜਣੇ ਅੰਦਰੋੰ ਆੰਉੰਦੀਆੰ ਰੰਗ ਬਰੰਗੀਆੰ ਸਵਾਰੀਆੰ ਦੀਆੰ ਟੋਲੀਆੰ ਦੇਖਦੇ ਅਪਣੀ ਸਵਾਰੀ ਉਡੀਕਣ ਲੱਗੇ…
ਔਹ ਆਗੀ ਭੂਆ ਜੀ…! ਖੁਸ਼ ਹੁੰਦਿਆੰ ਮੁੰਡੇ ਨੇ ਹੱਥ ਉੱਚਾ ਕਰਕੇ ਹਿਲਾਇਆ, ਅਚਾਨਕ ਇਕ ਦਮ ਸਾਹਮਣੇ ਸਮਾਨ ਆਲੀ ਰੇੜ੍ੀ ਰੋੜ੍ੀ ਆਉੰਦੀ ਜਰਾਬਾੰ ਆਲੀ ਨੂੰ ਦੇਖਕੇ ਕਬੀਲਦਾਰਾ ਮੈੰ ਤਾੰ ਡੌਰ ਭੌਰਾ ਜਾ ਏ ਹੋ ਗਿਆ, ਨੇੜੇ ਆਕੇ ਮੈਨੂੰ ਬਿਨਾ ਦੇਖੇ ਰੇੜ੍ੀ ਛੱਡਕੇ ਭਤੀਜੇ ਨੂੰ ਘੁੱਟਕੇ ਜੱਫੀ ਪਾਕੇ ਮਿਲੀ, ਪਿਆਰ ਦਿੱਤਾ, ਐਨੇ ਚਿਰ ਨੂੰ ਮੈੰ ਸੰਭਲਦਿਆੰ ਰੇੜ੍ੀ ਫੜਕੇ ਸਤ ਸ੍ੀ ਕਾਲ ਬਲਾਈ…
ਤੁੱਕੇ ਤੂੰ……..!!! ਮੈਨੂੰ ਦੇਖਕੇ ਜਣੀ ਬਾਈ ਉਹ ਇਕ ਪਲ ਲਈ ਸਾਹ ਲੇਣਾ ਏ ਭੁੱਲ ਗੀ..
ਹਾੰ ਜੀ ਹਾੰ ਜੀ .. ਲੇਣ ਆਏ ਐੰ ਥੁਆੰਨੂੰ, ਕਹਿੰਦਿਆੰ ਮੈੰ ਰੇੜ੍ੀ ਧੱਕਦਾ ਪਾਰਕਿੰਗ ਵੱਲ ਨੂੰ ਤੁਰ ਪਿਆ, ਪਿੱਛੇ ਤੁਰੀ ਆਉੰਦਿਆੰ ਦੋ ਕੁ ਗੱਲਾੰ ਭਤੀਜੇ ਨਾਲ ਕਰੀਆੰ , ਸ਼ਾਇਦ ਮੇਰੇ ਵਾਰੇ , ਫੇਰ ਤੇਜ ਹੋਕੇ ਨਾਲ ਆ ਰਲ੍ੀ ਮੇਰੇ…
ਤੁੱਕੇ ਆਹ ਕਿਆ….?? ਡਰੈਵਰ ਬਣ ਗਿਆ… !! ਬੀ ਏ ਨੀ ਕਰੀ……??
ਨਹੀੰ ਜੀ….
ਕਿਸਮਤ ਚ ਡਰੈਵਰੀ ਉ ਤੀ ਜੀ…
ਉਏ ਆਹ ਕੀ ਜੀ ਜੀ ਲਾਈ ਐ……????
ਮੈਨੂੰ ਕਬੀਲਦਾਰਾ ਭੱਜਕੇ ਪਈ… ਮੈੰ ਚੁੱਪ ਕਰ ਗਿਆ, ਪਰ ਬਾਈ ਸੱਚ ਜਾਣੀ, ਉਹਦੀ ਇਹ ਘੂਰੀ ਨਾਲ ਮੈਨੂੰ ਧੁਰ ਅੰਦਰ ਤੱਕ ਉਹ ਸਕੂਨ ਮਿਲਿਆ… ਬੱਸ ਪੁੱਛ ਨਾੰ ਕਬੀਲਦਾਰਾ !! ਅੰਦਰ ਠਰ ਗਿਆ ਜਣੀ…
ਗੱਡੀ ਚ ਸਾਰੇ ਰਾਹ ਗੱਲਾੰ ਕਰਦੀ ਆਈ, ਮੈੰ ਉਹਦੇ ਡੈਡੀ ਦਾ ਅਫਸੋਸ ਕੀਤਾ, ਉਹਦਾ ਭਾਈ ਮੇਨ ਬਜਾਰ ਆਲੀਆੰ ਦੁਕਾਨਾੰ ਵੇਚਕੇ ਬੇਲੇ ਚੌੰਕ ਨੇੜੇ ਰਹਿਣ ਲੱਗ ਪਿਆ ਸੀ, ਭਾਈ ਵੀ ਬਿਮਾਰ ਏ ਰਹਿੰਦਾ ਸੀ, ਹੁਣ ਭਤੀਜਾ ਨਾਲ ਦੁਕਾਨ ਤੇ ਬੈਠਦਾ..
ਤੁੱਕੇ ਮੈੰ ਤਾੰ ਸੋਚਦੀ ਤੀ ਵਈ ਬੀ ਐੱਡ ਕਰਕੇ ਹੁਣ ਤੱਕ ਕਿਤੇ ਟੀਚਰ ਲੱਗ ਗਿਆ ਹੋਮੇੰਗਾ ਜਾੰ ਗਹਾੰ ਐਮ ਏ ਕਰ ਗਿਆ ਹੋਮੇੰਗਾ, ਮੈੰ ਜਦ ਬਾਪੂ ਦੇ ਤੁਰ ਜਾਣ ਵਾਰੇ ਤੇ ਮਗਰੋੰ ਮਿੰਨੀ ਬੱਸ ਦੀ ਕੰਡਕਟਰੀ ਤੋੰ ਲੈਕੇ ਆਹ ਟੈਕਸੀ ਤੱਕ ਦਾ ਸਫਰ ਸੁਣਾਇਆ ਤਾੰ ਬਾਈ ਕਬੀਲਦਾਰਾ ਉਹਨੇ ਧੁਰ ਅੰਦਰੋੰ ਹਾਉਕਾ ਭਰਿਆ.. ਮੈਨੂੰ ਗੱਡੀ ਚਲਾਉੰਦੇ ਨੂੰ ਦੂਰ ਤੱਕ ਡੂੰਘਾ ਜਾੰਦਾ ਸਾਹ ਸੁਣਿਆੰ ਉਹਦਾ, ਫੇਰ ਖਾਸਾ ਚਿਰ ਸਾਡੇ ਦੋਹਾੰ ਚੋੰ ਕੋਈ ਨਾੰ ਬੋਲਿਆ….
ਤਿੰਨ ਹਫਤੇ ਦੀ ਛੁੱਟੀ ਚ ਮੈੰ ਈ ਉਹਨੂੰ ਕਈ ਰਿਸ਼ਤੇਦਾਰਾੰ ਦੇ ਮਿਲਾਉਣ ਲੇਕੇ ਗਿਆ, ਆਨੰਦਪੁਰ ਸਾਹਿਬ, ਨੰਗਲ ਤੇ ਇਕ ਦਿਨ ਨੈਣਾ ਦੇਵੀ ਦਰਸ਼ਣ ਕਰਵਾ ਕੇ ਲਿਆਇਆ, ਥੁਆਡਾ ਸਭਨਾ ਦਾ ਹਾਲ ਪੁੱਛਦੀ ਰਹੀ, ਕੌਣ ਕਿਆ ਕਰਦੈ, ਕਿੱਥੇ ਐ, ਸਭ ਪੁੱਛਿਆ ਉਹਨੇ ਬਾਈ…. ਕਬੀਲਦਾਰਾ ਮੇਰਾ ਵੀ ਦਿਲ ਕਰਿਆ ਬੀ ਉਹਦੀ ਜਿੰਦਗੀ ਦਾ ਵਰਕਾ ਫੋਲਾੰ ਪਰ ਹਿੰਮਤ ਨਾੰ ਪਈ ਪੁੱਛਣ ਦੀ, ਪਹਿਰਾਵੇ ਤੋੰ ਤਾੰ ਅਮੀਰੀ ਝਲਕਦੀ ਤੀ ਉਹ ਦਪਿਹਰ ਖਿੜੀ ਆਲਾ ਹਾਸਾ ਨੀ ਸੁਣਿਆੰ , ਸੱਤਰੰਗੀਆੰ ਜਰਾਬਾੰ ਦਾ ਰੰਗ ਵੀ ਮੱਧਮ ਪੈਕੇ ਉਦਾਸ ਭੂਰੇ ਜੇ ਰੰਗ ਚ ਬਦਲ ਗਿਆ ਤਾ, ਸਾਰੀਆੰ ਛੁੱਟੀਆੰ ਉਹੀ ਰੰਗ ਰਿਹਾ…
ਤਿੰਨ ਹਫਤੇ ਮਗਰੋੰ ਮੈੰ ਈ ਉਹਨੂੰ ਦਿੱਲੀ ਛੱਡਣ ਆਇਆ, ਭਾਈ ਤੇ ਭਤੀਜੇ ਨੇ ਦੁਕਾਨ ਬੰਦ ਨਾ ਕਰੀ…ਦੀਪਿਕਾ ਅੰਦਰ ਜਾਣ ਨੂੰ ਤਿਆਰ ਤੀ ਡੀਪਾਰਚਰ ਗੇਟ ਦੇ ਸਾਹਮਣੇ ਅਸੀੰ ਦੋਏ ਬਰਾੰਡੇ ਚ ਖੜ੍ੇ ਤੇ…
ਚੰਗਾ ਫੇਰ ਤੁੱਕੇ..! ਵਧੀਆ ਵੀ ਲੱਗਿਆ, ਐਨੇ ਚਿਰ ਬਅਦ ਮਿਲਕੇ ਤੇ ਦੁਖੀ ਵੀ ਹੋਈ ਤੇਰੀ ਤੋਤੇ ਰੰਗੀ ਪੱਗ ਦਾ ਘਸਮੈਲ੍ਾ ਹੋਇਆ ਰੰਗ ਦੇਖਕੇ….
ਉਹੀ ਪੁਰਾਣੇ ਸੁਭਾਅ ਮੰਗਣ ਸਿੱਧੀ ਉ ਬੋਲੀ..
ਚਲ ਕੋਈ ਨੀ ਖੁਸ਼ ਰਿਹਾ ਕਰ …..
ਚੰਗਾ ਜਰਾਬਾੰ ਆਲੀਏ..! ਤੂੰ ਵੀ ਖਿਆਲ ਰੱਖਿਆ ਕਰੀੰ ਅਪਣਾ… ਖਬਰ ਸਾਰ ਭੇਜਦੀ ਰਹੀੰ…. ਹਿੰਮਤ ਕਰਕੇ ਮੈੰ ਵੀ ਪੁਰਾਣੇ ਅੰਦਾਜ ਚ ਬੋਲ ਗਿਆ…. ਇੱਕ ਦਮ ਚਮਕਦੀਆੰ ਅੱਖਾੰ ਨਾਲ ਉਹਨੇ ਮੇਰੇ ਕੰਨੀੰ ਦੇਖਿਆ.. ਉਹਦੇ ਬੁਲ੍ਾੰ ਤੇ ਉਹੀ ਕਾਲਜ ਟੈਮ ਆਲਾ੍ ਸ਼ਰਾਰਤੀ ਹਾਸਾ ਉਭਰ ਆਇਆ ਤੀ…
ਜੁਗੜਿਆੰ ਮਗਰੋੰ ਤੇਰੇ ਮੂੰਹੋੰ ਜਰਾਬਾੰ ਆਲੀ ਨਾਉੰ ਸੁਣਕੇ ਲੱਗਿਐ ਜਿਕਣ ਪਤਾ ਨੀ ਕਦ ਦੀ ਮੇਲੇ ਚ ਖੋਈ ਹੋਈ ਮੁੜਕੇ ਘਰ ਆਗੀ ਹੋਮਾੰ… ਤਿੰਨ ਹਫਤੇ ਹੋਗੇ ਤੇ ਉਡੀਕਦੀ ਨੂੰ… ਪਰ ਭਰੋਸਾ ਤਾ ਵਈ ਇੱਕ ਵਾਰੀ ਕਹੇੰਗਾ ਜਰੂਰ .. ਚਾਹੇ ਜਾਣ ਲੱਗੀ ਨੂੰ ਕਹੇੰ…
ਜਰਾਬਾੰ ਆਲੀ ਅਪਣਾ ਨਾਉੰ ਸੁਣਕੇ ਫੁਲਝੜੀ ਮੰਗਣ ਜਗਣ ਲੱਗਪੀ ਤੀ ਬਾਈ….
ਤੁੱਕੇ ਹੁਣ ਤਾੰ ਦੱਸ ਦੇਹ ਫੇਰ ਕਿੱਥੇ ਐੰ ਜਰਾਬਾੰ ਜਿਹੜੀਆੰ ਨਕਸੀਰ ਚੱਲੀ ਟੈਮ ਲਾਹੀਆੰ ਤੀ ਤੂੰ….? ਮੈੰ ਪਈ ਪਈ ਨੇ ਚੋਰੀ ਦੇਣੇ ਦੇਖ ਲਿਆ ਤਾ ਤੈਨੂੰ ਚੱਕ ਕੇ ਖੀਸੇ ਚ ਪਾਉੰਦੇ ਨੂੰ……
ਪਹਿਲਾੰ ਤਾੰ ਸਾੰਭ ਕੇ ਰੱਖੀਆੰ… ਫੇਰ ਵਿਆਹ ਤੋੰ ਬਾਅਦ ਘਰ ਆਲੀ੍ ਨੂੰ ਦੇ ਤੀਆੰ… ਦਿਨ ਸੁਦ ਨੂੰ ਪਾ ਲੈੰਦੀ ਤੀ…. ਜਦ ਮੈੰ ਕਹਿੰਦਾ ਤਾ ਪਾਉਣੇ ਨੂੰ…. ਫੇਰ ਹੌਲੀ ਹੌਲੀ ਘਸਕੇ ਪਾਟ ਗੀਆੰ … ਪਾਉਣੇ ਜੋਗੀਆੰ ਨੀ ਰਹੀਆੰ… ਸਿੱਟੀਆੰ ਤਾੰ ਨੀ… ਪਰ ਫੇਰ ਟਿੱਡੀਆੰ ਨੇ ਖਾ ਲੀਆੰ ਟਰੰਕ ਚ ਪਈਆੰ ਪਈਆੰ…..
ਤੇਰੇ ਆਹੀ ਸਿੱਧ ਪੁੱਧਰੇ ਬੋਲਾੰ ਨੇ ਦੂਰ ਹੋਕੇ ਵੀ ਦੂਰ ਨੀ ਹੋਣ ਦਿੱਤਾ ਤੇਰੇ ਤੋੰ ਹੁਣ ਤੱਕ ਤੁੱਕੇ…
ਦੀਪਿਕਾ ਨੇ ਅਪਣੇ ਦੋਨਾੰ ਹੱਥਾੰ ਚ ਮੇਰਾ ਸੱਜਾ ਹੱਥ ਘੁੱਟ ਕੇ ਫੜ ਲਿਆ ਤਾ…
ਤੁੱਕਿਆ !! ਜੇ ਕਿਤੇ ਤੇਰੀ ਕਿੱਕਰ ਛਾੰਮੇ ਈ ਬੈਠ ਲੈੰਦੀ ਦੋ ਘੜੀਆੰ… ਤੁੱਕਿਆੰ ਦੇ ਕਾੰਟੇ ਪਾ ਕੇ…..ਆਹ ਸੋਨੇ ਦੇ ਕਾੰਟਿਆੰ ਨੇ ਤਾੰ ਮੇਰੇ ਕੰਨ ਤੋੜਨੇ ਆਲੇ ਕਰਤੇ…..
ਤੂੰ ਹਾਮ੍ੀ ਤਾੰ ਭਰਦੀ ਜਰਾਬਾੰ ਆਲੀਏ… ਰੇਸ਼ਮੀ ਡੋਰੀਆੰ ਦੀ ਪੀੰਘ ਪਾ ਦਿੰਦਾ ਕਿੱਕਰ ਪਰ ਤੇਰੇ ਵਾਸਤੇ…ਕਿੱਕਰ ਨੂੰ ਵੀ ਪਤਾਸੇ ਲੱਗਿਆ ਕਰਨੇ ਤੇ ਫੇਰ ਤਾੰ …
ਅਸੀੰ ਦੋਏ ਜਣੇ ਇੱਕ ਪਲ ਲਈ ਮੁੜਕੇ ਫੇਰ ਰੋਪੜ ਕਾਲਜ ਦੀ ਕੰਟੀਨ ਆਲੇ ਅੰਬ ਥੱਲੇ ਜਾ ਖੜ੍ੇ ਤੇ ….
ਮੇਰਾ ਹੱਥ ਹਾਲੇ ਵੀ ਉਹਨੇ ਘੁੱਟਕੇ ਫੜਿਆ ਹੋਇਆ ਤਾ…
ਝਾੰਮੇ ਵਰਗਾ ਹੱਥ ਐ, ਜਰਾਬਾੰ ਆਲੀਏ !! ਦੇਖੀੰ ਕਿਤੇ ਤੇਰੇ ਹੱਥਾੰ ਪਰ …..
ਕਹਿੰਦਾ ਮੈੰ ਹੱਸ ਪਿਆ…
ਖਰਖਰੇ ਨਾਲੋੰ ਤਾੰ ਮਲਾਇਮੇੰ ਹੁੰਦੈ ਝਾੰਮਾ….
ਲੰਬਾ ਸਾਹ ਲੈੰਦਿਆੰ ਦੀਪਿਕਾ ਇੱਕੇ ਸ਼ਬਦ ਚ ਅਪਣੀ ਜਿੰਦਗੀ ਦੀ ਕਿਤਾਬ ਖੋਲ੍ ਕੇ ਦਿਖਾਅ ਚੱਲੀ ਤੀ….
ਫੇਰ ਹਸਦਿਆੰ ਮੇਰਾ ਹੱਥ ਛੱਡਕੇ ਅਲਵਿਦਾ ਕਹਿੰਦਿਆੰ ਉਹ ਗੇਟ ਵੱਲ ਨੂੰ ਤੁਰ ਪਈ,
ਅੰਦਰ ਵੜਨ ਤੋੰ ਪਹਿਲਾੰ ਮੁੜਕੇ ਦੇਖਿਆ ਤੇ ਉੱਚੀ ਦੇਣੇ ਬੋਲੀ…..
“”ਰੁਮਾਲ ਹੈਗਾ ਹਾਲੇ ਵੀ ਤੁੱਕੇ……
ਨਾੰ ਘਸਿਐ …… ਨਾੰ ਟਿੱਡੀਆੰ ਨੇ ਟੁੱਕਿਐ…
ਕਹਿਕੇ ਚਾੰਦੀ ਰੰਗੀ ਕੰਧ ਉਹਲੇ ਹੋ ਗਈ…
🌸🌺. 💐🌼. 🌷🌹
ਸੁਣਦੈੰ ਕਬੀਲਦਾਰਾ ….???
ਉ ਕਬੀਲਦਾਰਾ …… ਕੱਟ ਗਿਆ ਫੋਨ ……??
ਨਹੀੰ ਨਹੀੰ ਸੁਣੀ ਜਾਨੈ…. ਹਾੰ ਹਾੰ ਬੋਲ ….
ਬੱਸ ਫੇਰ ਕਬੀਲਦਾਰਾ … ਮੈੰ ਅਰ ਉਹ ਚਾੰਦੀ ਰੰਗੀ ਕੰਧ …ਕਿੰਨਾ ਈ ਚਿਰ ਇੱਕ ਦੂਜੇ ਕੰਨੀ ਦੇਖ ਦੇਖ ਮੁਸਕਰਾਉੰਦੇ ਰਹੇ….
ਮੈਨੂੰ ਤੁੱਕੇ ਖਾਣਾ ਅਪਣੀ ਕਿੱਕਰ ਥੱਲੇ ਬਾਗੋ ਬਾਗ ਹੋਇਆ ਬੈਠਾ ਦਿਖਾਈ ਦੇ ਰਿਹਾ ਸੀ, …ਉਹਦੇ ਪਿੱਛੇ ਕਿੱਕਰ ਦੇ ਉਪਰ ਦੀ ਬੁੜ੍ੀ ਮਾਈ ਦੀ ਸਤਰੰਗੀ ਪੀੰਘ ਪਈ ਹੋਈ ਸੀ…
ਦੂਰ ਰੋਪੜ ਥਰਮਲ ਦੀਆੰ ਚਿਮਨੀਆੰ ਚੋੰ ਯਾੰਦਾੰ ਦਾ ਸੁਰਮੇ ਰੰਗਾੰ ਧੂੰਆੰ ਮਹਿਕਾੰ ਛੱਡਦਾ ਉੱਠ ਰਿਹਾ ਸੀ……

ਨਵਾਂ ਕੋਟ

by admin December 11, 2018

ਐਤਕੀੰ ਦੇ ਸਿਆਲ ਆੰਉਦਿਆੰ ਈ ਠੰਢ ਤੋੰ ਬਚਣ ਲਈ ਨਵਾੰ ਕੋਟ ਲੈਣ ਦੀਆੰ ਸਲਾਹਾੰ ਕਰਦਾ ਸੋਚਾੰ ਚ ਪਿਆ ਹੋਇਆ ਸੀ …ਨਵਾੰ ਕੋਟ ਲੈ ਲਵਾੰ ਕਿ ਹਾਲੇ ਆਹ ਸਾਲ ਵੀ ਪੁਰਾਣੇ ਨਾਲ ਈ ਕੱਢ ਲਵਾੰ..ਜੋਤ ਮੁੜ ਮੁੜ ਕਹੀ ਜਾਵੇ,’ਹੁਣ ਤਾੰ ਲੈ ਲੈ ਚੱਜ ਦੇ ਕੱਪੜੇ ਦੋ ਚਾਰ!!ਡਾ: ਬਣ ਗਿਐੰ..ਰੋਜ਼ ਕਲੀਨਿਕ ਆਹ ਪੁਰਾਣਾ ਕੋਟ ਪਾ ਕੇ ਜਾਇਆ ਕਰੇੰਗਾ?? ਬਜ਼ਾਰਾੰ ਚ ਸਿਆਲੂ ਮੋਟੇ ਕੋਟ ,ਕੋਟੀਆੰ ,ਸਵੈਟਰ ਪਹੁੰਚ ਗਏ ਸੀ ਟੌਮੀ ਪੋਲੋ ਸੀ ਕੇ ਤੇ ਹੋਰ ਕਈ ਜਿੰਨਾੰ ਦੇ ਪਹਿਲਾੰ ਕਦੇ ਨਾੰਉ ਵੀ ਨੀ ਸੀ ਸੁਣੇ,ਨਾਮੀ ਗਰਾਮੀ ਕੰਪਨੀਆੰ ਦੇ ਨਵੇੰ ਨਵੇੰ ਡਿਜ਼ਾਇਨਾ ਵਾਲੇ ਕੋਟ ਸਵੈਟਰ ਸਜੇ ਪਏ ਸੀ ਪਰ ਇਹਨਾੰ ਚੋੰ ਬਹੁਤਿਆੰ ਦੇ ਮੁੱਲ ਵਾਲੀ ਪਰਚੀ ਪੜ੍ ਕੇ ਕੋਟ ਦੇ ਕੱਪੜੇ ਚੋੰ ਤੱਤਾ ਤੱਤਾ ਸੇਕ ਮਾਰਨ ਲਗਦਾ, ਪਰ ਫੋਲਾ ਫਾਲੀ ਕਰਦਿਆੰ ਇੱਕ ਦਰਮਿਆੰਨਾੰ ਜਿਹਾ ਕੋਟ ਚੁੱਕ ਕੇ ਪਾ ਕੇ ਦੇਖਿਆ ਤੇ ਦੁਕਾੰਨ ਚ ਲੱਗੇ ਸ਼ੀਸ਼ੇ ਅੱਗੇ ਖੜ੍ਕ ਕੇ ਬਟਣ ਬੰਦ ਕਰਕੇ ਸੱਜੇ ਖੱਬੇ ਘੁੰਮਦਿਆੰ ਪਸੰਦ ਕਰਕੇ ਖਰੀਦ ਲਿਆੰਦਾ ਦਿਨਾੰ ਚ ਹੀ ਚੰਗੀ ਠੰਢ ਉਤਰ ਆਈ ,ਬਰਫ ਦੇ ਢੇਰ ਲੱਗ ਗਏ ।

ਹੁਣ ਰੋਜ਼ ਸਵੇਰੇ ਜਦ ਕੰਮ ਤੇ ਜਾਣ ਲੱਗਿਆ ਇਹ ਨਮਾੰ ਕੋਟ ਪਾਉਨੈੰ ਤਾੰ 30 ਸਾਲ ਪਹਿਲਾੰ ਲੁਧਿਆਣੇ ਘੰਟਾਘਰ ਕੋਲ ਬੈਠੇ ਨਿਪਾਲੀਆੰ ਤੋੰ ਬਾਬੇ ਦਾ ਲੈਕੇ ਦਿੱਤਾ ਭੂਰੇ ਰੰਗ ਦਾ ਕੋਟ ਚੇਤੇ ਆ ਜਾੰਦੈ…..ਬੜਾ ਨਿੱਘਾ ਕੋਟ ਸੀ, ਲੋਹੜੀ ਵੇਲੇ ਦੇ ਧੁੰਦਾੰ ਵਾਲੇ ਦਿਨਾੰ ਚ ਵੀ ਠੰਢ ਨੀ ਸੀ ਲੱਗਣ ਦਿੰਦਾ ਸ਼ਾਇਦ ਪਹਿਲਾੰ ਕਿਸੇ ਹੋਰ ਠੰਢੇ ਮੁਲਕ ਚ ਵਰਤ ਹੋ ਫਿਰ ਇਧਰ ਮੇਰੇ ਭਾਗਾੰ ਦਾ ਨਿੱਘ ਲੈਕੇ ਆਇਆ ਸੀ ਪਹਿਲੇ 2-3 ਸਿਆਲ੍ ਤਾੰ ਵਧੀਆ ਕੱਢ ਗਿਆ,ਅਗਲੇ ਸਾਲ ਨੂੰ ਕੂਹਣੀਆੰ ਤੋੰ ਘਸਣ ਲੱਗ ਗਿਆ ਸੀ, ਗੁੱਟਾੰ ਕੋਲੋੰ ਵੀ ਢਿੱਲਾ ਹੋ ਗਿਆ , ਜੇਬ੍ਾੰ ਤੋੰ ਪਾਟ ਚੱਲਿਆ ਸੀ ਮਾਤਾ ਨੇ ਪਾਟਿਆ ਸਿਉੰ ਕੇ ਘਸੇ ਹੋਏ ਤੇ ਮੋਟੇ ਕੱਪੜੇ ਦੀਆੰ ਟਾਕੀਆੰ ਲਾ ਫੇਰ ਵਧੀਆ ਪਾਉਣ ਜੋਗਾ ਕਰ ਦਿੱਤਾ ਥੋੜਾ ਜਿਹਾ ਉੱਚਾ ਤਾੰ ਹੋ ਚੱਲਿਆ ਸੀ ਪਰ ਦੋ ਸਿਆਲ ਹੋਰ ਕੱਢ ਗਿਆ ਉਹਤੋੰ ਅਗਲੇ ਸਾਲ ਮੈੰ ਤੇ ਮੇਰੇ ਬੇਲੀ ਤਾਰੀ ਨੇ ਮਾਘੀ ਦੇ ਮੇਲੇ ਤਖਤੂਪੁਰੇ ਨੂੰ ਜਾੰਣ ਦੀ ਤਿਆਰੀ ਖਿੱਚਦਿਆੰ ਜਦ ਮੈੰ ਟਰੰਕ ਚੋੰ ਕੋਟ ਕੱਢ ਕੇ ਪਾਇਆ ਤਾੰ ਬਾਹਾੰ ਉਚੀਆੰ ਹੋ ਗਈਆੰ ਤੇ ੳਧਰੋੰ ਮਸੀੰ ਖਿੱਚ ਖੁੱਚ ਕੇ ਧੁੰਨੀ ਢਕੀ… ਐਧਰ ਤਾਰੀ ਦੀ ਕੋਟੀ ਨੂੰ ਵੀ ਟਿੱਡੀਆੰ ਟੁੱਕ ਗੀਆੰ ਸੀ ਮੈੰ ਤਾਰੀ ਨੂੰ ਪਾਟੀ ਕੋਟੀ ਨੂੰ ਕੁੜਤੇ ਦੇ ਹੇਠਾੰ ਦੀ ਪਾਉਣ ਦੇ ਜੁਗਾੜ ਕਰਦੇ ਨੂੰ ਰੋਕ ਕੇ ਆਪਣਾ ਉੱਚਾ ਕੋਟ ਫੜਾਉੰਦਿਆੰ ਕਿਹਾ,” ਤਾਰੀ..ਆਹ ਦੇਖੀੰ ਤਾੰ ਪਾਕੇ , ਤੇਰੇ ਆਜੂ ਮੇਚ !! ਮੱਧਰੇ ਕੱਦ ਦਾ ਤਾਰੀ ਐਨ੍ ਮੇਚ ਦਾ ਕੋਟ ਪਾਕੇ ਬਾਬੂ ਬਣਿਆੰ ਖੜ੍ਾ ਸੀ ਨਾਲੇ ਸੰਗਦੇ ਦਾ ਹਾਸਾ ਵੀ ਨੀ ਸੀ ਰੁਕ ਰਿਹਾ ਆਹ ਤਾੰ ਗੱਲ ਬਣਗੀ ਬਾਈ ..ਮੇਲਾ ਦੇਖਣ ਦਾ ਸੁਆਦ ਆਜੂ ਪਰ ਬਾਈ ਤੂੰ ??? ਬਾਗੋ ਬਾਗ ਹੁੰਦੇ ਤਾਰੀ ਨੂੰ ਮੇਰਾ ਫਿਕਰ ਪੈ ਚੱਲਿਆ ਸੀ ਤਾਰੀ ਆਲਾ ਜੁਗਾੜ ਹੁਣ ਮੈੰ ਕਰ ਲਿਆ ਸੀ ਠੀਕ ਐ ਬਾਈ … ਅੱਜ ਸਾਰੇ ਰਾਹ ਸੈਕਲ ਹੁਣ ਮੈੰ ਈ ਚਲਾਉੰ। ਲੰਬੇ ਕੁੜਤੇ ਦੇ ਹੇਠਾੰ ਦੀ ਤਾਰੀ ਆਲੀ ਪਾਟੀ ਕੋਟੀ ਪਾਕੇ ਉੱਤੋੰ ਦੀ ਚਿੱਤਮ ਚਿੱਤੀ ਖੇਸੀ ਦੀ ਬੁੱਕਲ ਮਾਰਕੇ ਹੌਲੀ ਤੋਰਦੇ ਤਾਰੀ ਦੇ ਸੈਕਲ ਮਗਰ ਮਾੜਾ ਜਿਹਾ ਭੱਜ ਕੇ ਹੁਝਕਾ ਜਿਹਾ ਮਾਰਦਿਆੰ ਮੈੰ ਬੈਠ ਗਿਆ ਅਤੇ ਕੋਟ ਤੇ ਮੇਲੇ ਦੇ ਚਾਅ ਚ ਤਾਰੀ ਨੇ ਸੈਕਲ ਦਾ ਬੰਬੂਕਾਟ ਬਣਾਅ ਦਿੱਤਾ।

ਲੰਘੇ ਸਮੇ ਨਾਲ ਬਹੁਤ ਕੁਛ ਬਦਲ ਗਿਆ ਪਰ ਅੱਜ ਆਹ ਪੋਲੋ ਦਾ ਕੋਟ ਵੀ ਉਹ ਟਾਕੀਆੰ ਵਾਲੇ ਕੋਟ ਤੇ ਖੇਸੀ ਜਿੰਨਾੰ ਨਿੱਘ ਨੀ ਦਿੰਦਾ ਹੁਣ ਸ਼ਾਇਦ ਮਨ ਤੇ ਲੱਗੀਆੰ ਫਿਕਰਾੰ ਦੀਆੰ ਟਾਕੀਆੰ ਚੋੰ ਠੰਢ ਅੰਦਰ ਨੂੰ ਸਿਮਦੀ ਰਹਿੰਦੀ ਐ… ਬਾਹਰਲਾ ਮਨ ਆਖਦੈ …ਵਈ ਪਛਾਣ ਕਿੱਥੋੰ ਹੁੰਦੀ ਐ ਇਨਸਾਨ ਦੀ ???? ਹੁਣ ਤਾੰ ਕੱਪੜੇ,ਕਾਰਾੰ,ਜੁੱਤੀਆੰ ਈ ਔਕਾਤ ਤੈਅ ਕਰਦੀਆੰ ਨੇ ਬੰਦੇ ਦੀ…… ,”ਬੋਰੀ ਤੇ ਬੈਠਦੇ ਨੂੰ ਪੀਹੜੀ ਮਿਲ ਗਈ ਰੱਬ ਦਾ ਸ਼ੁਕਰ ਕਰਿਆ ਕਰ .. ਨਮਾਰੀ ਪਲੰਘਾੰ ਤੇ ਚੜਨ੍ਾੰ ਬਹੁਤ ਔਖੇ ਤੇ ਮੁੜਕੇ ਧਰਤੀ ਤੇ ਪੈਰ ਰੱਖਣ ਨੂੰ ਤਰਸੇੰਗਾ.. ਹੈਸੀਅਤ ਵਾਲੀ ਬਾੰਸ ਦੀ ਚਾਰ ਕੁ ਡੰਡਿਆੰ ਵਾਲੀ ਪੌੜੀ ਈ ਠੀਕ ਰਹੂ ਤੈਨੂੰ…ਸੰਗਮਰਮਰ ਦੀਆੰ ਉੱਚੀਆੰ ਪੌੜੀਆੰ ਤੋੰ ਤਿਲਕ੍ ਗਿਆ ਤਾੰ ਮੁੜਕੇ ਉੱਠ ਨੀ ਹੋਣਾ……

ਇਉੰ ਅੰਦਰਲਾ ਬਾਈ ਬਾਹਰਲੇ ਮਨ ਨੂੰ ਸ਼ੀਸ਼ਾ ਦਿਖਾੰਉਦੈ ਤੇ ਬਾਹਰਲਾ ਦੇਖਣਾ ਨੀ ਚਾਹੁੰਦਾ

***ਅਪਨਾ ਚਿਹਰਾ ਨਾੰ ਬਦਲਾ ਗਿਆ…

ਆਇਨੇ ਪੇ ਖ਼ਫਾ ਹੋ ਗਏ******

ਪਤਲੀ ਨਿੱਬ ਵਾਲਾ ਪਾਈਲਟ ਦਾ ਪੈੱਨ

by admin December 10, 2018

ਉੱਚੀ ਪੜ੍ਹਾਈ ਦੇ ਕੋਰਸ ਚ ਦਾਖਲਾ ਮਿਲਿਆ ਤੇ ਪਹਿਲੀ ਵਾਰੀ ਘਰੋੰ ਬਾਹਰ ਹੋਸਟਲ ਚ ਜਾਕੇ ਰਹਿਣਾ ਸੀ , ਬਾਪੂ ਨੂੰ ਪੁੱਛਕੇ ਜਗਰਾਵਾੰ ਦੇ ਲੱਡੂ ਟੇਲਰ ਤੋੰ 3 ਪੈੰਟਾੰ ਤੇ 3 ਝੱਗੇ ਨਮੇ ਡਿਜ਼ਾਇਨ ਦੇ ਸੰਵਾਅ ਲਏ… ਕੋਰਸ ਸ਼ੁਰੂ ਹੋਣ ਤੋੰ 3-4 ਦਿਨ ਪਹਿਲਾੰ ਈ ਮੈੰ ਤੇ ਬਾਪੂ ਦੱਖਣੀ ਭਾਰਤ ਦੇ ਵੱਡੇ ਸ਼ਹਿਰ ਪਹੁੰਚ ਗਏ , ਦੱਖਣ ਚ ਆਰਜ਼ੀ ਬਜ਼ਾਰ ਮੇਲਿਆੰ ਵਾੰਗੂ ਲਗਦੇ ਨੇ , ਹਰ ਕਿਸਮ ਦੀਆੰ ਚੀਜ਼ਾੰ ਸਸਤੀਆੰ ਮਿਲ ਜਾੰਦੀਆੰ ਨੇ , ਅਸੀੰ ਵੀ ਇੱਕ ਮੇਲੇ ਚ ਵੜ ਗਏ , ਰੰਗ ਬਿਰੰਗੀਆੰ ਰੈਡੀਮੇਡ ਪੈੰਟਾੰ ਕਮੀਜ਼ਾੰ ਪਹਿਲੀ ਵਾਰ ਥੋਕ ਚ ਪਈਆੰਦੇਖੀਆੰ , 35 ਰੁ: ਤੋੰ ਲੈਕੇ 50 ਰੁ: ਦਾ ਝੱਗਾ , ਸੌ ,ਸਵਾ ਸੌ ਤੱਕ ਦੀਆੰ ਪੈੰਟਾੰ .. 150 ਰੁ: ਨੂੰ ਜ਼ੀਨ ਦੀਆੰ ਪੈੰਟਾੰ ਦੇਖਕੇ ਬਾਪੂ ਆਖਣ ਲੱਗਿਆ,” ਮੱਲਾ ! ਐਹੇਜੀ ਪੈੰਟ ਵੀ ਲੈ ਲੈੰਦਾ ਇੱਕ , ਧੋਣ ਧੂਣ ਦੀ ਸੌਖ ਰਹੂ , ਚੰਗਾ ਟੈਮ ਲੰਘ ਜਿਆ ਕਰੂ ” ਪਰ ਮੇਰੀ ਹਿੰਮਤ ਨਾੰ ਪਈ , ਨਵੀੰ ਚੀਜ਼ ਸੀ, ਕਦੇ ਪਾਈ ਨੀ ਸੀ , ਕੋਈ ਨੀ ਬਾਪੂ ! ਰੁਕ ਜਾ , ਹੋਰ ਦੇਖ ਲੀਏ ਮੇਲਾ ਹਾਲੇ…. ਨਾਲੇ ਮੈਨੂੰ ਬਾਪੂ ਦੀ ਜ਼ੇਬ੍ ਦਾ ਵੀ ਪਤਾ ਸੀ .. ਦੇਖਦੇ ਦੇਖਦੇ ਇੱਕ ਦੁਕਾੰਨ ਤੇ ਬਾਪੂ ਪੈੱਨ ਦੇਖਣ ਲੱਗ ਪਿਆ , ਪੁਰਾਣੇ ਜ਼ਮਾਨੇ ਦੀਆੰ 12 ਜਮਾਤਾੰ ਪਾਸ ਬਾਪੂ ਭਾੰਤ ਭਾੰਤ ਦੇ ਪੈੱਨ ਰੱਖਣ ਦਾ ਸ਼ੁਕੀਨ ਸੀ , ਕੁੜਤੇ ਦੀ ਜੇਬ੍ ਨੂੰ ਹਮੇਸ਼ਾੰ ਪੈੰਨ ਲਾਕੇ ਰੱਖਦਾ …. ਸੂਈ ਦੇ ਨੱਕੇ ਵਰਗੀ ਪਤਲੀ ਨਿੱਬ ਵਾਲਾ ਪਾਈਲਟ ਦਾ ਪੈੱਨ ਪਹਿਲੀ ਵਾਰੀ ਦੇਖਕੇ ਮੈੰ ਤੇ ਬਾਪੂ ਹੈਰਾਨ ਰਹਿ ਗਏ , ਲਿਖਕੇ ਦੇਖਿਆ, ਮਾੜਾ ਜਿਹਾ ਹੱਥ ਲਾਇਆੰ ਈ ਪੈੰਨ ਕਾਗਜ਼ ਉੱਤੇ ਭੱਜ ਤੁਰਿਆ, ਅੰਗਰੇਜ਼ੀ ਚ ਅਪਣੇ ਦਸਖ਼ਤ ਕਰਕੇ ਦੇਖਦੇ ਬਾਪੂ ਦਾ ਹਾਸਾ ਨੀ ਸੀ ਰੁਕਦਾ , ਮੁੱਲ ਪੁੱਛਿਆ .. 20 ਰੁ: .. ਜੱਕਾੰ ਤੱਕਾੰ ਕਰਦੇ ਦੇਖਕੇ ਦੁਕਾੰਨਦਾਰ ਬੋਲਿਆ,”ਏਟੀਨ ਰੂਪੀਸ.. ਲਾਸਟ ਪਰਾਈਸ….ਸਧਰਾੰ ਨਾਲ ਵਾਰ ਵਾਰ ਪੈੱਨ ਨੂੰ ਦੇਖਦਾ ਬਾਪੂ ਫਿੱਕਾ ਜਿਹਾ ਹਸਦਿਆੰ ਪੈੱਨ ਵਾਪਸ ਰੱਖਕੇ ਦੁਕਾਨਦਾਰ ਦਾ ਧੰਨਵਾਦ ਕਰਦਿਆੰ ਮੇਰਾ ਹੱਥ ਫੜਕੇ ਦੁਕਾਨ ਤੋੰ ਬਾਹਰ ਆ ਗਿਆ .. ਬਾਪੂ ! ਵਧੀਆ ਪੈੱਨ ਸੀ !! ਤੇਰੇ ਰੱਖਣ ਦਾ .. ਲੈ ਲੈੰਦਾ !! ਕੋਈ ਨੀ ਮੱਲਾ , ਫੇਰ ਲੈਲੂੰਗਾ , ਹਾਲੇ ਪੈੱਨ ਨਾਲੋੰ ਤੇਰੀ ਉਹ ਮੋਟੀ ਜੀਨ ਵਾਲੀ ਪੈੰਟ ਜਰੂਰੀ ਐ , ਨਾਲੇ ਝੱਗਾ ਲੈ ਲੈ ਹੋਰ ਇੱਕ , ਪਰਦੇਸ ਦਾ ਮਾਮਲੈ, ਸ਼ਹਿਰੀ ਮੁੰਡਿਆੰ ਚ ਰਹਿਣੈ ਹੁਣ ਤੂੰ!!! ਬਦਲੇ ਸਮੇੰ ਨਾਲ ਸਾਡੇ ਵੀ ਦਿਨ ਫਿਰਗੇ , ਵਧੀਆ ਪੈੱਨ ਰੱਖਣ ਦਾ ਬਾਪੂ ਦਾ ਸ਼ੌੰਕ ਜਿਉੰ ਦਾ ਤਿਉੰ ਐ , ਹੁਣ ਬਾਪੂ ਦੀ ਅਲਮਾਰੀ ਚ ਦੁਨਿਆੰ ਭਰ ਦੇ ਘੈੰਟ ਤੋੰ ਘੈੰਟ ਪੈੱਨ ਪਏ ਨੇ .. ਪਰ 25 ਸਾਲ ਪਹਿਲਾੰ ਪਾਇਲਟ ਦੇ ਪੈੱਨ ਨੂੰ ਸਧਰਾੰ ਨਾਲ ਦੇਖਦਾ ਬਾਪੂ ਦਾ ਚਿਹਰਾ ਮੈੰਨੂੰ ਹਾਲੇ ਤੱਕ ਨੀ ਭੁੱਲਿਆ …..

ਅਸਲ ਗਰੀਬ ਕੌਣ

by admin November 28, 2018

ਮੈਂ ਰੋਜ਼ ਸਵੇਰੇ ਦੁੱਧ ਆਲੀ ਡੇਅਰੀ ਜਾਨਾ ਅਤੇ 1-2 ਦਿਨ ਛੱਡਕੇ ਅਕਸਰ ਇੱਕ ਬਜ਼ੁਰਗ ਬਾਬਾ ਦੁੱਧ ਲੈਣ ਆਉਦਾ। ਸਾਰੇ ਉਸਨੂੰ ਫੌਜ਼ੀ ਬਾਬਾ ਕੈਂਦੇ ਨੇਂ। ਉਸਦੇ ਕਰੀਮ ਰੰਗ ਦਾ ਫਟਿਆ-ਪੁਰਾਣਾ ਕੁੜਤਾ ਹੁੰਦਾ ਅਤੇ ਸਿਰ ਤੇ ਮੈਲੀ ਜਿਹੀ ਨੀਲੀ ਪੱਗ। ਉਸਦਾ ਬਿਲਕੁਲ ਹੀ ਗਰੀਬ ਪਰਿਵਾਰ ਆ, ਜਿਸ ‘ਚ ਇੱਕ ਉਸਦੀ ਘਰ-ਵਾਲੀ ਅਤੇ ਦੋ ਉਸਦੇ ਮੁੰਡੇਂ ਸੀ ਜਿਨ੍ਹਾਂ ‘ਚੋੰ ਇੱਕ ਫੌਜ਼ ‘ਚ ਸ਼ਹੀਦ ਹੋ ਗਿਆ ਅਤੇ ਦੂਜਾ ਜੋ ਦਿਮਾਗੀ ਤੌਰ ਤੇ ਠੀਕ ਨਹੀਂ। ਉਸਨੇਂ ਆਕੇ ਡੇਅਰੀ ਆਲੇ ਨੂੰ ਬੋਲਣਾਂ “ਕਾਲੇ 10 ਰਪੱਈਏ ਦਾ ਦੁੱਧ ਪਾਦੇ ਸ਼ੇਰਾ” ਅਤੇ ਕਾਲਾ ਬਾਬੇ ਨੂੰ ਅੱਧਾ ਗਲਾਸ ਦੁੱਧ ਪਾ ਦਿੰਦਾ। ਮੈਂ ਹਮੇਸ਼ਾ ਸੋਚਦਾ ਸੀ ਕਿ ਤਿੰਨ ਜਣੇਂ ਨੇਂ ਘਰੇ ਅਤੇ ਅੱਧੇ ਗਲਾਸ ਦੁੱਧ ਨਾਲ ਕਿਵੇਂ ਸਰਦਾ ਹੋਣਾਂ। ਇੱਕ ਦਿਨ ਮੈਂ ਪੁੱਛ ਲਿਆ, ਬਾਬਾ ਜੀ ਤੁਹਾਨੂੰ 10 ਰੁ: ਦੇ ਦੁੱਧ ਨਾਲ ਕਿਵੇਂ ਸਰਦਾ ?…ਕੈਂਦਾ , “ਪੁੱਤ ਘਰੇ ਕਮਾਉਣ ਵਾਲਾ ਤਾਂ ਹੈਨੀਂ ਕੋਈ, ਆਹੀ ਦੁੱਧ ਨਾਲ ਦਿਨ ‘ਚ ਇੱਕ ਵਾਰੀ ਚਾਹ ਬਣ ਜਾਂਦੀ ਆ ਅਤੇ ਸਾਰਾ ਦੁੱਧ ਦੋ ਦਿਨ ਚਲ ਜਾਂਦਾ”। 90 ਸਾਲਾ ਬਾਬਾ ਹੱਸਕੇ ਦੱਸ ਰਿਹਾ ਸੀ ਕਿ ਮੈਂ ਖੁਸ਼ ਆਂ ਅਤੇ ਕਿਸੇ ਦਾ ਕੁਝ ਨਹੀਂ ਦੇਣਾ ਬਸ। ਬਾਬੇ ਦਾ ਹੌਂਸਲਾ ਦੇਖਕੇ ਰੂਹ ਖੁਸ਼ ਹੋ ਗਈ ਅਤੇ ਮੈਂ ਕਾਲੇ ਨੂੰ ਕਿਹਾ ਕਿ ਜੇ ਕਿਸੇ ਦਿਨ ਬਾਬੇ ਕੋਲ ਦੁੱਧ ਲਈ ਪੈਸੇ ਨਾ ਹੋਏ ਤਾਂ ਉਹ ਦੁੱਧ ਪਾ ਦਵੇ ਅਤੇ ਪੈਸੇ ਮੇਰੇ ਤੋਂ ਲੈ ਲਵੇ।

ਹੁਣ ਦੂਜੇ ਪਾਸੇ ਅਪਣੇ ਹਾਲਤਾ ਦੇਖਲੋ ਜ਼ਰਾ ਕੁ, ਬਿਨ੍ਹਾਂ ਕਿਸੇ ਗੱਲ ਤੋਂ ‘ਹਾਏ ਮਰਗੇ-ਹਾਏ ਮਰਗੇ’ ਲਾਈ ਰੱਖਦੇ ਹਾਂ। ਕਿਸੇ ਨੂੰ ਕੁੜੀ/ ਮੁੰਡਾ ਛੱਡ ਗਏ ਤਾਂ ਮਰਗੇ, ਕਿਸੇ ਨੇਂ ਪਰਪੋਜ਼ ਅਕਸੈਪਟ ਨਹੀਂ ਕੀਤਾ ਤਾਂ ਫਾਹਾ ਲੈ ਲਿਆ। ਗਰੀਬ ਤਾਂ ਦੁਖੀ ਹੋਵੇ ਠੀਕ ਆ ਪਰ ਜਿਸ ਕੋਲ ਜਿਆਦਾ ਪੈਸਾ ਉਹ ਤਾਂ ਵੀ ਦੁਖੀ ਆ। ਆਪਾਂ ਕਿਨ੍ਹਾਂ ਹਲਕਾ ਲੈ ਲਿਆ ਹਨਾ ਜ਼ਿੰਦਗੀ ਨੂੰ, ਕਿਵੇਂ ਨਿੱਕੀਆਂ ਗੱਲਾਂ ਬੰਦੇਂ ਦੀ ਮੌਤ ਦਾ ਕਾਰਨ ਬਣ ਜਾਂਦੀਆ ਨੇਂ। ਕੋਈ ਛੋਟੀ ਜਿਹੀ ਗੱਲ ਤੇ ਭੜਕ ਜਾਂਦੇ ਹਾਂ ਅਤੇ ਅਪਣੇ ਆਪ ਨੂੰ ਖਤਮ ਸਮਝਦੇ ਹਾਂ। ਅਪਣੇ ‘ਚ ਘੁਮੰਡ ਬਹੁਤ ਵਧ ਗਿਆ ਜਿਸ ਕਾਰਨ ਕੁਝ ਸਹਿ ਨਹੀਂ ਸਕਦੇ। ਕਿਸੇ ਨੂੰ ਅਪਣੇ ਰੂਪ ਦਾ ਮਾਣ ਕਿਸੇ ਨੂੰ ਅਮੀਰੀ ਦਾ। ਪਰ ਕੀ ਫਾਇਦਾ ਜੇ ਮਾੜੇ ਟੈਮ ਨੂੰ ਫੇਸ ਕਰਨ ਹੀ ਹਿੰਮਤ ਨਹੀਂ।…”ਜ਼ਿੰਦਗੀ ਜੀਣੀਂ ਏ ਤਾਂ ਕਦੇ ਵੀ ਖੁਦ ਨੂੰ ‘Money, People, Past’ ਇਹ ਤਿੰਨ ਚੀਜ਼ਾ ਦੇ ਹੱਥਾਂ ‘ਚ ਕੰਟਰੋਲ ਨਾ ਹੋਣ ਦਵੋ”…ਬਾਬੇ ਦੀ ਹਿੰਮਤੀ ਅਮੀਰੀ ਦੇਖਕੇ ਮੈਂ ਸਮਝ ਗਿਆ ਕਿ ਗਰੀਬ ਬਾਬਾ ਨਹੀਂ ‘ਅਸਲ ਗਰੀਬ’ ਤਾਂ ਆਪਾ ਲੋਕ ਹਾਂ ਜਿਨ੍ਹਾਂ ਕੋਲ ਸਭ ਕੁਝ ਹੁੰਦੇ ਹੋਏ ਵੀ ਕੁਝ ਨਹੀਂ। “ਹਾਂ ਮੈਂ ਗਰੀਬ ਹਾਂ ਅਤੇ ਤੁਸੀਂ ਸਾਰੇ ਗਰੀਬ ਹੋ ਜੇਕਰ ਤੁਹਾਡੇ ‘ਚ ਜ਼ਿੰਦਗੀ ਦੀਆਂ ਮੁਸੀਬਤਾਂ ਦੇ ਸਿਰ ‘ਤੇ ਚੜ੍ਹਕੇ ਜੀਣ ਦਾ ਹੌਸਲਾ ਨਹੀਂ।

ਪੜ੍ਹਨ ਦੀ ਕੋਈ ਉਮਰ ਨਹੀਂ

by admin November 16, 2018

ਅੱਜ ਮੈਨੂੰ ਇੱਕ ਔਰਤ ਦੇ ਮਾਨ ਹੈ ਜੋ ਮੇਰੀ ਭੈਣ ਹੈ। 19 ਸਾਲ ਦੀ ਅਲ੍ਹੜ ਉਮਰ ਸੀ …ਜਦੋਂ ਉਸਦਾ ਵਿਆਹ ਹੋ ਗਿਆ। ਉਸ ਨੂੰ ਇਹ ਵੀ ਚੰਗੀ ਤਰ੍ਹਾਂ ਨਹੀਂ ਪਤਾ ਕਿ ਵਿਆਹ ਹੁੰਦਾ ਕੀ ਹੈ? ਮੁੰਡੇ ਵਾਲਿਆਂ ਨੇ ਕਿਹਾ ਕਿ ਨਵਦੀਪ ਤੁਸੀਂ ਪੜਾਈ ਛੱਡ ਦਵੋ, ਬਿਨਾਂ ਕਿਸੇ ਗੱਲ ਦਾ ਜਵਾਬ ਦੇਂਦੇ ਹੋਏ ਭੋਲੀ ਜਿਹੀ ਭੈਣ ਨੇ ਕਹਿ ਦਿੱਤਾ ‘ਹਾਂਜੀ ਠੀਕ ਆ ਜੀ’। ਉਸ ਜਵਾਕੜੀ ਨੂੰ ਵਿਆਹ ਦਾ ਇੰਨਾ ਚਾਅ ਸੀ ਜਿਵੇਂ ਕਿਸੇ ਛੋਟੇ ਬੱਚੇ ਨੂੰ ਨਵੇਂ ਲਿਆਂਦੇ ਖਿਡੌਣੇ ਦਾ ਹੋਵੇ। ਚਲੋ ਜਿਵੇਂ ਤਿਵੇਂ ਵਿਆਹ ਹੋ ਗਿਆ। ਕਿਤੇ ਨਾ ਕਿਤੇ ਵਿਆਹ ਤਾਂ ਕਰ ਬੈਠੀ ਸੀ ਉਹ ਮਾਸੂਮ ਜਿਹੀ ਪਰ ਇਹ ਨਹੀਂ ਜਾਣਦੀ ਸੀ ਕਿ ਜਿੰਮੇਵਾਰੀਆਂ ਭਾਰੀਆਂ ਪੈ ਗਈਆਂ ਨੇ। ਹਰ ਵੇਲੇ ਬਸ ਸਾਰਿਆਂ ਨੂੰ ਖੁਸ਼ ਕਰਨ ਚ ਹੀ ਰਹਿੰਦੀ, ਕਦੀ ਕਿਸੇ ਨੂੰ ਮਨਾ ਲਿਆ ਤੇ ਕਦੀ ਕਿਸੇ ਨੂੰ। ਆਪਣੀ ਖੁਸ਼ੀ ਨੂੰ ਤਾਂ ਜਿਵੇਂ ਭੁੱਲ ਹੀ ਗਈ ਹੋਵੇ ਮੇਰੀ ਭੈਣ। ਇੱਕ ਸਾਲ ਬਾਅਦ ਓਹਦੇ ਘਰੇ ਇੱਕ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ। ਭਾਵ 20 ਸਾਲਾਂ ਦੀ ਉਮਰ ਚ ਉਹ ਮਾਂ ਬਣ ਗਈ। …ਜਦੋਂ ਕਿ 20 ਸਾਲਾਂ ਚ ਹਾਲੇ ਕੁੜੀਆਂ ਕਰੀਅਰ ਨੂੰ ਅੱਗੇ ਵਧਾਉਣ ਦਾ ਹੀ ਸੋਚ ਰਹੀਆਂ ਹੁੰਦੀਆਂ ਹਨ। ਪਰ ਉਸ ਨੇ ਕਦੀ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਮਨਾਇਆ ਤੇ ਆਪਣੇ ਮਾਸੂਮ ਚੇਹਰੇ ਤੇ ਹਮੇਸ਼ਾ ਇੱਕ ਮਿੱਠਾ ਜਿਹਾ ਪਤਾਸੇ ਵਰਗਾ ਹਾਸਾ ਬਣਾਈ ਰੱਖਿਆ। ਹੋਰ 4-5 ਸਾਲ ਬੀਤ ਗਏ, ਭੈਣ ਦੇ ਘਰੇ ਦੋ ਹੋਰ ਬੱਚਿਆਂ ਨੇ ਜਨਮ ਲਿਆ… ਇੱਕ ਧੀ ਤੇ ਇੱਕ ਪੁੱਤਰ। ਸਭ ਨੂੰ ਲਗਣ ਲੱਗਾ ਕਿ ਬੱਸ ਹੁਣ ਤਾਂ ਇਹ ਸਿਰਫ ਘਰ ਜੋਗੀ ਹੀ ਰਹਿ ਕੇ ਰਹਿ ਗਈ। ਹਰ ਕਿਸੇ ਨੇ ਉਸ ਨੂੰ ਹਮੇਸ਼ਾ ਨੀਵਾਂ ਹੀ ਦਿਖਾਇਆ, ਕਿ ਇਹਨੂੰ ਕੁੱਝ ਨਹੀਂ ਆਉਂਦਾ ਨਾ ਤਾਂ ਇਸ ਨੂੰ ਐਕਟਿਵਾ ਚਲਾਉਣੀ ਆਉਂਦੀ, ਨਾ ਇਹ ਇੰਨੀ ਪੜੀ ਲਿੱਖੀ ਹੈ।

ਅਚਾਨਕ ਇੱਕ ਦਿਨ ਅਸੀਂ ਇਕੱਠੀਆਂ ਬੈਠੀਆਂ ਅਤੇ ਥੋੜਾ ਜਿਹਾ ਘਬਰਾਉਂਦੇ ਹੋਏ, ਅੱਖਾਂ ਥਲੇ ਕਰਦੇ ਹੋਏ ਭੈਣ ਨੇ ਕਿਹਾ.. ਹੀਨਾ, ਇੱਕ ਗੱਲ ਕਹਾਂ….”ਮੈਂ ਪੜਨਾ ਚਾਹੁੰਦੀ ਹਾਂ, ਮੈਂ ਬੀਏ ਦੁਬਾਰਾ ਕਰਨਾ ਚਾਹੁੰਦੀ ਹਾਂ” ….ਤੇ ਫੇਰ ਰੌਣ ਲੱਗ ਗਈ। ਕਹਿੰਦੀ ਹੀਨਾ ਮੈਂ ਕਿਵੇਂ ਕਰੂੰਗੀ।..ਮੈਨੂੰ ਤਾਂ ਦੱਸ ਸਾਲ ਹੋ ਗਏ ਪੜ੍ਹਾਈ ਛੱਡੇ ਨੂੰ। ਮੈਂ ਹੱਸ ਕੇ ਕਿਹਾ “ਮੇਰੀ ਸ਼ੇਰਨੀ ਭੈਣ ਕੁੱਝ ਵੀ ਕਰ ਸਕਦੀ ਹੈ” ਅੰਦਰੋਂ ਹੀ ਅੰਦਰ ਮੈਂ ਜਾਣਦੀ ਸੀ ਕਿ ਉਹ ਕਰ ਹੀ ਲਵੇਗੀ। ਉਹ ਦਿਨ ਗਿਆ ਤੇ ਅੱਜ ਦਾ ਦਿਨ ਆ ਉਸ ਤੋਂ ਬਾਅਦ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਬੀਏ ਕੀਤੀ, ਫੇਰ ਐਮ.ਏ. ਕੀਤੀ ਤੇ ਅੱਜ ਉਸ ਨੇ ਬੀ.ਐਡ ਦਾ ਐਂਟਰੈਂਸ ਪੇਪਰ ਪਾਸ ਕੀਤਾ ਤੇ ਹੁਣ ਉਹ ਬੀ.ਐੱਡ ਕਰੇਗੀ। ਇਹ ਗੱਲ ਹੋਰਾਂ ਲਈ ਬਹੁਤ ਛੋਟੀ ਹੋ ਸਕਦੀ ਹੈ ਪਰ ਮੇਰੇ ਲਈ ਨਹੀਂ।. ਮੈਨੂੰ ਪਤਾ ਕਿ ਮੈਂ ਉਹਨੂੰ ਵਿਆਹ ਤੋਂ ਬਾਅਦ ਪੜਾਈ ਲਈ ਹਾਲਾਤਾਂ ਨਾਲ ਕਿੰਨਾ ਲੜਦਿਆਂ ਦੇਖਿਆ। ਘਰ ਸਾਂਭਣਾ, ਬੱਚਿਆਂ ਨੂੰ ਸਾਂਭਣਾ ਤੇ ਫਿਰ ਆਪਣੇ ਸਹੁਰੇ ਪਰਿਵਾਰ ਦੀ ਹਰ ਗੱਲ ਦਾ ਮਾਣ ਰੱਖਣਾ ਇਹ ਤਾਂ ਉਹਨੇ ਸਿੱਖ ਲਿਆ ਸੀ ਪਰ ਆਪਣੀਆਂ ਖਵਾਹਿਸ਼ਾਂ ਨੂੰ ਪੂਰਾ ਕਰਨਾ ਤੇ ਆਪਣੇ ਬਾਰੇ ਸੋਚਣਾ ਉਹਨੇ ਕਦੀਂ ਨਹੀਂ ਸੀ ਸਿੱਖਿਆ। ਮੈਨੂੰ ਮਾਣ ਆ ਅੱਜ ਉਹਦੇ ਤੇ ਆਪਣੇ ਆਪ ਤੇ ਕਿ ਮੈਂ ਉਹਦੀ ਛੋਟੀ ਭੈਣ ਆ…

ਅਜੋਕੇ ਇਨਸਾਨ ਦੀ ਤ੍ਰਾਸਦੀ

by admin November 12, 2018

ਅਖੀਰ ਨੂੰ ਇੱਕ ਦਿਨ ਵੱਡੇ ਸਾਬ ਰਿਟਾਇਰ ਹੋ ਗਏ..ਜਾਂ ਏਦਾਂ ਆਖ ਲਵੋ ਕਰ ਦਿੱਤੇ ਗਏ….
ਕੁਰਸੀ..ਦਫਤਰ..ਚਪੜਾਸੀ..ਡਰਾਈਵਰ..ਸਲਾਮ..ਸਿਫਤਾਂ..ਸਲਾਹੁਤਾਂ..ਪ੍ਰੋਮੋਸ਼ਨਾਂ…ਸੁਖ ਸਹੂਲਤਾਂ..ਗਿਫ਼੍ਟ…ਗੱਲ ਕੀ ਬੀ ਸਾਰਾ ਕੁਝ ਹੀ ਇੱਕ ਝਟਕੇ ਨਾਲ ਅਹੁ ਗਿਆ..
ਸਬ ਤੋਂ ਵੱਧ ਤਕਲੀਫਦੇਹ ਸੀ..ਗੱਡੀ ਦਾ ਦਰਵਾਜਾ ਆਪ ਖੋਲ੍ਹਣਾ..
ਸ਼ੌਪਿੰਗ ਰੇਸਟੌਰੈਂਟ..ਢਾਬੇ ਦੀ ਪੈਕਿੰਗ..ਸਾਰਾ ਖਰਚਾ ਜੇਬੋਂ ਕਰਨਾ ਪੈਂਦਾ…
ਆਪਣਾ ਬੈਗ ਵੀ ਆਪ ਹੀ ਚੁੱਕਣਾ ਪੈਂਦਾ…ਬਿੱਲ ਤਾਰਨ ਗਏ ਨੀਵੀਂ ਪਾ ਖਲੋਤੇ ਦਾ ਦਿਲ ਰੋਣ ਨੂੰ ਕਰਿਆ ਕਰੇ..

ਗਲਤਫਹਿਮੀ ਪਾਲ ਰੱਖੀ ਸੀ ਕੇ ਦਫਤਰ ਅਤੇ ਦੁਨੀਆ ਮੇਰੇ ਬਗੈਰ ਇੱਕ ਤਰਾਂ ਨਾਲ ਰੁੱਕ ਜਾਣਗੇ…ਕਿਓੰਕੇ ਸਭ ਤੋਂ ਅਕਲਮੰਦ ਮੈਂ ਹੀ ਹਾਂ…ਜਦੋਂ ਦਫਤਰ ਦਾ ਕੰਮ ਖੜੋ ਗਿਆ ਤਾਂ ਸਲਾਹਾਂ ਪੁੱਛਣ ਤੇ ਜਰੂਰ ਹੀ ਆਇਆ ਕਰਨਗੇ…
ਪਰ ਏਨੇ ਦਿਨ ਲੰਘ ਗਏ ਕੋਈ ਵੀ ਨਹੀਂ ਆਇਆ…ਸਾਰਾ ਕੁਝ ਓੰਜ ਹੀ ਚਲਦਾ ਰਿਹਾ…
ਸੁਵੇਰ ਦੀ ਸੈਰ..ਅਗਿਓਂ ਆਉਂਦਾ ਪੂਰਾਣਾ ਜੂਨੀਅਰ ਕਰਮਚਾਰੀ ਜਦੋਂ ਉਸਨੂੰ ਦੇਖ ਕੰਨੀਂ ਕੱਟ ਜਾਇਆ ਕਰਦਾ ਤਾਂ ਕਾਲਜੇ ਦਾ ਰੁਗ ਭਰਿਆ ਜਾਂਦਾ…
ਕਦੀ ਪੂਰਾਣੇ ਦਫਤਰ ਗੇੜਾ ਮਾਰ ਆਉਂਦਾ…ਤਾਂ ਸਣੇ ਚਪੜਾਸੀ ਸਭ ਦੀ ਇਹੋ ਕੋਸ਼ਿਸ਼ ਕੇ ਇਹ ਹੁਣ ਇਹ ਛੇਤੀ ਹੀ ਇਥੋਂ ਚਲਾ ਜਾਵੇ…!

ਆਪਣੇ ਰਵਈਏ ਕਾਰਨ ਸਾਰਿਆਂ ਤੋਂ ਟੁੱਟ ਗਏ ਨੇ ਮਿਲਣਸਾਰ ਹੋਣ ਦੀ ਵੀ ਕੋਸ਼ਿਸ਼ ਜਿਹੀ ਕਰ ਕੇ ਦੇਖ ਲਈ…ਜਨਮ ਦਿਨ..ਵਿਆਹਾਂ..ਮੰਗਣੇ..ਤੱਕ ਦੀਆਂ ਵਧਾਈਆਂ ਵੀ ਦੇ ਦੇ ਦੇਖ ਲਈਆਂ ਪਰ ਉਹ ਪਹਿਲਾਂ ਵਾਲੀ ਗੱਲ ਜਿਹੀ ਨਾ ਬਣਿਆ ਕਰੇ…

ਧਾਰਮਿਕ ਹੋਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਗੁਰੂਦੁਆਰੇ ਵੀ ਜਾਣਾ ਸ਼ੁਰੂ ਕੀਤਾ..ਪਰ ਅਫ਼ਸਰੀ,ਵੱਜਦੇ ਸਲੂਟ ਅਤੇ ਵੱਡੀ ਪੁਜੀਸ਼ਨ ਵਾਲੇ ਸਿਜਦੇ ਦਿਮਾਗ ਵਿਚ ਕੁਝ ਹੋਰ ਵੜਨ ਹੀ ਨਹੀਂ ਦਿੰਦੇ ਸਨ…

ਉਮੀਦ ਹੀ ਨਹੀਂ ਸੀ ਕੇ ਸਾਰਾ ਕੁਝ ਏਡੀ ਛੇਤੀ ਬਦਲ ਜਾਵੇਗਾ…
ਇਸੇ ਸਾਰੇ ਚੱਕਰ ਵਿਚ ਵਾਲ ਡਾਈ ਕਰਨੇ ਵੀ ਭੁੱਲ ਗਿਆ…ਸ਼ੀਸ਼ੇ ਵਿਚ ਆਪਣਾ ਆਪ ਅਸਲੀਅਤ ਤੋਂ ਵੀ ਜਿਆਦਾ ਬੁੱਢਾ ਲੱਗਦਾ ਦੇਖ ਨਿਰਾਸ਼ਾ ਦੇ ਆਲਮ ਵਿਚ ਡੁੱਬਦਾ ਜਾਂਦਾ…

ਫੇਰ ਘਰ ਵਾਲਿਆਂ ਤੇ ਹੀ ਅਫ਼ਸਰੀ ਥੌਪਣ ਦੀ ਕੋਸ਼ਿਸ਼ ਕੀਤੀ….
ਧੀਆਂ ਪੁੱਤ ਦੂਰ ਦੂਰ ਰਹਿਣ ਲੱਗੇ..ਦੋਹਤੇ ਪੋਤਰੀਆਂ ਉਸਨੂੰ ਦੇਖ ਦੌੜ ਜਾਂਦੇ…
ਘਰ ਵਾਲੀ ਤਾਂ ਪਹਿਲਾਂ ਹੀ ਹਿਟਲਰ ਦਾ ਖਿਤਾਬ ਦੇ ਚੁੱਕੀ ਸੀ..
ਇਥੋਂ ਤੱਕ ਕੇ ਹਥੀਂ ਪਾਲਿਆ ਕੁੱਤਾ ਵੀ ਦੇਖ ਮੰਜੇ ਹੇਠ ਵੜ ਜਾਇਆ ਕਰਦਾ…
ਸਾਰਾ ਦਿਨ ਇੰਝ ਹੀ ਸੜਦਾ ਨਾਸ਼ੁਕਰੀ ਦੁਨੀਆ ਨੂੰ ਕੋਸਦਾ ਹੋਇਆ ਆਪ ਵੀ ਦੁਖੀ ਅਤੇ ਬਾਕੀਆਂ ਨੂੰ ਵੀ ਦੁਖੀ ਹੀ ਰੱਖਦਾ…ਅਤੇ ਜਦੋਂ ਤੱਕ ਜੀਵੇਆ ਬਸ ਇਹੋ ਕੁਝ ਹੀ ਹੁੰਦਾ ਰਿਹਾ…!

ਅਜੋਕੇ ਇਨਸਾਨ ਦੀ ਤ੍ਰਾਸਦੀ..ਨਾ ਰਿਟਾਇਰ ਹੋਣਾ ਚਾਹੁੰਦਾ ਏ ਤੇ ਨਾ ਹੀ ਮਰਨਾ ਚਾਉਂਦਾ ਏ…ਬੱਸ ਹਮੇਸ਼ਾਂ ਟੀਸੀ ਤੇ ਬਣੇ ਰਹਿਣ ਦਾ ਗੈਰ ਕੁਦਰਤੀ ਸ਼ੌਕ ਪਾਲ ਬੈਠਾ ਹੈ..ਆਪਣੇ ਤੋਂ ਵੱਧ ਤਰੱਕੀ ਕਰਦਾ ਹਰੇਕ ਸੁਖੀ ਇਨਸਾਨ ਉਸਦਾ ਦੁਸ਼ਮਣ ਹੈ…ਵੈਰੀ ਹੈ..ਇਹ ਸੋਚ ਸੋਚ ਮਾਨਸਿਕ ਰੋਗੀ ਬਣ ਚੁੱਕਿਆ ਏ..!

ਸੋ ਦੋਸਤੋਂ ਸਮਾਂ ਰਹਿੰਦੇ ਆਪਣੇ ਆਪ ਵਿਚ ਬਦਲਾਓ ਲਿਆਉਣਾ ਬੜਾ ਹੀ ਜਰੂਰੀ ਹੈ…
ਇਹ ਥੋੜ ਚਿਰੀਆਂ ਅਫਸਰੀਆਂ ਵਾਲਾ ਸਦੀਵੀਂ ਨਸ਼ਾਂ ਚੜਾਉਂਦੀ ਹੋਈ ਬੋਤਲ ਕੰਧ ਨਾਲ ਮਾਰ ਕੇ ਤੋੜ ਦਿਓ..
ਆਕੜ ਤੇ ਦਿਖਾਵਾ ਛੱਡੋ…ਦੋਸਤ ਬਣਾਓ…ਦੂਸਰਿਆਂ ਵਾਸਤੇ ਅਤੇ ਨਾਲ ਜੀਣਾ ਸਿੱਖੋਂ…ਨਹੀਂ ਤਾਂ ਇੱਕ ਦਿਨ ਮਿੱਤਰ ਪਿਆਰਿਆਂ ਨਾਲ ਭਰੀ ਗੱਡੀ ਟੇਸ਼ਣੋਂ ਲੰਘ ਜਾਵੇਗੀ…ਤੇ ਤੁਸੀਂ ਰਹਿ ਜਾਵੋਗੇ ਕੱਲਮ ਕੱਲੇ..ਕੱਠੀ ਕੀਤੀ ਦੇ ਢੇਰ ਤੇ ਖਲੋਤੇ…ਖੜੇ ਪਾਣੀ ਵਾਂਙ ਬੋ ਮਾਰਦੇ ਹੋਏ…ਜਿਸ ਦਿਨ ਰਵਾਨਗੀ ਪਈ…ਸੂਈ ਤੱਕ ਸਾਂਬਣ ਦਾ ਟਾਈਮ ਨੀ ਮਿਲਣਾ…ਕਿਓੰਕੇ ਅਗਲੇ ਵਿਚ ਵੱਡਾ ਨੁਕਸ ਇਹ ਹੈ ਕੇ ਬੁਲਾਉਣ ਤੋਂ ਪਹਿਲਾਂ ਅਡਵਾਂਸ ਨੋਟਿਸ ਨਹੀਂ ਘੱਲਦਾ..”ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ ਪਤਾ ਨੀ ਸੁਵੇਰ ਦਾ”

ਜਿਉਂਦੇ ਵੱਸਦੇ ਰਹੋ.

ਹਿੱਸੇ ਦੇ ਪੈਸੇ

by admin November 6, 2018

ਸੇਠ ਧਨੀ ਰਾਮ ਦੇ ਢਾਬੇ ਤੇ ਭਾਂਡੇ ਧੋ ਰਹੇ ਗਿਆਰਾਂ ਕੁ ਸਾਲ ਦੇ ਬੱਚੇ ਨੂੰ ਵੇਖ ਕੇ ਇਕ ਗੱਡੀ ਰੁਕੀ ਜੋ ਵੇਖਣ ਨੂੰ ਸਰਕਾਰੀ ਲੱਗਦੀ ਸੀ , ਵਿਚੋਂ ਸਿਪਾਹੀ ਨੇ ਉਤਰਦਿਆਂ ਹੀ ਸੇਠ ਨੂੰ ਕਿਹਾ ”ਸੇਠ ਜੀ ਤੁਹਾਨੂੰ ਪਤਾ ਨਹੀਂ ਬਾਲ ਮਜ਼ਦੂਰੀ ਬਹੁਤ ਵੱਡਾ ਜੁਰਮ ਏ ਇਹੀ ਉਮਰ ਬੱਚੇ ਦੀ ਪੜਨ ਲਿਖਣ ਤੇ ਹੱਸਣ ਖੇਡਣ ਦੀ ਹੁੰਦੀ ਐ…ਤੁਸੀਂ ਇਹਨਾਂ ਤੋਂ ਭਾਂਡੇ ਮੰਜਾਈ ਜਾਂਦੇ ੳ …ਚਲੋ ਸਾਹਿਬ ਨਾਲ ਗੱਲ ਕਰੋ ..” ਸੇਠ ਨੇ ਕਾਰ ਵਿੱਚ ਬੈਠੇ ਸਾਹਿਬ ਨਾਲ ਗੱਲਬਾਤ ਕੀਤੀ ….ਕਚਹਿਰੀਆਂ ਦੇ ਚੱਕਰਾਂ ਤੋਂ ਡਰਦਿਆਂ …ਸਮੇਂ ਦੀ ਨਜ਼ਾਕਤ ਸਮਝ ਕੇ ਪਰਦੇ ਜਿਹੇ ਨਾਲ ਕੁਝ ਪੈਸੇ ਸਿਪਾਹੀ ਦੀ ਜੇਬ ਵਿੱਚ ਪਾਏ ਤੇ ਗੱਡੀ ਚਲਦੀ ਬਣੀ …
ਸੇਠ ਨੇ ਬੱਚੇ ਨੂੰ ਦਬਕਾ ਮਾਰਦਿਆਂ ਕਿਹਾ ”ਚੱਲ ਉਏ ਦਫਾ ਹੋ ਜਾ ਤੇਰਾ ਜਾਣਾ ਕੁਝ ਨਹੀਂ ਫਸਾਏਂਗਾ ਮੈਨੂੰ ਐਵੇਂ ”
ਬੱਚਾ ਕਹਿਣ ਲੱਗਾ ”ਠੀਕ ਐ ਬਾਬੂ ਜੀ ਮੇਰਾ ਸਾਬ ਕਰ ਕੇ ਪੈਸੇ ਦੇ ਦਿਉ ਘਰੇ ਅੰਮੀ ਦੀ ਦਵਾਈ ਲੈ ਕੇ ਜਾਣੀ ਏ…”
”ਚੱਲ ਉਏ ਹੈ ਨਹੀਂ ਮੇਰੇ ਕੋਲ ਪੈਸੇ” ..ਇਨਾਂ ਕਹਿ ਕੇ ਢਾਬੇ ਵਿਚੋਂ ਬਾਹਰ ਕਰ ਦਿੱਤਾ ….
ਉੱਚੀ ਉੱਚੀ ਰੋਂਦੇ ਹੋਏ ਬੱਚੇ ਨੂੰ ਇੰਝ ਲੱਗਿਆ ਜਿਵੇਂ ਉਸਦੇ ਹਿੱਸੇ ਦੇ ਪੈਸੇ ”ਗੱਡੀ ਵਾਲਾ ਸਾਹਿਬ ” ਲੈ ਗਿਆ ਜੋ ਉਸ ਦੀ ਪੜ੍ਹਾਈ ਲਿਖਾਈ ਅਤੇ ਹੱਸਣ ਖੇਡਣ ਦੀ ਉਮਰ ਦੀਆਂ ਗੱਲਾਂ ਕਰ ਰਿਹਾ ਸੀ……
-ਗੁਰਪ੍ਰੀਤ ਸਿੰਘ ਸਾਦਿਕ-

ਸਰਦਾਰ ਜੀ

by admin October 31, 2018

ਜੁਲਾਈ ਦੇ ਮਹੀਨੇ ਚ ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਗਿਆ।ਰਸਤੇ ਵਿੱਚ ਜਦ ਬੱਸ ਜ਼ੀਰਾ ਸ਼ਹਿਰ ਕੋਲ ਪਹੁੰਚੀ ਤਾਂ ਇੱਕ ਬਿਹਾਰੀ ਮਜਦੂਰ ਮੇਰੇ ਨਾਲ ਆ ਕੇ ਬੇਠ ਗਿਆ।ਮੀਂਹ ਜਾ ਪਿਆ ਹੋਣ ਕਾਰਨ ਸ਼ੀਸ਼ੇ ਥਾਂਈ ਠੰਡੀ ਹਵਾ ਆ ਰਹੀ ਸੀ। ਇੰਨੇ ਚ ਓਹਨੂੰ ਨੀਂਦ ਆ ਗਈ।ਨੀਂਦ ਏਨੀ ਗੁੜੀ ਆਈ ਕਿ ਉਹ ਮੇਰੇ ਮੋਢੇ ਤੇ ਸਿਰ ਰੱਖ ਸੁਤਾ ਰਿਹਾ।ਏ ਮੇਰੀ ਆਦਤ ਏ ਕੇ ਮੈਂ ਸੁਤੇ ਪਏ ਨੂੰ ਜਲਦੀ ਜਲਦੀ ਉਠਾਂਦਾ ਨਹੀਂ ।ਉਹ ਐਨੀ ਗੁੜੀ ਨੀਂਦ ਸੁੱਤਾ ਕੇ ਉਸ ਦੀਆਂ ਲਾਲਾਂ ਵੀ ਮੇਰੇ ਕੁੜਤੇ ਤੇ ਲਗ ਗਈਆਂ।ਇਹ ਬੱਸ ਚੰ ਬੈਠੀਆਂ ਸਵਾਰੀਆਂ ਲਈਂ ਪਹਿਲੀ ਵਾਰ ਹੋ ਰਿਹਾ ਸੀ ਜਦ ਕੋਈ ਉਠਾਣ ਦੀ ਥਾਂ ਤੇ ਫੋਟੋ ਖਿੱਚ ਰਿਹਾ ਸੀ।ਜਦ ਉਸਦੀ ਅੱਖ ਖੁੱਲੀ ਤਾ ਉਹ ਡਰ ਜਾ ਗਿਆ।ਅਜੇ ਕੁਝ ਕਹਿਣ ਈ ਲਗਾ ਸੀ ਮੈਂ ਅਗਿਓ ਕਿਹਾ ਕੋਈ ਨਾ ਟੇਂਸ਼ਨ ਨਾ ਲੈ ਮੇਰਾ ਕਿਹੜਾ ਕੁਝ ਘਸ ਗਿਆ ਕਿ ਪਤਾ ਮੇਰੇ ਮੋਢੇ ਦਾ ਸਰਾਣਾ ਲਾ ਕੇ ਤੂੰ ਸੁਪਨੇ ਰੂਪੀ ਮਹਿਲਾ ਚ ਸੁੱਤਾ ਪਿਆ ਹੋਵੇ ਜੇ ਮੈ ਤੈਨੂੰ ਉਠਾ ਦਿੰਦਾ ਤੇਰਾ ਸੁਪਨਾ ਟੁੱਟ ਜਾਣਾ ਸੀ।ਇਹ ਸੁਣ ਕੇ ਉਸ ਨੇ ਨਰਮ ਅੱਖਾਂ ਨਾਲ ਜੋ ਕਿਹਾ ਮੈਂ ਦੱਸ ਨੀ ਸਕਦਾ।ਪਰ ਸਰਦਾਰ ਜੀ ਸਰਦਾਰ ਜੀ ਹੋਤੇ ਹੈਂ ਕਹਿ ਬੱਸ ਚੋਂ ਉਤਰ ਗਿਆ।

  • 1
  • …
  • 173
  • 174
  • 175
  • 176
  • 177
  • …
  • 186

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close