ਨਸਲ

by admin

ਕਰਮ ਸਿੰਘ ਗੁਰੂ ਘਰੋਂ ਮੁੜਿਆ ਤਾਂ ਉਸਨੂੰ ਗਲੀ ਵਿੱਚ ਚਹਿਲ ਪਹਿਲ ਨਜਰ ਆਈ। ਉਸਨੇ ਨਜਰ ਮਾਰੀ ਤਾਂ ਦਰਜੀਆਂ ਦੇ ਜੰਗ ਸਿੰਘ ਦੇ ਖਾਲੀ ਘਰ ਸਾਹਮਣੇ ਟਰੱਕ ਖੜਾ ਸੀ ਤੇ ਉਸ ਵਿੱਚੋ ਸਮਾਨ ਉਤਾਰਿਆ ਜਾ ਰਿਹਾ ਸੀ। ਕਈ ਸਾਲਾਂ ਤੋ ਖਾਲ੍ਹੀ ਪਏ ਘਰ ਵਿੱਚ ਕੋਈ ਰਹਿਣ ਆ ਗਿਆ ਸੀ। ਇਹ ਸੋਚ ਕੇ ਉਸਦੇ ਹੱਥ ਅਕਾਸ ਵੱਲ ਜੁੜ ਗਏ, “ ਚਲੋ ਚੰਗਾ ਹੋਇਆ ਗੁਆਂਢ ਵਸ ਗਿਆ, ਨਹੀ ਤਾਂ ਪਿੰਡ ਅੰਦਰੋ ਖੋਲੇ ਹੋਏ ਪਏ ਹਨ”।ਉਸਦੀ ਤੁਰਨ ਦੀ ਸਪੀਡ ਵੀ ਵੱਧ ਗਈ।ਉਸਨੇ ਨਜਦੀਕ ਜਾਕੇ ਦੇਖਿਆ ਤਾਂ ਇੱਕ ਮੁੰਡਾ ਸਮਾਨ ਉਤਾਰ ਰਿਹਾ ਸੀ ਤੇ ਖਾਸੀ ਵੱਡੀ ਉਮਰ ਦਾ ਬੰਦਾ ਉਪਰੋ ਸਮਾਨ ਫੜਾ ਰਿਹਾ ਸੀ।।ਉਹ ਨੇੜੇ ਹੋ ਕੇ ਖੜ ਗਿਆ।ਇਨ੍ਹੇ ਵਿਚ ਅਜੀਬ ਜਿਹੇ ਵਾਲਾਂ ਵਾਲਾ ਮੁੰਡਾ ਡਿਕਡੋਲੇ ਖਾਦਾਂ ਅੰਦਰੋਂ ਨਿਕਲਿਆ ਤੇ ਕਰਮ ਸਿੰਘ ਨੂੰ ਖੜਾ ਦੇਖ ਵਾਪਿਸ ਮੁੜ ਗਿਆ।ਉਸਨੇ ਟਰੱਕ ਵਿਚ ਖੜੇ ਬੰਦੇ ਨੂੰ ਧਿਆਨ ਨਾਲ ਦੇਖਿਆ ਤਾਂ ਪਛਾਣ ਆਈ ਇਹ ਤਾਂ ਜੰਗ ਸਿੰਘ ਹੈ।
ਮੁੰਡੇ ਨੂੰ ਵਾਪਸ ਸਮਾਨ ਫੜਾ ਕੇ ਜਦੋ ਜੰਗ ਸਿੰਘ ਵਿਹਲਾ ਹੋਇਆ ਤਾਂ ਉਸਦੀ ਨਜਰ ਵੀ ਕਰਮ ਸਿੰਘ ਤੇ ਚਲੀ ਗਈ। ਉਸਨੇ ਹੱਥ ਜੋੜ ਕੇ ਫਤਿਹ ਬੁਲਾਈ ਤੇ ਪੁੱਛਿਆ “ਹੋਰ ਚਾਚਾ ਜੀ ਸਭ ਠੀਕ ਹੈ”।ਕਰਮ ਸਿੰਘ ਨੂੰ ਉਸਦੀ ਬਦਲੀ ਕਾਇਆ ਤੇ ਕੰਬਦੀ ਅਵਾਜ ਨੇ ਖਾਸਾ ਅਚੰਭਾ ਚਾੜਿਆ ਸੀ।ਉਸਨੇ ਜਵਾਬ ਦਿੱਤਾ, “ ਸਭ ਹਰੀ ਨਾਉ ਹੈ, ਤੂੰ ਤਾਂ ਭਤੀਜ ਬਾਹਲਾ ਬਦਲ ਗਿਆ, ਪਛਾਣ ਹੀ ਨਹੀ ਆਈ।”
ਜੰਗ ਸਿੰਘ ਟਰੱਕ ਤੋ ਹੇਠਾਂ ਉਤਰ ਆਇਆ।” ਚਾਚਾ ਆਪਣਿਆ ਤੋ ਦੂਰ ਬੰਦੇ ਦਾ ਰਹਿੰਦਾ ਕੀ ਹੈ’ਚਲੋ ਸਮੇ ਦਾ ਹੇਰ ਫੇਰ ਹੈ।“ਉਸਦੀ ਆਵਾਜ਼ ਵਿੱਚ ਲੋਹੜੇ ਦੀ ਉਦਾਸੀ ਝਲਕਦੀ ਸੀ।ਕਰਮ ਸਿੰਘ ਨੇ ਮਹਿਸੂਸ ਕੀਤਾ ਕਿ ਉਸਨੂੰ ਕੋਈ ਝੋਰਾ ਹੈ। ਜਿਸ ਨੇ ਉਸਦਾ ਇਹ ਹਾਲ ਕਰ ਦਿੱਤਾ।ਉਸ ਨੇ ਗੱਲ ਜਾਰੀ ਰੱਖਣ ਲਈ ਕਿਹਾ “ਚਲੋ ਚੰਗਾ ਭਾਈ ਤੂੰ ਪਿੰਡ ਮੁੜ ਆਇਆ, ਨਹੀ ਤਾਂ ਹਰ ਕੋਈ ਸ਼ਹਿਰ ਵੱਲ ਨੂੰ ਭੱਜਦਾ ਤੇ ਉਥੋ ਬਾਹਰਲੇ ਦੇਸ ਨੂੰ।”ਜੰਗ ਨੇ ਅਣਪੱਤ ਨਾਲ ਕਰਮ ਸਿੰਘ ਦਾ ਹੱਥ ਫੜਿਆ ਤੇ ਕਿਹਾ “ਹੁਣ ਤਾ ਇੱਥੇ ਹੀ ਰਹਾਂਗੇ, ਤੂੰ ਤਾ ਚਾਚਾ ਪਹਿਲਾ ਵੀ ਰੋਕਿਆ ਸੀ ਕੀ ਨਾ ਜਾ ਪਰ ਫਸਲਾਂ ਲਗਾਤਾਰ ਖਰਾਬ ਹੋਈ ਗਈਆ ਤੇ ਮੇਰੇ ਵਰਗੇ ਹੱਥੀ ਕਾਰ ਵਾਲੇ ਲਈ ਇੱਥੇ ਰਹਿਣਾ ਮੁਸ਼ਕਲ ਹੋ ਗਿਆ ਸੀ।” ਉਹ ਸਾਹ ਲੈਣ ਲਈ ਰੁਕਿਆ ਤੇ ਫੇਰ ਬੋਲਿਆ, “ ਚਾਚਾ ਸ਼ਹਿਰ ਜਾ ਕੇ ਪੈਸਾ ਤਾਂ ਆ ਗਿਆ ਪਰ…..” ਉਸਨੇ ਗੱਲ ਅਧੂਰੀ ਛੱਡ ਦਿੱਤੀ।” ਅੰਦਰੋ ਮੁੰਡਾ ਬਾਹਰ ਆ ਗਿਆ ਤੇ ਬੋਲਿਆ,” ਭਾਪਾ ਅੰਦਰ ਮੰਮੀ ਸੱਦਦੀ ਹੈ,ਗਿੰਦੀ ਅੰਦਰ ਮੰਮੀ ਨਾਲ ਲੜੀ ਜਾਦਾ ਹੈ ਵੀ ਸ਼ਹਿਰ ਚਲੋ ਜਾ ਮੈਨੂੰ ਨਸ਼ਾ ਲਿਆ ਕੇ ਦਿਓ” ਜੰਗ ਸਿੰਘ ਨੇ ਆਉਣ ਦਾ ਇਸਾਰਾ ਕਰਦੇ ਹੋਏ ਸਿਰ ਹਿਲਾਇਆ। ਕਰਮ ਸਿੰਘ ਨੂੰ ਆਪਣੇ ਵੱਲ ਸਵਾਲੀਆ ਨਜਰਾ ਨਾਲ ਦੇਖਦਾ ਵੇਖ ਉਹ ਬੋਲਿਆ,“ ਚਾਚਾ ਇਹ ਤਾ ਛੋਟਾ ਮੁੰਡਾ ਬਿੰਦੀ ਹੈ ਤੇ ਅੰਦਰ ਕਲੇਸ ਕਰਦਾ ਵੱਡਾ ਗਿੰਦੀ ਹੈ,ਪੁੱਛ ਨਾ ਪੱਟ ਤੇ ਸ਼ਹਿਰ ਨੇ,ਛੋਹਰ ਦੇ ਲੱਛਣਾਂ ਕਰਕੇ ਤਪੇ ਪਏ ਹਾਂ“
ਕਰਮ ਸਿੰਘ ਨੇ ਹਾਮੀ ਭਰਦਿਆ ਕਿਹਾ,” ਜੰਗ ਭਾਈ ਸਮੇ ਦੇ ਚੱਕਰ ਨੇ ਫਸਲਾ ਖਰਾਬ ਹੋ ਜਾਦੀਆਂ ਤੇ ਫੇਰ ਹੋਣ ਲੱਗ ਪੈਦੀਆਂ ਨੇ ਪਰ ਆਪਣਾ ਪਿੰਡ ਆਪਣਾ ਹੀ ਹੁੰਦਾ ਹੈ”।ਉਸ ਨੇ ਕਰਮ ਸਿੰਘ ਵੱਲ ਦੇਖਿਆ,” ਹਾਂ ਚਾਚਾ, ਆਪਣਾ ਪਿੰਡ ਆਪਣਾ ਹੀ ਹੁੰਦਾ ਹੈ ਇੱਥੇ ਮੈ ਫਸਲਾਂ ਖਰਾਬ ਹੋਇਆ ਤੋਂ ਪਿੰਡ ਛੱਡਿਆ ਸੀ ਪਰ ਸਹਿਰ ਜਾ ਕੇ ਤਾ ਨਸਲਾਂ ਵੀ ਖਰਾਬ ਹੋਣ ਲੱਗ ਪਈਆ,ਫ਼ਸਲਾਂ ਤਾ ਮੁੜ ਹੋਣ ਲੱਗ ਪਈਆਂ ਪਰ ਨਸਲਾਂ ਦਾ ਪਤਾ ਨਹੀਂ ਕੀ ਬਣੂ, ਇਸ ਲਈ ਆਪਣਿਆ ਕੋਲ ਮੁਡ਼ ਆਇਆ,ਸ਼ਹਿਰ ਛੱਡਿਆ ਇਹੀ ਹਾਲ ਰਿਹਾ ਤਾ ਦੁਨੀਆਂ ਨਾ ਛੱਡਣੀ ਪੈ ਜਾਵੇ”। ਇੰਨਾ ਕਹਿੰਦਾ ਜੰਗ ਸਿੰਘ ਉਦਾਸੀ ਨਾਲ ਸਿਰ ਹਿਲਾਉਂਦਾ ਅੰਦਰ ਤੁਰ ਗਿਆ । ਕਰਮ ਸਿੰਘ ਸਮੇ ਦੇ ਚੱਕਰ ਨੂੰ ਚਿਤਵਦਾ ਅਸਮਾਨ ਵੱਲ ਹੱਥ ਜੋੜਦਾ ਤੇ ਮੇਹਰ ਰੱਖੀ ਦਾਤਿਆ ਕਹਿੰਦਾ ਘਰ ਨੂੰ ਚੱਲ ਪਿਆ।
ਭੁਪਿੰਦਰ ਸਿੰਘ ਮਾਨ

Bhupinder Singh Maan

You may also like