ਮਹਿਕ …ਜਿਹੋ ਜਿਹਾ ਨਾਮ ਉਹੋ ਜਿਹੀ ਸੀਰਤ…ਹਰ ਸਮੇਂ ਫੁੱਲਾਂ ਵਾਂਗ ਮਹਿਕਦੀ ਰਹਿੰਦੀ । ਮਹਿਕ ਆਪਣੀ ਮਾਂ ਨਾਲੋਂ ਆਪਣੇ ਬਾਪੂ ਦੀ ਜਿਆਦਾ ਲਾਡਲੀ ਸੀ। ਪੁੱਤਰ ਮਾਵਾਂ ਦਾ ਅਤੇ ਧੀਆਂ ਬਾਪੂ ਦਾ ਜਿਆਦਾ ਮੋਹ ਕਰਦੀਆਂ ਨੇ ਇਹ ਗੱਲ ਉਸ ਉਪਰ ਜਿਆਦਾ ਢੁੱਕਦੀ ਸੀ। ਮਹਿਕ ਦੇ ਨਾਲ ਜਿਆਦਾ ਮੋਹ ਹੋਣ ਕਾਰਨ ਅਕਸਰ ਉਹਦਾ ਨਿੱਕਾ ਭਰਾ ਲੜ ਪੈਂਦਾ। ਪਰ ਇਹ ਵੇਖ ਮਾਂ ਜਦੋਂ ਮਹਿਕ ਨੂੰ ਡਾਂਟਦੀ ਤਾਂ ਉਹ ਆਪਣੇ ਬਾਪੂ ਨੂੰ ਮਾਂ ਅੱਗੇ ਕਰ ਦਿੰਦੀ। ਅਗਰ ਕੋਈ ਉਸਨੂੰ ਆਖਦਾ ਤੇਰੇ ਵਿਚੋਂ ਤੇਰੇ ਬਾਪੂ ਦੀ ਝਲਕ ਪੈਂਦੀ ਹੈ…ਤਾਂ ਇਹ ਸੁਣਨਾ ਉਸ ਲਈ ਕਿਸੇ ਬੇਸ਼ਕੀਮਤੀ ਖਜਾਨੇ ਤੋਂ ਘੱਟ ਨਾ ਹੁੰਦਾ। ਬਾਪੂ ਨੇ ਮਹਿਕ ਨੂੰ ਪੁੱਤਰਾਂ ਵਾਂਗਰਾ ਪਾਲਿਆ..ਕੱਪੜਿਆਂ ਤੋਂ ਲੈ ਕੇ ਕਿਸੇ ਚੀਜ਼ ਦੀ ਕਦੇ ਰੋਕ- ਟੋਕ ਨਹੀਂ ਹੋਈ..ਇਹੀ ਕਾਰਨ ਸੀ ਕਿ ਉਸਦੇ ਜਿਆਦਾ ਸ਼ੌਂਕ ਮੁੰਡਿਆਂ ਵਾਲੇ ਹੀ ਸਨ। ਇੱਕ ਵਾਰ ਦੀ ਗੱਲ ਹੈ…ਜਦੋਂ ਉਹ ਨਿੱਕੀ ਸੀ ਤਾਂ ਟੈਲੀਵਿਜ਼ਨ ਉੱਤੇ ਇਕ ਫਿਲਮ ਵੇਖਦੀ ਹੋਈ ਉਹ ਭੱਜ ਕੇ ਮਾਂ ਕੋਲ ਆ ਕੇ ਪੁੱਛਣ ਲੱਗੀ,”ਕੀ ਕੁੜੀਆਂ ਵਿਆਹ ਤੋਂ ਬਾਅਦ ਆਪਣਾ ਘਰ ਛੱਡ ਕੇ ਚਲੀਆਂ ਜਾਂਦੀਆਂ ਨੇ?”।ਤਾਂ ਆਪਣੀ ਮਾਂ ਦਾ ਉੱਤਰ ਸੁਣ ਉਹ ਰੋਦਿਆਂ ਹੋਇਆ ਆਪਣੇ ਕਮਰੇ ਵੱਲ ਤੁਰ ਪਈ ਅਤੇ ਬੈੱਡ ਨੀਚੇ ਲੁਕ ਕੇ ਬਹੁਤ ਰੋਈ। ਜਦੋਂ ਬਾਪੂ ਨੂੰ ਇਸ ਗੱਲ ਦਾ ਪਤਾ ਲੱਗਾ..ਤਾਂ ਉਹਨਾਂ ਨੇ ਮਹਿਕ ਨੂੰ ਬਾਹਰ ਆਉਣ ਲਈ ਆਖਿਆ ਤਾਂ ਉਹ ਬਾਪੂ ਤੋਂ ਵੀ ਉਹੀ ਸਵਾਲ ਪੁੱਛਣ ਲੱਗੀ ਜੋ ਕੁਝ ਚਿਰ ਪਹਿਲਾਂ ਉਸਨੇ ਮਾਂ ਤੋਂ ਪੁੱਛਿਆ ਸੀ। ਮਹਿਕ ਆਪਣੇ ਬਾਪੂ ਦੇ ਸੀਨੇ ਲਗਕੇ ਇੰਝ ਰੋਈ..ਕਿ ਬਾਪੂ ਨੂੰ ਇਉਂ ਜਾਪਿਆ ਕਿ ਜਿਸ ਤਰ੍ਹਾਂ ਅੱਜ ਉਸਦੇ ਵਿਆਹ ਦੀ ਵਿਦਾਈ ਹੋਣ ਲੱਗੀ ਹੋਵੇ। ਸਮਾਂ ਲੰਘਦਾ ਗਿਆ ਅਤੇ ਉਹ ਵੱਡੀ ਹੁੰਦੀ ਗਈ ਪਰ ਇਹ ਸਵਾਲ ਉਹ ਹਰ ਵਾਰ ਆਪਣੇ ਬਾਪੂ ਨੂੰ ਪੁੱਛਦੀ ਅਤੇ ਆਪ ਹੀ ਉੱਤਰ ਦਿੰਦੀ ਕਿ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ । ਛੋਟਿਆਂ ਹੁੰਦਿਆਂ ਤੋਂ ਹੀ ਉਸਨੂੰ ਕਿਤਾਬਾਂ ਦਾ ਬਹੁਤ ਸ਼ੌਕ ਸੀ ਜਿਸ ਕਾਰਨ ਉਸਨੇ ਆਪਣੇ ਬਾਪੂ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਹੋਣ ਦੀ ਇੱਛਾ ਪ੍ਰਗਟ ਕੀਤੀ।ਮਹਿਕ ਦਾ ਬਾਪੂ ਉਸ ਦੇ ਹਰ ਫੈਸਲੇ ਵਿੱਚ ਉਸ ਨਾਲ ਖੜ੍ਹਾ ਹੁੰਦਾ। ਘਰ ਦੇ ਨਾਲ ਇਕ ਲਾਇਬ੍ਰੇਰੀ ਸੀ ਜਿਥੇ ਉਹ ਅਕਸਰ ਆਪਣਾ ਸਮਾਂ ਬਿਤਾਉਂਦੀ।
ਅੱਜ ਉਸਨੂੰ ਜਦੋਂ ਨੌਕਰੀ ਦੀ ਪਹਿਲੀ ਤਨਖਾਹ ਮਿਲੀ ਤਾਂ ਉਸਨੇ ਆਪਣੇ ਬਾਪੂ ਅੱਗੇ ਰੱਖੀ ਤਾਂ ਬਾਪੂ ਨੇ ਉਸਨੂੰ ਇਹ ਆਖਦੇ ਹੋਏ ਵਾਪਸ ਕਰ ਦਿੱਤੀ ਕਿ ਇਸਦਾ ਤੇਰੇ ਉਪਰ ਜਿਆਦਾ ਹੱਕ ਹੈ..ਇਹ ਤੇਰੀ ਮਿਹਨਤ ਹੈ। ਚਾਰ ਸਾਲ ਬਾਅਦ ਉਸਦਾ ਰਿਸ਼ਤਾ ਕਰ ਦਿੱਤਾ ਗਿਆ। ਵਿਆਹ ਤੋਂ ਇੱਕ ਹਫਤਾ ਪਹਿਲਾਂ ਜਦੋਂ ਲਾਇਬ੍ਰੇਰੀ ਜਾਣ ਲੱਗੀ ਤਾਂ ਉਸਦੀ ਮਾਂ ਉਸਨੂੰ ਆਖਣ ਲੱਗੇ ਕਿ,”ਹੁਣ ਤਾਂ ਬਸ ਕਰ ਇਕ ਹਫਤਾ ਹੀ ਰਹਿ ਗਿਆ”। ਪਰ ਉਹ ਆਖਦੀ ਹੈ ਕਿ ਅੱਜ ਆਖਰੀ ਦਿਨ ਜਾਵੇਗੀ।ਹਰ ਰੋਜ਼ ਫੁੱਲਾਂ ਵਾਂਗ ਮਹਿਕਦੀ ..ਮਹਿਕ ਅੱਜ ਮੁਰਝਾਈ ਜਾਪਦੀ ਸੀ। ਸਾਰੇ ਉਸਨੂੰ ਵੇਖ ਕੇ ਬਹੁਤ ਹੈਰਾਨ ਸੀ ਕਿ ਵਿਆਹ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦੇ ਪਰ ੳਹ ਬਿਲਕੁਲ ਖੁਸ਼ ਨਹੀਂ ਸੀ ਭਾਵੇਂ ਸਭ ਕੁਝ ਉਸਦੀ ਰਜ਼ਾਮੰਦੀ ਨਾਲ ਹੋ ਰਿਹਾ ਸੀ…ਫਿਰ ਵੀ ਉਹ ਆਪਣੇ ਬਾਪੂ ਤੋਂ ਦੂਰ ਜਾਣ ਤੋਂ ਡਰਦੀ ਸੀ। ਚਾਰ ਵਜੇ ਉਸਦੇ ਬਾਪੂ ਨੇ ਮਹਿਕ ਨੂੰ ਨਾਲ ਵਾਲੀ ਪਾਰਕ ਵਿੱਚ ਬੁਲਾਇਆ ਸੀ …ਮਹਿਕ ਆਪਣੇ ਬੈਗ ਵਿੱਚ ਲਿਫਾਫਾ ਰੱਖਦੀ ਹੈ ਅਤੇ ਪਾਰਕ ਵੱਲ ਤੁਰ ਪੈਂਦੀ ਹੈ।
ਇਹ ਪਾਰਕ ਆਮ ਜਗ੍ਹਾ ਨਹੀਂ ਸੀ…ਇਥੇ ਉਹ ਅਕਸਰ ਆਪਣੇ ਬਾਪੂ ਨਾਲ ਖੇਡਣ ਆਇਆ ਕਰਦੀ । ਉਸ ਪਾਰਕ ਵਿੱਚ ਮਹਿਕ ਨੇ ਆਪਣੇ ਬਾਪੂ ਨਾਲ ਮਿਲ ਕੇ ਕਿੰਨੇ ਫੁੱਲਾਂ ਦੇ ਪੌਦੇ ਲਗਾਏ ਸੀ…ਅਤੇ ਹਰ ਵਾਰ ਉਸਦਾ ਬਾਪੂ ਫੁੱਲਾਂ ਦਾ ਨਾਮ ਮਹਿਕ ਰੱਖ ਦਿੰਦਾ ..ਇਹ ਵੇਖ ਮਹਿਕ ਬਹੁਤ ਖੁਸ਼ ਹੋਇਆ ਕਰਦੀ।
ਮਹਿਕ ਨੇ ਪਾਰਕ ਜਾ ਕੇ ਵੇਖਿਆ ਤਾਂ ਬਾਪੂ ਜੀ ਉਸੇ ਬੈਂਚ ਉਪਰ ਬੈਠੇ ਹੋਏ ਸੀ ਜਿਥੇ ਉਹ ਅਕਸਰ ਬੈਠਦੇ ਸੀ। ਮਹਿਕ ਜਦੋਂ ਆਈ ਤਾਂ ਅੱਜ ਉਸਦੇ ਬਾਪੂ ਜੀ ਦੀਆਂ ਅੱਖਾਂ ਨਮ ਸੀ। ਮਹਿਕ ਨੂੰ ਆਉਂਦਿਆਂ ਵੇਖ ਉਸਦੇ ਬਾਪੂ ਜੀ ਅੱਖਾਂ ਪੂੰਝਣ ਲੱਗ ਪੈਂਦੇ ਨੇ। ਕਿੰਨੀ ਦੇਰ ਬੈਠ ਉਹ ਉਹੀ ਬਚਪਨ ਦੀ ਯਾਦਾਂ ਨੂੰ ਮੁੜ ਯਾਦ ਕਰਦੇ ਹਨ।ਬਾਪੂ ਜੀ ਮਹਿਕ ਨੂੰ ਆਖਦੇ ਹਨ,” ਉਹ ਫੁੱਲ ਵੇਖ ਜਿਹੜੇ ਆਪਾਂ ਲਗਾਏ ਸੀ ..ਜਿਹਨਾਂ ਦਾ ਨਾਂਅ ਮੈਂ ਤੇਰੇ ਨਾਂ ‘ਤੇ ਰੱਖ ਦਿੰਦਾ ਸੀ। ਇਹਨਾਂ ਵਿੱਚੋਂ ਇੱਕ ਬੂਟਾ ਤੇਰੇ ਨਵੇਂ ਘਰ ਪਹੁੰਚਾ ਦਿੱਤਾ ਹੈ..ਮੈਂ ਤੇਰੇ ਨਾਲ ਇਥੇ ਗੱਲਾਂ ਕਰਾਂਗਾ ਅਤੇ ਜਦੋਂ ਤੂੰ ਉਥੇ ਇਸ ਬੂਟੇ ਨੂੰ ਛੂਹਿਆ ਕਰੇਗੀ ਮੈਂ ਤੇਰੀ ਮਹਿਕ ਇਹਨਾਂ ਫੁੱਲਾਂ ਵਿਚੋਂ ਮਹਿਸੂਸ ਕਰਾਂਗਾ।” ਮਹਿਕ ਦੇ ਬਾਪੂ ਜੀ ਆਪਣੀ ਕੋਟ ਦੀ ਜੇਬ ਵਿੱਚੋਂ ਇਕ ਲਿਫਾਫਾ ਕੱਢਦੇ ਹਨ ਅਤੇ ਮਹਿਕ ਦੇ ਹੱਥਾਂ ਉਪਰ ਰੱਖਦੇ ਹੋਏ ਕਹਿੰਦੇ ਹਨ,” ਇਹ ਮੇਰੇ ਵੱਲੋਂ ਤੋਹਫਾ, ਖੋਲ ਕੇ ਵੇਖ ਕਿੰਝ ਲੱਗਿਆ?” ਇਹ ਵੇਖ ਮਹਿਕ ਵੀ ਆਪਣੇ ਬੈਗ ਵਿੱਚੋਂ ਲਿਫਾਫਾ ਕੱਢਦੀ ਹੈ ਅਤੇ ਬਾਪੂ ਨੂੰ ਦਿੰਦੀ ਹੋਏ ਆਖਦੀ ਹੈ,”ਇਹ ਤੁਹਾਡੇ ਲਈ “। ਦੋਵੇਂ ਆਪੋ ਆਪਣੇ ਲਿਫਾਫਾ ਹੱਥਾਂ ਵਿੱਚ ਲੈ ਲੈਂਦੇ ਹਨ…ਪਹਿਲਾਂ ਮਹਿਕ ਦਾ ਲਿਫਾਫਾ ਖੋਲ੍ਹਣ ਦੀ ਗੱਲ ਤੈਅ ਹੁੰਦੀ ਹੈ…ਮਹਿਕ ਜਦੋਂ ਲਿਫਾਫਾ ਖੋਲ੍ਹਦੀ ਹੈ ਤਾਂ ਉਹ ਬਾਪੂ ਨੂੰ ਆਖਦੀ ਹੈ ਕਿ ,” ਤੁਸੀਂ ਤਾਂ ਮੇਰੇ ਲਈ ਰੱਬ ਹੀ ਹੋ”..ਉਸਦੇ ਲਿਫਾਫੇ ਵਿੱਚ ਉਸਦੀ ਨੌਕਰੀ ਦੇ ਕਾਗਜ਼ ਹੁੰਦੇ ਹਨ ਕਿ ਉਹ ਦੂਜੇ ਸ਼ਹਿਰ ਜਾ ਕੇ ਇਸੇ ਨੌਕਰੀ ਨੂੰ ਜਾਰੀ ਰੱਖ ਸਕਦੀ ਹੈ। ਬਾਪੂ ਜੀ ਮਹਿਕ ਨੂੰ ਆਖਦੇ ਹਨ ਕਿ ਮੈਂ ਤੇਰੇ ਸਹੁਰਿਆਂ ਨਾਲ ਵੀ ਪਹਿਲਾਂ ਹੀ ਇਸ ਬਾਰੇ ਗੱਲ ਕਰ ਲਈ ਸੀ।
ਹੁਣ ਵਾਰੀ ਸੀ…ਮਹਿਕ ਦੇ ਦਿੱਤੇ ਹੋਏ ਲਿਫਾਫੇ ਨੂੰ ਖੋਲ੍ਹਣ ਦੀ..
ਉਸ ਵਿੱਚ ਉਸਨੇ ਆਪਣੇ ਬਾਪੂ ਨੂੰ ਆਪਣੇ ਚਾਰ ਸਾਲ ਦੀ ਕਮਾਈ ਐਫ.ਡੀ. ਦੇ ਰੂਪ ਵਿੱਚ ਇਹ ਆਖਦੇ ਹੋਏ ਦਿੱਤੀ ਕਿ ਤੁਸੀਂ ਕਦੇ ਮੇਰੇ ਅਤੇ ਵੀਰ ਵਿੱਚ ਫਰਕ ਨਹੀਂ ਰੱਖਿਆ…ਮੈਂ ਅੱਜ ਨਾ ਨਹੀਂ ਸੁਣਨੀ। ਬਾਪੂ ਨੇ ਵੀ ਖੁਸ਼ੀ ਖੁਸ਼ੀ ਉਸਦਾ ਦਿੱਤਾ ਤੋਹਫਾ ਸਵੀਕਾਰ ਕੀਤਾ ਅਤੇ ਆਖਿਆ ਤੂੰ ਤਾਂ ਮੇਰਾ ਪੁੱਤਰ ਹੀ ਹੈ। ਹੱਸਦੇ ਹੋਏ ਉਹ ਘਰ ਵੱਲ ਨੂੰ ਤੁਰ ਪੈਂਦੇ ਹਨ ਅਤੇ ਘਰ ਪਹੁੰਚਦਿਆਂ ਜਦੋਂ ਉਸਦੀ ਮਾਂ ਮਹਿਕ ਨੂੰ ਖੁਸ਼ ਵੇਖਦੀ ਹੈ ਤਾਂ ਉਸਨੂੰ ਉਸਦੀ ਮਹਿਕ ਫੁੱਲਾਂ ਵਾਂਗ ਮਹਿਕਦੀ ਮਹਿਸੂਸ ਹੁੰਦੀ ਹੈ ਜੋ ਕੁਝ ਸਮੇਂ ਪਹਿਲਾਂ ਮੁਰਝਾਈ ਹੋਈ ਸੀ।
~ਗੁਰਦੀਪ ਕੌਰ
ਧੀ ਜਾਂ ਪੁੱਤ ,ਬਾਪੂ ਜਾਂ ਰੱਬ
651
previous post