ਪੜ੍ਹਨ ਦੀ ਕੋਈ ਉਮਰ ਨਹੀਂ

by admin

ਅੱਜ ਮੈਨੂੰ ਇੱਕ ਔਰਤ ਦੇ ਮਾਨ ਹੈ ਜੋ ਮੇਰੀ ਭੈਣ ਹੈ। 19 ਸਾਲ ਦੀ ਅਲ੍ਹੜ ਉਮਰ ਸੀ …ਜਦੋਂ ਉਸਦਾ ਵਿਆਹ ਹੋ ਗਿਆ। ਉਸ ਨੂੰ ਇਹ ਵੀ ਚੰਗੀ ਤਰ੍ਹਾਂ ਨਹੀਂ ਪਤਾ ਕਿ ਵਿਆਹ ਹੁੰਦਾ ਕੀ ਹੈ? ਮੁੰਡੇ ਵਾਲਿਆਂ ਨੇ ਕਿਹਾ ਕਿ ਨਵਦੀਪ ਤੁਸੀਂ ਪੜਾਈ ਛੱਡ ਦਵੋ, ਬਿਨਾਂ ਕਿਸੇ ਗੱਲ ਦਾ ਜਵਾਬ ਦੇਂਦੇ ਹੋਏ ਭੋਲੀ ਜਿਹੀ ਭੈਣ ਨੇ ਕਹਿ ਦਿੱਤਾ ‘ਹਾਂਜੀ ਠੀਕ ਆ ਜੀ’। ਉਸ ਜਵਾਕੜੀ ਨੂੰ ਵਿਆਹ ਦਾ ਇੰਨਾ ਚਾਅ ਸੀ ਜਿਵੇਂ ਕਿਸੇ ਛੋਟੇ ਬੱਚੇ ਨੂੰ ਨਵੇਂ ਲਿਆਂਦੇ ਖਿਡੌਣੇ ਦਾ ਹੋਵੇ। ਚਲੋ ਜਿਵੇਂ ਤਿਵੇਂ ਵਿਆਹ ਹੋ ਗਿਆ। ਕਿਤੇ ਨਾ ਕਿਤੇ ਵਿਆਹ ਤਾਂ ਕਰ ਬੈਠੀ ਸੀ ਉਹ ਮਾਸੂਮ ਜਿਹੀ ਪਰ ਇਹ ਨਹੀਂ ਜਾਣਦੀ ਸੀ ਕਿ ਜਿੰਮੇਵਾਰੀਆਂ ਭਾਰੀਆਂ ਪੈ ਗਈਆਂ ਨੇ। ਹਰ ਵੇਲੇ ਬਸ ਸਾਰਿਆਂ ਨੂੰ ਖੁਸ਼ ਕਰਨ ਚ ਹੀ ਰਹਿੰਦੀ, ਕਦੀ ਕਿਸੇ ਨੂੰ ਮਨਾ ਲਿਆ ਤੇ ਕਦੀ ਕਿਸੇ ਨੂੰ। ਆਪਣੀ ਖੁਸ਼ੀ ਨੂੰ ਤਾਂ ਜਿਵੇਂ ਭੁੱਲ ਹੀ ਗਈ ਹੋਵੇ ਮੇਰੀ ਭੈਣ। ਇੱਕ ਸਾਲ ਬਾਅਦ ਓਹਦੇ ਘਰੇ ਇੱਕ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ। ਭਾਵ 20 ਸਾਲਾਂ ਦੀ ਉਮਰ ਚ ਉਹ ਮਾਂ ਬਣ ਗਈ। …ਜਦੋਂ ਕਿ 20 ਸਾਲਾਂ ਚ ਹਾਲੇ ਕੁੜੀਆਂ ਕਰੀਅਰ ਨੂੰ ਅੱਗੇ ਵਧਾਉਣ ਦਾ ਹੀ ਸੋਚ ਰਹੀਆਂ ਹੁੰਦੀਆਂ ਹਨ। ਪਰ ਉਸ ਨੇ ਕਦੀ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਮਨਾਇਆ ਤੇ ਆਪਣੇ ਮਾਸੂਮ ਚੇਹਰੇ ਤੇ ਹਮੇਸ਼ਾ ਇੱਕ ਮਿੱਠਾ ਜਿਹਾ ਪਤਾਸੇ ਵਰਗਾ ਹਾਸਾ ਬਣਾਈ ਰੱਖਿਆ। ਹੋਰ 4-5 ਸਾਲ ਬੀਤ ਗਏ, ਭੈਣ ਦੇ ਘਰੇ ਦੋ ਹੋਰ ਬੱਚਿਆਂ ਨੇ ਜਨਮ ਲਿਆ… ਇੱਕ ਧੀ ਤੇ ਇੱਕ ਪੁੱਤਰ। ਸਭ ਨੂੰ ਲਗਣ ਲੱਗਾ ਕਿ ਬੱਸ ਹੁਣ ਤਾਂ ਇਹ ਸਿਰਫ ਘਰ ਜੋਗੀ ਹੀ ਰਹਿ ਕੇ ਰਹਿ ਗਈ। ਹਰ ਕਿਸੇ ਨੇ ਉਸ ਨੂੰ ਹਮੇਸ਼ਾ ਨੀਵਾਂ ਹੀ ਦਿਖਾਇਆ, ਕਿ ਇਹਨੂੰ ਕੁੱਝ ਨਹੀਂ ਆਉਂਦਾ ਨਾ ਤਾਂ ਇਸ ਨੂੰ ਐਕਟਿਵਾ ਚਲਾਉਣੀ ਆਉਂਦੀ, ਨਾ ਇਹ ਇੰਨੀ ਪੜੀ ਲਿੱਖੀ ਹੈ।

ਅਚਾਨਕ ਇੱਕ ਦਿਨ ਅਸੀਂ ਇਕੱਠੀਆਂ ਬੈਠੀਆਂ ਅਤੇ ਥੋੜਾ ਜਿਹਾ ਘਬਰਾਉਂਦੇ ਹੋਏ, ਅੱਖਾਂ ਥਲੇ ਕਰਦੇ ਹੋਏ ਭੈਣ ਨੇ ਕਿਹਾ.. ਹੀਨਾ, ਇੱਕ ਗੱਲ ਕਹਾਂ….”ਮੈਂ ਪੜਨਾ ਚਾਹੁੰਦੀ ਹਾਂ, ਮੈਂ ਬੀਏ ਦੁਬਾਰਾ ਕਰਨਾ ਚਾਹੁੰਦੀ ਹਾਂ” ….ਤੇ ਫੇਰ ਰੌਣ ਲੱਗ ਗਈ। ਕਹਿੰਦੀ ਹੀਨਾ ਮੈਂ ਕਿਵੇਂ ਕਰੂੰਗੀ।..ਮੈਨੂੰ ਤਾਂ ਦੱਸ ਸਾਲ ਹੋ ਗਏ ਪੜ੍ਹਾਈ ਛੱਡੇ ਨੂੰ। ਮੈਂ ਹੱਸ ਕੇ ਕਿਹਾ “ਮੇਰੀ ਸ਼ੇਰਨੀ ਭੈਣ ਕੁੱਝ ਵੀ ਕਰ ਸਕਦੀ ਹੈ” ਅੰਦਰੋਂ ਹੀ ਅੰਦਰ ਮੈਂ ਜਾਣਦੀ ਸੀ ਕਿ ਉਹ ਕਰ ਹੀ ਲਵੇਗੀ। ਉਹ ਦਿਨ ਗਿਆ ਤੇ ਅੱਜ ਦਾ ਦਿਨ ਆ ਉਸ ਤੋਂ ਬਾਅਦ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਬੀਏ ਕੀਤੀ, ਫੇਰ ਐਮ.ਏ. ਕੀਤੀ ਤੇ ਅੱਜ ਉਸ ਨੇ ਬੀ.ਐਡ ਦਾ ਐਂਟਰੈਂਸ ਪੇਪਰ ਪਾਸ ਕੀਤਾ ਤੇ ਹੁਣ ਉਹ ਬੀ.ਐੱਡ ਕਰੇਗੀ। ਇਹ ਗੱਲ ਹੋਰਾਂ ਲਈ ਬਹੁਤ ਛੋਟੀ ਹੋ ਸਕਦੀ ਹੈ ਪਰ ਮੇਰੇ ਲਈ ਨਹੀਂ।. ਮੈਨੂੰ ਪਤਾ ਕਿ ਮੈਂ ਉਹਨੂੰ ਵਿਆਹ ਤੋਂ ਬਾਅਦ ਪੜਾਈ ਲਈ ਹਾਲਾਤਾਂ ਨਾਲ ਕਿੰਨਾ ਲੜਦਿਆਂ ਦੇਖਿਆ। ਘਰ ਸਾਂਭਣਾ, ਬੱਚਿਆਂ ਨੂੰ ਸਾਂਭਣਾ ਤੇ ਫਿਰ ਆਪਣੇ ਸਹੁਰੇ ਪਰਿਵਾਰ ਦੀ ਹਰ ਗੱਲ ਦਾ ਮਾਣ ਰੱਖਣਾ ਇਹ ਤਾਂ ਉਹਨੇ ਸਿੱਖ ਲਿਆ ਸੀ ਪਰ ਆਪਣੀਆਂ ਖਵਾਹਿਸ਼ਾਂ ਨੂੰ ਪੂਰਾ ਕਰਨਾ ਤੇ ਆਪਣੇ ਬਾਰੇ ਸੋਚਣਾ ਉਹਨੇ ਕਦੀਂ ਨਹੀਂ ਸੀ ਸਿੱਖਿਆ। ਮੈਨੂੰ ਮਾਣ ਆ ਅੱਜ ਉਹਦੇ ਤੇ ਆਪਣੇ ਆਪ ਤੇ ਕਿ ਮੈਂ ਉਹਦੀ ਛੋਟੀ ਭੈਣ ਆ…

Harneep Kaur

You may also like