ਹਿੱਸੇ ਦੇ ਪੈਸੇ

by admin

ਸੇਠ ਧਨੀ ਰਾਮ ਦੇ ਢਾਬੇ ਤੇ ਭਾਂਡੇ ਧੋ ਰਹੇ ਗਿਆਰਾਂ ਕੁ ਸਾਲ ਦੇ ਬੱਚੇ ਨੂੰ ਵੇਖ ਕੇ ਇਕ ਗੱਡੀ ਰੁਕੀ ਜੋ ਵੇਖਣ ਨੂੰ ਸਰਕਾਰੀ ਲੱਗਦੀ ਸੀ , ਵਿਚੋਂ ਸਿਪਾਹੀ ਨੇ ਉਤਰਦਿਆਂ ਹੀ ਸੇਠ ਨੂੰ ਕਿਹਾ ”ਸੇਠ ਜੀ ਤੁਹਾਨੂੰ ਪਤਾ ਨਹੀਂ ਬਾਲ ਮਜ਼ਦੂਰੀ ਬਹੁਤ ਵੱਡਾ ਜੁਰਮ ਏ ਇਹੀ ਉਮਰ ਬੱਚੇ ਦੀ ਪੜਨ ਲਿਖਣ ਤੇ ਹੱਸਣ ਖੇਡਣ ਦੀ ਹੁੰਦੀ ਐ…ਤੁਸੀਂ ਇਹਨਾਂ ਤੋਂ ਭਾਂਡੇ ਮੰਜਾਈ ਜਾਂਦੇ ੳ …ਚਲੋ ਸਾਹਿਬ ਨਾਲ ਗੱਲ ਕਰੋ ..” ਸੇਠ ਨੇ ਕਾਰ ਵਿੱਚ ਬੈਠੇ ਸਾਹਿਬ ਨਾਲ ਗੱਲਬਾਤ ਕੀਤੀ ….ਕਚਹਿਰੀਆਂ ਦੇ ਚੱਕਰਾਂ ਤੋਂ ਡਰਦਿਆਂ …ਸਮੇਂ ਦੀ ਨਜ਼ਾਕਤ ਸਮਝ ਕੇ ਪਰਦੇ ਜਿਹੇ ਨਾਲ ਕੁਝ ਪੈਸੇ ਸਿਪਾਹੀ ਦੀ ਜੇਬ ਵਿੱਚ ਪਾਏ ਤੇ ਗੱਡੀ ਚਲਦੀ ਬਣੀ …
ਸੇਠ ਨੇ ਬੱਚੇ ਨੂੰ ਦਬਕਾ ਮਾਰਦਿਆਂ ਕਿਹਾ ”ਚੱਲ ਉਏ ਦਫਾ ਹੋ ਜਾ ਤੇਰਾ ਜਾਣਾ ਕੁਝ ਨਹੀਂ ਫਸਾਏਂਗਾ ਮੈਨੂੰ ਐਵੇਂ ”
ਬੱਚਾ ਕਹਿਣ ਲੱਗਾ ”ਠੀਕ ਐ ਬਾਬੂ ਜੀ ਮੇਰਾ ਸਾਬ ਕਰ ਕੇ ਪੈਸੇ ਦੇ ਦਿਉ ਘਰੇ ਅੰਮੀ ਦੀ ਦਵਾਈ ਲੈ ਕੇ ਜਾਣੀ ਏ…”
”ਚੱਲ ਉਏ ਹੈ ਨਹੀਂ ਮੇਰੇ ਕੋਲ ਪੈਸੇ” ..ਇਨਾਂ ਕਹਿ ਕੇ ਢਾਬੇ ਵਿਚੋਂ ਬਾਹਰ ਕਰ ਦਿੱਤਾ ….
ਉੱਚੀ ਉੱਚੀ ਰੋਂਦੇ ਹੋਏ ਬੱਚੇ ਨੂੰ ਇੰਝ ਲੱਗਿਆ ਜਿਵੇਂ ਉਸਦੇ ਹਿੱਸੇ ਦੇ ਪੈਸੇ ”ਗੱਡੀ ਵਾਲਾ ਸਾਹਿਬ ” ਲੈ ਗਿਆ ਜੋ ਉਸ ਦੀ ਪੜ੍ਹਾਈ ਲਿਖਾਈ ਅਤੇ ਹੱਸਣ ਖੇਡਣ ਦੀ ਉਮਰ ਦੀਆਂ ਗੱਲਾਂ ਕਰ ਰਿਹਾ ਸੀ……
-ਗੁਰਪ੍ਰੀਤ ਸਿੰਘ ਸਾਦਿਕ-

Gurpreet Singh Sadiq

You may also like