ਕਿਸਮਤ ਦੀ ਮਾਰ

by admin

ਸੁਰਿੰਦਰ ਕੌਰ ਬੜੀ ਮਿਹਨਤੀ ਤੇ ਸਭ ਦਾ ਆਦਰ ਸਤਿਕਾਰ ਕਰਨ ਵਾਲੀ ਔਰਤ ਸੀ। ਸਭ ਆਂਢ ਗੁਆਂਢ ਉਸਦੀਆਂ ਸਿਫ਼ਤਾਂ ਕਰਦੇ….ਪਰ ਕਿਸਮਤ ਦੀ ਮਾਰੀ ਨੂੰ ਪਤੀ ਦੇ ਚੱਲ ਵੱਸਣ ਤੋਂ ਬਾਅਦ ਘਰ ਦੀਆ ਜਿੰਮੇਵਾਰੀਆ ਦਾ ਭਾਰ ਚੁੱਕਣਾ ਪਿਆ। ਤਿੰਨ ਪੁੱਤਰਾਂ ਦੀ ਮਾਂ ਹੋਣ ਕਰਕੇ ਉਹਨਾਂ ਦੀਆ ਲੋੜਾਂ ਪੂਰੀਆ ਕਰਨ ਲਈ,ਪਾਲਣ ਲਈ ਲੋਕਾਂ ਦੇ ਘਰਾਂ ‘ਚ ਕੰਮ ਕਰਨਾ ਪੈਂਦਾ।ਤਿੰਨ ਪੁੱਤਰਾਂ ਦੀ ਮਾਂ ਹੋਣ ਕਰਕੇ ਸਾਰੇ ਦਿਲਾਸਾ ਦਿੰਦੇ ਹੋਏ ਕਹਿੰਦੇ,”ਸੁਰਿੰਦਰ ਕੌਰ ਤੂੰ ਫਿਕਰ ਨਾ ਕਰਿਆ ਕਰ,ਅੱਜ ਛੋਟੇ ਨੇ ਕੱਲ੍ਹ ਨੂੰ ਵੱਡੇ ਹੋ ਕੇ ਤੇਰੀ ਮਿਹਨਤ ਦਾ ਮੁੱਲ ਮੋੜਨਗੇ,ਖੂਬ ਐਸ਼ ਕਰਾਉਣਗੇ ਤੈਨੂੰ।” ਸੁਰਿੰਦਰ ਕੌਰ ਬੱਚਿਆ ਨੂੰ ਪੜਾਈ ਕਰਨ ਲਈ ਨਿੱਤ ਪ੍ਰੇਰਦੀ ਰਹਿੰਦੀ ਤੇ ਆਪ ਭੁੱਖੀ ਰਹਿ ਲੈਂਦੀ,ਪਰ ਬੱਚਿਆ ਨੂੰ ਕਦੇ ਭੁੱਖਿਆਂ ਨਾ ਸੌਣ ਦਿੰਦੀ।
ਵਕਤ ਦੇ ਨਾਲ ਉਸਦੇ ਵੱਡੇ ਦੋ ਪੁੱਤਰ ਚੰਗੀਆ ਨੌਕਰੀਆ ਤੇ ਲੱਗ ਗਏ ਤੇ ਹੁਣ ਉਹਨਾਂ ਦੇ ਵਿਆਹ ਦੀਆ ਤਿਆਰੀਆਂ ਹੋਣ ਲੱਗੀਆ। ਚੰਗਾ ਰਿਸ਼ਤਾ ਲੱਗਣ ਤੇ ਸੁਰਿੰਦਰ ਨੇ ਦੋਵੇਂ ਪੁੱਤਰ ਇੱਕੋ ਘਰ ਵਿਆਹ ਲਏ ਤੇ ਸੋਚਿਆ ਦੋਵੇਂ ਭੈਣਾਂ ਰਲ ਕੇ ਰਹਿਣਗੀਆਂ। ਛੋਟਾ ਮੁੰਡਾ ਨਸ਼ੇ ਦੀਆ ਭੈੜੀਆਂ ਬਹਿਣੀਆਂ ‘ਚ ਆਪਣੇ ਆਪ ਨੂੰ ਖਤਮ ਕਰਨ ‘ਚ ਲੱਗਾ ਸੀ ਇਉ ਕਹਿ ਲਈਏ ਜਿਵੇਂ ਮਾਂ ਦੀਆ ਆਸਾ ਤੇ ਪਾਣੀ ਫੇਰ ਰਿਹਾ ਸੀ।ਨੂੰਹਾ ਦੇ ਘਰ ਆਉਣ ਤੇ ਸੁਰਿੰਦਰ ਕੌਰ ਦਾ ਹਾਲ ਪਹਿਲਾ ਨਾਲ਼ੋਂ ਜਿਆਦਾ ਹੁਣ ਦੁਖਾਂਤ ਸੀ।ਸਾਰਾ ਦਿਨ ਚੁਲ਼ੇ ਚੌਕੇ ਦੇ ਕੰਮਾਂ ‘ਚ ਘਿਰੀ ਆਪਣੇ ਤੇ ਪਈ ਕਿਸਮਤ ਦੀ ਮਾਰ ਨੂੰ ਮਹਿਸੂਸ ਕਰਦੀ।
ਨੂੰਹਾਂ ਅਕਸਰ ਕਹਿੰਦੀਆਂ ,” ਰੋਟੀ ਖਾਣੀ ਏ ਤਾਂ ਕੰਮ ਕਰਨਾ ਪਊ, ਸਾਨੂੰ ਕੋਈ ਸ਼ੌਕ ਨਹੀਂ ਵਿਹਲੜ ਨੂੰ ਖਵਾਉਣ ਦਾ।” ਉਹ ਅਕਸਰ ਨਮ ਅੱਖਾਂ ਨਾਲ ਦਿਲ ਦਾ ਦੁੱਖੜਾ ਸਾਂਝਾ ਕਰ ਲੈਂਦੀ।ਇਕ ਦਿਨ ਸੁਰਿੰਦਰ ਆਪਣੀ ਭੈਣ ਨੂੰ ਮਿਲਣ ਉਸਦੇ ਪਿੰਡ ਜਾਣ ਲਈ ਬੱਸ ਵਿੱਚ ਬੈਠੀ ਸੀ ਤੇ ਦੋ ਹੋਰ ਔਰਤਾਂ ਵੀ ਉਸ ਦੇ ਨਾਲ ਦੀ ਸੀਟ ਤੇ ਆ ਕੇ ਬੈਠ ਗਈਆ ਤੇ ਆਪਸ ‘ਚ ਗੱਲਾਂ ਕਰਦੀਆਂ ਕਹਿ ਰਹੀਆਂ ਸੀ ਕਿ,” ਇੱਕ ਮਾਂ ਆਪਣੇ ਤਿੰਨ-ਚਾਰ ਬੱਚਿਆ ਨੂੰ ਭਾਂਡੇ ਮਾਂਜ ਕੇ,ਦਿਹਾੜੀ ਕਰਕੇ ਰੋਟੀ ਖੁਆ ਸਕਦੀ ਹੈ,ਪਾਲ ਸਕਦੀ ਏ,ਪਰ ਅੱਜ ਕੱਲ ਤਿੰਨ-ਚਾਰ ਪੁੱਤਰ ਇੱਕ ਮਾਂ ਨੂੰ ਰੋਟੀ ਨਹੀਂ ਦੇ ਸਕਦੇ।” ਇਹ ਗੱਲਾਂ ਸੁਰਿੰਦਰ ਨੂੰ ਇੰਝ ਲੱਗ ਰਹੀਆਂ ਸਨ ਜਿਵੇਂ ਉਸਦੇ ਜੀਵਨ ਨੂੰ ਹੀ ਬਿਆਨ ਕਰ ਰਹੀਆ ਹੋਣ….।

ਸੰਦੀਪ ਕੌਰ ਚੀਮਾ

You may also like