ਮਿਰਜੂ ਰਾਮ ਦਾ ਸਾਰਾ ਪਰਿਵਾਰ ਅਤੇ ਉਸ ਦਾ ਘਰ ਤਾਂ ਪਹਿਲਾਂ ਹੀ ਗੁਜਰਾਤ ਦੇ ਭੂਚਾਲ ਦੀ ਭੇਟ ਹੋ ਗਏ ਸਨ। ਉਹ ਅਤੇ ਉਸ ਦੀ ਪਤਨੀ ਰਾਜਸਥਾਨ ਵਿੱਚ ਰਹਿੰਦੇ ਹੋਣ ਕਰਕੇ ਬਚ ਗਏ ਸਨ। ਉਹ ਮੌਤ ਵਰਗੀ ਜ਼ਿੰਦਗੀ ਨੂੰ ਕਾਨਿਆਂ ਦੀ ਝੌਪੜੀ ਵਿੱਚ ਵਿਤਾ ਰਹੇ ਸਨ।
ਸੋਕੇ ਦੀ ਭਿਆਣਕ ਸਥਿਤੀ ਉਨ੍ਹਾਂ ਦੇ ਸਿਰਾਂ ਉੱਤੋਂ ਲੰਘ ਰਹੀ ਸੀ। ਲੋਕ ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸ ਰਹੇ ਸਨ। ਉਸ ਦੀ ਪਤਨੀ ਸਖਤ ਗਰਮੀ ਵਿੱਚ ਦੋ ਕੋਹ ਦੂਰ ਪਾਣੀ ਲੈਣ ਜਾਂਦੀ ਸੀ। ਇੱਕ ਦਿਨ ਉਹ ਵਾਪਸ ਆਉਂਦੀ ਪਿੰਡ ਲਾਗੇ ਡਿਗਦਿਆਂ ਆਪਣੀ ਘੜੀ ਆਪ ਭੰਨਕੇ ਦਮ ਤੋੜ ਗਈ ਸੀ।
ਉਹ ਆਪਣੀ ਕਾਲੀ ਕਲੂਟੀ, ਹੱਡੀਆਂ ਦੀ ਮੁੱਠ ਰੂਪਮਤੀ ਦੀ ਚਿਣੀ ਜਾਂਦੀ ਚਿਤਾ ਨੂੰ ਪੱਥਰ ਹੋਈਆਂ ਅੱਖਾਂ ਨਾਲ ਵੇਖ ਰਿਹਾ ਸੀ। ਚਿਤਾ ਨੂੰ ਅੱਗ ਲਾਉਣ ਤੋਂ ਪਹਿਲਾਂ ਉਸ ਨੂੰ ਚੇਤਾ ਆਇਆ ਕਿ ਉਸ ਦੀ ਆਪਣੀ ਚਿਤਾ ਨੂੰ ਕੌਣ ਅੱਗ ਲਾਵੇਗਾ। ਉਸ ਨੂੰ ਚੱਕਰ ਜਿਹਾ ਆਇਆ ਅਤੇ ਫਿਰ ਗਸ਼ ਖਾ ਕੇ ਡਿੱਗ ਪਿਆ।
ਪਤੀ, ਪਤਨੀ ਦੀ ਸਾਂਝੀ-ਚਿਤਾ ਨੂੰ ਉਸ ਦਾ ਕੋਈ ਗਵਾਂਢੀ ਅੱਗ ਵਿਖਾ ਰਿਹਾ ਸੀ।
punjabi stories
ਮੇਲੇ ਵਿੱਚ ਪੂਰੀ ਗਹਿਮਾ ਗਹਿਮੀ ਸੀ। ਮੋਢੇ ਨਾਲ ਮੋਢਾ ਖਹਿ ਰਿਹਾ ਸੀ। ਆਮ ਲੋਕਾਂ ਨਾਲ ਮੋਡਿਆਂ ਅਤੇ ਕੁੜੀਆਂ ਦੀਆਂ ਵੱਖ ਵੱਖ ਢਾਣੀਆਂ ਮੇਲੇ ਦਾ ਅਨੰਦ ਮਾਣ ਰਹੀਆਂ ਸਨ। ‘ਮੇਲਾ ਮੇਲੀ ਦਾ, ਰੁਪਏ ਧੇਲੀ ਦਾ’ ਦੇ ਅਖਾਣ ਅਨੁਸਾਰ ਪੁਰਾਣੇ ਦੋਸਤ ਮਿੱਤਰ ਅਤੇ ਸਹੇਲੀਆਂ ਮਿਲ ਰਹੀਆਂ ਸਨ ਅਤੇ ਜੇਬਾਂ ਹੌਲੀਆਂ ਹੁੰਦੀਆਂ ਜਾ ਰਹੀਆਂ ਸਨ।
ਮੇਲੇ ਦੇ ਇੱਕ ਪਾਸੇ ਮਨੋਰੰਜਨ ਦੇ ਸਾਧਨ ਚੱਲ ਰਹੇ ਸਨ। ਇੱਕ ਨਵੇਕਲੀ ਜਿਹੀ ਸਟਾਲ ਉੱਤੇ ਬਹੁਤ ਸਾਰੇ ਭਕਾਣੇ ਭਰ ਕੇ ਟੰਗੇ ਹੋਏ ਸਨ। ਛੋਟੀ ਜਿਹੀ ਰੋੜਾਂ ਵਾਲੀ ਬੰਦੂਕ ਨਾਲ ਨਿਸ਼ਾਨੇਬਾਜ਼ੀ ਚਲ ਰਹੀ ਸੀ। ਇੱਕ ਪ੍ਰੇਮ-ਜੋੜੀ ਬੜੀ ਦਿਲਚਸਪੀ ਨਾਲ ਉਸ ਨੂੰ ਵੇਖ ਰਹੀ ਸੀ।
‘ਕਿਉਂ ਰਚਾਉਣੇ ਮੈਚ?? ਕੁੜੀ ਨੇ ਪੁੱਛਿਆ। ‘ਹੋ ਜੇ ਫਿਰ, ਨਾਲੇ ਪਰਖ ਹੋਜੂ ਗੀ’ ਮੁੰਡਾ ਜਿਵੇਂ ਪਹਿਲਾਂ ਹੀ ਤਿਆਰ ਸੀ।
ਕੁੜੀ ਨੇ ਪੰਜ ਨਸ਼ਾਨਿਆਂ ਵਿੱਚ ਪੰਜ ਭਕਾਣੇ ਤੋੜ ਦਿੱਤੇ, ਪਰ ਮੁੰਡਾ ਪੰਜ ਨਿਸ਼ਾਨਿਆਂ ਵਿੱਚੋਂ ਕੇਵਲ ਤਿੰਨ ਵਿੱਚ ਸਫਲ ਹੋ ਸਕਿਆ।
‘ਸਵੰਬਰ ਤਾਂ ਤੁਸੀਂ ਹਾਰ ਗਏ।’ ਮੁੰਡੇ ਦਾ ਮੂੰਹ ਉੱਤਰਿਆ ਹੋਇਆ ਸੀ।
‘ਘਬਰਾਓ ਨਾ ਜੈ ਮਾਲਾ ਹਾਲੀ ਵੀ ਮੇਰੇ ਹੱਥ ਏ।” ਕੁੜੀ ਦੀ ਮੁਸ਼ਕਰਾਹਟ ਨੇ ਮੁੰਡੇ ਨੂੰ ਫਿਰ ਟਹਿਕਾ ਦਿੱਤਾ ਸੀ।
ਨਵਦੀਪ ਸਿੰਘ ਤੀਹ ਸਾਲ ਦਾ ਸੁੰਦਰ, ਸਡੌਲ ਅਤੇ ਸੰਵੇਦਨਸ਼ੀਲ ਨੌਜਵਾਨ ਸੀ। ਉਸ ਦਾ ਮਿੱਠਾ ਬਚਪਣ ਇੱਕ ਅੱਤ ਸੋਹਣੀ, ਸੁਸ਼ੀਲ ਅਤੇ ਸੁਚੱਜੀ ਔਰਤ ਨਾਲ ਬੀਤਿਆ, ਜਿਸ ਨੇ ਉਸ ਦੀਆਂ ਸਰੀਰਕ, ਮਾਨਸਿਕ ਅਤੇ ਸਮਾਜਿਕ ਲੋੜਾਂ ਦਾ ਪੂਰਾ ਧਿਆਨ ਹੀ ਨਹੀਂ ਰੱਖਿਆ ਸਗੋਂ ਉਨ੍ਹਾਂ ਦੀ ਪੂਰਤੀ ਲਈ ਸਖਤ ਪਹਿਰਾ ਦੇ ਕੇ ਉਸ ਨੂੰ ਜਵਾਨੀ ਦੀ ਉਂਗਲੀ ਲਾ ਦਿੱਤਾ ਸੀ।
ਦੂਜੀ ਔਰਤ ਉਸ ਨੂੰ ਬਹੁਤ ਹੀ ਕੋਮਲ ਪਿਆਰੀ ਅਤੇ ਸਹਿਣ-ਸ਼ੀਲ ਮਿਲੀ । ਜਿਸ ਨੇ ਉਸ ਦੇ ਰੱਖੜੀਆਂ ਬੰਨੀਆਂ, ਉਂਗਲਾਂ ਫੜੀਆਂ, ਖੇਡਾਂ ਵਿੱਚ ਸਾਥੀ ਬਣੀ, ਉਸ ਲਈ ਕੁੱਟਾਂ ਖਾਦੀਆਂ ਅਤੇ ਆਪਣਾ ਸਾਰਾ ਪਿਆਰ ਉਸ ਤੋਂ ਨਿਛਾਵਰ ਕਰ ਦਿੱਤਾ ਸੀ।
ਉਹ ਸਭ ਕੁਝ ਸਰਹੱਦੋਂ ਪਾਰ ਛੱਡ ਕੇ ਨਵੇਂ ਦੇਸ਼ ਆ ਗਿਆ ਸੀ। ਉਹ ਲੰਮਾ ਸਮਾਂ ਕਿਸੇ ਆਪਣੇ ਨੂੰ ਢੂੰਡਦਾ ਰਿਹਾ ਸੀ। ਆਪਣਾ ਤਾਂ ਉਸ ਨੂੰ ਕੀ ਮਿਲਣਾ ਸੀ, ਕਿਸੇ ਚਿਹਰੇ ਤੋਂ ਆਪਣੇ ਹੋਣ ਦਾ ਝੌਲਾ ਵੀ ਨਹੀਂ ਪਿਆ ਸੀ। ਉਹ ਕਿਸੇ ਤੀਜੀ ਔਰਤ ਦੀ ਭਾਲ ਕਰ ਰਿਹਾ ਸੀ, ਜੋ ਉਸ ਨਾਲ ਗੁੜੀ ਸਾਂਝ ਪਾਕੇ ਉਸਦਾ ਹੱਥ ਫੜ ਸਕੇ। ਉਸ ਦਾ ਅੰਦਰਲਾ ਫਰੋਲ ਕੇ ਆਪਣੇ ਅੰਦਰ ਦੀ ਝਾਤ ਪਵਾ ਸਕੇ। ਉਸ ਨੂੰ ਕਦੇ ਮਨ-ਇੱਛਤ ਚਿਹਰੇ ਦਾ ਨਿੱਘਾ ਹੁੰਗਾਰਾ ਨਾ ਮਿਲ ਸਕਿਆ। ਉਹ ਆਪਣੀ ਜਵਾਨੀ ਤੋਂ ਅੱਕ ਗਿਆ ਸੀ। ਹਰ ਸਮੇਂ ਦੇ ਸੀਰੀਰਕ ਤਨਾਓ ਉਸ ਨੂੰ ਅਸਹਿ ਜਾਪਣ ਲੱਗ ਗਏ ਸਨ। ਹੋਰ ਉਡੀਕ ਹੁਣ ਉਸ ਦੀ ਸਹਿਣ-ਸਮਰਥਾ ਤੋਂ ਬਾਹਰ ਹੁੰਦੀ ਜਾ ਰਹੀ ਸੀ। ਲੋਕ ਅੱਖਾਂ ਤੋਂ ਬਚਦਾ ਅਤੇ ਆਪਦੀਆਂ ਅੱਖਾਂ ਮੀਚਦਾ ਕਿਸੇ ਤੀਜੀ ਔਰਤ ਦੀ ਭਾਲ ਵਿੱਚ ਉਹ ਚੁਬਾਰੇ ਦੀਆਂ ਪੌੜੀਆਂ ਚੜ੍ਹ ਰਿਹਾ ਸੀ।
ਸਭ ਕੁਝ ਸਧਾਰਨ ਵਾਂਗ ਸੀ ਅਤੇ ਉਚੇਚ ਵਾਲੀ ਕੋਈ ਵੀ ਗੱਲ ਨਹੀਂ ਸੀ। ਕਚਹਿਰੀ ਵਿੱਚ ਸ਼ਾਦੀ ਕਰਕੇ ਉਹ ਘਰ ਪਹੁੰਚ ਗਏ ਸਨ। ਬਹਾਦਰ ਸਿੰਘ ਦੇਮਾਪੇ ਉਸ ਦੀ ਮਨ ਮਰਜੀ ਕਰਨ ਉੱਤੇ ਸਖਤ ਨਰਾਜ਼ ਸਨ ਅਤੇ ਸਵੀਤਾ ਦੇ ਸੌਹਰੇ ਉਸ ਦੇ ਅੱਤ ਕਾਹਲੇ ਭਾਵਨਾਤਮਕ ਫੈਸਲੇ ਉੱਤੇ ਦੰਦ ਪੀਹ ਰਹੇ ਸਨ।
ਬਹਾਦਰ ਸਿੰਘ ਨੇ ਜੋ ਕੁਝ ਕੀਤਾ ਸੀ ਕੇਵਲ ਪਰਉਪਕਾਰ ਲਈ ਹੀ ਕੀਤਾ ਸੀ। ਦੁਰਘਟਨਾ ਵਿੱਚ ਸਖਤ ਜਖਮੀ ਹੋਏ ਆਦਮੀ ਨੂੰ ਹਸਪਤਾਲ ਵਿੱਚ ਪਹੁੰਚਾਉਣਾ ਉਸਦਾ ਕੁਦਰਤੀ ਫਰਜ ਸੀ। ਜਖਮੀ ਦੀ ਤਨ ਮਨ ਅਤੇ ਕੁਝ ਧਨ ਨਾਲ ਮਦਦ ਕਰਨੀ ਸਿਰਫ ਇਨਸਾਨੀ ਹਮਦਰਦੀ ਸੀ। ਉਸ ਵਲੋਂ ਹਰ ਸੰਭਵ ਯਤਨ ਕਰਨ ਤੇ ਵੀ ਸਵੀਤਾ ਦਾ ਪਤੀ ਬਚ ਨਹੀਂ ਸਕਿਆ ਸੀ।
ਸਵੀਤਾ ਦੀ ਸਿਆਣਪ, ਦਲੇਰੀ ਅਤੇ ਦੂਰਦਰਸ਼ਤਾ ਉੱਤੇ ਉਹ ਹੈਰਾਨ ਹੀ ਤਾਂ ਰਹਿ ਗਿਆ ਸੀ। ਭੂਤ ਦੀਆਂ ਸੰਸਕਾਰਕ ਬੇੜੀਆਂ ਨੂੰ ਤੋੜ, ਵਰਤਮਾਨ ਦੀਆਂ ਸਮਾਜਿਕ ਕਰੋਪੀਆਂ ਨੂੰ ਪਾਸੇ ਨਾਲ ਮਲ, ਇੱਕ ਵਿਧਵਾ ਨੇ ਆਪਣੇ ਭਵਿੱਖ ਦੀ ਮਾਂਗ ਵਿੱਚ ਸਜਰਾ ਸੰਧੂਰ ਭਰ ਲਿਆ ਸੀ।
ਕਾਲਜ ਦੀਆਂ ਸ਼ਰਾਰਤੀ ਕੁੜੀਆਂ ਦਾ ਗਰੁੱਪ ਕੰਟੀਨ ਦੇ ਲਾਗੇ ਹਰੇ ਘਾਹ ਉੱਤੇ ਬੈਠਾ ਹਾਸੇ, ਮਖੌਲ ਦਾ ਅਨੰਦ ਮਾਣ ਰਿਹਾ ਸੀ। ਇਹ ਗਰੁੱਪ ਖਾਣ-ਪੀਣ ਦਾ ਪ੍ਰਬੰਧ ਸਦਾ ਮੁੰਡਿਆਂ ਨੂੰ ਮੂਰਖ ਬਣਾ ਕੇ ਕਰਿਆ ਕਰਦਾ ਸੀ। ਗਰਮ ਚਾਹ ਨਾਲ ਸਮੋਸਿਆਂ ਅਤੇ ਗੁਲਾਬ ਜਾਮਨਾਂ ਲਈ ਉਨ੍ਹਾਂ ਦੇ ਮੂੰਹਾਂ ਵਿੱਚੋਂ ਲਾਲਾਂ ਡਿੱਗ ਰਹੀਆਂ ਸਨ।
ਅੱਜ ਦੀ ਚਾਹ ਖਰੀ ਕਰਨ ਦੀ ਜੁਮੇਵਾਰੀ ਅੱਤ ਸੋਹਣੀ ਕੁੜੀ ਗੁਲਬਦਨ ਦੀ ਸੀ ਜਿਸ ਦੀ ‘ਹਾਂ ਲਈ ਕਈ ਕਾਲਜੀ ਮਜ਼ਨੂੰ ਉਸ ਦੀਆਂ ਪੈੜਾਂ ਮਿੱਧਦੇ ਫਿਰਦੇ ਸਨ।
“ਹਾਈ ਰਮੇਸ਼। ਕੁੜੀ ਦੀ ਮਿੱਠੀ ਆਵਾਜ ਨੇ ਦੂਰੋਂ ਆਉਂਦੇ ਮੁੰਡੇ ਦੇ ਪੈਰ ਜਕੜ ਦਿੱਤੇ ਸਨ। ਗੁਲਬਦਨ ਨੇ ਬੜੇ ਤਪਾਕ ਨਾਲ ਹੱਥ ਮਿਲਾਇਆ, ਦੋ ਚਾਰ ਪਿਆਰ ਨਖਰੇ ਕੀਤੇ। ਮੁੰਡੇ ਦੀਆਂ ਅੱਖਾਂ ਵਿੱਚ ਇਸ਼ਕ ਦੇ ਲਾਲ ਡੋਰੇ ਉਤਰਦੇ ਵੇਖ ਕੇ ਆਪਣੀਆਂ ਅੱਖਾਂ ਮਟਕਾਈਆਂ ਅਤੇ ਮੂੰਹ ਉੱਤੇ ਮੁਸਕਰਾਹਟ ਫਲਾਕੇ ਪੁੱਛਿਆ।
ਅੱਜ ਚਾਹ ਪੀਓਗੇ ਜਾਂ ਪਿਲਾਓਗੇ?? ‘ਤੁਹਾਡੇ ਉਤੋਂ ਤਾਂ ਪੰਜਾਹ ਚਾਹਾਂ ਵਾਰ ਦੇਵਾਂ। ਮੁੰਡਾ ਪਸਮ ਪਿਆ ਸੀ।
‘ਪੰਜਾਹ ਨਹੀਂ ਕੇਵਲ ਦਸ। ਆਓ ਪਹਿਲਾਂ ਮੈਂ ਤੁਹਾਨੂੰ ਆਪਣੀਆਂ ਸਹੇਲੀਆਂ ਨਾਲ ਮਿਲਾਵਾਂ।
ਗਰੁੱਪ ਚਾਹ ਪੀ ਰਿਹਾ ਸੀ ਅਤੇ ਕੁੜੀਆਂ ਚੋਹਲ ਵੀ ਕਰ ਰਹੀਆਂ ਸਨ। ਕਲਯੁਗੀ ਗੋਪੀਆਂ ਵਿੱਚ ਕਾਲਜੀ-ਕਾਨੂ ਫਸ ਗਿਆ ਸੀ। ਉਹ ਵੀ ਸਭ ਸਮਝਦਾ ਸੀ। ਪਰ ਫਸ ਗਈ ਤਾਂ ਫਟਕਣ ਕੀ।
ਉਸ ਦੀ ਉਮਰ ਵੀ ਕੀ ਏ, ਹਾਲੀ ਪੂਰੇ ਵੀਹ ਸਾਲ ਦੀ ਵੀ ਨਹੀਂ ਹੋਈ। “ਇਕ ਸਾਲ ਦਾ ਮੁੰਡਾ, ਉਸ ਦਾ ਕਦ ਸਹਾਰਾ ਬਣੇਗਾ, ਬਣੇਗਾ ਵੀ ਜਾਂ ਉਸ ਨੂੰ ਮੰਝਧਾਰ ਵਿੱਚ ਹੀ ਛੱਡ ਜਾਵੇਗਾ।
ਜਿੰਨੇ ਮੂੰਹ ਉਨੀਆਂ ਹੀ ਗੱਲਾਂ ਹੋ ਰਹੀਆਂ ਸਨ। ਨਿਰਭੈ ਕੌਰ ਦਾ ਪਤੀ ਅੱਤਵਾਦੀਆਂ ਹੱਥੋਂ ਮਾਰਿਆ ਗਿਆ ਸੀ। ਫੁੱਲ ਚੁਕਣ ਪਿੱਛੋਂ ਕੁੜੀ ਵਰਗੇ ਨੌਜਵਾਨ ਦੀ ਹਿਰਦੇ-ਵੇਧਕ ਮੌਤ ਉੱਤੇ ਕੋਈ ਚਰਚਾ ਨਹੀਂ ਸੀ। ਉਸ ਦੇ ਬੁੱਢੇ ਮਾਪਿਆਂ ਨਾਲ ਕੋਈ ਹਮਦਰਦੀ ਦੇ ਦੋ ਬੋਲ ਸਾਂਝੇ ਨਹੀਂ ਕੀਤੇ ਜਾ ਰਹੇ ਸਨ। ਸਭ ਦੀਆਂ ਗੱਲਾਂ ਦੀ ਕੇਂਦਰਬਿੰਦੂ ਉਸ ਦੀ ਸੁੰਦਰ ਪਤਨੀ ਬਣੀ ਹੋਈ ਸੀ। ਉਸ ਦੇ ਮੁੰਡੇ ਨੂੰ ਕੋਈ ਵਰਦਾਨ ਦੀ ਸੰਗਿਆ ਦਿੰਦਾ ਅਤੇ ਕੋਈ ਉਸ ਦੀ ਬਾਕੀ ਰਹਿੰਦੀ ਲੰਮੀ ਜਿੰਦਗੀ ਦੇ ਰਾਹ ਦਾ ਵੱਡਾ ਰੋੜਾ ਦਸਦਾ ਸੀ। ਸੋਗ ਦੇ ਭੋਗ ਉੱਤੇ ਕਈ ਰਿਸਤੇਦਾਰਾਂ ਨੇ ਯੋਗ ਮੁੰਡਿਆਂ ਦੀਆਂ ਦੱਸਾਂ ਪਾਉਣੀਆਂ ਵੀ ਅਰੰਭ ਕਰ ਦਿੱਤੀਆਂ ਸਨ।
ਨੌਜਵਾਨ ਪਤਨੀ ਦੇ ਸਦਮੇ ਵੱਲ ਕਿਸੇ ਦਾ ਧਿਆਨ ਨਹੀਂ ਸੀ। ਉਸ ਦੇ ਦੁਖੀ ਦਿਲ ਵਿੱਚ ਝਾਤ ਮਾਰਨ ਦੀ ਕਿਸੇ ਕੋਲ ਵੀ ਵਿਹਲ ਨਹੀਂ ਸੀ। ਹਰ ਰਿਸਤੇਦਾਰ ਆਪਣੀ ਸੋਚ ਨੂੰ ਸਰਵ-ਸਰੇਸ਼ਟ ਸਮਝ ਰਿਹਾ ਸੀ। ਪਿਤਾ ਨੂੰ ਆਪਣੀ ਧੀ ਦੀਆਂ ਅੰਤਰੀਵ-ਪੀੜਾਂ ਨੂੰ ਅਨੁਭਵ ਕਰਨ ਦਾ ਅਹਿਸਾਸ ਨਹੀਂ ਸੀ। ਉਹ ਤਾਂ ਰੂੜੀ ਦਾ ਕੂੜਾ ਰੂੜੀ ਉੱਤੇ ਹੀ ਸੁੱਟਣ ਦੀ ਕਾਹਲ ਵਿੱਚ ਸੀ।
‘‘ਮੈਂ ਰੂੜੀ ਦਾ ਕੂੜਾ ਨਹੀਂ, ਕਿਸੇ ਦੇ ਘਰ ਦੀ ਇੱਜਤ ਹਾਂ, ਆਪਣੇ ਬੱਚੇ ਦਾ ਉੱਜਲਾ-ਭਵਿੱਖ। ਇਹ ਦੰਦ ਕਥਾ ਬੰਦ ਕਰੋ, ਮੈਂ ਆਪਣੇ ਫੈਸਲੇ ਆਪ ਕਰਾਂਗੀ। ਨੌਜਵਾਨ ਵਿਧਵਾ ਦਾ ਸਵੈਮਾਣ ਦਹਾੜਿਆ।
ਇਕ ਵਪਾਰੀ ਬਹੁਤ ਸਾਰਾ ਪੈਸਾ ਕਮਾ ਕੇ ਆਪਣੇ ਘਰ ਵਾਪਸ ਆ ਰਿਹਾ ਸੀ। ਉਸਦਾ ਰਸਤਾ ਜੰਗਲ ਵਿਚੋਂ ਹੋ ਕੇ ਜਾਂਦਾ ਸੀ। ਉਹ ਹਾਲੇ ਘਰ ਤੋਂ ਦੂਰ ਹੀ ਸੀ ਕਿ ਵਰਖਾ ਸ਼ੁਰੂ ਹੋ ਗਈ। ਤੇਜ਼ ਵਰਖਾ ਕਾਰਨ ਉਹ ਅਤੇ ਉਸ ਦਾ ਘੋੜਾ ਦੁੱਖੀ ਹੋ ਰਹੇ ਸਨ। ਵਪਾਰੀ ਤਾਂ ਬੁੜਬੁੜ ਕਰਨ ਲੱਗ ਪਿਆ। ਜਦੋਂ ਠੰਡੀ ਹਵਾ ਦੇ ਹੁਲਾਰੇ ਉਸਦੇ ਚੇਹਰੇ ਤੇ ਪੈਂਦੇ ਤਾਂ ਉਹ ਰੱਬ ਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ।
ਜੰਗਲ ਦੇ ਇਕ ਮੋੜ ਤੇ ਇੱਕਦਮ ਦੋ ਡਾਕੂ ਉਸਦੇ ਸਾਹਮਣੇ ਆ ਗਏ। ਉਹਨਾਂ ਦੇ ਹੱਥਾਂ ਵਿਚ ਰਾਈਫਲਾਂ ਸਨ। ਉਹਨਾਂ ਨੇ ਉਸ ਵਪਾਰੀ ਨੂੰ ਰੁਕਣ ਲਈ ਕਿਹਾ। ਵਪਾਰੀ ਨੇ ਘੋੜੇ ਨੂੰ ਇੱਧਰ-ਉੱਧਰ ਕੀਤਾ ਅਤੇ ਡਾਕੂਆਂ ਤੋਂ ਬੱਚ ਨਿਕਲਿਆ। ਇਕਦਮ ਡਾਕੂਆਂ ਨੇ ਉਸ ਵਪਾਰੀ ਉੱਤੇ ਗੋਲੀ ਚਲਾ ਦਿੱਤੀ। ਪਰ ਗੋਲੀ ਨਾ ਚੱਲੀ। ਹਕੀਕਤ ਵਿਚ ਵਰਖਾ ਪੈਣ ਕਰਕੇ ਡਾਕੂਆਂ ਦੀ ਗੋਲੀ ਸਿੱਕਾ ਖਰਾਬ ਹੋ ਗਿਆ ਸੀ।
ਵਪਾਰੀ ਦੀ ਜ਼ਿੰਦਗੀ ਅਤੇ ਸਮਾਨ ਬੱਚ ਗਏ। ਉਸਨੇ ਪ੍ਰਮਾਤਮਾ ਦਾ ਲੱਖ-ਲੱਖ ਧੰਨਵਾਦ ਕੀਤਾ। ਉਹ ਹੁਣ ਰੱਬ ਦੀ ਬੰਦਗੀ ਕਰ ਰਿਹਾ ਸੀ ਜਿਸ ਨੇ ਮੀਂਹ ਪਾ ਕੇ ਡਾਕੂਆਂ ਦਾ ਅਸਲਾ ਗਿੱਲਾ ਕਰ ਦਿੱਤਾ ਸੀ ਅਤੇ ਜਿਸ ਕਾਰਨ ਉਸ ਦੀ ਜਾਨ ਬੱਚ ਗਈ। ਹੁਣ ਮੀਂਹ ਬੰਦ ਹੋ ਗਿਆ ਸੀ ਤੇ ਧੁੱਪ ਨਿਕਲ ਆਈ ਸੀ।ਉਸਨੇ ਸੋਚਿਆ ਕਿ ਭਗਵਾਨ ਜੋ ਵੀ ਕਰਦਾ ਹੈ, ਸਭ ਠੀਕ ਅਤੇ ਚੰਗਾ ਹੀ ਕਰਦਾ ਹੈ।
ਸਿੱਖਿਆ-ਰੱਬ ਦੇ ਕੰਮਾਂ ਵਿਚ ਨੁਕਸ ਨਾ ਲੱਭੋ।
ਇਹ ਕੋਈ ਧੋਖਾ ਨਹੀਂ ਸੀ, ਬਸ ਇੱਕ ਸੌਦਾ ਸੀ ਜਿਹੜਾ ਦੋਵਾਂ ਪਰਵਾਰਾਂ ਵਿੱਚ ਤਹਿ ਹੋ ਗਿਆ ਸੀ। ਇਸ ਨਾਲ ਦੋਵਾਂ ਪਰਵਾਰਾਂ ਦੀਆਂ ਲੋੜਾਂ ਸਹਿਜੇ ਹੀ ਪੂਰੀਆਂ । ਹੋ ਜਾਣ ਦੀ ਆਸ ਸੀ। ਲੋੜਾਂ ਦੀ ਪੂਰਤੀ ਹੀ ਅਜਿਹੀਆਂ ਕਾਢਾਂ ਨੂੰ ਜਨਮ ਦਿਆ ਕਰਦੀ ਏ।
ਕਨੇਡਾ ਦੇ ਸ਼ਹਿਰ ਟਰਾਂਟੋ ਵਸਦੇ ਕਨੇਡੀਅਨ ਜੋੜੇ ਦੇ ਸੱਤ ਸਾਲ ਵਿੱਚ ਵੀ ਕੋਈ ਬੱਚਾ ਨਹੀਂ ਹੋਇਆ ਸੀ। ਬੱਚੇ ਦੀ ਖਾਹਿਸ਼ ਉਹਨਾਂ ਨੂੰ ਕੁਝ ਕਰਨ ਲਈ ਮਜ਼ਬੂਰ ਕਰ ਰਹੀ ਸੀ। ਉਨ੍ਹਾਂ ਫੈਸਲਾ ਕਰ ਲਿਆ ਕਿ ਉਹ ਇਕ ਦੂਜੇ ਨੂੰ ਤਲਾਕ ਦੇਕੇ, ਕਿਸੇ ਹੋਰ ਨਾਲ ਸ਼ਾਦੀ ਕਰ ਲੈਣ। ਆਪਣੀ ਬੱਚੇ ਪ੍ਰਤੀ ਰੀਝ ਪੂਰੀ ਕਰਕੇ ਜੇ ਹੋ ਸਕੇ ਤਾਂ ਫਿਰ ਪਤੀ ਪਤਨੀ ਬਣ ਜਾਣ।
ਜਿਸ ਕੰਮਪਾਰਟਮੈਂਟ ਵਿੱਚ ਉਹ ਕਰਾਏ ਉੱਤੇ ਰਹਿੰਦੇ ਸਨ, ਉਸ ਦੇ ਹੇਠਲੇ ਹਿੱਸੇ ਵਿੱਚ ਇੱਕ ਭਾਰਤੀ ਮੂਲ ਦਾ ਪਰਿਵਾਰ ਰਹਿੰਦਾ ਸੀ। ਦੋਵਾਂ ਪਰਿਵਾਰਾਂ ਵਿੱਚ ਮੇਲ ਜੋਲ ਦੀ ਗੂੜੀ ਸਾਂਝ ਸੀ। ਉਨ੍ਹਾਂ ਦੀ ਸਾਂਝ ਵਿੱਚੋਂ ਇੱਕ ਨਵੀਂ ਕਾਢ ਨੇ ਜਨਮ ਲੈ ਲਿਆ ਸੀ।
ਜੋੜੇ ਨੇ ਇੱਕ ਦੂਜੇ ਤੋਂ ਤਲਾਕ ਲੈ ਲਿਆ ਸੀ। ਆਦਮੀ ਨੇ ਭਾਰਤੀ ਮੂਲ ਦੀ ਇੱਕ ਲੜਕੀ ਨਾਲ ਸ਼ਾਦੀ ਕਰ ਲਈ ਜੋ ਸੈਰ ਕਰਨ ਦੇ ਬਹਾਨੇ ਭਾਰਤ ਤੋਂ ਆਈ ਸੀ ਅਤੇ ਇੱਥੇ ਰਹਿਣ ਦਾ ਕੋਈ ਢੰਗ ਸੋਚ ਰਹੀ ਸੀ। ਜਨਾਨੀ ਨੇ ਉਸ ਕੁੜੀ ਦੇ ਮੰਗੇਤਰ ਨੂੰ ਭਾਰਤ ਤੋਂ ਮੰਗਵਾ ਕੇ ਉਸ ਨਾਲ ਸ਼ਾਦੀ ਕਰ ਲਈ ਸੀ।
ਭਾਰਤੀ ਕੁੜੀ ਨੇ ਮੁੰਡੇ ਨੂੰ ਜਨਮ ਦਿੱਤਾ ਅਤੇ ਕਨੇਡੀਅਨ ਜਨਾਨੀ ਦੇ ਲੜਕੀ ਪੈਦਾ ਹੋਈ ਸੀ। ਦੋਵਾਂ ਪਰਿਵਾਰਾਂ ਦੀ ਲੋੜ ਪੂਰਤੀ ਪਿੱਛੋਂ ਜਿੱਥੇ ਦੋ ਤਲਾਕ ਹੋਏ, ਉਥੇ ਇੱਕ ਦੂਜੇ ਦੇ ਸਹਿਯੋਗ ਨਾਲ ਤਿੰਨ ਸ਼ਾਦੀਆਂ ਵੀ ਉਸੇ ਕੰਮਪਾਰਟ ਵਿੱਚ ਸੰਪੂਰਨ ਹੋਈਆਂ ਸਨ।
ਅਮਰ ਸਿੰਘ ਪਿਛਲੇ ਪੰਦਰਾਂ ਦਿਨਾਂ ਤੋਂ ਆਪਣੇ ਝੋਨੇ ਦੀ ਰਾਖੀ ਕਰ ਰਿਹਾ ਸੀ। ਦਿਨੇ ਉਹ ਲਾਗੇ ਦੀ ਨਿੰਮ ਹੇਠ ਪਰਨਾ ਸੁੱਟਕੇ ਪਿਆ ਰਹਿੰਦਾ ਅਤੇ ਰਾਤ ਨੂੰ ਢੇਰੀ ਉੱਤੇ ਹੀ ਬਾਂਹ ਦਾ ਸਰਾਹਣਾ ਲਾਕੇ ਟੇਢਾ ਹੋ ਲੈਂਦਾ ਸੀ। ਕਦੇ ਕੋਈ ਪਿੰਡ ਤੋਂ ਆਕੇ ਦੋ ਡੰਗ ਦੀ ਰੋਟੀ ਫੜਾ ਜਾਂਦਾ ਅਤੇ ਕਦੇ ਉਹ ਲਾਗੇ ਦੇ ਢਾਬੇ ਤੋਂ ਦੋ ਰੋਟੀਆਂ ਖਾਕੇ ਗੁਜਾਰਾ ਕਰ ਲੈਂਦਾ ਸੀ। ਜਿਸ ਦਿਨ ਦਿਲ ਬਹੁਤ ਹੀ ਉਦਾਸ ਹੁੰਦਾ ਤਾਂ ਮਸਤ ਲੰਗਰ ਵੀ ਲੰਘ ਜਾਂਦਾ ਸੀ। ਉਹ ਆੜਤੀਏ ਤੋਂ ਕਈ ਵਾਰ ਪੈਸੇ ਫੜ ਚੁੱਕਿਆ ਸੀ। ਉਹ ਹਰ ਵਾਰੀ ਭੈੜਾ ਜਿਹਾ ਮੂੰਹ ਬਣਾਕੇ ਹੀ ਵੀਹ, ਪੰਜਾਹ ਰੁਪਏ ਹਥੇਲੀ ਧਰਦਾ ਸੀ। ਉਸ ਦੀ ਆਪਣੀ ਕਿਰਤ, ਉਸ ਦੇ ਅੱਗੇ ਰੁਲ ਰਹੀ ਸੀ। ਕੋਈ ਖਰੀਦਦਾਰ ਅੱਵਲ ਤਾਂ ਆਉਂਦਾ ਹੀ ਨਹੀਂ ਸੀ, ਜੇਕਰ ਬੱਧਾ ਰੁੱਧ ਕੋਈ ਆ ਵੀ ਜਾਂਦਾ ਤਾ ‘ਠੀਕ ਨਹੀਂ ਕਹਿਕੇ ਮੂੰਹ ਦੂਜੇ ਪਾਸੇ ਕਰਕੇ ਅੱਗੇ ਟੁਰ ਜਾਂਦਾ ਸੀ। ਉਹ ਕਚੀਚੀਆਂ ਵੱਟਦਾ, ਮੁੱਠੀਆਂ ਮੀਚਦਾ, ਭਵਾਂ ਚੜਾਉਂਦਾ ਪਰ ਸਿਰ ਵਾਲੀਆਂ ਗੁਰਜਾਂ ਅਤੇ ਫਰਜਾਂ ਦੀ ਪੰਡ ਉਸ ਨੂੰ ਧਰਤੀ ਵਿੱਚ ਧਸਾ ਦਿੰਦੀ ਸੀ।
ਅਮਰ ਸਿੰਘ ਅੱਧਾ ਤਾਂ ਮੰਡੀ ਵਿੱਚ ਹੀ ਮਰ ਗਿਆ ਸੀ। ਉਹ ਖੇਤ ਗੇੜਾ ਮਾਰਨ ਗਿਆ, ਬਾਕੀ ਫਸਲ ਹਾਲੀ ਖੇਤ ਵਿੱਚ ਹੀ ਰੁਲ ਰਹੀ ਵੇਖਕੇ ਉਸ ਨੂੰ ਚੱਕਰ ਜਿਹਾ ਆਇਆ ਅਤੇ ਉਹ ਉਥੇ ਹੀ ਡਿੱਗ ਪਿਆ।
ਅਮਰ ਦੀ ਅਣਆਈ ਮੌਤ ਲੋਕਾਂ ਦੀ ਸੁੱਤੀ ਸੋਚ ਜਗਾ ਰਹੀ ਸੀ।
ਹਰਦਮ ਸਿੰਘ ਮੰਡੀ ਵਿੱਚ ਝੋਨਾ ਸੁੱਟ ਤਾਂ ਬੈਠਾ ਸੀ, ਪਰ ਉਸ ਦੇ ਵਿਕਣ ਦੀ ਹਾਲੀ ਕੋਈ ਆਸ ਨਹੀਂ ਸੀ। ਉਹ ਝੋਨੇ ਦੇ ਢੇਰ ਉੱਤੇ ਪਿਆ ਮੁਸੀਬਤਾਂ ਦੀਆਂ ਗਿਣਤੀਆਂ ਕਰ ਰਿਹਾ ਸੀ। ਉਹ ਭੁੱਖੇ ਪੇਟ ਆਪਣੀ ਤੁੱਛ ਬੁੱਧੀ ਨਾਲ ਉਨ੍ਹਾਂ ਦੇ ਹੱਲ ਢੂੰਡਣ ਦੇ ਚੱਕਰਾਂ ਵਿੱਚ ਘੁੰਮ ਰਿਹਾ ਸੀ। ਅੱਧੀ ਰਾਤ ਤੱਕ ਨਾਂ ਉਸ ਦੇ ਹੱਥਾਂ ਤੋਂ ਕਿਸੇ ਹੱਲ ਦਾ ਪੱਲਾ ਹੀ ਫੜ ਹੋਇਆ ਸੀ ਅਤੇ ਨਾ ਹੀ ਉਸ ਦੀ ਅੱਖ ਲੱਗੀ ਸੀ।
ਟਰੈਕਟਰ ਦੀ ਕਿਸਤ ਦੇਣ ਦਾ ਮਸਲਾ ਸਭ ਤੋਂ ਉਪਰ ਸੀ, ਜੋ ਹਨੂੰਮਾਨ ਦੀ ਪੂਛ ਵਾਂਗ ਪ੍ਰਤੀ ਦਿਨ ਵਧੀ ਜਾ ਰਿਹਾ ਸੀ। ਦੂਜੀ ਵੱਡੀ ਮੁਸੀਬਤ ਸੁਸਾਇਟੀ ਦਾ ਕਰਜਾ ਸੀ, ਜਿਸ ਦਾ ਵਿਆਜ ਵੀ ਪੂਰਾ ਨਹੀਂ ਮੁੜਦਾ ਸੀ। ਉਸ ਦੀ ਸੋਚ ਦੇ ਹਰ ਕਦਮ ਨਾਲ ਕਈ ਨਵੀਆਂ ਪੀੜਾਂ ਦੇ ਜਨਮ ਵੀ ਹੋ ਰਹੇ ਸਨ। ਮਾਤਾ ਜੀ ਦੀ ਬਿਮਾਰੀ ਵਧਦੀ ਜਾ ਰਹੀ ਸੀ, ਘਰ ਵਾਲੀ ਦਾ ਜਨੇਪਾ ਸਿਰ ਉੱਤੇ ਪੁੱਜ ਗਿਆ ਸੀ ਅਤੇ ਸੇਠ ਤੋਂ ਵਿਆਜੂ ਫੜਿਆ ਕਰਜਾ ਵੀ ਸੰਘੀ ਘੁੱਟ ਰਿਹਾ ਸੀ।
ਉਸ ਨੂੰ ਜਾਪ ਰਿਹਾ ਸੀ ਕਿ ਉਸ ਦਾ ਵਾਲ ਵਾਲ ਕਰ ਜਾਈਏ ਅਤੇ ਉਸ ਨੂੰ ਹਰ ਪਾਸੇ ਪੈਸੇ ਹੀ ਪੈਸੇ ਦੀ ਲੋੜ ਸੀ। ਉਸ ਨੇ ਅਸਮਾਨ ਵੱਲ ਵੇਖਿਆ, ਦਿਨ ਚੜ੍ਹਨ ਵਾਲਾ ਸੀ। ਉਸ ਦੇ ਭੁੱਖੇ ਪੇਟ ਨੇ ਹੁੱਭਕੀ ਜਿਹੀ ਭਰੀ। ਉਸ ਨੇ ਦੇਰ ਤੋਂ ਉਠਕੇ ਲਾਗੇ ਦੇ ਨਲਕੇ ਤੋਂ ਰਜਕੇ ਪਾਣੀ ਪੀਤਾ ਅਤੇ ਭੁੱਖ ਦਾ ਡਕਾਰ ਮਾਰ ਕੇ ਮੂੰਹੋਂ ਵਾਹਿਗੁਰੂ ਉਚਾਰਿਆ।
ਗੁਜਨ ਸਿੰਘ ਕਦੇ ਪਿੰਡ ਦਾ ਸਰਦਾਰ ਹੁੰਦਾ ਸੀ। ਉਸ ਦੀ ਸੌ ਕਿੱਲੇ ਜ਼ਮੀਨ ਪਿੰਡ ਦੇ ਦੋਵਾਂ ਮੋਘਿਆਂ ਉੱਤੇ ਅੱਧੀ ਅੱਧੀ ਪੈਂਦੀ ਸੀ। ਚਾਰੇ ਪੁੱਤਰਾਂ ਵਿੱਚ ਵੰਡ ਸਮੇਂ ਜਮੀਨ ਟੁੱਕੜੇ ਹੋਕੇ ਰਹਿ ਗਈ ਸੀ। ਚਾਰ ਟਿਊਬਵੈੱਲ ਲਗਦਿਆਂ ਨਵੇਂ ਚਾਰ ਟਰੈਕਟਰ ਵੀ ਆ ਗਏ ਸਨ। ਨੌਜਵਾਨ ਪੀੜ੍ਹੀ ਨੇ ਹੱਥੀਂ ਕੰਮ ਕਰਨਾ ਛੱਡ ਦਿੱਤਾ ਸੀ ਅਤੇ ਸਰਦਾਰੀ ਹੈਂਕੜ ਵਿੱਚ ਕੋਈ ਛੋਟੀ ਨੌਕਰੀ ਵੀ ਨੱਕ ਹੇਠ ਨਹੀਂ ਆਈ ਸੀ। ਟਰੈਕਟਰਾਂ ਦੀਆਂ ਕਿਸ਼ਤਾਂ, ਡੀਜਲ ਦੇ ਖਰਚੇ ਅਤੇ ਮਜ਼ਦੂਰਾਂ ਦੀਆਂ ਦਿਹਾੜੀਆਂ ਨੇ ਚਾਰੇ ਪਰਿਵਾਰਾਂ ਨੂੰ ਭੁੰਝੇ ਲਾਹ ਦਿੱਤਾ ਸੀ।
ਖੇਤੀ ਖਸਮਾ ਸੇਤੀ ਅਨੁਸਾਰ ਜਦ ਮਾਲਕ ਨੇ ਖੇਤ ਗੇੜਾ ਹੀ ਨਹੀਂ ਮਾਰਨਾ ਤਾਂ ਅਨਾਜ ਦੇ ਵੋਹਲ ਉਸਰਣ ਦੀ ਗੱਲ ਸੁਪਨਾ ਹੋਕੇ ਰਹਿ ਗਈ ਸੀ। ਕਰਜੇ ਦੀਆਂ ਕਿਸ਼ਤਾਂ ਹੀ ਨਹੀਂ ਟੁੱਟਦੀਆਂ ਸਨ ਸਗੋਂ ਵਿਆਜ ਵੀ ਅਸਲ ਵਿੱਚ ਹੀ ਜੁੜਦਾ ਰਹਿੰਦਾ ਸੀ। ਆਮਦਨ ਵਿਚੋਂ ਅੱਧ ਖਾਣ ਪੀਣ ਵੱਡ ਕੇ ਲੈ ਜਾਂਦਾ ਸੀ ਅਤੇ ਬਾਕੀ ਅੱਧ ਨੂੰ ਵਿਆਹ, ਸ਼ਾਦੀਆਂ, ਨਾਨਕ ਛੱਕਾਂ, ਮਰਨੇ ਆਦਿ ਨਿਘਾਰ ਜਾਂਦੇ ਸਨ। ਛੋਟੇ ਸਰਦਾਰ ਕਰਮਜੀਤ ਸਿੰਘ ਦਾ ਝੋਨਾ ਮੰਡੀ ਰੁਲ ਰਿਹਾ ਸੀ, ਬੱਚੇ ਘਰ ਵਿਲਕ ਰਹੇ ਸਨ ਅਤੇ ਉਹ ਆੜਤੀਆਂ ਦੀ ਚਾਹ ਪੀ ਕੇ ਰਾਤ ਦਿਨ ਝੋਨੇ ਦੀਆਂ ਢੇ ਰੀਆਂ ਉੱਤੇ ਪਾਸੇ ਰਗੜ ਰਿਹਾ ਸੀ। ਸਦੀਆਂ ਤੋਂ ਦਾਤਾ ਕਹਾਉਣ ਵਾਲਾ ਮੰਗਣ ਦੀ ਸੀਮਾ ਤੱਕ ਪੁੱਜ ਗਿਆ ਸੀ। ਮਾਲਕ ਖਰੀਦਦਾਰ ਦਾ ਮੂੰਹ ਤੱਕ ਰਿਹਾ ਸੀ। ਮੁਲਕ ਕਦੇ ਭੁੱਖਾ ਮਰਦਾ ਸੀ ਪਰ ਅੱਜ ਉਪਜ ਨੂੰ ਚੁੱਕਣ ਲਈ ਨਖਰੇ ਹੋ ਰਹੇ ਹਨ।
ਗਰੀਬ ਦੀਆਂ ਭੁੱਖਾਂ ਤਾਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਸਨ, ਪਰ ਦਾਤੇ ਨੂੰ ਭੁੱਖ ਦਾ ਸੰਤਾਪ ਵੀ ਸਹਿਣਾ ਪੈ ਸਕਦਾ ਏ ਇਹ ਅੱਜ ਤਕ ਅਣ-ਸੋਚਿਆ ਹੀ ਸੀ।
ਮੰਡੀ ਵਿੱਚ ਪਿਆ ਝੋਨਾ ਭਾਵੇਂ ਹਾਲੀ ਵਿਕਿਆ ਨਹੀਂ ਸੀ ਪਰ ਬੱਚਿਆਂ ਲਈ ਦੀਵਾਲੀ ਉੱਤੇ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ। ਆੜਤੀਏ ਅੱਗੇ ਫਿਰ ਹੱਥ ਅੱਡਣ ਤੋਂ ਸਿਵਾ ਹੋਰ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ ਸੀ। ਪਹਿਲੀ ਫੜੀ ਰਕਮ ਤਾਂ ਕਬੀਲਦਾਰੀ ਦੀਆਂ ਲੋੜਾਂ ਨੇ ਕਦ ਦੀ ਨਿਗਲ ਲਈ ਸੀ।
ਨਿਧਾਨ ਸਿੰਘ ਨੇ ਦਬਮੀ ਜਿਹੀ ਜੀਭ ਨਾਲ ਆੜਤੀਏ ਅੱਗੇ ਫਿਰ ਆਪਣੀ ਮਜਬੂਰੀ ਰੱਖ ਦਿੱਤੀ ਸੀ। “ਕਰਾਂਗੇ ਕੋਈ ਬੰਨ ਸੁੱਬ, ਜੇ ਹੋ ਸਕਿਆ।’’ ਕਹਿਕੇ ਉਹ ਆਪਣੀ ਬਹੀ ਵਿੱਚ ਖੁੱਭ ਗਿਆ ਸੀ।
ਸ਼ਾਮ ਦੇ ਚਾਰ ਵੱਜ ਚੁੱਕੇ ਸਨ। ਪਿੰਡ ਵਾਲੀ ਆਖਰੀ ਬੱਸ ਵੀ ਪੰਜ ਵਜੇ ਨਿਕਲ ਜਾਂਦੀ ਸੀ। ਉਸ ਨੇ ਹੱਥ ਅੱਗੇ ਕੱਢਕੇ ਇਸ਼ਾਰੇ ਨਾਲ ਸੇਠ ਤੋਂ ਅੰਤਮ ਵਾਰ ਫਿਰ ਮੰਗ ਕੀਤੀ। ਬੁਝੇ ਜਿਹੇ ਮਨ ਨਾਲ ਉਸਨੇ ਸੌ ਸੌ ਦੇ ਦੋ ਨੋਟ ਉਸ ਦੀ ਵਧੀ ਹਥੇਲੀ ਉੱਤੀ ਧਰਕੇ ਨਾਲ ਹੀ ਬਹੀ ਵਿੱਚ ਝਰੀਟ ਮਾਰ ਦਿੱਤੀ।
ਨਿਧਾਨ ਸਿੰਘ ਨੇ ਬਜਾਰ ਵਿੱਚੋਂ ਦੀ ਲੰਘਦਿਆਂ ਕਾਹਲੀ ਨਾਲ ਪਟਾਕੇ, ਫੁਲਝੜੀਆਂ, ਆਤਸਵਾਜੀਆਂ ਨਾਲ ਮਠਿਆਈ ਖਰੀਦ ਕੇ ਪਰਨੇ ਦੇ ਲੜ ਬੰਨ ਲਈਆਂ ਸਨ। ਸਰੋਂ ਦੇ ਤੇਲ ਦੀ ਬੋਤਲ ਹੱਥ ਵਿੱਚ ਫੜ ਕੇ ਉਹ ਚੱਕਵੇਂ ਪੈਰੀਂ ਬੱਸਾਂ ਦੇ ਅੱਡੇ ਵੱਲ ਚਲ ਪਿਆ ਸੀ।
ਉਸ ਦੇ ਪਿੰਡ ਨੂੰ ਜਾਣ ਵਾਲੀ ਆਖਰੀ ਬੱਸ, ਅੱਡੇ ਤੋਂ ਬਾਹਰ ਨਿਕਲਦੀ ਹੀ ਮਿਲ ਗਈ ਸੀ। ਬੱਸ ਸਵਾਰੀਆਂ ਚੜਾਉਂਦੀ, ਲਾਹੁੰਦੀ ਕੱਚੇ ਰਾਹ ਉੱਤੇ ਕੀੜੀ ਦੀ ਚਾਲ ਚੱਲ ਰਹੀ ਸੀ। ਸੂਰਜ ਛੁਪ ਰਿਹਾ ਸੀ, ਉਸਦਾ ਪਿੰਡ ਹਾਲੀ ਵੀ ਪੰਜ ਮੀਲ ਦੂਰ ਸੀ ਅਤੇ ਬੱਸ ਖਰਾਬ ਹੋ ਕੇ ਖੜ੍ਹ ਗਈ ਸੀ। ਜਦ ਉਹ ਟੁਰਕੇ ਪਿੰਡ ਪੁੱਜਿਆ, ਦੀਵਾਲੀ ਦੇ ਦੀਵੇ ਬੁੱਝ ਚੁੱਕੇ ਸਨ, ਗਲੀਆਂ ਵਿੱਚ ਮੌਤ ਵਰਗੀ ਚੁੱਪ ਸੀ। ਉਸ ਦੇ ਘਰ ਪੁੱਜਦੇ ਨੂੰ ਸਾਰੇ ਬੱਚੇ ਸੌਂ ਚੁੱਕੇ ਸਨ ਅਤੇ ਉਨ੍ਹਾਂ ਦੀਆਂ ਗੱਲਾਂ ਉੱਤੇ ਹੰਝੂਆਂ ਦੀਆਂ ਘਰਾਲਾਂ ਜੰਮੀਆਂ ਹੋਈਆਂ ਸਨ।