ਪਤਲੀ ਨਿੱਬ ਵਾਲਾ ਪਾਈਲਟ ਦਾ ਪੈੱਨ

by admin

ਉੱਚੀ ਪੜ੍ਹਾਈ ਦੇ ਕੋਰਸ ਚ ਦਾਖਲਾ ਮਿਲਿਆ ਤੇ ਪਹਿਲੀ ਵਾਰੀ ਘਰੋੰ ਬਾਹਰ ਹੋਸਟਲ ਚ ਜਾਕੇ ਰਹਿਣਾ ਸੀ , ਬਾਪੂ ਨੂੰ ਪੁੱਛਕੇ ਜਗਰਾਵਾੰ ਦੇ ਲੱਡੂ ਟੇਲਰ ਤੋੰ 3 ਪੈੰਟਾੰ ਤੇ 3 ਝੱਗੇ ਨਮੇ ਡਿਜ਼ਾਇਨ ਦੇ ਸੰਵਾਅ ਲਏ… ਕੋਰਸ ਸ਼ੁਰੂ ਹੋਣ ਤੋੰ 3-4 ਦਿਨ ਪਹਿਲਾੰ ਈ ਮੈੰ ਤੇ ਬਾਪੂ ਦੱਖਣੀ ਭਾਰਤ ਦੇ ਵੱਡੇ ਸ਼ਹਿਰ ਪਹੁੰਚ ਗਏ , ਦੱਖਣ ਚ ਆਰਜ਼ੀ ਬਜ਼ਾਰ ਮੇਲਿਆੰ ਵਾੰਗੂ ਲਗਦੇ ਨੇ , ਹਰ ਕਿਸਮ ਦੀਆੰ ਚੀਜ਼ਾੰ ਸਸਤੀਆੰ ਮਿਲ ਜਾੰਦੀਆੰ ਨੇ , ਅਸੀੰ ਵੀ ਇੱਕ ਮੇਲੇ ਚ ਵੜ ਗਏ , ਰੰਗ ਬਿਰੰਗੀਆੰ ਰੈਡੀਮੇਡ ਪੈੰਟਾੰ ਕਮੀਜ਼ਾੰ ਪਹਿਲੀ ਵਾਰ ਥੋਕ ਚ ਪਈਆੰਦੇਖੀਆੰ , 35 ਰੁ: ਤੋੰ ਲੈਕੇ 50 ਰੁ: ਦਾ ਝੱਗਾ , ਸੌ ,ਸਵਾ ਸੌ ਤੱਕ ਦੀਆੰ ਪੈੰਟਾੰ .. 150 ਰੁ: ਨੂੰ ਜ਼ੀਨ ਦੀਆੰ ਪੈੰਟਾੰ ਦੇਖਕੇ ਬਾਪੂ ਆਖਣ ਲੱਗਿਆ,” ਮੱਲਾ ! ਐਹੇਜੀ ਪੈੰਟ ਵੀ ਲੈ ਲੈੰਦਾ ਇੱਕ , ਧੋਣ ਧੂਣ ਦੀ ਸੌਖ ਰਹੂ , ਚੰਗਾ ਟੈਮ ਲੰਘ ਜਿਆ ਕਰੂ ” ਪਰ ਮੇਰੀ ਹਿੰਮਤ ਨਾੰ ਪਈ , ਨਵੀੰ ਚੀਜ਼ ਸੀ, ਕਦੇ ਪਾਈ ਨੀ ਸੀ , ਕੋਈ ਨੀ ਬਾਪੂ ! ਰੁਕ ਜਾ , ਹੋਰ ਦੇਖ ਲੀਏ ਮੇਲਾ ਹਾਲੇ…. ਨਾਲੇ ਮੈਨੂੰ ਬਾਪੂ ਦੀ ਜ਼ੇਬ੍ ਦਾ ਵੀ ਪਤਾ ਸੀ .. ਦੇਖਦੇ ਦੇਖਦੇ ਇੱਕ ਦੁਕਾੰਨ ਤੇ ਬਾਪੂ ਪੈੱਨ ਦੇਖਣ ਲੱਗ ਪਿਆ , ਪੁਰਾਣੇ ਜ਼ਮਾਨੇ ਦੀਆੰ 12 ਜਮਾਤਾੰ ਪਾਸ ਬਾਪੂ ਭਾੰਤ ਭਾੰਤ ਦੇ ਪੈੱਨ ਰੱਖਣ ਦਾ ਸ਼ੁਕੀਨ ਸੀ , ਕੁੜਤੇ ਦੀ ਜੇਬ੍ ਨੂੰ ਹਮੇਸ਼ਾੰ ਪੈੰਨ ਲਾਕੇ ਰੱਖਦਾ …. ਸੂਈ ਦੇ ਨੱਕੇ ਵਰਗੀ ਪਤਲੀ ਨਿੱਬ ਵਾਲਾ ਪਾਈਲਟ ਦਾ ਪੈੱਨ ਪਹਿਲੀ ਵਾਰੀ ਦੇਖਕੇ ਮੈੰ ਤੇ ਬਾਪੂ ਹੈਰਾਨ ਰਹਿ ਗਏ , ਲਿਖਕੇ ਦੇਖਿਆ, ਮਾੜਾ ਜਿਹਾ ਹੱਥ ਲਾਇਆੰ ਈ ਪੈੰਨ ਕਾਗਜ਼ ਉੱਤੇ ਭੱਜ ਤੁਰਿਆ, ਅੰਗਰੇਜ਼ੀ ਚ ਅਪਣੇ ਦਸਖ਼ਤ ਕਰਕੇ ਦੇਖਦੇ ਬਾਪੂ ਦਾ ਹਾਸਾ ਨੀ ਸੀ ਰੁਕਦਾ , ਮੁੱਲ ਪੁੱਛਿਆ .. 20 ਰੁ: .. ਜੱਕਾੰ ਤੱਕਾੰ ਕਰਦੇ ਦੇਖਕੇ ਦੁਕਾੰਨਦਾਰ ਬੋਲਿਆ,”ਏਟੀਨ ਰੂਪੀਸ.. ਲਾਸਟ ਪਰਾਈਸ….ਸਧਰਾੰ ਨਾਲ ਵਾਰ ਵਾਰ ਪੈੱਨ ਨੂੰ ਦੇਖਦਾ ਬਾਪੂ ਫਿੱਕਾ ਜਿਹਾ ਹਸਦਿਆੰ ਪੈੱਨ ਵਾਪਸ ਰੱਖਕੇ ਦੁਕਾਨਦਾਰ ਦਾ ਧੰਨਵਾਦ ਕਰਦਿਆੰ ਮੇਰਾ ਹੱਥ ਫੜਕੇ ਦੁਕਾਨ ਤੋੰ ਬਾਹਰ ਆ ਗਿਆ .. ਬਾਪੂ ! ਵਧੀਆ ਪੈੱਨ ਸੀ !! ਤੇਰੇ ਰੱਖਣ ਦਾ .. ਲੈ ਲੈੰਦਾ !! ਕੋਈ ਨੀ ਮੱਲਾ , ਫੇਰ ਲੈਲੂੰਗਾ , ਹਾਲੇ ਪੈੱਨ ਨਾਲੋੰ ਤੇਰੀ ਉਹ ਮੋਟੀ ਜੀਨ ਵਾਲੀ ਪੈੰਟ ਜਰੂਰੀ ਐ , ਨਾਲੇ ਝੱਗਾ ਲੈ ਲੈ ਹੋਰ ਇੱਕ , ਪਰਦੇਸ ਦਾ ਮਾਮਲੈ, ਸ਼ਹਿਰੀ ਮੁੰਡਿਆੰ ਚ ਰਹਿਣੈ ਹੁਣ ਤੂੰ!!! ਬਦਲੇ ਸਮੇੰ ਨਾਲ ਸਾਡੇ ਵੀ ਦਿਨ ਫਿਰਗੇ , ਵਧੀਆ ਪੈੱਨ ਰੱਖਣ ਦਾ ਬਾਪੂ ਦਾ ਸ਼ੌੰਕ ਜਿਉੰ ਦਾ ਤਿਉੰ ਐ , ਹੁਣ ਬਾਪੂ ਦੀ ਅਲਮਾਰੀ ਚ ਦੁਨਿਆੰ ਭਰ ਦੇ ਘੈੰਟ ਤੋੰ ਘੈੰਟ ਪੈੱਨ ਪਏ ਨੇ .. ਪਰ 25 ਸਾਲ ਪਹਿਲਾੰ ਪਾਇਲਟ ਦੇ ਪੈੱਨ ਨੂੰ ਸਧਰਾੰ ਨਾਲ ਦੇਖਦਾ ਬਾਪੂ ਦਾ ਚਿਹਰਾ ਮੈੰਨੂੰ ਹਾਲੇ ਤੱਕ ਨੀ ਭੁੱਲਿਆ …..

Amritpal Singh

You may also like